ਬੂਟਾ ਸਿੰਘ
ਫੋਨ: +91-94634-74342
ਸੰਘ ਬ੍ਰਿਗੇਡ ਵਲੋਂ ਮਾਲੇਗਾਓਂ ਬੰਬ ਧਮਾਕੇ ਦੀ ਇਕ ਮੁੱਖ ਮੁਜਰਮ ਪ੍ਰਗਿਆ ਸਿੰਘ ਠਾਕੁਰ ਨੂੰ ਮੱਧ ਪ੍ਰਦੇਸ਼ ਦੇ ਭੋਪਾਲ ਲੋਕ ਸਭਾ ਹਲਕੇ ਤੋਂ ਆਪਣੀ ਉਮੀਦਵਾਰ ਬਣਾਏ ਜਾਣ ਨਾਲ ਉਨ੍ਹਾਂ ਹਿਸਿਆਂ ਨੂੰ ਵਾਹਵਾ ਠੇਸ ਪਹੁੰਚੀ ਜਾਪਦੀ ਹੈ ਜੋ ਮੁਲਕ ਦੇ ਰਾਜ ਪ੍ਰਬੰਧ ਨੂੰ ਧਰਮ ਨਿਰਪੱਖ ਲੋਕਤੰਤਰ ਮੰਨ ਕੇ ਪੂਜਦੇ ਹਨ। ਦੂਜੇ ਪਾਸੇ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟੀ.ਵੀ. ਚੈਨਲ ਨਾਲ ਆਪਣੀ ਖਾਸ ਇੰਟਰਵਿਊ ਵਿਚ ਦਹਿਸ਼ਤੀ ਬੰਬ ਧਮਾਕਿਆਂ ਦੇ ਕੇਸ ਦਾ ਸਾਹਮਣਾ ਕਰ ਰਹੀ ਇਸ ‘ਸਾਧਵੀ’ ਨੂੰ ਟਿਕਟ ਦਿੱਤੇ ਜਾਣ ਨੂੰ ਜਾਇਜ਼ ਠਹਿਰਾਇਆ ਹੈ।
ਰਾਸ਼ਟਰੀ ਸਵੈਮਸੇਵਕ ਸੰਘ (ਆਰ.ਐਸ਼ਐਸ਼) ਦੇ ਆਲੇ-ਦੁਆਲੇ ਉਸਰੀ ਹਿੰਦੂਤਵ ਸੰਸਕ੍ਰਿਤੀ ਦੇ ਮੱਦੇਨਜ਼ਰ ਇਹ ਬੇਹਯਾਈ ਹੈਰਾਨੀਜਨਕ ਨਹੀਂ। ਇਸ ‘ਸੰਸਕ੍ਰਿਤੀ’ ਵਿਚ ਅਡਵਾਨੀ, ਮੋਦੀ ਵਰਗੇ ਭੜਕਾਊ ਭਾਸ਼ਨਕਾਰ ਸਟਾਰ ਸਿਆਸਤਦਾਨ ਹਨ; ਗੌਡਸੇ ਮਹਾਤਮਾ ਹੈ, ਅਦਿਤਿਆਨਾਥ ਵਰਗੇ ਮੁਜਰਮ ‘ਯੋਗੀ’ ਹਨ; ਰਾਮਦੇਵ ਅਤੇ ਸ੍ਰੀ ਸ੍ਰੀ ਵਰਗੇ ਕਾਰੋਬਾਰੀ ਠੱਗ ‘ਬਾਬੇ’ ਹਨ; ਉਮਾ ਭਾਰਤੀ, ਪ੍ਰਗਿਆ ਸਿੰਘ ਵਰਗੀਆਂ ਜ਼ਹਿਰ ਉਗਲ਼ਦੀਆਂ ਜੀਭਾਂ ‘ਸਾਧਵੀਆਂ’ ਹਨ। ਇਹ ਸਾਰੇ ਹਿੰਦੂਤਵ ਦੇ ਅਸਲ ਚਿਹਰੇ ਹਨ।
ਪ੍ਰਗਿਆ ਸਿੰਘ ਠਾਕੁਰ ਮਾਲੇਗਾਓਂ ਬੰਬ ਕਾਂਡ ਦੇ ਮੁਲਜ਼ਮਾਂ ਵਿਚੋਂ ਇਕ ਹੈ। ਇਸ ਤਰ੍ਹਾਂ ਪੇਸ਼ ਕੀਤਾ ਜਾ ਰਿਹਾ ਹੈ, ਜਿਵੇਂ ਅਦਾਲਤ ਵਲੋਂ ਪ੍ਰਗਿਆ ਸਿੰਘ ਨੂੰ ਕਲੀਨ ਚਿਟ ਦੇ ਦਿੱਤੀ ਗਈ ਹੈ। ਹਕੀਕਤ ਇਹ ਹੈ ਕਿ ਉਸ ਦੇ ਖਿਲਾਫ ਮੁਕੱਦਮਾ ਅਜੇ ਚੱਲ ਰਿਹਾ ਹੈ ਅਤੇ ਉਸ ਨੂੰ 2017 ਵਿਚ ਸਿਰਫ ਮੈਡੀਕਲ ਆਧਾਰ ‘ਤੇ ਜ਼ਮਾਨਤ ਦਿੱਤੀ ਗਈ ਸੀ। 2006-08 ਦੌਰਾਨ ਹੋਏ ਵੱਖ-ਵੱਖ ਛੇ ਬੰਬ ਕਾਂਡਾਂ ਨੇ ਸੈਂਕੜੇ ਲੋਕਾਂ ਦੀਆਂ ਜਾਨਾਂ ਲਈਆਂ। ਮਾਲੇਗਾਓਂ ਕਾਂਡ ਵਿਚ ਛੇ ਵਿਅਕਤੀ ਮਾਰੇ ਗਏ ਅਤੇ ਸੌ ਤੋਂ ਵਧੇਰੇ ਲੋਕ ਜ਼ਖਮੀ ਹੋਏ ਸਨ। ਇਸ ਕਾਂਡ ਪਿੱਛੇ ਵੀ ਇਸਲਾਮੀ ਦਹਿਸ਼ਤਗਰਦਾਂ ਦਾ ਹੱਥ ਦੀ ਘੜੀ-ਘੜਾਈ ਕਹਾਣੀ ਪ੍ਰਚਾਰ ਕੇ ਦਰਜਨਾਂ ਬੇਕਸੂਰ ਮੁਸਲਮਾਨਾਂ ਨੂੰ ਤਸੀਹੇ ਦਿੱਤੇ ਗਏ; ਲੇਕਿਨ ਮਹਾਂਰਾਸ਼ਟਰ ਦੇ ਏ.ਟੀ.ਐਸ਼ (ਐਂਟੀ ਟੈਰਰਿਸਟ ਸੁਕਐਡ) ਦੇ ਮੁਖੀ ਹੇਮੰਤ ਕਰਕਰੇ ਵਲੋਂ ਕੀਤੀ ਪੇਸ਼ੇਵਰ ਜਾਂਚ ਨੇ ਅਸਲ ਦਹਿਸ਼ਤਗਰਦ ਚਿਹਰੇ ਨੰਗੇ ਕਰ ਦਿੱਤੇ। ਜਿਹੜਾ ਸਕੂਟਰ ਖਤਰਨਾਕ ਵਿਸਫੋਟਕ ਫਿਟ ਕਰਕੇ ਬੰਬ ਧਮਾਕਾ ਕਰਨ ਲਈ ਇਸਤੇਮਾਲ ਕੀਤਾ ਗਿਆ ਸੀ, ਉਹ ਪ੍ਰਗਿਆ ਸਿੰਘ ਦਾ ਸੀ। ਜਦੋਂ ਇਨ੍ਹਾਂ ਭਗਵੇਂ ਕਾਰਕੁਨਾਂ ਨੂੰ ਹਿਰਾਸਤ ਵਿਚ ਲੈ ਕੇ ਤਫਤੀਸ਼ ਕੀਤੀ ਗਈ ਤਾਂ ਜਿਸ ਪੱਧਰ ਦੀ ਦਹਿਸ਼ਤਗਰਦ ਸਾਜ਼ਿਸ਼ ਸਾਹਮਣੇ ਆਈ, ਉਸ ਨੇ ਮਹਾਂਰਾਸ਼ਟਰ ਅਤੇ ਕੇਂਦਰੀ ਹੁਕਮਰਾਨਾਂ ਦੇ ਹੋਸ਼ ਉਡਾ ਦਿੱਤੇ। ਸਬੂਤ ਐਨੇ ਪੁਖਤਾ ਸਨ ਕਿ ਸੰਘ ਪਰਿਵਾਰ ਵਲੋਂ ਮਾਮਲੇ ਨੂੰ ਦਬਾਉਣ ਲਈ ਹਰ ਹਰਬਾ ਵਰਤਣ ਦੇ ਬਾਵਜੂਦ ਬੰਬ ਧਮਾਕਿਆਂ ਦਾ ਮੁਕੱਦਮਾ ਦਰਜ ਕਰਨਾ ਪਿਆ ਅਤੇ ਇਸ ਅਖੌਤੀ ਸਾਧਵੀ ਉਪਰ ਦਹਿਸ਼ਤਵਾਦ ਵਿਰੋਧੀ ਕਾਨੂੰਨ ਦੀਆਂ ਧਾਰਾਵਾਂ ਲਗਾਈਆਂ ਗਈਆਂ। ਬਾਅਦ ਵਿਚ ਅਦਾਲਤ ਵਿਚ ਇਸ ਨੂੰ ਇਸ ਆਧਾਰ ‘ਤੇ ਜ਼ਮਾਨਤ ਦੀ ਅਰਜ਼ੀ ਦਿੱਤੀ ਗਈ ਕਿ ਸਾਧਵੀ ਦੀ ਛਾਤੀ ਵਿਚ ਕੈਂਸਰ ਹੋਣ ਕਾਰਨ ਉਸ ਦੇ ਆਯੁਰਵੈਦਿਕ ਇਲਾਜ ਲਈ ਉਸ ਨੂੰ ਜ਼ਮਾਨਤ ਦੇਣਾ ਜ਼ਰੂਰੀ ਹੈ। ਇਉਂ ਮੋਦੀ ਰਾਜ ਦੌਰਾਨ ਉਸ ਦੀ ਜ਼ਮਾਨਤ ਮਨਜ਼ੂਰ ਹੋ ਗਈ।
‘ਦੁਨੀਆ ਦਾ ਸਭ ਤੋਂ ਵੱਡੀ ਲੋਕਤੰਤਰ’ ਵਿਚ ਦਹਿਸ਼ਤਗਰਦੀ ਦੇ ਸੰਗੀਨ ਮੁਜਰਮਾਂ ਨੂੰ ਟਿਕਟ ਦੇਣਾ ਜਿਥੇ ਇਸ ਪ੍ਰਬੰਧ ਉਪਰ ਬਹੁਤ ਵੱਡਾ ਵਿਅੰਗ ਹੈ, ਉਥੇ ਇਹ ਮੁਜਰਮਾਂ ਨੂੰ ਸਿਆਸੀ ਮੈਦਾਨ ਵਿਚ ਉਤਾਰਨ ਦੀ ਪਹਿਲੀ ਮਿਸਾਲ ਵੀ ਨਹੀਂ ਹੈ। ਹੋਰ ਬਥੇਰੀਆਂ ਮਿਸਾਲਾਂ ਹਨ ਲੇਕਿਨ ਅਦਾਲਤ ਵਿਚ ਦਹਿਸ਼ਤਗਰਦ ਸਾਜ਼ਿਸ਼ ਦੇ ਕੇਸ ਦਾ ਸਾਹਮਣਾ ਕਰ ਰਹੇ ਦਹਿਸ਼ਤਗਰਦ ਨੂੰ ਟਿਕਟ ਦੇਣ ਦੀ ਇਹ ਸ਼ਾਇਦ ਪਹਿਲੀ ਮਿਸਾਲ ਹੈ। ਜਿਥੋਂ ਤਕ ਭਗਵੇਂ ਕੈਂਪ ਦਾ ਸਵਾਲ ਹੈ, ਇਸ ਵਿਚ ਸਿਰੇ ਦੇ ਬਦਨਾਮ ਵਿਅਕਤੀਆਂ ਨੂੰ ਚੋਣਾਂ ਵਿਚ ਸਟਾਰ ਉਮੀਦਵਾਰ ਬਣਾਉਣਾ ਨਵੀਂ ਗੱਲ ਨਹੀਂ। ਖੁਦ ਨਰਿੰਦਰ ਮੋਦੀ ਇਸ ਦਾ ਸਾਖਿਆਤ ਨਮੂਨਾ ਹੈ ਜਿਸ ਨੇ 2002 ਵਿਚ ਗੋਧਰਾ ਕਾਂਡ ਤੋਂ ਬਾਅਦ ‘ਹਿੰਦੂਆਂ ਨੂੰ ਗੁੱਸਾ ਕੱਢ ਲੈਣ ਦਿਓ’ ਦੀ ਦਲੀਲ ਦੇ ਕੇ ਆਪਣੀ ਛਤਰ ਛਾਇਆ ਹੇਠ ਮੁਸਲਮਾਨਾਂ ਦਾ ਕਤਲੇਆਮ ਕਰਵਾਇਆ ਸੀ। ਭਾਜਪਾ ਦਾ ਮੌਜੂਦਾ ਪ੍ਰਧਾਨ ਅਮਿਤ ਸ਼ਾਹ ਤਾਂ ਫਰਜ਼ੀ ਪੁਲਿਸ ਮੁਕਾਬਲਿਆਂ ਵਿਚ ਹੱਤਿਆਵਾਂ ਕਰਾਉਣ ਦੇ ਮਾਮਲਿਆਂ ਵਿਚ ਜੇਲ੍ਹ ਵੀ ਜਾ ਚੁੱਕਾ ਹੈ।
ਜਿਸ ਪ੍ਰਧਾਨ ਮੰਤਰੀ ਨੇ ਪੂਰੇ ਪੰਜ ਸਾਲ ਆਪਣੀਆਂ ਨੀਤੀਆਂ ਬਾਬਤ ਤਿਖੇ ਸਵਾਲਾਂ ਤੋਂ ਬਚਣ ਲਈ ਇਕ ਵਾਰ ਵੀ ਮੀਡੀਆ ਦਾ ਸਾਹਮਣਾ ਕਰਨ ਦੀ ਹਿੰਮਤ ਨਹੀਂ ਕੀਤੀ, ਉਸ ਵਲੋਂ ਵਿਸ਼ੇਸ਼ ਪ੍ਰੈਸ ਮਿਲਣੀ ਕਰਕੇ ਪ੍ਰਗਿਆ ਸਿੰਘ ਨੂੰ ‘ਪੀੜਤ’ ਬਣਾ ਕੇ ਪੇਸ਼ ਕੀਤੇ ਜਾਣ ਤੋਂ ਸਪਸ਼ਟ ਹੋ ਗਿਆ ਕਿ ਇਹ ਆਰ.ਐਸ਼ਐਸ਼ ਦਾ ਗਿਣਿਆ-ਮਿਥਿਆ ਚੋਣ ਪੈਂਤੜਾ ਹੈ। ਇਸ ਸਾਧਵੀ ਨੂੰ ਫਿਰਕੂ ਪਾਲਾਬੰਦੀ ਨੂੰ ਵਧਾ ਕੇ ਚੋਣ ਲਾਹਾ ਲੈਣ ਲਈ ਹਿੰਦੂ ਵੋਟਾਂ ਖਿੱਚਣ ਵਾਲੇ ਚਿਹਰੇ ਦੇ ਤੌਰ ‘ਤੇ ਅੱਗੇ ਲਿਆਂਦਾ ਗਿਆ ਹੈ। ਉਸ ਦੇ ਦੋ ਚਿਹਰੇ ਪੇਸ਼ ਕੀਤੇ ਜਾ ਰਹੇ ਹਨ। ਇਕ ਪਾਸੇ ਉਸ ਨੂੰ ਐਸੇ ਬੇਕਸੂਰ ਹਿੰਦੂਆਂ ਦੀ ਨੁਮਾਇੰਦਾ ਮਿਸਾਲ ਬਣਾਇਆ ਜਾ ਰਿਹਾ ਹੈ ਜਿਨ੍ਹਾਂ ਨੂੰ ਕਥਿਤ ਤੌਰ ‘ਤੇ ਕਾਂਗਰਸ ਸਰਕਾਰ ਨੇ ਘੱਟਗਿਣਤੀ ਨੂੰ ਖੁਸ਼ ਕਰਨ ਲਈ ਅਤੇ ਹਿੰਦੂਆਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਤਹਿਤ ਬੰਬ ਧਮਾਕਿਆਂ ਦੇ ਮਾਮਲਿਆਂ ਵਿਚ ਫਸਾਇਆ। ਇਹ ਹਮਦਰਦੀ ਬਟੋਰਨ ਵਾਲਾ ਚਿਹਰਾ ਹੈ। ਉਸ ਦਾ ਦੂਜਾ ਚਿਹਰਾ ਜ਼ਹਿਰ ਉਗਲਣ ਵਾਲੇ ਮੂੰਹਫਟ ਭਗਵੇਂ ਪ੍ਰਚਾਰਕ ਦਾ ਹੈ ਜਿਸ ਨੂੰ ਚੋਣਾਂ ਦੌਰਾਨ ਹਿੰਦੂਆਂ ਦੇ ‘ਸਦੀਆਂ ਦੇ ਅਪਮਾਨ’ ਦਾ ਬਦਲਾ ਲੈਣ ਵਾਲੇ ਦਲੇਰ ਚਿਹਰੇ ਵਜੋਂ ਪੇਸ਼ ਕਰਕੇ ਅਤੇ ਭੜਕਾਊ ਟਿਪਣੀਆਂ ਕਰਨ ਦੀ ਖੁੱਲ੍ਹ ਦੇ ਕੇ ਫਿਰਕੂ ਪਾਲਾਬੰਦੀ ਕਰਨ ਲਈ ਇਸਤੇਮਾਲ ਕੀਤਾ ਜਾ ਰਿਹਾ ਹੈ। ਉਸ ਦੇ ਹਾਲੀਆ ਵਿਵਾਦਪੂਰਨ ਬਿਆਨ ਇਸੇ ਚੋਣ ਰਣਨੀਤੀ ਦਾ ਹਿੱਸਾ ਹਨ।
ਉਂਜ, ਦਹਿਸ਼ਤਗਰਦ ਪ੍ਰਗਿਆ ਸਿੰਘ ਦੇ ਧਮਾਕੇਦਾਰ ਬਿਆਨ ਨਾਲ ਸੰਘ ਬ੍ਰਿਗੇਡ ਕਸੂਤੀ ਹਾਲਤ ਵਿਚ ਘਿਰ ਗਿਆ ਹੈ। ਪ੍ਰਗਿਆ ਸਿੰਘ ਨੇ ਦਾਅਵਾ ਕੀਤਾ ਕਿ ਉਸ ਨੂੰ ਤਸੀਹੇ ਦੇਣ ਵਾਲਾ ਪੁਲਿਸ ਅਧਿਕਾਰੀ ਹੇਮੰਤ ਕਰਕਰੇ ਉਸ ਵਲੋਂ ਦਿੱਤੇ ਸਰਾਪ ਕਾਰਨ ਮਰਿਆ। ਸਮੱਸਿਆ ਇਹ ਖੜ੍ਹੀ ਹੋ ਗਈ ਕਿ ਸੰਘ ਵਾਲੇ ਤਾਂ ਦਹਿਸ਼ਤਗਰਦਾਂ ਨਾਲ ਮੁਕਾਬਲਿਆਂ ਵਿਚ ਮਾਰੇ ਗਿਆਂ ਨੂੰ ਸ਼ਹੀਦ ਮੰਨਦੇ ਹਨ, ਉਹ ਪ੍ਰਗਿਆ ਸਿੰਘ ਦੇ ਬਿਆਨ ਦੇ ਹੱਕ ਵਿਚ ਕਿਵੇਂ ਖੜ੍ਹਨ? ਜੇ ਇਹੀ ਬਿਆਨ ਕਿਸੇ ਹੋਰ ਨੇ ਦਿੱਤਾ ਹੁੰਦਾ ਤਾਂ ਹਿੰਦੂਤਵੀ ਹਜੂਮਾਂ ਨੇ ਉਸ ਨੂੰ ਦੇਸ਼ਧ੍ਰੋਹੀ ਕਰਾਰ ਦੇ ਕੇ ਉਸ ਦਾ ਜਿਊਣਾ ਔਖਾ ਕਰ ਦੇਣਾ ਸੀ। ਭਾਜਪਾ ਹਾਈਕਮਾਨ ਨੇ ਇਹ ਕਹਿ ਕੇ ਪੱਲਾ ਝਾੜ ਲਿਆ ਕਿ ਇਹ ਪ੍ਰੱਗਿਆ ਸਿੰਘ ਦੇ ਨਿਜੀ ਵਿਚਾਰ ਹਨ ਜੋ ਹਿਰਾਸਤ ਵਿਚ ਉਸ ਵਲੋਂ ਝੱਲੇ ਮਾਨਸਿਕ ਅਤੇ ਜਿਸਮਾਨੀ ਸੰਤਾਪ ਦਾ ਇਜ਼ਹਾਰ ਹਨ।
ਜਿਥੋਂ ਤਕ ਮੋਦੀ ਵਲੋਂ ਪ੍ਰਗਿਆ ਸਿੰਘ ਨੂੰ ਉਮੀਦਵਾਰ ਬਣਾਉਣ ਦੇ ਹੱਕ ਦਿੱਤੀਆਂ ਦਲੀਲਾਂ ਦਾ ਸਵਾਲ ਹੈ, ਇਹ ਉਕਾ ਹੀ ਗ਼ਲਤ ਨਹੀਂ। ਉਹ ਰਾਜੀਵ ਗਾਂਧੀ ਵਲੋਂ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ‘ਜਦੋਂ ਵੱਡਾ ਰੁੱਖ ਡਿੱਗਦਾ ਹੈ…’ ਦੇ ਹਵਾਲੇ ਨਾਲ ਕਾਂਗਰਸ ਉਪਰ ਹਮਲਾ ਕਰਦਾ ਹੋਇਆ ਕਹਿੰਦਾ ਹੈ ਕਿ ਜੇ ਪੰਜ ਹਜ਼ਾਰ ਤੋਂ ਵਧੇਰੇ ਸਿੱਖਾਂ ਦੇ ਯੋਜਨਾਬੱਧ ਕਤਲੇਆਮ ਨੂੰ ਜਾਇਜ਼ ਠਹਿਰਾਉਣ ਵਾਲਾ ਪ੍ਰਧਾਨ ਮੰਤਰੀ ਬਣ ਸਕਦਾ ਹੈ, ਕਤਲੇਆਮ ਵਿਚ ਮੋਹਰੀ ਭੂਮਿਕਾ ਨਿਭਾਉਣ ਵਾਲੇ ਐਚ.ਕੇ.ਐਲ਼ਭਗਤ, ਸੱਜਣ ਕੁਮਾਰ ਵਰਗੇ ਕਾਂਗਰਸੀ ਆਗੂ ਕੇਂਦਰੀ ਮੰਤਰੀ ਮੰਡਲ ਵਿਚ ਅਤੇ ਹੋਰ ਉਚੇ ਅਹੁਦਿਆਂ ਉਪਰ ਰਹਿ ਸਕਦੇ ਹਨ, ਕਮਲਨਾਥ ਨੂੰ ਜ਼ੋਰਦਾਰ ਵਿਰੋਧ ਹੋਣ ਦੇ ਬਾਵਜੂਦ ਮੱਧ ਪ੍ਰਦੇਸ ਦਾ ਮੁੱਖ ਮੰਤਰੀ ਥਾਪਿਆ ਜਾ ਸਕਦਾ ਹੈ ਤਾਂ ਇਕੱਲੀ ਪ੍ਰੱਗਿਆ ਸਿੰਘ ਉਪਰ ਸਵਾਲ ਕਿਉਂ ਉਠਾਏ ਜਾ ਰਹੇ ਹਨ? ਉਸ ਦੀ ਦਲੀਲ ਵਿਚ ਵਜ਼ਨ ਹੈ। ਕਾਂਗਰਸ ਦਾ ਇਹੀ ਘਿਨਾਉਣਾ ਇਤਿਹਾਸ ਹੈ ਲੇਕਿਨ ਵਿਡੰਬਨਾ ਇਹ ਹੈ ਕਿ ਜਿਹੜੇ ਬਹੁਤ ਸਾਰੇ ‘ਧਰਮ ਨਿਰਪੱਖਤਾ’ ਦੇ ਹਮਾਇਤੀ ਅੱਜ ਸਾਧਵੀ ਦੇ ਮਾਮਲੇ ਦੀ ਦੁਹਾਈ ਦੇ ਕੇ ‘ਧਰਮ ਨਿਰਪੱਖ ਮੁੱਲਾਂ’ ਨੂੰ ਬਚਾਉਣ ਲਈ ਤਹੂ ਹਨ, ਉਹ ਕਾਤਲ ਕਾਂਗਰਸੀਆਂ ਨੂੰ ਵਿਧਾਇਕ, ਵਜ਼ੀਰ ਬਣਾਏ ਜਾਣ ਸਮੇਂ ਖਾਮੋਸ਼ ਰਹੇ।
ਇਸ ਦੇ ਨਾਲ ਹੀ, ਮੋਦੀ ਦੀ ਇਹ ਦਲੀਲ ਕੋਰਾ ਝੂਠ ਹੈ ਕਿ ਪੰਜ ਹਜ਼ਾਰ ਪੁਰਾਣੀ ਸੰਸਕ੍ਰਿਤੀ ਵਾਲੇ ਹਿੰਦੂ ਕਦੇ ਦਹਿਸ਼ਤਗਰਦੀ ਵਿਚ ਸ਼ਾਮਲ ਨਹੀਂ ਰਹੇ। ਹਰ ਹਿੰਦੂ ਦਹਿਸ਼ਤਗਰਦ ਨਹੀਂ ਲੇਕਿਨ ਹਰ ਕੱਟੜ ਹਿੰਦੂਤਵਵਾਦੀ ਦੀ ਜ਼ਿਹਨੀਅਤ ਦਹਿਸ਼ਤਗਰਦ ਹੈ। ਸੰਘੀ ਦਹਿਸ਼ਤਗਰਦੀ ਨੂੰ ਘੱਟਗਿਣਤੀ ਧਾਰਮਿਕ ਫਿਰਕਿਆਂ ਨਾਲ ਜੋੜ ਕੇ ਇਤਿਹਾਸ ਨੂੰ ਜਿੰਨਾ ਮਰਜ਼ੀ ਤੋੜ-ਮਰੋੜ ਕੇ ਪੇਸ਼ ਕਰਦੇ ਰਹਿਣ, ਉਹ ਆਪਣੇ ਲਹੂ ਲਿਬੜੇ ਚਿਹਰੇ ਲੁਕੋ ਨਹੀਂ ਸਕਦੇ। ਬ੍ਰਾਹਮਣਵਾਦੀਆਂ ਵਲੋਂ ਬੋਧੀ ਫਿਰਕੇ ਦੀ ਨਸਲਕੁਸ਼ੀ ਅਤੇ ਦਲਿਤਾਂ ਉਪਰ ਸਦੀਆਂ ਤੋਂ ਕੀਤੇ ਜਾ ਰਹੇ ਜ਼ੁਲਮ, ਗਾਂਧੀ ਦੇ ਹਤਿਆਰੇ ਗੌਡਸੇ ਅਤੇ ਵੀ.ਡੀ. ਸਾਵਰਕਰ ਦਾ ਰਿਸ਼ਤਾ ਅਤੇ ਨਰਿੰਦਰ ਡਭੋਲਕਰ ਤੇ ਹੋਰ ਅਗਾਂਹਵਧੂ ਬੁਧੀਜੀਵੀਆਂ ਦੇ ਕਾਤਲਾਂ ਦੀ ਹਿੰਦੂਤਵ ਸ਼ਨਾਖਤ ਜੱਗ ਜ਼ਾਹਰ ਤੱਥ ਹਨ।
ਇਥੇ ਅਦਾਲਤੀ ਪ੍ਰਣਾਲੀ ਦੇ ਦੋਹਰੇ ਮਿਆਰਾਂ ਦਾ ਜ਼ਿਕਰ ਵੀ ਜ਼ਰੂਰੀ ਹੈ। ਪ੍ਰਗਿਆ ਸਿੰਘ ਦੀ ਹੀ ਮਿਸਾਲ ਹੈ। ਕਿਹਾ ਜਾਂਦਾ ਹੈ ਕਿ ਮੁਸਲਿਮ ਨੌਜਵਾਨ ਯਾਕੂਬ ਮੈਮਨ ਦਾ ਸਕੂਟਰ ਕਥਿਤ ਤੌਰ ‘ਤੇ ਮੁੰਬਈ ਬੰਬ ਧਮਾਕਿਆਂ ਵਿਚ ਇਸਤੇਮਾਲ ਕੀਤਾ ਗਿਆ ਸੀ। ਇਸ ਆਧਾਰ ‘ਤੇ ਉਸ ਨੂੰ ਬੰਬ ਧਮਾਕਿਆਂ ਦੀ ਸਾਜ਼ਿਸ਼ ਵਿਚ ਸ਼ਾਮਲ ਮੰਨ ਕੇ ਫਾਂਸੀ ਦੇ ਦਿੱਤੀ ਗਈ ਲੇਕਿਨ ਪ੍ਰਗਿਆ ਸਿੰਘ ਦਾ ਬਾਈਕ ਬੰਬ ਧਮਾਕੇ ਵਿਚ ਇਸਤੇਮਾਲ ਕੀਤੇ ਜਾਣ ਦੇ ਬਾਵਜੂਦ ਉਸ ਨੂੰ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ ਕਿਉਂਕਿ ਸੰਘ ਬ੍ਰਿਗੇਡ ਦੇ ਰਾਜ ਵਿਚ ਜਾਂਚ ਏਜੰਸੀਆਂ ਉਸ ਨੂੰ ਜ਼ਮਾਨਤ ਦੇਣ ਦਾ ਵਿਰੋਧ ਕਰਨ ਦੀ ਹਿੰਮਤ ਨਹੀਂ ਕਰਨਗੀਆਂ। ਇਹ ਹੈ, ਇਸ ਮੁਲਕ ਵਿਚ ਘੱਟਗਿਣਤੀ ਅਤੇ ਬਹੁਗਿਣਤੀ ‘ਚੋਂ ਹੋਣ ਦੇ ਆਧਾਰ ‘ਤੇ ਨਿਆਂ ਪ੍ਰਣਾਲੀ ਦਾ ਦੋਹਰਾ ਮਿਆਰ। ਇਹੀ ਨਹੀਂ, ਮੈਡੀਕਲ ਆਧਾਰ ‘ਤੇ ਵਿਸ਼ੇਸ਼ ਅਦਾਲਤ ਹਿੰਦੂਤਵ ਦਹਿਸ਼ਤਗਰਦ ਪ੍ਰਗਿਆ ਸਿੰਘ ਨੂੰ ਜ਼ਮਾਨਤ ਦਿੰਦੀ ਹੈ ਲੇਕਿਨ ਇਹੀ ਨਿਆਂ ਪ੍ਰਣਾਲੀ 90 ਫੀਸਦੀ ਅਪਾਹਜ ਪ੍ਰੋਫੈਸਰ ਸਾਈਬਾਬਾ ਨੂੰ ਇਹ ਕਹਿ ਕੇ ਜ਼ਮਾਨਤ ਦੇਣ ਤੋਂ ਨਾਂਹ ਕਰ ਦਿੰਦੀ ਹੈ ਕਿਉਂਕਿ ਸਰਕਾਰੀ ਵਕੀਲ ਦੀ ਦਲੀਲ ਹੈ ਕਿ ਪ੍ਰੋਫੈਸਰ ਜ਼ਮਾਨਤ ‘ਤੇ ਬਾਹਰ ਆ ਕੇ ਕੇਸ ਨੂੰ ਪ੍ਰਭਾਵਿਤ ਕਰ ਸਕਦਾ ਹੈ!
ਪ੍ਰਗਿਆ ਸਿੰਘ ਨੂੰ ਉਮੀਦਵਾਰ ਬਣਾਉਣਾ ਸਾਫ ਸੰਕੇਤ ਹੈ। ਜਿੱਤ ਜਾਣ ਦੀ ਸੂਰਤ ਵਿਚ ਉਸ ਨੂੰ ਉਮਾ ਭਾਰਤੀ, ਅਦਿਤਿਆਨਾਥ ਵਾਂਗ ਹੋਰ ਉਚਾ ਅਹੁਦਾ ਦੇ ਕੇ ਸਨਮਾਨਿਆ ਜਾਵੇਗਾ। ਇਸ ਤੋਂ ਇਹ ਵੀ ਸਪਸ਼ਟ ਹੈ ਕਿ ਜੇ ਇਸ ਵਾਰ ਸੰਘ ਬ੍ਰਿਗੇਡ ਦੁਬਾਰਾ ਸਰਕਾਰ ਬਣਾਉਣ ਵਿਚ ਕਾਮਯਾਬ ਹੋ ਜਾਂਦਾ ਹੈ ਤਾਂ ਅਗਲੇ ਸਾਲਾਂ ਵਿਚ ਬਹੁਗਿਣਤੀ ਦੀ ਦਹਿਸ਼ਤਗਰਦੀ ਘੱਟਗਿਣਤੀਆਂ ਅਤੇ ਹੋਰ ਦੱਬੇ-ਕੁਚਲੇ ਲੋਕਾਂ ਨਾਲ ਕਿੰਨਾ ਫਾਸ਼ੀਵਾਦੀ ਤਰੀਕੇ ਨਾਲ ਪੇਸ਼ ਆਵੇਗੀ। ਹੁਣ ਵੀ ਇਹ ਰਾਜ ਪ੍ਰਬੰਧ ਧਰਮ ਨਿਰਪੱਖਤਾ ਦੇ ਪਰਦੇ ਹੇਠ ਬਹੁਗਿਣਤੀਵਾਦੀ ਹਿੰਦੂ ਉਚਜਾਤੀ ਰਾਜ ਹੈ। ਸੰਘ ਬ੍ਰਿਗੇਡ ਇਸ ਨੂੰ ਐਲਾਨੀਆ ਹਿੰਦੂ ਰਾਸ਼ਟਰ ਬਣਾਉਣ ਦਾ ਏਜੰਡਾ ਲੈ ਕੇ ਕੰਮ ਕਰ ਰਿਹਾ ਹੈ। ਜੇ ‘ਧਰਮ ਨਿਰਪੱਖ’ ਰਾਜ ਵਿਚ ਹਿੰਦੂਤਵ ਦਹਿਸ਼ਤਗਰਦਾਂ ਅਤੇ ਹਜੂਮੀ ਹਤਿਆਰਿਆਂ ਨੂੰ ਮਨਮਾਨੀਆਂ ਕਰਨ ਦੀ ਖੁੱਲ੍ਹੀ ਛੁੱਟੀ ਹੈ ਤਾਂ ਫਾਸ਼ੀਵਾਦੀ ਹਿੰਦੂ ਰਾਸ਼ਟਰ ਦੇ ਭਿਆਨਕ ਹਾਲਾਤ ਦੀ ਕਲਪਨਾ ਸਹਿਜੇ ਹੀ ਕੀਤੀ ਜਾ ਸਕਦੀ ਹੈ। ਚੋਣਾਂ ਦੇ ਨਤੀਜਿਆਂ ਨਾਲੋਂ ਇਸ ਖਤਰੇ ਪ੍ਰਤੀ ਸੁਚੇਤ ਹੋਣਾ ਜ਼ਿਆਦਾ ਜ਼ਰੂਰੀ ਹੈ।