ਮੁਰਾਦ-ਮੰਦਿਰ ਹੈ ਮਾਂ

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੀ ਵਾਰਤਕ ਵਿਚ ਕਾਵਿ-ਰੰਗ ਇੰਨਾ ਭਾਰੂ ਹੁੰਦਾ ਹੈ ਕਿ ਕਈ ਵਾਰ ਤਾਂ ਭੁਲੇਖਾ ਪੈਂਦਾ ਹੈ ਕਿ ਇਹ ਵਾਰਤਕ ਹੈ ਜਾਂ ਕਵਿਤਾ। ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਜ਼ਿੰਦਗੀ ਦੇ ਪਲਾਂ-ਛਿਣਾਂ ਦਾ ਲੇਖਾ-ਜੋਖਾ ਕਰਦਿਆਂ ਕਿਹਾ ਸੀ, “ਹਰ ਪਲ ਦੀ ਤਾਸੀਰ ਅਤੇ ਤਰਜ਼ੀਹ ਵੱਖ-ਵੱਖ। ਤਰਕੀਬ ਅਤੇ ਤਸਵੀਰ ਦਾ ਮੁਹਾਂਦਰਾ ਵਿਭਿੰਨ।…ਪਲ ਨੇ ਕਿਹੜੇ ਰੰਗ, ਰੂਪ ਅਤੇ ਅੰਦਾਜ਼ ਵਿਚ ਜੀਵਨੀ ਦਸਤਕ ਬਣਨਾ, ਇਕ ਪਲ ਦੀ ਤਾਂ ਗੱਲ ਆ।” ਇਹ ਸੱਚ ਹੈ ਕਿ ਮਾਂ ਮਾਂ ਹੀ ਹੁੰਦੀ ਹੈ, ਉਸ ਨਾਲ ਕੋਈ ਨਹੀਂ ਬਰ ਮੇਚ ਸਕਦਾ।

ਹਥਲੇ ਲੇਖ ਵਿਚ ਡਾ. ਭੰਡਾਲ ਨੇ ਮਾਂ ਦੀਆਂ ਨਿਆਮਤਾਂ ਦੀ ਗੱਲ ਛੇੜੀ ਹੈ। ਉਹ ਸੱਚ ਕਹਿੰਦੇ ਹਨ, “ਮਾਂ ਮਹਾਂਦਾਨੀ, ਮਹਾਨ ਸੁਆਣੀ ਤੇ ਜੀਵਨ-ਦਾਨੀ ਜਿਸ ਦੀ ਮਹਿਮਾ, ਮਹਾਨਤਾ ਅਤੇ ਮੁਲੰਗਪੁਣੇ ਦੀ ਅਕੱਥ ਕਹਾਣੀ ਕਿਸੇ ਨਾ ਜਾਣੀ। ਮਾਂ ਅਨਪੜ੍ਹ ਹੁੰਦਿਆਂ ਵੀ ਮਹਾਂ-ਗਿਆਨੀ। ਦੁਨੀਆਂ ਦਾ ਹਰ ਗਿਆਨ, ਬੱਚੇ ਦੀ ਸੋਚ ਵਿਚ ਧਰ, ਖੁਦ ਭਰਪੂਰ ਰਹਿੰਦੀ।” ਜਦੋਂ ਮਾਂ ਤੁਰ ਜਾਂਦੀ ਹੈ ਤਾਂ ਅਹਿਸਾਸ ਹੁੰਦਾ ਹੈ, “ਮਾਂ ਦੇ ਮਰ ਜਾਣ ‘ਤੇ ਮਰ ਜਾਂਦੇ ਨੇ ਮਾਂਵਾਂ ਵਾਲੇ ਲਾਡ ਪਿਆਰ ਤੇ ਚਾਅ ਦੁਲਾਰ। ਉਜੜ ਜਾਂਦਾ ਸੁਪਨ ਸੰਸਾਰ।…ਬੰਦਾ ਫਸ ਜਾਂਦਾ ਅੱਧ-ਵਿਚਕਾਰ ਅਤੇ ਜੀਵਨ ‘ਚ ਪਸਰਦਾ ਅੰਧਕਾਰ।” ਡਾ. ਭੰਡਾਲ ਦੇ ਇਨ੍ਹਾਂ ਸ਼ਬਦਾਂ ਵਿਚ ਕਿੱਡਾ ਸੱਚ ਹੈ, “ਮਾਂ ਨੂੰ ਕਿਸ ਨਾਲ ਤਸ਼ਬੀਹ ਦਿਓਗੇ ਕਿਉਂਕਿ ਮਾਂ ਬਰੋਬਰ ਤਾਂ ਕੁਝ ਵੀ ਬਰ ਨਹੀਂ ਮੇਚਦਾ। ਇਸ ਦੇ ਨਹੀਂ ਕੋਈ ਤੁੱਲ ਅਤੇ ਨਾ ਹੀ ਇਸ ਦੇ ਬਰਾਬਰ ਹੈ ਕਿਸੇ ਦਾ ਮੁੱਲ।” -ਸੰਪਾਦਕ

ਡਾ. ਗੁਰਬਖਸ਼ ਸਿੰਘ ਭੰਡਾਲ
ਮਾਂ, ਮੰਨਤਾਂ, ਮੁਰਾਦਾਂ, ਮਮਤਾ ਅਤੇ ਮਨੁੱਖਤਾ ਦਾ ਮੁਹਾਂਦਰਾ। ਸ਼ੁੱਧਤਾ, ਸਚਿਆਈ, ਸਚਿਆਰੇਪਣ, ਸੁਹਜ, ਸੂਝ, ਸਿਆਣਪ ਅਤੇ ਸਿਰੜ-ਸਾਧਨਾ ਦਾ ਸਿਰਨਾਵਾਂ। ਫਕਰੀ, ਫਰਾਖਦਿਲੀ, ਫਰਜ਼, ਫਰਮਾਬਰਦਾਰੀ ਅਤੇ ਫ਼ਸਲਿਆਂ ਦੀ ਫਾਸੀਲ। ਕੋਮਲਤਾ, ਕਰਨੀ, ਕੀਰਤੀ ਅਤੇ ਕਰਮ-ਯੋਗਤਾ ਦੀ ਅਪੀਲ। ਧਰਮ, ਧੀਰਜ ਅਤੇ ਧੰਨਤਾ ਦੀ ਅੰਜ਼ੀਲ।
ਮਾਂ, ਕਦਰਾਂ ਕੀਮਤਾਂ ਦੀ ਲੋਅ, ਕੰਧਾਂ ਨੂੰ ਘਰ ਬਣਾਉਣ ਦੀ ਸੋਅ, ਕੰਧਾਂ ਵਿਚਲੇ ਰੌਸ਼ਨਦਾਨਾਂ ਵਿਚੋਂ ਆਉਂਦੀਆਂ ਕਿਰਨਾਂ ਦਾ ਜਲੌਅ, ਚੌਂਕੇ ‘ਚੋਂ ਆ ਰਹੀ ਭਿੰਨੀ-ਭਿੰਨੀ ਖੁਸ਼ਬੋ, ਹਰੇਕ ਲਈ ਚੰਗੇਰੇ ਸਬੱਬ ਦਾ ਢੋਅ, ਸਭ ਲਈ ਅਪਣੱਤ ਦੀ ਖੋਹ ਅਤੇ ਦੁਆਵਾਂ, ਦਰਿਆਦਿਲੀ, ਦਿਆਲਤਾ, ਦਿਆਨਤ ਅਤੇ ਦਿਲਗੀਰੀ ਦਾ ਵਗਦਾ ਚੋਅ, ਜਿਸ ਦੀ ਨਿਰਮਲ ਛੋਹ ਵਿਚੋਂ ਮਿਲਦੀ ਸੁੱਚੀਆਂ ਸੋਚਾਂ ਦੀ ਸੋਅ।
ਮਾਂ ਦਾ ਲਾਡ ਪਿਆਰ, ਜੀਵਨ ਦਾ ਸੁੱਚਾ ਹਾਸਲ, ਜਿਸ ਸਾਹਵੇਂ ਫਿਕੀਆਂ ਨੇ ਦੁਨਿਆਵੀ ਨਿਆਮਤਾਂ। ਮਾਂ ਦੀਆਂ ਮਿੱਠੀਆਂ ਝਿੜਕਾਂ ਖਾ ਕੇ ਪਲਣ ਵਾਲੇ ਬੱਚੇ ਨੂੰ ਪਤਾ ਹੁੰਦਾ ਏ ਕਿ ਮਾਂ ਜਦ ਝਿੜਕਦੀ ਏ ਤਾਂ ਉਸ ਦੇ ਮਨ ਵਿਚ ਕਿੰਨਾ ਮੋਹ ਉਮਡਦਾ। ਕਿਵੇਂ ਅਲੋਪ ਰੂਪ ਵਿਚ ਛਲਕਦੀਆਂ ਨੇ ਮਾਂ ਦੀਆਂ ਨੈਣ-ਨਦੀਆਂ। ਬੱਚਾ ਮਾਂ ਦੀਆਂ ਝਿੜਕਣੀਆਂ ਵਿਚੋਂ ਵੀ ਕੁਝ ਅਚੇਤ ਤੇ ਸੁਚੇਤ ਰੂਪ ਵਿਚ ਹਾਸਲ ਕਰ, ਸਮਿਆਂ ਦਾ ਸੁੱਚਮ ਬਣਨ ਵਿਚ ਪਹਿਲ ਕਰਦਾ।
ਮਾਂ ਦੀਆਂ ਅਰਦਾਸਾਂ ‘ਚ ਪ੍ਰਵਾਨ ਚੜ੍ਹੇ ਬੱਚੇ ਦੇ ਹਰ ਕਰਮ ਤੇ ਕੀਰਤੀ ਵਿਚ ਦੁਆਵਾਂ ਦੀ ਦਰਿਆ-ਦਿਲੀ। ਅਜਿਹੇ ਬੱਚੇ ਦੇ ਮਰਜ਼ ਦੀ ਦਵਾ, ਕਿਸੇ ਮਾਹਰ ਡਾਕਟਰ ਦੀ ਦਵਾ ਨਹੀਂ ਸਗੋਂ ਮਾਂ ਦੀਆਂ ਦੁਆਵਾਂ ਹੁੰਦੀਆਂ। ਬੱਚੇ ਦੀ ਸੋਚ ਵਿਚ ਮਾਨਵਤਾ ਦਾ ਮੁਹਾਂਦਰਾ ਅਤੇ ਪੈੜ-ਪਰਛਾਂਵਿਆਂ ਵਿਚ ਭਲਿਆਈ ਅਤੇ ਬੰਦਿਆਈ ਦਾ ਸਾਇਆ।
ਮਾਂ ਦੀਆਂ ਰਹਿਮਤਾਂ ਵਿਚ ਖਿਲੰਦੜੇ ਬੱਚੇ ‘ਚ ਮਾਂ ਦੀਆਂ ਸੂਖਮ ਤੇ ਅਛੋਹ ਭਾਵਨਾਵਾਂ ਦੀ ਸੁੱਚੀ ਬਖਸ਼ਿਸ਼ ਮੌਲਦੀ।
ਮਾਂ ਨੂੰ ਪਤਾ ਹੁੰਦਾ ਏ ਬੱਚੇ ਦੀ ਭੁੱਖ ਅਤੇ ਉਸ ਦੇ ਦੁੱਖ-ਸੁੱਖ ਦਾ। ਉਸ ਦੇ ਹਾਸੇ ਦਾ ਅਤੇ ਦਰਦ ਵਿਚ ਪਸੀਜੇ ਰੁਆਸੇ ਦਾ। ਅਹਿਸਾਸ ਹੁੰਦਾ ਕਿਸੇ ਲੋੜ ਦਾ, ਖੜਕਾ ਹੋ ਜਾਂਦਾ ਥੋੜ੍ਹ ਦਾ। ਬੱਚੇ ਨੂੰ ਆਈ ਝਰੀਟ ਜਦ ਮਾਂ ਕਿਆਸਦੀ ਤਾਂ ਪੈਦਾ ਹੁੰਦੀ ਰੁਮਕਣੀ ਸਾਹਾਂ ਸੰਦਲੀ ਆਸ ਦੀ। ਬੱਚੜੇ ਦੀ ਭਾਵਨਾ ਵਿਚ ਭਰਦੀ ਰੂਹ-ਰੰਗ ਅਤੇ ਖੁਦ ਬਣਦੀ ਸਰਘੀ ਵਰਗੀ ਉਮੰਗ।
ਮਾਂ ਧਰਦੀ ਹੈ, ਬੱਚੇ ਦੇ ਨੈਣਾਂ ਵਿਚ ਸੁਪਨਿਆਂ ਦੀ ਤਸ਼ਬੀਹ। ਕਰਮ-ਕੀਰਤੀ ਲਈ ਬਣਦੀ ਹੈ ਤਰਜ਼ੀਹ। ਸੋਚ-ਦਾਇਰੇ ਨੂੰ ਕਰਦੀ ਹੈ ਵਸੀਹ ਅਤੇ ਹਨੇਰਿਆਂ ‘ਚ ਬਣਦੀ ਹੈ ਚਾਨਣ ਦੀ ਲੀਹ।
ਮਾਂ ਹੀ ਬੱਚੇ ਦੇ ਚਾਵਾਂ ਲਈ ਪਰ। ਲਾਡਲੇ ਲਈ ਨਿਰਭਓ ਡਰ। ਰਹਿਮਤਾਂ ਦਾ ਦਰ ਅਤੇ ਯੁੱਗ ਜਿਉਣ ਦਾ ਵਰ।
ਮਾਂ, ਬੱਚੇ ਦੇ ਸਫਰ ਲਈ ਰਾਹਾਂ ‘ਚ ਰੌਸ਼ਨੀ ਦਾ ਛਿੜਕਾਅ ਕਰਦੀ, ਰਾਹ ਦੇ ਖੱਡੇ-ਖਾਈਆਂ ਨੂੰ ਭਰਦੀ, ਖਿਲਰੇ ਕੰਡਿਆਂ ਨੂੰ ਪਰਾਂ ਕਰਦੀ ਅਤੇ ਬੱਚੇ ਦੇ ਸੋਹਲ ਪੈਰਾਂ ਹੇਠ ਹੱਥਾਂ ਦੀਆਂ ਤਲੀਆਂ ਧਰਦੀ।
ਮਾਂ, ਬੱਚੇ ਦੀ ਹਰ ਪ੍ਰਾਪਤੀ ਦਾ ਮਾਣ ਕਰਦੀ, ਉਸ ਦੀਆਂ ਬਲਾਵਾਂ ਹਰਦੀ, ਸੋਚ-ਜੂਹੇ ਸੁ.ਭ-ਚੇਤਨਾ ਦਾ ਜਾਗ ਲਾਉਂਦੀ ਅਤੇ ਉਸ ਦੀਆਂ ਕਰਨੀਆਂ ਨੂੰ ਕਰਮ-ਚੇਤਨਾ ਦੇ ਨਾਮ ਲਾਉਂਦੀ।
ਮਾਂ, ਬੱਚਿਆਂ ਨੂੰ ਉਡੀਕਦਿਆਂ ਦਰ ਨੂੰ ਹੀ ਘਰ ਬਣਾਉਂਦੀ, ਹੱਥਾਂ ਦੀ ਓਟ ਨਾਲ ਰਾਹਾਂ ‘ਤੇ ਨਜ਼ਰਾਂ ਟਿਕਾਉਂਦੀ ਅਤੇ ਉਡੀਕ ਨੂੰ ਜੀਵਨ ਦਾ ਹਿੱਸਾ ਬਣਾਉਂਦੀ।
ਮਾਂ ਦੀਆਂ ਅਸੀਸਾਂ, ਸੁੱਚਾ ਹਾਸਲ। ਮਨ-ਮੰਗੀਆਂ ਮੁਰਾਦਾਂ ਦੀ ਪੂਰਨਤਾ, ਦਿਲ ‘ਚ ਦੱਬੀਆਂ ਰੀਝਾਂ ਨੂੰ ਸਮਝ ਕੇ ਇਨ੍ਹਾਂ ਨੂੰ ਪੂਰਾ ਕਰਨ ਲਈ ਉਚੇਚ।
ਮਾਂ ਰੱਬ ਤੋਂ ਵੀ ਵੱਡੀ। ਬੱਚੇ ਵਾਸਤੇ ਰੱਬ ਤੇ ਮਾਂ ਵਿਚ ਨਹੀਂ ਫਰਕ। ਦੋਹਾਂ ‘ਚ ਕੋਈ ਨਹੀਂ ਤਰਕ-ਅਤਰਕ। ਰੱਬ ਤਾਂ ਕਿਸੇ ਸੋਚ, ਭਰਮ, ਗੈਬੀ ਤਾਕਤ ਜਾਂ ਇਲਹਾਮੀ ਰੂਪ ਹੋ ਸਕਦਾ ਜੋ ਅਦਿੱਖ ਰਹਿ, ਮਨੋਕਾਮਨਾਵਾਂ ਦੀ ਪੂਰਤੀ ਕਰਦਾ, ਪਰ ਮਾਂ ਤਾਂ ਸਾਖਸ਼ਾਤ ਬੱਚੇ ਦੀ ਹਰ ਤਮੰਨਾ ਨੂੰ ਸਮਝ, ਉਸ ਦੇ ਕਹਿਣ ਤੋਂ ਪਹਿਲਾਂ ਹੀ ਪੂਰਤੀ ਦਾ ਸਬੱਬ ਸਿਰਜਦੀ।
ਮਾਂ ਬਹੁਤ ਯਾਦ ਆਉਂਦੀ ਜਦ ਬੇਲਿਹਾਜ਼ ਦੁਨੀਆਂ ਤੁਹਾਡੇ ਰਾਹਾਂ ‘ਚ ਕੰਡੇ ਬੀਜਦੀ ਅਤੇ ਫਿਰ ਇਨ੍ਹਾਂ ਨੂੰ ਚੁਗਣ ਦੇ ਬਹਾਨੇ, ਤੁਹਾਡਾ ਹਰ ਕਿਸਮ ਦਾ ਸ਼ੋਸ਼ਣ ਕਰ, ਤੁਹਾਡੇ ਹਾਵਿਆਂ ਦੇ ਸੇਕ ਨਾਲ ਆਪਣਾ ਨਿੱਘ ਸਿਰਜਦੀ। ਤੁਹਾਡੀ ਭਾਵਨਾ ਦੀਆਂ ਨੀਂਹਾਂ ‘ਤੇ ਆਪਣੀਆਂ ਬੁਲੰਦੀਆਂ ਦਾ ਸੁਪਨਾ ਲੈਂਦੀ।
ਜਦ ਕੋਈ ਸੁਪਨੇ ਚੁਰਾਉਂਦਾ ਤਾਂ ਸੁਪਨੇ ਦੇਣ ਵਾਲੀ ਮਾਂ ਬਹੁਤ ਯਾਦ ਆਉਂਦੀ। ਜਦ ਕੋਈ ਤੁਹਾਡੀਆਂ ਪੈੜਾਂ ਨੂੰ ਸਰਾਪ, ਆਪਣੇ ਨਕਸ਼ ਸਿਰਜਣ ਲਈ ਕਾਹਲਾ ਹੁੰਦਾ ਤਾਂ ਉਂਗਲੀ ਫੜ ਕੇ ਤੁਰਨਾ ਸਿਖਾਉਣ ਅਤੇ ਅਣਭੋਲਤਾ ‘ਚ ਡਿਗਣ ‘ਤੇ ਮਿੱਟੀ ਝਾੜਨ ਤੇ ਬੱਚੇ ਨੂੰ ਸੱਟ ਲੱਗਣ ਦੇ ਫਿਕਰ ‘ਚ ਫਿਕਰਮੰਦ ਹੋਈ ਮਾਂ ਦਾ ਤੁਸੱਵਰ ਅੱਖਾਂ ਵਿਚ ਤਰਦਾ, ਅਤੇ ਦਿਲ ਮਮਤਾਈ ਲੋਰ ਨੂੰ ਯਾਦ ਕਰ ਡੂੰਘੇ ਹਉਕੇ ਭਰਦਾ।
ਮਾਂ ਤਾਂ ਸਦਾ ਹੀ ਮਨ ਦੀ ਫਿਜ਼ਾ ਵਿਚ ਰੁਮਕਦੀ ਜੋ ਸਾਹਾਂ ਨੂੰ ਸੰਗੀਤ ਬਖਸ਼, ਸੁਗੰਧੀਆਂ ਦਾ ਵਰਦਾਨ ਦਿੰਦੀ, ਸਾਹ ਮਹਿਕਣ ਲੱਗਦੇ।
ਮਾਂ, ਬੱਚੇ ਦੇ ਹਰ ਰੰਗ ਵਿਚ ਰਮੀ। ਉਸ ਦਾ ਮੁਹਾਂਦਰਾ, ਨਕਸ਼, ਬੋਲ-ਬਾਣੀ, ਲਹਿਜ਼ਾ, ਰੰਗ-ਢੰਗ ਅਤੇ ਆਦਤਾਂ ਵਿਚ ਪ੍ਰਗਟਦੀ।
ਮਾਂ, ਬੱਚੇ ਦੀ ਸੁੱਚੀ ਧਰਾਤਲ ਜਿਸ ‘ਤੇ ਹੁੰਦੀ ਮਨੁੱਖ ਦੀ ਉਸਾਰੀ, ਜ਼ਿੰਦਗੀ ਨੂੰ ਭਾਗ ਲਾਉਣ ਦੀ ਤਿਆਰੀ ਅਤੇ ਖੁਦ ਪਛਾਣ ਨੂੰ ਨਰੋਈ ਦਿੱਖ ਦੇਣ ਦੀ ਖੁਮਾਰੀ। ਬੱਚੇ ਦੀ ਪਛਾਣ ਦਰਅਸਲ ਹੁੰਦੀ ਏ ਮਾਂ ਦੀ ਪਛਾਣ, ਜੋ ਨਵਾਂ ਰੂਪ ਬਦਲ ਕੇ ਨਵੀਂ ਤਹਿਰੀਕ ਨੂੰ ਜਨਮ ਦਿੰਦੀ। ਵੈਸੇ ਤਾਂ ਬੱਚੇ ਦਾ ਜਨਮ ਹੀ ਮਾਂ ਵਲੋਂ ਆਪਣੀ ਹੋਂਦ ਨੂੰ ਭਵਿੱਖ ਦੇ ਨਕਸ਼ਾਂ ਵਿਚੋਂ ਨਿਹਾਰਨ ਦੀ ਪ੍ਰਕ੍ਰਿਆ, ਤਾਂ ਹੀ ਮਾਂ, ਬੱਚੇ ਦੇ ਜਨਮ ਵਿਚੋਂ ਨਵੀਂ ਮਾਂ ਦਾ ਰੂਪ ਅਖਤਿਆਰ ਕਰਦੀ।
ਮਾਂ ਮਮਤਾ, ਮੋਹ ਤੇ ਮਿਹਰ ਦੀ ਮੂਰਤ। ਸਮਰਪਣ, ਸੁਪਨੇ ਤੇ ਸੁਹਜ ਦੀ ਸੂਰਤ। ਪਾਕੀਜ਼ਗੀ, ਪਿਆਰ ਤੇ ਪ੍ਰੇਰਨਾ ਦੀ ਪੂਰਤ। ਜੀਵਨ, ਜਜ਼ਬਾ ਅਤੇ ਜ਼ਿੰਦਾਦਿਲੀ ਦੀ ਜ਼ਰੂਰਤ।
ਮਾਂ ਸਹਿਜ ‘ਚ ਵਹਿੰਦੀ ਨਦੀ ਦੀ ਧਾਰਾ। ਦਰਿਆਵਾਂ ਦੀ ਰਵਾਨਗੀ ਦਾ ਨਜ਼ਾਰਾ। ਸਮੁੰਦਰੀ ਗਹਿਰਾਈ ਦਾ ਪਸਾਰਾ। ਪਹਾੜਾਂ ਵਰਗੀ ਉਚਾਈ ਦਾ ਆਰਾ-ਪਾਰਾ। ਬਿਰਖਾਂ ਵਰਗਾ ਬੰਦਗੀ-ਦੁਆਰਾ। ਚਿਰਾਗ ਜਿਹਾ ਰੌਸ਼ਨ-ਮਿਨਾਰਾ ਅਤੇ ਪਰਿੰਦਿਆਂ ਵਰਗੀ ਉਡਾਣ ਦਾ ਹੁਲਾਰਾ।
ਮਾਂ ਹੁੰਦੀ ਤਾਂ ਬੱਚਾ ਮੁਸ਼ਕਿਲਾਂ ਤੋਂ ਬੇਨਿਆਜ਼, ਤੰਗੀਆਂ-ਤੁਰਸ਼ੀਆਂ ਤੋਂ ਬੇਫਿਕਰ, ਲੋੜਾਂ-ਥੋੜਾਂ ਤੋਂ ਸੁਰਖਰੂ ਅਤੇ ਬਲਾਵਾਂ ਤੋਂ ਨਿਡਰ।
ਹਨੇਰਿਆਂ ਵਿਚ ਮਾਂ ਦੀ ਚਾਨਣ-ਉਂਗਲੀ, ਬੱਚੇ ਦੇ ਕਦਮਾਂ ਨੂੰ ਡੋਲਣ ਤੇ ਥਿੜਕਣ ਤੋਂ ਹੋੜਦੀ ਅਤੇ ਨਿੱਗਰ ਕਦਮਾਂ ਨਾਲ ਸਫਰ ਦੀ ਪੂਰਨਤਾ ਲਈ ਪ੍ਰੇਰਦੀ।
ਮਾਂ, ਬੱਚੇ ਲਈ ਆਪਾ ਨਿਛਾਵਰ ਕਰਦੀ, ਉਸ ਲਈ ਛਾਂ ਤੇ ਨਿੱਘ ਦਾ ਤਰੌਂਕਾ, ਪਰ ਮਾਂ ਪੀੜਾ ਪੀੜਾ ਹੋ ਜਾਂਦੀ ਜਦ ਉਸ ਦੀ ਉਡੀਕ-ਝੋਲੀ ਖਾਲੀ ਰਹਿ ਜਾਂਦੀ। ਉਹ ਦਰਾਂ ਵਿਚ ਬੁੱਤ ਬਣੀ, ਸੱਖਣੀਆਂ ਨਿਗਾਹਾਂ ਨਾਲ ਦੂਰ ਜਾਂਦੀਆਂ ਰਾਹਾਂ ਨਿਹਾਰਦੀ ਅਤੇ ਆਖਰ ਨੂੰ ਆਪਣੇ ਆਪ ਨੂੰ ਨਿਹਾਰਨ ਤੋਂ ਵੀ ਅਸਮਰਥ ਹੋ ਜਾਂਦੀ। ਆਪਣਾ ਸਿਵਾ ਸੇਕਦੀ, ਆਪਣੀਆਂ ਆਂਦਰਾਂ ਨੂੰ ਗੰਢ ਮਾਰ, ਗੰਢ ਬਣ ਕੇ ਜਿਉਣ ਦੀ ਮੁਥਾਜ ਹੋ ਜਾਂਦੀ। ਉਸ ਦੇ ਮੂਕ ਜੀਵਨ-ਸਾਜ਼ ਵਿਚੋਂ ਵੀ ਸੁਖਦ, ਸਕੂਨ ਅਤੇ ਸੂਖਮ ਤਰੰਗਾਂ ਆਪਣਿਆਂ ਲਈ ਅਸੀਸ ਬਣਦੀਆਂ। ਘਰ ਤੇ ਵਿਹੜੇ ਲਈ ਸੁਖ ਮੰਗਦੀਆਂ। ਕਾਸ਼! ਅਸੀਂ ਉਨ੍ਹਾਂ ਅਸੀਸਾਂ ਨੂੰ ਸੁਣਨ ਤੇ ਸਮਝਣ ਲਈ ਚੇਤਨਾ ਨੂੰ ਸੰਵੇਦਨਾ ਬਣਾਉਣ ਜੋਗੇ ਹੋਈਏ। ਇਹ ਤਾਂ ਬੱਚਿਆਂ ਨੂੰ ਹੀ ਕਰਨਾ ਪੈਣਾ ਕਿਉਂਕਿ ਮਾਂਵਾਂ ਦੇ ਤੁਰ ਜਾਣ ਪਿਛੋਂ ਤਾਂ ਬੱਚੇ ਨੂੰ ਮਾਂਵਾਂ ਵਰਗੀ ਰਹਿਤਲ, ਖੁਦ ਵਿਚੋਂ ਉਪਜਾਉਣ ਤੇ ਹੰਢਾਉਣ ਦੀ ਵੱਧ ਤਮੰਨਾ ਹੁੰਦੀ।
ਮਾਂ ਬਿਰਖ ਦੀ ਛਾਂ, ਪੂਜਣ ਦੀ ਥਾਂ ਅਤੇ ਸੁਖਨ ਦਾ ਨਾਂ। ਮਾਂ, ਰੁਆਂਸੀ ਰੁੱਤ ਲਈ ਆਪਣੇਪਨ ਦੀ ਗਲਵਕੜੀ। ਨੰਗੇ ਪਿੰਡੇ ਲਈ ਲੀਰ-ਲੰਗਾਰ। ਆਂਦਰਾਂ ਦੀ ਤੰਦ ਨਾਲ ਗਲੋਟੇ ਲਾਹੁੰਦੀ ਤੇ ਸੋਚ ਦੀਆਂ ਤੰਦੀਆਂ ‘ਤੇ ਉਣ, ਬੱਚੜੇ ਲਈ ਫੁੱਲਕਾਰੀ ਕੱਢਦੀ।
ਮਾਂ ਵਰਗੇ ਸ਼ਬਦ ਦੀ ਥਾਹ ਲੈਣੀ ਹੋਵੇ ਜਾਂ ਅਰਥ ਪੁਛਣੇ ਹੋਣ ਤਾਂ ਕਦੇ ਮਾਂ-ਮਹਿਟਰ ਦੇ ਦਰਦ ਨੂੰ ਫਰੋਲੋ ਜਿਸ ਦਾ ਬਚਪਨਾ ਖੁਦਕੁਸ਼ੀ ਕਰ ਗਿਆ। ਖੇਡਣ ਦੀ ਰੁੱਤ ਬੇਵਾ ਹੋ ਗਈ। ਲਾਡ-ਲਡਿੱਕੇ ਦੀ ਰੁੱਸਵਾਈ, ਮਨ ਨੂੰ ਹਰ ਪਲ ਰੁਆਉਂਦੀ। ਜਿੰ.ਦ ‘ਚ ਹਰਦਮ ਦਰਦ ਰਿੜਕਣੀ। ਚਾਨਣ-ਚੋਅ ਨੂੰ ਲੱਗੇ ਜੰਗਾਲੇ-ਜਿੰਦਰੇ, ਜੋ ਹਨੇਰਿਆਂ ‘ਚ ਸੁਲਘਦਾ। ਜਿਨ੍ਹਾਂ ਦੀ ਰੋਟੀ ਦੀ ਭੁੱਖ, ਚੱਪੇ ‘ਚ ਸੁੰਗੜ ਗਈ। ਗੋਭਲੇ ਪਿੰਡੇ ਨੂੰ ਮਿਲਿਆ ਫੁੱਲ-ਬੂਟੀਆਂ ਦਾ ਰੁਦਨ। ਲੋਰੀਆਂ ਦੀ ਰੁੱਤ ਵੈਰਾਗਣ ਹੋ ਗਈ। ਜੋ ਬਾਤਾਂ ਦਾ ਹੁੰਗਾਰਾ ਭਰਨ ਲਈ ਤਰਸਦੇ, ਹਉਕਾ ਹਉਕਾ ਹੋ ਗਏ। ਜਿਨ੍ਹਾਂ ਦੇ ਤੋਤਲੇ ਬੋਲ ਝਿੜਕਾਂ ਹਜ਼ਮ ਗਈਆਂ। ਜਿਨ੍ਹਾਂ ਦੀ ਸਰਘੀ ਤੇ ਗਹਿਰ ਨੇ ਕਹਿਰ ਢਾਹਿਆ। ਜਿਨ੍ਹਾਂ ਦੇ ਹਿੱਸੇ ਦਾ ਸੂਰਜ ਕਾਲਖਾਂ ਨੇ ਨਿਗਲ ਲਿਆ। ਜਿਨ੍ਹਾਂ ਦੇ ਸੁਪਨਿਆਂ ਦੀ ਅੱਖ ਹਮੇਸ਼ਾ ਸਿੰਮਦੀ ਰਹੀ ਅਤੇ ਅੱਖ ਵਿਚ ਉਤਰੀ ਲਾਲੀ ਨਾਲ ਚਾਰੇ ਪਾਸੇ ਧੁੰਧਲਕਾ ਛਾਇਆ ਰਿਹਾ। ਜਿਨ੍ਹਾਂ ਦੇ ਮਾਸੂਮ ਮੁਖੜੇ ‘ਤੇ ਘਰਾਲਾਂ ਜੰਮੀਆਂ ਰਹੀਆਂ। ਜਿਨ੍ਹਾਂ ਦੀ ਨੀਂਦ ਵਿਚ ਸੁਪਨ-ਸੰਵੇਦਨਾ ਨਹੀਂ ਸਗੋਂ ਸਹਿਮ, ਸੰਕੀਰਨਤਾ ਤੇ ਸਦਮੇ ਸੁਲਘਦੇ ਰਹੇ। ਜਿਨ੍ਹਾਂ ਦੇ ਸਾਹ ਆਹਾਂ ਦਾ ਵਣਜ ਕਰਨ ਲਈ ਮਜ਼ਬੂਰ ਅਤੇ ਜਿਉਣ ਦੇ ਭਰਮ ‘ਚ ਤਿਲ ਤਿਲ ਮਰਦੇ ਰਹੇ। ਜਿਨ੍ਹਾਂ ਲਈ ਖੌਫ ਤੇ ਖੁਦਾ, ਖੁਦਦਾਰੀ ਅਤੇ ਖੁਸ਼ਾਮਦ ਅਤੇ ਖਿਲਾਫਤ ਅਤੇ ਖਿਦਮਤਗਾਰੀ ‘ਚ ਕੋਈ ਅੰਤਰ ਨਾ ਰਿਹਾ।
ਮਾਂ ਦੇ ਮਰ ਜਾਣ ‘ਤੇ ਮਰ ਜਾਂਦੇ ਨੇ ਮਾਂਵਾਂ ਵਾਲੇ ਲਾਡ ਪਿਆਰ ਤੇ ਚਾਅ ਦੁਲਾਰ। ਉਜੜ ਜਾਂਦਾ ਸੁਪਨ ਸੰਸਾਰ। ਕੋਮਲ ਭਾਵਾਂ ਦਾ ਹੁੰਦਾ ਨਰ-ਸੰਘਾਰ। ਫਿਰ ਨਾ ਕੋਈ ਮਿਲਦਾ ਉਰਵਾਰ ਜਾਂ ਪਾਰ। ਬੰਦਾ ਫਸ ਜਾਂਦਾ ਅੱਧ-ਵਿਚਕਾਰ ਅਤੇ ਜੀਵਨ ‘ਚ ਪਸਰਦਾ ਅੰਧਕਾਰ।
ਮਾਂ ਦਾ ਪਿਆਰ, ਹਰਫਾਂ, ਬੋਲਾਂ ਜਾਂ ਦਿਖਾਵੇ ਦਾ ਨਹੀਂ ਮੁਥਾਜ਼। ਇਸ ਦਾ ਹੁੰਦਾ ਆਪ-ਮੁਹਾਰਾ ਆਗਾਜ਼। ਮਾਂ ਦੇ ਕਦਮਾਂ ਵਿਚ ਵਸਦੀ ਜੰਨਤ ਬਣਦੀ ਸੁਰ-ਸਾਜ਼ ਅਤੇ ਇਸ ਸਾਹਵੇਂ ਫਿੱਕੇ ਪੈ ਜਾਂਦੇ ਸਭ ਅੰਦਾਜ਼।
ਮਾਂ ਮਹਾਂਦਾਨੀ, ਮਹਾਨ ਸੁਆਣੀ ਤੇ ਜੀਵਨ-ਦਾਨੀ ਜਿਸ ਦੀ ਮਹਿਮਾ, ਮਹਾਨਤਾ ਅਤੇ ਮੁਲੰਗਪੁਣੇ ਦੀ ਅਕੱਥ ਕਹਾਣੀ ਕਿਸੇ ਨਾ ਜਾਣੀ। ਮਾਂ ਅਨਪੜ੍ਹ ਹੁੰਦਿਆਂ ਵੀ ਮਹਾਂ-ਗਿਆਨੀ। ਦੁਨੀਆਂ ਦਾ ਹਰ ਗਿਆਨ, ਬੱਚੇ ਦੀ ਸੋਚ ਵਿਚ ਧਰ, ਖੁਦ ਭਰਪੂਰ ਰਹਿੰਦੀ।
ਲੋਕੋ! ਮੰਦਿਰ, ਮਸਜਿਦ, ਗੁਰਦੁਆਰੇ, ਚਰਚ, ਆਸ਼ਰਮ, ਸਕੂਲ, ਘਰ, ਧਰਮਸ਼ਾਲਾਵਾਂ ਆਦਿ ਬਣਾਓ, ਪਰ ਕਦੇ ਵੀ ਬਿਰਧ-ਆਸ਼ਰਮ ਨਾ ਬਣਾਓ ਕਿਉਂਕਿ ਜਿਸ ਮਾਂ ਨੇ ਬੱਚਿਆਂ ਨੂੰ ਜਵਾਨ ਕੀਤਾ ਹੋਵੇ, ਉਸ ਦੀ ਤਾਮੀਰਦਾਰੀ ਵਿਚੋਂ ਤਾਂ ਰੂਹਾਨੀਅਤ ਮਿਲਦੀ। ਖੁਦ ਨੂੰ ਕਦੇ ਵੀ ਇਸ ਅਸੀਮ ਰੂਹਾਨੀਅਤ ਤੋਂ ਮਹਿਰੂਮ ਨਾ ਕਰੋ। ਕਿਉਂਕਿ ਬਜੁਰਗਾਂ ਦੀ ਸੇਵਾ, ਸਰਬ-ਸ੍ਰੇਸ਼ਟ, ਅਤੇ ਦੁਨਿਆਵੀ ਸੇਵਾਵਾਂ ਤੋਂ ਉਤਮ।
ਮਾਂ ਤੋਂ ਮੰਗੀ ਦੁਆਨੀ-ਚੁਆਨੀ ਨੂੰ ਯਾਦ ਕਰਨਾ। ਤੁਹਾਨੂੰ ਰਾਂਗਲੇ ਅਤੇ ਬੇਫਿਕਰੇ ਦਿਨ ਯਾਦ ਆ ਜਾਣਗੇ। ਕਮਾਊ ਹੋ ਕੇ, ਦਾਨੀ ਮਾਂ ਨੂੰ ਮੰਗਤੀ ਨਾ ਬਣਾਓ। ਤੁਹਾਡਾ ਧਨ-ਦੌਲਤ ਤਾਂ ਮਾਂ ਦੀਆਂ ਬਖਸ਼ਿਸ਼ਾਂ ਦੀ ਹੀ ਦੇਣ ਏ।
ਮਾਂ ਆਪਣੇ ਬੱਚੇ ਦਾ ਸਿਰ ਮੋਢੇ ‘ਤੇ ਰੱਖ ਲਾਡ ਲਡਾਉਂਦੀ, ਲੋਰੀਆਂ ਸੁਣਾਉਂਦੀ ਅਤੇ ਬੱਚੇ ਨੂੰ ਸੁਪਨ-ਸਵਰਗ ਦੀ ਸੈਰ ਕਰਵਾਉਂਦੀ। ਫਿਰ ਆਖਰ ਨੂੰ ਆਪਣੇ ਜਵਾਨ ਬੱਚੇ ਦੇ ਮੋਢੇ ਦਾ ਸਹਾਰਾ ਲੈ, ਇਸ ਦੁਨੀਆਂ ਤੋਂ ਰੁਖਸਤ ਹੁੰਦੀ। ਮਾਂ ਦੇ ਮੋਢੇ ਦਾ, ਬੱਚੇ ਦੇ ਮੋਢੇ ਨਾਲ ਬਦਲਣ ‘ਤੇ ਕਿੰਨਾ ਕੁਝ ਬਦਲ ਜਾਂਦਾ।
ਮਾਂ ਸ਼ਬਦ ਨਾਲ ਮੂੰਹ ਭਰਦਾ। ਬੋਲਾਂ ਵਿਚ ਮਿਠਾਸ। ਅਸੀਮ ਅਰਥ। ਬਹੁ-ਪੱਖੀ ਪਸਾਰੇ। ਦੇਵੀ ਦੀਦਾਰੇ। ਦੈਵੀ ਨਜ਼ਾਰੇ। ਹੁੱਲੇ-ਹੁਲਾਰੇ। ਸੁਰ, ਸੰਗੀਤ, ਸਾਰਥਕਤਾ ਅਤੇ ਸਹਿਜਮੁਖੀ ਲੱਜਤਾਂ ਦੇ ਫੁਹਾਰੇ।
ਮਾਂ ਤੁਹਾਡੀ ਨੁਕਤਾਚੀਨੀ ਵਿਚੋਂ ਵੀ ਤੁਹਾਡੀਆਂ ਖੈਰਾਂ ਮੰਗਦੀ ਕਿਉਂਕਿ ਮਾਂ ਬੱਚਿਆਂ ਦੀ ਸਭ ਤੋਂ ਵੱਡੀ ਤੇ ਨੇੜਲੀ ਸ਼ੁਭ-ਚਿੰਤਕ। ਮਾਂ ਤੁਹਾਡੀ ਦੋਸਤ ਜੋ ਤੁਹਾਡੀ ਰਾਜ਼ਦਾਰ ਵੀ ਹੁੰਦੀ। ਤੁਹਾਡੀ ਮਾਰਗ-ਦਰਸ਼ਕ, ਜੋ ਤੁਹਾਡੀਆਂ ਕਮੀਆਂ ਤੇ ਗੁਣਾਂ ਨੂੰ ਹੰਗਾਲ, ਤੁਹਾਡੇ ਲਈ ਬਿਹਤਰ ਰਾਹ ਦੀ ਦੱਸ ਪਾਉਂਦੀ ਅਤੇ ਉਂਗਲ ਫੜ ਕੇ ਰਾਹ ਤੋਰਦੀ।
ਮਾਂ ਦਾ ਦਿਲ ਸਮੁੰਦਰਾਂ ਤੋਂ ਵੱਧ ਡੂੰਘਾ ਤੇ ਅਸੀਮ। ਬੱਚੇ ਦੀਆਂ ਕੁਤਾਹੀਆਂ ਤੇ ਗਲਤੀਆਂ ਨੂੰ ਮੁਆਫ ਕਰ, ਚੰਗੇਰਾ ਇਨਸਾਨ ਬਣਨ ਲਈ ਪ੍ਰੇਰਦੀ।
ਮਾਂ ਹਰ ਰਿਸ਼ਤੇ ਤੇ ਹਰ ਥਾਂ ਨੂੰ ਭਰਨ ਦੇ ਸਮਰੱਥ, ਪਰ ਉਸ ਵਰਗਾ ਕੋਈ ਨਹੀਂ ਬਣ ਸਕਦਾ ਕਿਉਂਕਿ ਮਾਂ ਸਿਰਫ ਮਾਂ ਹੁੰਦੀ।
ਮਾਂ ਦੇ ਸੁਪਨੇ ਦਾ ਸਰੂਪ ਵੀ ਮਾਂ ਵਰਗਾ ਹੁੰਦਾ ਤਾਂ ਹੀ ਬੱਚੇ ਵਿਚੋਂ ਮਾਂ ਦੇ ਮੁਹਾਂਦਰੇ ਨੂੰ ਪਛਾਣਿਆ ਤੇ ਜਾਣਿਆ ਜਾ ਸਕਦਾ। ਮਾਂ, ਬੱਚੇ ਦਾ ਸਦਾ ਆਦਿ ਹੁੰਦੀ ਪਰ ਕਦੇ ਵੀ ਅੰਤ ਨਹੀਂ ਹੁੰਦੀ।
ਮਾਂ ਨੂੰ ਕਿਸ ਨਾਲ ਤਸ਼ਬੀਹ ਦਿਓਗੇ ਕਿਉਂਕਿ ਮਾਂ ਬਰੋਬਰ ਤਾਂ ਕੁਝ ਵੀ ਬਰ ਨਹੀਂ ਮੇਚਦਾ। ਇਸ ਦੇ ਨਹੀਂ ਕੋਈ ਤੁੱਲ ਅਤੇ ਨਾ ਹੀ ਇਸ ਦੇ ਬਰਾਬਰ ਹੈ ਕਿਸੇ ਦਾ ਮੁੱਲ।
ਮਾਂ ਕਦੇ ਵੀ ਇਕੱਲੀ ਨਹੀਂ ਹੁੰਦੀ। ਉਸ ਦੀ ਸੋਚ ਵਿਚ ਵੱਸਦੇ ਨੇ ਬੱਚੇ, ਆਰ-ਪਰਿਵਾਰ ਅਤੇ ਦੁਨਿਆਵੀ ਸੰਸਾਰ ਜਿਨ੍ਹਾਂ ਨੂੰ ਸਮਾਜ ਬਣਾਉਣ ਲਈ ਕਰਦੀ ਰਹਿੰਦੀ ਏ ਆਹਰ। ਉਸ ਦੇ ਹਰ ਉਦਮ ਦਾ ਹੁੰਦਾ ਏ ਵਿਸਥਾਰ ਜਿਸ ਨਾਲ ਦਿੱਖ ਤੇ ਸੁਹੱਪਣ ਨੂੰ ਮਿਲਦਾ ਨਵਾਂ ਨਿਵੇਕਲਾ ਆਕਾਰ ਅਤੇ ਆਧਾਰ।
ਮਾਂ ਦੀ ਯਾਦ, ਉਸ ਦੇ ਜਾਣ ਪਿਛੋਂ ਵੀ ਚੇਤਿਆਂ ‘ਚ ਤਰਦੀ, ਤਾਂ ਹੀ ਸ਼ਬਦ ਸਿਸਕਦੇ,
ਮਾਂ ਦੀ ਮੌਤ ਤੋਂ ਬਾਅਦ
ਅਕਸਰ ਹੀ ਪਿੰਡ ਫੋਨ ਕਰਦਾ ਹਾਂ
ਪਰਿਵਾਰ ਦੇ ਮੈਂਬਰ ਫੋਨ ਚੁੱਕਦੇ
ਰਸਮੀ ਜਿਹੀਆਂ ਗੱਲਾਂ ਕਰ
ਫੋਨ ਬੰਦ ਕਰਨ ਦੀ ਕਾਹਲ ਕਰਦੇ
ਤਰਸ ਜਾਂਦਾ ਹਾਂ
ਕੋਈ ਤਾਂ ਕਹੇਗਾ
ਕਿ ਕਦੋਂ ਆਵੇਂਗਾ?
ਪਰ
ਮੈਂ ਭੁੱਲ ਜਾਂਦਾ ਹਾਂ ਕਿ
ਹੁਣ ਫੋਨ ਚੁੱਕਣ ‘ਤੇ
ਮਾਂ ਵਾਂਗ
ਕਿਸੇ ਨੇ ਨਹੀਂ ਕਹਿਣਾ,
‘ਵੇ ਪੁੱਤ ਕਦੋਂ ਆਵੇਂਗਾ?’
ਤੇ ਮੈਂ ਫੋਨ ਵੰਨੀ ਦੇਖਦਾ
ਚੁੱਪ ਹੋ ਜਾਂਦਾ ਹਾਂ।
ਜਿਉਂਦੀਆਂ ਮਾਂਵਾਂ ਵਾਲਿਓ! ਮਾਂਵਾਂ ਨੂੰ ਮਿਲ ਕੇ ਸੁੱਤੇ ਸੁਪਨਿਆਂ ਨੂੰ ਸ਼ਰਸ਼ਾਰ ਕੀਤਾ ਜਾ ਸਕਦਾ। ਅਜਿਹਾ ਉਦਮ ਅਸੀਂ ਸਭ ਨੇ ਕਰਨਾ ਏ। ਪੰਜਾਬੀਆਂ ਤੋਂ ਅਜਿਹੀ ਤਵੱਕੋ ਤਾਂ ਕੀਤੀ ਹੀ ਜਾ ਸਕਦੀ ਏ