ਤਣਾਅ ਨਾਲ ਜੂਝਦੀ ਪੰਜਾਬ ਦੀ ਨੌਜਵਾਨੀ

ਮਨਪ੍ਰੀਤ ਮਹਿਨਾਜ਼
ਬਠਿੰਡਾ ਜ਼ਿਲ੍ਹੇ ਦੇ ਨੌਜਵਾਨ ਹਰਮਨਦੀਪ ਤਿਓਣਾ ਦੀ ਖੁਦਕੁਸ਼ੀ ਅਨੇਕ ਸਵਾਲ ਛੱਡ ਗਈ ਹੈ। ਉਹ ਤਲਵੰਡੀ ਸਾਬੋ ਦੇ ਇਕ ਕਾਲਜ ਤੋਂ ਐਮ.ਏ. (ਅੰਗਰੇਜ਼ੀ) ਕਰ ਰਿਹਾ ਸੀ। ਮੈਂ ਭਾਵੇਂ ਉਸ ਨੂੰ ਨਿਜੀ ਤੌਰ ‘ਤੇ ਨਹੀਂ ਜਾਣਦੀ ਪਰ ਇਸ ਘਟਨਾ ਨੇ ਦੁਖੀ ਤੇ ਬੇਚੈਨ ਕਰ ਦਿੱਤਾ। ਔਰਤਾਂ ਦੀ ਆਜ਼ਾਦੀ ਨੂੰ ਇਕ ਵੱਖਰੇ ਜ਼ਾਵੀਏ ਤੋਂ ਪੇਸ਼ ਕਰਦੀ ਚਰਚਿਤ ਕਿਤਾਬ ‘ਆਜ਼ਾਦੀ ਮੇਰਾ ਬਰਾਂਡ’ ਦਾ ਪੰਜਾਬੀ ਅਨੁਵਾਦ ਤਲਵੰਡੀ ਦੇ ਗੁਰੂ ਕਾਸ਼ੀ ਕਾਲਜ ਦੇ ਐਮ.ਏ. ਅੰਗਰੇਜ਼ੀ ਦੇ ਕੁਝ ਵਿਦਿਆਰਥੀਆਂ ਨੇ ਆਪਣੇ ਅਧਿਆਪਕ ਕੁਮਾਰ ਸੁਸ਼ੀਲ ਦੀ ਅਗਵਾਈ ਹੇਠ ਰਲ ਕੇ ਕੀਤਾ ਹੈ।

ਹਰਮਨਦੀਪ ਇਸ ਕਿਤਾਬ ਦਾ ਪੰਜਾਬੀ ਅਨੁਵਾਦ ਕਰਨ ਵਾਲੀ ਟੀਮ ਦਾ ਮੈਂਬਰ ਸੀ। ਪਿਛੇ ਜਿਹੇ ਹੋਈਆਂ ਪੰਚਾਇਤੀ ਚੋਣਾਂ ਵਿਚ ਉਹ ਆਪਣੇ ਪਿੰਡ ਤਿਓਣਾ ਦਾ ਪੰਚ ਚੁਣਿਆ ਗਿਆ ਸੀ। ਉਹ ਸੋਹਣੀ ਕਵਿਤਾ ਲਿਖਦਾ ਸੀ:
ਕਹਿਣ ਨੂੰ ਕਾਫ਼ੀ ਕੁਝ ਸੀ ਕਹਿਣਾ,
ਸਾਰਾ ਕੁਝ ਹੀ ਗਲੇ ‘ਚ ਅੜਿਆ।
ਕੈਸੇ ਦਿਨ ਨੇ ਆ ਗਏ ਇਥੇ,
ਹਰ ਕੋਈ ਰਹਿੰਦਾ ਮੱਚਿਆ ਸੜਿਆ।
ਕੀ ਕਰਵਾਉਣਾ ਚਾਹੁੰਦਾ ਇਸ ਤੋਂ,
ਕਿਉਂ ਅੱਲ੍ਹਾ ਨੇ ਬੰਦਾ ਘੜਿਆ।
ਪੇੜਾ ਕੀਤਾ ਵੇਲਿਆ ਨਹੀਂਓ,
ਨਾ ਕੱਚਾ ਏ ਨਾ ਹੀ ਰੜ੍ਹਿਆ।
ਦਿਲ ‘ਚੋਂ ਉਹਨੇ ਵਗ੍ਹਾ ਕੇ ਸੁੱਟਿਆ,
ਆਪਣਾ ਆਪ ਸੀ ਦਿਲ ਵਿਚ ਜੜਿਆ।
ਜ਼ਿੰਦਗੀ ਦੇ ਵਿਚ ਕੰਮ ਨਾ ਆਇਆ,
ਜੋ ਵੀ ਲਿਖਿਆ ਜੋ ਵੀ ਪੜ੍ਹਿਆ।
ਕਵਿਤਾ ਵਿਚ ਵਿਰੋਧ ਦੀ ਧਾਰ ਬਹੁਤ ਤਿੱਖੀ ਹੈ ਪਰ ਹਰਮਨਦੀਪ ਇਹੋ ਜਿਹਾ ਹੌਸਲਾ ਜ਼ਿੰਦਗੀ ਵਿਚ ਕਿਉਂ ਨਾ ਕਰ ਸਕਿਆ? ਇਹ ਨਿਡਰ ਨੌਜਵਾਨ ਨਿਡਰ ਕਿਉਂ ਨਾ ਬਣ ਸਕਿਆ? ਉਹ ਕੀ ਸੀ ਜਿਹੜਾ ‘ਸਾਰਾ ਕੁਝ ਹੀ ਉਸ ਦੇ ਗਲੇ ‘ਚ ਅੜਿਆ’ ਰਹਿ ਗਿਆ। ਕਾਸ਼! ਸਾਡੇ ਸਮਾਜ ਦੀ ਕੋਈ ਨੁੱਕਰ ਅਜਿਹੀ ਹੁੰਦੀ ਜਿਥੇ ਉਹ ਇਹ ਸਭ ਕੁਝ ਅਣਕਿਹਾ ਕਹਿ ਸਕਦਾ। ਮੈਨੂੰ ਲੱਗਦਾ ਹੈ, ਅਸੀਂ ਆਪਣੇ ਨੌਜਵਾਨਾਂ ਦੀ ਨਿਕਾਸੀ ਦੇ ਸਾਰੇ ਰਸਤੇ ਬੰਦ ਤਾਂ ਨਹੀਂ ਕਰ ਦਿੱਤੇ? ਕੀ ਤਣਾਅ ਨਾਲ ਜੂਝਦੀ ਨੌਜਵਾਨੀ ਕੋਲ ਖੁਦਕੁਸ਼ੀ ਦਾ ਹੀ ਆਖਰੀ ਰਸਤਾ ਬਚਿਆ ਹੈ?
ਉਪਰੋਕਤ ਕਵਿਤਾ ਦੀ ਆਖਰੀ ਸਤਰ- ‘ਜ਼ਿੰਦਗੀ ਦੇ ਵਿਚ ਕੰਮ ਨਾ ਆਇਆ, ਜੋ ਵੀ ਲਿਖਿਆ ਜੋ ਵੀ ਪੜ੍ਹਿਆ’ ਦਰਅਸਲ ਸਾਡੇ ਸਮਾਜ ਅਤੇ ਸਿਖਿਆ ਪ੍ਰਣਾਲੀ ਦੇ ਮੂੰਹ ‘ਤੇ ਮਾਰੀ ਚਪੇੜ ਵਾਂਗ ਹੈ। ਸਾਡਾ ਸਮਾਜਿਕ ਜਾਂ ਰਸਮੀ ਪੜ੍ਹਿਆ-ਲਿਖਿਆ ਨਾ ਤਾਂ ਸਾਨੂੰ ਰੁਜ਼ਗਾਰ ਦਿਵਾਉਣ ਵਿਚ ਮਦਦਗਾਰ ਹੈ ਅਤੇ ਨਾ ਹੀ ਸਾਡੇ ਤਨ-ਮਨ ਦੀਆਂ ਗੁੰਝਲਾਂ ਹੱਲ ਕਰਨ ਵਿਚ ਸਹਾਇਤਾ ਕਰਦਾ ਹੈ। ਹਰਮਨਦੀਪ ਪਾਕਿਸਤਾਨੀ ਪੰਜਾਬੀ ਨਾਬਰ ਲੇਖਕ ਸਾਬਰ ਅਲੀ ਸਾਬਰ ਦੀ ਕਿਤਾਬ ‘ਇਹ ਕਿਥੇ ਲਿਖਿਆ?’ ਵੀ ਸੰਪਾਦਿਤ ਕਰ ਰਿਹਾ ਸੀ। ਸੋਚਣ-ਵਿਚਾਰਨ ਵਾਲਾ ਮਸਲਾ ਹੁਣ ਇਹ ਹੈ ਕਿ ਸਿਰਜਾਣਤਮਕ ਜਾਂ ਉਚ ਪਾਏ ਦੇ ਹੋਰ ਸਾਹਿਤ ਨਾਲ ਜੁੜਿਆ ਹਰਮਨ ਜ਼ਿੰਦਗੀ ਤੋਂ ਕਿਵੇਂ ਹਾਰ ਗਿਆ?
ਹਰਮਨਦੀਪ ਤਿਓਣਾ ਦੇ ਇਸ ਸਮਾਜਿਕ ਕਤਲ ਤੋਂ ਬਾਅਦ ਹੋਰ ਕਿੰਨੇ ਚਿਹਰੇ ਇਕ ਤੋਂ ਬਾਅਦ ਇਕ ਮੇਰੀਆਂ ਅੱਖਾਂ ਸਾਹਮਣੇ ਘੁੰਮ ਰਹੇ ਹਨ। ਕੁਝ ਸਾਲ ਪਹਿਲਾਂ ਨੌਜਵਾਨ ਕਵੀ ਅਫ਼ਰੋਜ਼ ਅੰਮ੍ਰਿਤ ਨੂੰ ਵੀ ਜ਼ਿੰਦਗੀ ਨੂੰ ਸੰਵਾਰਨ ਵਾਲੀ ਕਵਿਤਾ ਨਾ ਬਚਾ ਸਕੀ। ‘ਜੰਗਲਨਾਮਾ’ ਵਾਲੇ ਸਤਨਾਮ ਨੂੰ ਸੰਘਰਸ਼ਮਈ ਜੀਵਨ ਦੇ ਅਸੂਲ ਹੋਰ ਸੰਘਰਸ਼ ਕਰਨ ਦੀ ਪ੍ਰੇਰਨਾ ਨਾ ਦੇ ਸਕੇ। ਨਾਟਕਕਾਰ ਅਜਮੇਰ ਔਲਖ ਦੀ ਧੀ ਸੋਹਜਦੀਪ ਨੂੰ ਵੀ ਕਲਾ ਜਾਂ ਨਾਟਕ ਬਾਂਹ ਫੜ ਕੇ ਖੁਦਕੁਸ਼ੀ ਦੇ ਰਾਹ ਤੋਂ ਨਾ ਵਰਜ ਸਕੇ। ਕਈ ਦੋਸਤ ਸਿਆਸੀ ਕਾਰਕੁਨ ਨਵਕਿਰਨ ਨੂੰ ਯਾਦ ਕਰ ਰਹੇ ਹਨ।
ਮੈਨੂੰ ਖੁਦਕੁਸ਼ੀ ਸਮਾਜਿਕ ਕਤਲ ਲੱਗਦਾ ਹੈ; ਜਦੋਂ ਕੋਈ ਸਮਾਜ, ਸਮੂਹਿਕ ਰੂਪ ਵਿਚ ਅਜਿਹਾ ਵਾਤਾਵਰਨ ਤਿਆਰ ਕਰ ਦਿੰਦਾ ਹੈ ਕਿ ਉਸ ਦੇ ਬਾਸ਼ਿੰਦੇ ਖੁਦਕੁਸ਼ੀ ਦਾ ਰਾਹ ਫੜਦੇ ਹਨ। ਪੰਜਾਬ ਦਾ ਹਰ ਵਰਗ ਖੁਦਕੁਸ਼ੀ ਦੇ ਰਾਹ ਪਿਆ ਨਜ਼ਰ ਆਉਂਦਾ ਹੈ। ਅੱਜ ਕੱਲ੍ਹ ਨੌਜਵਾਨ ਅਤੇ ਵਿਦਿਆਰਥੀਆਂ ਦੀਆਂ ਖੁਦਕੁਸ਼ੀਆਂ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ। ਇਹ ਬਤੌਰ ਸਮਾਜਿਕ ਸਮੂਹ ਸਾਡੇ ਲਈ ਸ਼ਰਮ ਤੇ ਅਫ਼ਸੋਸ ਦੀ ਗੱਲ ਹੈ। ਅਸਲ ਵਿਚ, ਅੱਜ ਸਾਡੀ ਨੌਜਵਾਨ ਪੀੜ੍ਹੀ ਤਣਾਅ ਵਿਚੋਂ ਲੰਘ ਰਹੀ ਹੈ।
ਵਿਦਿਆਰਥੀਆਂ ‘ਤੇ ਸਭ ਤੋਂ ਵੱਡਾ ਬੋਝ ਰੁਜ਼ਗਾਰ ਦਾ ਹੈ। ਇੰਨਾ ਪੜ੍ਹ-ਲਿਖ ਕੇ ਵੀ ਉਨ੍ਹਾਂ ਨੂੰ ਨੌਕਰੀ ਦੀ ਕੋਈ ਆਸ ਨਜ਼ਰ ਨਹੀਂ ਆਉਂਦੀ। ਸਰਕਾਰਾਂ ਉਨ੍ਹਾਂ ਨੂੰ ਸੁਰੱਖਿਅਤ ਰੁਜ਼ਗਾਰ ਦੇਣ ਤੋਂ ਮੁਨਕਰ ਹੋ ਗਈਆਂ ਹਨ। ਘਰ-ਪਰਿਵਾਰ ਉਨ੍ਹਾਂ ਉਤੇ ‘ਸਫ਼ਲ’ ਹੋਣ ਦਾ ਦਬਾਅ ਪਾ ਰਿਹਾ ਹੈ। ਕਾਰਪੋਰੇਟ ਦੀਆਂ ਦਿਖਾਵੇ ਦੀਆਂ ‘ਸਕਸੈੱਸ ਸਟੋਰੀਜ਼’ ਉਨ੍ਹਾਂ ਨੂੰ ਹੋਰ ਆਤਮ-ਗਿਲਾਨੀ ਨਾਲ ਭਰ ਰਹੀਆਂ ਹਨ। ਇਸ ਤੋਂ ਇਲਾਵਾ ਪਰਿਵਾਰਕ-ਸਮਾਜਿਕ ਉਲਝਣਾਂ ਵੀ ਨੌਜਵਾਨਾਂ ਨੂੰ ਤਣਾਅ ਦੀ ਖੱਡ ਵਿਚ ਧੱਕਦੀਆਂ ਹਨ। ਨਵੇਂ ਤਰ੍ਹਾਂ ਦੇ ਪ੍ਰੇਮ-ਰਿਸ਼ਤੇ ਜਿਨ੍ਹਾਂ ਵਿਚ ‘ਪੈਚਅੱਪ’ ਅਤੇ ‘ਬ੍ਰੇਕਅੱਪ’ ਛੇਤੀ-ਛੇਤੀ ਵਾਪਰਦਾ ਹੈ, ਵੀ ਨੌਜਵਾਨਾਂ ਦੇ ਤਣਾਅ ਦਾ ਵੱਡਾ ਕਾਰਨ ਬਣ ਰਹੇ ਹਨ। ਸਾਡੇ ਘਰ-ਪਰਿਵਾਰ ਵਿਚ ਇਹ ਸਭ ਗੱਲ ਕਰਨ ਲਈ ਵਰਜਿਤ ਵਿਸ਼ੇ ਹਨ ਅਤੇ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਵਿਚ ਸਿਲੇਬਸ ਪੂਰਾ ਕਰਾਉਣਾ ਹੀ ਸਭ ਤੋਂ ਵੱਡਾ ਕੰਮ ਹੈ। ਅਸੀਂ ਨਵੀਂ ਪੀੜ੍ਹੀ ਨੂੰ ਪਿਆਰ, ਸੈਕਸ, ਰਿਸ਼ਤਿਆਂ ਆਦਿ ਬਾਰੇ ਸਿਖਿਅਤ ਕਰਨ ਵਿਚ ਨਾਕਾਮਯਾਬ ਰਹੇ ਹਾਂ। ਅਸੀਂ ਨੌਜਵਾਨਾਂ ਨੂੰ ਇਹ ਦੱਸਣ ਵਿਚ ਅਸਫ਼ਲ ਰਹੇ ਹਾਂ ਕਿ ਉਨ੍ਹਾਂ ਨੇ ਆਪਣੇ ਸਰੀਰ, ਮਨ, ਭਾਵਾਂ ਅਤੇ ਸਮੱਸਿਆਵਾਂ ਨਾਲ ਕਿਵੇਂ ਨਜਿੱਠਣਾ ਹੈ।
ਪਰਦੇਸ ਗਏ ਪੰਜਾਬੀ ਨੌਜਵਾਨਾਂ ਵਿਚ ਇਕ ਹੋਰ ਨਵੀਂ ਕਿਸਮ ਦਾ ਤਣਾਅ ਦੇਖਣ ਨੂੰ ਮਿਲ ਰਿਹਾ ਹੈ। ਉਹ ਮੋਟੀਆਂ ਰਕਮਾਂ ਖਰਚ ਕੇ ਬਾਹਰਲੇ ਮੁਲਕਾਂ ‘ਚ ਜਾਂਦੇ ਹਨ। ਉਨ੍ਹਾਂ ਉਤੇ ਪੜ੍ਹਾਈਆਂ ਦਾ ਬੋਝ, ਪੜ੍ਹਾਈ ਦੇ ਖਰਚੇ, ਲੰਮੇ ਕੰਮ-ਘੰਟੇ, ਚੰਗੇ ਖਾਣ-ਪੀਣ ਤੇ ਰਿਹਾਇਸ਼ ਦੀ ਘਾਟ, ਪਰਿਵਾਰ ਵਲੋਂ ਛੇਤੀ ਸਫ਼ਲ ਹੋਣ, ਪੈਸੇ ਪੂਰੇ ਕਰਨ ਆਦਿ ਦੇ ਦਬਾਅ ਹਨ। ਉਨ੍ਹਾਂ ਦੇ ਕਹੇ ਅਨੁਸਾਰ, “ਸਾਡੇ ਕੋਲ ਪਿਛੇ ਮੁੜਨ ਦਾ ਕੋਈ ਰਾਹ ਨਹੀਂ।” ਉਹ ਭਾਵੇਂ ਹੱਸ-ਹੱਸ ਸੈਲਫ਼ੀਆਂ ਪਾਉਂਦੇ ਨਜ਼ਰ ਆਉਂਦੇ ਹਨ ਪਰ ਆਪਣਾ ਸੱਚ ਨਹੀਂ ਦੱਸ ਸਕਦੇ ਅਤੇ ਡਾਲਰਾਂ-ਪੌਡਾਂ ਦੇ ਹਿਸਾਬ-ਕਿਤਾਬ ‘ਚ ਰੁਝਿਆ ਪਰਿਵਾਰ/ਸਮਾਜ ਉਨ੍ਹਾਂ ਦਾ ਸੱਚ ਸੁਣਨ ਲਈ ਤਿਆਰ ਵੀ ਨਹੀਂ ਲੱਗਦਾ।
ਹੁਣ ਇਸ ਸਭ ਦਾ ਹੱਲ ਕੀ ਨਿਕਲੇ? ਮੈਨੂੰ ਲੱਗਦਾ ਹੈ, ਸਾਨੂੰ ਪਿੰਡਾਂ-ਸ਼ਹਿਰਾਂ ਵਿਚ ਨੌਜਵਾਨ ਸਭਾਵਾਂ ਬਣਾਉਣੀਆਂ ਚਾਹੀਦੀਆਂ ਹਨ ਜਿਹੜੀਆਂ ਨੌਜਵਾਨਾਂ ਅਤੇ ਹੋਰ ਲੋਕਾਂ ਦੇ ਮਸਲਿਆਂ ਉਤੇ ਵਿਚਾਰ ਕਰਨ ਤੇ ਉਨ੍ਹਾਂ ਨੂੰ ਕਿਸੇ ਉਸਾਰੂ ਕੰਮ ‘ਚ ਲਗਾਉਣ। ਅਸੀਂ ਆਪਣੇ ਘਰਾਂ ਦਾ ਮਾਹੌਲ ਬਦਲੀਏ, ਹੁਣ ਤੱਕ ਵਰਜਿਤ ਕਹੇ ਜਾਣ ਵਾਲੇ ਮਸਲਿਆਂ ਉਤੇ ਗੱਲ ਕਰਨ ਦਾ ਹੌਸਲਾ ਕਰੀਏ। ਸਾਡੀਆਂ ਸਿਖਿਆ ਸੰਸਥਾਵਾਂ ਵਿਚ ਅਜਿਹੇ ਵਿਸ਼ਿਆਂ ਉਤੇ ਵਿਚਾਰ-ਚਰਚਾ ਹੋਵੇ ਅਤੇ ਇਨ੍ਹਾਂ ਨੂੰ ਸਾਡੇ ਸਿਲੇਬਸ ਦਾ ਲਾਜ਼ਮੀ ਹਿੱਸਾ ਬਣਾਇਆ ਜਾਵੇ। ਇਸ ਨਾਲ ਸਬੰਧਿਤ ਲੈਕਚਰ ਕਰਵਾਏ ਜਾਣ। ਟੈਲੀਵਿਜ਼ਨ-ਅਖਬਾਰਾਂ ਵਿਚ ਇਸ ਬਾਰੇ ਬਹਿਸਾਂ ਹੋਣ।
ਸਭ ਤੋਂ ਜ਼ਰੂਰੀ, ਅਸੀਂ ਸਰਕਾਰਾਂ ਉਤੇ ਦਬਾਅ ਪਾਈਏ ਕਿ ਉਹ ਸਾਡੇ ਨੌਜਵਾਨਾਂ ਲਈ ਨੌਕਰੀਆਂ ਜਾਂ ਹੋਰ ਪੱਕੇ ਰੁਜ਼ਗਾਰ ਮੁਹੱਈਆ ਕਰਾਉਣ। ਸਾਡੀਆਂ ਸਰਕਾਰਾਂ ਨੂੰ ਇਸ ਖਤਰੇ ਦੇ ਬੱਦਲ ਨਹੀਂ ਦਿਸ ਰਹੇ ਕਿ ਨੌਜਵਾਨਾਂ ਦੇ ਮਨਾਂ ਅੰਦਰਲਾ ਰੋਸ ਕਦੇ ਵੀ ‘ਖੁਦਕਸ਼ੀ’ ਦੀ ਥਾਂ ‘ਹਿੰਸਾ’ ਵਿਚ ਬਦਲ ਸਕਦਾ ਹੈ। ਇਸ ਵੇਲੇ ਚੋਣਾਂ ਦਾ ਮਾਹੌਲ ਹੈ ਤਾਂ ਸਵਾਲ ਪੈਦਾ ਹੁੰਦਾ ਹੈ: ਕੀ ਸਾਡੇ ਨੌਜਵਾਨਾਂ ਨੂੰ ਖੁਦਕੁਸ਼ੀ ਦੇ ਰਾਹ ਤੋਰਨ ਵਾਲੀ ਬੇਰੁਜ਼ਗਾਰੀ ‘ਪੰਜਾਬ ਦਾ ਭਲਾ ਕਰਨ’ ਦਾ ਦਾਅਵਾ ਕਰਨ ਵਾਲੀਆਂ ਸਾਡੀਆਂ ਸਿਆਸੀ ਪਾਰਟੀਆਂ ਦੇ ਚੋਣ ਮੈਨੀਫੈਸਟੋ ਦਾ ਹਿੱਸਾ ਹਨ? ਕੀ ਨੌਜਵਾਨਾਂ ਦੇ ਇਹ ਮਸਲੇ ਸਿਆਸੀ ਬਹਿਸਾਂ ਕਰਨ ਵਾਲਿਆਂ ਦੀਆਂ ਬਹਿਸਾਂ ਵਿਚ ਹਨ?