ਸ੍ਰੀ ਅਕਾਲ ਤਖਤ ‘ਤੇ ਗੈਰ ਸਿੱਖ ਵੀ ਕਰਵਾ ਸਕਣਗੇ ਅਰਦਾਸ

ਅੰਮ੍ਰਿਤਸਰ: ਸ੍ਰੀ ਅਕਾਲ ਤਖਤ ਦੇ ਬਾਹਰ ਇਕ ਨਵਾਂ ਬੋਰਡ ਲਾਇਆ ਗਿਆ ਹੈ, ਜਿਸ ਮੁਤਾਬਕ ਇਥੇ ਪਤਿਤ ਅਤੇ ਤਨਖਾਹੀਆ ਸਿੱਖਾਂ ਤੋਂ ਇਲਾਵਾ ਹਰ ਇਕ ਪ੍ਰਾਣੀ ਮਾਤਰ, ਸਿੱਖ ਅਤੇ ਗੈਰ ਸਿੱਖ ਦੀ ਵੀ ਅਰਦਾਸ ਹੋ ਸਕਦੀ ਹੈ। ਇਸ ਬੋਰਡ ਮੁਤਾਬਕ ਹੁਣ ਸ੍ਰੀ ਦਰਬਾਰ ਸਾਹਿਬ ਤੋਂ ਇਲਾਵਾ ਸ੍ਰੀ ਅਕਾਲ ਤਖਤ ‘ਤੇ ਕੋਈ ਵੀ ਗੈਰ ਸਿੱਖ ਅਰਦਾਸ ਕਰਵਾ ਸਕੇਗਾ। ਇਹ ਨਵਾਂ ਬੋਰਡ ਸਿੱਖ ਰਹਿਤ ਮਰਿਆਦਾ ਅਨੁਸਾਰ ਲਾਇਆ ਗਿਆ ਹੈ।

ਸਿੱਖ ਰਹਿਤ ਮਰਿਆਦਾ ਦੇ ਪੰਨਾ ਨੰਬਰ 15 ‘ਤੇ ਇਸ ਬਾਰੇ ਅੰਕਿਤ ਕੀਤਾ ਹੋਇਆ ਹੈ। ਜਿਸ ਵਿਚ ਦਰਜ ਹੈ ਕਿ ਤਖਤਾਂ ਦੇ ਖਾਸ ਅਸਥਾਨ ਉਤੇ ਰਹਿਤਵਾਨ ਅੰਮ੍ਰਿਤਧਾਰੀ ਸਿੰਘ ਹੀ ਚੜ੍ਹ ਸਕਦੇ ਹਨ। ਪਰ ਤਖਤਾਂ ਉਤੇ ਪਤਿਤ ਤੇ ਤਨਖਾਹੀਏ ਸਿੱਖਾਂ ਤੋਂ ਬਿਨਾਂ ਹਰੇਕ ਪ੍ਰਾਣੀ ਦੀ ਅਰਦਾਸ ਹੋ ਸਕਦੀ ਹੈ। ਇਸ ਤੋਂ ਪਹਿਲਾਂ ਇਹ ਧਾਰਨਾ ਬਣੀ ਹੋਈ ਸੀ ਕਿ ਸ੍ਰੀ ਅਕਾਲ ਤਖਤ ਵਿਖੇ ਸਿਰਫ ਸਿੱਖਾਂ ਦੀ ਹੀ ਅਰਦਾਸ ਹੁੰਦੀ ਹੈ। ਸ੍ਰੀ ਅਕਾਲ ਤਖਤ ਵਿਖੇ ਇਹ ਨਵਾਂ ਬੋਰਡ ਕੁਝ ਦਿਨ ਪਹਿਲਾਂ ਹੀ ਸਥਾਪਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਥੇ ਹਰ ਹਫਤੇ ਅੰਮ੍ਰਿਤ ਸੰਚਾਰ ਹੋਣ ਬਾਰੇ ਅਤੇ ਸ਼ਸਤਰ ਦਿਖਾਉਣ ਬਾਰੇ ਵੀ ਦੋ ਵੱਖ-ਵੱਖ ਬੋਰਡ ਲਾਏ ਗਏ ਹਨ। ਇਹ ਵੀ ਪਤਾ ਲੱਗਾ ਹੈ ਕਿ ਅਜਿਹਾ ਬੋਰਡ ਤਖਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਵੀ ਸਥਾਪਤ ਕੀਤਾ ਗਿਆ ਹੈ। ਇਹ ਬੋਰਡ ਹੁਣ ਕਿਉਂ ਲਾਏ ਗਏ ਹਨ, ਫਿਲਹਾਲ ਇਹ ਮਾਮਲਾ ਇਕ ਭੇਤ ਬਣਿਆ ਹੋਇਆ ਹੈ। ਇਸ ਸਬੰਧ ਵਿਚ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਜਸਵਿੰਦਰ ਸਿੰਘ ਦੀਨਪੁਰ, ਜਿਨ੍ਹਾਂ ਦੇ ਪ੍ਰਬੰਧ ਹੇਠ ਸ੍ਰੀ ਹਰਿਮੰਦਰ ਸਾਹਿਬ ਸਮੂਹ ਦੇ ਕੰਮ ਚਲਦੇ ਹਨ, ਨੇ ਆਖਿਆ ਕਿ ਅਜਿਹਾ ਬੋਰਡ ਪਹਿਲਾਂ ਵੀ ਲੱਗਾ ਹੁੰਦਾ ਸੀ, ਸ਼ਾਇਦ ਖਰਾਬ ਹੋਣ ਕਰਕੇ ਉਤਰ ਗਿਆ ਹੋਵੇਗਾ। ਉਸ ਦੀ ਥਾਂ ‘ਤੇ ਹੁਣ ਨਵਾਂ ਬੋਰਡ ਸਥਾਪਤ ਕੀਤਾ ਗਿਆ ਹੈ। ਉਨ੍ਹਾਂ ਆਖਿਆ ਕਿ ਰਹਿਤ ਮਰਿਆਦਾ ਮੁਤਾਬਕ ਕੋਈ ਵੀ ਗੈਰ ਸਿੱਖ ਇਥੇ ਅਰਦਾਸ ਕਰਵਾ ਸਕਦਾ ਹੈ। ਸ੍ਰੀ ਅਕਾਲ ਤਖਤ ਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਆਖਿਆ ਕਿ ਰਹਿਤ ਮਰਿਆਦਾ ਵਿਚ ਗੈਰ ਸਿੱਖ ਨੂੰ ਸ੍ਰੀ ਅਕਾਲ ਤਖਤ ‘ਤੇ ਅਰਦਾਸ ਕਰਾਉਣ ਦੀ ਕੋਈ ਮਨਾਹੀ ਨਹੀਂ ਹੈ।
ਸ੍ਰੀ ਅਕਾਲ ਤਖਤ ਤੇ ਪਤਿਤ ਅਤੇ ਤਨਖਾਹੀਆ ਸਿੱਖ ਦੀ ਕੜਾਹ ਪ੍ਰਸਾਦਿ ਦੀ ਦੇਗ ਪ੍ਰਵਾਨ ਨਹੀਂ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਵਧੇਰੇ ਗੈਰ ਸਿੱਖ ਸ੍ਰੀ ਅਕਾਲ ਤਖਤ ਦੇ ਸਨਮੁਖ ਹੇਠਾਂ ਹੀ ਅਰਦਾਸ ਕਰਦੇ ਰਹੇ ਹਨ। ਇਸ ਸਬੰਧੀ ਇਥੇ ਬੋਰਡ ਹੋਣ ਜਾਂ ਨਾ ਹੋਣ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਸ੍ਰੀ ਅਕਾਲ ਤਖਤ ਦੇ ਸਾਬਕਾ ਪੰਜ ਪਿਆਰਿਆਂ ਵਿਚ ਸ਼ਾਮਲ ਭਾਈ ਸਤਨਾਮ ਸਿੰਘ ਖੰਡਾ ਨੇ ਆਖਿਆ ਕਿ ਪਹਿਲਾਂ ਸ੍ਰੀ ਅਕਾਲ ਤਖਤ ਦੇ ਅੰਦਰ ਥੰਮ੍ਹ ‘ਤੇ ਇਸ ਸਬੰਧੀ ਬੋਰਡ ਲੱਗਾ ਹੁੰਦਾ ਸੀ। ਉਨ੍ਹਾਂ ਆਖਿਆ ਕਿ ਪਿਛਲੇ ਸਮਿਆਂ ਵਿਚ ਸ੍ਰੀ ਅਕਾਲ ਤਖਤ ‘ਤੇ ਵਧੇਰੇ ਗੁਰਸਿੱਖ ਅਤੇ ਅੰਮ੍ਰਿਤਧਾਰੀ ਹੀ ਆਉਂਦੇ ਹੁੰਦੇ ਸਨ। ਪਰ ਹੁਣ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਰਧਾਲੂਆਂ ਦੀ ਭਾਰੀ ਆਮਦ ਸ਼ੁਰੂ ਹੋਣ ਨਾਲ ਸ੍ਰੀ ਅਕਾਲ ਤਖਤ ‘ਤੇ ਵੀ ਸਿੱਖ ਅਤੇ ਗੈਰ ਸਿੱਖ ਸ਼ਰਧਾਲੂਆਂ ਦੀ ਆਮਦ ਵਿਚ ਭਾਰੀ ਵਾਧਾ ਹੋਇਆ ਹੈ। ਮਿਲੇ ਵੇਰਵਿਆਂ ਮੁਤਾਬਕ ਸ੍ਰੀ ਅਕਾਲ ਤਖਤ ਵਿਖੇ ਅਜਿਹਾ ਬੋਰਡ ਸਾਕਾ ਨੀਲਾ ਤਾਰਾ ਫੌਜੀ ਹਮਲੇ ਤੋਂ ਪਹਿਲਾਂ ਹੁੰਦਾ ਸੀ ਪਰ ਫੌਜੀ ਹਮਲੇ ਦੌਰਾਨ ਸ੍ਰੀ ਅਕਾਲ ਤਖਤ ਦੀ ਇਮਾਰਤ ਨੂੰ ਪੁੱਜੇ ਨੁਕਸਾਨ ਤੋਂ ਬਾਅਦ ਜਦੋਂ ਇਸ ਦੀ ਇਮਾਰਤ ਦੀ ਉਸਾਰੀ ਕੀਤੀ ਗਈ ਤਾਂ ਉਸ ਤੋਂ ਬਾਅਦ ਅਜਿਹਾ ਬੋਰਡ ਨਹੀਂ ਲਾਇਆ ਗਿਆ ਸੀ।
____________________________
ਸਾਕਾ ਨੀਲਾ ਤਾਰਾ ਤੋਂ ਪਹਿਲਾਂ ਵੀ ਲੱਗਾ ਸੀ ਅਰਦਾਸ ਵਾਲਾ ਬੋਰਡ
ਅੰਮ੍ਰਿਤਸਰ: ਤਕਰੀਬਨ 35 ਸਾਲ ਪਹਿਲਾਂ ਅਕਾਲ ਤਖਤ ਵਿਚ ਨੜੀਮਾਰ, ਕੁੜੀਮਾਰ, ਦਾੜ੍ਹੀ ਰੰਗਣ ਵਾਲੇ ਅਤੇ ਨਸ਼ਾ ਕਰਨ ਵਾਲਿਆਂ ਦੀ ਅਰਦਾਸ ਨਾ ਕਰਨ ਬਾਰੇ ਬੋਰਡ ਲੱਗਾ ਹੁੰਦਾ ਸੀ। ਇਸ ‘ਤੇ ਇਹ ਵੀ ਦਰਜ ਹੁੰਦਾ ਸੀ ਕਿ ਇਹ ਸ਼ਰਤ ਕਿਸੇ ਗੈਰ-ਸਿੱਖ ‘ਤੇ ਲਾਗੂ ਨਹੀਂ ਹੁੰਦੀ। ਇਸ ਸਬੰਧੀ ਮਿਲੇ ਵੇਰਵਿਆਂ ਮੁਤਾਬਕ ਜੂਨ 1984 ਵਿਚ ਸਾਕਾ ਨੀਲਾ ਤਾਰਾ ਫੌਜੀ ਹਮਲੇ ਸਮੇਂ ਅਕਾਲ ਤਖਤ ਦੀ ਇਮਾਰਤ ਨੂੰ ਨੁਕਸਾਨ ਪੁੱਜਾ ਸੀ। ਉਸ ਵੇਲੇ ਦੀ ਕਾਂਗਰਸ ਹਕੂਮਤ ਵੱਲੋਂ ਅਕਾਲ ਤਖਤ ਦੀ ਢਹਿ-ਢੇਰੀ ਹੋਈ ਇਮਾਰਤ ਦੀ ਥਾਂ ‘ਤੇ ਨਵ ਉਸਾਰੀ ਕਰਵਾਈ ਗਈ ਸੀ, ਜਿਸ ਨੂੰ ਸਿੱਖ ਸੰਗਤ ਨੇ ਰੱਦ ਕਰ ਦਿੱਤਾ ਸੀ ਅਤੇ ਮੁੜ ਸ਼੍ਰੋਮਣੀ ਕਮੇਟੀ ਵੱਲੋਂ ਇਥੇ ਉਸਾਰੀ ਕਰਵਾਈ ਗਈ ਸੀ। ਸ਼ਾਇਦ ਉਸ ਵੇਲੇ ਹੀ ਅਕਾਲ ਤਖਤ ਵਿਚ ਲੱਗਾ ਇਹ ਬੋਰਡ ਵੀ ਨੁਕਸਾਨਿਆ ਗਿਆ ਸੀ ਅਤੇ ਉਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਵਲੋਂ ਕਦੇ ਇਹ ਬੋਰਡ ਦੁਬਾਰਾ ਨਹੀਂ ਲਾਇਆ ਗਿਆ। ਸਿੱਖ ਵਿਦਵਾਨ ਗੁਰਚਰਨਜੀਤ ਸਿੰਘ ਲਾਂਬਾ ਨੇ ਆਖਿਆ ਕਿ ਸਿੱਖ ਰਹਿਤ ਮਰਿਆਦਾ ਦੇ ਪੰਨਾ ਨੰਬਰ-15 ‘ਤੇ ਇਹ ਅੰਕਿਤ ਕੀਤਾ ਹੋਇਆ ਹੈ ਕਿ ਅਕਾਲ ਤਖਤ ਵਿਚ ਗੈਰ-ਸਿੱਖ ਸ਼ਰਧਾਲੂਆਂ ਵੱਲੋਂ ਵੀ ਅਰਦਾਸ ਕਰਾਈ ਜਾ ਸਕਦੀ ਹੈ। ਪਤਿਤ ਤੇ ਤਨਖਾਹੀਏ ਸਿੱਖਾਂ ਤੋਂ ਬਿਨਾਂ ਕੋਈ ਵੀ ਸਿੱਖ ਜਾਂ ਗੈਰ-ਸਿੱਖ ਸ਼ਰਧਾਲੂ ਇਥੇ ਆਪਣੀ ਅਰਦਾਸ ਕਰਵਾ ਸਕਦਾ ਹੈ। ਉਨ੍ਹਾਂ ਕਿਹਾ ਕਿ 35 ਸਾਲ ਮਗਰੋਂ ਮਰਿਆਦਾ ਸਬੰਧੀ ਇਹ ਬੋਰਡ ਇਥੇ ਮੁੜ ਸਥਾਪਤ ਕੀਤਾ ਗਿਆ ਹੈ।