ਬਰਗਾੜੀ ਮੋਰਚੇ ਦੀਆਂ ਸਰਗਰਮੀਆਂ ਨੇ ਡਰਾਏ ਅਕਾਲੀ ਤੇ ਕਾਂਗਰਸੀ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਲਈ ਚੋਣਾਂ ਦੀ ਪਹਿਲਾਂ ਨਵੀਂ ਸਿਰਦਰਦੀ ਖੜੀ ਹੋ ਗਈ ਹੈ। ਸਿੱਖ ਜਥੇਬੰਦੀਆਂ ਨੇ ਬਰਗਾੜੀ ਇਨਸਾਫ ਮੋਰਚੇ ਨੂੰ ਹੋਰ ਤਿੱਖਾ ਰੂਪ ਦੇਣ ਦਾ ਫੈਸਲਾ ਕਰ ਲਿਆ ਹੈ। ਚੋਣਾਂ ਦੇ ਮਾਹੌਲ ਵਿਚ ਬੇਅਦਬੀ ਤੇ ਗੋਲੀ ਕਾਂਡ ਵਿਚ ਉਲਝੇ ਸ਼੍ਰੋਮਣੀ ਅਕਾਲੀ ਦਲ ਤੇ ਸੱਤਾ ਧਿਰ ਕਾਂਗਰਸ ਲਈ ਮੁਸੀਬਤ ਵਧ ਸਕਦੀ ਹੈ। ਉਂਜ, ਬਰਗਾੜੀ ਮੋਰਚਾ ਚਲਾਉਣ ਵਾਲੇ ਪਹਿਲੇ ਪ੍ਰਮੁੱਖ ਸੰਚਾਲਕਾਂ ਵਿਚ ਮਤਭੇਦ ਅੜਿੱਕਾ ਬਣ ਸਕਦੇ ਹਨ।

ਦਰਅਸਲ ਸ੍ਰੀ ਅਕਾਲ ਤਖਤ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਬਣੀ 21 ਮੈਂਬਰੀ ਕਮੇਟੀ ਨੇ ਪਿੰਡ ਬਹਿਬਲ ਕਲਾਂ ਦੇ ਗੁਰਦੁਆਰੇ ਵਿਚ ਸੰਗਤ ਦੇ ਇਕੱਠ ਦੌਰਾਨ ਬਰਗਾੜੀ ਇਨਸਾਫ ਮੋਰਚੇ ਦਾ ਦੂਜਾ ਪੜਾਅ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਹੈ। ਇਨ੍ਹਾਂ ਲੀਡਰਾਂ ਨੇ ਕੈਪਟਨ ਸਰਕਾਰ ਦੀ ਨੁਕਤਾਚੀਨੀ ਕਰਦਿਆਂ ਆਖਿਆ ਕਿ ਬੇਅਦਬੀ ਮਾਮਲਿਆਂ ‘ਚ ਬਾਦਲਾਂ ਦਾ ਹੱਥ ਹੋਣ ਦੇ ਬਾਵਜੂਦ ਹਕੂਮਤ ਉਨ੍ਹਾਂ ਨੂੰ ਹੱਥ ਨਹੀਂ ਪਾ ਰਹੀ। ਆਈ.ਜੀ. ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਸਿੱਟ ਦੇ ਕੰਮਕਾਜ ਤੋਂ ਲਾਂਭੇ ਕਰਨ ਲਈ ਬਾਦਲਾਂ ਦੀ ਆਲੋਚਨਾ ਕਰਦਿਆਂ ਕਿਹਾ ਗਿਆ ਕਿ ਅਕਾਲੀ ਦਲ ਦੇ ਆਗੂਆਂ ਦਾ ਘਟਨਾਵਾਂ ‘ਚ ਨਾਂ ਆਉਣ ਕਾਰਨ ਜਾਂਚ ਨੂੰ ਪ੍ਰਭਾਵਿਤ ਕਰਨ ਲਈ ਇਹ ਸਾਜ਼ਿਸ਼ ਰਚੀ ਗਈ ਹੈ। ਚੋਣ ਕਮਿਸ਼ਨ ਤੋਂ ਮੰਗ ਕੀਤੀ ਗਈ ਕਿ ਕੁੰਵਰ ਵਿਜੈ ਪ੍ਰਤਾਪ ਨੂੰ ਆਪਣਾ ਕੰਮ ਪਹਿਲਾਂ ਵਾਂਗ ਪਾਰਦਰਸ਼ੀ ਢੰਗ ਨਾਲ ਕਰਨ ਦੀ ਆਗਿਆ ਦਿੱਤੀ ਜਾਵੇ।
ਦੱਸ ਦਈਏ ਕਿ ਬਰਗਾੜੀ ਬੇਅਦਬੀ ਅਤੇ ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀ ਕਾਂਡ ਲੋਕ ਸਭਾ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਲਈ ਸਭ ਤੋਂ ਵੱਡੀ ਚੁਣੌਤੀ ਬਣਿਆ ਹੋਇਆ ਹੈ। ਬੀਤੇ ਦਿਨੀਂ ਪਿੰਡ ਕੋਟ ਸੁਖੀਆ ਵਿਚ ਲੋਕਾਂ ਨੇ ਜਿਸ ਤਰ੍ਹਾਂ ਅਕਾਲੀ ਉਮੀਦਵਾਰ ਨੂੰ ਕਾਲੀਆਂ ਝੰਡੀਆਂ ਦਿਖਾ ਕੇ ਆਪਣੇ ਰੋਹ ਦਾ ਪ੍ਰਗਟਾਵਾ ਕੀਤਾ ਹੈ, ਉਸ ਤੋਂ ਸਪੱਸ਼ਟ ਹੈ ਕਿ ਆਗਾਮੀ ਦਿਨਾਂ ਵਿਚ ਅਕਾਲੀ ਉਮੀਦਵਾਰ ਲਈ ਇਹ ਮੁੱਦਾ ਵੱਡੀ ਚੁਣੌਤੀ ਵਜੋਂ ਉਭਰ ਸਕਦਾ ਹੈ। ਅਕਾਲੀ ਦਲ ਨੂੰ ਇਸ ਮੁੱਦੇ ਨਾਲ ਜੁੜੇ ‘ਸਿੱਟ’ ਮੈਂਬਰ ਦੇ ਤਬਾਦਲੇ ਕਾਰਨ ਵੀ ਦੂਸਰੀਆਂ ਸਿਆਸੀ ਪਾਰਟੀਆਂ ਅਤੇ ਆਮ ਲੋਕਾਂ ਦਾ ਵਿਰੋਧ ਸਹਿਣਾ ਪੈ ਰਿਹਾ ਹੈ, ਕਿਉਂਕਿ ਜਾਂਚ ਟੀਮ ਦੇ ਮੈਂਬਰ ਆਈ.ਜੀ. ਕੁੰਵਰ ਵਿਜੈ ਪ੍ਰਤਾਪ ਸਿੰਘ ਦਾ ਤਬਾਦਲਾ ਲੋਕਾਂ ਨੂੰ ਬਰਦਾਸ਼ਤ ਨਹੀਂ ਹੋ ਰਿਹਾ।
ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਣ ਕਰਕੇ ਅਕਾਲੀ ਉਮੀਦਵਾਰ ਨੂੰ ਫਰੀਦਕੋਟ ਹਲਕੇ ਵਿਚ ਤਾਂ ਇਸ ਦੀ ਸਖਤ ਚੁਣੌਤੀ ਮਿਲਣ ਦੇ ਆਸਾਰ ਹਨ। ਬੇਅਦਬੀ ਤੇ ਪੁਲਿਸ ਗੋਲੀ ਕਾਂਡ ਦਾ ਸ਼ਿਕਾਰ ਹੋਣ ਵਾਲਿਆਂ ਨੂੰ ਇਨਸਾਫ ਦਿਵਾਉਣ ਲਈ ਲਗਾਤਾਰ ਛੇ ਮਹੀਨੇ ਚੱਲੇ ਬਰਗਾੜੀ ਮੋਰਚੇ ਨੇ ਮਾਲਵਾ ਵਿਚ ਅਕਾਲੀ ਦਲ ਨੂੰ ਹਾਸ਼ੀਏ ‘ਤੇ ਲਿਆ ਖੜ੍ਹਾ ਕੀਤਾ ਹੈ। ਜੇਕਰ ਸਿਆਸੀ ਦਰਸ਼ਕਾਂ ਦੀ ਮੰਨੀਏ ਤਾਂ ਅਕਾਲੀ ਦਲ ਨੇ ਇਸ ਮਾਮਲੇ ਤੋਂ ਬਚਣ ਲਈ ਬਾਹਰੋਂ ਉਮੀਦਵਾਰ ਲਿਆ ਕੇ ਚੋਣ ਮੈਦਾਨ ਵਿਚ ਉਤਾਰਿਆ ਹੈ ਪਰ ਅਕਾਲੀ ਦਲ ਦਾ ਬਚਾਅ ਹੁੰਦਾ ਨਜ਼ਰ ਨਹੀਂ ਆ ਰਿਹਾ, ਕਿਉਂਕਿ ਲੋਕਾਂ ‘ਚ ਪਾਰਟੀ ਪ੍ਰਤੀ ਹਾਲੇ ਵੀ ਗੁੱਸਾ ਹੈ। ਆਗਾਮੀ ਦਿਨਾਂ ਵਿਚ ਇਹ ਲੋਕ ਹੋਰ ਵੀ ਵੱਧ ਸਕਦਾ ਹੈ।
________________________
ਪੰਜਾਬ ‘ਚ ਘਰ-ਘਰ ਵੰਡਿਆ ਜਾ ਰਿਹੈ ਬੇਅਦਬੀ ਬਾਰੇ ਛਪਿਆ ਕਿਤਾਬਚਾ
ਪਟਿਆਲਾ: ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਇਸ ਵਾਰ ਪੰਜਾਬ ਵਿਚ ਪਿਛਲੇ ਸਮੇਂ ਵਾਪਰੀਆਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਸਬੰਧੀ ਪ੍ਰਕਾਸ਼ਿਤ ਇਕ ਕਿਤਾਬਚਾ ਵੰਡਿਆ ਜਾ ਰਿਹਾ ਹੈ। ‘ਬੇਅਦਬੀ ਦਾ ਕੱਚਾ ਚਿੱਠਾ’ ਨਾਮੀ ਇਹ ਕਿਤਾਬਚਾ ਪੰਥਕ ਅਸੈਂਬਲੀ ਸ੍ਰੀ ਅੰਮ੍ਰਿਤਸਰ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ, ਜਿਸ ਨੂੰ ਵੱਖ-ਵੱਖ ਜ਼ਿਲ੍ਹਿਆਂ ਵਿਚ ਕੁਝ ਲੋਕ ਆਪਣੇ ਤੌਰ ‘ਤੇ ਛਪਵਾ ਹੁਣ ਲੋਕਾਂ ‘ਚ ਵੰਡ ਰਹੇ ਹਨ। ਕੁੱਲ 60 ਸਫਿਆਂ ਦਾ ਇਹ ਕਿਤਾਬਚਾ ਪਟਿਆਲਾ ਵਿਚ ਗੁਰਮੇਹਰ ਪਬਲੀਕੇਸ਼ਨ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ, ਜਿਸ ਦਾ ਖਰਚਾ ਬਲਵਿੰਦਰ ਸਿੰਘ ਜਾਤੀਵਾਲ ਸਾਬਕਾ ਜੀ.ਐਮ. ਵੇਰਕਾ ਅਤੇ ਹੋਰ ਕਈ ਸਿੱਖਾਂ ਵੱਲੋਂ ਸਾਂਝੇ ਤੌਰ ‘ਤੇ ਕੀਤਾ ਗਿਆ ਹੈ। ਇਸ ਵਿਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਸਬੰਧਤ ਘਟਨਾਵਾਂ ਦਾ ਜ਼ਿਕਰ ਕੀਤਾ ਗਿਆ ਹੈ। ਇਸ ਵਿਚ ਪਹਿਲੀ ਜੂਨ 2015 ਦੌਰਾਨ ਬੁਰਜ ਜਵਾਹਰ ਸਿੰਘ ਵਾਲਾ ਤੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਹੋਣ, ਬਰਗਾੜੀ ਵਿਚ 12 ਅਕਤੂਬਰ 2015 ਨੂੰ ਪਾਵਨ ਸਰੂਪ ਦੇ ਅੰਗ ਖਿੱਲਰੇ ਮਿਲਣ, ਗੁਰੂਸਰ, ਮੱਲ ਕੇ, ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀ ਕਾਂਡ ਸਮੇਤ ਹੋਰ ਕਈ ਘਟਨਾਵਾਂ ਦਾ ਸਬੂਤਾਂ ਸਮੇਤ ਵਰਣਨ ਹੈ। ਇਸ ਕਿਤਾਬਚੇ ਵਿਚ ਡੇਰਾ ਮੁਖੀ ਨਾਲ ਜੁੜੀਆਂ ਘਟਨਾਵਾਂ ਬਾਰੇ ਵੀ ਦੱਸਿਆ ਗਿਆ ਹੈ।
________________________
ਵੋਟ ਨਹੀਂ ਪਾਉਣੀ, ਨਾ ਪਾਓ, ਕਾਲੀਆਂ ਝੰਡੀਆਂ ਦਿਖਾਉਣ ਦਾ ਕੀ ਮਤਲਬ: ਬਾਦਲ
ਲੰਬੀ: ਫਰੀਦਕੋਟ ਲੋਕ ਸਭਾ ਖੇਤਰ ਦੇ ਪਿੰਡ ਕੋਟ ਸੁਖੀਆ ਵਿਚ ਅਕਾਲੀ-ਭਾਜਪਾ ਉਮੀਦਵਾਰ ਗੁਲਜ਼ਾਰ ਰਣੀਕੇ ਨੂੰ ਕਾਲੀਆਂ ਝੰਡੀਆਂ ਵਿਖਾਉਣ ਤੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕਾਫੀ ਖਫਾ ਹਨ। ਉਨ੍ਹਾਂ ਦਾ ਕਹਿਣਾ ਹੈ ”ਜੇਕਰ ਕਿਸੇ ਨੇ ਵੋਟ ਨਹੀਂ ਪਾਉਣੀ ਤਾਂ ਨਾ ਪਾਓ ਪਰ ਕਾਲੀਆਂ ਝੰਡੀਆਂ ਦਿਖਾਉਣ ਦਾ ਕੀ ਮਤਲਬ ਹੈ।” ਸ੍ਰੀ ਬਾਦਲ ਨੇ ਇਸ ਵਿਰੋਧ ਨੂੰ ਕਾਂਗਰਸ ਦਾ ਘੜਿਆ ਝੂਠਾ ਅਤੇ ਬੇਬੁਨਿਆਦ ਪਰਪੰਚ ਦੱਸਿਆ ਹੈ। ਬੇਅਦਬੀਆਂ ਬਾਰੇ ਅਕਾਲੀਆਂ ਦਾ ਵਿਰੋਧ ਹੋਣ ਬਾਰੇ ਪੁੱਛਣ ‘ਤੇ ਉਨ੍ਹਾਂ ਆਖਿਆ ਕਿ ਕਾਂਗਰਸੀ ਲੋਕ ਆਪਣੀ ਪੀੜ੍ਹੀ ਹੇਠਾਂ ਸੋਟੀ ਕਿਉਂ ਨਹੀਂ ਫੇਰਦੇ।