ਵਿਗੜੀ ਤਾਣੀ ਸੁਧਾਰਨ ਲਈ ਗੋਆ ਦੇ ਗੇੜਿਆਂ ਦੀ ਲੋੜ ਨਹੀਂ

-ਜਤਿੰਦਰ ਪਨੂੰ
ਮੁੱਦਿਆਂ ਦੀ ਭਰਮਾਰ ਦੇ ਹੁੰਦਿਆਂ ਵੀ ਅਸੀਂ ਬਾਕੀ ਸਾਰੇ ਮੁੱਦੇ ਛੱਡ ਕੇ ਇਸ ਵਕਤ ਗੋਆ ਦੇ ਸੈਲਾਨੀ ਸਥਾਨ ਉਤੇ ਅਕਾਲੀ-ਭਾਜਪਾ ਦੇ ਵਿਚਾਰ ਮੰਥਨ ਨੂੰ ਵਿਚਾਰ ਲਈ ਚੁਣਿਆ ਹੈ। ਅਕਾਲੀ-ਭਾਜਪਾ ਆਗੂਆਂ ਨੇ ਦੋ ਦਿਨਾਂ ਦੀ ਸੈਰ ਕਰ ਲਈ, ਇਸ ਕੰਮ ਲਈ ਉਨ੍ਹਾਂ ਨੇ ਪੱਲਿਓਂ ਕਿੰਨਾ ਖਰਚਾ ਕੀਤਾ ਤੇ ਸਰਕਾਰੀ ਕਿੰਨਾ ਹੋਇਆ, ਇਸ ਬਹਿਸ ਦਾ ਬਹੁਤਾ ਅਰਥ ਕੱਢਣ ਵਾਸਤੇ ਕਦੇ ਵੱਖਰੀ ਮਗਜ਼-ਪੱਚੀ ਹੋ ਜਾਵੇਗੀ। ਸੱਦੇ ਹੋਏ ਵਿਧਾਇਕਾਂ ਤੇ ਆਗੂਆਂ ਤੋਂ ਬਿਨਾਂ ਕਿੰਨੇ ਹੋਰ ਪਰਨਾ-ਚੁੱਕ ਬਿਨਾਂ ਸੱਦੇ ਤੋਂ ਗੋਆ ਜਾ ਕੇ ਅਫਸਰਾਂ ਨੂੰ ਬਾਦਲ ਸਾਹਿਬ ਦੇ ਨਾਲ ਹੋਣ ਦਾ ਦਾਅਵਾ ਕਰ ਕੇ ਫੋਕਾ ਟੌਹਰ ਬਣਾਉਂਦੇ ਰਹੇ, ਇਹ ਵੀ ਗੱਲ ਜਿਵੇਂ ਸ਼ਿਮਲੇ ਦੇ ਚਿੰਤਨ ਕੈਂਪ ਵਿਚ ਹੋਈ ਸੀ, ਉਸ ਤੋਂ ਵੱਖਰੀ ਨਹੀਂ ਤੇ ਇਸੇ ਲਈ ਬਹੁਤਾ ਵਿਚਾਰਨ ਵਾਲੀ ਨਹੀਂ। ਇਸ ਦੀ ਥਾਂ ਅਸੀਂ ਇਸ ਕੈਂਪ ਦੇ ਦੂਸਰੇ ਦਿਨ ਦੀ ਉਸ ਵਿਚਾਰ ਦੀ ਗੱਲ ਕਰਨੀ ਚਾਹਾਂਗੇ, ਜਿਹੜੀ ਬਹੁਤੇ ਅਖਬਾਰਾਂ ਵਿਚ ਨਹੀਂ ਆਈ ਤੇ ਅਣਗੌਲੀ ਜਿਹੀ ਹੋ ਕੇ ਰਹਿ ਗਈ ਹੈ।
ਗੋਆ ਦੀ ਗੱਲ ਅਤੇ ਇਸ ਵਿਚ ਅਣਗੌਲੀ ਰਹਿ ਗਈ ਖਬਰ ਦੀ ਚਰਚਾ ਕਰਨ ਤੋਂ ਪਹਿਲਾਂ ਅਸੀਂ ਬਾਰਾਂ ਕੁ ਸਾਲ ਪਹਿਲਾਂ ਦੀ ਇੱਕ ਹੋਰ ਕਹਾਣੀ ਦੱਸਣੀ ਚਾਹੁੰਦੇ ਹਾਂ। ਉਦੋਂ ਸ਼ ਪ੍ਰਕਾਸ਼ ਸਿੰਘ ਬਾਦਲ ਤੀਸਰੀ ਵਾਰ ਪੰਜਾਬ ਦੇ ਮੁੱਖ ਮੰਤਰੀ ਹੁੰਦੇ ਸਨ ਤੇ ਕੈਪਟਨ ਅਮਰਿੰਦਰ ਸਿੰਘ ਦਾ ਮੁੱਖ ਮੰਤਰੀ ਬਣਨ ਦਾ ਮਹੂਰਤ ਅਜੇ ਨਹੀਂ ਸੀ ਨਿਕਲ ਸਕਿਆ। ਉਨ੍ਹੀਂ ਦਿਨੀਂ ਮੁੱਖ ਮੰਤਰੀ ਸ਼ ਬਾਦਲ ਨੇ ਅਕਾਲੀ-ਭਾਜਪਾ ਗੱਠਜੋੜ ਦੇ ਦੋਆਬੇ ਦੇ ਸਾਰੇ ਵਿਧਾਇਕਾਂ ਦੀ ਇੱਕ ਮੀਟਿੰਗ ਜਲੰਧਰ ਵਿਚ ਰੱਖੀ ਤੇ ਉਨ੍ਹਾਂ ਦੇ ਨਾਲ ਕਈ ਸੀਨੀਅਰ ਸਿਵਲ ਅਤੇ ਪੁਲਿਸ ਅਧਿਕਾਰੀ ਵੀ ਉਚੇਚ ਨਾਲ ਬੁਲਾਏ ਗਏ ਤਾਂ ਕਿ ਵਿਧਾਇਕਾਂ ਦੇ ਗਿਲੇ-ਸ਼ਿਕਵੇ ਦੂਰ ਕੀਤੇ ਜਾ ਸਕਣ। ਮੀਟਿੰਗ ਤੋਂ ਵਿਹਲੇ ਹੋ ਕੇ ਬਾਕੀ ਤਾਂ ਚਲੇ ਗਏ ਤੇ ਦੋ-ਤਿੰਨ ਸੀਨੀਅਰ ਅਫਸਰਾਂ ਨੇ ਰਾਤ ਨੂੰ ਕਿਸੇ ਮਿੱਤਰ ਦੇ ਘਰ ਖਾਣ ਅਤੇ ਨਾਲ ਦੀ ਨਾਲ ਕੁਝ ਪੀਣ ਦਾ ਪ੍ਰੋਗਰਾਮ ਵੀ ਰੱਖ ਲਿਆ। ਉਸ ਮਿੱਤਰ ਨੇ ਸਾਨੂੰ ਦੋ ਪੱਤਰਕਾਰਾਂ ਨੂੰ ਵੀ ਨਿੱਜੀ ਸਾਂਝ ਕਾਰਨ ਬੁਲਾ ਲਿਆ।
ਗੱਲਾਂ ਚੱਲ ਪਈਆਂ ਤਾਂ ਉਨ੍ਹਾਂ ਅਫਸਰਾਂ ਨੇ ਮੀਟਿੰਗ ਦੀ ਕਹਾਣੀ ਸੁਣਾ ਦਿੱਤੀ ਕਿ ਵਿਧਾਇਕਾਂ ਨੇ ਭ੍ਰਿਸ਼ਟਾਚਾਰ ਦਾ ਰੋਣਾ ਵੀ ਬਹੁਤ ਰੋਇਆ ਤੇ ਹੋਇਆ ਵੀ ਕੁਝ ਨਹੀਂ, ਕਿਉਂਕਿ ਉਹ ਆਪ ਹੀ ਕੁਝ ਹੋਣ ਨਹੀਂ ਦਿੰਦੇ। ਦੱਸਿਆ ਉਨ੍ਹਾਂ ਅਫਸਰਾਂ ਨੇ ਇਹ ਵੀ ਕਿ ਜਦੋਂ ਭ੍ਰਿਸ਼ਟਾਚਾਰ ਦਾ ਚੀਕ-ਚਿਹਾੜਾ ਪਾਇਆ ਤਾਂ ਬਾਦਲ ਸਾਹਿਬ ਨੇ ਕਹਿ ਦਿੱਤਾ ਕਿ ‘ਮੈਂ ਅੱਜ ਹੀ ਤੀਰ ਵਾਂਗ ਸਭ ਨੂੰ ਸਿੱਧੇ ਕਰ ਦਿਆਂਗਾ, ਪਰ ਪਹਿਲਾਂ ਇਹ ਗੱਲ ਮੰਨੋ ਕਿ ਤੁਹਾਡੇ ਵਿਚੋਂ ਕੋਈ ਕਿਸੇ ਭ੍ਰਿਸ਼ਟ ਅਫਸਰ ਦਾ ਸਿਫਾਰਸ਼ੀ ਬਣ ਕੇ ਮੇਰੇ ਕੋਲ ਨਹੀਂ ਆਵੇਗਾ।’ ਸਾਰੇ ਇਹ ਗੱਲ ਮੰਨ ਗਏ। ਫਿਰ ਸ਼ਿਕਾਇਤਾਂ ਦੀ ਗੱਲ ਤੁਰੀ ਤਾਂ ਪਹਿਲਾਂ ਸੜਕਾਂ ਦੇ ਇੱਕ ਬਹੁਤ ਬਦਨਾਮ ਐਕਸੀਐਨ ਦਾ ਨਾਂ ਸਾਹਮਣੇ ਆ ਗਿਆ। ਬਾਦਲ ਸਾਹਿਬ ਨੇ ਐਕਸ਼ਨ ਦਾ ਹੁਕਮ ਕੀਤਾ ਤਾਂ ਇੱਕ ਅਕਾਲੀ ਵਿਧਾਇਕ ਨੇ ਉਠ ਕੇ ਤਰਲਾ ਮਾਰਿਆ, ‘ਬਾਦਲ ਸਾਹਿਬ, ਕਿਸੇ ਹੋਰ ਤੋਂ ਸ਼ੁਰੂ ਕਰ ਲਓ, ਪਹਿਲਾ ਕੁਹਾੜਾ ਮੇਰੇ ਬੰਦੇ ਦੇ ਸਿਰ ਕਿਉਂ ਮਾਰਦੇ ਹੋ?’ ਦੂਸਰੇ ਦਾ ਨਾਂ ਆਇਆ ਤਾਂ ਫਿਰ ਇਹੋ ਹੋਇਆ। ਆਖਰ ਬਾਦਲ ਸਾਹਿਬ ਇਹ ਆਖ ਕੇ ਤੁਰਦੇ ਬਣੇ ਕਿ ‘ਸਾਰੇ ਦੇ ਸਾਰੇ ਬੇਈਮਾਨ ਤੁਸੀਂ ਆਪ ਲੱਗਵਾ ਰੱਖੇ ਹਨ, ਨਾਲੇ ਰੌਲਾ ਪਾਈ ਜਾਂਦੇ ਹੋ, ਇਹ ਦੋਵੇਂ ਗੱਲਾਂ ਨਹੀਂ ਚੱਲ ਸਕਦੀਆਂ।’ ਕਿਸੇ ਵੀ ਵਿਧਾਇਕ ਨੇ ਆਪਣੀ ਗਲਤੀ ਨਹੀਂ ਸੀ ਮੰਨੀ।
ਰਾਤ ਮੁੱਕ ਗਈ ਤੇ ਅਗਲੇ ਦਿਨ ਇਹ ਸਵਾਲ ਖੜਾ ਹੋ ਗਿਆ ਕਿ ਖਾਣ-ਪੀਣ ਦੌਰਾਨ ਬਾਹਰ ਆਈ ਇਸ ਸੂਚਨਾ ਦਾ ਕੀ ਕੀਤਾ ਜਾਵੇ? ਅਸੀਂ ਖਬਰਾਂ ਲਿਖਣ ਵਾਲੇ ਨਹੀਂ, ਖਬਰਾਂ ਦੀ ਚੀਰ-ਪਾੜ ਕਰਨ ਵਾਲੇ ਹਾਂ। ਦੂਸਰਾ ਪੱਤਰਕਾਰ ਖਬਰਾਂ ਦੀ ਸੂਹ ਕੱਢਣ ਵਾਲਾ ਸੀ। ਉਸ ਨੇ ਇਹ ਖਬਰ ਅਗਲੇ ਦਿਨ ਦੇ ਅਖਬਾਰ ਵਿਚ ਛਾਪ ਦਿੱਤੀ। ਅਸੀਂ ਦੋ ਦਿਨ ਇਸ ਦੀ ਉਡੀਕ ਕੀਤੀ ਕਿ ਵਿਧਾਇਕ, ਵਜ਼ੀਰ, ਅਫਸਰ ਜਾਂ ਫਿਰ ਮੁੱਖ ਮੰਤਰੀ ਬਾਦਲ ਸਾਹਿਬ ਦਾ ਦਫਤਰ ਇਸ ਖਬਰ ਦਾ ਖੰਡਨ ਕਰੇਗਾ। ਕਿਸੇ ਨੇ ਵੀ ਇਸ ਦਾ ਖੰਡਨ ਨਹੀਂ ਸੀ ਕੀਤਾ। ਸਾਫ ਹੈ ਕਿ ਸਾਰੀਆਂ ਧਿਰਾਂ ਨੂੰ ਪਤਾ ਸੀ ਕਿ ਹੋਇਆ ਵੀ ਇਸ ਤਰ੍ਹਾਂ ਹੀ ਹੈ ਤੇ ਖੰਡਨ ਕਰਨ ਦਾ ਕੋਈ ਫਾਇਦਾ ਨਹੀਂ ਰਹਿ ਗਿਆ।
ਐਨ ਉਹੋ ਕਹਾਣੀ ਇਸ ਵਾਰੀ ਗੋਆ ਵਾਲੇ ਵਿਚਾਰ ਮੰਥਨ ਦੌਰਾਨ ਵਾਪਰੀ ਹੈ। ਉਥੇ ਨੌਂ ਅਪਰੈਲ ਨੂੰ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਆਗੂ ਵਿਚਾਰ ਕਰਨ ਬੈਠੇ ਸਨ। ਜਿਹੜੇ ਮੁੱਦੇ ਇਸ ਮੀਟਿੰਗ ਵਿਚ ਉਭਰੇ ਸਨ, ਉਨ੍ਹਾਂ ਵਿਚ ਇੱਕ ਇਹ ਸੀ ਕਿ ਜ਼ਿਲ੍ਹਾ ਪੱਧਰ ਉਤੇ ਬਹੁਤ ਜ਼ਿਆਦਾ ਭ੍ਰਿਸ਼ਟਾਚਾਰ ਹੈ ਤੇ ਇਸ ਨੂੰ ਠੱਲ੍ਹ ਪਾਏ ਜਾਣ ਦੀ ਲੋੜ ਹੈ। ਜ਼ਿਲ੍ਹਿਆਂ ਵਿਚ ਭ੍ਰਿਸ਼ਟਾਚਾਰ ਕਰਦਾ ਕੌਣ ਹੈ? ਇਸ ਦਾ ਵੀ ਸਾਰਿਆਂ ਨੂੰ ਪਤਾ ਹੈ। ਕੋਈ ਵੀ ਅਫਸਰ ਕਿਸੇ ਵੀ ਜ਼ਿਲ੍ਹੇ ਵਿਚ ਇਹੋ ਜਿਹਾ ਨਹੀਂ, ਜਿਸ ਦੀ ਉਪਰ ਤੱਕ ਪਹੁੰਚ ਨਾ ਹੋਵੇ। ਪੁਲਿਸ ਦੇ ਥਾਣਾ ਮੁਖੀ ਵੀ ਕਈ ਜ਼ਿਲ੍ਹਿਆਂ ਦੇ ਪੁਲਿਸ ਮੁਖੀਆਂ ਦੀ ਪ੍ਰਵਾਹ ਇਸ ਲਈ ਨਹੀਂ ਕਰਦੇ ਕਿ ਉਨ੍ਹਾਂ ਦੀ ਸਿੱਧੀ ਪਹੁੰਚ ਦੇ ਕਾਰਨ ਥਾਣਾ ਮਿਲਿਆ ਹੈ ਤੇ ਜ਼ਿਲ੍ਹਾ ਮੁਖੀ ਉਨ੍ਹਾਂ ਦਾ ਕੁਝ ਵਿਗਾੜ ਹੀ ਨਹੀਂ ਸਕਦਾ।
ਸਾਨੂੰ ਇੱਕ ਸੈਮੀਨਾਰ ਵਿਚ ਐਸ ਪੀ ਰੈਂਕ ਦੇ ਇੱਕ ਅਫਸਰ ਨੇ ਇਹ ਆਖ ਕੇ ਹੈਰਾਨ ਕਰ ਦਿੱਤਾ ਸੀ ਕਿ ਉਸ ਨੂੰ ਇੱਕ ਦੋਸ਼ੀ ਦੇ ਸਬੰਧ ਵਿਚ ਇੱਕ ਆਗੂ ਦਾ ਫੋਨ ਆਇਆ ਤਾਂ ਉਸ ਨੂੰ ਦੱਸਿਆ ਗਿਆ ਕਿ ਜਿਸ ਦੀ ਤੁਸੀਂ ਮਦਦ ਕਰਦੇ ਹੋ, ਉਸ ਨੇ ਇੱਕ ਕਤਲ ਕੀਤਾ ਹੋਇਆ ਹੈ। ਰਾਜਸੀ ਆਗੂ ਨੇ ਅੱਗੋਂ ਇਹ ਕਿਹਾ ਸੀ ਕਿ ‘ਬੰਦਾ ਹੀ ਮਾਰਿਆ ਹੈ, ਹੋਰ ਤਾਂ ਕੁਝ ਨਹੀਂ ਕੀਤਾ।’ ਜਿਸ ਰਾਜ ਵਿਚ ਆਗੂਆਂ ਦੇ ਮੂੰਹੋਂ ਪੁਲਿਸ ਅਫਸਰਾਂ ਨੂੰ ਇਹ ਸੁਣਨ ਨੂੰ ਮਿਲੇ ਕਿ ‘ਬੰਦਾ ਹੀ ਮਾਰਿਆ ਹੈ, ਹੋਰ ਤਾਂ ਕੁਝ ਨਹੀਂ ਕੀਤਾ’, Aਸ ਰਾਜ ਦੇ ਕਿਸੇ ਜ਼ਿਲ੍ਹੇ ਵਿਚ ਪੰਜੀ-ਦੁੱਕੀ ਦਾ ਭ੍ਰਿਸ਼ਟਾਚਾਰ ਹੋਵੇ ਜਾਂ ਪੰਜ-ਸੱਤ ਲੱਖ ਰੁਪਏ ਰੋਜ਼ ਵਾਲਾ, ਇਹ ਕਿਸੇ ਵੱਡੇ ਆਗੂ ਦਾ ‘ਮਿਹਰ ਭਰਿਆ ਹੱਥ’ ਹੋਣ ਤੋਂ ਬਿਨਾਂ ਨਹੀਂ ਚੱਲਦਾ ਹੁੰਦਾ। ਗੋਆ ਦੀ ਮੀਟਿੰਗ ਦੇ ਫੈਸਲੇ ਨੇ ਇਹ ਭ੍ਰਿਸ਼ਟਾਚਾਰ ਨਹੀਂ ਰੋਕ ਦੇਣਾ, ਇਸ ਦੇ ਲਈ ਵਿਧਾਇਕਾਂ ਤੇ ਵਜ਼ੀਰਾਂ ਦੀ ਵਾਗ ਖਿੱਚਣੀ ਪਵੇਗੀ। ਜਿਹੜਾ ਹੱਲ ਅਖਬਾਰਾਂ ਵਿਚ ਛਪਿਆ ਤੇ ਉਹ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪੇਸ਼ ਕੀਤਾ ਸੀ, ਉਹ ਏਨਾ ਸੀ ਕਿ ‘ਲੋਕਾਂ ਨੂੰ ਜ਼ਿਆਦਾ ਚੁਭਦੇ ਭ੍ਰਿਸ਼ਟਾਚਾਰ ਨੂੰ ਰੋਕ ਲਾਈ ਜਾਵੇ।’ ਕਹਿਣ ਤੋਂ ਭਾਵ ਇਹ ਕਿ ਜਿਹੜਾ ਜ਼ਿਆਦਾ ਚੁਭਦਾ ਹੈ, ਉਸ ਨੂੰ ਰੋਕ ਲਾ ਕੇ ਬਾਕੀ ਵੱਲ ਧਿਆਨ ਨਾ ਦਿੱਤਾ ਜਾਵੇ। ਸ਼ਾਇਦ ਇਹੋ ਕਾਰਨ ਹੈ ਕਿ ਚੰਡੀਗੜ੍ਹ ਰਾਜਧਾਨੀ ਵਾਲੇ ਸਕੱਤਰੇਤ ਵਿਚ ਜੋ ਕੁਝ ਹੁੰਦਾ ਹੈ, ਉਹ ਹੇਠਾਂ ਆਮ ਲੋਕਾਂ ਨੂੰ ਚੁਭਦਾ ਨਾ ਹੋਣ ਕਰ ਕੇ ਕਿਸੇ ਨੇ ਉਸ ਦੀ ਗੋਆ ਵਿਚ ਗੱਲ ਹੀ ਨਹੀਂ ਛੇੜੀ।
ਦੂਸਰਾ ਮੁੱਦਾ ਉਸ ਮੀਟਿੰਗ ਵਿਚ ਇਹ ਉਭਰਿਆ ਕਿ ਸ਼ਗਨ ਸਕੀਮ ਦੀ ਰਕਮ ਅਸਲ ਲੋੜਵੰਦਾਂ ਤੱਕ ਨਹੀਂ ਪਹੁੰਚ ਰਹੀ ਤੇ ਨਾਲ ਇਹ ਵੀ ਕਿ ਕਈ ਥਾਂ ਪੈਨਸ਼ਨ ਸਕੀਮ ਵਿਚ ਘੁਟਾਲੇ ਹੋ ਰਹੇ ਹਨ ਤੇ ਮਰ ਚੁੱਕੇ ਲੋਕਾਂ ਦੇ ਨਾਂ ਵੀ ਪੈਨਸ਼ਨ ਤੁਰੀ ਜਾਂਦੀ ਹੈ। ਇਹ ਗੱਲ ਕੋਈ ਇਹੋ ਜਿਹੀ ਨਹੀਂ, ਜਿਸ ਦੀ ਜਾਣਕਾਰੀ ਹਾਸਲ ਕਰਨ ਲਈ ਗੋਆ ਦਾ ਗੇੜਾ ਕੱਢਣ ਦੀ ਲੋੜ ਮਹਿਸੂਸ ਕੀਤੀ ਜਾਂਦੀ। ਪੰਜਾਬ ਦੀਆਂ ਅਖਬਾਰਾਂ ਰੋਜ਼ ਇਹ ਛਾਪ ਰਹੀਆਂ ਹਨ। ਮੋਗਾ ਜ਼ਿਲ੍ਹੇ ਦੇ ਇਹੋ ਜਿਹੇ ਬਹੁਤ ਸਾਰੇ ਕੇਸ ਸਾਹਮਣੇ ਆ ਚੁੱਕੇ ਹਨ, ਜਿੱਥੇ ਦੋ-ਤਿੰਨ ਸਾਲ ਪਹਿਲਾਂ ਸੰਸਾਰ ਤਿਆਗ ਚੁੱਕੇ ਬਜ਼ੁਰਗਾਂ ਦੇ ਖਾਤੇ ਦੀ ਪੈਨਸ਼ਨ ਵੀ ਕੋਈ ਨਾ ਕੋਈ ਵਸੂਲ ਕਰੀ ਜਾਂਦਾ ਹੈ। ਇਹ ਧਾਂਦਲੀ ਬੰਦ ਹੋਣੀ ਚਾਹੀਦੀ ਹੈ, ਪਰ ਹੋਣ ਦੀ ਨੌਬਤ ਇਸ ਕਰ ਕੇ ਨਹੀਂ ਆਉਂਦੀ ਕਿ ਕਰਨ ਵਾਲੇ ਸੱਜਣ ਇੱਕ ਜਾਂ ਦੂਸਰੇ ਅਕਾਲੀ ਲੀਡਰ ਦੇ ਨਾਲ ਬਸਤੇ ਚੁੱਕ ਕੇ ਮੋਗੇ ਤੋਂ ਚੰਡੀਗੜ੍ਹ ਤੱਕ ਤੁਰੇ ਫਿਰਦੇ ਵਿਖਾਈ ਦਿੰਦੇ ਹਨ। ਅੰਮ੍ਰਿਤਸਰ ਦੀ ਭਿੱਖੀਵਿੰਡ ਰੋਡ ਉਤੇ ਪੈਂਦੇ ਪਹਿਲੇ ਪਿੰਡ ਤੋਂ ਇਹ ਖਬਰ ਆਈ ਨੂੰ ਕਈ ਹਫਤੇ ਬੀਤ ਚੁੱਕੇ ਹਨ ਕਿ ਉਥੇ ਅਸਲੀ ਲੋੜਵੰਦ ਪਰਿਵਾਰਾਂ ਨੂੰ ਧੀ ਦੇ ਵਿਆਹ ਦਾ ਸਰਕਾਰੀ ਸ਼ਗਨ ਮਿਲਿਆ ਨਹੀਂ ਤੇ ਜਾਅਲੀ ਵਿਆਹ ਉਸ ਪਿੰਡ ਵਿਚ ਇੱਕੋ ਮਹੀਨੇ ਵਿਚ ਸੌ ਤੋਂ ਵੱਧ ਕਰ ਕੇ ਉਨ੍ਹਾਂ ਲਈ ਸ਼ਗਨ ਦੇ ਚੈਕ ਜਾਰੀ ਕਰ ਦਿੱਤੇ ਗਏ ਸਨ। ਇੱਕ ਕੁੜੀ ਵਿਚਾਰੀ ਦਾ ਤਾਂ ਸਿਰਫ ਸ਼ਗਨ ਦਾ ਚੈੱਕ ਲੈਣ ਲਈ ਕਾਗਜ਼ਾਂ ਵਿਚ ਇੱਕੋ ਮਹੀਨੇ ਵਿਚ ਤਿੰਨ ਵਾਰੀ ਵਿਆਹ ਕਰ ਦਿੱਤਾ ਗਿਆ ਸੀ। ਇਹ ਖਬਰ ਅਖਬਾਰਾਂ ਵਿਚ ਆਉਣ ਪਿੱਛੋਂ ਜੋ ਹਲਚਲ ਮੱਚਣੀ ਚਾਹੀਦੀ ਸੀ, ਉਹ ਸਿਰਫ ਤਿੰਨ-ਚਾਰ ਦਿਨ ਰਹੀ ਤੇ ਫਿਰ ਉਹ ਇੰਜ ਲੋਕਾਂ ਦੇ ਚੇਤੇ ਵਿਚੋਂ ਨਿਕਲ ਜਾਣ ਦਿੱਤੀ ਗਈ, ਜਿਵੇਂ ਕਿਤੇ ਕੁਝ ਹੋਇਆ ਹੀ ਨਹੀਂ ਸੀ। ਗੋਆ ਵਿਚ ਇਸ ਖਬਰ ਦੀ ਚਰਚਾ ਨਹੀਂ ਹੋਈ।
ਗੋਆ ਵਿਚ ਜਿਹੜਾ ਤੀਸਰਾ ਮੁੱਦਾ ਚਰਚਾ ਦਾ ਵਿਸ਼ਾ ਬਣਿਆ, ਉਹ ਨਸ਼ਿਆਂ ਦੀ ਤਸਕਰੀ ਦਾ ਸੀ। ਇਸ ਸਬੰਧ ਵਿਚ ਅਖਬਾਰਾਂ ਮੁਤਾਬਕ ਰਾਜ ਦੀ ਕਮਾਨ ਕਰਨ ਵਾਲਿਆਂ ਨੇ ਕਿਹਾ ਕਿ ‘ਨਸ਼ੇ ਦੀ ਤਸਕਰੀ ਦੇ ਵਿਰੁਧ ਮੁਹਿੰਮ ਵਿਚ ਸਰਹੱਦੀ ਵਿਧਾਇਕਾਂ ਵੱਲੋਂ ਦਖ਼ਲਅੰਦਾਜ਼ੀ ਨਾ ਕੀਤੀ ਜਾਵੇ।’ ਇਸ ਦਾ ਅਰਥ ਕੀ ਨਿਕਲਦਾ ਹੈ? ਜਿਸ ਇਲਾਕੇ ਵਿਚ ਵੀ ਨਸ਼ੇ ਦਾ ਕਾਰੋਬਾਰ ਚੱਲ ਰਿਹਾ ਹੋਵੇ, ਉਥੇ ਇਹ ਗੱਲ ਆਮ ਕਹੀ ਜਾਂਦੀ ਹੈ ਕਿ ਤਸਕਰਾਂ ਦਾ ਰਾਜ ਦੀ ਸਰਕਾਰ ਵਿਚਲੇ ਇੱਕ ਜਾਂ ਦੂਸਰੇ ਆਗੂ ਨਾਲ ਤਾਲਮੇਲ ਹੁੰਦਾ ਹੈ ਤੇ ਕਾਂਗਰਸੀ ਰਾਜ ਵਿਚ ਇਹ ਤਾਲਮੇਲ ਕਿਸੇ ਕਾਂਗਰਸੀ ਆਗੂ ਨਾਲ ਤੇ ਅਕਾਲੀ ਰਾਜ ਵਿਚ ਕਿਸੇ ਅਕਾਲੀ ਆਗੂ ਨਾਲ ਹੁੰਦਾ ਹੈ। ਜਿਹੜੀ ਗੱਲ ਆਮ ਲੋਕ ਕਹਿੰਦੇ ਸਨ ਤੇ ਅਣਗੌਲੀ ਕੀਤੀ ਜਾਂਦੀ ਸੀ, ਉਹ ਇੱਕ ਪ੍ਰਮੁੱਖ ਅਖਬਾਰ ਦੀ ਇਸ ਖਬਰ ਦੇ ਮੁਤਾਬਕ ਰਾਜ ਦੇ ਡਿਪਟੀ ਮੁੱਖ ਮੰਤਰੀ ਨੇ ਇਸ ਤਰ੍ਹਾਂ ਕਹਿ ਦਿੱਤੀ ਹੈ ਕਿ ‘ਨਸ਼ੇ ਦੀ ਤਸਕਰੀ ਦੇ ਵਿਰੁਧ ਮੁਹਿੰਮ ਵਿਚ ਸਰਹੱਦੀ ਵਿਧਾਇਕਾਂ ਵੱਲੋਂ ਦਖ਼ਲਅੰਦਾਜ਼ੀ ਨਾ ਕੀਤੀ ਜਾਵੇ।’ ਇਸ ਤੋਂ ਸਾਫ ਹੈ ਕਿ ਹੁਣ ਤੱਕ ਵਿਧਾਇਕ ਦਖਲਅੰਦਾਜ਼ੀ ਕਰਦੇ ਸਨ। ਗੋਆ ਦਾ ਗੇੜਾ ਲਾਉਣ ਤੋਂ ਬਾਅਦ ਵੀ ਜੇ ਇਹ ਗੱਲ ਮੰਨਣ ਦੀ ਨੌਬਤ ਆ ਗਈ ਹੈ ਤਾਂ ਚੰਗਾ ਹੀ ਹੋਇਆ ਹੈ।
ਜਿਹੜੀ ਗੱਲ ਸਾਰਿਆਂ ਤੋਂ ਵੱਧ ਚਰਚਾ ਦਾ ਵਿਸ਼ਾ ਬਣਨੀ ਚਾਹੀਦੀ ਸੀ ਤੇ ਸਾਰਿਆਂ ਤੋਂ ਘੱਟ ਕੀਤੀ ਗਈ ਸੀ, ਉਹ ਪੰਜਾਬ ਦੇ ਅਮਨ-ਕਾਨੂੰਨ ਦੀ ਹਾਲਤ ਹੈ। ਇਹ ਹਾਲਤ ਇਸ ਗੱਲ ਤੋਂ ਪਤਾ ਲੱਗਦੀ ਹੈ ਕਿ ਦੋਆਬੇ ਦੇ ਪ੍ਰਸਿੱਧ ਕਸਬੇ ਗੋਰਾਇਆ ਤੋਂ ਪੰਜ ਕਿਲੋਮੀਟਰ ਦੂਰ ਇੱਕ ਹੋਰ ਪ੍ਰਸਿੱਧ ਕਸਬੇ ਰੁੜਕਾ ਦੇ ਕੋਲ ਜਾਂਦਾ ਇੱਕ ਫੇਰੀ ਵਾਲਾ ਘੇਰ ਕੇ ਲੁਟੇਰਿਆਂ ਨੇ ਉਸ ਤੋਂ ਸਿਰਫ ਦੋ ਸੌ ਰੁਪਏ ਦੀ ਰਕਮ ਲੁੱਟੀ। ਜਦੋਂ ਉਸ ਨੇ ਤਰਲਾ ਮਾਰਿਆ ਕਿ ਗਰੀਬ-ਮਾਰ ਨਾ ਕਰਨ ਤਾਂ ਉਹ ਗੁੱਸੇ ਵਿਚ ਆ ਕੇ ਉਸ ਦੇ ਇੱਕ ਹੱਥ ਦਾ ਗੁੱਟ ਵੱਢਣ ਪਿੱਛੋਂ ਇੱਕ ਪੋਲੀਥਿਨ ਦੇ ਲਿਫਾਫੇ ਵਿਚ ਪਾ ਕੇ ਉਸ ਦੇ ਸਾਈਕਲ ਦੇ ਹੈਂਡਲ ਨਾਲ ਟੰਗ ਗਏ। ਸ਼ਾਹਕੋਟ ਦੇ ਕੋਲ ਇੱਕ ਮਾਈ ਨੂੰ ਘੇਰ ਕੇ ਉਸ ਦੀਆਂ ਵਾਲੀਆਂ ਜਦੋਂ ਲਾਹੁਣ ਲੱਗੇ ਤਾਂ ਵਿਚਾਰੀ ਦੀਆਂ ਬਹੁੜੀਆਂ ਪਾਈਆਂ ਕਿਸੇ ਕੰਮ ਨਾ ਆਈਆਂ ਤੇ ਉਸ ਦਾ ਸਿਰ ਲੁਟੇਰੇ ਦਾਤਰ ਮਾਰ ਕੇ ਪਾੜ ਗਏ। ਇਹ ਹੁਣ ਪੰਜਾਬ ਦੀ ਰੋਜ਼ ਦੀ ਗਾਥਾ ਹੈ, ਜਿਸ ਨੂੰ ਜਾਣਨ ਲਈ ਗੋਆ ਜਾਣ ਦੀ ਲੋੜ ਨਹੀਂ ਸੀ।
ਜਦੋਂ ਉਹ ਗੋਆ ਗਏ ਹੋਏ ਸਨ, ਉਦੋਂ ਫਰੀਦਕੋਟ ਦੇ ਮੈਡੀਕਲ ਕਾਲਜ ਹਸਪਤਾਲ ਦੀ ਐਮਰਜੈਂਸੀ ਵਿਚ ਆ ਕੇ ਕੁਝ ਲੋਕਾਂ ਨੇ ਇੱਕ ਬੰਦਾ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ। ਝਗੜਾ ਪਹਿਲਾਂ ਬਾਹਰ ਹੋਇਆ ਤੇ ਦੋਵਾਂ ਧਿਰਾਂ ਦੀ ਧਾੜ ਦੇ ਕੁਝ ਬੰਦੇ ਜ਼ਖਮੀ ਹੋ ਕੇ ਹਸਪਤਾਲ ਆਏ ਸਨ, ਜਿੱਥੇ ਇੱਕ ਧਿਰ ਵਾਲਿਆਂ ਨੇ ਆਣ ਕੇ ਪੁਲਿਸ ਦੀ ਹਾਜ਼ਰੀ ਵਿਚ ਦੂਸਰੀ ਧਿਰ ਦੇ ਬੰਦੇ ਨੂੰ ਗੋਲੀਆਂ ਮਾਰ ਕੇ ਮਾਰ ਮੁਕਾਇਆ। ਇਹ ਕਿਸੇ ਪਿੰਡ ਵਿਚੋਂ ਸ਼ਰੀਕਾਂ ਦੇ ਦੋ ਧੜੇ ਨਹੀਂ ਸਨ, ਸਗੋਂ ਦੋ ਰਾਜਸੀ ਸ਼ਰੀਕਾਂ ਅਤੇ ਦੋਵੇਂ ਅਕਾਲੀ ਆਗੂਆਂ ਦੇ ਪਿਛਲੱਗਾਂ ਦੇ ਸਨ, ਜਿਨ੍ਹਾਂ ਵਿਚੋਂ ਇੱਕ ਧੜੇ ਦਾ ਆਗੂ ਸਾਬਕਾ ਅਕਾਲੀ ਮੰਤਰੀ ਗੁਰਦੇਵ ਸਿੰਘ ਬਾਦਲ ਨੂੰ ਦੱਸਿਆ ਗਿਆ ਤੇ ਦੂਸਰੇ ਧੜੇ ਦਾ ਚੀਫ ਪਾਰਲੀਮੈਂਟਰੀ ਸੈਕਟਰੀ ਮਨਤਾਰ ਸਿੰਘ ਬਰਾੜ ਨੂੰ ਲਿਖਿਆ ਗਿਆ ਹੈ। ਹਾਲੇ ਕੁਝ ਮਹੀਨੇ ਪਹਿਲਾਂ ਵੀ ਉਥੇ ਗੋਲੀ ਚੱਲ ਗਈ ਸੀ ਤੇ ਇੱਕ ਬੰਦਾ ਮਾਰਿਆ ਗਿਆ ਸੀ। ਫਰਕ ਸਿਰਫ ਇਹ ਕਿ ਉਦੋਂ ਮਰਨ ਵਾਲਾ ਗੁਰਦੇਵ ਸਿੰਘ ਬਾਦਲ ਦੇ ਧੜੇ ਦਾ ਲਿਖ ਕੇ ਮਾਰਨ ਵਾਲਿਆਂ ਨੂੰ ਮਨਤਾਰ ਸਿੰਘ ਬਰਾੜ ਦੇ ਧੜੇ ਦੇ ਦੱਸਿਆ ਗਿਆ ਤੇ ਜਿਸ ਬੰਦੇ ਦੇ ਖਿਲਾਫ ਕੇਸ ਦਰਜ ਹੋਇਆ ਸੀ, ਉਹ ਬਰਾੜ ਦਾ ਰਿਸ਼ਤੇਦਾਰ ਲਿਖਿਆ ਗਿਆ ਸੀ।
ਕੁਝ ਸਾਲ ਪਹਿਲਾਂ ਇੱਕ ਵਾਰੀ ਖਰੜ ਦੇ ਦੋ ਅਕਾਲੀ ਧੜੇ ਇੱਕ ਜਲਸੇ ਵਿਚ ਸ਼ ਪ੍ਰਕਾਸ਼ ਸਿੰਘ ਬਾਦਲ ਦੇ ਆਉਣ ਤੋਂ ਅੱਧਾ ਘੰਟਾ ਪਹਿਲਾਂ ਝਗੜ ਪਏ ਤੇ ਗੋਲੀ ਚੱਲ ਕੇ ਚਾਰ ਕੁ ਬੰਦੇ ਮਾਰੇ ਗਏ ਸਨ। ਹੁਣ ਫਿਰ ਦੋਵੇਂ ਧੜੇ ਖਰੜ ਵਾਂਗ ਬਾਦਲ ਅਕਾਲੀ ਦਲ ਦੇ ਹਨ। ਪੰਜਾਬ ਦੇ ਹਾਲਾਤ ਵਿਗਾੜਨ ਵਾਲੇ ਮਾਰ-ਖੋਰੇ ਸ਼ਰੀਕੇਬਾਜ਼ ਅਕਾਲੀ ਆਗੂ ਵੀ ਜਦੋਂ ਗੋਆ ਵਾਲੇ ਵਿਚਾਰ-ਮੰਥਨ ਵਿਚ ਬੈਠੇ ਹੋਏ ਸਨ ਤਾਂ ਪੰਜਾਬ ਦੇ ਲੋਕਾਂ ਨੂੰ ਹਾਲਾਤ ਸੁਧਰਨ ਦਾ ਯਕੀਨ ਕਿੱਦਾਂ ਆਵੇਗਾ? ਜਿਨ੍ਹਾਂ ਮਸਲਿਆਂ ਤੇ ਜਾਨ-ਮਾਲ ਦੀ ਜਿਸ ਗਾਰੰਟੀ ਦੀ ਆਸ ਲੋਕ ਇਸ ਸਰਕਾਰ ਤੋਂ ਰੱਖਦੇ ਹਨ, ਉਸ ਆਸ ਨੂੰ ਪੂਰਾ ਕਰਨ ਲਈ ਗੋਆ ਦੇ ਗੇੜੇ ਲਾਉਣ ਦੀ ਲੋੜ ਨਹੀਂ, ਜੋ ਕਰਨ ਦੀ ਲੋੜ ਹੈ, ਉਹ ਏਥੇ ਕਰ ਕੇ ਵਿਖਾਉਣਾ ਪਵੇਗਾ।

Be the first to comment

Leave a Reply

Your email address will not be published.