ਖਾਲਸਾ ਸਾਜਨਾ ਦਿਵਸ ਮੌਕੇ ਵੀ ਦੂਸ਼ਣਬਾਜ਼ੀ

ਤਲਵੰਡੀ ਸਾਬੋ: ਕਣਕ ਦੀ ਫਸਲ ਪੱਕਣ ਵਿਚ ਦਿਨ ਰਹਿੰਦੇ ਹੋਣ ਕਾਰਨ ਇਸ ਵਾਰ ਵਿਸਾਖੀ ਦੇ ਮੇਲੇ ਖੂਬ ਭਰੇ। ਪੰਜਾਬ ਵਿਚ ਭਾਵੇਂ ਸਭ ਤੋਂ ਵੱਡਾ ਵਿਸਾਖੀ ਮੇਲਾ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਲੱਗਾ ਜਿੱਥੇ ਸਿਆਸੀ ਕਾਨਫਰੰਸਾਂ ਵੀ ਹੋਈਆਂ, ਪਰ ਖਾਲਸੇ ਦੀ ਜਨਮ ਭੂਮੀ ਅਨੰਦਪੁਰ ਸਾਹਿਬ ਵਿਖੇ ਵੀ ਸੰਗਤਾਂ ਹੁੰਮਹੁਮਾ ਕੇ ਪੁੱਜੀਆਂ। ਇਸ ਤੋਂ ਇਲਾਵਾ ਪਿੰਡਾਂ ਤੇ ਸ਼ਹਿਰਾਂ ਦੇ ਗੁਰਦੁਆਰਿਆਂ ਵਿਚ ਵੀ ਵਿਸਾਖੀ ਸ਼ਰਧਾ ਨਾਲ ਮਨਾਈ ਗਈ।
ਖਾਲਸਾ ਸਾਜਨਾ ਦਿਵਸ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਲੱਗੇ ਵਿਸਾਖੀ ਮੇਲੇ ਦੌਰਾਨ ਦੇਸ਼ ਦੇ ਕੋਨੇ-ਕੋਨੇ ਤੋਂ ਪਹੁੰਚੇ ਲੱਖਾਂ ਸ਼ਰਧਾਲੂਆਂ ਨੇ ਪਵਿੱਤਰ ਸਰੋਵਰਾਂ ਵਿਚ ਇਸ਼ਨਾਨ ਕੀਤਾ ਤੇ ਤਖ਼ਤ ਸਾਹਿਬ ਸਮੇਤ ਇਥੋਂ ਦੇ ਹੋਰ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨ-ਦੀਦਾਰ ਕੀਤੇ। ਦੂਜੇ ਬੰਨੇ ਸਿਆਸੀ ਪਾਰਟੀਆਂ ਨੇ ਆਪਣੀਆਂ ਕਾਨਫਰੰਸਾਂ ਵਿਚ ਇਕ-ਦੂਜੇ ਉਪਰ ਚਿੱਕੜ ਉਛਾਲਿਆ। ਵੱਡੀਆਂ ਕਾਨਫਰੰਸਾਂ ਭਾਵੇਂ ਅਕਾਲੀ ਦਲ ਤੇ ਕਾਂਗਰਸ ਪਾਰਟੀ ਦੀਆਂ ਹੀ ਸਨ ਪਰ ਸ਼੍ਰੋਮਣੀ ਅਕਾਲੀ ਦਲ (ਅ) ਤੇ ਹੋਰ ਪਾਰਟੀਆਂ ਦੀਆਂ ਕਾਨਫਰੰਸਾਂ ਵਿਚ ਵੀ ਕਾਫੀ ਰੌਣਕਾਂ ਰਹੀਆਂ।
ਤਲਵੰਡੀ ਸਾਬੋ ਵਿਖੇ ਸੱਤਾਧਾਰੀ ਧਿਰ ਅਕਾਲੀ-ਭਾਜਪਾ ਗੱਠਜੋੜ ਵੱਲੋਂ ਬਾਬਾ ਡੱਲ ਸਿੰਘ ਦੀਵਾਨ ਹਾਲ ਵਿਚ ਕਾਨਫਰੰਸ ਕੀਤੀ ਗਈ ਜਿਸ ਵਿਚ ਬੁਲਾਰਿਆਂ ਨੇ ਕੇਂਦਰ ਦੀ ਕਾਂਗਰਸ ਸਰਕਾਰ ਨੂੰ ਮੁੱਖ ਤੌਰ ‘ਤੇ ਨਿਸ਼ਾਨਾ ਬਣਾਇਆ ਤੇ ਪੰਜਾਬ ਦੀ ਅਕਾਲੀ ਸਰਕਾਰ ਦਾ ਗੁਣਗਾਨ ਕੀਤਾ। ਹੁਕਮਰਾਨ ਧਿਰ ਦੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਘੱਟ ਗਿਣਤੀ ਹੋਣ ਦੇ ਬਾਵਜੂਦ ਪੰਜਾਬੀਆਂ ਨੇ ਦੇਸ਼ ਦੀ ਆਜ਼ਾਦੀ ਵਿਚ ਅੱਸੀ ਫੀਸਦੀ ਕੁਰਬਾਨੀਆਂ ਕੀਤੀਆਂ ਤੇ ਦੇਸ਼ ਦੇ ਅੰਨ ਭੰਡਾਰ ਦੀ ਕਮੀ ਪੂਰੀ ਕੀਤੀ ਪਰ ਕੇਂਦਰ ਵਿਚ ਬਣੀਆਂ ਕਾਂਗਰਸੀ ਸਰਕਾਰਾਂ ਨੇ ਕੌਡੀ ਮੁੱਲ ਨਹੀਂ ਪਾਇਆ, ਸਗੋਂ ਇਹ ਪੰਜਾਬ ਨੂੰ ਕਮਜ਼ੋਰ ਕਰਨ ਦੀਆਂ ਨੀਤੀਆਂ ਉਤੇ ਚਲਦੀ ਆਈ ਹੈ।
ਕਾਂਗਰਸ ਵੱਲੋਂ ਕੀਤੀ ਗਈ ਸਿਆਸੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪ੍ਰਦੇਸ਼ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਇਸ ਸਮੇਂ ਬਾਦਲਾਂ ਦਾ ਰੇਤੇ, ਬਜਰੀ, ਟਰਾਂਸਪੋਰਟ, ਟੀæਵੀæ ਚੈਨਲਾਂ ਤੇ ਸ਼ਰਾਬ ਦੇ ਕਾਰੋਬਾਰ ਉਤੇ ਮੁਕੰਮਲ ਕਬਜ਼ਾ ਹੋ ਚੁੱਕਿਆ ਹੈ ਤੇ ਲੋਕਾਂ ਦੀ ਅੰਨ੍ਹੀ ਲੁੱਟ ਕੀਤੀ ਜਾ ਰਹੀ ਹੈ। ਸਰਕਾਰ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਵੱਲ ਧੱਕ ਰਹੀ ਹੈ। ਸਰਕਾਰ ਹਰ ਫਰੰਟ ‘ਤੇ ਫੇਲ੍ਹ ਹੋ ਚੁੱਕੀ ਹੈ ਤੇ ਰਾਜ ਦੇ ਲੋਕ ਲਾਚਾਰ ਹੋ ਕੇ ਰਹਿ ਗਏ ਹਨ।
ਸ਼ ਬਾਜਵਾ ਨੇ ਕਿਹਾ ਕਿ ਆਉਂਦੀਆਂ ਪੰਚਾਇਤੀ ਚੋਣਾਂ ਦੌਰਾਨ ਅਕਾਲੀਆਂ ਦੀ ਧੱਕੇਸ਼ਾਹੀ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਨੇ ਦਾਅਵਾ ਕੀਤਾ ਕਿ ਕਾਂਗਰਸ ਹੀ ਸਹੀ ਮਾਮਲਿਆਂ ਵਿਚ ਪੰਥ ਹਿਤੈਸ਼ੀ ਹੈ। ਇਸ ਨੇ ਹਮੇਸ਼ਾ ਹੀ ਸਿੱਖ ਕੌਮ ਦਾ ਸਨਮਾਨ ਕੀਤਾ ਹੈ। ਸਿੱਖ ਭਾਈਚਾਰੇ ਨਾਲ ਸਬੰਧਤ ਦੇਸ਼ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਸੈਨਾ ਮੁਖੀ ਰਾਜਾਂ ਦੇ ਰਾਜਪਾਲ ਕਾਂਗਰਸ ਨੇ ਹੀ ਬਣਾਏ ਹਨ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਸਿਧਾਂਤਹੀਣ ਹੈ।

Be the first to comment

Leave a Reply

Your email address will not be published.