ਮੇਰੇ ਪਿੰਡ ਦੇ ਮੀਰਜ਼ਾਦੇ

ਸਾਂਵਲ ਧਾਮੀ
ਫੋਨ: +91-97818-43444
ਸਿਆਲ ਦਾ ਸਿਖਰ ਸੀ। ਤਾਲਿਬ ਨੇ ਮਾਂ ਕੋਲੋਂ ਸੰਦੂਕ ‘ਤੇ ਪਿਆ ਨਵਾਂ ਨਕੋਰ ਖੇਸ ਮੰਗਿਆ। ਮਾਂ ਮੂਹਰਿਓਂ ਟੁੱਟ ਕੇ ਪੈ ਗਈ, “ਇਸ ਖੇਸ ਵੱਲ ਤਾਂ ਝਾਕੀ ਵੀ ਨਾ, ਇਹ ਤਾਂ ਮੈਂ ਪੀਰਾਂ ਲਈ ਰੱਖਿਆ ਹੋਇਆ; ਅਣਲੱਗ।” ਤਾਲਿਬ ਠੁਰ-ਠੁਰ ਕਰਦਾ ਬਾਹਰ ਨਿਕਲ ਗਿਆ। ਸ਼ਾਮੀਂ ਵਾਪਸ ਘਰੇ ਆਉਣ ਦੀ ਥਾਂ ਨੇੜਲੇ ਪਿੰਡ ਮੰਡੇਰਾਂ ਨੂੰ ਚਲਾ ਗਿਆ। ਉਥੇ ਮਸ਼ਹੂਰ ਗਾਇਕ ਤੁਫੈਲ ਨਿਆਜ਼ੀ ਹੁਰਾਂ ਦੇ ਟੱਬਰ ਨਾਲ ਉਨ੍ਹਾਂ ਦੀ ਸਾਂਝ-ਸਕੀਰੀ ਸੀ ਕੋਈ।

ਅਗਲੇ ਦਿਨ ਤਾਲਿਬ ਹੁਰਾਂ ਦੇ ਘਰ ਪੀਰ ਜੀ ਵੀ ਆ ਬਹੁੜੇ। ਤਾਲਿਬ ਦੀ ਮਾਂ ਨੂੰ ਚਾਅ ਚੜ੍ਹ ਗਿਆ। ਮੰਜੇ ‘ਤੇ ਨਵੇਂ ਵਿਛਾਉਣੇ ਵਿਛਾਏ ਗਏ। ਵੰਨ-ਸੁਵੰਨੇ ਪਕਵਾਨ ਤਿਆਰ ਕੀਤੇ ਗਏ। ਦਿਨ ਢਲੇ, ਜਦ ਪੀਰ ਜੀ ਤੁਰਨ ਲੱਗੇ ਤਾਂ ਉਹ ਖੇਸ ਭੇਟ ਕੀਤਾ ਗਿਆ। ਪੀਰ ਜੀ ਅਜੇ ਪਿੰਡ ਦਾ ਵਸੀਂਵਾਂ ਵੀ ਨਹੀਂ ਟੱਪੇ ਹੋਣੇ ਕਿ ਤਾਲਿਬ ਹੁਰੀਂ ਵੀ ਘਰ ਪਰਤ ਆਏ।
“ਕਿਥੇ ਮਰ ਗਿਆ ਸੀ ਕੱਲ੍ਹ ਦਾ? ਹੁਣੇ ਗਏ ਨੇ ਪੀਰ ਜੀ!” ਮਾਂ ਤਾਲਿਬ ਨੂੰ ਟੁੱਟ ਕੇ ਪੈ ਗਈ।
“ਹੈਂ ਮਾਂ…!” ਤਾਲਿਬ ਹੈਰਾਨੀ ਨਾਲ ਬੋਲਿਆ, “…ਤੂੰ ਉਹ ਖੇਸ ਤਾਂ ਪੀਰ ਨੂੰ ਭੇਟ ਕਰ ਦਿੱਤਾ ਸੀ ਨਾ?”
“ਤੇ ਹੋਰ ਕੀ…।” ਗੱਲ ਅਧੂਰੀ ਸੀ ਕਿ ਮਾਂ ਦੀ ਨਿਗ੍ਹਾ ਉਸ ਖੇਸ ‘ਤੇ ਪਈ ਜਿਸ ਦੀ ਤਾਲਿਬ ਨੇ ਬੁੱਕਲ ਮਾਰੀ ਹੋਈ ਸੀ।
“ਤੇਰਾ ਕੱਖ ਨਾ ਰਹੇ! ਤੂੰ ਦੋਹਰਾ ਪਾਪ ਕੀਤਾ ਵੇ ਤਾਲਿਬਾ! ਇਕ ਪੀਰ ਬਣਿਆ ਤੇ ਦੂਜਾ ਆਪਣੀ ਮਾਂ ਨੂੰ ਹੀ ਠੱਗ ਲਿਆ।” ਘੋਟਣਾ ਲੈ ਕੇ ਉਹ ਤਾਲਿਬ ਮਗਰ ਭੱਜ ਪਈ।
ਕਦੇ ਸਾਡਾ ਪਿੰਡ ਚੱਠੂ ਬਲਦਾਂ ਦੀਆਂ ਟੱਲੀਆਂ ਤੇ ਹੁੱਕਿਆਂ ਲਈ ਮਸ਼ਹੂਰ ਹੁੰਦਾ ਸੀ। ਇਨ੍ਹਾਂ ਨਾਲੋਂ ਵੀ ਮਸ਼ਹੂਰ ਸਨ ਨੱਥੂ, ਛੱਜੂ ਤੇ ਤਾਲਿਬ। ਸਾਡੇ ਪਿੰਡ ਦੇ ਮੀਰਜ਼ਾਦੇ।
ਮੈਂ ਬਜ਼ੁਰਗਾਂ ਕੋਲੋਂ ਬੜੇ ‘ਕਿੱਸੇ’ ਸੁਣੇ ਨੇ ਇਨ੍ਹਾਂ ਲੋਕ-ਕਲਾਕਾਰਾਂ ਦੇ।
ਇਕ ਵਾਰ ਉਹ ਕਿਸੇ ਰਿਆਸਤੀ ਰਾਜੇ ਦੇ ਮਹਿਲਾਂ ‘ਚ ਨਕਲਾਂ ਕਰਨ ਗਏ। ਖੁਸ਼ ਹੋ ਕੇ ਰਾਜੇ ਨੇ ਉਨ੍ਹਾਂ ਨੂੰ ਘੋੜਾ ਭੇਟ ਕਰਨ ਦਾ ਹੁਕਮ ਦਿੱਤਾ। ਅਹਿਲਕਾਰਾਂ ਨੇ ਨਕਾਰਾ ਜਿਹਾ ਘੋੜਾ ਦੇ ਦਿੱਤਾ। ਮੀਰਜ਼ਾਦੇ ਤੁਰਨ ਲੱਗੇ ਤਾਂ ਉਨ੍ਹਾਂ ਰਾਜੇ ਨੂੰ ਮਿਲਣ ਦੀ ਇੱਛਾ ਜਾਹਰ ਕੀਤੀ। ਖਿੜਕੀ ‘ਚ ਬੈਠੇ ਰਾਜੇ ਨੇ ਮੀਰਜ਼ਾਦਿਆਂ ਦੀਆਂ ਦੁਆਵਾਂ ਸੁਣੀਆਂ। ਖੱਚਰਾਂ ‘ਤੇ ਸਾਮਾਨ ਲੱਦੀ, ਉਹ ਜਾ ਰਹੇ ਸਨ! ਇਨਾਮ ‘ਚ ਮਿਲੇ ਘੋੜੇ ਦੇ ਗਲ ‘ਚ ਘੜਾ ਲਮਕ ਰਿਹਾ ਸੀ। ਰਾਜਾ ਡਾਢਾ ਹੈਰਾਨ ਹੋਇਆ ਤੇ ਇਸ ਦੀ ਵਜ੍ਹਾ ਪੁੱਛਣ ਲੱਗਾ।
“ਕੋਈ ਖਾਸ ਗੱਲ ਨਹੀਂ, ਹਜ਼ੂਰ ਮਾਈ-ਬਾਪ। ‘ਪਿੱਛਾ’ ਬੜਾ ਭਾਰੀ ਏ ਇਸ ਘੋੜੇ ਦਾ। ਕਿਤੇ ਉਲਰ ਨਾ ਜਾਏ, ਸੋ ਦਾਬੂ ਕੀਤਾ ਹੋਇਆ!” ਹੱਥ ਜੋੜਦਿਆਂ ਨੱਥੂ ਬੋਲਿਆ ਸੀ। ਫਿਰ ਕੀ ਸੀ! ਅਹਿਲਕਾਰਾਂ ਦੀ ਸ਼ਾਮਤ ਆ ਗਈ। ਮੀਰਜ਼ਾਦਿਆਂ ਨੂੰ ਵਧੀਆ ਘੋੜਾ ਦੇ ਕੇ ਤੋਰਿਆ ਗਿਆ।
ਉਹ ਨਕਲਾਂ ਕਰਕੇ ਪਿੰਡ ਮੁੜਦੇ ਤਾਂ ਜੱਟੀਆਂ ਕੋਲੋਂ ਦੇਸੀ ਘਿਉ ਖਰੀਦ ਲੈਂਦੇ। ਕਈ-ਕਈ ਦਿਨ ਤੜਕਿਆਂ ਦੀ ਖੁਸ਼ਬੋ, ਪੂਰੇ ਪਿੰਡ ਦੀ ਫਿਜ਼ਾ ‘ਚ ਘੁਲੀ-ਮਿਲੀ ਰਹਿੰਦੀ। ਬਿਨਾ ਸ਼ੱਕ! ਗਰੀਬ ਸ਼ਹਿਨਸ਼ਾਹ ਸਨ ਉਹ ਲੋਕ। ਇਕ ਵਾਰ ਕਿਸੇ ਨੇ ਨੱਥੂ ਕੋਲੋਂ ਪੁੱਛਿਆ, “ਏਡੀ ਕਮਾਈ ਕਰਦੇ ਓਂ ਤੁਸੀਂ! ਰਹਿੰਦੇ ਤੁਸੀਂ ਕੱਚੇ ਢਾਰਿਆਂ ਅੰਦਰ ਓਂ। ਤਾਢ੍ਹੀ ਕਮਾਈ ਕੌਣ ਖਾਈ ਜਾਂਦਾ?”
ਨੱਥੂ ਘਰੋਂ ਹਾਂਡੀ ਚੁੱਕ ਲਿਆਇਆ ਤੇ ਉਸ ਨੂੰ ਸਿਰ ਤੋਂ ਉਪਰ ਚੁੱਕਦਿਆਂ ਬੋਲਿਆ, “ਬੱਸ ਏਹ ਹਾਂਡੀ ਈ ਖਾਈ ਜਾਂਦੀ ਆ, ਸਰਦਾਰੋ!”
ਵਿਹਲੇ ਵਕਤ ‘ਚ ਉਹ ਆਪਣੇ ਪਿੰਡ ਅੰਦਰ ਹੀ ਪਿੜ ਬੰਨ੍ਹ ਲੈਂਦੇ। ਇਕ ਵਾਰ ਅਚਾਨਕ ਇਕ ਅੱਖੜ ਜਿਹੇ ਬੰਦੇ ਦੀ ਲਲਕਾਰ ਨਾਲ ਸੁੰਨ ਪਸਰ ਗਈ। ਮੀਰਜ਼ਾਦਿਆਂ ਵੱਲ ਨੂੰ ਡਾਂਗ ਉਲਾਰਦਿਆਂ ਉਹ ਗਰਜਿਆ, “ਬੰਦ ਕਰੋ ਏਹ ਸਭ ਕੁਝ!” ਪਿੰਡ ਦੇ ਕੁਝ ਗੱਭਰੂ ਉਸ ‘ਅੜਬ’ ਨੂੰ ਕਾਬੂ ਕਰਨ ਲਈ ਗੁੱਸੇ ‘ਚ ਉਠ ਖੜੋਤੇ ਤਾਂ ਪਿੜ ‘ਚ ਖੜਾ ਛੱਜੂ ਹੱਥ ਜੋੜਦਿਆਂ ਉਚੀ ਆਵਾਜ਼ ‘ਚ ਬੋਲਿਆ, “ਮਾਰਿਓ ਨਾ, ਸਰਦਾਰੋ! ਏਹ ਤੁਹਾਡਾ ਯਾਰ ਤਾਲਿਬ ਹੀ ਤਾਂ ਹੈ।”
ਨਕਲੀ ਦਾੜ੍ਹੀ-ਮੁੱਛਾਂ, ਸਲਵਾਰ-ਕਮੀਜ਼ ਤੇ ਕੁੱਲ੍ਹੇ ਵਾਲੀ ਪੱਗ; ਇਕ ਵਾਰ ਘੋੜੀ ‘ਤੇ ਸਵਾਰ ਹੋ ਕੇ ਉਹ ਥਾਣੇਦਾਰ ਦੇ ਭੇਸ ‘ਚ ਪਿੰਡ ਆਇਆ। ਖੈਰੂ ਚੌਕੀਦਾਰ ਵੀ ਉਸ ਨੂੰ ਪਛਾਣ ਨਾ ਸਕਿਆ। ਉਸ ਨੂੰ ਦੀਵਾਨਖਾਨੇ ‘ਚ ਬਿਠਾ ਉਹ ਪਿੰਡ ਦੇ ਮੋਹਤਬਰਾਂ ਨੂੰ ਸੱਦ ਲਿਆਇਆ। ਉਹ ਆਏ ਤਾਂ ਹੱਥ ਜੋੜ ਕੇ ਪਹਿਲਾਂ ਸੇਵਾ-ਪਾਣੀ ਤੇ ਫਿਰ ਆਪਣਾ ਕਸੂਰ ਪੁੱਛਣ ਲੱਗੇ। ‘ਥਾਣੇਦਾਰ’ ਇਕ ਇਕ ਕਰ ਕੇ ਉਨ੍ਹਾਂ ਦੇ ਦੋਸ਼ ਗਿਣਾਉਣ ਲੱਗਾ ਤੇ ਉਹ ਅੰਦਰੋਂ-ਬਾਹਰੋਂ ਕੰਬਣ ਲੱਗ ਪਏ!
“ਜੇ ਤੁਸੀਂ ਚਾਹੁੰਦੇ ਓ ਕਿ ਗੱਲ ਸ਼ਹਿਰ ਤਕ ਨਾ ਜਾਵੇ ਤਾਂ ਪੰਜ-ਪੰਜ ਕਿੱਲੋ ਆਟਾ ਤੇ ਦੋ-ਦੋ ਕਿੱਲੋ ਘਿਉ ਅੱਜ ਸ਼ਾਮੀਂ ਨੱਥੂ ਦੇ ਘਰ ਪਹੁੰਚਾ ਦਿਓ! ਸਮਝੇ?” ਇਹ ਕਹਿੰਦਿਆਂ ਜਦ ਤਾਲਿਬ ਹੱਸਿਆ ਤਾਂ ਸ਼ਰਮਿੰਦਾ ਹੋਏ ਸਰਦਾਰ ਉਸ ਨੂੰ ਗਾਲ੍ਹਾਂ ਕੱਢਦੇ ਘਰਾਂ ਵੱਲ ਮੁੜ ਗਏ।
ਬਾਬਾ ਹੀਰਾ ਸਿੰਘ ਦੀ ਕੁਟੀਆ ਪਿੰਡ ਤੋਂ ਬਾਹਰ ਵੱਲ ਸੀ। ਉਨ੍ਹਾਂ ਦੇ ਵੈਰਾਗ ਦੀ ਕਹਾਣੀ ਵੀ ਬੜੀ ਅਨੋਖੀ ਏ। ਵਿਸਾਖ ਦੇ ਦਿਨ ਸਨ। ਉਹ ਕਣਕ ਵੱਢ ਰਹੇ ਸਨ। ਪਿੰਡੋਂ ਸੁਨੇਹਾ ਆਇਆ। ਉਨ੍ਹਾਂ ਦੇ ਦੋਵੇਂ ਪੁੱਤਰ ਛੱਪੜ ‘ਚ ਡੁੱਬ ਕੇ ਮਰ ਗਏ ਸਨ। ਉਨ੍ਹਾਂ ਦਾਤੀ ਛੱਡ ਦਿੱਤੀ। ਮੁੜ ਉਹ ਕਦੇ ਘਰ ਨਹੀਂ ਗਏ। ਓਥੇ ਹੀ ਕੁਟੀਆ ਪਾ ਲਈ ਤੇ ਦਿਨ-ਰਾਤ ਬੰਦਗੀ ਕਰਨ ਲੱਗੇ। ਇਸ ਵਾਰ ਤਾਲਿਬ ਫਕੀਰ ਦੇ ਭੇਸ ‘ਚ ਉਨ੍ਹਾਂ ਕੋਲ ਜਾ ਪਹੁੰਚਿਆ ਸੀ।
“ਲੰਘ ਆ ਫਕੀਰਾ।” ਅੰਦਰੋਂ ਅਵਾਜ਼ ਆਈ।
ਅੰਦਰ ਜਾ ਕੇ ਦੇਖਿਆ, ਅੱਖਾਂ ਮੁੰਦੀ ਉਹ ਆਪਣੇ ਅੰਦਰ ਡੁੱਬੇ ਹੋਏ ਸਨ। ਠੰਢ ਨਾਲ ਠੁਰ-ਠੁਰ ਕਰਨ ਦੀ ਅਦਾਕਾਰੀ ਕਰਦਿਆਂ ਉਸ ਨੇ ਕਿਸੇ ਲੋਈ-ਕੰਬਲੀ ਲਈ ਵਾਸਤਾ ਪਾਇਆ।
“ਅਹੁ ਟੰਗੀ ਹੋਈ ਏ ਭਗਤਾ, ਲੈ ਜਾ।”
ਤਾਲਿਬ ਖਿੜ ਗਿਆ। ਕੰਬਲੀ ਨਾਲੋਂ ਵੱਡੀ ਖੁਸ਼ੀ ਇਸ ਗੱਲ ਦੀ ਸੀ ਕਿ ਇਸ ਵਾਰ ਉਸ ਨੇ ਉਸ ਸ਼ਖਸ ਨੂੰ ਧੋਖਾ ਦੇ ਦਿੱਤਾ ਸੀ ਜਿਸ ਨੂੰ ਸਾਰਾ ਪਿੰਡ ਰੱਬੀ ਰੂਪ ਸਮਝਦਾ ਸੀ। ਉਹ ਚਾਅ ਜਿਹੇ ‘ਚ ਕੰਬਲੀ ਚੁੱਕ ਕੇ ਤੁਰਨ ਲੱਗਾ ਤਾਂ ਬਾਬਾ ਜੀ ਬੋਲ ਪਏ ਸਨ, “ਬੂਹਾ ਪਹਿਲਾਂ ਵਾਂਗ ਈ ਭੇੜਦਾ ਜਾਈਂ, ਤਾਲਿਬ ਪੁੱਤਰਾ।”
ਕੰਬਲੀ ਹੱਥੋਂ ਡਿੱਗ ਗਈ। ਸੰਤਾਂ ਦੇ ਪੈਰੀਂ ਪੈ ਕੇ ਲੱਗਾ ਮੁਆਫੀਆਂ ਮੰਗਣ।
“ਭਗਤਾ ਚੁੱਕ ਲੈ! ਇਹ ਕੰਬਲੀ ਮੈਂ ਤੇਰੇ ਲਈ ਹੀ ਰੱਖੀ ਸੀ।” ਉਵੇਂ ਅੱਖਾਂ ਮੁੰਦੀ, ਉਹ ਬਿੰਦ-ਬਿੰਦ ਮੁਸਕਰਾਉਂਦੇ ਬੋਲੇ ਸਨ।
ਤਾਲਿਬ ਉਸ ਦਿਨ ਪਿੰਡ ਦੀ ਜੂਹ ਅੰਦਰ, ਮੁੜ ਕਦੇ ਵੀ ਭੇਸ ਨਾ ਬਦਲਣ ਦੀ ਸਹੁੰ ਖਾ ਕੇ ਹੀ ਘਰ ਵੜਿਆ ਸੀ।
ਛੇਤੀਂ ਮਗਰੋਂ ਸੰਨ ਸੰਤਾਲੀ ਆ ਗਿਆ। ਮੋਹਤਬਰ ਬੰਦਿਆਂ ਨੇ ਮੀਰਜ਼ਾਦਿਆਂ ਨੂੰ ਬੜਾ ਰੋਕਿਆ। ਹੋਰਨਾਂ ਪਿੰਡਾਂ ‘ਚੋਂ ਆਉਂਦੀਆਂ ਕਤਲੋਗਾਰਤ ਦੀਆਂ ਖਬਰਾਂ ਨੇ ਉਨ੍ਹਾਂ ਨੂੰ ਡਰਾ ਦਿੱਤਾ। ਆਖਰ ਉਨ੍ਹਾਂ ਵੀ ਪਿੰਡ ਛੱਡਣ ਦਾ ਫੈਸਲਾ ਕਰ ਲਿਆ। ਪਿੰਡ ਦੇ ਮੋਹਤਬਰ ਬੰਦੇ ਗੱਡਿਆਂ ‘ਤੇ ਸਾਮਾਨ ਲੱਦ ਉਨ੍ਹਾਂ ਨੂੰ ਕਮਾਲਪੁਰ ਦੇ ਕੈਂਪ ਤਕ ਛੱਡ ਆਏ ਤੇ ਮਹੀਨਾ ਭਰ ਰਾਸ਼ਣ ਵੀ ਪਹੁੰਚਾਉਂਦੇ ਰਹੇ।
ਕਾਫਲਾ ਅਗੜੇ ਪੜਾਅ ਵੱਲ ਤੁਰਿਆ ਤਾਂ ਉਨ੍ਹਾਂ ਨੂੰ ਫਿਰ ਆਪਣੇ ਪਿੰਡ ਵਿਚੋਂ ਦੀ ਲੰਘਣਾ ਪਿਆ। ਉਦਾਸ ਚਿਹਰੇ, ਵੀਰਾਨ ਅੱਖਾਂ ਤੇ ਉਜੜੀਆਂ ਦੇਹਾਂ! ਦੁਨੀਆਂ ਨੂੰ ਹਸਾਉਣ ਵਾਲੇ ਉਹ ਬੇਜੋੜ ਕਲਾਕਾਰ ਵੀ ਉਸ ਭੀੜ ਦਾ ਹਿੱਸਾ ਸਨ, ਜੋ ਥੱਕੀਆਂ ਤੋਰਾਂ ਨਾਲ ਅਣਚਾਹੀ ਮੰਜ਼ਿਲ ਵੱਲ ਤੁਰੀ ਜਾ ਰਹੀ ਸੀ।
ਉਨ੍ਹਾਂ ਨੂੰ ਵੇਖਣ ਲਈ ਜੁੜੀ ਪਿੰਡ ਵਾਲਿਆਂ ਦੀ ਭੀੜ ‘ਚ ਮੇਰੇ ਤਾਇਆ ਜੀ ਵੀ ਸਨ, ਜੋ ਅੱਜ ਲਾਹੌਰ ਸ਼ਹਿਰ ਅੰਦਰ ਬੈਠੇ ਬੇਸਬਰੀ ਨਾਲ ਉਨ੍ਹਾਂ ਮੀਰਜ਼ਾਦਿਆਂ ਦੀ ਉਡੀਕ ਕਰ ਰਹੇ ਸਨ।
ਪੰਜਾਬ ਦੀ ਹਿੱਕ ‘ਤੇ ਉਕਰੀ ਲਕੀਰ ‘ਤੇ ਤਾਇਨਾਤ ਸਨ ਉਹ। ਸਰਹੱਦ ਦੇ ਨਿੱਕੇ-ਮੋਟੇ ਮਸਲਿਆਂ ਨੂੰ ਸਮਝਣ, ਸਮਝਾਉਣ ਤੇ ਸੁਲਝਾਉਣ ਲਈ ਦੋਹਾਂ ਮੁਲਕਾਂ ਦੇ ਅਫਸਰ ਕਦੇ ਅੰਮ੍ਰਿਤਸਰ ਤੇ ਕਦੇ ਲਾਹੌਰ ‘ਚ ਮੁਲਾਕਾਤ ਰੱਖਦੇ। ਉਨ੍ਹਾਂ ਨੇ ਪਾਕਿਸਤਾਨੀ ਅਫਸਰਾਂ ਅੱਗੇ ਗੁਜ਼ਾਰਿਸ਼ ਕੀਤੀ ਸੀ ਕਿ ਉਹ ਆਪਣੇ ਪਿੰਡ ਦੇ ਕਲਾਕਾਰਾਂ ਨੂੰ ਮਿਲਣਾ ਚਾਹੁੰਦੇ ਨੇ।
ਕੋਈ ਪੰਦਰਾਂ ਵਰ੍ਹਿਆਂ ਬਾਅਦ ਅੱਜ ਉਨ੍ਹਾਂ ਨਾਲ ਮੁਲਾਕਾਤ ਦਾ ਸਬੱਬ ਬਣਿਆ ਸੀ।
ਪਹਿਲਾਂ ਉਹ ਪੈਰਾਂ ‘ਤੇ ਝੁਕੇ ਤੇ ਫਿਰ ਜੱਫੀਆਂ ਪਾ-ਪਾ ਕੇ ਮਿਲੇ। ਹੰਝੂਆਂ ਦੀਆਂ ਝੜੀਆਂ ਲਾ ਦਿੱਤੀਆਂ ਉਨ੍ਹਾਂ। ਪਿੰਡ ਦੇ ‘ਕੱਲੇ-‘ਕੱਲੇ ਜੀਅ ਦਾ ਹਾਲ ਪੁੱਛਿਆ। ਜਦੋਂ ਕਿਸੇ ਲਾਣੇ ਦੀ ਚੜ੍ਹਤ ਵਾਲੀ ਗੱਲ ਸੁਣਦੇ ਤਾਂ ਸੋਹਣੇ ਅੱਲ੍ਹਾ ਦਾ ਸ਼ੁਕਰਾਨਾ ਕਰਨ ਲੱਗ ਜਾਂਦੇ। ਜਦੋਂ ਕਿਸੇ ਦੀ ਮੌਤ ਬਾਰੇ ਸੁਣਦੇ ਤਾਂ ਉਨ੍ਹਾਂ ਦੇ ਧੁਰ ਅੰਦਰੋਂ ਹੂਕਾਂ ਨਿਕਲਦੀਆਂ। ਉਨ੍ਹਾਂ ਦੀਆਂ ਗੱਲਾਂ ਤੇ ਵਿਹਾਰ ਨੇ ਸਾਬਤ ਕਰ ਦਿੱਤਾ ਸੀ ਕਿ ਉਨ੍ਹਾਂ ਦੇ ਸਿਰਫ ਕਲਬੂਤ ਹੀ ਡਿਜ਼ਕੋਟ ਵੱਸਦੇ ਸਨ, ਰੂਹਾਂ ਤਾਂ ਉਹ ਆਪਣੇ ਪਿੰਡ ਦੀਆਂ ਗਲੀਆਂ ‘ਚ ਹੀ ਭੁੱਲ ਆਏ ਸਨ! ਉਨ੍ਹਾਂ ਦੇ ਖਸਤਾ ਹਾਲ ਕੱਪੜੇ ਤੇ ਉਜੜੀਆਂ ਸੂਰਤਾਂ ਇਸ ਗੱਲ ਦਾ ਸਬੂਤ ਸਨ ਕਿ ਲੱਖਾਂ ਹੋਰਨਾਂ ਵਾਂਗ ਉਨ੍ਹਾਂ ਨੂੰ ਵੀ ਇਹ ‘ਆਜ਼ਾਦੀ’ ਤੇ ‘ਨਵਾਂ ਦੇਸ਼’ ਬੜੇ ਮਹਿੰਗੇ ਭਾਅ ਪਏ ਸਨ।
“ਸਰਦਾਰ ਸਾਹਬ, ਬੇਬੇ ਨੂੰ ਦੱਸਿਆ ਤਾਂ ਉਹ ਕਹਿਣ ਲੱਗੀ, ਮੇਰੀਆਂ ਦੁਆਵਾਂ ਨੇ ਬਣਾਇਆ ਅੰਗਦ ਸੂੰ ਨੂੰ ਅਫਸਰ। ਕਾਫਲੇ ‘ਚ ਤੁਰੀ ਆਉਂਦੀ ਨੂੰ ਤੁਸੀਂ ਮਿੱਠਾ ਪਾਣੀ ਜੁ ਪਿਲਾਇਆ ਸੀ ਤੇ ਚੁੰਨੀ ਦੇ ਲੜ ਕੁਝ ਰੁਪਏ ਵੀ ਬੰਨ੍ਹ ਦਿੱਤੇ ਸਨ।” ਨ੍ਹੋਨਾ ਬੋਲਿਆ ਸੀ।
ਦੁਆਵਾਂ ਦੇ ਕੇ ਵਿਛੜਨ ਲੱਗੇ ਤਾਂ ਲਹਿੰਦੇ ਪਾਸੇ ਵਾਲੇ ਅਫਸਰ ਕਹਿਣ ਲੱਗੇ, “ਸਰਦਾਰ ਸਾਹਿਬ, ਸਿਫਤਾਂ ਤਾਂ ਤੁਸੀਂ ਬੜੀਆਂ ਪਏ ਕਰਦੇ ਸੋ ਪਰ ਤਾਢ੍ਹੇ ਕਲਾਕਾਰਾਂ ਨੇ ਕੋਈ ਰੰਗ-ਸ਼ੰਗ ਤਾਂ ਵਿਖਾਇਆ ਈ ਨਹੀਂ।” ਤਾਇਆ ਜੀ ਚੁੱਪ ਰਹੇ। ਉਹ ਮੌਕੇ ਦੀ ਨਜ਼ਾਕਤ ਨੂੰ ਪਛਾਣਦੇ ਸਨ। ਇਕੋ ਪਿੰਡ ਦੇ ਜਾਏ ਹਮੇਸ਼ਾ-ਹਮੇਸ਼ਾ ਲਈ ਵਿਛੜ ਗਏ ਸਨ। ਰੱਬ-ਸਬੱਬੀਂ ਅੱਜ ਵਰ੍ਹਿਆਂ ਬਾਅਦ ਮੇਲ ਹੋਇਆ ਸੀ ਉਨ੍ਹਾਂ ਦਾ। ਉਨ੍ਹਾਂ ਦੇ ਮਨ-ਮਸਤਕ ‘ਤੇ ਸੰਘਣੀ ਉਦਾਸੀ ਛਾਈ ਹੋਈ ਸੀ।
ਤਾਇਆ ਜੀ ਤਾਂ ਚੁੱਪ ਰਹੇ ਪਰ ਆਪਣੇ ਗਿਰਾਈਂ ਦੀ ਲਾਜ ਰੱਖਦਿਆਂ ਉਨ੍ਹਾਂ ਅੱਖੀਆਂ ਪੂੰਝ ਲਈਆਂ। ਉਨ੍ਹਾਂ ਕੋਲ ਕੋਈ ਸਾਜ਼ੋ-ਸਾਮਾਨ ਤਾਂ ਨਹੀਂ ਸੀ! ਉਨ੍ਹਾਂ ਫਿਰ ਵੀ ਪਿੜ ਬੰਨ੍ਹ ਲਿਆ ਤੇ ‘ਰੰਗ ਬੰਨ੍ਹਣ ਦੀ’ ਕੋਸ਼ਿਸ਼ ‘ਚ ਲੱਗ ਗਏ।
“ਓਏ ਤਾਲਿਬਾ, ਲਾਹੌਰ ਸ਼ਹਿਰ ‘ਚ ਇਹ ਨੂਰ ਕਾਦ੍ਹਾ ਬਿਖਰਿਆ ਪਿਆ ਏ ਅੱਜ ਓਏ? ਇਹ ਚਾਨਣੇ ਦਾ ਛੱਟਾ ਕਿਉਂ ਆਇਆ ਪਿਆ ਓਏ, ਅੱਜ ਚਾਰ-ਚੁਫੇਰੇ? ਓਏ ਇਹ ਰੋਸ਼ਨੀਆਂ ਦਾ ਮੀਂਹ ਕਿਉਂ ਵਰ੍ਹਦਾ ਪਿਆ ਏ, ਅੱਜ ਦੂਰ-ਦੂਰ ਤੱਕ?” ਰੋਡੂ ਕਾਵਿਕ ਲਹਿਜੇ ‘ਚ ਬੋਲੀ ਗਿਆ ਸੀ।
“ਦੇਖ ਓਏ ਤਾਲਿਬਾ, ਅੱਜ ‘ਵਾ ਵੀ ਕੇਡੀ ਸੋਹਣੀ ਪਈ ਰੁਮਕਦੀ ਏ। ਕੇਡੀ ਖੁਸ਼ਬੋ ਘੁਲੀ ਪਈ ਏ ਫਿਜ਼ਾਵਾਂ ਅੰਦਰ। ਅੱਜ ਹੋ ਕੀ ਗਿਆ ਓਏ, ਇਸ ਲਾਹੌਰ ਸ਼ਹਿਰ ਅੰਦਰ? ਸਭ ਕੁਝ ਏਡਾ ਸੋਹਣਾ-ਸੋਹਣਾ ਕਿਉਂ ਹੋਇਆ ਪਿਆ ਏ, ਅੱਜ ਓਏ?” ਡੋਡੀ ਨੇ ਉਸੇ ਅੰਦਾਜ਼ ‘ਚ ਆਪਣੀ ਗੱਲ ਕਹੀ ਸੀ।
“ਓਏ ਮੂਰਖੋ, ਓਏ ਅੰਨ੍ਹੀਂ ਦਿਓ! ਤੁਹਾਨੂੰ ਖਬਰ ਈ ਨਈਂ ਕੋਈ, ਅੰਨਪਾੜੋ?” ਤਾਲਿਬ ਲਾਹਨਤ ਪਾਉਂਦਿਆਂ ਬੋਲਿਆ।
“ਕਿਹੜੀ ਖਬਰ?” ਤਾਲਿਬ ਦੇ ਦੁਆਲੇ ਇਕੱਠੇ ਹੁੰਦਿਆਂ ਥੋੜ੍ਹਾ ਝੁਕ ਕੇ ਹੈਰਾਨੀ ਨਾਲ ਇਕੋ ਅਵਾਜ਼ ‘ਚ ਪੁੱਛਿਆ ਸੀ ਉਨ੍ਹਾਂ।
“ਓਏ, ਅੱਜ ਸ਼ਹਿਰ ਲਾਹੌਰ ‘ਚ ਸਾਡੇ ਸਰਦਾਰ ਆਏ ਹੋਏ ਨੇ!” ਤਾਲਿਬ ਨੇ ਤਾੜੀ ਮਾਰ ਕੇ ਹੱਸਦਿਆਂ ਹੱਥ ਫੈਲਾ ਦਿੱਤੇ।
“ਬੱਲੇ ਓਏ ਬੱਲੇ! ਸਦਕੇ ਜਾਵਾਂ ਤੇਰੇ ਸਰਦਾਰਾਂ ਦੇ! ਪਰ ਇਹ ਆਏ ਕਿਹੜੇ ਪਿੰਡੋਂ ਨੇ?” ਇਹ ਸਵਾਲ ਰੋਡੂ ਨੇ ਕੀਤਾ।
“ਏਹ ਦੁਨੀਆਂ ਦੇ ਸਭ ਨਾਲੋਂ ਸੋਹਣੇ ਪਿੰਡੋਂ ਆਏ ਨੇ, ਰੇਤਾ ਫੱਕਣਿਓਂ!” ਤਾਲਿਬ ਨੇ ਖਿੜਦੇ ਹੋਏ ਜਵਾਬ ਦਿੱਤਾ।
“ਨਈਂ ਰੀਸਾਂ ਤੇਰੇ ਸਰਦਾਰਾਂ ਦੀਆਂ! ਪਰ ਇਹ ਆਏ ਕਿਥੋਂ ਨੇ?” ਹੁਣ ਨ੍ਹੋਨਾ ਬੋਲਿਆ।
“ਇਹ ਓਸ ਪੰਜਾਬੋਂ ਆਏ ਨੇ ਜਿਥੋਂ ਸੂਰਜ ਚੜ੍ਹਦਾ।” ਤਾਲਿਬ ਨੇ ਜਵਾਬ ਦਿੱਤਾ।
“ਜੁੱਗ ਜੁੱਗ ਜਿਉਣ ਤੇਰੇ ਸਰਦਾਰ! ਪਰ ਕੋਈ ਥਾਂ-ਟਿਕਾਣਾ ਤਾਂ ਹੋਊ ਇਨ੍ਹਾਂ ਦਾ?” ਡੋਡੀ ਨੇ ਸਵਾਲ ਕੀਤਾ।
“ਏਹ ਓਸ ਸ਼ਹਿਰੋ ਆਏ ਨੇ, ਜਿਹੜਾ ਸਾਰੇ ਜ਼ਿਲ੍ਹਿਆਂ ਨਾਲੋਂ ਹੁਸ਼ਿਆਰ ਹੈ, ਮੂਰਖੋ!” ਤਾਲਿਬ ਨੇ ਥੋੜ੍ਹਾ ਖਿੱਝਦੇ ਹੋਏ ਜਵਾਬ ਦਿੱਤਾ।
“ਸੋਹਣਾ ਅੱਲ੍ਹਾ ਇਨ੍ਹਾਂ ਨੂੰ ਹੋਰ ਤਰੱਕੀਆਂ ਬਖਸ਼ੇ! ਫਿਰ ਵੀ ਪਤਾ ਤਾਂ ਲੱਗੇ ਕਿ ਓਥੇ ਕਿਹੜਾ ਪਿੰਡ ਹੈ, ਇਨ੍ਹਾਂ ਭਾਗਾਂ ਵਾਲੇ ਸਰਦਾਰਾਂ ਦਾ?” ਇਸ ਵਾਰ ਤੋਤੀ ਨੇ ਪੁੱਛਿਆ।
“ਉਸ ਸੋਹਣੇ ਪਿੰਡ ਦਾ ਨਾਂ ਹੈ…।” ਤਾਲਿਬ ਨੇ ਗੱਲ ਸ਼ੁਰੂ ਕੀਤੀ ਤਾਂ ਸਭ ਨੇ ਕੰਨ ਉਸ ਦੇ ਮੂੰਹ ਨਾਲ ਜੋੜ ਦਿੱਤੇ।
“…ਸਿੰਗੜੀਵਾਲਾ!” ਪਿੰਡ ਦਾ ਨਾਂ ਲੈਂਦਿਆਂ ਤਾਲਿਬ ਦੀ ਹੂਕ ਨਿਕਲ ਗਈ। ਸਾਰੀ ਟੋਲੀ ਭੁੱਬੀਂ ਰੋਣ ਲੱਗੀ। ਕਿਸੇ ਕੋਲੋਂ ਮੁੜ ਕੋਈ ਗੱਲ ਨਹੀਂ ਸੀ ਹੋਈ। ਉਹ ਰੋਂਦੇ-ਰੋਂਦੇ ਵਿਦਾ ਹੋ ਗਏ। ਅੱਥਰੂ ਲੁਕਾਉਣ ਲਈ ਤਾਇਆ ਜੀ ਨੇ ਵੀ ਚਿਹਰਾ ਬਾਹਵਾਂ ‘ਚ ਲੁਕੋ ਲਿਆ। ਕੁਰਸੀਆਂ ‘ਤੇ ਬੈਠੇ ਬਾਕੀ ਅਫਸਰ ਵੀ ਕੁਝ ਵਕਤ ਲਈ ਬੁੱਤ ਜਿਹੇ ਹੋ ਗਏ।