ਲੋਕ ਸਭਾ ਚੋਣਾਂ ਵਿਚ ‘ਆਪਣਿਆਂ’ ਨਾਲ ਹੀ ਉਲਝਗੀ ‘ਆਪ’

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੀ ਲੋਕ ਸਭਾ ਚੋਣਾਂ ਵਿਚ ਰੋਮਾਂਚਕ ਸਥਿਤੀ ਬਣੀ ਪਈ ਹੈ। ਝਾੜੂ ਦੇ ਤੀਲੇ ਇਸ ਵਾਰ ਛੇ-ਮੁਖੀ ਸਿਆਸੀ ਭੂਮਿਕਾਵਾਂ ਨਿਭਾਉਣਗੇ। ਸ਼ਾਇਦ ‘ਆਪ’ ਪੰਜਾਬ ਦੀ ਅਜਿਹੀ ਪਹਿਲੀ ਪਾਰਟੀ ਹੈ, ਜਿਸ ਦੀ ਚੋਣਾਂ ਵਿਚ ਅਜਿਹੀ ਸਥਿਤੀ ਬਣੀ ਹੋਵੇ।

‘ਆਪ’ ਦੇ ਪੰਜਾਬ ਵਿਚ 20 ਵਿਧਾਇਕ ਅਤੇ 4 ਸੰਸਦ ਮੈਂਬਰ ਹਨ, ਜੋ 6 ਟੁਕੜਿਆਂ ਵਿਚ ਵੰਡੇ ਪਏ ਹਨ। ਇਸ ਵੇਲੇ ਪਾਰਟੀ ਦੇ ਕੁੱਲ 20 ਵਿਧਾਇਕਾਂ ਵਿਚੋਂ ਸਿਰਫ 12 ਵਿਧਾਇਕ ਅਤੇ 4 ਸੰਸਦ ਮੈਂਬਰਾਂ ਵਿਚੋਂ ਕੇਵਲ 2 ਸੰਸਦ ਮੈਂਬਰ ਹੀ ਪਾਰਟੀ ਨਾਲ ਹਨ। ਦਰਅਸਲ, ਜਦੋਂ ਪਾਰਟੀ ਨੇ ਸੁਖਪਾਲ ਸਿੰਘ ਖਹਿਰਾ ਕੋਲੋਂ ਵਿਰੋਧੀ ਧਿਰ ਦੇ ਆਗੂ ਦੀ ਕੁਰਸੀ ਖੋਹ ਲਈ ਸੀ, ਉਦੋਂ 8 ਵਿਧਾਇਕ ਬਾਗੀ ਹੋ ਕੇ ਸ੍ਰੀ ਖਹਿਰਾ ਦੀ ਪਿੱਠ ‘ਤੇ ਆ ਗਏ ਸਨ। ਉਂਜ ਬਾਅਦ ਵਿਚ ਦੋ ਵਿਧਾਇਕ ਰੁਪਿੰਦਰ ਕੌਰ ਰੂਬੀ ਅਤੇ ਜੈ ਕਿਸ਼ਨ ਸਿੰਘ ਰੋੜੀ ਵਾਪਸ ਪਾਰਟੀ ਵਿਚ ਚਲੇ ਗਏ ਸਨ। ਇਸ ਤਰ੍ਹਾਂ ਹੁਣ ਪਹਿਲੀ ਧਿਰ ਵਜੋਂ ਪਾਰਟੀ ਦੇ ਖੇਮੇ ਵਿਚਲੇ 12 ਵਿਧਾਇਕ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ, ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਅਤੇ ਕੋਰ ਕਮੇਟੀ ਦੇ ਚੇਅਰਮੈਨ ਪ੍ਰਿੰਸੀਪਲ ਬੁੱਧ ਰਾਮ ਦੀ ਅਗਵਾਈ ਹੇਠ ਸਾਰੇ 13 ਹਲਕਿਆਂ ਵਿਚ ਕੰਮ ਕਰ ਰਹੇ ਹਨ।
ਦੂਜੀ ਧਿਰ ਵਜੋਂ ਸ੍ਰੀ ਖਹਿਰਾ ਪਾਰਟੀ ਤੋਂ ਅਸਤੀਫਾ ਦੇ ਕੇ ਆਪਣੀ ਪੰਜਾਬ ਏਕਤਾ ਪਾਰਟੀ ਬਣਾ ਕੇ ਅਤੇ ਪੰਜਾਬ ਜਮਹੂਰੀ ਗੱਠਜੋੜ (ਪੀ.ਡੀ.ਏ.) ਵਿਚ ਸ਼ਾਮਲ ਹੋ ਕੇ 3 ਹਲਕਿਆਂ ਤੋਂ ਚੋਣ ਲੜ ਰਹੇ ਹਨ। ਉਹ ਖੁਦ ਬਠਿੰਡਾ ਤੋਂ ਅਤੇ ਪਾਰਟੀ ਤੋਂ ਅਸਤੀਫਾ ਦੇ ਚੁੱਕੇ ਵਿਧਾਇਕ ਮਾਸਟਰ ਬਲਦੇਵ ਸਿੰਘ ਫਰੀਦਕੋਟ ਅਤੇ ਬੀਬੀ ਪਰਮਜੀਤ ਕੌਰ ਖਾਲੜਾ ਖਡੂਰ ਸਾਹਿਬ ਲੋਕ ਸਭਾ ਹਲਕਿਆਂ ਤੋਂ ਚੋਣ ਲੜ ਰਹੇ ਹਨ। ਹੈਰਾਨੀ ਵਾਲੀ ਗੱਲ ਹੈ ਕਿ ਸ੍ਰੀ ਖਹਿਰਾ ਤੇ ਬਲਦੇਵ ਸਿੰਘ ਅੱਜ ਵੀ ‘ਆਪ’ ਦੇ ਵਿਧਾਇਕ ਹੋਣ ਦੇ ਬਾਵਜੂਦ ਲੋਕ ਸਭਾ ਦੀ ਚੋਣ ਹੋਰ ਪਾਰਟੀ ਵੱਲੋਂ ਲੜ ਕੇ ਨਵਾਂ ਇਤਿਹਾਸ ਬਣਾ ਰਹੇ ਹਨ। ਤੀਸਰੀ ਧਿਰ ਵਜੋਂ ਪਹਿਲਾਂ ਸ੍ਰੀ ਖਹਿਰਾ ਨਾਲ ਹੀ ਚੱਲ ਰਹੇ 5 ਬਾਗੀ ਵਿਧਾਇਕ ਕੰਵਰ ਸੰਧੂ, ਨਾਜ਼ਰ ਸਿੰਘ ਮਾਨਸ਼ਾਹੀਆ, ਪਿਰਮਲ ਸਿੰਘ ਖਾਲਸਾ, ਜਗਤਾਰ ਸਿੰਘ ਜੱਗਾ ਅਤੇ ਜਗਦੇਵ ਸਿੰਘ ਨੇ ਉਨ੍ਹਾਂ (ਖਹਿਰਾ) ਵੱਲੋਂ ਆਪਣੀ ਪਾਰਟੀ ਬਣਾਉਣ ਤੋਂ ਬਾਅਦ ਆਪਣੀ ਵੱਖਰੀ ਧਿਰ ਬਣਾ ਲਈ ਹੈ। ਭਾਵੇਂ ਸ੍ਰੀ ਖਹਿਰਾ ਵੱਲੋਂ ਬਠਿੰਡਾ ਹਲਕੇ ਵਿਚ ਕੱਢੇ ਰੋਡ ਸ਼ੋਅ ਵਿਚ 3 ਬਾਗੀ ਵਿਧਾਇਕ ਸ੍ਰੀ ਮਾਨਸ਼ਾਹੀਆ, ਸ੍ਰੀ ਖਾਲਸਾ ਤੇ ਸ੍ਰੀ ਕਮਾਲੂ ਸ਼ਾਮਲ ਹੋਏ ਸਨ ਪਰ ਇਨ੍ਹਾਂ 5 ਵਿਧਾਇਕਾਂ ਨੇ ਹਾਲੇ ਤੱਕ ਸ੍ਰੀ ਖਹਿਰਾ ਨੂੰ ਅਧਿਕਾਰਤ ਤੌਰ ‘ਤੇ ਹਮਾਇਤ ਕਰਨ ਦਾ ਕੋਈ ਸਾਂਝਾ ਫੈਸਲਾ ਨਹੀਂ ਲਿਆ।
ਲੀਡਰਸ਼ਿਪ ਨੇ ਫਿਲਹਾਲ ਇਨ੍ਹਾਂ ਵਿਚੋਂ ਕੇਵਲ ਸ੍ਰੀ ਸੰਧੂ ਨੂੰ ਹੀ ਪਾਰਟੀ ਵਿਚੋਂ ਮੁਅੱਤਲ ਕੀਤਾ ਹੈ।
ਇਸ ਤੋਂ ਬਾਅਦ ਚੌਥੀ ਧਿਰ ਵਜੋਂ ਪਾਰਟੀ ਤੇ ਵਿਧਾਇਕ ਦੇ ਅਹੁਦੇ ਤੋਂ ਅਸਤੀਫੇ ਦੇ ਚੁੱਕੇ ਪਦਮਸ੍ਰੀ ਐਚ.ਐਸ਼ ਫੂਲਕਾ ਇਕੱਲੇ ਹੀ ਆਪਣੇ ਸਿਆਸੀ ਘੋੜੇ ਦੌੜਾ ਰਹੇ ਹਨ। ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਹਾਲੇ ਸ੍ਰੀ ਫੂਲਕਾ ਦਾ ਅਸਤੀਫਾ ਪ੍ਰਵਾਨ ਨਹੀਂ ਕੀਤਾ। ਉਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚੋਂ ਬਾਦਲਾਂ ਦਾ ਗਲਬਾ ਖਤਮ ਕਰਨ ਦਾ ਮਿਸ਼ਨ ਵਿੱਢਿਆ ਹੈ। ਇਸੇ ਕੜੀ ਤਹਿਤ ਹੀ ਉਹ ਕਾਂਗਰਸ ਤੇ ‘ਆਪ’ ਦੇ ਨੇਤਾਵਾਂ ਨੇ ਸਾਂਝੇ ਵਫਦ ਨੂੰ ਲੈ ਕੇ ਬੇਅਦਬੀਆਂ ਤੇ ਗੋਲੀ ਕਾਂਡਾਂ ਦੀ ਪੜਤਾਲ ਲਈ ਬਣਾਈ ਵਿਸ਼ੇਸ਼ ਜਾਂਚ ਟੀਮ ਦੇ ਮੈਂਬਰ ਆਈ.ਜੀ. ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਬਦਲੀ ਰੱਦ ਕਰਵਾਉਣ ਲਈ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਨੂੰ ਮਿਲੇ ਹਨ। ‘ਆਪ’ ਦੀ 5ਵੀਂ ਧਿਰ ਵਜੋਂ ਪਾਰਟੀ ਵਿਚੋਂ ਲੰਮੇ ਸਮੇਂ ਤੋਂ ਮੁਅੱਤਲ ਕੀਤੇ ਸੰਸਦ ਮੈਂਬਰ ਧਰਮਵੀਰ ਗਾਂਧੀ ਆਪਣੀ ਨਵਾਂ ਪੰਜਾਬ ਪਾਰਟੀ ਬਣਾ ਕੇ ਅਤੇ ਪੀ.ਡੀ.ਏ. ਨਾਲ ਸਾਂਝ ਪਾ ਕੇ ਮੁੜ ਪਟਿਆਲਾ ਤੋਂ ਹੀ ਚੋਣ ਲੜ ਰਹੇ ਹਨ। ‘ਆਪ’ ਦੀ ਛੇਵੀਂ ਧਿਰ ਵਜੋਂ ਪਾਰਟੀ ਵਿਚੋਂ ਲੰਮੇ ਸਮੇਂ ਤੋਂ ਮੁਅੱਤਲ ਕੀਤੇ ਫਤਿਹਗੜ੍ਹ ਸਾਹਿਬ ਦੇ ਸੰਸਦ ਮੈਂਬਰ ਹਰਿੰਦਰ ਸਿੰਘ ਖਾਲਸਾ ਪਾਰਟੀ ਨੂੰ ਅਲਵਿਦਾ ਕਹਿ ਕੇ ਇਨ੍ਹਾਂ ਚੋਣਾਂ ਵਿਚ ਭਾਜਪਾ ਦਾ ਝੰਡਾ ਚੁੱਕ ਚੁੱਕੇ ਹਨ।
______________________________
‘ਆਪ’ ਨਾਲੋਂ ਟੁੱਟਾ ਵੋਟ ਬੈਂਕ ਬਦਲੇਗਾ ਪੰਜਾਬ ਦੀ ਸਿਆਸਤ ਦਾ ਵਹਿਣ
ਜਲੰਧਰ: ਪੰਜਾਬ ਅੰਦਰ ਹੋਣ ਵਾਲੀ ਲੋਕ ਸਭਾ ਚੋਣ ਵਿਚ 2014 ਸਮੇਂ ‘ਆਪ’ ਦੇ ਉਮੀਦਵਾਰਾਂ ਨੂੰ ਪਈ ਵੋਟ ਦਾ ਵਹਿਣ ਕਿਧਰ ਮੁੜਦਾ ਹੈ, ਇਹ ਗੱਲ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਦੀ ਕਿਸਮਤ ਤੈਅ ਕਰਨ ਵਿਚ ਬੜਾ ਅਹਿਮ ਰੋਲ ਅਦਾ ਕਰੇਗੀ। ਪਹਿਲੀ ਵਾਰ ਚੋਣ ਮੈਦਾਨ ਵਿਚ ਉਤਰੀ ਆਮ ਆਦਮੀ ਪਾਰਟੀ ਨੂੰ ਰਾਜ ਅੰਦਰ 24.40 ਫੀਸਦੀ ਵੋਟ ਮਿਲੇ ਸਨ।
‘ਆਪ’ ਦੇ ਚਾਰ ਮੈਂਬਰ ਸੰਸਦ ਵਿਚ ਪੁੱਜੇ ਸਨ ਤੇ ਲੁਧਿਆਣਾ ਤੇ ਅਨੰਦਪੁਰ ਸਾਹਿਬ ਹਲਕੇ ‘ਚੋਂ ਪਾਰਟੀ ਉਮੀਦਵਾਰ 3 ਲੱਖ ਤੋਂ ਵਧੇਰੇ ਵੋਟਾਂ ਲੈ ਗਏ ਸਨ। ਸਾਲ 2014 ‘ਚ ਹੋਈ ਲੋਕ ਸਭਾ ਚੋਣ ਦੇ ਨਤੀਜੇ ‘ਤੇ ਨਜ਼ਰ ਮਾਰਨ ‘ਤੇ ਪਤਾ ਲਗਦਾ ਹੈ ਕਿ 13 ਹਲਕਿਆਂ ਵਿਚੋਂ 7 ਹਲਕਿਆਂ ਵਿਚ ‘ਆਪ’ ਢਾਈ ਲੱਖ ਤੋਂ ਵੱਧ ਵੋਟ ਲੈਣ ਵਿਚ ਕਾਮਯਾਬ ਹੋ ਗਈ ਸੀ। ਖਾਸ ਕਰਕੇ ਮਾਲਵਾ ਖੇਤਰ ਦੇ 6 ਹਲਕਿਆਂ ਵਿਚੋਂ ਚਾਰ ਐਮ. ਪੀ. ਜਿੱਤੇ ਸਨ ਤੇ ਦੋ ਵਿਚ 3 ਲੱਖ ਤੋਂ ਵੱਧ ਵੋਟ ਲੈ ਗਏ ਸਨ। ਦੋ ਸਾਲ ਬਾਅਦ ਫਰਵਰੀ 2017 ‘ਚ ਹੋਈ ਵਿਧਾਨ ਸਭਾ ਚੋਣ ਵਿਚ ਵੀ 20 ਜਿੱਤੇ ਵਿਧਾਇਕਾਂ ਵਿਚੋਂ ‘ਆਪ’ ਦੇ 18 ਵਿਧਾਇਕ ਮਾਲਵਾ ਖੇਤਰ ਨਾਲ ਹੀ ਸਬੰਧਤ ਸਨ ਤੇ ਦੁਆਬਾ ਖੇਤਰ ਵਿਚੋਂ ਸਿਰਫ ਦੋ ਵਿਧਾਇਕ ਜਿੱਤੇ ਸਨ। ਵਿਧਾਨ ਸਭਾ ਚੋਣਾਂ ਸਮੇਂ ਵੀ ‘ਆਪ’ ਦੀ ਵੋਟ ਪ੍ਰਤੀਸ਼ਤਤਾ 25 ਫੀਸਦੀ ਦੇ ਕਰੀਬ ਹੀ ਸੀ ਪਰ ਹੁਣ ਪਾਰਟੀ ਬੇਹੱਦ ਢਹਿੰਦੀਆਂ ਕਲਾ ਵਿਚ ਚਲੀ ਗਈ ਹੈ ਤੇ ਸਿਆਸੀ ਹਲਕੇ ਇਹ ਗਿਣਤੀ-ਮਿਣਤੀ ਲਗਾ ਰਹੇ ਹਨ ਕਿ ‘ਆਪ’ ਨੂੰ 2014 ਅਤੇ 2017 ਦੀਆਂ ਚੋਣਾਂ ਸਮੇਂ ਪਈ ਵੋਟ ਜੇ ਘਟਦੀ ਹੈ ਤਾਂ ਕਿਧਰ ਨੂੰ ਜਾਵੇਗੀ।
ਪਿਛਲੇ ਚੋਣ ਅੰਕੜਿਆਂ ਮੁਤਾਬਕ 2012 ਦੀ ਵਿਧਾਨ ਸਭਾ ਚੋਣ ਵਿਚ ਅਕਾਲੀ-ਭਾਜਪਾ ਨੂੰ ਕੁੱਲ 44.64 ਫੀਸਦੀ ਅਤੇ ਕਾਂਗਰਸ ਨੂੰ 39.92 ਫੀਸਦੀ ਵੋਟ ਮਿਲੇ ਸਨ। ਬਸਪਾ ਨੂੰ ਸਿਰਫ 1.9 ਫੀਸਦੀ ਵੋਟ ਮਿਲੇ ਸਨ ਪਰ 2014 ਦੀ ਲੋਕ ਸਭਾ ਚੋਣ ਵਿਚ ‘ਆਪ’ ਦੀ ਆਮਦ ਨਾਲ ਸਾਰੀ ਚੋਣ ਗਿਣਤੀ-ਮਿਣਤੀ ਹੀ ਬਦਲ ਗਈ ਸੀ। 2014 ਦੀ ਚੋਣ ਵਿਚ ‘ਆਪ’ ਨੂੰ 24.40 ਫੀਸਦੀ ਵੋਟ ਮਿਲੇ ਸਨ। ਕਾਂਗਰਸ ਦਾ ਕਰੀਬ 7 ਫੀਸਦੀ ਵੋਟਰ ਖੁਸ ਗਿਆ ਸੀ ਤੇ 33.10 ਫੀਸਦੀ ਵੋਟ ਮਿਲੇ ਸਨ।
ਇਸੇ ਤਰ੍ਹਾਂ ਅਕਾਲੀ-ਭਾਜਪਾ ਨੂੰ ਵੀ ਕਾਂਗਰਸ ਨਾਲੋਂ ਵੱਧ 9.64 ਫੀਸਦੀ ਵੋਟਾਂ ਦਾ ਖੋਰਾ ਲੱਗਿਆ ਸੀ। ਇਸ ਤਰ੍ਹਾਂ ਅੰਕੜੇ ਦੱਸਦੇ ਹਨ ਕਿ ‘ਆਪ’ ਦੇ ਆਉਣ ਨਾਲ ਕਾਂਗਰਸ ਨਾਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵਧੇਰੇ ਹਰਜ਼ਾ ਪੁੱਜਾ ਸੀ। 2017 ਦੀ ਵਿਧਾਨ ਸਭਾ ਚੋਣ ਵਿਚ ਆਪ ਦੇ ਜਿੱਤੇ 20 ਵਿਧਾਇਕ ਵੱਡੀ ਗਿਣਤੀ ਵਿਚ ਅਕਾਲੀ ਵਿਧਾਇਕਾਂ ਵਾਲੇ ਹਲਕਿਆਂ ਵਿਚੋਂ ਜੇਤੂ ਹੋਏ ਸਨ। ਬਠਿੰਡਾ ਲੋਕ ਸਭਾ ਹਲਕੇ ਵਿਚ ‘ਆਪ’ ਨੂੰ 2014 ‘ਚ ਕੋਈ ਖਾਸ ਹੁੰਗਾਰਾ ਨਹੀਂ ਸੀ ਮਿਲਿਆ। ਵਿਧਾਨ ਸਭਾ ਚੋਣਾਂ ਵਿਚ ਪੰਜ ਵਿਧਾਇਕ ਆਪ ਦੇ ਜੇਤੂ ਰਹੇ ਤੇ ਇਨ੍ਹਾਂ ਸਾਰੇ ਹਲਕਿਆਂ ‘ਚ ਪਹਿਲਾਂ ਅਕਾਲੀ ਵਿਧਾਇਕ ਸਨ।
‘ਆਪ’ ਦੇ ਅੰਦਰੂਨੀ ਕਲੇਸ਼ ਤੇ ਪਾਟੋਧਾੜ ਕਾਰਨ ਪਾਰਟੀ ਦਾ ਵੱਡਾ ਹਿੱਸਾ ਤਾਂ ਉਂਝ ਹੀ ‘ਆਪ’ ਤੋਂ ਕਿਨਾਰਾ ਕਰ ਗਿਆ ਹੈ ਤੇ ਪਾਰਟੀ ਕਈ ਧੜਿਆਂ ਵਿਚ ਵੰਡ ਕੇ ਆਪਣੀ ਚਮਕ-ਦਮਕ ਵੀ ਖੋ ਬੈਠੀ ਹੈ। ਕਿਸੇ ਵੇਲੇ ਕੌਮੀ ਆਗੂ ਵਜੋਂ ਉੱਭਰ ਕੇ ਪੰਜਾਬ ਦੇ ਤੀਜੇ ਬਦਲ ਦੀ ਲਹਿਰ ‘ਤੇ ਸਵਾਰ ਹੋ ਕੇ ਵੱਡੇ-ਵੱਡੇ ਦਾਅਵੇ ਕਰਨ ਵਾਲੇ ਅਰਵਿੰਦ ਕੇਜਰੀਵਾਲ ਹੁਣ ਪੰਜਾਬ ਵੱਲ ਮੂੰਹ ਕਰਨ ਤੋਂ ਵੀ ਕੰੰਨੀ ਕਤਰਾਉਂਦੇ ਹਨ। ਆਮ ਪ੍ਰਭਾਵ ਇਹੀ ਹੈ ਕਿ ਇਸ ਵਾਰ ਇਕ-ਅੱਧ ਥਾਂ ਨੂੰ ਛੱਡ ਕੇ ਪਾਰਟੀ ਲਈ ਜ਼ਮਾਨਤ ਬਚਾਉਣੀ ਮੁਸ਼ਕਿਲ ਹੋਵੇਗੀ। ਸਵਾਲ ਇਹੀ ਉੱਭਰ ਰਿਹਾ ਹੈ ‘ਆਪ’ ਵੱਲ ਗਈ ਵੋਟ ਆਪਣੇ ਪੁਰਾਣੇ ਪੱਤਣ ਵੱਲ ਮੁੜੇਗੀ ਜਾਂ ਨਵੇਂ ਰਸਤੇ ਤਲਾਸ਼ੇਗੀ, ਇਸ ਗੱਲ ਦਾ ਐਤਕੀਂ ਦੇ ਨਤੀਜਿਆਂ ‘ਤੇ ਬੜਾ ਅਹਿਮ ਪ੍ਰਭਾਵ ਹੋਵੇਗਾ।