ਟੋਰਾਂਟੋ: ਖਾਲਸਾ ਸਾਜਨਾ ਦਿਵਸ ਮੌਕੇ ਸਿੱਖਾਂ ਨੂੰ ਵੱਡੀ ਰਾਹਤ ਦਿੰਦਿਆਂ ਕੈਨੇਡਾ ਦੀ ਜਸਟਿਨ ਟਰੂਡੋ ਸਰਕਾਰ ਨੇ ਸਾਲ 2018 ਦੀ ਸਾਲਾਨਾ ਰਿਪੋਰਟ ਵਿਚੋਂ ‘ਸਿੱਖ ਅਤਿਵਾਦ’ ਸਬੰਧੀ ਹਵਾਲਾ ਹਟਾ ਦਿੱਤਾ ਹੈ। ਪਹਿਲਾਂ ਇਸ ਰਿਪੋਰਟ ਵਿਚ ਸਿੱਖ ਅਤਿਵਾਦ ਉਨ੍ਹਾਂ ਸਿਖਰਲੇ ਪੰਜ ਖਤਰਿਆਂ ਵਿਚ ਸ਼ਾਮਲ ਸੀ ਜਿਨ੍ਹਾਂ ਤੋਂ ਕੈਨੇਡਾ ਨੂੰ ਸਭ ਤੋਂ ਵੱਧ ਖਤਰਾ ਹੈ।
ਕੈਨੇਡਾ ਨੂੰ ਅਤਿਵਾਦ ਤੋਂ ਖਤਰੇ ਸਬੰਧੀ 2018 ਦੀ ਪਬਲਿਕ ਰਿਪੋਰਟ ਦਾ ਸੋਧਿਆ ਹੋਇਆ ਰੂਪ ਜਾਰੀ ਕੀਤਾ ਗਿਆ ਹੈ। ਰਿਪੋਰਟ ਵਿਚੋਂ ਭਾਰਤ ਵਿਚ ਹਿੰਸਕ ਢੰਗਾਂ ਨਾਲ ਆਜ਼ਾਦ ਦੇਸ਼ ਸਥਾਪਤ ਕਰਨ ਸਬੰਧੀ ਵੇਰਵਿਆਂ ਵਿਚੋਂ ਧਰਮ ਸਬੰਧੀ ਵੇਰਵੇ ਕੱਢ ਕੇ ਇਸ ਦੀ ਭਾਸ਼ਾ ਬਦਲ ਦਿੱਤੀ ਗਈ ਹੈ। ਇਸ ਵਿਚ ਦਰਜ ਵੇਰਵਿਆਂ ਅਨੁਸਾਰ, ਅਤਿਵਾਦੀ ਜੋ ਹਿੰਸਕ ਢੰਗ ਤਰੀਕਿਆਂ ਨਾਲ ਭਾਰਤ ਵਿਚ ਵੱਖਰਾ ਦੇਸ਼ ਸਥਾਪਤ ਕਰਨਾ ਚਾਹੁੰਦੇ ਹਨ, ਦਰਜ ਕਰ ਦਿੱਤਾ ਹੈ। ਅਤਿਵਾਦ ਸਬੰਧੀ ਸਾਲ 2018 ਦੀ ਰਿਪੋਰਟ ਜੋ ਪਹਿਲੀ ਵਾਰ ਦਸੰਬਰ 2018 ਵਿਚ ਰਿਲੀਜ਼ ਕੀਤੀ ਸੀ, ਵਿਚ ਕੈਨੇਡਾ ਨੂੰ ਸਭ ਤੋਂ ਵੱਧ ਪੰਜ ਖਤਰਿਆਂ ਵਿਚ ਸਿੱਖ ਅਤਿਵਾਦ ਦਾ ਜ਼ਿਕਰ ਆਉਣ ਕਾਰਨ ਸਿੱਖ ਭਾਈਚਾਰੇ ਵਿਚ ਰੋਸ ਦੀ ਲਹਿਰ ਪੈਦਾ ਹੋ ਗਈ ਸੀ।
ਬੀਤੇ ਸਾਲ 11 ਦਸੰਬਰ ਨੂੰ ਜਨਤਕ ਸੁਰੱਖਿਆ (ਪਬਲਿਕ ਸੇਫਟੀ) ਕੈਨੇਡਾ ਵਲੋਂ ਜਾਰੀ ਸਾਲਾਨਾ ਰਿਪੋਰਟ ਵਿਚ ਖਾਲਿਸਤਾਨ ਦੀ ਪ੍ਰਾਪਤੀ ਲਈ ਕੱਟੜ ਵਿਚਾਰਧਾਰਾ ਵਲਿਆਂ ਦੇ ਹਵਾਲੇ ਨਾਲ ਪੰਜ ਕੁ ਸਤਰਾਂ ਦਾ ਇਕ ਪੈਰਾ ਸ਼ਾਮਲ ਕੀਤਾ ਗਿਆ ਸੀ। ਪੈਰੇ ਦਾ ਸਿਰਲੇਖ ‘ਸਿੱਖ (ਖਾਲਿਸਤਾਨੀ) ਕੱਟੜਵਾਦ’ ਰੱਖਿਆ ਗਿਆ ਸੀ। ਉਸ ਰਿਪੋਰਟ ਵਿਚ ਸਪਸ਼ਟ ਲਿਖਿਆ ਗਿਆ ਸੀ ਕਿ ਖਾਲਿਸਤਾਨੀ ਅਤਿਵਾਦੀਆਂ ਵਲੋਂ 1985 ਵਿਚ ਏਅਰ ਇੰਡੀਆ ਬੰਬ ਕਾਂਡ ਵਿਚ 331 ਲੋਕ ਮਾਰੇ ਗਏ ਸਨ ਜੋ ਕੈਨੇਡਾ ਦੇ ਇਤਿਹਾਸ ਦੀ ਸਭ ਤੋਂ ਵੱਡੀ ਅਤਿਵਾਦੀ ਸਾਜ਼ਿਸ਼ ਸੀ। ਅਜਿਹੀ ਸੰਵੇਦਨਸ਼ੀਲ ਰਿਪੋਰਟ ਵਿਚ ਸਿੱਖ ਅਤੇ ਖਾਲਿਸਤਾਨੀ ਸ਼ਬਦ ਸ਼ਾਮਲ ਕੀਤੇ ਜਾਣ ਤੋਂ ਸਿੱਖਾਂ ਅੰਦਰ ਰੋਸ ਸੀ, ਕਿਉਂਕਿ ਉਸ ਪੈਰੇ ਤੋਂ ਪ੍ਰਭਾਵ ਅਜਿਹਾ ਮਿਲਦਾ ਸੀ ਕਿ ਸਾਰੇ ਸਿੱਖਾਂ ਤੋਂ ਕੈਨੇਡਾ ਨੂੰ ਖਤਰਾ ਹੈ। ਇਸ ਨਾਲ ਕੈਨੇਡਾ ਵਾਸੀ ਸਿੱਖਾਂ ਦੇ ਮਨਾਂ ਅੰਦਰ ਅਸੁਰੱਖਿਆ (ਨਸਲਵਾਦੀ ਹਮਲੇ ਦਾ ਸ਼ਿਕਾਰ ਹੋਣ) ਦੀ ਭਾਵਨਾ ਵਧੀ ਸੀ। ਕੈਨੇਡਾ ਵਿਚ ਡੇਢ ਦਰਜਨ ਸੰਸਦ ਮੈਂਬਰਾਂ ਅਤੇ ਸਰਕਾਰ ਵਿਚ ਚਾਰ ਸੀਨੀਅਰ ਸਿੱਖ ਕੈਬਨਿਟ ਮੰਤਰੀਆਂ ਦੇ ਹੁੰਦਿਆਂ ਸਿੱਖ ਕੌਮ ਦੇ ਅਕਸ ਨੂੰ ਠੇਸ ਪਹੁੰਚਾਉਣ ਵਾਲੀ ਇਸ ਰਿਪੋਰਟ ਦਾ ਵੱਡੇ ਪੱਧਰ ਉਤੇ ਵਿਰੋਧ ਹੋਇਆ ਸੀ।
ਕੈਨੇਡੀਅਨ ਸਿੱਖ ਸੰਸਥਾਵਾਂ ਵਲੋਂ ਸਖਤ ਰੁਖ ਅਖਤਿਆਰ ਕਰਨ ਤੋਂ ਬਾਅਦ ਸਰਕਾਰ ਵਿਚ ਹਿਲਜੁਲ ਹੋਈ ਸੀ ਤੇ ਸਿੱਖ ਮੰਤਰੀਆਂ ਅਤੇ ਸੰਸਦ ਮੈਂਬਰਾਂ ਵਲੋਂ ਜਨਤਕ ਸੁਰੱਖਿਆ ਮੰਤਰੀ ਰਾਲਫ ਗੁਡੇਲ ਨਾਲ ਹੰਗਾਮੀ ਮੀਟਿੰਗ ਕੀਤੀ ਗਈ ਤਾਂ ਮੰਤਰੀ ਗੁਡੇਲ ਨੇ ਰਿਪੋਰਟ ਵਿਚ ਸ਼ਾਮਲ ਇਤਰਾਜ਼ਯੋਗ ਸ਼ਬਦਾਵਲੀ ਦੀ ਪੜਚੋਲ ਕਰਨ ਦਾ ਵਾਅਦਾ ਕੀਤਾ ਸੀ। ਉਨ੍ਹਾਂ ਨੇ ਮੰਨਿਆ ਸੀ ਕਿ ਰਿਪੋਰਟ ਦੀ ਸ਼ਬਦਾਵਲੀ ਵਿਚ ਵਿਚਾਰਧਾਰਾ ਦੀ ਗੱਲ ਹੋਣੀ ਚਾਹੀਦੀ ਹੈ, ਨਾ ਕਿ ਕਿਸੇ ਇਕ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਜਾਣਾ ਚਾਹੀਦਾ ਹੈ। ਬੀਤੇ ਚਾਰ ਕੁ ਮਹੀਨੇ ਕੈਨੇਡਾ ਸਰਕਾਰ ਦੀ ਉਸ ਰਿਪੋਰਟ ਬਾਰੇ ਪੜਚੋਲ ਚਲਦੀ ਰਹੀ ਜਿਸ ਦੌਰਾਨ ਸਿੱਖ ਜਥੇਬੰਦੀਆਂ ਤੇ ਕੈਨੇਡੀਅਨ ਪੰਜਾਬੀ ਮੀਡੀਆ ਨੇ ਇਸ ਮੁੱਦੇ ਤੋਂ ਸਰਕਾਰ ਦੇ ਮੰਤਰੀਆਂ, ਸਹਿਯੋਗੀਆਂ ਤੇ ਸੰਸਦ ਮੈਂਬਰਾਂ ਦਾ ਧਿਆਨ ਭਟਕਣ ਨਾ ਦਿੱਤਾ। ਯਾਦ ਰਹੇ ਕਿ 21 ਅਕਤੂਬਰ 2019 ਨੂੰ ਦੇਸ਼ ਵਿਚ ਆਮ ਚੋਣਾਂ ਹਨ ਜਿਸ ਕਰ ਕੇ ਸਰਕਾਰੀ ਖੇਮਿਆਂ ਵਿਚ ਕੈਨੇਡੀਅਨ ਸਿੱਖਾਂ ਦਾ ਰੋਹ ਸ਼ਾਂਤ ਕਰਨਾ ਹੋਰ ਵੀ ਜ਼ਰੂਰੀ ਸਮਝਿਆ ਜਾ ਰਿਹਾ ਸੀ। ਕੁਝ ਕੈਨੇਡੀਅਨ ਸਿੱਖ ਆਗੂਆਂ ਦਾ ਅਜਿਹਾ ਮੰਨਣਾ ਵੀ ਹੈ ਕਿ ਕੈਨੇਡਾ ਸਰਕਾਰ ਭਾਰਤ ਸਰਕਾਰ ਦੇ ਦਬਾਅ ਹੇਠ ਸਿੱਖਾਂ ਨੂੰ ਬਦਨਾਮ ਕਰ ਰਹੀ ਹੈ। ਹੁਣ ਖਾਲਸਾ ਸਾਜਨਾ ਦਿਵਸ ਤੋਂ ਐਨ ਪਹਿਲਾਂ (12 ਅਪਰੈਲ ਨੂੰ ) ਮੰਤਰੀ ਰਾਲਫ ਗੁਡੇਲ ਨੇ ਇਕ ਬਿਆਨ ਜਾਰੀ ਕੀਤਾ ਅਤੇ ਮੰਤਰਾਲੇ ਦੀ ਵੈੱਬਸਾਈਟ ‘ਤੇ ਪ੍ਰਕਾਸ਼ਿਤ ਰਿਪੋਰਟ ਵਿਚੋਂ ਉਹ ਇਤਰਾਜ਼ਯੋਗ ਪੈਰਾ ਸੁਧਾਰ ਦਿੱਤਾ ਗਿਆ ਜਿਸ ਦੀ ਜਗ੍ਹਾ ‘ਕੈਨੇਡਾ ਵਿਚ ਕੁਝ ਵਿਅਕਤੀ ਜੋ ਹਿੰਸਕ ਤਰੀਕਿਆਂ ਨਾਲ ਭਾਰਤ ਵਿਚ ਆਜ਼ਾਦ ਰਾਜ ਸਥਾਪਤ ਕਰਨ ਦੀ ਹਮਾਇਤ ਕਰਦੇ ਹਨ’ ਸ਼ਬਦ ਸ਼ਾਮਲ ਕੀਤੇ ਗਏ ਹਨ।
____________________________
ਕੈਪਟਨ ਵਲੋਂ ਫੈਸਲੇ ਦਾ ਵਿਰੋਧ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੈਨੇਡਾ ਸਰਕਾਰ ਵੱਲੋਂ ਮੁਲਕ ਨੂੰ ਅਤਿਵਾਦ ਤੋਂ ਖਤਰਿਆਂ ਬਾਰੇ ਜਾਰੀ ਕੀਤੀ ਗਈ ਰਿਪੋਰਟ ਵਿਚੋਂ ਗਰਮਖਿਆਲੀ ਸਿੱਖਾਂ ਸਬੰਧੀ ਸਾਰੇ ਵੇਰਵੇ ਹਟਾਏ ਜਾਣ ਦਾ ਵਿਰੋਧ ਕੀਤਾ ਹੈ। ਕੈਪਟਨ ਨੇ ਕਿਹਾ ਕਿ ਸਰਕਾਰ ਨੇ ਘਰੇਲੂ ਸਿਆਸੀ ਦਬਾਅ ਅੱਗੇ ਗੋਡੇ ਟੇਕ ਦਿੱਤੇ ਹਨ। ਇਹ ਕਦਮ ਭਾਰਤੀ ਅਤੇ ਆਲਮੀ ਸੁਰੱਖਿਆ ਲਈ ਖਤਰਾ ਹੈ। ਕੈਨੇਡਾ ਦੀ ਲਿਬਰਲ ਪਾਰਟੀ ਦੀ ਸਰਕਾਰ ਦਾ ਇਹ ਫੈਸਲਾ ਇਸ ਚੋਣ ਵਰ੍ਹੇ ਦੌਰਾਨ ਸਿਆਸੀ ਹਿੱਤਾਂ ਖਾਤਰ ਕੀਤਾ ਗਿਆ ਹੈ। ਇਸ ਫੈਸਲੇ ਨਾਲ ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ ‘ਤੇ ਗੰਭੀਰ ਪ੍ਰਭਾਵ ਪੈ ਸਕਦੇ ਹਨ।