ਲੋਕਤੰਤਰੀ ਪ੍ਰਕ੍ਰਿਆ ਦੇ ਹਾਲਾਤ ਦਾ ਵਹਿਣ ਸੁਲੱਖਣਾ ਨਹੀਂ ਜਾਪਦਾ

-ਜਤਿੰਦਰ ਪਨੂੰ
ਬਿਨਾ ਸ਼ੱਕ ਬਹੁਤ ਸਾਰੇ ਵਿਸ਼ਲੇਸ਼ਕ ਇਹ ਗੱਲ ਲਿਖਣ ਤੱਕ ਚਲੇ ਜਾਂਦੇ ਹਨ ਕਿ ਇਸ ਵਾਰ ਕੇਂਦਰ ਦੀ ਸੱਤਾ ਮੁੜ ਕੇ ਸੰਭਾਲਣ ਦਾ ਨਰਿੰਦਰ ਮੋਦੀ ਦਾ ਸੁਫਨਾ ਪੂਰਾ ਨਹੀਂ ਹੋ ਸਕਣਾ, ਅਸੀਂ ਇਹ ਸਮਝਦੇ ਹਾਂ ਕਿ ਅਜੇ ਏਦਾਂ ਦੀ ਗੱਲ ਕਹਿਣ ਦਾ ਸਮਾਂ ਨਹੀਂ ਆਇਆ। ਫਿਰ ਵੀ ਇਹ ਜ਼ਰੂਰ ਹੈ ਕਿ ਏਦਾਂ ਦੇ ਅੰਦਾਜ਼ੇ ਲੱਗਣ ਦੇ ਹਾਲਾਤ ਬਣਨ ਦੀ ਸ਼ੁਰੂਆਤ ਹੋ ਗਈ ਹੈ, ਜਿੱਥੇ ਲੋਕ ਨਰਿੰਦਰ ਮੋਦੀ ਦੀ ਅਗਵਾਈ ਵਿਚ ਭਾਜਪਾ ਦੀ ਲਗਾਤਾਰ ਦੂਜੀ ਜਿੱਤ ਪੱਕੀ ਹੋਣ ਦੇ ਦਾਅਵੇ ਕਰਨ ਤੋਂ ਪਹਿਲਾਂ ਸੋਚਣ ਲੱਗ ਜਾਂਦੇ ਹਨ। ਇੱਕ ਵੱਡੀ ਗੱਲ ਨੋਟ ਕਰਨ ਵਾਲੀ ਇਹ ਹੈ ਕਿ ਇਸ ਦੇ ਬਾਵਜੂਦ ਬਹੁਤ ਸਾਰੇ ਲੋਕ ਆਪਣੇ ਮਨ ਦੀ ਗੱਲ ਕਹਿਣ ਵੇਲੇ ਅੱਗਾ-ਪਿੱਛਾ ਵੇਖ ਕੇ ਬੋਲਦੇ ਹਨ ਅਤੇ ਭਾਰਤ ਵਿਚ ਏਦਾਂ ਦਾ ਮਾਹੌਲ ਮਹਿਸੂਸ ਕੀਤਾ ਜਾਣ ਲੱਗ ਪਿਆ ਹੈ, ਜਿਸ ਬਾਰੇ ਮੁਹਾਵਰਾ ਪ੍ਰਚਲਿਤ ਹੈ, ‘ਕੰਧਾਂ ਵੀ ਸੁਣਦੀਆਂ ਹਨ, ਇਸ ਲਈ ਜ਼ਰਾ ਸੋਚ ਕੇ ਬੋਲਣਾ ਚਾਹੀਦਾ ਹੈ।’

ਦੇਸ਼ ਦੇ ਬਹੁ-ਗਿਣਤੀ ਭਾਈਚਾਰੇ ਦੇ ਪੱਖ ਦੀਆਂ ਕੱਟੜਪੰਥੀ ਤਾਕਤਾਂ ਏਡੀ ਖੁੱਲ੍ਹੀ ਅਤੇ ਏਨੀ ਅਣਸੁਖਾਵੀਂ ਭਾਸ਼ਾ ਵਿਚ ਆਪਣੀ ਗੱਲ ਕਹਿਣ ਲੱਗ ਪਈਆਂ ਹਨ ਕਿ ਉਨ੍ਹਾਂ ਦੀ ਕਾਟ ਕਰਨ ਵਾਲੇ ਲੋਕਾਂ ਨੂੰ ਡਰ ਲੱਗਦਾ ਹੈ ਕਿ ਇਹ ਮੂੰਹ-ਪਾਟੇ ਲੋਕ ਸਾਨੂੰ ਵੀ ‘ਦੇਸ਼ ਧਰੋਹੀ’ ਕਹਿ ਕੇ ਮਗਰ ਨਾ ਪੈ ਜਾਣ। ਪੰਜਾਬੀ ਦੇ ਅਖਾਣ ਕਿ ‘ਲੱਜ ਰਖੰਦਾ ਅੰਦਰ ਵੜੇ ਤੇ ਮੂਰਖ ਆਖੇ ਮੈਥੋਂ ਡਰੇ’ ਵਾਲੀ ਹਾਲਤ ਜਿਸ ਤਰ੍ਹਾਂ ਬਣਦੀ ਜਾਂਦੀ ਹੈ, ਉਸ ਦੀ ਇੱਕ ਝਲਕ ਇਸ ਹਫਤੇ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਵਿਚ ਸਾਧਵੀ ਪ੍ਰਗਿਆ ਦੀ ਪ੍ਰੈਸ ਕਾਨਫਰੰਸ ਤੋਂ ਮਿਲ ਗਈ ਹੈ।
ਕੇਸ ਅਦਾਲਤ ਵਿਚ ਹੋਣ ਕਾਰਨ ਅਸੀਂ ਇਹ ਨਹੀਂ ਕਹਿ ਰਹੇ ਕਿ ਸਾਧਵੀ ਪ੍ਰਗਿਆ ਸਿੰਘ ਠਾਕੁਰ ਉਸ ਕੇਸ ਵਿਚ ਦੋਸ਼ੀ ਸੀ ਜਾਂ ਨਹੀਂ, ਪਰ ਜਿਹੜੇ ਕੇਸ ਵਿਚ ਉਹ ਦਸ ਸਾਲ ਜੇਲ੍ਹ ਵਿਚ ਰਹਿ ਕੇ ਆਈ ਹੈ, ਉਹ ਅਜੇ ਸਿਰੇ ਨਹੀਂ ਲੱਗ ਸਕਿਆ। ਉਹ ਜ਼ਮਾਨਤ ‘ਤੇ ਬਾਹਰ ਆਈ ਤਾਂ ਉਸ ਨੂੰ ਭਾਜਪਾ ਨੇ ਭੋਪਾਲ ਤੋਂ ਪਾਰਲੀਮੈਂਟ ਚੋਣ ਲਈ ਉਮੀਦਵਾਰ ਬਣਾ ਦਿੱਤਾ ਹੈ। ਬੀਬੀ ਨੇ ਪਹਿਲੀ ਪ੍ਰੈਸ ਕਾਨਫਰੰਸ ਦੌਰਾਨ ਹੀ ਆਪਣੇ ਅਸਲੀ ਰੰਗ ਦਿਖਾ ਦਿੱਤੇ ਹਨ। ਪਹਿਲ ਉਸ ਨੇ ਆਪਣੇ ਕੇਸ ਦੇ ਹਵਾਲੇ ਨਾਲ ਕੀਤੀ ਅਤੇ ਉਸ ਕੇਸ ਦੇ ਤਫਤੀਸ਼ੀ ਅਫਸਰ ਹੇਮੰਤ ਕਰਕਰੇ ਦੇ ਖਿਲਾਫ ਏਦਾਂ ਦੀ ਭੜਾਸ ਕੱਢੀ ਕਿ ਉਸ ਸਾਧਵੀ ਨੂੰ ਟਿਕਟ ਦੇਣ ਵਾਲੇ ਵੀ ਦੰਦਾਂ ਨਾਲ ਉਂਗਲਾਂ ਟੁੱਕਣ ਲੱਗੇ ਸਨ।
ਹੇਮੰਤ ਕਰਕਰੇ ਇਸ ਦੇਸ਼ ਦੇ ਲੋਕਾਂ ਦੀ ਨਜ਼ਰ ਵਿਚ ਹੀਰੋ ਹੈ, ਦੇਸ਼ ਲਈ ਆਪਣੀ ਜਾਨ ਵਾਰਨ ਵਾਲਾ ਸ਼ਹੀਦ ਹੈ ਤੇ ਉਸ ਨੂੰ ਸਾਧਵੀ ਪ੍ਰਗਿਆ ਸਿੰਘ ਨੇ ‘ਦੇਸ਼ ਧਰੋਹੀ’ ਕਹਿ ਕੇ ਦਹਿਸ਼ਤਗਰਦਾਂ ਦੀ ਗੋਲੀ ਦੀ ਥਾਂ ਆਪਣੇ ਦਿੱਤੇ ਹੋਏ ਸਰਾਪ ਦੇ ਸੂਤਕ ਨਾਲ ਮਰਿਆ ਕਿਹਾ ਤੇ ਇਸ ਦੇ ਹਾਸੋਹੀਣੇ ਵੇਰਵੇ ਸੁਣਾਏ ਹਨ। ਬੀਬੀ ਕਹਿੰਦੀ ਹੈ, ਉਸ ਨੇ ਮੈਨੂੰ ਜੇਲ੍ਹ ਭੇਜਿਆ ਤਾਂ ਮੈਂ ਉਦੋਂ ਕਿਹਾ ਸੀ ਕਿ ‘ਤੇਰਾ ਸਰਬ ਨਾਸ ਹੋਵੇਗਾ’ ਤੇ ਮੈਂ ਜੋ ਸਰਾਪ ਦਿੱਤਾ ਸੀ, ਉਸ ਦਾ ਸੂਤਕ ਸਵਾ ਮਹੀਨਾ ਚੱਲਦਾ ਹੈ, ਮੇਰੇ ਜੇਲ੍ਹ ਜਾਣ ਪਿੱਛੋਂ ਜਿਸ ਦਿਨ ਸਵਾ ਮਹੀਨਾ ਪੂਰਾ ਹੋਇਆ, ਉਸ ਦੀ ਮੌਤ ਹੋ ਗਈ।
ਭਾਰਤ ਦੇਸ਼ ਇਹ ਸਮਝਦਾ ਸੀ ਕਿ ਮੁੰਬਈ ਵਿਚ ਹੋਏ ਬੜੇ ਵੱਡੇ ਹਮਲੇ ਵੇਲੇ ਅਤਿਵਾਦੀਆਂ ਨਾਲ ਲੜਦਾ ਹੇਮੰਤ ਕਰਕਰੇ ਉਨ੍ਹਾਂ ਦੀ ਗੋਲੀ ਨਾਲ ਸ਼ਹੀਦ ਹੋਇਆ ਸੀ, ਸਾਧਵੀ ਪ੍ਰਗਿਆ ਕਹਿ ਰਹੀ ਹੈ ਕਿ ਉਸ ਨੂੰ ਮੈਂ ਸਰਾਪ ਦੇ ਸੂਤਕ ਨਾਲ ਮਾਰਿਆ ਹੈ। ਭਾਰਤ ਦੇਸ਼ ਦਾ ਸਭ ਤੋਂ ਵੱਡਾ ਬਹਾਦਰੀ ਐਵਾਰਡ ਜੰਗ ਦੌਰਾਨ ਪਰਮਵੀਰ ਚੱਕਰ ਹੁੰਦਾ ਹੈ ਅਤੇ ਜਦੋਂ ਕੋਈ ਜੰਗ ਨਾ ਲੱਗੀ ਹੋਵੇ, ਆਪਣੇ ਦੇਸ਼ ਦੀ ਰਾਖੀ ਲਈ ਅਪਰਾਧੀਆਂ ਅਤੇ ਅਤਿਵਾਦੀਆਂ ਨਾਲ ਮੁਕਾਬਲੇ ਦੌਰਾਨ ਬਹਾਦਰੀ ਵਿਖਾਉਣ ਵਾਲੇ ਨੂੰ ਅਸ਼ੋਕ ਚੱਕਰ ਦਿੱਤਾ ਜਾਂਦਾ ਹੈ। ਹੇਮੰਤ ਕਰਕਰੇ ਨੂੰ ਮਰਨ ਉਪਰੰਤ ਅਸ਼ੋਕ ਚੱਕਰ ਦਿੱਤਾ ਗਿਆ ਸੀ। ਸਾਧਵੀ ਪ੍ਰਗਿਆ ਦੇ ਇਨ੍ਹਾਂ ਸ਼ਬਦਾਂ ਕਾਰਨ ਇਸ ਐਵਾਰਡ ਦੀ ਸ਼ਾਨ ਵੀ ਘਟ ਗਈ, ਹੇਮੰਤ ਕਰਕਰੇ ਦੀ ਸ਼ਹੀਦੀ ਨੂੰ ਦਾਗ ਵੀ ਲੱਗ ਗਿਆ ਤੇ ਭਾਜਪਾ ਲੀਡਰ ਏਨੀ ਗੱਲ ਨਾਲ ਹਰ ਜਿੰਮੇਵਾਰੀ ਨੂੰ ਤਿਲਕਾ ਗਏ ਕਿ ਇਹ ਸਾਧਵੀ ਦੇ ਨਿੱਜੀ ਵਿਚਾਰ ਹਨ। ਕਮਾਲ ਦੀ ਪਾਰਟੀ ਹੈ!
ਅਸਲ ਵਿਚ ਕਮਾਲ ਦੀ ਪਾਰਟੀ ਨਹੀਂ, ਕਮਾਲ ਦੀ ਵਿਚਾਰਧਾਰਾ ਵਾਲੀ ਰਾਜਨੀਤੀ ਹੈ, ਜਿਸ ਵਿਚ ਇੱਕ ਆਗੂ ਕੁਝ ਕਹਿੰਦਾ ਨਹੀਂ, ਉਸ ਤੋਂ ਕਹਾਇਆ ਜਾਂਦਾ ਹੈ ਤੇ ਪਾਰਟੀ ਉਸ ਨੂੰ ਉਸ ਦੇ ਨਿੱਜੀ ਵਿਚਾਰ ਕਹਿ ਕੇ ਕੁਝ ਚਿਰ ਪਿੱਛੋਂ ਕਿਸੇ ਹੋਰ ਆਗੂ ਤੋਂ ਉਸ ਨਾਲੋਂ ਵੀ ਅਗਲੀ ਗੱਲ ਅਖਵਾ ਦਿੰਦੀ ਹੈ। ਇਸ ਤਰ੍ਹਾਂ ਉਹ ਲੋਕ ਹੌਲੀ-ਹੌਲੀ ਦੇਸ਼ ਦੇ ਲੋਕਾਂ ਨੂੰ ਮਾਨਸਿਕ ਤੌਰ ‘ਤੇ ਤਿਆਰ ਕਰਦੇ ਤੇ ਕਦਮ-ਕਦਮ ਅੱਗੇ ਵੱਲ ਵਧੀ ਜਾਂਦੇ ਹਨ।
ਪੰਜ ਸਾਲ ਪਹਿਲਾਂ ਜਦੋਂ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਇੱਕ ਆਗੂ ਨੇ ਕਿਹਾ ਸੀ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਬਣਨ ਨਾਲ ਅੱਠ ਸੌ ਸਾਲਾਂ ਪਿੱਛੋਂ ਹਿੰਦੂ ਰਾਜ ਪਰਤਿਆ ਹੈ ਤਾਂ ਵਿਰੋਧ ਹੋਣ ‘ਤੇ ਭਾਜਪਾ ਲੀਡਰਸ਼ਿਪ ਨੇ ਇਸ ਨੂੰ ਉਸ ਦਾ ਨਿੱਜੀ ਵਿਚਾਰ ਕਿਹਾ ਸੀ। ਫਿਰ ਕੁਝ ਚਿਰ ਲੰਘਾ ਕੇ ਇਹੋ ਗੱਲ ਹੋਰ ਆਗੂ ਵੀ ਆਪਣੇ ਭਾਸ਼ਣਾਂ ਵਿਚ ਇਸ ਤਰ੍ਹਾਂ ਜੋੜ ਕੇ ਬੋਲਣ ਲੱਗ ਪਏ ਕਿ ਭਾਰਤ ਦੇ ਹਿੰਦੂਆਂ ਨੇ ਅੱਠ ਸੌ ਸਾਲ ਜ਼ਿਆਦਤੀਆਂ ਝੱਲੀਆਂ ਹਨ, ਨਰਿੰਦਰ ਮੋਦੀ ਦੇ ਆਏ ਤੋਂ ਜ਼ਿਆਦਤੀਆਂ ਰੁਕੀਆਂ ਹਨ। ਇਸ ਦਾ ਭਾਵ ਇਹ ਸੀ ਕਿ ਅੱਠ ਸੌ ਸਾਲਾਂ ਬਾਅਦ ਏਦਾਂ ਦਾ ਰਾਜ ਆਇਆ ਹੈ, ਜਿਸ ਨੂੰ ਹਿੰਦੂ ਆਪਣਾ ਰਾਜ ਮੰਨ ਸਕਦੇ ਹਨ, ਪਰ ਇਹ ਗੱਲ ਸਿੱਧੀ ਨਹੀਂ ਸੀ ਕਹੀ ਜਾਂਦੀ, ਭਾਸ਼ਣਾਂ ਵਿਚ ਲੱਛੇਦਾਰ ਢੰਗ ਨਾਲ ਵਲਾਵਾਂ ਪਾ ਕੇ ਕਹੀ ਜਾਂਦੀ ਸੀ।
ਅੱਜ ਕੱਲ੍ਹ ਸ਼ਬਦਾਵਲੀ ਕਿਹੋ ਜਿਹੀ ਵਰਤੀ ਜਾਂਦੀ ਹੈ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆ ਨਾਥ ਨੇ ਉਸ ਦੀ ਇੱਕ ਮਿਸਾਲ ਲੋਕਾਂ ਸਾਹਮਣੇ ਰੱਖ ਦਿੱਤੀ ਹੈ। ਯੋਗੀ ਦੀ ਬੇਹੂਦਾ ਸ਼ਬਦਾਵਲੀ ਦਾ ਮਾਮਲਾ ਜਦੋਂ ਸੁਪਰੀਮ ਕੋਰਟ ਗਿਆ ਤਾਂ ਉਥੋਂ ਪਈ ਝਾੜ ਪਿੱਛੋਂ ਚੋਣ ਕਮਿਸ਼ਨ ਨੇ ਯੋਗੀ ਸਮੇਤ ਚਾਰ ਲੀਡਰਾਂ ‘ਤੇ ਕੁਝ ਸਮਾਂ ਚੋਣ ਪ੍ਰਚਾਰ ਕਰਨ ਉਤੇ ਰੋਕ ਲਾ ਦਿੱਤੀ ਸੀ। ਤਿੰਨ ਦਿਨਾਂ ਦੀ ਪਾਬੰਦੀ ਮੁੱਕਦੇ ਸਾਰ ਯੋਗੀ ਫਿਰ ਆਪਣੇ ਰੰਗ ਵਿਚ ਆ ਗਿਆ। ਉਸ ਨੇ ਇੱਕ ਹਲਕੇ ਵਿਚ ਵਿਰੋਧੀ ਧਿਰ ਦੇ ਮੁਸਲਮਾਨ ਉਮੀਦਵਾਰ ਬਾਰੇ ਕਿਹਾ ਕਿ ਜਦੋਂ ਮੈਂ ਪਾਰਲੀਮੈਂਟ ਮੈਂਬਰ ਸਾਂ, ਇਹ ਆਗੂ ਵੀ ਪਾਰਲੀਮੈਂਟ ਮੈਂਬਰ ਸੀ ਤੇ ਇਸ ਨੇ ਮੈਨੂੰ ਆਪ ਇਹ ਗੱਲ ਕਹੀ ਸੀ ਕਿ ਅਸੀਂ ਬਾਬਰ ਨੂੰ ਵਡੇਰਾ ਮੰਨਦੇ ਹਾਂ। ਇਹ ਕਹਿਣ ਤੋਂ ਬਾਅਦ ਯੋਗੀ ਨੇ ਅਗਲੀ ਗੱਲ ਇਹ ਕਹਿ ਦਿੱਤੀ ਕਿ ਭਾਰਤ ਦੇ ਲੋਕਾਂ ਦੀ ਜਿੰਮੇਵਾਰੀ ਹੈ ਕਿ ਬਾਬਰ ਦੀ ਔਲਾਦ ਇਸ ਦੇਸ਼ ਦੀ ਰਾਜ ਸੱਤਾ ਤੋਂ ਦੂਰ-ਦੂਰ ਰੱਖੀ ਜਾਵੇ।
ਉਸ ਆਗੂ ਨੇ ਆਪਣੇ ਆਪ ਨੂੰ ‘ਬਾਬਰ ਦੀ ਔਲਾਦ’ ਕਿਹਾ ਜਾਂ ਯੋਗੀ ਨੇ ਸਾਧਵੀ ਪ੍ਰਗਿਆ ਵਾਂਗ ਆਪਣੇ ਮਨ ਦੀ ਭਾਵਨਾ ਮੁਤਾਬਕ ਕਿੱਸਾ ਘੜ ਕੇ ਸਾਹਮਣੇ ਬੈਠੇ ਲੋਕਾਂ ਨੂੰ ਭੜਕਾਉਣ ਲਈ ਦਾਅ ਖੇਡਿਆ, ਇਹ ਤਾਂ ਪਤਾ ਨਹੀਂ, ਪਰ ਇਸ ਨਾਲ ਉਹੀ ਰਾਜਨੀਤੀ ਖੇਡੀ ਗਈ ਹੈ, ਜਿਸ ਕਾਰਨ ਅੱਜ ਕੱਲ੍ਹ ਇਸ ਤਰ੍ਹਾਂ ਦੀ ਦਹਿਸ਼ਤ ਮਹਿਸੂਸ ਕੀਤੀ ਜਾਣ ਲੱਗ ਪਈ ਹੈ ਕਿ ਪੰਜਾਬੀ ਦੇ ਅਖਾਣ ਮੁਤਾਬਕ ਕੰਧਾਂ ਸੁਣਦੀਆਂ ਹੋਣ ਦਾ ਖਤਰਾ ਸਮਝਣ ਵਾਲੇ ਲੋਕ ਵਾਹਵਾ ਸੋਚ ਕੇ ਅਤੇ ਆਸਾ-ਪਾਸਾ ਵੇਖ ਕੇ ਬੋਲਣ ਵਿਚ ਗਨੀਮਤ ਸਮਝਣ ਲੱਗੇ ਹਨ।
ਸਾਡੀ ਇਹ ਲਿਖਤ ਉਸ ਵਕਤ ਦੇ ਹਾਲਾਤ ਪੇਸ਼ ਕਰਨ ਦਾ ਯਤਨ ਹੈ, ਜਦੋਂ ਪਾਰਲੀਮੈਂਟ ਚੋਣਾਂ ਦੇ ਦੋ ਗੇੜਾਂ ਵਿਚ ਸਿਰਫ 186 ਸੀਟਾਂ ਲਈ ਵੋਟਿੰਗ ਹੋਈ ਹੈ ਤੇ 357 ਸੀਟਾਂ ਦੀ ਅਜੇ ਹੋਣੀ ਹੈ। ਅਗਲੇ ਪੰਜਾਂ ਦੌਰਾਂ ਦੌਰਾਨ ਕੀ ਹੋਵੇਗਾ, ਇਸ ਤੋਂ ਕੁਝ-ਕੁਝ ਅੰਦਾਜ਼ਾ ਲੱਗ ਸਕਦਾ ਹੈ। ਹਾਲਾਤ ਇਸ ਵਾਰੀ ਇਸ ਦੇਸ਼ ਦੀ ਲੋਕਤੰਤਰੀ ਪ੍ਰਕ੍ਰਿਆ ਲਈ ਸੁਖਾਵੇਂ ਨਹੀਂ ਜਾਪਦੇ। ਕੱਲ੍ਹ ਨੂੰ ਕੀ ਹੋਵੇਗਾ, ਸਿਰਫ ਸੁੱਖ ਹੀ ਮੰਗੀ ਜਾ ਸਕਦੀ ਹੈ।