ਸਾਊਦੀ ਅਰਬ ‘ਚ ਦੋ ਪੰਜਾਬੀਆਂ ਦੇ ਸਿਰ ਕਲਮ

—ਭਾਰਤ ਸਰਕਾਰ ਦੀ ਨਾਲਾਇਕੀ—
ਰਿਆਧ: ਸਾਊਦੀ ਅਰਬ ਵਿਚ ਰੋਜ਼ੀ-ਰੋਟੀ ਲਈ ਗਏ ਦੋ ਪੰਜਾਬੀਆਂ ਦੇ ਸਿਰ ਕਲਮ ਕਰ ਦਿੱਤੇ ਗਏ। ਦੋਵਾਂ ਪੰਜਾਬੀਆਂ ਨੂੰ ਕਤਲ ਮਾਮਲੇ ਵਿਚ ਇਥੋਂ ਦੀ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ ਸੀ। ਦੋਵਾਂ ਨੌਜਵਾਨਾਂ ਨੂੰ ਭਾਵੇਂ 28 ਫਰਵਰੀ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਪਰ ਭਾਰਤ ਸਰਕਾਰ ਨੇ ਹੁਣ ਇਸ ਦੀ ਪੁਸ਼ਟੀ ਕੀਤੀ ਹੈ। ਭਾਰਤ ਸਰਕਾਰ ਦੀ ਇਸ ਢਿੱਲ ਦੀ ਚੁਫੇਰਿਓਂ ਅਲੋਚਨਾ ਹੋ ਰਹੀ ਹੈ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਸਵਾਲ ਕੀਤਾ ਹੈ ਕਿ ਪਰਿਵਾਰ ਨੂੰ ਕਿਸੇ ਨੇ ਫੋਨ ਕਰ ਕੇ ਡੇਢ ਮਹੀਨਾ ਪਹਿਲਾਂ ਦੋਵਾਂ ਨੌਜਵਾਨਾਂ ਦੀ ਮੌਤ ਬਾਰੇ ਖਬਰ ਦਿੱਤਾ ਸੀ ਪਰ ਕੇਂਦਰ ਸਰਕਾਰ ਨੇ ਹੁਣ ਇਸ ਦੀ ਪੁਸ਼ਟੀ ਕੀਤੀ ਹੈ, ਹੁਣ ਤਾਂ ਪੀੜਤ ਪਰਿਵਾਰਾਂ ਨੂੰ ਨੌਜਵਾਨਾਂ ਦੀਆਂ ਲਾਸ਼ਾਂ ਮਿਲਣੀਆਂ ਵੀ ਔਖੀਆਂ ਹਨ। ਹੁਣ ਸਵਾਲ ਇਹ ਉਠ ਰਿਹਾ ਹੈ ਕਿ ਇਨ੍ਹਾਂ ਪੰਜਾਬੀਆਂ ਨੂੰ ਮੌਤ ਦੀ ਸਜ਼ਾ ਹੋਣ ਬਾਰੇ ਭਾਰਤੀ ਦੂਤਾਵਾਸ ਨੂੰ ਪਤਾ ਸੀ ਪਰ ਇਨ੍ਹਾਂ ਨੂੰ ਬਚਾਉਣ ਲਈ ਭਾਰਤ ਸਰਕਾਰ ਨੇ ਕੋਈ ਯਤਨ ਨਾ ਕੀਤਾ; ਇਥੋਂ ਤੱਕ ਕਿ ਦੋਵਾਂ ਨੌਜਵਾਨਾਂ ਦੀ ਮੌਤ ਦੀ ਖਬਰ ਵੀ ਇਨ੍ਹਾਂ ਨਾਲ ਜੇਲ੍ਹ ਵਿਚ ਬੰਦ ਕਿਸੇ ਪੰਜਾਬੀ ਨੇ ਹੀ ਦਿੱਤੀ ਸੀ ਅਤੇ ਇਨ੍ਹਾਂ ਦੀ ਮੌਤ ਦੀ ਪੁਸ਼ਟੀ ਕਰਨ ਵਿਚ ਡੇਢ ਮਹੀਨੇ ਦਾ ਸਮਾਂ ਲਾ ਦਿੱਤਾ।
ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਵਿਦੇਸ਼ਾਂ ਵਿਚ ਮੁਸ਼ਕਲਾਂ ਵਿਚ ਫਸੇ ਭਾਰਤੀ ਨੌਜਵਾਨਾਂ ਬਾਰੇ ਵੈਬਸਾਈਟ ਸ਼ੁਰੂ ਕੀਤੀ ਹੋਈ ਹੈ ਅਤੇ ਦਾਅਵਾ ਕੀਤਾ ਜਾਂਦਾ ਹੈ ਕਿ ਕੋਈ ਵੀ ਆਪਣੀ ਸਮੱਸਿਆ ਦੱਸੇ, ਉਸ ਦਾ ਤੁਰੰਤ ਹੱਲ ਕੀਤਾ ਜਾਂਦਾ ਹੈ ਪਰ ਇਨ੍ਹਾਂ ਨੌਜਵਾਨਾਂ ਦੀ ਹੋਣੀ ਬਾਰੇ ਵਿਦੇਸ਼ ਮੰਤਰਾਲੇ ਨੂੰ ਪਤਾ ਸੀ ਅਤੇ ਇਨ੍ਹਾਂ ਨੂੰ ਬਚਾਉਣ ਲਈ ਕੋਈ ਯਤਨ ਨਾ ਕੀਤਾ ਗਿਆ।
ਚੇਤੇ ਰਹੇ ਕਿ ਹੁਸ਼ਿਆਰਪੁਰ ਦੇ ਸਤਵਿੰਦਰ ਸਿੰਘ ਤੇ ਲੁਧਿਆਣਾ ਦੇ ਹਰਜੀਤ ਸਿੰਘ ‘ਤੇ ਆਪਣੇ ਸਾਥੀ ਆਰਿਫ ਇਮਾਮੂਦੀਨ ਦੀ ਹੱਤਿਆ ਦਾ ਦੋਸ਼ ਸੀ। ਇਨ੍ਹਾਂ ਦੋਵਾਂ ਨੂੰ 9 ਦਸੰਬਰ 2015 ਨੂੰ ਗ੍ਰਿਫਤਾਰ ਕਰ ਕੇ ਰਿਆਧ ਦੀ ਜੇਲ੍ਹ ‘ਚ ਬੰਦ ਕਰ ਦਿੱਤਾ ਗਿਆ ਸੀ। ਸਤਵਿੰਦਰ ਸਿੰਘ, ਹਰਜੀਤ ਸਿੰਘ ਅਤੇ ਆਰਿਫ ਇਮਾਮੂਦੀਨ ਤਿੰਨੇ ਦੋਸਤ ਸਨ ਜੋ ਮਿਲ ਕੇ ਲੁੱਟ-ਖੋਹ ਕਰਦੇ ਸਨ। ਇਨ੍ਹਾਂ ਦਾ ਲੁੱਟ ਦੇ ਰਕਮ ਦੀ ਵੰਡ ਨੂੰ ਲੈ ਕੇ ਝਗੜਾ ਹੋ ਗਿਆ ਜਿਸ ਦੌਰਾਨ ਇਮਾਮੂਦੀਨ ਮਾਰਿਆ ਗਿਆ। ਇਸ ਤੋਂ ਬਾਅਦ ਹਰਜੀਤ ਤੇ ਸਤਵਿੰਦਰ ਸ਼ਰਾਬ ਪੀ ਕੇ ਖੱਪ ਕਰਨ ਦੌਰਾਨ ਫੜੇ ਗਏ ਅਤੇ ਉਨ੍ਹਾਂ ਨੂੰ ਭਾਰਤ ਵਾਪਸ ਭੇਜਣ ਦੀ ਤਿਆਰੀ ਹੋ ਰਹੀ ਸੀ ਪਰ ਇਸ ਦੌਰਾਨ ਪਤਾ ਲੱਗਾ ਕਿ ਇਹ ਦੋਵੇਂ ਹੱਤਿਆ ਦੇ ਮਾਮਲੇ ‘ਚ ਸ਼ਾਮਲ ਹਨ। ਪੁੱਛਗਿੱਛ ਦੌਰਾਨ ਇਨ੍ਹਾਂ ਦੋਵਾਂ ਨੇ ਇਮਾਮੂਦੀਨ ਦੀ ਹੱਤਿਆ ਦਾ ਦੋਸ਼ ਮੰਨ ਲਿਆ। ਵਿਦੇਸ਼ ਮੰਤਰਾਲੇ ਅਨੁਸਾਰ 31 ਮਈ 2017 ਨੂੰ ਹੋਈ ਸੁਣਵਾਈ ਦੌਰਾਨ ਭਾਰਤੀ ਦੂਤਾਵਾਸ ਦੇ ਅਧਿਕਾਰੀ ਅਦਾਲਤ ‘ਚ ਮੌਜੂਦ ਸਨ ਅਤੇ ਉਨ੍ਹਾਂ ਦਾ ਮਾਮਲਾ ਅਪੀਲ ਕੋਰਟ ‘ਚ ਭੇਜ ਦਿੱਤਾ ਗਿਆ ਸੀ। ਇਸ ਦੌਰਾਨ ਉਨ੍ਹਾਂ ‘ਤੇ ਹਾਈਵੇ ਉਤੇ ਲੁੱਟ-ਖੋਹ ਕਰਨ ਦੇ ਦੋਸ਼ ਜੋੜੇ ਗਏ ਜਿਸ ਲਈ ਸਖਤ ਸਜ਼ਾ ਦਾ ਕਾਨੂੰਨ ਹੈ। ਸੂਤਰਾਂ ਅਨੁਸਾਰ ਇਨ੍ਹਾਂ ਦੋਵਾਂ ਨੂੰ ਮੌਤ ਦੀ ਸਜ਼ਾ ਹੋਣ ਦੀ ਪੁਸ਼ਟੀ ਉਦੋਂ ਹੋਈ ਜਦ ਸਤਵਿੰਦਰ ਦੀ ਪਤਨੀ ਸੀਮਾ ਨੇ ਵਿਦੇਸ਼ ਮੰਤਰਾਲੇ ਨਾਲ ਸੰਪਰਕ ਕੀਤਾ ਅਤੇ ਸੀਮਾ ਨੂੰ ਮਿਲੇ ਪੱਤਰ ‘ਚ ਦੱਸਿਆ ਗਿਆ ਕਿ ਸਤਵਿੰਦਰ ਤੇ ਹਰਜੀਤ ਨੂੰ ਮੌਤ ਦੀ ਸਜ਼ਾ ਦਿੱਤੀ ਜਾ ਚੁੱਕੀ ਹੈ। ਵਿਦੇਸ਼ ਮੰਤਰਾਲੇ ਅਨੁਸਾਰ ਭਾਰਤੀ ਦੂਤਾਵਾਸ ਦੇ ਅਧਿਕਾਰੀ ਇਨ੍ਹਾਂ ਦੋਵਾਂ ਦੀ ਅਦਾਲਤ ‘ਚ ਪੇਸ਼ੀ ਦੌਰਾਨ ਮੌਜੂਦ ਰਹੇ ਪਰ ਸਾਊਦੀ ਅਰਬ ਨੇ ਇਨ੍ਹਾਂ ਨੂੰ ਮੌਤ ਦੀ ਸਜ਼ਾ ਦੇਣ ਬਾਰੇ ਦੂਤਾਵਾਸ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ। ਇਥੋਂ ਤੱਕ ਕਿ ਇਨ੍ਹਾਂ ਦੋਵਾਂ ਦੇ ਮ੍ਰਿਤਕ ਸਰੀਰ ਭਾਰਤ ਦੇ ਹਵਾਲੇ ਕਰਨ ਤੋਂ ਵੀ ਇਨਕਾਰ ਕਰ ਦਿੱਤਾ, ਕਿਉਂਕਿ ਇਹ ਦੋਵੇਂ ਸਾਊਦੀ ਅਰਬ ਦੇ ਕਾਨੂੰਨ ਅਨੁਸਾਰ ਘੋਰ ਅਪਰਾਧ ‘ਚ ਸ਼ਾਮਲ ਸਨ। ਮੰਤਰਾਲੇ ਅਨੁਸਾਰ ਹਰਜੀਤ ਤੇ ਸਤਵਿੰਦਰ ਦੋਵੇਂ 2013 ਵਿਚ ਵਰਕ ਪਰਮਿਟ ‘ਤੇ ਸਾਊਦੀ ਅਰਬ ਗਏ ਸਨ ਤੇ ਇਸ ਦੌਰਾਨ ਉਨ੍ਹਾਂ ਦੀ ਮੁਲਾਕਾਤ ਇਮਾਮੂਦੀਨ ਨਾਲ ਹੋਈ ਸੀ।