ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ.ਬੀ.ਐਸ਼ਈ.) ਨੇ ਪੰਜਾਬ ਵਿਚ ਚੱਲ ਰਹੇ ਕੇਂਦਰੀ ਵਿਦਿਆਲਿਆਂ ਵਿਚ ਪੰਜਾਬੀ ਮਾਧਿਅਮ ਵਾਲੇ ਕੁਝ ਵਿਸ਼ਿਆਂ ਨੂੰ ਪੰਜਾਬੀ ਵਿਚ ਨਾ ਪੜ੍ਹਾਉਣ ਦਾ ਹੁਕਮ ਸੁਣਾਇਆ ਹੈ। ਇਹ ਬੋਰਡ ਕਾਫੀ ਦੇਰ ਤੋਂ ਇਹੋ ਜਿਹੀਆਂ ਨੀਤੀਆਂ ‘ਤੇ ਚੱਲ ਰਿਹਾ ਹੈ ਜਿਸ ਕਾਰਨ ਭਾਰਤ ਦੇ ਵੱਖ-ਵੱਖ ਖੇਤਰਾਂ ਦੀਆਂ ਬੋਲੀਆਂ ਨੂੰ ਹਾਸ਼ੀਏ ‘ਤੇ ਧੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਭਾਸ਼ਾਵਾਂ ਬਾਰੇ ਇਹ ਰੁਝਾਨ ਭਾਰਤ ਦੇ ਸੰਘੀ ਢਾਂਚੇ ਦੀ ਭਾਵਨਾ ਦੇ ਵਿਰੁਧ ਹੈ।
ਸਭ ਮਾਹਿਰ ਮੰਨਦੇ ਹਨ ਕਿ ਬੱਚਿਆਂ ਵਾਸਤੇ ਵਿਦਿਆ ਗ੍ਰਹਿਣ ਕਰਨ ਦਾ ਸਭ ਤੋਂ ਉਚਤਮ ਮਾਧਿਅਮ ਉਸ ਦੀ ਮਾਂ-ਬੋਲੀ ਹੀ ਹੁੰਦੀ ਹੈ। ਉਘੇ ਲੇਖਕ ਸਵਰਾਜਬੀਰ ਨੇ ਆਪਣੇ ਇਸ ਲੇਖ ਵਿਚ ਵੱਖ-ਵੱਖ ਪੱਖਾਂ ਬਾਰੇ ਚਰਚਾ ਕੀਤੀ ਹੈ। -ਸੰਪਾਦਕ
ਸਵਰਾਜਬੀਰ
ਕਿਸੇ ਵੀ ਭੂਗੋਲਿਕ ਖਿੱਤੇ ਦੇ ਲੋਕਾਂ ਦੀ ਆਪਸੀ ਸਾਂਝ ਅਤੇ ਪਛਾਣ ਦਾ ਸਮੂਹਿਕ ਆਧਾਰ ਉਸ ਖਿੱਤੇ ਦੀ ਬੋਲੀ/ਭਾਸ਼ਾ ਹੁੰਦੀ ਹੈ। ਦੁਨੀਆਂ ਦੇ ਸਾਰੇ ਵੱਡੇ ਚਿੰਤਕ ਇਸ ਦਲੀਲ ਬਾਰੇ ਤਕਰੀਬਨ ਸਹਿਮਤ ਹਨ ਕਿ ਕਿਸੇ ਖਿੱਤੇ ਦੀ ਬੋਲੀ/ਭਾਸ਼ਾ ਹੀ ਉਸ ਖਿੱਤੇ ਵਿਚ ਵਸਦੀ ਵਸੋਂ ਦੀ ਕੌਮੀਅਤ ਦਾ ਆਧਾਰ ਹੁੰਦੀ ਹੈ। ਬੋਲੀ/ਭਾਸ਼ਾ ਕੋਈ ਇਕ ਦਿਨ ਵਿਚ ਨਹੀਂ ਬਣ ਜਾਂਦੀ। ਇਹ ਕਿਸੇ ਖਿੱਤੇ ਵਿਚ ਵਸਦੇ ਲੋਕਾਂ ਦੀ ਸਦੀਆਂ ਦੀ ਸਮੂਹਿਕ ਮਾਨਸਿਕ ਸਾਧਨਾ ਰਾਹੀਂ ਹੋਂਦ ਵਿਚ ਆਉਂਦੀ ਹੈ ਅਤੇ ਉਨ੍ਹਾਂ ਦੀ ਰੋਜ਼ਮਰ੍ਹਾ ਦੀ ਜ਼ਿੰਦਗੀ ਵਿਚ ਨਾ ਸਿਰਫ ਗੱਲਬਾਤ ਕਰਨ ਦਾ ਹੀ ਸਾਧਨ ਬਣਦੀ ਹੈ ਸਗੋਂ ਲੋਕਗੀਤਾਂ, ਬਾਤਾਂ ਤੇ ਸਾਹਿਤਕ ਕਿਰਤਾਂ ਰਾਹੀਂ ਉਸ ਇਲਾਕੇ ਦੇ ਜਨਜੀਵਨ ਨੂੰ ਨਵੀਂ ਊਰਜਾ ਦਿੰਦੀ ਹੈ। ਸ਼ਬਦ ਅਰਸ਼ਾਂ ਤੋਂ ਨਹੀਂ ਉਤਰਦੇ ਸਗੋਂ ਕਿਰਤ ਕਰਦੇ ਔਰਤਾਂ ਤੇ ਮਰਦਾਂ ਵਿਚ ਆਪਸੀ ਸੰਚਾਰ ਦੀ ਲੋੜ ‘ਚੋਂ ਪੈਦਾ ਹੁੰਦੇ ਹਨ। ਮਰਦ ਤੇ ਔਰਤ ਵਿਚਲੇ ਆਪਸੀ ਰਿਸ਼ਤੇ, ਬਿਰਹਾ ਤੇ ਮਿਲਣ ਦੀਆਂ ਘੜੀਆਂ, ਪਿਆਰਿਆਂ ਦੀਆਂ ਉਡੀਕਾਂ ਤੇ ਤਾਂਘਾਂ, ਭੈਣਾਂ-ਭਰਾਵਾਂ ਵਿਚਲਾ ਪਿਆਰ, ਮਾਵਾਂ ਤੇ ਧੀਆਂ-ਪੁੱਤਾਂ ਵਿਚਲਾ ਮੋਹ, ਦਾਦਿਆਂ/ਪਿਓਆਂ ਤੇ ਸੰਤਾਨ ਵਿਚਲੇ ਡੂੰਘੇ ਸਨੇਹ ਦੇ ਨਾਤੇ ਬੋਲੀ ਦੀ ਨੁਹਾਰ ਘੜਦੇ ਹਨ। ਕਿਰਤ ਕਰਦੇ ਮਰਦ ਤੇ ਔਰਤ ਬੋਲੀ/ਭਾਸ਼ਾ ਸਿਰਜਦੇ ਹਨ। ਗੱਲ ਕੀ, ਜ਼ਿੰਦਗੀ ਦਾ ਹਰ ਪਹਿਲੂ ਬੋਲੀ ਰਾਹੀਂ ਪਰਿਭਾਸ਼ਤ ਹੁੰਦਾ ਹੈ। ਜ਼ੁਲਮ ਵਿਰੁਧ ਲੜਦੇ ਲੋਕ, ਆਪਣੇ ਦੁੱਖ, ਸੰਘਰਸ਼ ਤੇ ਜਿੱਤਾਂ-ਹਾਰਾਂ ਦੀਆਂ ਵਾਰਾਂ ਲਿਖਦੇ ਹਨ। ਕਵੀ, ਢਾਡੀ, ਅਫਸਾਨਾਨਿਗਾਰ, ਨਾਵਲਕਾਰ, ਗ਼ਲਪ ਲੇਖਕ, ਨਾਟਕਕਾਰ, ਭਾਸ਼ਾ ਮਾਹਿਰ ਆਦਿ ਉਸ ਦੇ ਨੈਣ-ਨਕਸ਼ਾਂ ਨੂੰ ਤਿੱਖਾ ਕਰਦੇ ਹਨ।
ਕਿਹਾ ਜਾਂਦਾ ਹੈ ਕਿ ਬੋਲੀ ਬਾਰ੍ਹਾਂ ਕੋਹਾਂ ‘ਤੇ ਬਦਲ ਜਾਂਦੀ ਹੈ। ਮਨੁੱਖਾਂ ਵਿਚ ਆਪਸੀ ਸਾਂਝ ਅਤੇ ਇਕ ਦੂਸਰੇ ‘ਤੇ ਨਿਰਭਰ ਹੋਣ ਦੀ ਜ਼ਰੂਰਤ ਕਾਰਨ ਬਾਰ੍ਹਾਂ ਕੋਹਾਂ ‘ਤੇ ਬਦਲਣ ਵਾਲੀਆਂ ਬੋਲੀਆਂ ਵਿਚ ਸਾਂਝ ਪੈਦਾ ਹੁੰਦੀ ਹੈ ਅਤੇ ਬਹੁਤ ਸਾਰੀਆਂ ਉਪ-ਭਾਸ਼ਾਵਾਂ ਮਿਲ ਕੇ ਸਾਂਝੀ ਬੋਲੀ ਨੂੰ ਜਨਮ ਦਿੰਦੀਆਂ ਹਨ ਅਤੇ ਆਮ ਤੌਰ ‘ਤੇ ਭੂਗੋਲਿਕ ਖਿੱਤਾ ਉਸ ਬੋਲੀ/ਭਾਸ਼ਾ ਤੋਂ ਹੀ ਆਪਣਾ ਨਾਂ ਗ੍ਰਹਿਣ ਕਰਦੇ ਹਨ ਜਾਂ ਇਸ ਤੋਂ ਉਲਟ ਭਾਸ਼ਾ ਦਾ ਨਾਂ ਉਸ ਇਲਾਕੇ ਦੇ ਰਵਾਇਤੀ ਨਾਮ ‘ਤੇ ਪੈ ਜਾਂਦਾ ਹੈ। ਮੱਧਕਾਲੀਨ ਸਮੇਂ ਦੇ ਮਹਾਨ ਵਿਦਵਾਨ (ਤਾਰਾ ਵਿਗਿਆਨੀ, ਹਿਸਾਬਦਾਨ, ਸਿਹਤ ਵਿਗਿਆਨੀ, ਲੇਖਕ) ਅਲਬਰੂਨੀ ਨੇ 11ਵੀਂ ਸਦੀ ਦੇ ਸ਼ੁਰੂ ਵਿਚ ਆਪਣੀ ਯਾਤਰਾ ਦੌਰਾਨ ਉਸ ਸਮੇਂ ਦੇ ਪੰਜਾਬ ਵਿਚ ਬੋਲੀਆਂ ਜਾ ਰਹੀਆਂ ਭਾਸ਼ਾਵਾਂ ਨੂੰ ਮੁੱਖ ਸ਼ਹਿਰਾਂ ਦੇ ਨਾਂ ਉਤੇ ਲਾਹੌਰੀ ਤੇ ਮੁਲਤਾਨੀ ਆਖਿਆ ਤੇ ਤਿੰਨ ਲਿਪੀਆਂ – ਅਰਧ-ਨਾਗਰੀ, ਸਿੱਧ ਮਾਤ੍ਰਕਾ ਤੇ ਭੱਟ-ਅੱਛਰੀ ਦਾ ਜ਼ਿਕਰ ਕੀਤਾ।
ਡਾ. ਪਰਮਿੰਦਰ ਸਿੰਘ, ਕਿਰਪਾਲ ਸਿੰਘ ਕਸੇਲ ਤੇ ਡਾ. ਗੋਬਿੰਦ ਸਿੰਘ ਲਾਂਬਾ ਅਨੁਸਾਰ ਸਿੱਧ ਮਾਤ੍ਰਕਾ ਤੇ ਭੱਟ-ਅੱਛਰੀ ਗੁਰਮਖੀ ਤੋਂ ਪਹਿਲਾਂ ਦੀਆਂ ਲਿਪੀਆਂ ਹਨ ਅਤੇ ਕਈ ਵਿਦਵਾਨਾਂ ਅਨੁਸਾਰ ਸਿੱਧਮ ਜਾਂ ਸਿੱਧ ਮਾਤ੍ਰਕਾ ਗੁਰਮੁਖੀ ਦਾ ਪੁਰਾਣਾ ਨਾਂ ਹੈ ਜਿਸ ਨੂੰ ਗੁਰੂ ਅੰਗਦ ਦੇਵ ਨੇ ਸੋਧ ਕੇ ਵਰਤੋਂ ਵਿਚ ਲਿਆਂਦਾ। ਪੰਜਾਬੀ ਬੋਲੀ ਦੇ ਵਿਕਾਸ ਬਾਰੇ ਵੱਖ-ਵੱਖ ਵਿਦਵਾਨਾਂ ਦੇ ਵੱਖ-ਵੱਖ ਵਿਚਾਰ ਹਨ। ਪੁਰਾਣੇ ਸਮਿਆਂ ਵਿਚ ਬੋਲਚਾਲ ਦੀ ਭਾਸ਼ਾ ਨੂੰ ਪ੍ਰਾਕ੍ਰਿਤ ਕਿਹਾ ਜਾਂਦਾ ਸੀ ਅਤੇ ਜਦ ਆਮ ਲੋਕਾਂ ਦੁਆਰਾ ਬੋਲੀ ਜਾਂਦੀ ਬੋਲੀ ਵਿਚ ਸਾਹਿਤ ਦੀ ਰਚਨਾ ਹੋਣ ਲੱਗੀ ਤਾਂ ਉਸ ਵੇਲੇ ਵੱਖ-ਵੱਖ ਤਰ੍ਹਾਂ ਦੀਆਂ ਅਪਭ੍ਰੰਸ਼ਾਂ (ਸ਼ੌਰਸੇਨੀ, ਕੈਕਈ, ਪਿਸ਼ਾਚੀ ਅਤੇ ਵ੍ਰਾਚਡ ਆਦਿ) ਦਾ ਜ਼ਿਕਰ ਮਿਲਦਾ ਹੈ। ਸ਼ੇਖ ਫਰੀਦ ਭਾਵੇਂ ਟਕਸਾਲੀ ਪੰਜਾਬੀ ਵਿਚ ਸਲੋਕ ਕਹਿਣ ਵਾਲੇ ਪਹਿਲੇ ਸ਼ਾਇਰ ਮੰਨੇ ਜਾਂਦੇ ਹਨ ਪਰ ਉਨ੍ਹਾਂ ਤੋਂ ਪਹਿਲਾਂ ਪੁਛਿਆ, ਮਸੂਦ, ਮੁੱਲਾ ਦਾਊਦ, ਅਦਹਮਾਨ, ਗੋਰਖ ਨਾਥ, ਚਰਪਟ ਨਾਥ, ਚੋਰੰਗੀ ਨਾਥ ਤੇ ਹੋਰ ਨਾਥ-ਜੋਗੀਆਂ ਦਾ ਜ਼ਿਕਰ ਆਉਂਦਾ ਹੈ।
ਇਸ ਭੂਗੋਲਿਕ ਖਿੱਤੇ ਨੂੰ ਪੁਰਾਣਿਆਂ ਸਮਿਆਂ ਵਿਚ ‘ਸਪਤ ਸਿੰਧੂ’ ਤੇ ‘ਪੰਚ ਨਦ’ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਅਤੇ ਇਸ ਦੇ ਵੱਖ-ਵੱਖ ਇਲਾਕੇ ਸਿੰਧੂ, ਸੌਵੀਰ, ਮਦਰ ਦੇਸ, ਕੈਕਈ ਪ੍ਰਦੇਸ਼, ਉਸ਼ੀਨਰ, ਤ੍ਰਿਗਰਤ ਆਦਿ ਵਜੋਂ ਮਸ਼ਹੂਰ ਹੋਏ। ਲਿਖਤ ਸਾਹਿਤ ਵਿਚ ਇਸ ਭੂਗੋਲਿਕ ਖਿੱਤੇ ਲਈ ਪੰਜਾਬੀ ਸ਼ਬਦ ਪਹਿਲੀ ਵਾਰ ਅਮੀਰ ਖੁਸਰੋ ਨੇ ਵਰਤਿਆ ਅਤੇ ਬਾਅਦ ਵਿਚ ਭਾਈ ਗੁਰਦਾਸ ਨੇ। ਪਹਿਲਾਂ ਪਹਿਲਾਂ ਸਾਡੇ ਸ਼ਾਇਰ ਆਪਣੀ ਬੋਲੀ ਨੂੰ ਹਿੰਦੀ, ਹਿੰਦਕੀ ਜਾਂ ਹਿੰਦਵੀ ਕਹਿੰਦੇ ਸਨ। ਹਾਫਿਜ਼ ਬਰਖੁਰਦਾਰ ਪਹਿਲਾ ਕਿੱਸਾਕਾਰ ਹੈ ਜੋ ਆਪਣੀ ਬੋਲੀ ਨੂੰ ਪੰਜਾਬੀ ਬੋਲੀ ਕਹਿ ਕੇ ਪਛਾਣ ਕਰਾਉਂਦਾ ਹੈ। ਇਸ ਤੋਂ ਬਾਅਦ ਗੁਰੂ ਨਾਨਕ ਦੇਵ ਅਤੇ ਹੋਰ ਸਿੱਖ ਗੁਰੂਆਂ, ਵਾਰਿਸ ਸ਼ਾਹ, ਬੁੱਲ੍ਹੇ ਸ਼ਾਹ, ਸ਼ਾਹ ਹੁਸੈਨ, ਦਮੋਦਰ ਆਦਿ ਨੇ ਬੋਲੀ ਦੇ ਨੈਣ-ਲਕਸ਼ ਘੜੇ ਅਤੇ ਇਸ ਨੂੰ ਉਚ ਦਰਜੇ ਦੀ ਸਾਹਿਤਕ ਬੋਲੀ ਬਣਾ ਦਿੱਤਾ।
ਡਾ. ਹਰਕੀਰਤ ਸਿੰਘ ਦੁਆਰਾ ਹਾਫਿਜ਼ ਮਹਿਮੂਦ ਸ਼ੀਰਾਨੀ ਦੇ ਹਵਾਲੇ ਅਨੁਸਾਰ, ਮੁਗ਼ਲ ਰਾਜ ਦੌਰਾਨ ਸਤਾਰ੍ਹਵੀਂ ਸਦੀ ਦੇ ਅਖੀਰ ਵਿਚ ਬੱਚਿਆਂ ਲਈ ਪੰਜਾਬੀ ਭਾਸ਼ਾ ਵਿਚ ਪਾਠ-ਪੁਸਤਕਾਂ ਲਿਖਣੀਆਂ ਸ਼ੁਰੂ ਕੀਤੀਆਂ ਗਈਆਂ। ਇਸ ਦੀ ਪੁਸ਼ਟੀ ਮੌਲਾ ਬਖਸ਼ ਕੁਸ਼ਤਾ ਵੀ ਕਰਦੇ ਹਨ ਕਿਉਂਕਿ ਇਸ ਸਮੇਂ ਵਿਚ ਕਿਹਰ ਮੱਲ ਸੁਨਾਮੀ, ਉਮੀਦ, ਖੁਦਾ ਬਖਸ਼ ਅਤੇ ਗਣੇਸ਼ ਦਾਸ ਦੁਆਰਾ ਪੰਜਾਬੀ ਰਸਾਲੇ ਲਿਖੇ ਜਾਣ ਦਾ ਜ਼ਿਕਰ ਆਉਂਦਾ ਹੈ ਜਿਨ੍ਹਾਂ ਦਾ ਵਰਨਣ ਵਾਰਿਸ ਸ਼ਾਹ ਨੇ ਆਪਣੇ ਕਿੱਸੇ ਹੀਰ-ਰਾਂਝੇ ਵਿਚ ਵੀ ਕੀਤਾ ਹੈ। ਮਸ਼ਹੂਰ ਭਾਸ਼ਾ ਵਿਗਿਆਨੀ ਡਾ. ਸੁਨੀਤੀ ਕੁਮਾਰ ਚੈਟਰਜੀ ਨੇ ਪੰਜਾਬੀ ਭਾਸ਼ਾ ਦੀ ਪੁਰਾਤਨਤਾ ਬਾਰੇ ਲਿਖਦਿਆਂ ਕਿਹਾ ਹੈ, “ਕੁਝ ਗੱਲਾਂ ਵਿਚ ਹਿੰਦੀ ਪੰਜਾਬੀ ਤੋਂ ਪ੍ਰਭਾਵਿਤ ਹੈ। ਉਚਾਰਨ ਦੇ ਪੱਖ ਤੋਂ ਪੰਜਾਬੀ ਦੀ ਅਗਵਾਈ ਤੇ ਸ੍ਰੇਸ਼ਟਤਾ ਸੁਤੇ ਸਿੱਧ ਹੀ ਮੰਨੀ ਜਾਂਦੀ ਰਹੀ ਹੈ। ਇਸੇ ਲਈ ਹੀ ਪੰਜਾਬੀ ਢੰਗ ਦਾ ਉਚਾਰਨ ਸ਼ੋਭਨੀਕ ਸਮਝਿਆ ਜਾਂਦਾ ਰਿਹਾ ਹੈ ਅਤੇ ਭਾਵੇਂ ਕਈ ਲੋਕ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਹੋਣਗੇ ਪਰ ਪੰਜਾਬੀ ਉਚਾਰਨ ਅੱਜ ਵੀ ਸੁੰਦਰ ਹੀ ਗਿਣਿਆ ਜਾਂਦਾ ਹੈ।” ਇਸੇ ਤਰ੍ਹਾਂ ਖਵਾਜਾ ਅਹਿਮਦ ਅੱਬਾਸ ਨੇ ਲਿਖਿਆ ਹੈ, “ਇਹ ਗ਼ਲਤ ਹੈ ਕਿ ਪੰਜਾਬੀ ਨਵੀਂ ਜ਼ਬਾਨ ਹੈ। ਹਿੰਦੀ ਆਪਣੀ ਹੁਣ ਦੀ ਸ਼ਕਲ ਵਿਚ ਪੰਜ ਸੌ ਸਾਲ ਤੋਂ ਪੁਰਾਣੀ ਨਹੀਂ ਪਰ ਪੰਜਾਬੀ ਨਿਸ਼ਚੇ ਹੀ ਇਸ ਤੋਂ ਬਹੁਤ ਪੁਰਾਣੀ ਹੈ।” ਪੰਜਾਬੀ ਬਲਰਾਜ ਸਾਹਨੀ ਦੀ ਲਿਖੀ ਇਸ ਗੱਲ ਨੂੰ ਵੀ ਬੜਾ ਯਾਦ ਕਰਦੇ ਹਨ ਕਿ ਰਾਬਿੰਦਰ ਨਾਥ ਟੈਗੋਰ ਨੇ ਉਸ ਨੂੰ ਪੰਜਾਬੀ ਵਿਚ ਲਿਖਣ ਦੀ ਪ੍ਰੇਰਨਾ ਦਿੰਦੇ ਕਿਹਾ ਸੀ ਕਿ ਜਿਸ ਬੋਲੀ ਵਿਚ ਗੁਰੂ ਨਾਨਕ ਦੇਵ ਅਤੇ ਬੁੱਲ੍ਹੇ ਸ਼ਾਹ ਨੇ ਕਲਾਮ ਗਾਏ ਹੋਵੇ, ਉਹ ਬੋਲੀ ਪਛੜੀ ਹੋਈ ਬੋਲੀ ਕਿਵੇਂ ਹੋ ਸਕਦੀ ਹੈ।
ਇਹ ਸਾਰੀਆਂ ਗੱਲਾਂ ਅਤੇ ਟੂਕਾਂ, ਕਿਤਾਬਾਂ ਅਤੇ ਵਿਦਵਾਨਾਂ ਦੀਆਂ ਗੱਲਾਂ ਹਨ। ਪੰਜਾਬੀ ਭਾਸ਼ਾ ਦੇ ਸਬੰਧ ਵਿਚ ਅੱਜ ਅਸੀਂ ਕਿਥੇ ਖੜ੍ਹੇ ਹਾਂ? ਬਹੁਤੇ ਘਰਾਂ ਵਿਚ, ਖਾਸ ਕਰਕੇ ਸ਼ਹਿਰੀਆਂ ਦੇ ਘਰਾਂ ਵਿਚ ਮਾਂ-ਪਿਓ ਆਪਣੇ ਬੱਚਿਆਂ ਨਾਲ ਹਿੰਦੀ ਜਾਂ ਅੰਗਰੇਜ਼ੀ ਵਿਚ ਗੱਲ ਕਰਦੇ ਹਨ। ਪੰਜਾਬੀ ਵਿਚ ਗੱਲ ਕਰਨ ਨੂੰ ਹੀਣਤਾ ਦੀ ਨਿਸ਼ਾਨੀ ਸਮਝਿਆ ਜਾਂਦਾ ਹੈ। ਪੰਜਾਬੀ ਭਾਵੇਂ 1967 ਵਿਚ ਪੰਜਾਬ ਦੀ ਰਾਜ ਭਾਸ਼ਾ ਬਣ ਗਈ ਪਰ ਰਾਜ ਦੇ ਕਾਰਵਿਹਾਰ ਦੇ ਕੰਮ ਵਿਚ ਪੰਜਾਬੀ ਨੂੰ ਬਣਦਾ ਗੌਰਵ ਅਜੇ ਵੀ ਨਹੀਂ ਮਿਲਿਆ। ਇਸ ਦੇ ਨਾਲ-ਨਾਲ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਵਿਦਵਾਨਾਂ ਦੁਆਰਾ ਜਿਸ ਤਰ੍ਹਾਂ ਦੀ ਪੰਜਾਬੀ ਲਿਖੀ ਗਈ, ਉਸ ਨੇ ਵੀ ਲੋਕਾਂ ਤੇ ਪੰਜਾਬੀ ਭਾਸ਼ਾ ਵਿਚਕਾਰਲੀ ਦੂਰੀ ਨੂੰ ਵਧਾਇਆ ਹੈ। ਪੰਜਾਬੀਆਂ ਨੂੰ ਆਪਣੇ ਵਿਦਵਾਨਾਂ ਦੁਆਰਾ ਲਿਖੀ ਗਈ ਭਾਸ਼ਾ ਸਮਝ ਨਹੀਂ ਆਉਂਦੀ।
ਜਦ ਆਪਣੇ ਲੋਕ ਹੀ ਆਪਣੀ ਬੋਲੀ ਦੀ ਹੇਠੀ ਕਰਨ ਤਾਂ ਦੂਜਿਆਂ ਤੋਂ ਕੀ ਆਸ ਕੀਤੀ ਜਾ ਸਕਦੀ ਹੈ। ਹੁਣ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ.ਬੀ.ਐਸ਼ਈ.) ਨੇ ਪੰਜਾਬ ਵਿਚ ਚੱਲ ਰਹੇ ਕੇਂਦਰੀ ਵਿਦਿਆਲਿਆਂ ਵਿਚ ਕੁਝ ਵਿਸ਼ਿਆਂ ਨੂੰ ਪੰਜਾਬੀ ਅਤੇ ਹੋਰ ਭਾਸ਼ਾਵਾਂ ਵਿਚ ਨਾ ਪੜ੍ਹਾਉਣ ਦਾ ਫੈਸਲਾ ਕੀਤਾ ਹੈ। ਇਸੇ ਤਰ੍ਹਾਂ ਇਸ ਬੋਰਡ ਨੇ 2018 ਵਿਚ ਅਧਿਆਪਕਾਂ ਦੇ ‘ਨੈਸ਼ਨਲ ਯੋਗਤਾ ਟੈਸਟ’ ਨੂੰ ਅੰਗਰੇਜ਼ੀ, ਹਿੰਦੀ ਤੇ ਸੰਸਕ੍ਰਿਤ ਵਿਚ ਲੈਣ ਦਾ ਫੈਸਲਾ ਕੀਤਾ ਸੀ ਜਿਹੜਾ ਬਾਅਦ ਵਿਚ ਹੋਏ ਵਿਰੋਧ ਕਾਰਨ ਵਾਪਸ ਲੈਣਾ ਪੈ ਗਿਆ।
ਦੁਨੀਆਂ ਭਰ ਦੇ ਭਾਸ਼ਾ ਵਿਗਿਆਨੀ ਤੇ ਮਾਹਿਰ ਇਸ ਗੱਲ ਲਈ ਸਹਿਮਤ ਹਨ ਕਿ ਵਿਦਿਆਰਥੀਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਤਾਲੀਮ ਉਨ੍ਹਾਂ ਦੀ ਮਾਂ-ਬੋਲੀ ਵਿਚ ਦਿੱਤੀ ਜਾਣੀ ਚਾਹੀਦੀ ਹੈ। ਇਥੇ ਇਹ ਜ਼ਿਕਰ ਵੀ ਜ਼ਰੂਰੀ ਹੈ ਕਿ ਦੁਨੀਆਂ ਦੇ ਸਭ ਮਹਾਨ ਵਿਗਿਆਨੀਆਂ, ਖਾਸ ਕਰਕੇ ਨੋਬੇਲ ਇਨਾਮ ਜਿੱਤਣ ਵਾਲੇ ਖੋਜੀਆਂ ਨੇ, ਕੁਝ ਨੂੰ ਛੱਡ ਕੇ, ਤਾਲੀਮ ਆਪਣੀ ਮਾਂ-ਬੋਲੀ ਵਿਚ ਹਾਸਲ ਕੀਤੀ। ਮਾਂ-ਬੋਲੀ ਨੂੰ ਚੰਗੀ ਤਰ੍ਹਾਂ ਨਾਲ ਸਿੱਖਣ ਨਾਲ ਹੀ ਅਸੀਂ ਦੂਸਰੀਆਂ ਭਾਸ਼ਾਵਾਂ, ਹਿਸਾਬ (ਗਣਿਤ-ਵਿਗਿਆਨ), ਵਿਗਿਆਨ ਤੇ ਹੋਰ ਵਿਸ਼ਿਆਂ ਵਿਚ ਮੁਹਾਰਤ ਹਾਸਲ ਕਰ ਸਕਦੇ ਹਾਂ।
ਹਿੰਦੋਸਤਾਨੀ ਬਰੇ-ਸਗੀਰ (ਉਪ-ਮਹਾਂਦੀਪ) ਵਿਚ ਸਨਅਤੀ ਇਨਕਲਾਬ ਵਰਗੀ ਕੋਈ ਘਟਨਾ ਨਹੀਂ ਵਾਪਰੀ ਅਤੇ ਇਸ ਕਾਰਨ ਵਿਗਿਆਨਕ ਸ਼ਬਦਾਵਲੀ ਵਿਕਸਿਤ ਨਹੀਂ ਹੋ ਸਕੀ ਪਰ ਇਸ ਦਾ ਮਤਲਬ ਇਹ ਨਹੀ ਹੈ ਕਿ ਇਹ ਭਾਸ਼ਾਵਾਂ ਸਿਰਫ ਕਵਿਤਾਵਾਂ, ਕਹਾਣੀਆਂ, ਨਾਵਲ, ਕਿੱਸੇ ਆਦਿ ਲਿਖਣ ਵਾਲੀਆਂ ਭਾਸ਼ਾਵਾਂ ਬਣ ਕੇ ਰਹਿ ਜਾਣ ਅਤੇ ਵਿਚਾਰਾਂ ਅਤੇ ਵਿਗਿਆਨ ਦੀਆਂ ਭਾਸ਼ਾਵਾਂ ਨਾ ਬਣਨ। ਇਸ ਕੰਮ ਲਈ ਉਦਮ ਅਤੇ ਸਾਹਸ ਦੀ ਜ਼ਰੂਰਤ ਹੈ ਅਤੇ ਪੰਜਾਬੀ ਵਿਦਵਾਨਾਂ ਨੂੰ ਅਜਿਹਾ ਉਦਮ ਕਰਨਾ ਚਾਹੀਦਾ ਹੈ। ਇਸ ਵੇਲ਼ੇ ਦੀ ਫੌਰੀ ਮੰਗ ਸੀ.ਬੀ.ਐਸ਼ਈ. ਵਲੋਂ ਕੀਤੇ ਗਏ ਇਸ ਫੈਸਲੇ ਨੂੰ ਵਾਪਸ ਕਰਵਾਉਣਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਇਸ ਫੈਸਲੇ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਕੇਂਦਰੀ ਪੰਜਾਬੀ ਲੇਖਕ ਸਭਾ ਨੇ ਇਸ ਫੈਸਲੇ ਦੀ ਨਿਖੇਧੀ ਕਰਦਿਆਂ ਇਸ ਵਿਚਲੀ ਗ਼ੈਰ-ਵਿਗਿਆਨਕ ਪਹੁੰਚ ਦੀ ਆਲੋਚਨਾ ਕੀਤੀ ਹੈ ਪਰ ਇਨ੍ਹਾਂ ਸੰਸਥਾਵਾਂ ਦੇ ਵਿਰੋਧ ਨਾਲ ਹੀ ਕੰਮ ਨਹੀਂ ਬਣਨਾ। ਇਸ ਲਈ ਪੰਜਾਬੀਆਂ ਨੂੰ ਨਾ ਸਿਰਫ ਸਮੂਹਿਕ ਆਵਾਜ਼ ਉਠਾਉਣੀ ਪਵੇਗੀ ਸਗੋਂ ਆਪਣੇ ਅੰਦਰ ਝਾਤੀ ਵੀ ਮਾਰਨੀ ਪਵੇਗੀ ਕਿ ਜੇ ਅਸੀਂ ਆਪਣੀ ਜ਼ਬਾਨ ਨੂੰ ਬਚਾਉਣਾ ਹੈ ਤਾਂ ਅਸੀਂ ਇਸ ਨੂੰ ਸਹੀ ਅਰਥਾਂ ਵਿਚ ਅਪਣਾਈਏ; ਘਰਾਂ ਵਿਚ ਪੰਜਾਬੀ ਬੋਲੀਏ, ਬੱਚਿਆਂ ਨੂੰ ਸਿਖਾਈਏ ਤੇ ਇਸ ਨੂੰ ਇਸ ਦਾ ਬਣਦਾ ਮਾਣ-ਸਨਮਾਨ ਦੇਈਏ। ਜਦ ਅਸੀਂ ਆਪਣੇ ਬੱਚਿਆਂ ਨਾਲ ਪੰਜਾਬੀ ਨਹੀਂ ਬੋਲਦੇ ਤਾਂ ਅਸੀਂ ਨਹੀਂ ਜਾਣਦੇ ਕਿ ਅਸੀਂ ਉਨ੍ਹਾਂ ਨੂੰ ਆਪਣੇ ਵਿਰਸੇ ਨਾਲੋਂ ਤੋੜ ਰਹੇ ਹਾਂ, ਜਿਵੇਂ ਭਾਈ ਗੁਰਦਾਸ ਨੇ ਕਿਹਾ ਹੈ- ਆਪਣੀ ਜੜ੍ਹ ਆਪਣੇ ਹੱਥੀਂ ਪੁੱਟ ਰਹੇ ਹਾਂ। ਜਿਹੜਾ ਮਨੁੱਖ ਆਪਣੀ ਮਾਂ-ਬੋਲੀ ਤੋਂ ਟੁੱਟ ਜਾਂਦਾ ਹੈ, ਉਹ ਰੂਹਾਨੀ ਤੌਰ ‘ਤੇ ਇੰਨਾ ਲਿੱਸਾ ਰਹਿ ਜਾਂਦਾ ਹੈ ਕਿ ਉਸ ਨੂੰ ਆਪਣੇ ਆਪੇ ਦੇ ਹੋਏ ਘਾਣ ਦਾ ਪਤਾ ਵੀ ਨਹੀਂ ਲੱਗਦਾ। ਉਹ ਜੜ੍ਹਹੀਣ ਹੋ ਜਾਂਦਾ ਹੈ। ਅਸੀਂ ਪੰਜਾਬੀ ਵੀ ਕੁਝ ਅਜਿਹੇ ਪਾਸੇ ਵੱਲ ਵੱਧ ਰਹੇ ਹਾਂ।