ਲੋਕ ਸਭਾ ਚੋਣਾਂ ਬਨਾਮ ਦੇਸ਼ ਦੀ ਅਨੇਕਤਾ ਵਿਚ ਏਕਤਾ

ਗੁਲਜ਼ਾਰ ਸਿੰਘ ਸੰਧੂ
ਸਾਡੇ ਦੇਸ਼ ਦੀ ਰਾਜਨੀਤੀ ਅਤੇ ਸਾਡਾ ਸਭਿਆਚਾਰ ਅਨੇਕਤਾ ਵਿਚ ਏਕਤਾ ਲਈ ਜਾਣੇ ਜਾਂਦੇ ਹਨ। ਇਥੋਂ ਦੀ ਬਹੁਭਾਸ਼ੀ, ਬਹੁਪੱਖੀ ਤੇ ਬਹੁਪਾਰਟੀ ਮਰਿਆਦਾ ਜਗਤ ਪ੍ਰਸਿਧ ਰਹੀ ਹੈ। ਮੇਰਾ ਨਾਨਕਾ ਪਿੰਡ ਸਾਰੇ ਦਾ ਸਾਰਾ ਕੋਈ ਵੀ ਸ਼ੁਭ ਕੰਮ ਅਰੰਭਣ ਤੋਂ ਪਹਿਲਾਂ ਸ਼ਿਵਦਵਾਲੇ ਮੱਥਾ ਟੇਕਦਾ ਸੀ। ਮੁਸਲਮਾਨ ਸ਼ਾਇਰ ਹਿੰਦੂ, ਸਿੱਖ ਦੇਵੀ-ਦੇਵਤਿਆਂ ਦਾ ਗੁਣ ਗਾਇਨ ਕਰਦੇ ਰਹੇ ਹਨ। ਬਾਲਾ, ਮਰਦਾਨਾ ਤੇ ਗੁਰੂ ਨਾਨਕ ਦੇਵ ਸੰਧੂ, ਮਰਾਸੀ ਤੇ ਖੱਤਰੀ ਹੁੰਦਿਆਂ ਇਕੱਠੇ ਵਿਚਰਦੇ ਰਹੇ। ਦਸਵੇਂ ਪਾਤਸ਼ਾਹ ਦਾ ਬਚਨ ‘ਦੇਹ ਸ਼ਿਵਾ ਬਰ ਮੋਹਿ ਇਹ ਸ਼ੁਭ ਕਰਮਨ ਤੋਂ ਕਬਹੂੰ ਨਾ ਟਰੋਂ’ ਅੱਜ ਦੇ ਪੂਰੇ ਸੰਸਾਰ ਵਿਚ ਮੰਨਿਆ ਜਾਂਦਾ ਹੈ। ਸਰ ਮੁਹੰਮਦ ਇਕਬਾਲ ਦਾ ਗੁਰੂ ਨਾਨਕ ਦੇਵ ਬਾਰੇ ਲਿਖਿਆ ਇਹ ਸ਼ਿਅਰ ਵੀ, “ਫਿਰ ਉਠੀ ਆਖਿਰ ਸਦਾ ਤੌਹੀਦ ਕੀ ਪੰਜਾਬ ਸੇ, ਹਿੰਦ ਕੋ ਇਕ ਮਰਦ-ਏ-ਕਾਮਿਲ ਨੇ ਜਗਾਇਆ ਖ੍ਵਾਬ ਸੇ।”

ਭਾਰਤ ਦਾ ਜੰਮਪਲ ਏ. ਪੀ. ਜੇ. ਅਬਦੁਲ ਕਲਾਮ ਦੇਸ਼ ਦਾ ਮਿਜ਼ਾਈਲ ਮੈਨ ਮੰਨਿਆ ਜਾਂਦਾ ਹੈ ਤੇ ਅਬਦੁਲ ਹਮੀਦ ਨਾਂ ਦਾ ਫੌਜੀ ਇਸ ਦੇਸ਼ ਵਲੋਂ ਪਰਮ ਵੀਰ ਚਕੱਰ ਨਾਲ ਸਨਮਾਨਿਆ ਗਿਆ ਹੈ।
ਪਿਛਲੇ 70 ਸਾਲ ਦੇ ਇਤਿਹਾਸ ਵਿਚ ਪਹਿਲੀ ਵਾਰ ਹੈ ਕਿ ਉਤਰ ਪ੍ਰਦੇਸ਼ ਦਾ ਮੁੱਖ ਮੰਤਰੀ ਅਦਿਤਿਆ ਨਾਥ ਯੋਗੀ, ਅਲੀ ਦੇ ਸਨਮੁਖ ਬਜਰੰਗ ਬਲੀ ਨੂੰ ਖੜਾ ਕਰ ਰਿਹਾ ਹੈ ਤੇ ਰਾਮ-ਰਹੀਮ ਵਿਚ ਪਾੜਾ ਪਾ ਰਿਹਾ ਹੈ। ਸ਼ਹਿਰਾਂ, ਕਸਬਿਆਂ, ਭਵਨਾਂ, ਸੰਸਥਾਵਾਂ, ਜਿਲਿਆਂ ਤੇ ਸਟੇਸ਼ਨਾਂ ਦੇ ਨਾਂ ਬਦਲੇ ਜਾ ਰਹੇ ਹਨ। ਭਗਵੇਂਕਰਨ ਦਾ ਇਹ ਏਜੰਡਾ ਦੂਜੀਆਂ ਸਿਆਸੀ ਪਾਰਟੀਆਂ ਨੂੰ ਵੀ ਧਰਮ ਤੇ ਜਾਤ ਦੀਆਂ ਵੰਡੀਆਂ ਪਾਉਣ ਲਈ ਮਜਬੂਰ ਕਰ ਰਿਹਾ ਹੈ। ਸਮਾਜਵਾਦੀ ਪਾਰਟੀ ਦਾ ਆਜ਼ਮ ਖਾਨ ਭਾਜਪਾ ਦੀ ਜਯਪ੍ਰਦਾ ‘ਤੇ ਚਿੱਕੜ ਸੁਟ ਰਿਹਾ ਹੈ। ਮਾਯਾਵਤੀ ਮੁਸਲਮਾਨਾਂ ਤੋਂ ਵੋਟ ਮੰਗਦੀ ਇਹ ਕਹਿਣੋਂ ਨਹੀਂ ਸ਼ਰਮਾਉਂਦੀ ਕਿ ਸੱਤਾ ਵਿਚ ਆਉਂਦੇ ਸਾਰ ਉਨ੍ਹਾਂ ਦੇ ਵਾਰੇ ਨਿਆਰੇ ਕਰ ਦੇਵੇਗੀ। ਅਖਿਲੇਸ਼ ਯਾਦਵ ਆਪਣੇ ਗੋਤ ਦੇ ਨਾਂ ਉਤੇ ਫੌਜੀ ਰੈਜੀਮੈਂਟ ਸਿਰਜਣ ਦੇ ਸੁਪਨੇ ਦਿਖਾ ਰਿਹਾ ਹੈ।
ਲੋਕ ਸਭਾ ਚੋਣਾਂ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਇੱਕ ਹੋਰ ਪੈਂਤੜਾ ਵਰਤਣਾ ਸ਼ੁਰੂ ਕਰ ਦਿੱਤਾ ਹੈ। ਰਾਜ ਸਰਕਾਰਾਂ ਵਲੋਂ ਰਚਾਏ ਸਮਾਗਮ ਨੂੰ ਲੋੜੀਂਦੇ ਫੰਡ ਦੇਣ ਦੀ ਥਾਂ ਮੁਤਵਾਜ਼ੀ ਤੇ ਵੱਡੇ ਸਮਾਗਮ ਰਚਾ ਕੇ ਆਮ ਜਨਤਾ ਨੂੰ ਲੁਭਾਇਆ ਜਾ ਰਿਹਾ ਹੈ। ਡੇਰਾ ਬਾਬਾ ਨਾਨਕ ਤੇ ਕਰਤਾਰਪੁਰ ਵਿਚਕਾਰ ਅਹਿਮ ਲਾਂਘੇ ਨੂੰ ਅਪਨਾਉਣ ਵਿਚ ਕੇਂਦਰ ਦੀ ਮੁਢਲੀ ਆਨਾ-ਕਾਨੀ ਨਵੇਂ ਪੈਂਤੜੇ ਦਾ ਹਿੱਸਾ ਸੀ। ਜਲ੍ਹਿਆਂ ਵਾਲਾ ਬਾਗ ਦੇ ਇਤਿਹਾਸਕ ਸਾਕੇ ਦੇ ਪ੍ਰਸੰਗ ਵਿਚ ਰਾਜ ਸਰਕਾਰ ਦੇ ਸਮਾਗਮ ਤੋਂ ਵਡੇਰਾ ਤੇ ਕੀਮਤੀ ਸਮਾਗਮ ਰਚਾ ਕੇ ਕੇਂਦਰ ਵਲੋਂ ਆਪਣੇ ਨੰਬਰ ਬਣਾਉਣਾ ਤਾਂ ਕੱਲ੍ਹ ਦੀ ਗੱਲ ਹੈ। ਖੂਬੀ ਇਹ ਕਿ ਦੇਸ਼ ਦਾ ਪ੍ਰਧਾਨ ਮੰਤਰੀ ਪੰਜਾਬ ਦੇ ਮੁੱਖ ਮੰਤਰੀ ਦੀ ਕੇਂਦਰ ਵਾਲੇ ਸਮਾਗਮ ਵਿਚ ਕੁਦਰਤੀ ਗੈਰ ਹਾਜ਼ਰੀ ਨੂੰ ਵਡਾ ਦੋਸ਼ ਬਣਾ ਕੇ ਉਭਾਰ ਰਿਹਾ ਹੈ। ਇਸ ਦੇ ਉਲਟ ਆਪਣੀ ਭਾਈਵਾਲ ਅਕਾਲੀ ਪਾਰਟੀ ਦੀ ਗੈਰਹਾਜ਼ਰੀ ਬਾਰੇ ਅੱਖਾਂ ਮੀਚਣ ਦਾ ਸਵਾਂਗ ਰਚਾਉਂਦਾ ਉਕਾ ਨਹੀਂ ਝਿਜਕਦਾ। ਕੇਂਦਰ ਵਿਚ ਅਕਾਲੀ ਪਾਰਟੀ ਦੀ ਪ੍ਰਤੀਨਿਧਤਾ ਕਰ ਰਹੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਦੀ ਗੈਰ ਹਾਜ਼ਰੀ ਸਮੇਤ।
ਇਕ ਭਾਜਪਾ ਨੇਤਾ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਹੈ ਕਿ 2019 ਤੋਂ ਪਿਛੋਂ ਚੋਣਾਂ ਦੀ ਲੋੜ ਹੀ ਨਹੀਂ ਰਹਿਣੀ। ਉਸ ਦਾ ਇਸ਼ਾਰਾ ਇਕ ਧਰਮੀ (ਭਾਵ ਭਗਵੇਂ) ਰਾਜ ਦੀ ਪੁਖਤਾ ਸਥਾਪਤੀ ਵੱਲ ਹੈ। ਲੋਕ ਭਲਾਈ ਨੀਤੀਆਂ ਦੀ ਥਾਂ ਅਜਿਹਾ ਏਜੰਡਾ ਅਪਨਾਉਣਾ ਦੇਸ਼ ਦੀ ਜਨਤਾ ਨੂੰ ਗੁੰਮਰਾਹ ਕਰਨਾ ਨਹੀਂ ਤਾਂ ਹੋਰ ਕੀ ਹੈ? ਸੁਤੰਤਰ ਭਾਰਤ ਦੇ ਪਿਛਲੇ 70 ਸਾਲਾਂ ਦੇ ਇਤਿਹਾਸ ਵਿਚ ਇਸ ਤਰ੍ਹਾਂ ਦੀਆਂ ਨੀਤੀਆਂ ਤੇ ਬਿਆਨਾਂ ਦਾ ਉਭਰਨਾ ਲੋਕਤੰਤਰ ਲਈ ਵੱਡੇ ਖਤਰੇ ਦੀ ਘੰਟੀ ਹੈ।
ਟ੍ਰਿਬਿਊਨ ਪ੍ਰਕਾਸ਼ਨ ਸਮੂਹ, ਮੈਂ ਤੇ ਮੇਰੇ ਜਾਣੂ: ‘ਪੰਜਾਬੀ ਟ੍ਰਿਬਿਊਨ’ ਵਿਚ ਅਰਵਿੰਦਰ ਜੌਹਲ ਤੇ ‘ਦੀ ਟ੍ਰਿਬਿਊਨ’ ਵਿਚ ਨਾਨਕੀ ਹਾਂਸ ਦੀ ਉਨਤੀ ਨੇ ਮੈਨੂੰ ਟ੍ਰਿਬਿਊਨ ਪ੍ਰਕਾਸ਼ਨ ਸਮੂਹ ਨਾਲ ਆਪਣੀ ਅੱਧੀ ਸਦੀ ਦੀ ਸਾਂਝ ਚੇਤੇ ਕਰਵਾ ਦਿੱਤੀ ਹੈ। ਟ੍ਰਿਬਿਊਨ ਟਰੱਸਟ ਨੇ ਮਹਿਲਾ ਦਿਵਸ ਮੌਕੇ ਅਰਵਿੰਦਰ ਨੂੰ ਨਿਊਜ਼ ਐਡੀਟਰ (ਪੰਜਾਬੀ ਟ੍ਰਿਬਿਊਨ) ਤੇ ਨਾਨਕੀ ਨੂੰ ਚੀਫ ਨਿਊਜ਼ ਐਡੀਟਰ (ਦੀ ਟ੍ਰਿਬਿਊਨ) ਵਜੋਂ ਤਰੱਕੀ ਦਿੱਤੀ ਹੈ। ਮੈਂ ਪੰਜਾਬੀ ਟ੍ਰਿਬਿਊਨ ਦਾ 1984 ਤੋਂ 1987 ਤੱਕ ਸੰਪਾਦਕ ਰਿਹਾ ਹਾਂ ਭਾਵੇਂ ਪੰਜਾਬੀ ਟ੍ਰਿਬਿਊਨ ਨੂੰ ਮੁਢਲੀ ਸੇਧ ਦੇਣ ਵਾਲਾ ਮੇਰਾ ਮਿੱਤਰ ਬਰਜਿੰਦਰ ਸਿੰਘ ਹਮਦਰਦ ਸੀ। ਉਸ ਨੂੰ ਮੁਢਲੀ ਸਿਖਿਆ ਆਪਣੇ ਪਿਤਾ ਸਾਧੂ ਸਿੰਘ ਹਮਦਰਦ ਕੋਲੋਂ ਮਿਲੀ ਸੀ, ਤੇ ਮੈਨੂੰ ਸੇਧ ਦੇਣ ਵਾਲਾ ਪ੍ਰੇਮ ਭਾਟੀਆ ਸੀ। ਪੰਜਾਬੀ ਟ੍ਰਿਬਿਊਨ ਦੀ ਸੰਪਾਦਕੀ ਨਾਲ ਜੁੜੇ ਹਰਭਜਨ ਹਲਵਾਰਵੀ, ਸ਼ੰਗਾਰਾ ਸਿੰਘ ਭੁੱਲਰ, ਸਿੱਧੂ ਦਮਦਮੀ ਤੇ ਸੁਰਿੰਦਰ ਤੇਜ ਹੀ ਨਹੀਂ, ਮੌਜੂਦਾ ਸੰਪਾਦਕ ਸਵਰਾਜ ਬੀਰ ਵੀ ਮੇਰੇ ਮਿੱਤਰਾਂ ਦੇ ਘੇਰੇ ਵਿਚ ਆਉਂਦੇ ਹਨ। ਸੱਜਰੀ ਤਰੱਕੀ ਦਾ ਵਿਸ਼ੇਸ਼ ਰਾਜ ਇਹ ਹੈ ਕਿ ਅਰਵਿੰਦਰ ਤੇ ਨਾਨਕੀ ਆਪੋ ਆਪਣੇ ਕੰਮ ਦੀ ਕਮਾਂਡ ਸੰਭਾਲਣ ਵਾਲੀਆਂ ਪਹਿਲੀਆਂ ਮਹਿਲਾਵਾਂ ਹਨ। ਇਸ ਤੋਂ ਪਹਿਲਾਂ ਕੋਈ ਮਹਿਲਾ ਇਨ੍ਹਾਂ ਪਦਵੀਆਂ ਦੀ ਭਾਗੀ ਨਹੀਂ ਹੋਈ। ‘ਦੀ ਟ੍ਰਿਬਿਊਨ’ (ਅੰਗਰੇਜ਼ੀ) ਦੇ ਸਵਾ ਸੌ ਸਾਲ ਦੇ ਇਤਿਹਾਸ ਵਿਚ ਵੀ ਨਹੀਂ। ਨਾਨਕੀ ਨੂੰ ਮੁਢਲੀ ਸੇਧ ਦੇਣਾ ਵਾਲਾ ਵੀ ਮੇਰਾ ਗੁਰੂ ਪ੍ਰੇਮ ਭਾਟੀਆ ਹੀ ਸੀ। ਤਰੱਕੀ ਦੇਣ ਵਾਲੇ ਤੇ ਤਰੱਕੀ ਪਾਉਣ ਵਾਲੇ ਵਧਾਈਆਂ ਦੇ ਹੱਕਦਾਰ ਹਨ।
ਅੰਤਿਕਾ: ਸ਼ਕੀਲ ਬਦਾਯੂੰਨੀ
ਜਾਨੇ ਵਾਲੇ ਕਭੀ ਨਹੀਂ ਆਤੇ
ਜਾਨੇ ਵਾਲੋਂ ਕੀ ਯਾਦ ਆਤੀ ਹੈ।
ਸਾਦਗੀ ਲਾਜਵਾਬ ਹੈ ਜਿਨ ਕੀ
ਉਨ ਸਵਾਲੋਂ ਕੀ ਯਾਦ ਆਤੀ ਹੈ।
ਵਜਦ-ਏ-ਲੁਤਫ-ਏ-ਸੁਖਨ ਮੁਬਾਰਕ ਹੋ
ਬਾਕਮਾਲੋਂ ਕੀ ਯਾਦ ਆਤੀ ਹੈ।