ਲੋਕ ਸਭਾ ਚੋਣਾਂ ਅਤੇ ਭਾਜਪਾ ਦੀ ਫਿਰਕੂ ਪਹੁੰਚ

ਨਰਿੰਦਰ ਸਿੰਘ ਢਿੱਲੋਂ
ਫੋਨ: 403-616-4032
ਮਨੁੱਖ ਨੇ ਪ੍ਰਾਚੀਨ ਕਾਲ ਤੋਂ ਹੀ ਧਰਤੀ ਉਤੇ ਆਜ਼ਾਦੀ ਨਾਲ ਰਹਿਣ ਦੀ ਇੱਛਾ ਰੱਖੀ ਹੈ। ਆਪਣੀ ਆਜ਼ਾਦੀ ਦੇ ਰਾਹ ਵਿਚ ਆਉਂਦੀਆਂ ਰੁਕਾਵਟਾਂ ਵਿਰੁਧ ਉਸ ਨੇ ਸੰਘਰਸ਼ ਕਰਦਿਆਂ ਮਨੁੱਖ ਨੂੰ ਮੌਜੂਦਾ ਦੌਰ ਤਕ ਪਹੁੰਚਾਇਆ ਹੈ। ਦੁਨੀਆਂ ਦੇ ਅਜੋਕੇ ਦੌਰ ਵਿਚ ਮਨੁੱਖ ਨੂੰ ਜਿਥੇ ਰੋਟੀ, ਕੱਪੜੇ ਅਤੇ ਮਕਾਨ ਦੀ ਲੋੜ ਹੈ, ਉਥੇ ਆਜ਼ਾਦੀ ਨਾਲ ਬੋਲਣ, ਫਿਰਨ, ਤੁਰਨ ਅਤੇ ਸੁਰੱਖਿਆ ਦੀ ਵੀ ਲੋੜ ਹੈ। ਵਿਕਾਸ ਦਾ ਲੰਮਾ ਸਫਰ ਤੈਅ ਕਰਕੇ ਅੱਜ ਜਿਸ ਸਥਾਨ ‘ਤੇ ਮਨੁੱਖ ਪੁੱਜਾ ਹੈ, ਉਸ ਨੇ ਸਮਾਜਕ, ਧਾਰਮਿਕ ਅਤੇ ਸਿਆਸੀ ਖੇਤਰ ਵਿਚ ਕਈ ਕੁਰੀਤੀਆਂ ਨੂੰ ਵੀ ਜਨਮ ਦਿੱਤਾ ਹੈ।

ਇਹ ਕੁਰੀਤੀਆਂ ਕੁਝ ਲੋਕਾਂ ਲਈ ਤਾਂ ਵਰਦਾਨ ਹੋ ਸਕਦੀਆਂ ਹਨ, ਪਰ ਸਮੁੱਚੇ ਸਮਾਜ ਲਈ ਮਾਰੂ ਹੀ ਸਾਬਤ ਹੁੰਦੀਆਂ ਹਨ। ਇਸ ਕਰਕੇ ਸਮਾਜ ਦੇ ਸੁਹਿਰਦ ਵਰਗ ਨੂੰ ਇਨ੍ਹਾਂ ਵਿਰੁਧ ਸੰਘਰਸ਼ ਦੀ ਲੋੜ ਹੁੰਦੀ ਹੈ। ਅੱਜ ਦੇ ਸਮਾਜਕ, ਰਾਜਨੀਤਕ ਅਤੇ ਧਾਰਮਿਕ ਢਾਂਚੇ ਅੰਦਰ ਜਿੰਨਾ ਨਿਘਾਰ ਆ ਚੁਕਾ ਹੈ ਅਤੇ ਸਮਾਜ ਦੇ ਮਿਹਨਤਕਸ਼ ਵਰਗ ਨੂੰ ਜਿਵੇਂ ਰੋਲਿਆ ਅਤੇ ਅਣਗੌਲਿਆ ਕੀਤਾ ਜਾ ਰਿਹਾ ਹੈ, ਉਸ ਵਿਰੁਧ ਸੰਘਰਸ਼ ਦੀ ਲੋੜ ਹੈ ਅਤੇ ਇਹ ਤਾਂ ਹੀ ਹੋ ਸਕਦਾ ਹੈ, ਜੇ ਲੋਕਾਂ ਨੂੰ ਇਸ ਦੀ ਪੂਰਨ ਆਜ਼ਾਦੀ ਹੋਵੇ।
ਇਸ ਪਿਛੋਕੜ ਵਿਚ ਜੇ ਭਾਰਤ ਦੀ ਗੱਲ ਕਰੀਏ ਤਾਂ ਇਸ ਦੇਸ਼ ਵਿਚ ਕਿਸੇ ਨਾ ਕਿਸੇ ਰੂਪ ਵਿਚ ਜਮਹੂਰੀਅਤ ਉਤੇ ਹਮਲੇ ਹੁੰਦੇ ਆਏ ਹਨ। ਸਭ ਤੋਂ ਵੱਡਾ ਹਮਲਾ ਸੰਨ 1975 ਵਿਚ ਉਦੋਂ ਹੋਇਆ ਸੀ, ਜਦ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਐਮਰਜੈਂਸੀ ਲਾ ਕੇ ਲੋਕਾਂ ਦੇ ਜਮਹੂਰੀ ਹੱਕ ਖੋਹ ਲਏ। ਲੋਕਾਂ ਦੇ ਬੋਲਣ ਤੱਕ ਉਤੇ ਪਾਬੰਦੀ ਲਾ ਦਿੱਤੀ। ਪ੍ਰੈਸ ਉਤੇ ਸੈਂਸਰਸ਼ਿਪ ਲਾ ਦਿੱਤੀ ਅਤੇ ਡਿਫੈਂਸ ਆਫ ਇੰਡੀਆ ਰੂਲਜ਼ (ਡੀ.ਆਈ.ਆਰ.) ਵਰਗੇ ਕਾਲੇ ਕਾਨੂੰਨਾਂ ਤਹਿਤ ਬਹੁਤ ਸਾਰੇ ਸਿਆਸੀ ਅਤੇ ਮੁਲਾਜ਼ਮ-ਮਜ਼ਦੂਰ ਨੇਤਾਵਾਂ ਨੂੰ ਜੇਲ੍ਹਾਂ ਵਿਚ ਬੰਦ ਕਰ ਦਿੱਤਾ।
ਇਸ ਤੋਂ ਬਾਅਦ ਵੀ ਜਮਹੂਰੀਅਤ ਅਤੇ ਲੋਕਾਂ ਦੀ ਭਾਈਚਾਰਕ ਏਕਤਾ ‘ਤੇ ਹਮਲੇ ਹੁੰਦੇ ਰਹੇ, ਪਰ 2014 ਵਿਚ ਜਦ ਤੋਂ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਕੇਂਦਰ ਵਿਚ ਆਈ ਹੈ, ਇਸ ਨੇ ਦੇਸ਼ ਦੇ ਸੰਵਿਧਾਨਕ ਢਾਂਚੇ ‘ਤੇ ਹੀ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਹਨ।
ਅਕਸਰ ਕਿਹਾ ਜਾਂਦਾ ਹੈ ਕਿ ਵਿਧਾਨਪਾਲਿਕਾ, ਕਾਰਜਪਾਲਿਕਾ, ਨਿਆਂਪਾਲਿਕਾ ਅਤੇ ਮੀਡੀਆ ਭਾਰਤੀ ਲੋਕਤੰਤਰ ਦੇ ਚਾਰ ਥੰਮ੍ਹ ਹਨ। ਪਿਛਲਾ ਸਮਾਂ ਸਪਸ਼ਟ ਕਰ ਚੁਕਾ ਹੈ ਕਿ ਮੋਦੀ ਸਰਕਾਰ ਨੇ ਜਮਹੂਰੀਅਤ ਦੇ ਇਹ ਚਾਰੇ ਥੰਮ ਡੇਗਣ ਦੀ ਹੀ ਕੋਸ਼ਿਸ਼ ਨਹੀਂ ਕੀਤੀ ਸਗੋਂ ਲੋਕਾਂ ਦੀ ਭਾਈਚਾਰਕ ਏਕਤਾ ‘ਤੇ ਵੀ ਸੱਟਾਂ ਮਾਰੀਆਂ ਹਨ। ਗਊ ਨੂੰ ਮਾਤਾ ਕਹਿਣ ਵਾਲੀ ਪਾਰਟੀ ਭਾਜਪਾ ਦੀਆਂ ਭੀੜਾਂ ਨੇ ਕਈ ਥਾਂਈਂ ਗੁੰਡਾਗਰਦੀ ਕੀਤੀ ਅਤੇ ਗਊ ਰੱਖਿਆ ਦੇ ਨਾਂ ‘ਤੇ ਕਈਆਂ ਨੂੰ ਕੁਟਿਆ-ਮਾਰਿਆ। ਭੀੜ ਤੰਤਰ ਦੀਆਂ ਇਹ ਖਬਰਾਂ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਰਹੀਆਂ। ਭਾਜਪਾ ਦੇ ਕਈ ਨੇਤਾ ਦੇਸ਼ ਵਿਚ ਵਸਦੀਆਂ ਘੱਟ ਗਿਣਤੀਆਂ ‘ਤੇ ਵੀ ਸ਼ਬਦੀ ਹਮਲੇ ਕਰਦੇ ਰਹੇ। ਜੇ ਕਿਸੇ ਪੱਤਰਕਾਰ, ਕਲਾਕਾਰ ਜਾਂ ਕਿਸੇ ਨੇਤਾ ਨੇ ਇਸ ਦਾ ਵਿਰੋਧ ਕੀਤਾ ਤਾਂ ਉਸ ‘ਤੇ ਦੇਸ਼ਧ੍ਰੋਹੀ ਹੋਣ ਦਾ ਠੱਪਾ ਲਾ ਕੇ ਧਮਕੀਆਂ ਦਿੰਦੇ ਰਹੇ ਅਤੇ ਪਾਕਿਸਤਾਨ ਜਾਣ ਲਈ ਕਹਿੰਦੇ ਰਹੇ। ਇਸ ਦੇ ਬਾਵਜੂਦ ਅਖਬਾਰਾਂ ਅਤੇ ਟੀ. ਵੀ. ਚੈਨਲਾਂ ਦੇ ਇਕ ਵੱਡੇ ਹਿੱਸੇ ਵਲੋਂ ਮੋਦੀ ਸਰਕਾਰ ਦਾ ਗੁਣਗਾਨ ਕੀਤਾ ਜਾ ਰਿਹਾ ਹੈ। ਚਰਚਾ ਹੈ ਕਿ ਇਨ੍ਹਾਂ ਵਿਚੋਂ ਕੁਝ ਚੈਨਲ ਸਰਕਾਰ ਨੇ ਖਰੀਦੇ ਹੋਏ ਹਨ ਅਤੇ ਕੁਝ ਡਰਾਏ ਧਮਕਾਏ ਹੋਏ ਹਨ। ਕੁਝ ਪੱਤਰਕਾਰਾਂ ਨੇ ਇਹ ਖੁਲਾਸਾ ਵੀ ਕੀਤਾ ਹੈ ਕਿ ਉਨ੍ਹਾਂ ਨੂੰ ਕਿਵੇਂ ਧਮਕੀਆਂ ਮਿਲ ਰਹੀਆਂ ਹਨ।
ਭਾਰਤ ਵਿਚ ਨਿਆਂਪਾਲਿਕਾ ਦਾ ਆਪਣਾ ਵਿਸ਼ੇਸ਼ ਪੱਧਰ ਹੈ, ਜਿਸ ਨਾਲ ਅਜੇ ਤਕ ਕਿਸੇ ਸਰਕਾਰ ਨੇ ਛੇੜਛਾੜ ਨਹੀਂ ਸੀ ਕੀਤੀ। ਮੋਦੀ ਸਰਕਾਰ ਨੇ ਅਦਾਲਤਾਂ ‘ਤੇ ਵੀ ਭਾਜਪਾ ਰੰਗ ਚਾੜ੍ਹਨ ਦੀ ਕੋਸ਼ਿਸ਼ ਕੀਤੀ। ਸੁਪਰੀਮ ਕੋਰਟ ਦਾ ਕਾਲਜੀਅਮ, ਜੋ ਉਚ ਅਦਾਲਤਾਂ ਲਈ ਜੱਜਾਂ ਦੀ ਨਿਯੁਕਤੀ ਕਰਦਾ ਹੈ, ਉਤੇ ਵੀ ਸਰਕਾਰ ਨੇ ਦਬਾਅ ਪਾ ਕੇ ਮਰਜ਼ੀ ਦੇ ਜੱਜ ਨਿਯੁਕਤ ਕਰਵਾਉਣ ਦੀ ਕੋਸ਼ਿਸ਼ ਕੀਤੀ ਤਾਂ ਜੋ ਮਰਜ਼ੀ ਦੇ ਫੈਸਲੇ ਕਰਵਾਏ ਜਾ ਸਕਣ। ਕਾਲਜੀਅਮ ਦੇ ਮੈਂਬਰਾਂ ਦੇ ਸਖਤ ਸਟੈਂਡ ਕਾਰਨ ਸਰਕਾਰ ਨੂੰ ਇਸ ਵਿਚ ਸਫਲਤਾ ਨਹੀਂ ਮਿਲੀ।
ਕਾਰਜਪਾਲਿਕਾ ਦਾ ਵੀ ਇਕ ਹਿੱਸਾ ਦਹਿਸ਼ਤ ਦੇ ਮਾਹੌਲ ਵਿਚ ਹੋਣ ਦੇ ਚਰਚੇ ਆਮ ਹਨ। ਘੁਟਾਲਿਆਂ ਦੇ ਪੱਖ ਤੋਂ ਵੀ ਮੋਦੀ ਸਰਕਾਰ ਯੂ.ਪੀ.ਏ. ਸਰਕਾਰ ਨੂੰ ਪਛਾੜ ਗਈ ਹੈ। ਵਿਜੈ ਮਾਲਿਆ ਅਤੇ ਨੀਰਵ ਮੋਦੀ ਵਰਗੇ ਧਨਾਢ ਹਜ਼ਾਰਾਂ ਕਰੋੜ ਰੁਪਏ ਦਾ ਚੂਨਾ ਲਾ ਕੇ ਵਿਦੇਸ਼ ਦੌੜ ਗਏ। ਚਰਚਾ ਹੈ ਕਿ ਇਨ੍ਹਾਂ ਨੂੰ ਭਜਾਉਣ ਪਿਛੇ ਵੀ ਕੁਝ ਅਧਿਕਾਰੀਆਂ ਅਤੇ ਨੇਤਾਵਾਂ ਦਾ ਹੱਥ ਹੈ।
ਬਹੁਸੰਮਤੀ ਦਾ ਨਾਜਾਇਜ਼ ਲਾਭ ਲੈਂਦਿਆਂ ਵਿਰੋਧੀ ਪਾਰਟੀਆਂ ਦੀ ਸਹਿਮਤੀ ਤੋਂ ਬਗੈਰ ਕਈ ਵਿਧਾਨਕ ਪੁਜ਼ੀਸ਼ਨਾਂ ‘ਤੇ ਵਿਵਾਦ ਵਾਲੀਆਂ ਸ਼ਖਸੀਅਤਾਂ ਨੂੰ ਤਾਇਨਾਤ ਕੀਤਾ। ਇਨ੍ਹਾਂ ਸ਼ਖਸੀਅਤਾਂ ਨੇ ਭਾਜਪਾ ਵਲੋਂ ਪੈਦਾ ਕੀਤੇ ਜਾ ਰਹੇ ਫਿਰਕੂ ਤਣਾਉ ਵਿਰੁਧ ਕਦੇ ਵੀ ਜ਼ਬਾਨ ਨਹੀਂ ਖੋਲ੍ਹੀ। ਕੁਝ ਸਮਾਂ ਪਹਿਲਾਂ ਧਾਰਮਿਕ ਜਾਗਰਣ ਮੰਚ ਦੇ ਨੇਤਾ ਰਾਜੇਸ਼ਵਰ ਸਿੰਘ ਨੇ ਬਿਆਨ ਦਿਤਾ ਕਿ 31 ਦਸੰਬਰ 2021 ਤੱਕ ਭਾਰਤ ਵਿਚੋਂ ਇਸਲਾਮ ਅਤੇ ਇਸਾਈਅਤ ਨੂੰ ਖਤਮ ਕਰ ਦਿਤਾ ਜਾਵੇਗਾ, ਭਾਰਤ ਦੇ ਸਾਰੇ ਲੋਕਾਂ ਨੂੰ ਹਿੰਦੂ ਬਣਾ ਦਿੱਤਾ ਜਾਵੇਗਾ। ਇਸ ਬਿਆਨ ‘ਤੇ ਜਦੋਂ ਹੰਗਾਮਾ ਹੋਇਆ ਅਤੇ ਵਿਰੋਧੀ ਪਾਰਟੀਆਂ ਨੇ ਪ੍ਰਧਾਨ ਮੰਤਰੀ ਮੋਦੀ ਤੋਂ ਜਵਾਬ ਮੰਗਿਆ ਤਾਂ ਉਨ੍ਹਾਂ ਇਸ ਦਾ ਖੰਡਨ ਨਹੀਂ ਕੀਤਾ। ਪਹਿਲਾਂ ਵੀ ਭਾਜਪਾ ਅਤੇ ਆਰ.ਐਸ਼ਐਸ਼ ਦੇ ਨੇਤਾ ਵਿਵਾਦ ਵਾਲੇ ਬਿਆਨ ਜਾਰੀ ਕਰਦੇ ਰਹੇ ਹਨ ਪਰ ਭਾਜਪਾ ਦੀ ਲੀਡਰਸ਼ਿਪ ਨੇ ਕਦੇ ਵੀ ਉਨ੍ਹਾਂ ਨੂੰ ਐਸੀ ਬਿਆਨਬਾਜ਼ੀ ਕਰਨ ਤੋਂ ਨਹੀਂ ਰੋਕਿਆ। ਸਪਸ਼ਟ ਹੈ ਕਿ ਸਭ ਕੁਝ ਆਰ.ਐਸ਼ਐਸ਼ ਦੇ ਇਸ਼ਾਰੇ ‘ਤੇ ਹੋ ਰਿਹਾ ਹੈ। ਇਹ ਬਿਆਨਬਾਜ਼ੀਆਂ ਜਿਥੇ ਦੇਸ਼ ਵਿਚ ਘੱਟਗਿਣਤੀ ਲੋਕਾਂ ਲਈ ਖਤਰਾ ਬਣ ਰਹੀਆਂ ਹਨ, ਉਥੇ ਦੇਸ਼ ਦੇ ਟੋਟੇ ਕਰਨ ਦਾ ਰਾਹ ਪੱਧਰਾ ਕਰ ਰਹੀਆਂ ਅਤੇ ਦੇਸ਼ ਵਿਚ ਆਉਣ ਵਾਲੇ ਸਮੇਂ ਵਿਚ ਕਤਲੋਗਾਰਤ ਵੱਲ ਇਸ਼ਾਰਾ ਕਰ ਰਹੀਆਂ ਹਨ।
ਭਾਜਪਾ ਹੁਣ ਲੋਕ ਸਭਾ ਚੋਣਾਂ ਹਿੰਦੂ ਪੱਤਾ ਖੇਡ ਕੇ ਜਿੱਤਣਾ ਚਾਹੁੰਦੀ ਹੈ। ਲੋਕਾਂ ਸਾਹਮਣੇ ਜੋ ਅਸਲ ਮੁੱਦੇ ਹਨ, ਮੋਦੀ ਬੜੇ ਸ਼ਾਤਰਾਨਾ ਢੰਗ ਨਾਲ ਧਿਆਨ ਉਨ੍ਹਾਂ ਤੋਂ ਹਟਾ ਕੇ ਪਾਕਿਸਤਾਨ ਵਿਰੁਧ ਕੇਂਦਰਤ ਕਰ ਰਿਹਾ ਹੈ। ਉਹ ਭਾਰਤੀ ਫੌਜ ਅਤੇ ਹਵਾਈ ਸੈਨਾ ਦੀ ਕਾਰਕਰਦਗੀ ਦਾ ਸਿਹਰਾ ਖੁਦ ਲੈਣ ਤੋਂ ਗੁਰੇਜ਼ ਕਰਨ ਦੀ ਥਾਂ ਇਨ੍ਹਾਂ ਸੈਨਾਵਾਂ ਦਾ ਸਿਆਸੀਕਰਨ ਕਰਨ ਦੀ ਖਤਰਨਾਕ ਖੇਡ ਖੇਡ ਰਿਹਾ ਹੈ। ‘ਮੋਦੀ ਮੋਦੀ’ ਦਾ ਜਾਪ ਕਰਨ ਵਾਲੇ ਟੀ. ਵੀ. ਚੈਨਲ ਵੀ ਪਾਕਿਸਤਾਨ ਵਿਰੁਧ ਬੇਲੋੜਾ ਜ਼ਹਿਰ ਉਗਲ ਰਹੇ ਹਨ। ਮਹਿੰਗਾਈ, ਬੇਰੁਜ਼ਗਾਰੀ, ਰਿਸ਼ਵਤਖੋਰੀ, ਨਸ਼ਾ ਤਸਕਰੀ, ਵੱਖ-ਵੱਖ ਤਰ੍ਹਾਂ ਦਾ ਮਾਫੀਆ, ਬਲੈਕ ਮਾਰਕੀਟਿੰਗ, ਫਿਰਕੂ ਤਣਾਅ, ਗੈਰ ਕਾਨੂੰਨੀ ਕਾਰਜਵਿਧੀ, ਸਰਕਾਰੀ ਸੰਸਥਾਵਾਂ ਵਿਚ ਵਧ ਰਿਹਾ ਸਿਆਸੀ ਦਖਲ, ਖਰਾਬ ਹੋ ਰਹੀ ਅਰਥ ਵਿਵਸਥਾ, ਭਾਰਤ ਦੀ ਵਿਦੇਸ਼ ਨੀਤੀ ਆਦਿ ਮੁੱਦਿਆਂ ਬਾਰੇ ਵਿਚਾਰ ਚਰਚਾ ਵਿਰਲੀ-ਟਾਵੀਂ ਹੀ ਹੋ ਰਹੀ ਹੈ; ਬਹਿਸ ਇਕ ਦੂਜੇ ਉਤੇ ਨਿੱਜੀ ਹਮਲਿਆਂ ਤਕ ਸੀਮਤ ਹੈ।
ਜੇ ਭਾਜਪਾ ਦੇ ਨੇਤਾ ਕਿਸੇ ‘ਪਸੂ’ ਨੂੰ ਮਾਤਾ ਕਹਿੰਦੇ ਹਨ ਤਾਂ ਕਹੀ ਜਾਣ, ਇਸ ‘ਤੇ ਕਿਸੇ ਨੂੰ ਕੀ ਇਤਰਾਜ਼ ਹੋ ਸਕਦਾ ਹੈ, ਪਰ ਇਸ ਗੱਲ ਨੂੰ ਦੂਜਿਆਂ ‘ਤੇ ਥੋਪਣ ਦਾ ਉਨ੍ਹਾਂ ਨੂੰ ਕੋਈ ਹੱਕ ਨਹੀਂ। ਕਦੇ ਇਹ ਆਵਾਜ਼ ਆਉਂਦੀ ਹੈ ਕਿ ਜੋ ‘ਵੰਦੇ ਮਾਤ੍ਰਮ’ ਨਹੀਂ ਕਹੇਗਾ, ਉਹ ਦੇਸ਼ਧ੍ਰੋਹੀ ਹੈ। ਕਦੇ ‘ਭਾਰਤ ਮਾਤਾ ਕੀ ਜੈ’ ਨਾ ਕਹਿਣ ਵਾਲੇ ਨੂੰ ਦੇਸ਼ਧ੍ਰੋਹੀ ਕਿਹਾ ਜਾ ਰਿਹਾ ਹੈ। ਭਾਜਪਾ ਨੂੰ ਇਹ ਹੱਕ ਕਿਸ ਨੇ ਦਿੱਤਾ ਹੈ? ਭਾਜਪਾ ਨੇਤਾਵਾਂ ਨੂੰ ਦੱਸਣਾ ਚਾਹੀਦਾ ਹੈ ਕਿ ਆਰ.ਐਸ਼ਐਸ਼ ਨੇ ਦੇਸ਼ ਦੀ ਆਜ਼ਾਦੀ ਲਈ ਅੰਗਰੇਜ਼ਾਂ ਵਿਰੁਧ ਸੰਘਰਸ਼ ਕੀਤਾ ਜਾਂ ਉਨ੍ਹਾਂ ਦੀ ਪਿੱਠ ਪੂਰੀ। ਦੇਸ਼ ਆਜ਼ਾਦ ਹੋਣ ਤੋਂ ਬਾਅਦ ਲੋਕਾਂ ਦੀ ਰਾਖੀ ਲਈ ਉਨ੍ਹਾਂ ਦਾ ਰੋਲ ਕੀ ਰਿਹਾ?
ਕੁਝ ਥਾਂਈਂ ਇਹ ਮਿਸਾਲਾਂ ਵੀ ਸਾਹਮਣੇ ਆਈਆਂ ਜਦੋਂ ਭਾਜਪਾ ਨੇਤਾ ਵਿਰੋਧੀਆਂ ਨੂੰ ‘ਉਪਦੇਸ਼’ ਦਿੰਦੇ ਹਨ ਕਿ ‘ਭਾਰਤ ਮਾਤਾ ਦੀ ਜੈ’ ਤੋਂ ਬਾਅਦ ‘ਪਾਕਿਸਤਾਨ ਮੁਰਦਾਬਾਦ’ ਵੀ ਕਹੋ। ਪਾਕਿਸਤਾਨ ਨਾਲ ਸਾਡੇ ਨਿਸ਼ਚਿਤ ਤੌਰ ‘ਤੇ ਡੂੰਘੇ ਮਤਭੇਦ ਹਨ, ਵਿਸ਼ੇਸ਼ ਤੌਰ ‘ਤੇ ਅਤਿਵਾਦ ਦੇ ਮਸਲੇ ਉਪਰ। ਪਾਕਿਸਤਾਨ ਨੂੰ ਭਾਰਤ ਵਿਰੁਧ ਲੁਕਵੀਆਂ ਸਾਜ਼ਿਸ਼ਾਂ ਬੰਦ ਕਰਨੀਆਂ ਚਾਹੀਦੀਆਂ ਹਨ ਪਰ ਇਹ ਉਹੀ ਪਾਕਿਸਤਾਨ ਹੈ, ਜਿਸ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਨਰਿੰਦਰ ਮੋਦੀ ਨੇ ਆਪਣੇ ਸਹੁੰ ਚੁੱਕ ਸਮਾਗਮ ਵਿਚ ਸੱਦਿਆ ਸੀ ਅਤੇ ਇਹ ਉਹੀ ਪਾਕਿਸਤਾਨ ਹੈ, ਜਿਸ ਦੇ ਘਰ ਬਿਨਾ ਸੱਦੇ ਹੀ ਨਰਿੰਦਰ ਮੋਦੀ ਗਏ ਸਨ। ਪਾਕਿਸਤਾਨ ਦੀਆਂ ਨੀਤੀਆਂ ਵਿਰੁਧ ਸਮੁੱਚਾ ਦੇਸ਼ ਇਕਜੁਟ ਹੈ, ਪਰ ਭਾਜਪਾ ਦੀ ਬੇਲੋੜੀ ਭੜਕਾਹਟ ਭਾਰਤ ਦੇ ਹੱਕ ਵਿਚ ਨਹੀਂ ਸਗੋਂ ਪਾਕਿਸਤਾਨ ਦੇ ਹਿਤ ਵਿਚ ਹੈ। ਭਾਜਪਾ ਨੂੰ ਆਪਣੀ ਪੀੜ੍ਹੀ ਹੇਠ ਸੋਟਾ ਫੇਰਨ ਦੀ ਲੋੜ ਹੈ।
ਭਾਜਪਾ, ਜੋ ਰਾਸ਼ਟਰੀ ਸਵੈਮਸੇਵਕ ਸੰਘ (ਆਰ.ਐਸ਼ਐਸ਼) ਦੇ ਦਿਸ਼ਾ-ਨਿਰਦੇਸ਼ਾਂ ‘ਤੇ ਚਲਦੀ ਹੈ, ਦੇ ਖਤਰਨਾਕ ਮਨਸੂਬੇ ਹੌਲੀ ਹੌਲੀ ਸਾਹਮਣੇ ਆ ਰਹੇ ਹਨ। ਇਹ ਮਨਸੂਬੇ ਅਮਲੀ ਤੌਰ ‘ਤੇ ਹਿੰਦੂਆਂ ਦੇ ਵੀ ਹੱਕ ਵਿਚ ਨਹੀਂ ਭੁਗਤਣਗੇ ਅਤੇ ਦੇਸ਼ ਵਿਰੋਧੀ ਵੀ ਸਾਬਤ ਹੋ ਰਹੇ ਹਨ। ਜੇ ਕੋਈ ਇਹ ਕਹੇ ਕਿ ਭਾਰਤ ਕੇਵਲ ਹਿੰਦੂਆਂ ਦਾ ਦੇਸ਼ ਹੈ, ਮੁਸਲਮਾਨਾਂ ਨੂੰ ਇਥੋਂ ਚਲੇ ਜਾਣਾ ਚਾਹੀਦਾ ਹੈ, ਇਸਾਈਆਂ ਨੂੰ ਹਿੰਦੂ ਬਣਾ ਦਿੱਤਾ ਜਾਵੇਗਾ, ਸਿੱਖ ਵੀ ਹਿੰਦੂ ਧਰਮ ਦਾ ਹਿੱਸਾ ਹਨ, ਤਿਰੰਗੇ ਝੰਡੇ ਦੀ ਥਾਂ ਭਗਵਾਂ ਝੰਡਾ ਚਾਹੀਦਾ ਹੈ, ਭਾਰਤ ਦਾ ਸੰਵਿਧਾਨ ਵੀ ਠੀਕ ਨਹੀਂ ਹੈ, ਨੱਥੂ ਰਾਮ ਗੋਡਸੇ ਮਹਾਨ ਸੀ, ਦੇਸ਼ ‘ਤੇ ਰਾਜ ਕਰਨ ਦਾ ਹੱਕ ਕੇਵਲ ਬ੍ਰਾਹਮਣਾਂ ਨੂੰ ਹੀ ਹੈ ਆਦਿ ਆਦਿ, ਤਾਂ ਸਮਝੋ ਉਹ ਸ਼ਖਸ ਭਾਰਤ ਦਾ ਦੁਸ਼ਮਣ ਹੈ, ਮਿੱਤਰ ਨਹੀਂ।
ਇਹ ਲਿਖਤ ਅਧੂਰੀ ਹੋਵੇਗੀ ਜੇ ਭਾਜਪਾ ਅਤੇ ਅਕਾਲੀ ਦਲ ਦੇ ਰਿਸ਼ਤਿਆਂ ਬਾਰੇ ਗੱਲ ਨਾ ਕੀਤੀ ਜਾਵੇ। 2014 ਦੀਆਂ ਚੋਣਾਂ ਸਮੇਂ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਲੋਕੋ, ਨਰਿੰਦਰ ਮੋਦੀ ਨੂੰ ਜਿਤਾ ਦਿਉ, ਨੋਟਾਂ ਦੇ ਟਰੱਕ ਭਰ-ਭਰ ਕੇ ਪੰਜਾਬ ਵਾਸਤੇ ਲਿਆਵਾਂਗੇ। ਮੋਦੀ ਜਿੱਤ ਤਾਂ ਗਿਆ ਪਰ ਬਾਦਲਾਂ ਦੇ ਲੇਲੜੀਆਂ ਕੱਢਣ ਦੇ ਬਾਵਜੂਦ ਮੋਦੀ ਨੇ ਨੋਟਾਂ ਦਾ ਟਰੰਕ ਵੀ ਨਹੀਂ ਦਿੱਤਾ।
ਭਾਜਪਾ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਵਿਰੁਧ ਭੜਕਾਹਟ ਪੈਦਾ ਕਰਕੇ ਜੰਗ ਵਾਲਾ ਮਾਹੌਲ ਬਣਾਉਣ ਦਾ ਯਤਨ ਕੀਤਾ। ਇਸ ਦਾ ਸਭ ਤੋਂ ਵਧ ਨੁਕਸਾਨ ਪੰਜਾਬ ਨੂੰ ਹੋਣਾ ਸੀ, ਪਰ ਇਸ ਮਸਲੇ ‘ਤੇ ਪ੍ਰਕਾਸ਼ ਸਿੰਘ ਬਾਦਲ ਖਾਮੋਸ਼ ਰਿਹਾ। ਸਭ ਨੇ ਇਸ ਮਸਲੇ ‘ਤੇ ਸਿਆਸਤ ਖੇਡੀ। ਪੰਜਾਬ ਦੀ ਕਿਸਾਨੀ ਬਰਬਾਦ ਹੋਣ ਨਾਲ ਪੰਜਾਬ ਬਰਬਾਦੀ ਦੇ ਕੰਢੇ ‘ਤੇ ਹੈ ਅਤੇ ਕੇਂਦਰ ਸਰਕਾਰ ਨੇ ਪੰਜਾਬ ਦੀ ਕੋਈ ਮਦਦ ਨਹੀਂ ਕੀਤੀ। ਗਲਤ ਢੰਗ ਨਾਲ ਕੀਤੀ ਨੋਟਬੰਦੀ ਨੇ ਲੋਕ ਬਰਬਾਦ ਕਰ ਦਿੱਤੇ, ਬਾਦਲ ਚੁੱਪ ਰਿਹਾ। ਇਸੇ ਤਰ੍ਹਾਂ ਗੁਜਰਾਤ ਵਿਚ ਪੰਜਾਬੀ ਕਿਸਾਨਾਂ ਨੂੰ ਭਾਜਪਾ ਉਜਾੜਨ ‘ਤੇ ਤੁਲੀ ਹੋਈ ਹੈ, ਬਾਦਲ ਚੁੱਪ ਹੈ। ਅਕਾਲੀ-ਭਾਜਪਾ ਸਰਕਾਰ ਵੇਲੇ ਪੰਜਾਬ ਵਿਚ ਅਖੌਤੀ ਗਊ ਰੱਖਿਅਕਾਂ ਨੇ ਗੁੰਡਾਗਰਦੀ ਕੀਤੀ, ਬਾਦਲ ਉਦੋਂ ਵੀ ਖਾਮੋਸ਼ ਰਿਹਾ। ਆਖਰ ਇਹ ਚੁੱਪ ਕਿਉਂ ਹੈ? ਇਸ ਕਰਕੇ ਕਿ ਪੰਜਾਬ ਵਿਚ ਅਕਾਲੀ ਦਲ ਨੂੰ ਭਾਜਪਾ ਦੀ ਮਦਦ ਨਾਲ ਹੀ ਕੁਰਸੀ ਮਿਲਦੀ ਹੈ; ਦੂਜਾ ਇਹ ਕਿ ਇਹ ਦੋਵੇਂ ਪਾਰਟੀਆਂ ਲੋਕਾਂ ਨੂੰ ਫਿਰਕਾਪ੍ਰਸਤੀ ਦੀ ਭੱਠੀ ਵਿਚ ਝੋਕ ਕੇ ਸਿਆਸੀ ਖੀਰ ਬਣਾਉਂਦੀਆਂ ਹਨ।
ਲੋਕ ਸਭਾ ਚੋਣਾਂ ਵਿਚ ਲੋਕਾਂ ਅੰਦਰ ਫਿਰਕੂ ਜ਼ਹਿਰ ਘੋਲਣ ਵਾਲੀਆਂ ਪਾਰਟੀਆਂ ਨੂੰ ਮੂੰਹ ਨਹੀਂ ਲਾਉਣਾ ਚਾਹੀਦਾ। ਉਂਜ, ਅਫਸੋਸ ਹੈ ਕਿ ਲੋਕ ਚੋਣਾਂ ਨੂੰ ਸਿਆਸੀ ਅਤੇ ਮੁੱਦਿਆਂ ਦੇ ਨਜ਼ਰੀਏ ਤੋਂ ਨਹੀਂ ਦੇਖਦੇ। ਲੋਕ ਅਜੇ ਵੀ ਧੜੇਬੰਦੀਆਂ ਵਿਚ ਬੱਝੇ ਹੋਏ ਹਨ, ਰਾਜਨੀਤਕ ਅਤੇ ਜਮਾਤੀ ਤੌਰ ‘ਤੇ ਜਾਗਰੂਕ ਨਹੀਂ ਹਨ। ਜੇ ਇਨ੍ਹਾਂ ਚੋਣਾਂ ਵਿਚ ਭਾਜਪਾ ਦੀ ਅਗਵਾਈ ਹੇਠ ਇਕ ਵਾਰ ਫਿਰ ਸਰਕਾਰ ਬਣਦੀ ਹੈ ਤਾਂ ਦੇਸ਼ ਲਈ ਸ਼ੁਭ ਸ਼ਗਨ ਨਹੀਂ ਹੋਵੇਗਾ। ਲੋਕਾਂ ਨੂੰ ਹੋਰ ਮਾੜੇ ਦਿਨ ਦੇਖਣੇ ਪੈ ਸਕਦੇ ਹਨ। ਲੋਕਾਂ ਦੀ ਬੋਲਣ, ਲਿਖਣ, ਧਾਰਮਿਕ ਅਕੀਦੇ ਦੀ ਆਜ਼ਾਦੀ ਅਤੇ ਸੁਰੱਖਿਆ ਲਈ ਖਤਰਾ ਪੈਦਾ ਹੋਵੇਗਾ। ਫਿਰਕੂ ਗੁੰਡਾਗਰਦੀ ਵਧੇਗੀ, ਘੱਟਗਿਣਤੀ, ਦਲਿਤ ਅਤੇ ਵੱਖ-ਵੱਖ ਜਾਤਾਂ ਦੇ ਲੋਕਾਂ ‘ਤੇ ਹਮਲੇ ਹੋਣਗੇ ਅਤੇ ਦੇਸ਼ ਵਿਚ ਫਿਰਕੂ ਇਕਸੁਰਤਾ ਨੂੰ ਖਤਰਾ ਬਣੇਗਾ ਜਿਸ ਨਾਲ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਖਤਰੇ ਪੈਦਾ ਹੋਣ ਦੀਆਂ ਸੰਭਾਵਨਾਵਾਂ ਵਧ ਜਾਣਗੀਆਂ।