ਅਕਾਲੀ ਦਲ ਵੱਲੋਂ ਦੂਜੀਆਂ ਧਿਰਾਂ ਦੇ ਬਾਗੀਆਂ ਨੂੰ ਚੋਗਾ

ਚੰਡੀਗੜ੍ਹ: ਪੰਜਾਬ ਵਿਚ ਸਿਆਸੀ ਸੰਕਟ ‘ਚੋਂ ਲੰਘ ਰਹੇ ਸ਼੍ਰੋਮਣੀ ਅਕਾਲੀ ਦਲ ਨੇ ਸੰਸਦੀ ਚੋਣਾਂ ਦੌਰਾਨ ਵਿਰੋਧੀ ਧਿਰਾਂ ਦੇ ਆਗੂਆਂ ਨੂੰ ਪਾਰਟੀ ‘ਚ ਸ਼ਾਮਲ ਕਰਨ ਦੀ ਮੁਹਿੰਮ ਵਿੱਢੀ ਹੈ। ਪਿਛਲੇ ਸਵਾ ਦੋ ਸਾਲ ਦੌਰਾਨ ਕਾਂਗਰਸ ਅਤੇ ਆਮ ਆਦਮੀ ਪਾਰਟੀ (ਆਪ) ਦੇ ਕਈ ਆਗੂ ਅਕਾਲੀ ਦਲ ‘ਚ ਸ਼ਾਮਲ ਹੋ ਚੁੱਕੇ ਹਨ। ਇਸ ਤੋਂ ਇਲਾਵਾ ਅਕਾਲੀ ਦਲ ਨੇ ਰੁੱਸਿਆਂ ਨੂੰ ਮਨਾਉਣ ਅਤੇ ਹੋਰਨਾਂ ਪਾਰਟੀਆਂ ਦੇ ਆਗੂਆਂ ਨੂੰ ਚੋਗਾ ਪਾਉਣਾ ਸ਼ੁਰੂ ਕਰ ਦਿੱਤਾ ਹੈ।

ਜਗਮੀਤ ਸਿੰਘ ਬਰਾੜ ਨੇ ਬਾਦਲ ਪਰਿਵਾਰ ਦਾ ਲੜ ਫੜ ਲਿਆ ਹੈ। ਦੂਜੇ ਪਾਸੇ ਕਾਂਗਰਸ ‘ਚ ਹਾਲੇ ਤੱਕ ਕੋਈ ਵੱਡਾ ਸਿਆਸੀ ਆਗੂ ਸ਼ਾਮਲ ਨਹੀਂ ਹੋਇਆ। ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਦਲ ਨੂੰ ਅਜਿਹਾ ਝਟਕਾ ਲੱਗਿਆ ਸੀ ਕਿ ਪਾਰਟੀ ਨੂੰ ਵਿਰੋਧੀ ਧਿਰ ਦਾ ਰੁਤਬਾ ਵੀ ਹਾਸਲ ਨਹੀਂ ਹੋ ਹੋਇਆ ਸੀ। ਅਕਾਲੀ ਦਲ ਦਾ ਦਾਅਵਾ ਹੈ ਕਿ ਸੱਤਾ ‘ਚੋਂ ਬਾਹਰ ਹੋਣ ਮਗਰੋਂ ਹੁਣ ਤੱਕ 25 ਸਿਆਸੀ ਆਗੂ ਅਕਾਲੀ ਦਲ ਵਿਚ ਸ਼ਾਮਲ ਹੋਏ ਹਨ। ਇਨ੍ਹਾਂ ਵਿਚ 6 ਆਗੂ ਤਾਂ ਅਜਿਹੇ ਹਨ ਜਿਹੜੇ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਨ। ਇਸੇ ਤਰ੍ਹਾਂ ਕਾਂਗਰਸ ਦਾ ਇਕ ਉਮੀਦਵਾਰ ਵੀ ਸੱਤਾ ਦਾ ਸੁਖ ਛੱਡ ਕੇ ਅਕਾਲੀ ਦਲ ਵਿਚ ਸ਼ਾਮਲ ਹੋਇਆ। ਕੁੱਲ 25 ਸਿਆਸਤਦਾਨਾਂ ਵਿਚੋਂ 11 ਆਗੂ ਹਾਕਮ ਧਿਰ ਕਾਂਗਰਸ ਨਾਲ ਸਬੰਧਤ ਹਨ।
ਕਾਂਗਰਸ ਦੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਦੀ ਪਤਨੀ ਹਰਬੰਸ ਕੌਰ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋ ਗਈ ਹੈ। ਇਸੇ ਤਰ੍ਹਾਂ ਸਾਬਕਾ ਸੰਸਦੀ ਮੈਂਬਰਾਂ ਮਹਿੰਦਰ ਸਿੰਘ ਕੇ.ਪੀ. ਅਤੇ ਸੰਤੋਸ਼ ਚੌਧਰੀ ਵੱਲੋਂ ਵੀ ਬਾਗੀ ਸੁਰ ਅਲਾਪੀ ਜਾ ਰਹੀ ਹੈ। ਕਾਂਗਰਸ ਸਰਕਾਰ ਵੱਲੋਂ ਪਿਛਲੇ ਦਸ ਸਾਲਾਂ ਦੌਰਾਨ ਗੱਠਜੋੜ ਸਰਕਾਰ ਵੇਲੇ ਸਿੰਜਾਈ ਵਿਭਾਗ ਸਮੇਤ ਅੱਧੀ ਦਰਜਨ ਵਿਭਾਗਾਂ ਵਿਚ ਹੋਏ ਵੱਡੇ ਘਪਲਿਆਂ ਉਪਰ ਪਰਦਾਪੋਸ਼ੀ ਵਾਲਾ ਰੁਖ ਅਪਣਾਉਣ ਮਗਰੋਂ ਅਕਾਲੀਆਂ ਦੇ ਹੌਸਲੇ ਬੁਲੰਦ ਹਨ। ਜ਼ਿਕਰਯੋਗ ਹੈ ਕਿ ਗੁਰਦਾਸਪੁਰ ਸੰਸਦੀ ਹਲਕੇ ਅਤੇ ਸ਼ਾਹਕੋਟ ਵਿਧਾਨ ਸਭਾ ਹਲਕੇ ਨਾਲ ਸਬੰਧਤ ਦਰਜਨਾਂ ‘ਆਪ’ ਨੇਤਾਵਾਂ ਨੇ ਅਕਾਲੀ ਦਲ ਵਿਚ ਸ਼ਮੂਲੀਅਤ ਕੀਤੀ ਸੀ। ਕਾਂਗਰਸੀ ਆਗੂਆਂ ਦਾ ਕਹਿਣਾ ਹੈ ਕਿ ਸੱਤਾ ਵਿਚ ਹੁੰਦੇ ਹੋਏ ਵੀ ਵਿਰੋਧੀ ਧਿਰ ਵਾਲੇ ਹਾਲਾਤ ਪੈਦਾ ਹੋਏ ਪਏ ਹਨ। ਪੰਜਾਬ ਵਿਚ ਸਾਲ 2017 ਦੌਰਾਨ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਸਰਕਾਰ ਹੋਂਦ ‘ਚ ਆਈ ਤਾਂ ਸਰਕਾਰੀ ਦੀ ਕਾਰਗੁਜ਼ਾਰੀ ਉਤੇ ਆਪਣਿਆਂ (ਕਾਂਗਰਸੀਆਂ) ਨੇ ਹੀ ਸਵਾਲ ਖੜ੍ਹੇ ਕਰਨੇ ਸ਼ੁਰੂ ਨਹੀਂ ਕੀਤੇ ਸਗੋਂ ਅਕਾਲੀਆਂ ਨਾਲ ਰਲੇ ਹੋਣ ਦੇ ਦੋਸ਼ ਵੀ ਲੱਗਣ ਲੱਗੇ। ਕਾਂਗਰਸ ਦੇ ਇਕ ਸੀਨੀਅਰ ਆਗੂ ਦਾ ਕਹਿਣਾ ਹੈ ਕਿ ਵਿਰੋਧੀ ਪਾਰਟੀਆਂ ਅਤੇ ਕਾਂਗਰਸ ਨੇਤਾਵਾਂ ਦਾ ਅਕਾਲੀ ਦਲ ਵਿਚ ਜਾਣਾ ਵਾਕਿਆ ਹੀ ਚਿੰਤਾਜਨਕ ਹੈ, ਕਿਉਂਕਿ ਸਰਕਾਰ ਦਾ ਅਜੇ ਤਕਰੀਬਨ 3 ਸਾਲ ਦਾ ਸਮਾਂ ਬਾਕੀ ਹੈ ਤੇ ਅਕਸਰ ਸਿਆਸੀ ਲੋਕ ਕੰਮ ਕਾਰ ਕਰਾਉਣ ਲਈ ਹਾਕਮ ਪਾਰਟੀਆਂ ਵਿਚ ਹੀ ਸ਼ਮੂਲੀਅਤ ਕਰਦੇ ਰਹਿੰਦੇ ਹਨ।
__________________________________
ਹਰਦੀਪ ਸਿੰਘ ਪੁਰੀ ਲਈ ਅੰਮ੍ਰਿਤਸਰ ਤੋਂ ਜਿੱਤ ਦਾ ਰਾਹ ਔਖਾ
ਅੰਮ੍ਰਿਤਸਰ: ਭਾਜਪਾ ਵੱਲੋਂ ਅੰਮ੍ਰਿਤਸਰ ਸੰਸਦੀ ਹਲਕੇ ਤੋਂ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੂੰ ਅਕਾਲੀ ਭਾਜਪਾ ਗੱਠਜੋੜ ਦਾ ਉਮੀਦਵਾਰ ਬਣਾਇਆ ਗਿਆ ਹੈ ਪਰ ਪੰਜਾਬ ਤੋਂ ਬਾਹਰੋਂ ਆਏ ਹੋਣ ਕਾਰਨ ਭਾਜਪਾ ਉਮੀਦਵਾਰ ਲਈ ਇਸ ਸੰਸਦੀ ਹਲਕੇ ਵਿਚ ਜਿੱਤ ਦਾ ਰਾਹ ਸੌਖਾ ਨਹੀਂ ਹੋਵੇਗਾ।
ਇਸ ਵੇਲੇ ਮੈਦਾਨ ਵਿਚ ਕਾਂਗਰਸ ਦੇ ਗੁਰਜੀਤ ਸਿੰਘ ਔਜਲਾ, ਆਮ ਆਦਮੀ ਪਾਰਟੀ ਦੇ ਕੁਲਦੀਪ ਸਿੰਘ ਧਾਲੀਵਾਲ ਅਤੇ ਪੰਜਾਬ ਜਮਹੂਰੀ ਗੱਠਜੋੜ ਵੱਲੋਂ ਸੀ.ਪੀ.ਆਈ. ਆਗੂ ਦਸਵਿੰਦਰ ਕੌਰ ਮੈਦਾਨ ਵਿੱਚ ਹਨ। ਇਹ ਸਾਰੇ ਹੀ ਉਮੀਦਵਾਰ ਅੰਮ੍ਰਿਤਸਰ ਨਾਲ ਸਬੰਧਤ ਹਨ। ਭਾਜਪਾ ਵੱਲੋਂ ਵੀ ਹੁਣ ਤੱਕ ਚਾਰ ਵਾਰ ਇਸ ਹਲਕੇ ਤੋਂ ਜਿੱਤ ਪ੍ਰਾਪਤ ਕੀਤੀ ਗਈ ਹੈ ਅਤੇ ਚਾਰੋਂ ਵਾਰ ਸਿੱਖ ਉਮੀਦਵਾਰਾਂ ਨੇ ਹੀ ਜਿੱਤ ਪ੍ਰਾਪਤ ਕੀਤੀ ਸੀ। ਇਸੇ ਕਰ ਕੇ ਇਸ ਵਾਰ ਵੀ ਭਾਜਪਾ ਵੱਲੋਂ ਸਿੱਖ ਉਮੀਦਵਾਰ ਦੀ ਹੀ ਭਾਲ ਕੀਤੀ ਜਾ ਰਹੀ ਸੀ। ਸ੍ਰੀ ਹਰਦੀਪ ਸਿੰਘ ਪੁਰੀ ਦੇ ਨਾਂ ਦਾ ਐਲਾਨ ਹੋਣ ਤੋਂ ਪਹਿਲਾਂ ਸਥਾਨਕ ਆਗੂ ਰਜਿੰਦਰ ਮੋਹਨ ਸਿੰਘ ਛੀਨਾ ਇਸ ਸੀਟ ਲਈ ਵੱਡੇ ਦਾਅਵੇਦਾਰ ਸਨ ਪਰ ਉਨ੍ਹਾਂ ਨੂੰ ਟਿਕਟ ਨਹੀਂ ਦਿੱਤੀ ਗਈ। ਨਾਂ ਨਾ ਛਾਪਣ ਦੀ ਸ਼ਰਤ ‘ਤੇ ਕਈ ਭਾਜਪਾ ਆਗੂਆਂ ਨੇ ਮੰਨਿਆ ਕਿ ਬਾਹਰੋਂ ਲਿਆਂਦੇ ਉਮੀਦਵਾਰ ਦਾ ਭਾਜਪਾ ਨੂੰ ਨੁਕਸਾਨ ਹੋਵੇਗਾ। ਉਨ੍ਹਾਂ ਇਸ ਸਬੰਧ ਵਿਚ 2014 ਵਿਚ ਅਰੁਣ ਜੇਤਲੀ ਦੀ ਹੋਈ ਹਾਰ ਦਾ ਵੀ ਹਵਾਲਾ ਦਿੱਤਾ ਹੈ।
ਇਸ ਬਾਰੇ ਗੱਲ ਕਰਦਿਆਂ ਭਾਜਪਾ ਆਗੂ ਰਜਿੰਦਰ ਮੋਹਨ ਸਿੰਘ ਛੀਨਾ ਨੇ ਆਖਿਆ ਕਿ ਉਨ੍ਹਾਂ ਨੂੰ ਭਾਜਪਾ ਹਾਈਕਮਾਂਡ ਵੱਲੋਂ ਇਹ ਕਹਿ ਕੇ ਹਰੀ ਝੰਡੀ ਦਿੱਤੀ ਗਈ ਸੀ ਕਿ ਉਹ ਹਲਕੇ ਵਿਚ ਚੋਣ ਪ੍ਰਚਾਰ ਲਈ ਕੰਮ ਸ਼ੁਰੂ ਕਰਨ, ਜਿਸ ਤਹਿਤ ਉਨ੍ਹਾਂ ਕੰਮ ਸ਼ੁਰੂ ਵੀ ਕਰ ਦਿੱਤਾ ਸੀ। ਉਨ੍ਹਾਂ ਪਾਰਟੀ ਦੇ ਫੈਸਲੇ ‘ਤੇ ਕੋਈ ਨਾਰਾਜ਼ਗੀ ਦਾ ਇਜ਼ਹਾਰ ਨਹੀਂ ਕੀਤਾ ਅਤੇ ਆਖਿਆ ਕਿ ਉਹ ਪਾਰਟੀ ਦੇ ਫੈਸਲੇ ਦਾ ਸਨਮਾਨ ਕਰਦੇ ਹਨ। ਇਸ ਦੌਰਾਨ ਭਾਜਪਾ ਦੇ ਸੂਬਾਈ ਪ੍ਰਧਾਨ ਸ਼ਵੇਤ ਮਲਿਕ ਨੇ ਆਖਿਆ ਕਿ ਹਰਦੀਪ ਸਿੰਘ ਪੁਰੀ ਦਾ ਅੰਮ੍ਰਿਤਸਰ ਤੋਂ ਲੋਕ ਸਭਾ ਚੋਣ ਲੜਨ ਲਈ ਆਉਣਾ ਅੰਮ੍ਰਿਤਸਰ ਵਾਸੀਆਂ ਲਈ ਲਾਹੇਵੰਦ ਹੋਵੇਗਾ। ਉਹ ਕੇਂਦਰ ਵਿਚ ਵਜੀਰ ਰਹਿ ਚੁੱਕੇ ਹਨ ਅਤੇ ਸ਼ਹਿਰੀ ਵਿਕਾਸ ਬਾਰੇ ਉਨ੍ਹਾਂ ਕੋਲ ਵੱਡਾ ਤਜਰਬਾ ਵੀ ਹੈ। ਦੂਜੇ ਪਾਸੇ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਭਾਜਪਾ ਉਮੀਦਵਾਰ ਨੂੰ ਪੈਰਾਸ਼ੂਟ ਰਾਹੀਂ ਉਤਾਰੇ ਉਮੀਦਵਾਰ ਕਰਾਰ ਦਿੰਦਿਆਂ ਆਖਿਆ ਕਿ ਸ੍ਰੀ ਪੁਰੀ ਨੇ ਸ਼ਹਿਰੀ ਵਿਕਾਸ ਮੰਤਰੀ ਹੋਣ ਦੇ ਬਾਵਜੂਦ ਗੁਰੂ ਨਗਰੀ ਦੇ ਵਿਕਾਸ ਲਈ ਕੁਝ ਵਿਸ਼ੇਸ਼ ਨਹੀਂ ਕੀਤਾ ਹੈ। ਉਹ ਪੰਜ ਸਾਲ ਕੇਂਦਰੀ ਮੰਤਰੀ ਰਹੇ ਹਨ ਪਰ ਅੰਮ੍ਰਿਤਸਰ ਵਿਚ ਉਨ੍ਹਾਂ ਦੀ ਆਮਦ ਇਕ ਮਹਿਮਾਨ ਵਜੋਂ ਹੀ ਹੋਈ ਹੈ।