ਬੇਰੁਜ਼ਗਾਰ ਨੌਜਵਾਨਾਂ ਨੇ ਕਾਂਗਰਸ ਲਈ ਖੜ੍ਹੀ ਕੀਤੀ ਨਵੀਂ ਚੁਣੌਤੀ

ਚੰਡੀਗੜ੍ਹ: ਚੋਣਾਂ ਦੇ ਮੌਸਮ ਵਿਚ ‘ਘਰ ਘਰ ਰੁਜ਼ਗਾਰ’ ਦਾ ਨਾਅਰਾ ਕਾਂਗਰਸੀ ਉਮੀਦਵਾਰਾਂ ਲਈ ਭਾਰੂ ਹੁੰਦਾ ਦਿਖਾਈ ਦੇ ਰਿਹਾ ਹੈ। ਲਗਭਗ 3500 ਬੇਰੁਜ਼ਗਾਰ ਮਲਟੀਪਰਪਜ਼ ਸਿਹਤ ਵਰਕਰਾਂ ਨੇ ਆਪਣੇ ਘਰਾਂ ਅੱਗੇ ਲਾਏ ਬੈਨਰਾਂ ਰਾਹੀਂ ਕਾਂਗਰਸੀ ਉਮੀਦਵਾਰਾਂ ਨੂੰ ਵੋਟ ਮੰਗਣ ਲਈ ਨਾ ਆਉਣ ਦੀ ਤਾਕੀਦ ਕੀਤੀ ਹੈ। ਆਪਣੇ ਹੱਕਾਂ ਲਈ ਲੰਮਾ ਸਮਾਂ ਧਰਨਾ ਪ੍ਰਦਰਸ਼ਨ ਕਰਨ ਦੇ ਬਾਵਜੂਦ ਕੁਝ ਪੱਲੇ ਨਾ ਪੈਣ ਕਰ ਕੇ ਇਨ੍ਹਾਂ ਨੌਜਵਾਨਾਂ ਨੇ ਐਲਾਨ ਕੀਤਾ ਹੈ ਕਿ ਜਦੋਂ ਤੱਕ ਕੋਈ ਪਾਰਟੀ ਉਨ੍ਹਾਂ ਨੂੰ ਰੁਜ਼ਗਾਰ ਦੇਣ ਦਾ ਲਿਖਤੀ ਭਰੋਸਾ ਨਹੀਂ ਦਿੰਦੀ, ਉਸ ਸਮੇਂ ਤੱਕ ਸਾਰੀਆਂ ਰਾਜਨੀਤਕ ਪਾਰਟੀਆਂ ਦਾ ਬਾਈਕਾਟ ਕੀਤਾ ਜਾਵੇਗਾ।

ਇਲਾਕੇ ਦੇ ਬੇਰੁਜ਼ਗਾਰ ਸਿਹਤ ਵਰਕਰਾਂ ਚੂੰਘਾਂ ਦੇ ਸਤਨਾਮ ਸਿੰਘ, ਮੌੜਾਂ ਦੇ ਬਿੰਦਰ ਸਿੰਘ, ਗੁਰਲਾਲ ਸਿੰਘ, ਰਾਜ ਸਿੰਘ, ਅਵਤਾਰ ਸਿੰਘ ਅਤੇ ਬਖਤਗੜ੍ਹ ਦੇ ਬਲਦੇਵ ਸਿੰਘ ਬੱਬੂ ਵੱਲੋਂ ਵੀ ਆਪਣੇ ਬੂਹਿਆਂ ਅੱਗੇ ‘ਨੌਕਰੀ ਨਹੀਂ ਤਾਂ ਵੋਟ ਨਹੀਂ’ ਦੇ ਨਾਅਰੇ ਵਾਲੇ ਬੋਰਡ ਲਗਾ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਉਹ ਸਾਰੀਆਂ ਪਾਰਟੀਆਂ ਦੇ ਝੂਠੇ ਵਾਅਦਿਆਂ ਤੋਂ ਅੱਕ ਚੁੱਕੇ ਹਨ। ਬੇਰੁਜ਼ਗਾਰ ਮਲਟੀਪਰਪਜ਼ ਸਿਹਤ ਵਰਕਰ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਦੱਸਿਆ ਕਿ 2004 ਤੋਂ ਜਥੇਬੰਦੀ ਵੱਲੋਂ ਬੇਰੁਜ਼ਗਾਰਾਂ ਲਈ ਸੰਘਰਸ਼ ਲੜ ਕੇ ਨੌਕਰੀ ਦੀ ਮੰਗ ਕੀਤੀ ਜਾ ਰਹੀ ਹੈ। ਅਕਾਲੀ-ਭਾਜਪਾ ਸਰਕਾਰ ਨੇ 2016 ਵਿੱਚ ਸਿਰਫ 1263 ਅਸਾਮੀਆਂ ਭਰਨ ਨੂੰ ਪ੍ਰਵਾਨਗੀ ਦਿੱਤੀ ਸੀ, ਜਦੋਂਕਿ ਸੂਬੇ ਵਿਚ 3500 ਦੇ ਕਰੀਬ ਸਿਹਤ ਵਰਕਰ ਬੇਰੁਜ਼ਗਾਰ ਹਨ। ਡਬਲਿਊ.ਐਚ.ਓ. ਦੀਆਂ ਹਦਾਇਤਾਂ ਅਨੁਸਾਰ 3 ਹਜ਼ਾਰ ਦੀ ਜਨਸੰਖਿਆ ਪਿੱਛੇ ਇਕ ਪੁਰਸ਼ ਸਿਹਤ ਵਰਕਰ ਤੇ ਇਕ ਔਰਤ ਵਰਕਰ ਦੀ ਨਿਯੁਕਤੀ ਕਰਨੀ ਹੁੰਦੀ ਹੈ, ਪਰ ਸਿਹਤ ਵਿਭਾਗ ਲੰਮੇ ਸਮੇਂ ਤੋਂ ਨਿਯੁਕਤੀਆਂ ਕਰਨ ਤੋਂ ਟਾਲਾ ਵਟਦਾ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਚੋਣਾਂ ਸਮੇਂ ਘਰ-ਘਰ ਨੌਕਰੀ ਦਾ ਵਾਅਦਾ ਕੀਤਾ ਸੀ, ਪਰ ਘਰ-ਘਰ ਤਾਂ ਦੂਰ ਦੀ ਗੱਲ, ਪ੍ਰਵਾਨਿਤ ਅਸਾਮੀਆਂ ਵੀ ਨਹੀਂ ਭਰੀਆਂ ਜਾ ਰਹੀਆਂ। ਸਰਕਾਰ ਦੇ ਨਾਲ-ਨਾਲ ਵਿਰੋਧੀ ਪਾਰਟੀ ਦੇ ਨੁਮਾਇੰਦਿਆਂ ਨੇ ਵੀ ਉਨ੍ਹਾਂ ਦੀ ਸਾਰ ਨਹੀਂ ਲਈ। ਇਸ ਕਰਕੇ ਕਾਂਗਰਸ ਦੇ ਨਾਲ-ਨਾਲ ਉਨ੍ਹਾਂ ਵੱਲੋਂ ਦੂਜੀਆਂ ਪਾਰਟੀਆਂ ਦਾ ਵੀ ਵਿਰੋਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਜੋ ਵੀ ਆਗੂ ਵੋਟਾਂ ਮੰਗਣ ਆ ਰਹੇ ਹਨ, ਉਨ੍ਹਾਂ ਦਾ ਘਿਰਾਓ ਕਰਕੇ ਆਪਣੇ ਰੁਜ਼ਗਾਰ ਲਈ ਸਵਾਲ ਕੀਤੇ ਜਾ ਰਹੇ ਹਨ। ਰੁਜ਼ਗਾਰ ਮਿਲਣ ਤੱਕ ਇਹ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ।
________________________
ਕਾਂਗਰਸ ਤੇ ਅਕਾਲੀਆਂ ਦੇ ਰਾਜ ‘ਚ ਨੌਜਵਾਨ ਨਸ਼ਿਆਂ ‘ਚ ਹੋਏ ਗਰਕ: ਖਹਿਰਾ
ਰੂਪਨਗਰ: ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਸੂਬੇ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਭਾਜਪਾ ਗਠਜੋੜ ਅਤੇ ਕਾਂਗਰਸ ਦੀ ਕਾਰਜਸ਼ੈਲੀ ਤੋਂ ਤੰਗ ਆ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਪਾਰਟੀਆਂ ਨੇ ਵਾਰੋ ਵਾਰੀ ਸੱਤਾ ਭੋਗੀ ਹੈ ਅਤੇ ਜਨਤਾ ਦੀਆਂ ਮੰਗਾਂ ਅਤੇ ਮੁਸ਼ਕਲਾਂ ਨੂੰ ਹੱਲ ਕਰਨ ਲਈ ਧਿਆਨ ਨਹੀਂ ਦਿੱਤਾ, ਜਿਸ ਕਾਰਨ ਹੀ ਪਿਛਲੇ ਲੰਮੇ ਸਮੇਂ ਤੋਂ ਮਾਫੀਆ ਰਾਜ ਦਾ ਕਬਜ਼ਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਨੂੰ ਕੰਗਾਲ ਬਣਾ ਕੇ ਰੱਖ ਦਿੱਤਾ ਹੈ ਅਤੇ ਨੌਜਵਾਨੀ ਨਸ਼ਿਆਂ ਵਿਚ ਗਰਕ ਹੋ ਰਹੀ ਹੈ।