ਭਾਜਪਾ ਨਿਰੋਲ ਫਿਰਕੂ ਏਜੰਡੇ ‘ਤੇ ਉਤਰੀ

ਸਾਧਵੀ ਪ੍ਰੱਗਿਆ ਨੂੰ ਬਣਾਇਆ ਹਿੰਦੂਤਵੀ ਚਿਹਰਾ
ਨਵੀਂ ਦਿੱਲੀ: ਚੋਣ ਮੈਦਾਨ ਵਿਚ ਪਛੜ ਜਾਣ ਦੀਆਂ ਕਨਸੋਆਂ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਹੁਣ ਨੰਗੇ-ਚਿੱਟੇ ਰੂਪ ਵਿਚ ਫਿਰਕੂ ਏਜੰਡੇ ਉਤੇ ਆ ਗਈ। ਇਹੀ ਫਿਰਕੂ ਪੱਤਾ ਖੇਡਦਿਆਂ ਇਸ ਨੇ ਮਾਲੇਗਾਓਂ ਬੰਬ ਧਮਾਕੇ ਦੀ ਮੁਲਜ਼ਮ ਸਾਧਵੀ ਪ੍ਰੱਗਿਆ ਠਾਕੁਰ ਨੂੰ ਭੋਪਾਲ ਤੋਂ ਕਾਂਗਰਸ ਦੇ ਉਘੇ ਸਿਆਸਤਦਾਨ ਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਦਿਗਵਿਜੈ ਸਿੰਘ ਖਿਲਾਫ ਮੈਦਾਨ ਵਿਚ ਉਤਾਰਿਆ ਹੈ। ਸਾਧਵੀ ਪ੍ਰੱਗਿਆ ਨੇ ਚੋਣ ਮੈਦਾਨ ਵਿਚ ਉਤਰਦਿਆਂ ਹੀ ਆਪਣੇ ਫਿਰਕੂ ਰੰਗ ਦਿਖਾ ਦਿੱਤੇ ਤੇ ਚੋਣ ਕਮਿਸ਼ਨ ਕੋਲ ਇਸ ਭਾਜਪਾ ਉਮੀਦਵਾਰ ਦੀਆਂ ਸ਼ਿਕਾਇਤਾਂ ਦੀ ਝੜੀ ਲੱਗ ਗਈ।

ਟਿਕਟ ਮਿਲਣ ਦੇ ਅਗਲੇ ਹੀ ਦਿਨ ਸਾਧਵੀ ਨੇ ਚੋਣ ਰੈਲੀ ਵਿਚ 26/11 ਦੇ ਮੁੰਬਈ ਅਤਿਵਾਦੀ ਹਮਲੇ ‘ਚ ਸ਼ਹੀਦ ਹੋਏ ਏæਟੀæਐਸ਼ ਮੁਖੀ ਹੇਮੰਤ ਕਰਕਰੇ ਬਾਰੇ ਆਖ ਦਿੱਤਾ ਕਿ ਉਸ ਦੇ ‘ਸਰਾਪ’ ਕਾਰਨ ਹੇਮੰਤ ਦੀ ਅਤਿਵਾਦੀਆਂ ਹੱਥੋਂ ਮੌਤ ਹੋਈ। ਪ੍ਰੱਗਿਆ ਨੇ ਹੇਮੰਤ ਨੂੰ ਦੇਸ਼ਧ੍ਰੋਹੀ ਵੀ ਕਰਾਰ ਦੇ ਦਿੱਤਾ। ਜਦੋਂ ਸਾਧਵੀ ਉਤੇ ਮੁਆਫੀ ਲਈ ਦਬਾਅ ਵਧਿਆ ਤਾਂ ਉਸ ਨੇ ਆਖ ਦਿੱਤਾ ਕਿ ਜੇ ਉਸ ਦੇ ਬਿਆਨ ਨਾਲ ਦੁਸ਼ਮਣ ਖੁਸ਼ ਹੋ ਰਹੇ ਹਨ ਤਾਂ ਉਹ ਆਪਣੇ ਸ਼ਬਦ ਵਾਪਸ ਲੈਂਦੀ ਹੈ ਅਤੇ ਮੁਆਫੀ ਵੀ ਮੰਗਦੀ ਹੈ। ਇਸ ਮਾਮਲੇ ਉਤੇ ਚੋਣ ਕਮਿਸ਼ਨਰ ਕਾਰਵਾਈ ਕਰ ਹੀ ਰਿਹਾ ਸੀ ਕਿ ਅਗਲੇ ਦਿਨ ਸਾਧਵੀ ਨੇ ਦਾਅਵਾ ਕਰ ਦਿੱਤਾ ਕਿ ਬਾਬਰੀ ਮਸਜਿਦ ਤੋੜਨ ਲਈ ਉਹ ਖੁਦ ਗਈ ਸੀ ਤੇ ਹੁਣ ਉਸੇ ਥਾਂ ਉਤੇ ਰਾਮ ਮੰਦਰ ਬਣਾਵਾਂਗੇ। ਚੋਣ ਕਮਿਸ਼ਨ ਨੇ ਭਾਵੇਂ ਇਸ ਫਿਰਕੂ ਬਿਆਨ ਦਾ ਸਖਤ ਨੋਟਿਸ ਲਿਆ ਪਰ ਸਾਧਵੀ ਨੇ ਫਿਰ ਦਾਅਵਾ ਕਰ ਦਿੱਤਾ ਕਿ ਉਹ ਢਾਂਚਾ ਤੋੜਨ ਅਯੁੱਧਿਆ ਗਈ ਸੀ ਤੇ ਇਸ ਤੋਂ ਮੁੱਕਰ ਨਹੀਂ ਰਹੀ। ਕੋਈ ਵੀ ਅਯੁੱਧਿਆ ਵਿਚ ਉਸ ਨੂੰ ਸ਼ਾਨਦਾਰ ਮੰਦਰ ਦੀ ਉਸਾਰੀ ਤੋਂ ਰੋਕ ਨਹੀਂ ਸਕਦਾ। ਚੋਣ ਕਮਿਸ਼ਨ ਨੂੰ ਤੁਰਤ ਇਸ ਭਾਜਪਾ ਉਮੀਦਵਾਰ ਉਤੇ ਕੇਸ ਦਰਜ ਕਰਨ ਦੇ ਹੁਕਮ ਦੇਣੇ ਪਏ।
ਯਾਦ ਰਹੇ ਕਿ ਏæਟੀæਐਸ਼ ਮੁਖੀ ਹੇਮੰਤ ਕਰਕਰੇ ਉਹੀ ਅਫਸਰ ਸੀ ਜਿਸ ਨੇ ਮਾਲੇਗਾਓਂ ਬੰਬ ਧਮਾਕੇ ਵਿਚ ਸਾਧਵੀ ਸਮੇਤ ਹੋਰ ਭਾਜਪਾ ਆਗੂ ਨੂੰ ਘੜੀਸਿਆ ਸੀ। ਉਸ ਸਮੇਂ ਇਹ ਲੱਗ ਰਿਹਾ ਸੀ ਕਿ ਸਾਧਵੀ ਨੂੰ ਇਸ ਕੇਸ ਵਿਚ ਸਜ਼ਾ ਤੈਅ ਹੈ ਪਰ ਉਸੇ ਸਮੇਂ ਮੁੰਬਈ ਅਤਿਵਾਦੀ ਹਮਲੇ ਵਿਚ ਇਹ ਅਫਸਰ ਮਰਿਆ ਗਿਆ। ਇਸ ਅਫਸਰ ਦੀ ਮੌਤ ਉਤੇ ਵੀ ਸਵਾਲ ਉਠੇ ਸਨ ਤੇ ਦੋਸ਼ ਲੱਗੇ ਸਨ ਕਿ ਮਾਲੇਗਾਓਂ ਧਮਾਕੇ ਮਾਮਲੇ ਵਿਚ ਨਾਮਜ਼ਦ ਸਾਧਵੀ ਤੇ ਹੋਰ ਭਗਵਾ ਆਗੂਆਂ ਨੂੰ ਬਚਾਉਣ ਲਈ ਕਰਕਰੇ ਨੂੰ ਮਰਵਾਇਆ ਗਿਆ। ਇਸ ਅਫਸਰ ਦੀ ਕਾਰ ਉਤੇ ਮਿਥ ਕੇ ਹਮਲਾ ਕੀਤਾ ਗਿਆ ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਗਈਆਂ। ਕਰਕਰੇ ਦੀ ਮੌਤ ਤੋਂ ਬਾਅਦ ਮਾਲੇਗਾਓਂ ਧਮਾਕੇ ਸਮੇਤ ਹਿੰਦੂ ਅਤਿਵਾਦ ਦੇ ਹੋਰ ਮਾਮਲਿਆਂ ਵਿਚ ਨਾਮਜ਼ਦ ਆਗੂ ਇਕ ਤੋਂ ਬਾਅਦ ਬਰੀ ਹੁੰਦੇ ਗਏ।
ਦੱਸ ਦਈਏ ਕਿ ਸਾਧਵੀ ਪ੍ਰੱਗਿਆ ਵਿਰੁੱਧ ਤਿੰਨ ਕੇਸ ਸਨ ਜਿਨ੍ਹਾਂ ਵਿਚੋਂ ਇਕ ਵਿਚੋਂ ਉਹ ਬਰੀ ਹੋ ਚੁੱਕੀ ਹੈ, ਇਕ ਵਿਚ ਪੁਲਿਸ ਨੇ ਉਸ ਉਤੇ ਦੋਸ਼ ਆਇਦ ਨਹੀਂ ਕੀਤੇ ਅਤੇ ਇਕ ਵਿਚ ਉਸ ਦੇ ਵਿਰੁਧ ਮੁਕੱਦਮਾ ਚੱਲ ਰਿਹਾ ਹੈ। 2006 ਦੇ ਸੁਨੀਲ ਜੋਸ਼ੀ ਨਾਲ ਸਬੰਧਤ ਕੇਸ ਵਿਚ ਅਦਾਲਤ ਨੇ ਸਾਰੇ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਜਦੋਂਕਿ ਅਜਮੇਰ ਸ਼ਰੀਫ (2007) ਵਿਚ ਹੋਏ ਧਮਾਕੇ ਦੇ ਕੇਸ ਵਿਚ ਆਰæਐਸ਼ਐਸ਼ ਪ੍ਰਚਾਰਕ ਦਵਿੰਦਰ ਗੁਪਤਾ ਤੇ ਭਵੇਸ਼ ਪਟੇਲ ਨੂੰ ਸਜ਼ਾ ਹੋਈ ਜਦੋਂਕਿ ਬਾਕੀਆਂ ਨੂੰ ਬਰੀ ਕਰ ਦਿੱਤਾ ਗਿਆ। ਮਾਲੇਗਾਓੁ (2008) ਦੇ ਧਮਾਕਿਆਂ ਨਾਲ ਸਬੰਧਤ ਕੇਸ ਵਿਚ ਮਹਾਰਾਸ਼ਟਰ ਦੇ ਐਂਟੀ ਟੈਰਰਿਸਟ ਸਕੁਐਡ (ਏæਟੀæਐਸ਼) ਨੇ 14 ਲੋਕਾਂ ‘ਤੇ ਦੋਸ਼ ਆਇਦ ਕੀਤੇ ਸਨ; ਬਾਅਦ ਵਿਚ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਕਿਹਾ ਕਿ ਪ੍ਰੱਗਿਆ ਠਾਕੁਰ ਵਿਰੁਧ ਦੋਸ਼ ਸਾਬਤ ਨਹੀਂ ਹੋ ਸਕੇ ਪਰ ਅਦਾਲਤ ਨੇ ਇਹ ਮੰਨਣ ਤੋਂ ਇਨਕਾਰ ਕਰ ਦਿੱਤਾ ਅਤੇ ਅਦਾਲਤ ਦੇ ਆਦੇਸ਼ਾਂ ‘ਤੇ ਪ੍ਰੱਗਿਆ ਠਾਕੁਰ ਅਤੇ ਛੇ ਹੋਰਨਾਂ ਦੇ ਵਿਰੁਧ ਦੋਸ਼ ਆਇਦ ਕੀਤੇ ਗਏ।
ਭਾਜਪਾ ਇਸ ਸਬੰਧੀ ਦਲੀਲ ਦਿੰਦੀ ਰਹੀ ਹੈ ਕਿ ਪਿਛਲੀਆਂ ਸਰਕਾਰਾਂ ਨੇ ਸਾਧਵੀ ਪ੍ਰੱਗਿਆ ਦੇ ਵਿਰੁੱਧ ਗਲਤ ਕੇਸ ਬਣਾਏ ਅਤੇ ਪ੍ਰੱਗਿਆ, ਸਵਾਮੀ ਅਸੀਮਾਨੰਦ, ਕਰਨਲ ਪੁਰੋਹਿਤ ਅਤੇ ਹੋਰਨਾਂ ਨੂੰ ਬਦਨਾਮ ਕਰਨ ਲਈ ਸਾਜ਼ਿਸ਼ ਰਚੀ ਪਰ ਜਿਸ ਤਰ੍ਹਾਂ ਸਾਧਵੀ ਨੇ ਖੁੱਲ੍ਹੀ ਛੁੱਟੀ ਮਿਲਦਿਆਂ ਹੀ ਆਪਣੇ ਫਿਰਕੂ ਰੰਗ ਦਿਖਾਉਣੇ ਸ਼ੁਰੂ ਕੀਤੇ ਹਨ, ਉਸ ਤੋਂ ਲੱਗ ਰਿਹਾ ਹੈ ਕਿ ਭਾਜਪਾ ਆਪਣੇ ਫਿਰਕੂ ਏਜੰਡੇ ਨੂੰ ਹੋਰ ਹਵਾ ਦੇਣ ਵਿਚ ਜੁਟੀ ਹੋਈ ਹੈ।