ਦਿੱਲੀ ਵਿਚ ਕੀਤੇ ਕੰਮਾਂ ਆਸਰੇ ਪੰਜਾਬ ਵਿਚ ਬੇੜੀ ਪਾਰ ਲਾਵੇਗੀ ‘ਆਪ’

ਅੰਮ੍ਰਿਤਸਰ: ਆਮ ਆਦਮੀ ਪਾਰਟੀ ਦਿੱਲੀ ਵਿਚ ਕੀਤੇ ਗਏ ਵੱਡੇ ਸੁਧਾਰਾਂ ਅਤੇ ਲੋਕਾਂ ਨੂੰ ਦਿੱਤੀਆਂ ਸਹੂਲਤਾਂ ਸਮੇਤ ਪੰਜਾਬ ਦੀ ਕਿਸਾਨੀ ਤੇ ਨਸ਼ਿਆਂ ਦੇ ਮੁੱਦੇ ਆਦਿ ਦੇ ਆਧਾਰ ‘ਤੇ ਪੰਜਾਬ ਵਿਚ ਚੋਣਾਂ ਲੜੇਗੀ। ‘ਆਪ’ ਦੇ ਵਿਧਾਇਕ ਅਤੇ ਚੋਣ ਪ੍ਰਚਾਰ ਕਮੇਟੀ ਦੇ ਮੁਖੀ ਅਮਨ ਅਰੋੜਾ ਦਾ ਦਾਅਵਾ ਹੈ ਕਿ ਆਮ ਆਦਮੀ ਪਾਰਟੀ ਆਪਣੀ ਦਿੱਲੀ ਦੀ ਸਰਕਾਰ ਦੇ ਮਾਡਲ ਨੂੰ ਲੈ ਕੇ ਲੋਕਾਂ ਵਿਚ ਜਾਵੇਗੀ।
ਦਿੱਲੀ ਵਿਚ ਸਿੱਖਿਆ ਤੇ ਸਿਹਤ ਸਹੂਲਤਾਂ ਦੇ ਖੇਤਰ ਵਿਚ ‘ਆਪ’ ਨੇ ਵੱਡਾ ਮਾਅਰਕਾ ਮਾਰਿਆ ਹੈ।

ਇਸ ਤੋਂ ਇਲਾਵਾ ਪੰਜਾਬ ਦੀ ਕਰਜ਼ਈ ਕਿਸਾਨੀ, ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਨੂੰ ਇੰਨ-ਬਿੰਨ ਲਾਗੂ ਕਰਨ, ਨਸ਼ਿਆਂ ਦਾ ਖਾਤਮਾ, ਪੰਜਾਬ ਦੀ ਜਵਾਨੀ ਦਾ ਵਿਦੇਸ਼ਾਂ ਵੱਲ ਜਾਣਾ ਆਦਿ ਜਿਹੇ ਮੁੱਦੇ ਲੋਕਾਂ ਸਾਹਮਣੇ ਰੱਖੇ ਜਾਣਗੇ। ਉਨ੍ਹਾਂ ਕਿਹਾ ਕਿ ‘ਆਪ’ ਵੱਲੋਂ ਇਕ ਕੇਂਦਰੀ ਚੋਣ ਮਨੋਰਥ ਪੱਤਰ ਜਾਰੀ ਕੀਤਾ ਜਾਵੇਗਾ। ਜਦੋਂਕਿ ਪੰਜਾਬ ਲਈ ਵੀ ਇਕ ਚੋਣ ਮਨੋਰਥ ਪੱਤਰ ਤਿਆਰ ਹੋਵੇਗਾ, ਜਿਸ ਵਿਚ ਵੱਖ ਵੱਖ ਲੋਕ ਸਭਾ ਹਲਕਿਆਂ ਦੀਆਂ ਚਾਰ ਤੋਂ ਪੰਜ ਪ੍ਰਮੁੱਖ ਮੰਗਾਂ ਬਾਰੇ ਜ਼ਿਕਰ ਸ਼ਾਮਲ ਕੀਤਾ ਜਾਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਅੰਮ੍ਰਿਤਸਰ ਸੰਸਦੀ ਹਲਕੇ ਤੋਂ ‘ਆਪ’ ਉਮੀਦਵਾਰ ਲੋਕ ਮਸਲਿਆਂ ਨੂੰ ਹੱਲ ਕਰਾਉਣ ਲਈ ਸੰਸਦ ਵਿਚ ਆਵਾਜ਼ ਬੁਲੰਦ ਕਰੇਗਾ। ਉਨ੍ਹਾਂ ਦੱਸਿਆ ਕਿ ਆਈ.ਜੀ. ਕੁੰਵਰ ਵਿਜੈ ਪ੍ਰਤਾਪ ਸਿੰਘ ਦੇ ਤਬਾਦਲੇ ਬਾਰੇ ‘ਆਪ’ ਵੱਲੋਂ ਚੋਣ ਕਮਿਸ਼ਨ ਨਾਲ ਸੰਪਰਕ ਕੀਤਾ ਗਿਆ ਹੈ ਅਤੇ ਜੇਕਰ ਕੋਈ ਹਾਂ-ਪੱਖੀ ਕਾਰਵਾਈ ਨਾ ਹੋਈ ਤਾਂ ‘ਆਪ’ ਕਾਨੂੰਨੀ ਕਾਰਵਾਈ ਕਰਨ ਬਾਰੇ ਵੀ ਵਿਚਾਰ ਕਰ ਰਹੀ ਹੈ।
ਉਨ੍ਹਾਂ ਦੋਸ਼ ਲਾਇਆ ਕਿ ਬਾਦਲਾਂ ਨੇ ਆਪਣੇ ਹਿੱਤਾਂ ਦੀ ਖਾਤਰ ਇਹ ਤਬਾਦਲਾ ਕਰਾਇਆ ਹੈ। ਖਡੂਰ ਸਾਹਿਬ ਹਲਕੇ ਤੋਂ ਜੇਕਰ ਪਰਮਜੀਤ ਕੌਰ ਖਾਲੜਾ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੇ ਤਾਂ ‘ਆਪ’ ਆਪਣਾ ਉਮੀਦਵਾਰ ਵਾਪਸ ਲੈ ਸਕਦੀ ਹੈ, ਬਾਰੇ ਉਨ੍ਹਾਂ ਆਖਿਆ ਕਿ ਇਹ ਮਾਮਲਾ ਉਨ੍ਹਾਂ ਦੇ ਅਧਿਕਾਰ ਖੇਤਰ ਵਿਚ ਨਹੀਂ ਆਉਂਦਾ ਬਲਕਿ ਇਹ ਮਾਮਲਾ ਕੋਰ ਕਮੇਟੀ ਵੱਲੋਂ ਹੀ ਵਿਚਾਰਿਆ ਜਾ ਸਕਦਾ ਹੈ। ਜਗਮੀਤ ਸਿੰਘ ਬਰਾੜ ਦੀ ਅਕਾਲੀ ਦਲ ਵਿਚ ਸ਼ਮੂਲੀਅਤ ਬਾਰੇ ਉਨ੍ਹਾਂ ਆਖਿਆ ਕਿ ਜ਼ੀਰੋ ਵਿਚ ਜ਼ੀਰੋ ਜਮ੍ਹਾਂ ਕਰਨ ਨਾਲ ਕੋਈ ਫਰਕ ਨਹੀਂ ਪਵੇਗਾ।
____________________________________
‘ਆਪ’ ਨੇ ਚੋਣ ਸਮਝੌਤਾ ਸਿਰੇ ਨਾ ਚੜ੍ਹਨ ਦਾ ਭਾਂਡਾ ਕਾਂਗਰਸ ਸਿਰ ਭੰਨਿਆਂ
ਨਵੀਂ ਦਿੱਲੀ: ਆਮ ਆਦਮੀ ਪਾਰਟੀ ਨੇ ਦਿੱਲੀ, ਹਰਿਆਣਾ ਤੇ ਚੰਡੀਗੜ੍ਹ ਦੀਆਂ ਲੋਕ ਸਭਾ ਸੀਟਾਂ ਲਈ ਚੋਣ ਸਮਝੌਤਾ ਸਿਰੇ ਨਾ ਚੜ੍ਹਨ ਲਈ ਕਾਂਗਰਸ ਨੂੰ ਜ਼ਿੰਮੇਵਾਰ ਕਰਾਰ ਦਿੱਤਾ। ‘ਆਪ’ ਦੇ ਸੀਨੀਅਰ ਆਗੂ ਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤੇ ਰਾਜ ਸਭਾ ਮੈਂਬਰ ਸੰਜੈ ਸਿੰਘ ਨੇ ਮੀਡੀਆ ਕਾਨਫਰੰਸ ਦੌਰਾਨ ਕਿਹਾ ਕਿ ਕਾਂਗਰਸ ਗਿਣਤੀ-ਮਿਣਤੀ ਵਿਚ ਉਲਝੀ ਹੋਈ ਹੈ। ਉਨ੍ਹਾਂ ਕਿਹਾ ਕਿ ਜੇ ਭਾਜਪਾ ਮੁੜ ਸੱਤਾ ਵਿਚ ਆਈ ਤਾਂ ਇਸ ਲਈ ਕਾਂਗਰਸ ਹੀ ਜ਼ਿੰਮੇਵਾਰ ਹੋਵੇਗੀ। ਦੋਵਾਂ ਆਗੂਆਂ ਨੇ ਕਿਹਾ ਕਿ ਜਮਹੂਰੀਅਤ ਨੂੰ ਬਚਾਉਣ ਲਈ ‘ਆਪ’ ਦਾ ਮੁੱਖ ਟੀਚਾ ਮੋਦੀ-ਸ਼ਾਹ ਦੀ ਜੋੜੀ ਨੂੰ ਹਰਾਉਣਾ ਹੈ ਪਰ ਕਾਂਗਰਸ ਸੀਟਾਂ ਦੀ ਗਿਣਤੀ-ਮਿਣਤੀ ਵਿਚ ਹੀ ਫਸੀ ਹੋਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਬਹੁਤ ਵਕਤ ਖਰਾਬ ਕੀਤਾ ਹੈ ਤੇ ਗੋਆ ਅਤੇ ਪੰਜਾਬ ਵਿਚ ਵੀ ਪਾਰਟੀ ਨੇ ਇੰਝ ਹੀ ਦੇਰੀ ਕੀਤੀ ਸੀ। ਉਨ੍ਹਾਂ ਦੱਸਿਆ ਕਿ ਗਠਜੋੜ ਦਾ ਮਕਸਦ ਸਿਰਫ ਸੀਟਾਂ ਵੰਡਣ ਤਕ ਸੀਮਤ ਨਹੀਂ ਸੀ, 18 ਲੋਕ ਸਭਾ ਹਲਕਿਆਂ ਵਿਚ ਭਾਜਪਾ ਨੂੰ ਰਲ ਕੇ ਟੱਕਰ ਦੇਣਾ ਸੀ।
ਸੰਜੈ ਸਿੰੰਘ ਨੇ ਦੋਸ਼ ਲਾਇਆ ਕਿ ਭਾਜਪਾ ਲੋਕਤੰਤਰ ਤੇ ਸੰਘੀ ਢਾਂਚੇ ਲਈ ਖਤਰਾ ਪੈਦਾ ਕਰ ਰਹੀ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਕਾਂਗਰਸ ਵੀ ਮੋਦੀ-ਸ਼ਾਹ ਦੀ ਜੋੜੀ ਦੀਆਂ ਜਿੱਤ ਦੀਆਂ ਸੰਭਾਵਨਾਵਾਂ ਨੂੰ ਬਰਕਰਾਰ ਰੱਖ ਰਹੀ ਹੈ। ਸ੍ਰੀ ਸਿਸੋਦੀਆ ਨੇ ਦੋਸ਼ ਲਾਇਆ ਕਿ ਕਾਂਗਰਸ ਹਰਿਆਣਾ ਵਿਚ ਖੁਦ 6, ਜੇ.ਜੇ.ਪੀ. ਨੂੰ 3 ਤੇ ‘ਆਪ’ ਨੂੰ ਇਕ ਸੀਟ ਦੇਣ ਲਈ ਰਾਜ਼ੀ ਸੀ ਪਰ ਫੇਰ ਵੀ ਮੁੱਕਰ ਗਈ। ਉਨ੍ਹਾਂ ਕਿਹਾ ਕਿ ਕਾਂਗਰਸ ਸਿਰਫ ਦਿੱਲੀ ਵਿਚ ਹੀ ਗਠਜੋੜ ਚਾਹੁੰਦੀ ਹੈ ਜਿੱਥੇ ਪਹਿਲਾਂ ਹੀ ‘ਆਪ’ ਮਜ਼ਬੂਤ ਧਿਰ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਿਚ ਕਾਂਗਰਸ ਦਾ ਇਕ ਵੀ ਵਿਧਾਇਕ ਨਹੀਂ ਹੈ ਤੇ 2015 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਉਸ ਨੂੰ 10 ਫੀਸਦੀ ਹੀ ਵੋਟ ਮਿਲੇ ਸਨ ਫਿਰ ਵੀ ਤਿੰਨ ਸੀਟਾਂ ਮੰਗੀਆਂ ਜਾ ਰਹੀਆਂ ਹਨ। ਪੰਜਾਬ ਵਿਚ ‘ਆਪ’ ਦੇ 20 ਵਿਧਾਇਕ ਤੇ 4 ਸੰਸਦ ਮੈਂਬਰ ਹੋਣ ਦੇ ਬਾਵਜੂਦ ਕਾਂਗਰਸ ਇਕ ਵੀ ਸੀਟ ਦੇਣ ਨੂੰ ਤਿਆਰ ਨਹੀਂ।