ਡੇਰਾ ਸਿਰਸਾ ਨੇ ਵਿਖਾਇਆ ਸਿਆਸੀ ਧਿਰਾਂ ਨੂੰ ਦਮਖਮ

ਬਠਿੰਡਾ: ਡੇਰਾ ਸਿਰਸਾ ਨੇ ਬਠਿੰਡਾ ਹਲਕੇ ‘ਚ ਸਿਆਸੀ ਧਿਰਾਂ ਨੂੰ ਦਮਖਮ ਵਿਖਾਇਆ ਹੈ। ਡੇਰਾ ਸਿਰਸਾ ਦੇ ਸਿਆਸੀ ਵਿੰਗ ਨੇ ਬਠਿੰਡਾ ਤੇ ਮਾਨਸਾ ਜ਼ਿਲ੍ਹੇ ਦੇ ਪੈਰੋਕਾਰਾਂ ਦਾ ਮਿੱਥ ਕੇ ਇਕੱਠ ਕੀਤਾ। ਡੇਰਾ ਸਿਰਸਾ ਨੇ ਗੁਆਚੀ ਸਾਖ ਦੀ ਬਹਾਲੀ ਲਈ ਅਤੇ ਸਿਆਸੀ ਪਿੜ ‘ਚ ਪੁਰਾਣੀ ਧਾਕ ਦੀ ਕਾਇਮੀ ਲਈ ਲੋਕ ਸਭਾ ਹਲਕਾ ਵਾਰ ਪ੍ਰੋਗਰਾਮ ਸ਼ੁਰੂ ਕੀਤੇ ਹਨ। ਸ਼ੁਰੂਆਤ ਬਠਿੰਡਾ ਹਲਕੇ ਤੋਂ ਕੀਤੀ ਹੈ। ਪਹਿਲਾਂ ਡੇਰਾ ਮੀਡੀਆ ਤੋਂ ਦੂਰੀ ਵੱਟਦਾ ਸੀ, ਹੁਣ ਮੀਡੀਆ ਨੂੰ ਅਗਾਊਂ ਸੂਚਨਾ ਹੀ ਨਹੀਂ ਭੇਜ ਰਿਹਾ ਬਲਕਿ ਸਮਾਰੋਹਾਂ ਵਿਚ ਆਏ ਵਾਹਨਾਂ ਦੀ ਗਿਣਤੀ ਬਾਰੇ ਵੀ ਚਾਨਣਾ ਪਾ ਰਿਹਾ ਹੈ।

ਡੇਰਾ ਮੁਖੀ ਦੇ ਜੇਲ੍ਹ ਜਾਣ ਮਗਰੋਂ ਡੇਰਾ ਸਿਰਸਾ ਚੁੱਪ ਸੀ। ਹੁਣ ਜਦੋਂ ਸਿਆਸੀ ਮੇਲਾ ਭਖਿਆ ਹੈ ਤਾਂ ਡੇਰਾ ਸਿਰਸਾ ਆਪਣੀ ਸਿਆਸੀ ਵੁੱਕਤ ਪਵਾਉਣ ਦੇ ਰਾਹ ਪਿਆ ਹੈ। ਬਠਿੰਡਾ ਡਬਵਾਲੀ ਰੋਡ ‘ਤੇ ਬਣੇ ਨਾਮ ਚਰਚਾ ਘਰ ਵਿੱਚ ਪੈਰੋਕਾਰਾਂ ਦਾ ਵੱਡਾ ਇਕੱਠ ਜੁੜਿਆ, ਜਿਸ ਵਿਚ ਮਾਨਵਤਾ ਭਲਾਈ ਦੇ ਕਾਰਜ ਜਾਰੀ ਰੱਖਣ ਦਾ ਅਹਿਦ ਲਿਆ ਗਿਆ। ਦੂਰ ਦੁਰਾਡੇ ਤੋਂ ਪੈਰੋਕਾਰ ਬੱਸਾਂ ਭਰ ਭਰ ਕੇ ਆਏ। ਡੇਰਾ ਸਿਰਸਾ ਦਾ ਹੁਣ ਮਸਲਾ ਏਨਾ ਕੁ ਹੈ ਕਿ ਉਹ ਸਿਆਸੀ ਲੀਡਰਾਂ ਨੂੰ ਦਿਖਾ ਸਕਣ ਕਿ ਉਹ ਟੁੱਟੇ ਨਹੀਂ ਹਨ ਤੇ ਸਿਆਸੀ ਪਟਕਾ ਮਾਰਨ ਦੀ ਸਮਰੱਥਾ ਰੱਖਦੇ ਹਨ। ਐਤਕੀਂ ਖੁੱਲ੍ਹੇਆਮ ਡੇਰਾ ਸਿਰਸਾ ਦੇ ਨੇੜੇ ਜਾਣ ਨੂੰ ਕੋਈ ਤਿਆਰ ਨਹੀਂ ਹੈ। ਬੇਅਦਬੀ ਮਾਮਲੇ ਮਗਰੋਂ ਸਿਆਸੀ ਲੀਡਰਾਂ ਨੂੰ ਪੰਥਕ ਵੋਟ ਬੈਂਕ ਖੁੱਸਣ ਦਾ ਡਰ ਵੀ ਤਾਂ ਹੈ। ਚੋਣ ਕਮਿਸ਼ਨ ਦੇ ਡਰੋਂ ਡੇਰਾ ਪ੍ਰਬੰਧਕਾਂ ਨੇ ਪੈਰੋਕਾਰਾਂ ਨੂੰ ਏਕਤਾ ਦਾ ਪਾਠ ਪੜ੍ਹਾਇਆ।
ਇਕੱਠ ਕਰਕੇ ਪੈਰੋਕਾਰਾਂ ਦਾ ਮਨੋਬਲ ਉਚਾ ਚੁੱਕਣਾ ਵੀ ਇਕ ਏਜੰਡਾ ਹੈ। ਆਗੂ ਮੈਂਬਰ ਹਰਚਰਨ ਸਿੰਘ ਨੇ ਇਥੋਂ ਤੱਕ ਆਖਿਆ ਕਿ ਮੌਸਮ ਬਦਲਦੇ ਰਹਿੰਦੇ ਹਨ ਅਤੇ ਵਕਤ ਵੀ ਤਬਦੀਲ ਹੁੰਦਾ ਰਹਿੰਦਾ ਹੈ ਪਰ ਕਦੇ ਏਦਾਂ ਨਹੀਂ ਹੋਇਆ ਕਿ ਬੱਦਲਾਂ ਦੇ ਢਕਣ ਨਾਲ ਸੂਰਜ ਚੜ੍ਹਨੋਂ ਹਟ ਜਾਏ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਪਤਾ ਲੱਗ ਜਾਵੇ ਕਿ ਡੇਰਾ ਪ੍ਰੇਮੀ ਪਹਿਲਾਂ ਨਾਲੋਂ ਵੀ ਵਧ ਚੜ੍ਹ ਕੇ ਭਲਾਈ ਦੇ ਕੰਮ ਕਰ ਰਹੇ ਹਨ। ਉਨ੍ਹਾਂ ਪੈਰੋਕਾਰਾਂ ਨੂੰ ਆਖਿਆ ਕਿ ਉਹ ਕਿਸੇ ਵੀ ਵਿਰੋਧ ਦਾ ਬਿਨਾਂ ਬਹਿਸ ਤੋਂ ਤਰਕ ਦੇ ਨਾਲ ਜੁਆਬ ਦੇਣ। ਆਗੂਆਂ ਨੇ 29 ਅਪਰੈਲ ਨੂੰ ਡੇਰਾ ਸੱਚਾ ਸੌਦਾ ਸਿਰਸਾ ਵਿਖੇ ਮਨਾਏ ਜਾ ਰਹੇ ਸਥਾਪਨਾ ਦਿਵਸ ‘ਚ ਪਹੁੰਚਣ ਲਈ ਪੈਰੋਕਾਰਾਂ ਨੂੰ ਕਿਹਾ।
________________________________________
ਡੇਰੇ ਦੀਆਂ ਸਰਗਰਮੀਆਂ ‘ਤੇ ਸਿਆਸੀ ਲੀਡਰਾਂ ਦੀ ਬਾਜ਼ ਅੱਖ
ਲੋਕ ਸਭਾ ਚੋਣਾਂ ਵੇਲੇ ਡੇਰਾ ਸਿਰਸਾ ਦੇ ਪੈਰੋਕਾਰ ਸਰਗਰਮ ਹੋ ਗਏ ਹਨ ਪਰ ਵੋਟ ਕਿਸ ਨੂੰ ਪੈਣਗੇ, ਇਸ ਬਾਰੇ ਕੋਈ ਸੂਹ ਕੱਢਣ ਲਈ ਤਿਆਰ ਨਹੀਂ। ਇਸ ਕਰਕੇ ਪਾਰਟੀ ਉਮੀਦਵਾਰ ਵੀ ਡੇਰਾ ਪ੍ਰੇਮੀਆਂ ਦੀਆਂ ਸਰਗਰਮੀਆਂ ਨੂੰ ਗਹੁ ਨਾਲ ਵੇਖ ਰਹੇ ਹਨ। ਮਾਲਵੇ ਦੀਆਂ ਚਾਰ ਸੀਟਾਂ ‘ਤੇ ਡੇਰਾ ਦਾ ਚੰਗੀ ਵੋਟ ਹੈ ਜਿਹੜੀ ਹਾਰ-ਜਿੱਤ ਯਕੀਨੀ ਬਣਾਉਣ ਲਈ ਕਾਫੀ ਹੈ। ਬੇਸ਼ੱਕ ਇਸ ਵਾਰ ਸਿਆਸੀ ਲੀਡਰ ਡੇਰੇ ਦੀ ਵੋਟ ਨਾ ਮੰਗਣ ਦੇ ਦਾਅਵੇ ਕਰ ਰਹੇ ਹਨ ਪਰ ਅੰਦਰਖਾਤੇ ਸਾਂਝ ਪਾਉਣ ਲਈ ਵੀ ਰਣਨੀਤੀ ਘੜ ਰਹੇ ਹਨ।