ਵੋਟਾਂ ਦੀ ਦੁਹਾਈ, ਕੜਾਹੀ ਦੀ ਸਫਾਈ!

ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਅਜੋਕੇ ਚੋਣ ਪ੍ਰਚਾਰ ਦੇ ਭਖੇ ਮਾਹੌਲ ਵਿਚ ਸਿਆਸੀ ਪਾਰਟੀਆਂ ਦੀ ‘ਦਲ ਦਲ’ ਵਾਲੀ ਸਥਿਤੀ ਤਾਂ ਭਾਵੇਂ ਸਾਰੇ ਦੇਸ਼ ਵਿਚ ਹੀ ਬਣੀ ਹੋਈ ਹੈ, ਪਰ ਇਸ ਵਾਰ ਪੰਜਾਬ ਦਾ ਸਿਆਸੀ ਪਿੜ ਬਾਹਲਾ ਹੀ ‘ਜਲੇਬੀਨੁਮਾ’ ਵਿੰਗ-ਵਲੇਵਿਆਂ ਵਾਲਾ ਬਣਿਆ ਹੋਇਆ ਹੈ। ਜਿਵੇਂ ਵਿਧਾਨ ਸਭਾ ਵਿਚ ਮੁੱਖ ਵਿਰੋਧੀ ਪਾਰਟੀ ‘ਆਪ’ ਦਾ ਹਾਲ ਦੇਖ ਲਉ। ਕੋਈ ਪਤਾ ਨਹੀਂ ਕਿ ਇਸ ਪਾਰਟੀ ਦੇ ਕਿੰਨੇ ਵਿਧਾਇਕ ਕਿਹਦੇ ਹਮਾਇਤੀ ਹਨ! ਫਿਲਹਾਲ ਇਸ ਪਾਰਟੀ ਬਾਰੇ ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਇਹ ਕਾਂਗਰਸ ਵਿਰੋਧੀ ਰਹੇਗੀ, ਜਾਂ ਉਸ ਨਾਲ ਚੋਣ-ਗਠਜੋੜ ਕਰ ਲਵੇਗੀ।

‘ਤੀਨ ਬੁਲਾਏ ਤੇਰਾਂ ਆਏ, ਦੇਹ ਦਾਲ ਮੇ ਪਾਣੀ’ ਦੇ ਮੁਹਾਵਰੇ ਵਾਂਗ ਸਿਰਫ ਤੇਰਾਂ ਸੀਟਾਂ ਲਈ ਕਾਂਗਰਸ, ਅਕਾਲੀ ਦਲ (ਬ), ਅਕਾਲੀ ਦਲ (ਅ), ਅਕਾਲੀ ਦਲ (ਟਕਸਾਲੀ), ਅਕਾਲੀ ਦਲ (1920), ‘ਆਪ’, ਭਾਜਪਾ, ਪੰਜਾਬ ਏਕਤਾ ਪਾਰਟੀ, ਲੋਕ ਇਨਸਾਫ ਮੋਰਚਾ ਵਗੈਰਾ ਵਗੈਰਾ ਦਲਾਂ ਦੇ ਦਰਜਨਾਂ ਉਮੀਦਵਾਰਾਂ ਨੇ ਘੜਮੱਸ ਪਾਇਆ ਹੋਇਆ ਹੈ। ਇਸ ਆਪਾ-ਧਾਪੀ ਨੂੰ ਦੇਖਦਿਆਂ ਕਿਹਾ ਜਾ ਸਕਦਾ ਹੈ ਕਿ ਇਹ ਲੋਕ ਸਭਾ ਚੋਣਾਂ ਪੰਜਾਬ ਵਾਸੀਆਂ ਲਈ ਬਹੁਤ ਔਖਾ ਪਰਚਾ ਲੈ ਕੇ ਆਈਆਂ ਹਨ। ਪੰਜਾਬ ਦੇ ਵੋਟਰਾਂ ਲਈ ਕੋਈ ਇਕ ਫੈਸਲਾ ਲੈਣਾ ਬਹੁਤ ਔਖਾ ਹੋ ਜਾਣਾ ਹੈ।
ਪੰਜਾਬ ਦੇ ਇਸ ਸਿਆਸੀ ਰੌਲ-ਘਚੌਲੇ ਵਾਲੇ ਸਮੁੱਚੇ ਵਰਤਾਰੇ ਦੀ ਵਿਅੰਗਮਈ ਵਿਆਖਿਆ ਹਿਤ ਇੱਥੇ ਮੈਂ ਦੋ ‘ਕਹਾਣੀਆਂ’ ਪੇਸ਼ ਕਰਾਂਗਾ। ਇਨ੍ਹਾਂ ‘ਚੋਂ ਇਕ ਤਾਂ ਮੈਂ ਬਜੁਰਗਾਂ ਦੀ ਸੱਥ ਵਿਚੋਂ ਸੁਣੀ ਹੋਈ ਹੈ, ਤੇ ਦੂਜੀ ਹੈ ਮੇਰੀ ਅੱਖੀਂ ਦੇਖੀ ਵਾਰਤਾ। ਪਹਿਲਾਂ ਇਕ ਸਿੱਖ ਵਿਦਵਾਨ ਮੂੰਹੋਂ ਸੁਣਿਆਂ ਹੋਇਆ ਲਤੀਫਾ! ਸ੍ਰੀ ਮਾਨ ਜੀ ਨੇ ਇਕ ਵੇਲੇ ਪੰਜਾਬ ਦੀ ਸਿੱਖ ਸਿਆਸਤ ਬਾਰੇ ਲੇਖ ਅਖਬਾਰ ਨੂੰ ਭੇਜਿਆ। ਚਾਰ ਪੰਜ ਦਿਨਾਂ ਬਾਅਦ ਅਖਬਾਰ ਦੇ ਦਫਤਰੋਂ ਫੋਨ ਆ ਗਿਆ ਕਿ ਤੁਹਾਡੇ ਲੇਖ ਵਿਚ ਕੁੱਲ ਛੇ ਅਕਾਲੀ ਦਲਾਂ ਦਾ ਜ਼ਿਕਰ ਹੈ। ਕ੍ਰਿਪਾ ਕਰਕੇ ਅਕਾਲੀ ਦਲਾਂ ਦੀ ਗਿਣਤੀ ‘ਕਨਫਰਮ’ ਕਰਕੇ ਸਾਨੂੰ ਸੂਚਿਤ ਕਰੋ ਕਿ ‘ਹੁਣ ਤੱਕ’ ਇਹ ਗਿਣਤੀ ਵਧ ਘਟ ਤਾਂ ਨਹੀਂ ਗਈ?
ਹੁਣ ਪਹਿਲੀ ਕਹਾਣੀ, ਕਹਿੰਦੇ ਪੁਰਾਣੇ ਵੇਲਿਆਂ ਵਿਚ ਕਿਸੇ ਪਿੰਡ ‘ਚ ਇਕ ਪੰਡਿਤ ਰਹਿੰਦਾ ਸੀ। ਸੀ ਤਾਂ ਵਿਚਾਰਾ ਉਹ ਚਿੱਟਾ ਅਨਪੜ੍ਹ, ਪਰ ਬਹੁਤੇ ਅਨਪੜ੍ਹਾਂ ਵਾਲੇ ਪਿੰਡ ਵਿਚ ‘ਸਵਾ ਲੱਖ’ ਪੰਡਿਤ ਹੋਣ ਸਦਕਾ ਉਹ ਸਾਰੇ ਪਿੰਡ ਵਾਸੀਆਂ ਨੂੰ ਲੋੜ ਪੈਣ ‘ਤੇ ਤਿੱਥ-ਵਾਰ ਜਾਂ ਦਿਨ-ਦਿਹਾਰ ਦੱਸਣ ਦੀ ਸੇਵਾ ਕਰਕੇ ਦਾਨ-ਦੱਖਣਾ ਲੈ ਛੱਡਦਾ। ਜਦ ਵੀ ਕਿਸੇ ਮਾਈ ਭਾਈ ਨੇ ਤਿੱਥ ਤਰੀਕ ਪੁੱਛਣ ਆਉਣਾ ਤਾਂ ਪੰਡਿਤ ਜੀ ਨੇ ਜਜਮਾਨ ਨੂੰ ਬਾਹਰ ਹੀ ਡੱਠੇ ਮੰਜੇ ‘ਤੇ ਬਿਠਾ ਕੇ ਆਪ ਅੰਦਰ ਵੜ ਜਾਣਾ। ਜਜਮਾਨਾਂ ਸੋਚਣਾ ਕਿ ਪੰਡਿਤ ਜੀ ਅੰਦਰ ਪੋਥੀ ਫੋਲਣ ਗਏ ਹੋਣਗੇ, ਪਰ ਤਿੱਥ ਦੇਖਣ ਦਾ ਉਹਦਾ ‘ਆਪਣਾ ਹੀ’ ਹਿਸਾਬ ਕਿਤਾਬ ਸੀ! ਪੰਜ ਦਸ ਮਿੰਟ ਬਾਅਦ ਉਸ ਨੇ ਗੁਣ-ਗੁਣ ਮਿਣ-ਮਿਣ ਕਰਦਿਆਂ ਬਾਹਰ ਆ ਕੇ ਦੱਸ ਦੇਣਾ ਕਿ ਅੱਜ ਏਨੀ ਤਰੀਕ ਹੋ ਗਈ ਹੈ।
ਦਰਅਸਲ ਮੂੰਹ ਵਿਚ ‘ਮੰਤਰ ਪੜ੍ਹਨ’ ਦਾ ਤਾਂ ਉਹ ਨਾਟਕ ਹੀ ਕਰਦਾ ਸੀ, ਤਾਂ ਕਿ ਪਿੰਡ ਵਾਲੇ ਉਸ ਨੂੰ ਵਿਦਵਾਨ ਸਮਝਣ। ਪਰ ਅੰਦਰ ਉਸ ਨੇ ਇਕ ਘੜਾ ਰੱਖਿਆ ਹੋਇਆ ਸੀ, ਜਿਸ ਵਿਚ ਉਹ ਸੰਗਰਾਂਦ ਵਾਲੇ ਦਿਨ ਤੋਂ ਸ਼ੁਰੂ ਕਰਕੇ ਆਪਣੀ ਬੱਕਰੀ ਦੀ ਇੱਕ ਮੀਂਗਣ ਰੋਜ ਪਾ ਦਿੰਦਾ। ਜਦ ਵੀ ਕੋਈ ਤਰੀਕ ਪ੍ਰਵਿਸ਼ਟਾ ਪੁੱਛਣ ਆਉਂਦਾ ਤਾਂ ਉਹ ਘੜੇ ਵਿਚਲੀਆਂ ਮੀਂਗਣਾ ਗਿਣ ਕੇ ਦੱਸ ਦਿੰਦਾ ਕਿ ਕਿੰਨੇ ਦਿਨ ਮਹੀਨਾ ਚਲਾ ਗਿਆ ਹੈ।
ਕਿਸੇ ਦਿਨ ਉਨ੍ਹਾਂ ਦੀ ਇਕ ਗਵਾਂਢਣ ਮਾਈ ਤਰੀਕ ਪੁੱਛਣ ਆਈ। ਜਦ ਪੰਡਿਤ ਜੀ ਨੇ ਅੰਦਰ ਜਾ ਕੇ ਘੜੇ ‘ਚ ਹੱਥ ਪਾਇਆ ਤਾਂ ਉਹ ਅੱਧਾ ਮੀਂਗਣਾ ਨਾਲ ਭਰਿਆ ਪਿਆ! ਅਸਲ ‘ਚ ਹੋਇਆ ਇਹ ਸੀ ਕਿ ਪੰਡਿਤ ਦੇ ਕਿਸੇ ਬਾਲ-ਅੰਞਾਣੇ ਨੇ ਆਪਣੇ ਭਾਪੇ ਨੂੰ ਘੜੇ ਵਿਚ ਮੀਂਗਣਾਂ ਸੁੱਟਦਾ ਦੇਖ ਲਿਆ ਸੀ। ਉਹ ਭੋਲਾ ਕਈ ਦਿਨ ਬੱਕਰੀ ਦੀਆਂ ਸਾਰੀਆਂ ਹੀ ਮੀਂਗਣਾ ਘੜੇ ‘ਚ ਸੁੱਟਦਾ ਰਿਹਾ! ਵਿਚਾਰੇ ਪੰਡਿਤ ਜੀ ਇਹ ‘ਭਾਣਾ ਵਰਤਿਆ’ ਦੇਖ ਕੇ ਸ਼ਸ਼ੋਪੰਜ ‘ਚ ਪੈ ਗਏ ਕਿ ਹੁਣ ਮੈਂ ਬਾਹਰ ਜਾ ਕੇ ਕਿੰਨੀ ਤਰੀਕ ਦੱਸਾਂ?
ਆਖਰ ਉਨ੍ਹਾਂ ਬਾਹਰ ਆ ਕੇ ਮਾਈ ਨੂੰ ਕਿਹਾ ਕਿ ਅੱਜ ਚਾਲੀ ਤਰੀਕ ਹੋ ਗਈ ਆ! ਇਹ ਨਿਵੇਕਲੀ ਜਿਹੀ ਤਰੀਕ ਸੁਣ ਕੇ ਮਾਈ ਸਿਰ ਖੁਰਕਦੀ ਕਹਿੰਦੀ, “ਪੰਡਿਤ ਜੀ, ਤਰੀਕ ਤਾਂ ਵੱਧ ਤੋਂ ਵੱਧ ਇੱਕ ਵੀਹੀ ਨਾਲ ਇੱਕ ਦਾਹਾ ਤੇ ਇੱਕ-ਅੱਧ ਦਿਨ ਉਪਰ ਤੱਕ ਹੀ ਸੁਣਦੇ ਆਏ ਹਾਂ ਹੁਣ ਤੱਕ। ਆਹ ਦੋ ਵੀਹੀਆਂ ਵਾਲੀ ਤਰੀਕ ਪਹਿਲੀ ਵਾਰ ਸੁਣੀ ਐ!”
ਝੁੰਜਲਾਏ ਹੋਏ ਪੰਡਿਤ ਜੀ ਖਿਝ ਕੇ ਬੋਲੇ, “ਬੀਬੀ, ਗਵਾਂਢਣ ਹੋਣ ਕਰਕੇ ਮੈਂ ਤੇਰੇ ਨਾਲ ਲਿਹਾਜ ਕਰਦਿਆਂ ਚਾਲੀ ਤਰੀਕ ਹੀ ਦੱਸੀ ਐ, ਪਰ ਅੰਦਰ ਤਾਂ ਤਰੀਕ ਕਈ ਸੈਂਕੜਿਆਂ ਤੋਂ ਵੀ ਉਪਰ ਟੱਪੀ ਹੋਈ ਹੈ!”
ਹੁਣ ਮੇਰੀ ਅੱਖੀਂ ਦੇਖੀ ਵਾਰਤਾ। ਬੱਸ ਅੱਡੇ ਉਤੇ ਸੜਕ ਕੰਢੇ ਬਣੇ ਇਕ ਹੋਟਲ ਵਾਲੇ ਮੇਰੇ ਮਿੱਤਰ ਸਨ, ਜਿੱਥੇ ਮੈਂ ਅਕਸਰ ਸਕੂਟਰ ਖੜ੍ਹਾ ਕਰਕੇ ਕਿਤੇ ਜਲੰਧਰ-ਅੰਮ੍ਰਿਤਸਰ, ਚੰਡੀਗੜ੍ਹ ਜਾਂ ਕਿਧਰੇ ਹੋਰ ਦੂਰ-ਦੁਰੇਡੇ ਜਾਣ ਲਈ ਬੱਸੇ ਬਹਿੰਦਾ ਹੁੰਦਾ ਸਾਂ। ਸਾਈਕਲ-ਸਕੂਟਰ ਤਾਂ ਹੋਰ ਲੋਕ ਵੀ ਉਨ੍ਹਾਂ ਦੇ ਹੋਟਲ ਬਾਹਰ ਖੜ੍ਹੇ ਕਰ ਜਾਂਦੇ, ਪਰ ਜਾਣੂ ਹੋਣ ਕਰਕੇ ਮੇਰੇ ਸਕੂਟਰ ਦੀ ਰਾਖੀ ਰੱਖਣੀ ਉਹ ਆਪਣੀ ਜਿੰਮੇਵਾਰੀ ਸਮਝਦੇ ਸਨ।
ਇਕ ਵਾਰ ਮੈਂ ਸੁਵਖਤੇ ਹੀ ਉਥੇ ਜਾ ਪਹੁੰਚਾ। ਨੌਕਰ ਸਾਫ-ਸਫਾਈਆਂ ਕਰ ਹਟੇ ਸਨ ਤੇ ਮਾਲਕ ਧੂਫ-ਬੱਤੀ ਕਰਕੇ ਆਪਣੇ ਲਈ ਚਾਹ ਬਣਾ ਰਿਹਾ ਸੀ। ਮੈਨੂੰ ਦੇਖ ਕੇ ਉਸ ਨੇ ਚਾਹ ਪੀਣ ਲਈ ਅੰਦਰ ਬੁਲਾ ਲਿਆ। ਧੂੰਏਂ ਨਾਲ ਕਾਲੇ-ਪੀਲੇ ਹੋਏ ਜਿਸ ਕਮਰੇ ਵਿਚ ਉਹ ਭੱਠੀ ਉਤੇ ਸਮਾਨ ਬਣਾਉਂਦੇ ਸਨ, ਮੈਂ ਉਥੇ ਮਾਲਕ ਹਲਵਾਈ ਕੋਲ ਜਾ ਬੈਠਾ। ਇਕ ਪਾਸੇ ਵੱਡੇ ਥਾਲ ਵਿਚ ਬਰਫੀ ਤੇ ਲੱਡੂ-ਵੇਸਣ ਵਗੈਰਾ ਬਣੇ ਪਏ ਸਨ, ਜਿਵੇਂ ਇਹ ਸਮਾਨ ਰਾਤ ਦਾ ਤਿਆਰ ਕੀਤਾ ਪਿਆ ਹੋਵੇ। ਬਾਕੀ ਕੜਾਹੀਆਂ ਖੁਰਚਣੇ ਤੇ ਝਰਨੇ-ਝਰਨੀਆਂ ਧੋ ਸਵਾਰ ਕੇ ਰੱਖੇ ਹੋਏ ਸਨ, ਪਰ ਇਕ ਕੜਾਹੀ ਵਿਚ ਕੁਝ ਅਜਿਹਾ ਪਦਾਰਥ ਪਿਆ ਸੀ, ਜੋ ਰੰਗ ਪੱਖੋਂ ਇਉਂ ਭਾਅ ਮਾਰਦਾ ਸੀ ਜਿਵੇਂ ਖੋਆ ਹੋਵੇ। ਸਹਿਵਨ ਹੀ ਜਦ ਮੈਂ ਜਰਾ ਗਹੁ ਨਾਲ ਦੇਖਿਆ ਤਾਂ ਉਸ ਪਦਾਰਥ ਵਿਚ ਮਟਰੀ-ਸਮੋਸਿਆਂ ਦਾ ਭੂਰ-ਚੂਰ, ਜਲੇਬੀਆਂ ਦੇ ਟੁਕੜੇ ਜਿਹੇ ਤੇ ਵਿਚੇ ਹੀ ਕੀੜੇ-ਮਕੌੜੇ ਤੇ ਪਤੰਗੇ ਮਰੇ ਪਏ ਦਿਸੇ!
“ਯਾਰ ਆਹ ਕੀ ਗੰਦ-ਮੰਦ ਜਿਹਾ ਪਿਆ ਐ ਕੜਾਹੀ ਵਿਚ?”
ਉਹ ਸ਼ਰਾਰਤੀ ਜਿਹੀ ਹਾਸੀ ਹੱਸਦਾ ਕਹਿੰਦਾ, “ਤੂੰ ਆਪੇ ਈ ਦੇਖ ਲਈਂ ਹੁਣੇ ਕਿ ਇਹ ‘ਗੰਦ-ਮੰਦ’ ਕੀ ਆ!”
ਇਹ ਕਹਿ ਕੇ ਉਸ ਨੇ ਇਕ ਨੌਕਰ ਨੂੰ ‘ਵਾਜ ਮਾਰ ਕੇ ਕਿਹਾ ਕਿ ਚੰਡੀਗੜ੍ਹੋਂ ਆਉਣ ਵਾਲੀ ਬੱਸ ਦਾ ‘ਟੈਮ’ ਹੋਣ ਵਾਲਾ ਈ ਐ, ਕਰ ਲਉ ਤਿਆਰੀ ਫਟਾ ਫਟ! ਲਉ ਜੀ, ਮੇਰੇ ਚਾਹ ਪੀਂਦਿਆਂ ਪੀਂਦਿਆਂ ਨੌਕਰ ਨੇ ਮਘਦੀ ਭੱਠੀ ਉਤੇ ਉਹੀ ਕੜਾਹੀ ਰੱਖ ਦਿੱਤੀ। ਕੜਾਹੀ ਵਿਚਲਾ ਪਦਾਰਥ ਪਿਘਲ ਗਿਆ ਤੇ ‘ਛਲ ਛਲ’ ਦੀ ਆਵਾਜ਼ ਆਉਣ ਲੱਗੀ। ਹਲਵਾਈ ਨੇ ਬਰੀਕ ਸੁਰਾਖਾਂ ਵਾਲਾ ਝਰਨਾ ਫੜਿਆ ਤੇ ਉਸ ਤਰਲ ਪਦਾਰਥ ਵਿਚ ਤੈਰਦਾ ਸਾਰਾ ਈ ਗੰਦ-ਮੰਦ ਚੁੱਕ ਕੇ ਕੂੜੇ ਵਾਲੇ ਪੀਪੇ ਵਿਚ ਸੁੱਟ ਮਾਰਿਆ। ਹਲਵਾਈ ਨੇ ਭੱਠੀ ਦੇ ਲਾਗੇ ਹੀ ਪਏ ਸੇਕ ਨਾਲ ਪਿਘਲੇ ਹੋਏ ਰਿਫਾਈਂਡ ਘਿਓ ਦੇ ਦੋ ਡੋਹਰੇ ਕੜਾਹੀ ਵਿਚ ਹੋਰ ਪਲਟ ਦਿੱਤੇ।
ਨੌਕਰ ਰਾਤ ਦੇ ਭਰ ਕੇ ਰੱਖੇ ਕੱਚੇ ਸਮੋਸਿਆਂ ਦਾ ਥਾਲ ਚੁੱਕ ਲਿਆਇਆ। ਤਲ ਹੁੰਦੇ ਸਮੋਸੇ ਚਿੱਟਿਆਂ ਤੋਂ ਬਦਾਮੀ ਤੇ ਗੇਰੂਏ ਰੰਗੇ ਹੋਣ ਲੱਗੇ। ਏਨੇ ਨੂੰ ਬਾਹਰ ਬੱਸ ਆ ਕੇ ਰੁਕ ਗਈ। ਉਂਗਲਾਂ ਚੱਟ ਚੱਟ ਸਮੋਸੇ ਖਾਂਦੀਆਂ ਸਵਾਰੀਆਂ ਵੱਲ ਦੇਖ ਕੇ ਮੈਂ ਮਿੰਨਾ ਮਿੰਨਾ ਹੱਸਦਾ ਹਲਵਾਈ ਵਲੋਂ ਕੀਤੀ ਕੜਾਹੀ ਵਿਚਲੇ ਗੰਦ-ਮੰਦ ਦੀ ਸਫਾਈ ਬਾਰੇ ਸੋਚ ਰਿਹਾ ਸਾਂ!