ਅਕਾਲੀਆਂ ਦੀ ਤੱਕੜੀ ਵਿਚ ‘ਤੁਲੇ’ ਜਗਮੀਤ ਬਰਾੜ

ਸ੍ਰੀ ਮੁਕਤਸਰ ਸਾਹਿਬ: ਆਲ ਇੰਡੀਆ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਰਹੇ ਜਗਮੀਤ ਸਿੰਘ ਬਰਾੜ ਨੇ ਅਕਾਲੀ ਦਲ ਦਾ ਪੱਲਾ ਫੜ ਲਿਆ ਹੈ। ਸ੍ਰੀ ਬਰਾੜ ਦੇ ਘਰ ਵਿਚ ਹੋਏ ਸਮਾਗਮ ਵਿਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਸਣੇ ਹੋਰ ਅਕਾਲੀ ਆਗੂ ਮੌਜੂਦ ਸਨ।

ਇਸ ਮੌਕੇ ਜਗਮੀਤ ਸਿੰਘ ਬਰਾੜ ਨੇ ਕਿਹਾ ਕਿ ਉਨ੍ਹਾਂ ਨੇ ਕਾਂਗਰਸ ਦੀ ਕੇਂਦਰ ਵਿਚ ਵੱਡੀ ਹਾਰ ਤੋਂ ਬਾਅਦ ਕਾਂਗਰਸ ਨੂੰ ਮੰਥਨ ਕਰਨ ਲਈ ਆਖਿਆ ਸੀ ਤਾਂ ਜੋ ਲੋਕ ਸਭਾ ਦੀਆਂ 144 ਸੀਟਾਂ ਤੋਂ 44 ਸੀਟਾਂ ‘ਤੇ ਸਿਮਟੀ ਪਾਰਟੀ ਸੁਧਾਰ ਕਰ ਸਕੇ ਪਰ ਬਜਾਏ ਮੰਥਨ ਦੇ ਉਨ੍ਹਾਂ ਨੂੰ ਪਾਰਟੀ ਵਿਚੋਂ ਬਾਹਰ ਕੱਢ ਦਿੱਤਾ ਗਿਆ। ਇਸੇ ਤਰ੍ਹਾਂ ਕਾਂਗਰਸ ਦੇ ਐਮ.ਪੀ. ਹੁੰਦਿਆਂ ਉਨ੍ਹਾਂ ਪਾਰਲੀਮੈਂਟ ‘ਚ ਦਿੱਲੀ ਦੰਗਿਆਂ ਖਿਲਾਫ ਆਵਾਜ਼ ਉਠਾਈ ਸੀ ਤੇ ਸੱਜਣ ਕੁਮਾਰ ਤੇ ਟਾਈਟਲਰ ਦਾ ਵਿਰੋਧ ਕੀਤਾ ਸੀ, ਉਦੋਂ ਤੋਂ ਹੀ ਉਹ ਕਾਂਗਰਸ ਦੀਆਂ ਅੱਖਾਂ ਵਿਚ ਰੜਕਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਲਈ ਜਦੋਂ ਸਾਰੇ ਸਿਆਸੀ ਰਸਤੇ ਬੰਦ ਹੋ ਗਏ ਤਾਂ ਉਨ੍ਹਾਂ ਨੂੰ ਅਕਾਲੀ ਦਲ ‘ਚ ਸ਼ਾਮਲ ਕਰਨ ‘ਤੇ ਉਹ ਸੁਖਬੀਰ ਸਿੰਘ ਬਾਦਲ ਦੇ ਧੰਨਵਾਦੀ ਹਨ ਅਤੇ ਹੁਣ ਅਕਾਲੀ ਦਲ ਉਨ੍ਹਾਂ ਨੂੰ ਜੋ ਵੀ ਜ਼ਿੰਮੇਵਾਰੀ ਦੇਵੇਗਾ, ਉਹ ਪੂਰੀ ਦ੍ਰਿੜ੍ਹਤਾ ਨਾਲ ਨਿਭਾਉਣਗੇ।
ਦੱਸ ਦਈਏ ਕਿ ਕਾਂਗਰਸ ਪਾਰਟੀ ਵਿਚ ਹਮੇਸ਼ਾ ਚਰਚਿਤ ਰਹੇ ਜਗਮੀਤ ਸਿੰਘ ਬਰਾੜ ਦੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਣ ਨਾਲ ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਨੂੰ ਚੋਣਾਂ ‘ਚ ਹਰਾਉਣ ਦਾ ਸੁਪਨਾ ਅਧੂਰਾ ਰਹਿ ਗਿਆ। ਸ੍ਰੀ ਬਰਾੜ ਦਾ ਸਭ ਤੋਂ ਵੱਡਾ ਸਨਮਾਨ 23 ਮਾਰਚ 1994 ਨੂੰ ਮਾਨਸਾ ਵਿਚ ਇਕ ਵੱਡੀ ਰੈਲੀ ਦੌਰਾਨ ਫੀਅਟ ਐਨ.ਈ.-118 ਕਾਰ ਨਾਲ ਸਨਮਾਨਤ ਕਰਕੇ ਕੀਤਾ ਗਿਆ ਸੀ ਅਤੇ ਇਹ ਰੈਲੀ ਤਤਕਾਲੀ ਮੁੱਖ ਮੰਤਰੀ ਮਰਹੂਮ ਬੇਅੰਤ ਸਿੰਘ ਦੇ ਵਿਰੋਧ ਦੇ ਬਾਵਜੂਦ ਕੀਤੀ ਗਈ ਸੀ। ਇਸ ਦੌਰਾਨ ਕਾਂਗਰਸ ਨਾਲ ਮਤਭੇਦ ਕਬੂਲਦਿਆਂ ਸ੍ਰੀ ਬਰਾੜ ਨੇ ਆਪਣਾ ਸਭ ਤੋਂ ਵੱਡਾ ਸਿਆਸੀ ਦੁਸ਼ਮਣ ਬਾਦਲ ਪਰਿਵਾਰ ਨੂੰ ਦੱਸਿਆ ਸੀ। ਸਾਲ 1999 ਵਿਚ ਸੰਸਦੀ ਚੋਣਾਂ ਦੌਰਾਨ ਜਗਮੀਤ ਬਰਾੜ ਨੇ ਸੁਖਬੀਰ ਸਿੰਘ ਬਾਦਲ ਨੂੰ ਹਰਾ ਕੇ ਭਾਵੁਕ ਹੁੰਦਿਆਂ ਐਲਾਨ ਕੀਤਾ ਸੀ ਕਿ ਹੁਣ ਉਨ੍ਹਾਂ ਦੀ ਜ਼ਿੰਦਗੀ ਦਾ ਇਕੋ-ਇਕ ਸੁਪਨਾ ਵਿਧਾਨ ਸਭਾ ਚੋਣਾਂ ਵਿਚ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਉਣਾ ਹੈ।
ਚੋਣ ਜਲਸਿਆਂ ਦੌਰਾਨ ਸ੍ਰੀ ਬਰਾੜ ਅਕਸਰ ਇਹ ਕਿਹਾ ਕਰਦੇ ਸਨ ਕਿ ਉਹ ਭਾਵੇਂ ਦੋ ਵਾਰ ਪ੍ਰਕਾਸ਼ ਸਿੰਘ ਬਾਦਲ ਤੋਂ ਵਿਧਾਨ ਸਭਾ ਦੀ ਚੋਣ ਹਾਰ ਚੁੱਕੇ ਹਨ, ਪਰ ਉਨ੍ਹਾਂ ਦੀ ਇਹ ਮਨ ਦੀ ਮੁਰਾਦ ਹੈ ਕਿ ਉਹ ਲੰਬੀ ਜਾਂ ਮਾਲਵੇ ਦੇ ਕਿਸੇ ਹੋਰ ਖੇਤਰ ਤੋਂ ਵੱਡੇ ਬਾਦਲ ਨੂੰ ਚੋਣ ਹਰਾਉਣ।
_________________________________
ਬਰਾੜ ਸਿਆਸੀ ਵਜੂਦ ਬਚਾਉਣ ਲਈ ਅਕਾਲੀ ਬਣਿਆ: ਕੈਪਟਨ
ਚੰਡੀਗੜ੍ਹ: ਸਾਬਕਾ ਸੰਸਦ ਮੈਂਬਰ ਜਗਮੀਤ ਸਿੰਘ ਬਰਾੜ ਦੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਣ ‘ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਵਿਚ ਵਾਪਸੀ ਦੇ ਸਾਰੇ ਰਸਤੇ ਬੰਦ ਹੋਣ ਤੋਂ ਬਾਅਦ ਆਪਣਾ ਸਿਆਸੀ ਵਜੂਦ ਬਚਾਉਣ ਲਈ ਉਸ (ਜਗਮੀਤ) ਨੇ ਆਖਰੀ ਹੰਭਲਾ ਮਾਰਿਆ ਹੈ।
ਪਿਛਲੇ ਕੁਝ ਹਫਤਿਆਂ ਤੋਂ ਸ੍ਰੀ ਬਰਾੜ ਪਾਸੋਂ ਪ੍ਰਾਪਤ ਹੋਏ ਵੱਟਸਐਪ ਸੰਦੇਸ਼ਾਂ ਦਾ ਜ਼ਿਕਰ ਕਰਦਿਆਂ ਕੈਪਟਨ ਨੇ ਕਿਹਾ ਕਿ ਬਰਾੜ ਸਿਆਸਤ ਵਿਚ ਵਾਪਸੀ ਲਈ ਅੱਡੀ-ਚੋਟੀ ਦਾ ਜ਼ੋਰ ਲਾ ਰਿਹਾ ਸੀ ਅਤੇ ਅਖੀਰ ਉਸ ਨੇ ਬਾਦਲਾਂ ਨਾਲ ਜਾਣ ਦਾ ਫੈਸਲਾ ਕੀਤਾ ਜਦਕਿ ਉਸ ਨੇ ਵਾਅਦਾ ਕੀਤਾ ਸੀ ਕਿ ਜੇਕਰ ਕਾਂਗਰਸ ਉਸ ਨੂੰ ਵਾਪਸ ਲੈਣ ਲਈ ਸਹਿਮਤ ਹੁੰਦੀ ਹੈ ਤਾਂ ਉਹ ਬਾਦਲਾਂ ਨਾਲ ਨਜਿੱਠਣਗੇ। ਉਨ੍ਹਾਂ ਕਿਹਾ ਕਿ ਬਰਾੜ ਦਾ ਆਪਣਾ ਸਿਆਸੀ ਏਜੰਡਾ ਹੈ ਅਤੇ ਉਸ ਲਈ ਉਹ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਹੈ।
_________________________________
‘ਆਪ’ ਤੇ ਟਕਸਾਲੀਆਂ ਦੇ ਵੀ ਸੰਪਰਕ ਵਿਚ ਸੀ ਬਰਾੜ
ਚੰਡੀਗੜ੍ਹ: ਕਈ ਸਾਲ ਕਾਂਗਰਸ ਦੀ ਸੇਵਾ ਕਰਨ ਵਾਲੇ ਸਾਬਕਾ ਸੰਸਦ ਮੈਂਬਰ ਜਗਮੀਤ ਸਿੰਘ ਬਰਾੜ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਣ ਦਾ ਫੈਸਲਾ ਲੈਣ ਤੋਂ ਪਹਿਲਾਂ ਆਮ ਆਦਮੀ ਪਾਰਟੀ (ਆਪ) ਅਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੀ ਲੀਡਰਸ਼ਿਪ ਦੇ ਵੀ ਸੰਪਰਕ ਵਿਚ ਸਨ। ਸੂਤਰਾਂ ਅਨੁਸਾਰ ਪਿਛਲੇ ਸਮੇਂ ਤੋਂ ਸ੍ਰੀ ਬਰਾੜ ਦਿੱਲੀ ਵਿਚ ਡੇਰੇ ਲਾ ਕੇ ਕਾਂਗਰਸ ਵਿਚ ਬਿਨਾਂ ਸ਼ਰਤ ਵਾਪਸੀ ਕਰਨ ਦੇ ਯਤਨ ਵੀ ਕਰ ਰਹੇ ਸਨ ਪਰ ਹੁੰਗਾਰਾ ਨਾ ਮਿਲਣ ‘ਤੇ ਉਨ੍ਹਾਂ ਲੋਕ ਸਭਾ ਚੋਣਾਂ ਵਿਚ ਘਰ ਬੈਠਣ ਦੀ ਥਾਂ ਨਵਾਂ ਸਿਆਸੀ ਆਲ੍ਹਣਾ ਪਾਉਣ ਦਾ ਫੈਸਲਾ ਕਰ ਲਿਆ। ਇਸ ਦੌਰਾਨ ਉਹ ‘ਆਪ’ ਦੀ ਲੀਡਰਸ਼ਿਪ ਦੇ ਲੰਮਾ ਸਮਾਂ ਸੰਪਰਕ ਵਿਚ ਰਹੇ ਤੇ ‘ਆਪ’ ਦਾ ਝਾੜੂ ਫੜਨ ਲਈ ਗੱਲਬਾਤ ਚਲਦੀ ਰਹੀ। ਸੂਤਰਾਂ ਅਨੁਸਾਰ ‘ਆਪ’ ਦੇ ਜਿਹੜੇ ਆਗੂ ਸਾਲ-2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸ੍ਰੀ ਬਰਾੜ ਵੱਲੋਂ ਬਿਨਾਂ ਸ਼ਰਤ ਪਾਰਟੀ ਵਿਚ ਸ਼ਾਮਲ ਹੋਣ ਦੀਆਂ ਅਪੀਲਾਂ-ਦਲੀਲਾਂ ਨੂੰ ਠੁਕਰਾਉਂਦੇ ਰਹੇ ਸਨ, ਉਹੋ ਨੇਤਾ ਹੁਣ ਉਨ੍ਹਾਂ ਨੂੰ ਲੋਕ ਸਭਾ ਚੋਣਾਂ ਵਿਚ ਟਿਕਟ ਦੇਣ ਦੀ ਪੇਸ਼ਕਸ਼ ਕਰਦੇ ਰਹੇ ਹਨ। ਹੋਰ ਜਾਣਕਾਰੀ ਅਨੁਸਾਰ ਸ੍ਰੀ ਬਰਾੜ ਪਿਛਲੇ ਦਿਨਾਂ ਤੋਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਆਗੂਆਂ ਦੇ ਵੀ ਸੰਪਰਕ ਵਿਚ ਰਹੇ ਹਨ।
_________________________________
ਟੌਹੜਾ ਪਰਿਵਾਰ ਦੀ ਅਕਾਲੀ ਦਲ ‘ਚ ਵਾਪਸੀ
ਪਟਿਆਲਾ: ਮਰਹੂਮ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਜਵਾਈ ਤੇ ਸਾਬਕਾ ਮੰਤਰੀ ਹਰਮੇਲ ਸਿੰਘ ਟੌਹੜਾ, ਉਨ੍ਹਾਂ ਦੀ ਪੁੱਤਰੀ ਕੁਲਦੀਪ ਕੌਰ ਟੌਹੜਾ, ਦੋਹਤੇ ਹਰਿੰਦਰਪਾਲ ਸਿੰਘ ਟੌਹੜਾ ਨੇ ਆਪਣੇ ਹਮਾਇਤੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਲ ਹੋਣ ਨਾਲ ਟੌਹੜਾ ਤੇ ਬਾਦਲ ਪਰਿਵਾਰਾਂ ‘ਚ ਟੁੱਟੀ ਸਿਆਸੀ ਸਾਂਝ ਮੁੜ ਬਣ ਗਈ।
ਇਸ ਮੌਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟੌਹੜਾ ਪਰਿਵਾਰ ਤੇ ਹਮਾਇਤੀਆਂ ਦਾ ਸਿਰੋਪੇ ਪਾ ਕੇ ਸਨਮਾਨ ਕੀਤਾ। ਉਨ੍ਹਾਂ ਹਰਮੇਲ ਸਿੰਘ ਟੌਹੜਾ ਨੂੰ ਪਾਰਟੀ ਦਾ ਸੀਨੀਅਰ ਮੀਤ ਪ੍ਰਧਾਨ ਬਣਾਉਣ ਦਾ ਵੀ ਐਲਾਨ ਕੀਤਾ। ਸੁਖਬੀਰ ਬਾਦਲ ਨੇ ਕਿਹਾ ਕਿ ਟੌਹੜਾ ਪਰਿਵਾਰ ਉਨ੍ਹਾਂ ਦੇ ਆਪਣੇ ਪਰਿਵਾਰ ਵਾਂਗ ਹੈ ਪਰ ਕੁਝ ਕਾਰਨਾਂ ਕਰ ਕੇ ਵਖਰੇਵੇਂ ਪੈਦਾ ਹੋ ਗਏ ਸਨ ਜਿਹੜੇ ਹੁਣ ਦੂਰ ਕਰ ਲਏ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਰਾਜਨੀਤੀ ਨੂੰ ਹੁਣ ਤੱਕ ਪ੍ਰਕਾਸ਼ ਸਿੰਘ ਬਾਦਲ ਅਤੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਜੋੜੀ ਨੇ ਹੀ ਚਲਾਇਆ ਹੈ ਤੇ ਹੁਣ ਟੌਹੜਾ ਪਰਿਵਾਰ ਦੀ ਅਕਾਲੀ ਦਲ ਵਿਚ ਵਾਪਸੀ ਨਾਲ ਅਕਾਲੀ ਦਲ ਮਜ਼ਬੂਤ ਹੋ ਗਿਆ ਹੈ।
ਸੁਖਬੀਰ ਬਾਦਲ ਨੇ ਕਿਹਾ ਕਿ ਪਾਰਟੀ ਦੇ ਸੀਨੀਅਰ ਆਗੂਆਂ ਦੀ ਸ਼ਾਨ ਖਿਲਾਫ ਉਹ ਕੁਝ ਨਹੀਂ ਬੋਲਣਗੇ। ਉਨ੍ਹਾਂ ਕਿਹਾ ਕਿ ਟੌਹੜਾ ਪਰਿਵਾਰ ਦੀ ਵਾਪਸੀ ਨਾਲ ਪਟਿਆਲਾ ਵਿਚ ਅਕਾਲੀ ਦਲ ਮਜ਼ਬੂਤ ਹੋਵੇਗਾ। ਹਰਮੇਲ ਸਿੰਘ ਟੌਹੜਾ ਨੇ ਆਖਿਆ ਕਿ ਉਹ ਪਿੱਤਰੀ ਪਾਰਟੀ ‘ਚ ਬਿਨਾਂ ਸ਼ਰਤ ਸਿਰਫ ਪੰਥ ਦੇ ਭਲੇ ਲਈ ਸ਼ਾਮਲ ਹੋਏ ਹਨ, ਹੁਣ ਕੋਈ ਗਿਲਾ ਸ਼ਿਕਵਾ ਨਹੀਂ ਰਿਹਾ। ਇਸ ਮੌਕੇ ਜਥੇਦਾਰ ਹਰਬੰਸ ਸਿੰਘ ਲੰਗ ਵੀ ਅਕਾਲੀ ਦਲ ਵਿਚ ਪਰਤ ਆਏ।
ਦੱਸਣਯੋਗ ਹੈ ਕਿ ਹਰਮੇਲ ਸਿੰਘ ਟੌਹੜਾ ਤੇ ਪਰਿਵਾਰ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਨੂੰ ਅਲਵਿਦਾ ਕਹਿੰਦਿਆਂ ‘ਆਪ’ ਵਿਚ ਸ਼ਮੂਲੀਅਤ ਕਰ ਲਈ ਸੀ। ਪਿਛਲੇ ਕੁਝ ਮਹੀਨਿਆਂ ਤੋਂ ਪਰਿਵਾਰ ਨੇ ਆਪ ਦੀਆਂ ਗਤੀਵਿਧੀਆਂ ਨੂੰ ਤਿਲਾਂਜਲੀ ਦਿੱਤੀ ਹੋਈ ਸੀ ਤੇ ਪਿਛਲੇ ਦਿਨੀਂ ਚਿਤਾਵਨੀ ਵੀ ਦਿੱਤੀ ਸੀ ਕਿ ਜੇਕਰ ‘ਆਪ’ ਨੇ ਕਾਂਗਰਸ ਨਾਲ ਸਿਆਸੀ ਸਾਂਝ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ‘ਆਪ’ ਛੱਡ ਦੇਣਗੇ।