ਕੋਲੰਬੋ: ਸ੍ਰੀਲੰਕਾ ਵਿਚ ਈਸਟਰ ਮੌਕੇ ਫਿਦਾਈਨ ਹਮਲਿਆਂ ਸਮੇਤ ਲੜੀਵਾਰ ਅੱਠ ਬੰਬ ਧਮਾਕੇ ਹੋਏ, ਜਿਨ੍ਹਾਂ ਵਿਚ 290 ਲੋਕ ਮਾਰੇ ਗਏ ਅਤੇ 500 ਦੇ ਕਰੀਬ ਜਖਮੀ ਹੋ ਗਏ। ਇਹ ਧਮਾਕੇ ਤਿੰਨ ਗਿਰਜਾ ਘਰਾਂ ਅਤੇ ਤਿੰਨ ਹੋਟਲਾਂ ਵਿਚ ਹੋਏ। ਇਨ੍ਹਾਂ ਧਮਾਕਿਆਂ ਨੇ ਲਿਟੇ ਨਾਲ ਘਰੇਲੂ ਜੰਗ ਦੇ ਖਾਤਮੇ ਬਾਅਦ ਇਕ ਦਹਾਕੇ ਤੋਂ ਚੱਲੀ ਆ ਰਹੀ ਸ਼ਾਂਤੀ ਭੰਗ ਕਰ ਦਿੱਤੀ ਹੈ। ਇਨ੍ਹਾਂ ਧਮਾਕਿਆਂ ਨੂੰ ਖਿੱਤੇ ਦੇ ਇਤਿਹਾਸ ਦਾ ਸਭ ਤੋਂ ਖਤਰਨਾਕ ਹਮਲਾ ਗਰਦਾਨਿਆ ਗਿਆ ਹੈ।
ਇਹ ਧਮਾਕੇ ਕੋਲੰਬੋ ਸਥਿਤ ਸੇਂਟ ਐਂਥਨੀਜ਼ ਚਰਚ, ਨਿਗੋਂਬੋ ਦੇ ਪੱਛਮੀ ਤੱਟੀ ਸ਼ਹਿਰ ਦੀ ਸੇਂਟ ਸੇਬੈਸਟੀਅਨਜ਼ ਚਰਚ ਅਤੇ ਬੱਟੀਕਲੋਆ ਦੇ ਪੂਰਬੀ ਸ਼ਹਿਰ ਵਿਚਲੇ ਚਰਚ ਵਿਚ ਉਦੋਂ ਹੋਏ ਜਦੋਂ ਈਸਟਰ ਸਭਾ ਚੱਲ ਰਹੀ ਸੀ। ਧਮਾਕਿਆਂ ਦੀ ਕਿਸੇ ਵੀ ਧੜੇ ਨੇ ਜ਼ਿੰਮੇਵਾਰੀ ਨਹੀਂ ਲਈ ਹੈ। ਸਿਨੇਮਨ ਗਰੈਂਡ ਹੋਟਲ ਦੇ ਰੈਸਤਰਾਂ ਵਿਚ ਇਕ ਫਿਦਾਈਨ ਹਮਲਾਵਰ ਨੇ ਆਪਣੇ ਆਪ ਨੂੰ ਉਡਾ ਲਿਆ। ਸ਼ੱਕ ਦੇ ਅਧਾਰ ‘ਤੇ ਅੱਠ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਵਿਦੇਸ਼ ਸਕੱਤਰ ਰਵੀਨਾਥ ਅਰੀਆਸਿੰਘੇ ਨੇ ਦੱਸਿਆ ਕਿ ਧਮਾਕਿਆਂ ਵਿਚ 27 ਵਿਦੇਸ਼ੀ ਮਾਰੇ ਗਏ ਹਨ। ਪੁਲਿਸ ਅਨੁਸਾਰ ਧਮਾਕਿਆਂ ਵਿਚ 500 ਵਿਅਕਤੀ ਜਖਮੀ ਹੋਏ ਹਨ। ਨੈਸ਼ਨਲ ਹਸਪਤਾਲ ਦੇ ਡਾਇਰੈਕਟਰ ਡਾ. ਅਨਿਲ ਜੈਸਿੰਘ ਨੇ ਕਿਹਾ ਕਿ ਮਾਰੇ ਗਏ 27 ਵਿਦੇਸ਼ੀ ਨਾਗਰਿਕਾਂ ਵੱਲੋਂ 11 ਦੀ ਸ਼ਨਾਖਤ ਕਰ ਲਈ ਗਈ ਹੈ। ਇਨ੍ਹਾਂ ਵਿਚ ਛੇ ਭਾਰਤੀ, ਦੋ ਚੀਨੀ ਅਤੇ ਇਕ ਇਕ ਪੋਲੈਂਡ, ਡੈਨਮਾਰਕ, ਜਾਪਾਨ, ਪਾਕਿਸਤਾਨ, ਅਮਰੀਕਾ, ਮੋਰਾਕੋ ਅਤੇ ਬੰਗਲਾਦੇਸ਼ੀ ਨਾਗਰਿਕ ਸ਼ਾਮਲ ਹਨ।
ਮਰਨ ਵਾਲੇ ਭਾਰਤੀਆਂ ਦੀ ਪਛਾਣ ਲਕਸ਼ਮੀ, ਨਾਰਾਇਣ ਚੰਦਰ ਸ਼ੇਖਰ ਅਤੇ ਰਮੇਸ਼ ਵਜੋਂ ਹੋਈ ਹੈ। ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ ਭਾਰਤ, ਪਾਕਿਸਤਾਨ, ਅਮਰੀਕਾ, ਮੋਰਾਕੋ ਅਤੇ ਬੰਗਲਾਦੇਸ਼ ਦੇ ਸੈਲਾਨੀ ਧਮਾਕਿਆਂ ਵਿਚ ਜ਼ਖ਼ਮੀ ਹੋਏ ਹਨ। ਉਨ੍ਹਾਂ ਦੱਸਿਆ ਕਿ ਬਾਅਦ ਦੁਪਹਿਰ ਕੋਲੰਬੋ ਚਿੜੀਆਘਰ ਨੇੜੇ ਸ਼ਕਤੀਸ਼ਾਲੀ ਧਮਾਕਾ ਹੋਇਆ ਜਿਸ ਵਿਚ ਦੋ ਲੋਕ ਮਾਰੇ ਗਏ। ਜਦੋਂ ਪੁਲਿਸ ਦੀ ਟੀਮ ਇਕ ਘਰ ਦੀ ਤਲਾਸ਼ੀ ਲਈ ਦਾਖਲ ਹੋਈ ਤਾਂ ਇਕ ਫਿਦਾਈਨ ਨੇ ਆਪਣੇ ਆਪ ਨੂੰ ਉਡਾ ਲਿਆ। ਇਸ ਨਾਲ ਦੋ ਮੰਜ਼ਿਲਾ ਇਮਾਰਤ ਢਹਿ ਗਈ ਜਿਸ ਕਾਰਨ ਤਿੰਨ ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਗਈ। ਇਹ ਅੱਠਵਾਂ ਬੰਬ ਧਮਾਕਾ ਸੀ। ਸਰਕਾਰ ਨੇ ਕਰਫਿਊ ਲਗਾ ਦਿੱਤਾ ਹੈ। ਪੁਲਿਸ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਛੁੱਟੀ ‘ਤੇ ਚੱਲ ਰਹੇ ਡਾਕਟਰਾਂ, ਨਰਸਾਂ ਅਤੇ ਸਿਹਤ ਅਧਿਕਾਰੀਆਂ ਨੂੰ ਕੰਮ ਉਤੇ ਪਰਤਣ ਲਈ ਕਿਹਾ ਗਿਆ ਹੈ।
ਰਾਸ਼ਟਰਪਤੀ ਮੈਤਰੀਪਾਲ ਸਿਰੀਸੇਨਾ ਨੇ ਲੋਕਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ ਹੈ। ਪ੍ਰਧਾਨ ਮੰਤਰੀ ਰਨਿਲ ਵਿਕਰਮਸਿੰਘੇ ਨੇ ਟਵੀਟ ਕਰਕੇ ਇਨ੍ਹਾਂ ਧਮਾਕਿਆਂ ਨੂੰ ‘ਕਾਇਰਾਨਾ ਹਮਲੇ’ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਸਰਕਾਰ ਹਾਲਾਤ ਕਾਬੂ ਵਿਚ ਰੱਖਣ ਦਾ ਕੰਮ ਕਰ ਰਹੀ ਹੈ। ਉਨ੍ਹਾਂ ਸ੍ਰੀਲੰਕਾ ਵਾਸੀਆਂ ਨੂੰ ਅਜਿਹੇ ਸਮੇਂ ਵਿਚ ਇਕੱਠੇ ਅਤੇ ਮਜ਼ਬੂਤ ਰਹਿਣ ਦਾ ਸੱਦਾ ਦਿੱਤਾ। ਧਾਰਮਿਕ ਥਾਵਾਂ ਨੇੜੇ ਸੁਰੱਖਿਆ ਵਧਾ ਦਿੱਤੀ ਗਈ ਹੈ। ਸਰਕਾਰ ਨੇ ਆਰਜ਼ੀ ਤੌਰ ‘ਤੇ ਸੋਸ਼ਲ ਮੀਡੀਆ ਪਲੇਟਫਾਰਮ ਬੰਦ ਕਰ ਦਿੱਤੇ ਹਨ। ਭਾਰਤ ਨੇ ਹਮਲੇ ਦੀ ਨਿਖੇਧੀ ਕਰਦਿਆਂ ਦਹਿਸ਼ਤਗਰਦੀ ਦੇ ਖਾਤਮੇ ਲਈ ਮਜ਼ਬੂਤ ਆਲਮੀ ਕਾਰਵਾਈ ਕਰਨ ਦਾ ਸੱਦਾ ਦਿੱਤਾ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਿਹਾ ਕਿ ਭਾਰਤ ਹਾਲਾਤ ‘ਤੇ ਨੇੜਿਉਂ ਨਿਗ੍ਹਾ ਰੱਖ ਰਿਹਾ ਹੈ।
___________________________
ਧਮਾਕਿਆਂ ਦੀ ਵਿਸ਼ਵ ਭਰ ਦੇ ਆਗੂਆਂ ਵੱਲੋਂ ਨਿਖੇਧੀ
ਲੰਡਨ/ਕੋਲੰਬੋ: ਦੁਨੀਆਂ ਭਰ ਦੇ ਮੁਲਕਾਂ ਜਿਨ੍ਹਾਂ ਵਿਚ ਅਮਰੀਕਾ, ਯੂਕੇ, ਰੂਸ, ਨਿਊਜ਼ੀਲੈਂਡ, ਪਾਕਿਸਤਾਨ, ਨੇਪਾਲ ਅਤੇ ਬੰਗਲਾਦੇਸ਼ ਸ਼ਾਮਲ ਹਨ, ਨੇ ਸ੍ਰੀਲੰਕਾ ਵਿਚ ਗਿਰਜਾ ਘਰਾਂ ਅਤੇ ਹੋਟਲਾਂ ਵਿਚ ਹੋਏ ਬੰਬ ਧਮਾਕਿਆਂ ਦੀ ਨਿਖੇਧੀ ਕੀਤੀ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਟਵੀਟ ਕਰਕੇ ਸ੍ਰੀਲੰਕਾ ਦੇ ਲੋਕਾਂ ਨਾਲ ਦੁੱਖ ਵੰਡਾਇਆ। ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੋਰੀਸਨ ਨੇ ਕਿਹਾ ਕਿ ਆਸਟਰੇਲੀਆ ਹਮਲੇ ਵਿਚ ਮਾਰੇ ਗਏ ਲੋਕਾਂ ਬਾਰੇ ਸੋਚ ਰਿਹਾ ਹੈ। ਉਨ੍ਹਾਂ ਸ੍ਰੀਲੰਕਾ ਦੀ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਜੈਸਿੰਡਾ ਆਰਡਿਨ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ, ਨੇਪਾਲ ਦੇ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ, ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਸ਼ੇਖ ਹਸੀਨਾ, ਜਰਮਨੀ ਦੇ ਰਾਸ਼ਟਰਪਤੀ ਫਰੈਂਕ ਵਾਲਟਰ ਸਟੈਨਮੀਅਰ ਤੋਂ ਇਲਾਵਾ ਬਹਿਰੀਨ ਕਤਰ ਤੇ ਯੂਏਈ ਨੇ ਵੀ ਹਮਲੇ ਦੀ ਨਿਖੇਧੀ ਕੀਤੀ ਹੈ।
___________________________
ਆਤਮਘਾਤੀ ਬੰਬਾਰ ਦੀ ਪਤਨੀ ਤੇ ਭੈਣ ਦੀ ਵੀ ਮੌਤ
ਕੋਲੰਬੋ: ਸ਼ਾਂਗਰੀ-ਲਾ ਹੋਟਲ ਵਿਚ ਆਤਮਘਾਤੀ ਹਮਲਾ ਕਰਨ ਵਾਲੇ ਬੰਬਾਰ ਦੀ ਪਤਨੀ ਤੇ ਭੈਣ ਹੋਰ ਥਾਂ ਹੋਏ ਧਮਾਕੇ ਵਿਚ ਮਾਰੀਆਂ ਗਈਆਂ ਹਨ। ਸ਼ਾਂਗਰੀ-ਲਾ ਹੋਟਲ ਵਿਚ ਧਮਾਕਾ ਕਰਨ ਵਾਲੇ ਦੀ ਸ਼ਨਾਖਤ ਇੰਨਸਨ ਸੀਲਾਵਨ ਵਜੋਂ ਹੋਈ ਹੈ। ਉਹ ਕੋਲੰਬੋ ਵਿਚ ਹੀ ਇਕ ਫੈਕਟਰੀ ਦਾ ਮਾਲਕ ਹੈ। ਸੀਲਾਵਨ ਦੇ ਨੌਂ ਮੁਲਾਜ਼ਮਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ।