ਅਣਵੰਡੇ ਪੰਜਾਬ ਦੀ ਭੁੱਲੀ ਦਾਸਤਾਨ (ਮਰਾਸੀ)

ਭਲੇ ਵੇਲਿਆਂ ਵਿਚ ਮਰਾਸੀ, ਭੰਡ ਤੇ ਡੂਮ ਵਿਆਹਾਂ-ਸ਼ਾਦੀਆਂ ਅਤੇ ਮੁੰਡੇ ਦੇ ਜੰਮਣ ਦੀ ਖੁਸ਼ੀ ਦੇ ਮੌਕਿਆਂ ਉਤੇ ਆਮ ਦੇਖੇ ਜਾਂਦੇ ਸਨ। ਉਹ ਆਪਣੇ ਗੀਤ-ਸੰਗੀਤ ਤੇ ਹਾਸੇ-ਠੱਠੇ ਨਾਲ ਚੋਖੀਆਂ ਰੌਣਕਾਂ ਲਾਉਂਦੇ। ਉਂਜ ਮਰਾਸੀਆਂ ਦਾ ਮੂਲ ਕਿੱਤਾ ਗੀਤ-ਸੰਗੀਤ ਹੀ ਸੀ ਅਤੇ ਉਨ੍ਹਾਂ ਦਾ ਮਾਣ ਸਤਿਕਾਰ ਵੀ ਬਹੁਤ ਸੀ। ਇਸ ਦੀ ਮਿਸਾਲ ਗੁਰੂ ਨਾਨਕ ਦੇਵ ਜੀ ਦਾ ਸਾਥੀ ਭਾਈ ਮਰਦਾਨਾ ਅਤੇ ਗੁਰੂ ਅਰਜਨ ਦੇਵ ਜੀ ਦੇ ਵੇਲਿਆਂ ਦੇ ਭਾਈ ਸੱਤਾ ਤੇ ਭਾਈ ਬਲਵੰਡ ਹਨ। 1947 ਦੀ ਵੰਡ ਪਿਛੋਂ ਚੜ੍ਹਦੇ ਪੰਜਾਬ ਵਿਚ ਮਰਾਸੀ ਕਬੀਲਾ ਹੋਰਨਾਂ ਕਿੱਤਿਆਂ ਵਿਚ ਪੈ ਗਿਆ।

ਲਹਿੰਦੇ ਪੰਜਾਬ ਵਿਚ ਅੱਜ ਵੀ ਕਈ ਨਾਮੀ ਸੰਗੀਤਕਾਰ ਇਸੇ ਕਬੀਲੇ ਵਿਚੋਂ ਹਨ। ਪਾਕਿਸਤਾਨ ਦੀ ਮਸ਼ਹੂਰ ਗੁਲੂਕਾਰਾ ਮਲਿਕਾ-ਏ-ਤਰਨਮ ਨੂਰ ਜਹਾਂ ਮਰਾਸੀ ਕਬੀਲੇ ਵਿਚੋਂ ਸੀ ਅਤੇ ਗਜ਼ਲ ਗਾਇਕ ਗੁਲਾਮ ਅਲੀ ਵੀ ਇਸੇ ਕਬੀਲੇ ਵਿਚੋਂ ਹੈ। ਇਸ ਲੇਖ ਵਿਚ ਹੁਣ ਇੰਗਲੈਂਡ ਵਸਦੇ ਪਾਕਿਸਤਾਨ ਮੂਲ ਦੇ ਲੇਖਕ ਡਾ. ਗੁਲਾਮ ਮੁਸਤਫਾ ਡੋਗਰ ਨੇ ਇਸ ਕਬੀਲੇ ਦਾ ਇਤਿਹਾਸ ਫਰੋਲਿਆ ਹੈ। -ਸੰਪਾਦਕ

ਡਾ. ਗੁਲਾਮ ਮੁਸਤਫਾ ਡੋਗਰ
ਫੋਨ: 0044-7878132209
ਓ-ਮਅਲਿ:ਕੋਟਰੇ@ਹੋਟਮਅਲਿ।ਚੋ।ੁਕ

ਲਿਪੀਅੰਤਰ: ਜੇ. ਐਸ਼ ਭੱਟੀ
ਫੋਨ: 91-76969-94800

ਅੱਜ ਅਸੀਂ ਅਣਵੰਡੇ ਪੰਜਾਬ ਦੇ ਉਨ੍ਹਾਂ ਲੋਕਾਂ ਦੀ ਦਾਸਤਾਨ ਬਿਆਨ ਕਰਨੀ ਚਾਹੁੰਦੇ ਹਾਂ, ਜਿਨ੍ਹਾਂ ਤੋਂ ਬਿਨਾ ਪੰਜਾਬੀ ਭਾਈਚਾਰਾ ਮੁਕੰਮਲ ਨਹੀਂ ਹੁੰਦਾ, ਬੇਸ਼ਕ ਨਵੀਂ ਦੁਨੀਆਂ ਵਿਚ ਇਨ੍ਹਾਂ ਦਾ ਨਾਂ ਮਿਟਦਾ ਜਾ ਰਿਹਾ ਹੈ, ਕਿਉਂਕਿ ਇਨ੍ਹਾਂ ਦਾ ਕੰਮ ਖਤਮ ਹੋ ਗਿਆ ਹੈ| ਪੰਜਾਬੀ ਸਭਿਆਚਾਰ ਵਿਚ ਇਨ੍ਹਾਂ ਨੂੰ ਮਰਾਸੀ ਕਿਹਾ ਜਾਂਦਾ ਹੈ| ਉਂਜ ਇਨ੍ਹਾਂ ਨੂੰ ਵੱਖ-ਵੱਖ ਥਾਂਈਂ ਵੱਖ-ਵੱਖ ਨਾਂਵਾਂ ਨਾਲ ਜਾਣਿਆ ਜਾਂਦਾ ਸੀ, ਜਿਵੇਂ ਮੀਰਯਾਦਾ, ਡੂਮ, ਭਾਟ, ਮਰਾਸੀ ਅਤੇ ਦਾਦਾ| ਦਿੱਲੀ ਦੇ ਲਾਗੇ ਲੋਹਾਰੂ ਰਿਆਸਤ ਸੀ, ਇੱਥੇ ਇਨ੍ਹਾਂ ਨੂੰ ਢਡੀ ਕਿਹਾ ਜਾਂਦਾ ਸੀ, ਉਥੋਂ ਦੇ ਸ਼ੇਰਵਾਨ ਜੱਟ ਇਨ੍ਹਾਂ ਨੂੰ ਦਾਦਾ ਕਹਿੰਦੇ ਸਨ| ਦਾਦਾ ਸ਼ਬਦ ਅਸਲ ਵਿਚ ਕੋਈ ਵੱਖਰਾ ਸ਼ਬਦ ਨਹੀਂ ਸਗੋਂ ਮੀਰਯਾਦੇ ਸ਼ਬਦ ਵਿਚੋਂ ਮੀਰ ਕੱਢ ਕੇ ਯਾਦਾ ਤੇ ਯਾਦਾ ਨੂੰ ਲੋਕਾਂ ਨੇ ਦਾਦਾ ਬਣਾ ਲਿਆ ਅਤੇ ਮੀਰਯਾਦਾ ਸ਼ਬਦ ਅਸਲ ਵਿਚ ਅਮੀਰਯਾਦਾ ਹੈ, ਜਿਸ ਦਾ ਅਰਥ ਹੈ, ਅਮੀਰ ਦਾ ਬੇਟਾ| ਜਿਸ ਤਰ੍ਹਾਂ ਸਾਹਿਬਯਾਦਾ-ਸਾਹਿਬ ਦਾ ਬੇਟਾ, ਨਵਾਬਯਾਦਾ-ਨਵਾਬ ਦਾ ਬੇਟਾ ਅਤੇ ਸ਼ਹਿਯਾਦਾ-ਸ਼ਾਹ ਦਾ ਬੇਟਾ ਆਦਿ ਇਹ ਸਾਰੇ ਫਾਰਸੀ ਦੇ ਲਫਜ਼ ਹਨ| ਮਰਾਸੀ ਲਫਜ਼ ਅਰਬੀ ਦੇ ਮਰਾਸ ਲਫਜ਼ ਤੋਂ ਨਿਕਲਿਆ ਹੈ, ਜਿਸ ਦਾ ਮਤਲਬ ਹੈ, ‘ਜਾਇਦਾਦ’| ਕਿਉਂਕਿ ਜਾਇਦਾਦ ਕਿਸੇ ਬੰਦੇ, ਬਜੁਰਗ ਜਾਂ ਪਰਿਵਾਰ ਦੀ ਹੁੰਦੀ ਹੈ ਤੇ ਮਰਾਸੀ ਉਨ੍ਹਾਂ ਪਰਿਵਾਰਾਂ ਦੇ ਛਜਰੇ ਯਾਨਿ ਵੰਸ਼ਾਵਲੀ (ਕੁਰਸੀਨਾਮਾ) ਨੂੰ ਜਾਂ ਤਾਂ ਲਿਖ ਕੇ ਰਖਦੇ ਸਨ ਜਾਂ ਜ਼ੁਬਾਨੀ ਯਾਦ ਰੱਖਦੇ ਸਨ|
ਅੰਗਰੇਜ਼ਾਂ ਨੇ ਵੀ ਇਨ੍ਹਾਂ ਬਾਰੇ ਬਹੁਤ ਲਿਖਿਆ ਹੈ। ਇਕ ਅੰਗਰੇਜ਼ ਲਿਖਾਰੀ ਏ. ਐਚ. ਰੋਜ਼ ਨੇ ਆਪਣੀ ਕਿਤਾਬ ‘ਏ ਗਲੌਸਰੀ ਆਫ ਟਰਾਈਬ ਐਂਡ ਕਾਸਟ ਇਨ ਪੰਜਾਬ ਐਂਡ ਨਾਰਥ ਵੈਸਟ ਪ੍ਰੋਵਿਨਸ’ ਵਿਚ ਲਿਖਿਆ ਹੈ ਕਿ ਮਰਾਸੀ ਵੰਸ਼ਾਵਲੀ ਦੇ ਮਾਹਿਰ ਹੁੰਦੇ ਸਨ। ਮਰਾਸੀ ਦਾ ਅਰਬੀ ਵਿਚ ਮਤਲਬ ਹੈ, ਮੂਰਸੀ ਯਾ ਮਰਾਸ ਹੋਣਾ| ਇਹ ਵੱਖ-ਵੱਖ ਇਲਾਕਿਆਂ ਦੇ ਵੱਖ-ਵੱਖ ਖਾਨਦਾਨਾਂ ਦਾ ਇੱਕਠ ਹੁੰਦਾ ਸੀ ਤੇ ਇਹ ਕਈ ਖਾਨਦਾਨਾਂ ਨਾਲ ਸਬੰਧ ਰੱਖਦੇ ਸਨ ਸਗੋਂ ਇਹ ਕਈ ਕਿੱਤਿਆਂ ਵਿਚ ਕੰਮ ਕਰਦੇ ਸਨ ਯਾਨਿ ਦੁਕਾਨਦਾਰ, ਮੁਲਾਜ਼ਮਤ ਜਾਂ ਕੋਈ ਹੋਰ ਕੰਮ, ਪਰ ਇਨ੍ਹਾਂ ਨੂੰ ਮਰਾਸੀ ਹੀ ਕਿਹਾ ਜਾਂਦਾ ਸੀ| ਹਾਲਾਂਕਿ ਇਹ ਕੋਈ ਕੌਮ ਜਾਂ ਜਾਤ ਨਹੀਂ|
ਪਿਛੋਕੜ: ਕਿਉਂਕਿ ਪੰਜਾਬ ਵਿਚ ਤਿੰਨ ਧਰਮਾਂ ਦੇ ਲੋਕ ਵੱਸਦੇ ਹਨ, ਮਰਾਸੀ ਵੀ ਤਿੰਨ ਧਰਮਾਂ ਵਿਚ ਵੰਡੇ ਹੋਏ ਸਨ| ਮਰਾਸੀ ਜਿਸ ਧਰਮ ਦੇ ਵੀ ਹੋਣ, ਉਹ ਆਪਣਾ ਪਿਛੋਕੜ ਆਪਣੇ ਧਰਮ ਗੁਰੂਆਂ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਹਨ| ਮਰਾਸੀ ਮੁਸਲਿਮ ਹੋਣ ਤਾਂ ਆਪਣਾ ਪਿਛੋਕੜ ਮੁਹੰਮਦ ਸਾਹਿਬ, ਹਿੰਦੂ ਹੋਣ ਤਾਂ ਰਾਮਚੰਦਰ ਨਾਲ ਅਤੇ ਸਿੱਖ ਹੋਣ ਤਾਂ ਭਾਈ ਮਰਦਾਨਾ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਹਨ| ਮਰਾਸੀਆਂ ਵਿਚ 95% ਲੋਕ ਮੁਸਲਮਾਨ ਹਨ| ਹਿੰਦੋਸਤਾਨ ਦੇ ਮੁਸਲਮਾਨ ਮਰਾਸੀ ਇਥੋਂ ਦੇ ਹੀ ਵਾਸੀ ਹਨ, ਪਰ ਇਨ੍ਹਾਂ ਨੇ ਆਪਣਾ ਅਰਬ ਮੁਲਕਾਂ ਨਾਲ ਸਬੰਧ ਦੱਸਣ ਲਈ ਇਕ ਝੂਠਾ ਛਜਰਾ ਬਣਾਇਆ ਹੈ ਤਾਂ ਕਿ ਉਹ ਆਪਣੇ ਆਪ ਨੂੰ ਮੁਹੰਮਦ ਸਾਹਿਬ ਨਾਲ ਜੋੜ ਸਕਣ| ਇਸ ਗੱਲ ਦੀ ਪੁਸ਼ਟੀ ਕਿਤਾਬਾਂ ਵਿਚ ਮਿਲਦੀ ਹੈ|
ਇਨ੍ਹਾਂ ਦੀ ਬਣਾਈ ਹੋਈ ਵੰਸ਼ਾਵਲੀ (ਛਜਰੇ) ਮੁਤਾਬਕ ਅਰਬ ਵਿਚ ਇਕ ਅਬਦੁਲ ਬਿਨਾਫ ਨਾਂ ਦਾ ਬੰਦਾ ਸੀ, ਜੋ ਹਜ਼ਰਤ ਮੁਹੰਮਦ ਸਾਹਿਬ ਦਾ ਪੜਦਾਦਾ ਸੀ| ਅਬਦੁਲ ਬਿਨਾਫ ਦਾ ਬੇਟਾ ਮਤਲਬ ਤੇ ਮਤਲਬ ਦੇ ਦੋ ਬੇਟੇ-ਅਬਦੁਲਾ ਤੇ ਅਬੂਤਾਲਿਬ ਸਨ, ਪਰ ਮਰਾਸੀਆਂ ਨੇ ਇਕ ਝੂਠਾ ਨਾਂ ਨਾਲ ਜੋੜ ਲਿਆ, ਜਿਸ ਦਾ ਨਾਂ ਆਮੀਨ ਸੀ| ਅਬੂਤਾਲਿਬ ਦੇ ਬੇਟੇ ਦਾ ਨਾਂ ਅਲੀ ਸੀ ਤੇ ਉਸ ਦੇ ਦੋ ਬੇਟੇ-ਹਸਨ ਤੇ ਹੁਸੈਣ ਸਨ, ਜੋ ਹਜ਼ਰਤ ਮੁਹੰਮਦ ਦੇ ਦੋਹਤਰੇ ਸਨ|
ਮੁਸਲਮਾਨ ਮਰਾਸੀ ਆਪਣਾ ਛਜਰਾ ਆਮੀਨ ਤੋਂ ਤੋਰਦੇ ਹਨ| ਆਮੀਨ ਦਾ ਬੇਟਾ ਉਕਾਸਾ ਤੇ ਉਕਾਸਾ ਦਾ ਬੇਟਾ ਅਬਦੁਲ ਨਬੀ, ਅਬਦੁਲ ਨਬੀ ਦਾ ਬੇਟਾ ਅਬਦੁਲ ਖਾਲਿਕ ਤੇ ਇਸ ਦਾ ਬੇਟਾ ਪਹਾੜ, ਤੇ ਪਹਾੜ ਦਾ ਬੇਟਾ ਬਾਗੜਾ, ਬਾਗੜਾ ਦਾ ਬੇਟਾ ਪੱਸੀ ਅਤੇ ਪੱਸੀ ਦੇ ਤਿੰਨ ਬੇਟੇ-ਕਾਲੂ, ਉਮਰਦੀਨ ਤੇ ਵਾਹਿਦ| ਇਹ ਆਪਣਾ ਛਜਰਾ ਵਾਹਿਦ ਤੋਂ ਤੋਰਦੇ ਹਨ| ਇਨ੍ਹਾਂ ਦਾ ਛਜਰਾ ਇਸ ਗੱਲ ਤੋਂ ਵੀ ਝੂਠ ਹੈ ਕਿ ਜੋ ਤਿੰਨ ਨਾਂ-ਪਹਾੜ, ਬਾਗੜਾਂ ਤੇ ਪੱਸੀ ਦਸਦੇ ਹਨ, ਇਨ੍ਹਾਂ ਵਿਚ ਤਿੰਨ ਅੱਖਰ ‘ਪ’, ‘ੜ’ ਤੇ ‘ਗ’ ਪਾਏ ਗਏ ਹਨ, ਜੋ ਅਰਬੀ ਦੀ ਵਰਣਮਾਲਾ ਵਿਚ ਨਹੀਂ ਹੁੰਦੇ| ਇਹ ਛਜਰਾ (ਵੰਸ਼ਾਵਲੀ) ਚਿੱਟੇ ਝੂਠ ਤੋਂ ਇਲਾਵਾ ਕੁਝ ਨਹੀਂ| ਆਮੀਨ ਨਾਂ ਦਾ ਬੰਦਾ ਅਬਦੁੱਲਾ ਦਾ ਭਾਈ ਨਹੀਂ ਸੀ| ਇਨ੍ਹਾਂ ਨੇ ਆਪਣਾ ਪਿਛੋਕੜ ਹਜ਼ਰਤ ਮੁਹੰਮਦ ਨਾਲ ਜੋੜਨ ਲਈ ਇਕ ਝੂਠਾ ਵਾਕਿਆ ਵੀ ਘੜਿਆ ਹੋਇਆ ਹੈ| ਇਨ੍ਹਾਂ ਅਨੁਸਾਰ ਜਦੋਂ ਅਲੀ ਦੀ ਸ਼ਾਦੀ ਫਾਤਿਮਾ ਪੁੱਤਰੀ ਮੁਹੰਮਦ ਸਾਹਿਬ ਨਾਲ ਹੋਈ ਤਾਂ ਇਹ ਦਾਅਵਾ ਕਰਦੇ ਹਨ ਕਿ ਇਨ੍ਹਾਂ ਦੇ ਪੁਰਖੇ ਵਾਹਿਦ ਨੇ ਅਲੀ ਨੂੰ ਦੁੱਧ ਦਾ ਪਿਆਲਾ ਪਿਆਇਆ ਸੀ| ਦੁੱਧ ਪੀਣ ਪਿਛੋਂ ਹਜ਼ਰਤ ਅਲੀ ਨੇ ਦੋ ਦਿਰਮ ਉਸ ਪਿਆਲੇ ਵਿਚ ਪਾਏ ਤੇ ਇਸ ਮਰਾਸੀ ਨੇ ਕਿਹਾ ਕਿ ਇਹ ਥੋੜੇ ਹਨ ਤੇ ਕੋਈ ਵੱਡਾ ਇਨਾਮ ਦਿਉ| ਹਜ਼ਰਤ ਅਲੀ ਇਲਮ-ਨੂੰਸਾਬ (ਵੰਸ਼ਾਵਲੀ ਦੇ ਤਜੁਰਬੇਕਾਰ) ਦੇ ਬਹੁਤ ਮਾਹਿਰ ਸਨ ਯਾਨਿ ਉਨ੍ਹਾਂ ਦੀ ਯਾਦਦਾਸ਼ਤ ਬਹੁਤ ਚੰਗੀ ਸੀ|
ਯੈਤੂਨ ਤੇ ਖਜੂਰ ਖਾਣ ਨਾਲ ਅਰਬਾਂ ਦੀ ਯਾਦਦਾਸ਼ਤ ਬਹੁਤ ਵਧੀਆ ਹੁੰਦੀ ਹੈ| ਉਨ੍ਹਾਂ ਨੂੰ ਪੰਜਾਹ ਸੌ ਪੀੜ੍ਹੀਆਂ ਦੇ ਛਜਰੇ ਜੁਬਾਨੀ ਯਾਦ ਸਨ| ਉਨ੍ਹਾਂ ਨੇ ਕਿਹਾ ਕਿ ਜਿਹੜਾ ਮਿਰਾਸ ਦਾ ਇਲਮ ਹੈ, ਜਿਸ ਨੂੰ ਇਲਮ-ਨੂੰਸਾਬ ਕਹਿੰਦੇ ਹਨ, ਉਹ ਤੈਨੂੰ ਬਖਸ਼ਿਸ਼ ਕਰਦਾ ਹਾਂ| ਮਰਾਸੀਆਂ ਨੇ ਫਿਰ ਇਕ ਗਾਣਾ ਇਸ ਵਾਕਿਆ ਨੂੰ ਬਿਆਨ ਕਰਨ ਲਈ ਗੰਢਿਆ,
ਹੋਇਆ ਹੁਕਮ ਖੁਦਾਈ ਦਾ ਵਾਹਿਦ ਜੋ ਆਇਆ ਪਾਸ।
ਮਿਲਿਆ ਕਟੋਰਾ ਵਾਹਿਦ ਕੋ ਜਿਨਕਾ ਬਾਪ ਆਬਾਸ।
ਪੜ੍ਹੋ ਕਲਮਾ ਆਖੋ ਮੋਮਨੋ ਦਿਨ ਜੋ ਆਇਆ ਰਾਸ।
ਦੂਧ ਪਿਲਾਇਆ ਸ਼ਾਹ ਕੋ ਜਿਥੋਂ ਮਿਲੀ ਮਰਾਸ।
ਇਸ ਗਾਣੇ ਵਿਚ ਲਿਖਿਆ ਹੈ ਕਿ ਵਾਹਿਦ ਦਾ ਬਾਪ ਆਬਾਸ ਸੀ ਪਰ ਛਜਰੇ ਮੁਤਾਬਕ ਇਹ ਗਲਤ ਹੈ| ਦੂਸਰੇ ਪਾਸੇ ਇਨ੍ਹਾਂ ਲਿਖਿਆ ਉਕਾਸਾ ਦਾ ਬੇਟਾ ਅਬਦੁੱਲ ਨਬੀ ਤੇ ਉਸ ਦਾ ਬੇਟਾ ਅਬਦੁੱਲ ਖਾਲਿਕ, ਉਸ ਦਾ ਬੇਟਾ ਪਹਾੜ ਤੇ ਪਹਾੜ ਦਾ ਬੇਟਾ ਬਾਗੜਾ ਤੇ ਅੱਗੋਂ ਉਸ ਦਾ ਬੇਟਾ ਪੱਸੀ ਤੇ ਪੱਸੀ ਦਾ ਬੇਟਾ ਵਾਹਿਦ ਹੈ, ਕਿਉਂਕਿ ਇਕ ਪੁਸ਼ਤ 30 ਸਾਲ ਦੀ ਮੰਨੀ ਜਾਂਦੀ ਹੈ| ਇਸ ਤਰ੍ਹਾਂ ਸੱਤ ਪੁਸ਼ਤਾਂ ਬਣਦੀਆਂ ਹਨ, ਵਾਹਿਦ ਤੇ ਉਕਾਸਾ ਵਿਚਾਲੇ 210 ਸਾਲ ਬਣਦੇ ਹਨ। ਹੁਣ ਉਕਾਸਾ ਹਜ਼ਰਤ ਅਲੀ ਦਾ ਹਾਣੀ ਬਣਦਾ ਹੈ ਤੇ ਹਜ਼ਰਤ ਅਲੀ ਦੀ ਸ਼ਾਦੀ ਤੇ ਵਾਹਿਦ 210 ਸਾਲ ਪਹਿਲਾਂ ਕਿਵੇਂ ਚਲਾ ਗਿਆ? ਇਹ ਸਾਰਾ ਝੂਠ ਗੰਢਿਆ ਹੋਇਆ ਹੈ|
ਇਥੇ ਹੀ ਝੂਠ ਨਹੀਂ, ਸਾਡੇ ਜੱਟਾਂ ਤੇ ਰਾਜਪੂਤਾਂ ਦੇ ਛਜਰੇ ਸਾਰੇ ਝੂਠ ਹੁੰਦੇ ਸਨ| ਇਨ੍ਹਾਂ ਨੂੰ 5-7 ਪੁਸ਼ਤਾਂ ਹੀ ਜੁਬਾਨੀ ਯਾਦ ਹੁੰਦੀਆਂ ਸਨ, ਬਾਕੀ ਸਾਰਾ ਝੂਠ ਹੀ ਹੁੰਦਾ ਸੀ ਕਿਉਂਕਿ ਮਰਾਸੀ ਅਨਪੜ੍ਹ ਹੁੰਦੇ ਸਨ| ਇਹ ਛਜਰੇ ਰਾਮਚੰਦਰ ਜੀ ਨਾਲ ਵੀ ਮਿਲਾਣ ਕਰ ਦਿੰਦੇ ਸਨ, ਜੋ ਲਗਭਗ 4000 ਸਾਲ ਪੁਰਾਣਾ ਇਤਿਹਾਸ ਹੈ, ਜਦੋਂ ਇਹ ਲਿਖਿਆ ਨਹੀਂ ਸੀ ਜਾਂਦਾ| ਹੁੰਦਾ ਇਹ ਸੀ ਕਿ ਜਦੋਂ ਕਿਸੇ ਮਰਾਸੀ ਦਾ ਪਿਉ ਮਰਦਾ ਤੇ ਜਿੰਨੀਆਂ ਪੁਸ਼ਤਾਂ ਉਸ ਨੂੰ ਯਾਦ ਹੁੰਦੀਆਂ, ਉਸ ਦਾ ਇਲਮ ਉਹ ਆਪਣੇ ਪੁੱਤਰ ਨੂੰ ਦੇ ਦਿੰਦਾ| ਪੁੱਤਰ ਅਗਲੀਆਂ ਪੁਸ਼ਤਾਂ ਉਨ੍ਹਾਂ ਵਿਚ ਜੋੜ ਕੇ ਤੇ ਪਿਛਲੀਆਂ ਜਿੰਨੀਆਂ ਉਸ ਨੂੰ ਯਾਦ ਹੁੰਦੀਆਂ ਰੱਖ ਲੈਂਦਾ| ਅਗਲੀਆਂ ਪੁਸ਼ਤਾਂ ਵਿਚ ਜੋੜ ਕੇ ਪਿਛਲੀਆਂ ਭੁਲ ਜਾਂਦਾ| ਜਦੋਂ ਮਰਾਸੀ ਆਪਸ ਵਿਚ ਮਿਲਦੇ-ਜੁਲਦੇ ਤਾਂ ਜਾਅਲੀ ਨਾਂ ਇਕ ਦੂਜੇ ਤੋਂ ਉਧਾਰ ਲੈ ਲੈਂਦੇ| ਇਸੇ ਲਈ ਕੋਈ ਵੀਹ ਪੁਸ਼ਤਾਂ ਤੋਂ ਪਿਛੋਂ ਸਾਰੇ ਨਾਂ ਇਕੋ ਜਿਹੇ ਹੁੰਦੇ ਸਨ|
ਮਿਸਟਰ ਰੋਜ਼ ਲਿਖਦਾ ਹੈ ਕਿ ਮੁਸਲਮਾਨ ਮਰਾਸੀ ਦਾਅਵਾ ਕਰਦੇ ਹਨ ਕਿ ਉਹ ਅਰਬ ਵਿਚੋਂ ਆਏ ਹਨ| ਇਸ ਗੱਲ ਨੂੰ ਸਾਬਤ ਕਰਨ ਲਈ ਇਕ ਝੂਠਾ ਵਾਕਿਆ ਬਿਆਨ ਕਰਦੇ ਹਨ, ਜਿਸ ਅਨੁਸਾਰ ਜਦੋਂ ਹਜ਼ਰਤ ਮੁਹੰਮਦ ਅਕਾਲ ਚਲਾਣੇ ਤੋਂ ਪਹਿਲਾਂ ਬਿਸਤਰ ‘ਤੇ ਲੇਟੇ ਸਨ ਤੇ ਉਨ੍ਹਾਂ ਐਲਾਨ ਕੀਤਾ ਕਿ ਜੇ ਉਨ੍ਹਾਂ ਕਿਸੇ ਨੂੰ ਕੋਈ ਨੁਕਸਾਨ ਪਹੁੰਚਾਇਆ ਹੋਵੇ ਤਾਂ ਉਹ ਉਨ੍ਹਾਂ ਦੀ ਮੌਤ ਤੋਂ ਪਹਿਲਾਂ ਆਪਣਾ ਬਦਲਾ ਲੈ ਸਕਦਾ ਹੈ| ਮੁਸਲਮਾਨ ਮਰਾਸੀ ਕਹਿੰਦੇ ਹਨ ਕਿ ਉਸ ਸਮੇਂ ਉਨ੍ਹਾਂ ਦਾ ਪੁਰਖਾ ਮਰਾਸੀ ਉਕਾਸਾ ਉਥੇ ਸੀ| ਉਕਾਸੇ ਨੇ ਮੁਹੰਮਦ ਸਾਹਿਬ ਨੂੰ ਕਿਹਾ ਕਿ ਇਕ ਵਾਰੀ ਉਨ੍ਹਾਂ ਨੇ ਮੇਰੇ ਸੋਟੀ ਮਾਰੀ ਸੀ ਤੇ ਉਹ ਉਸ ਦਾ ਬਦਲਾ ਲੈਣਾ ਚਾਹੁੰਦਾ ਹੈ|
ਮੁਹੰਮਦ ਸਾਹਿਬ ਨੇ ਆਪਣੇ ਪਿੰਡੇ ਤੋਂ ਕੁੜਤਾ ਚੁਕ ਕੇ ਕਿਹਾ ਤੂੰ ਇਥੇ ਸੋਟੀ ਮਾਰ ਸਕਦਾ ਹੈਂ, ਤੂੰ ਆਪਣਾ ਬਦਲਾ ਲੈ ਲੈ| ਪਰ ਉਕਾਸਾ ਨੇ ਉਨ੍ਹਾਂ ਦੇ ਮੋਢਿਆਂ ਦੇ ਵਿਚਕਾਰ ਚੁੰਮ ਲਿਆ ਤੇ ਕਿਹਾ ਕਿ ਉਹ ਮੁਹੰਮਦ ਸਾਹਿਬ ਦੇ ਮੋਢਿਆਂ ‘ਚ ਪੈਗੰਬਰੀ ਮੋਹਰ ਜਿਸ ਨੂੰ ਨਬੂਬਤ ਦੀ ਮੋਹਰ ਕਿਹਾ ਜਾਂਦਾ ਹੈ, ਦੇ ਦਰਸ਼ਨ ਕਰਨਾ ਚਾਹੁੰਦਾ ਸੀ| ਮੁਸਲਮਾਨ ਮਰਾਸੀ ਇਹ ਦਾਅਵਾ ਕਰਦੇ ਹਨ ਕਿ ਉਕਾਸਾ ਮੁਹੰਮਦ ਸਾਹਿਬ ਦੇ ਚਲਾਣੇ ਪਿਛੋਂ ਇਰਾਨ ਆ ਗਿਆ ਤੇ ਉਥੇ ਆ ਕੇ ਬਾਦਸ਼ਾਹ ਦੇ ਦਰਬਾਰ ਵਿਚ ਨਕੀਬ (ਹਰਕਾਰੇ) ਦੀ ਨੌਕਰੀ ਕਰ ਲਈ| ਇਹ ਵਾਕਿਆ ਮੁਸਲਮਾਨ ਮਰਾਸੀਆਂ ਲਈ ਸੱਚਾ ਹੈ, ਪਰ ਇਹ ਉਕਾਸਾ ਨਾਂ ਦੇ ਮਰਾਸੀ ਨਾਲ ਸਬੰਧ ਨਹੀਂ ਰੱਖਦਾ| ਇਹ ਗੱਲ ਇਥੋਂ ਵੀ ਝੂਠੀ ਸਾਬਤ ਹੁੰਦੀ ਹੈ ਕਿ ਜੇ ਮਰਾਸੀ ਅਰਬ ਵਿਚੋਂ ਆਏ ਤਾਂ ਇਹ ਹਿੰਦੂ ਜਾਂ ਸਿੱਖ ਮਰਾਸੀ ਕਿਵੇਂ ਬਣ ਗਏ?
ਜਜਮਾਨ ਤੇ ਪੁਰਬ: ਮਿਰਾਸੀ ਜਦੋਂ ਕਿਸੇ ਜੱਟ, ਜਿਮੀਂਦਾਰ ਜਾਂ ਰਾਜਪੂਤ ਨੂੰ ਮਿਲਦੇ ਹਨ ਤਾਂ ਉਨ੍ਹਾਂ ਨੂੰ ਜਜਮਾਨ ਜਾਂ ਪੁਰਬ ਸ਼ਬਦ ਨਾਲ ਸੰਬੋਧਨ ਕਰਦੇ ਹਨ| ਇਕ ਮੁਨਸਫ ਦੀ ਕਿਤਾਬ ਜੋ ਗੁਰੂ ਅਰਜਨ ਦੇਵ ਬਾਰੇ ਸੀ, ਵਿਚੋਂ ਪੁਰਬ ਦਾ ਅਰਥ ਪਤਾ ਲਗਦਾ ਹੈ ਕਿ ਜਦੋਂ ਗੁਰੂ ਅਰਜਨ ਦੇਵ ਗੁਰੂ ਰਾਮ ਦਾਸ ਤੋਂ ਥੋੜਾ ਸਮਾਂ ਦੂਰ ਰਹੇ ਤਾਂ ਉਨ੍ਹਾਂ ਨੇ ਇਕ ਖਤ ਵਿਚ ਗੁਰੂ ਰਾਮ ਦਾਸ ਨੂੰ ਲਿਖਿਆ, ਜੋ ਗੁਰੂ ਗ੍ਰੰਥ ਸਾਹਿਬ ਵਿਚ ਅੰਗ 96 ਰਾਗ ਮੰਝ ਵਿਚ ਦਰਜ ਹੈ| ਇਸ ਸ਼ਬਦ ਵਿਚ ਇਕ ਪੰਕਤੀ ਹੈ, “ਪ੍ਰਭ ਅਬਿਨਾਸੀ ਘਰ ਮਹਿ ਪਾਇਆ॥” (ੀ ਹਅਵe ੁਨਦ ਟਹe ੀਮਮੋਰਟਅਲ ਲੋਰਦ ੱਟਿਹਨਿ ਟਹe ਹੋਮe ਾ ਮੇ ੋੱਨ ਸeਲਾ।)
ਅਰਥਾਤ ਸੰਤ ਪਰਮੇਸ਼ਰ ਘਰ ਵਿਚ ਪਾਇਆ। ਮਤਲਬ ਜਿਹੜਾ ਪਰਬ, ਸੰਤ ਪਰਮੇਸ਼ਰ, ਅੱਲਾ ਦਾ ਵਲੀ, ਰੱਬ ਦਾ ਵਲੀ, ਇਸ ਲਈ ਪਰਬ ਕਹਿਣ ਨਾਲ ਉਹ ਇੱਜਤ ਹੀ ਦਿੰਦੇ ਹਨ| ਦੂਜੇ ਸ਼ਬਦ ਜਜਮਾਨ ਦਾ ਪਿਛੋਕੜ ਥੋੜਾ ਵੱਖਰਾ ਹੈ| ਇਹ ਸ਼ਬਦ ਹਿੰਦੀ ਸ਼ਬਦ ਜਜਮਾਨ ਤੋਂ ਵਿਗੜ ਕੇ ਬਣਿਆ ਹੈ| ਬ੍ਰਾਹਮਣਾਂ ਦਾ ਹਿੰਦੂਆਂ ਵਿਚ ਸਤਿਕਾਰ ਸੀ ਤੇ ਇਹ ਹਿੰਦੂਆਂ ਦੇ ਛਜਰੇ ਤਿਆਰ ਕਰਦੇ ਸਨ| ਬ੍ਰਾਹਮਣਾਂ ਨਾਲ ਜਿੰਨੇ ਹਿੰਦੂ ਖਾਨਦਾਨ ਸਬੰਧਤ ਸਨ, ਉਨ੍ਹਾਂ ਦੇ ਉਹ ਛਜਰੇ ਤਿਆਰ ਕਰਦੇ ਸਨ| ਅੱਜ ਕਲ੍ਹ ਵੀ ਇਹ ਛਜਰੇ ਹਰਿਦੁਆਰ ਵਿਖੇ ਬ੍ਰਾਹਮਣ ਲੋਕ ਤਿਆਰ ਕਰਦੇ ਹਨ| ਮੁਸਲਮਾਨਾਂ ਵਿਚ ਵੀ ਸਈਅਦ ਲੋਕ ਆਪਣੇ ਮੁਰੀਦਾਂ ਦੇ ਛਜਰੇ ਲਿਖ ਕੇ ਤਿਆਰ ਕਰਦੇ ਹਨ| ਬ੍ਰਾਹਮਣ ਖਤਰੀਆਂ ਲਈ ਖਾਸ ਛਜਰੇ ਲਿਖਦੇ ਸਨ ਤੇ ਆਪਣੇ ਥੱਲੇ ਜਿਹੜੇ ਖਾਨਦਾਨ ਰੱਖੇ ਹੋਏ ਹੁੰਦੇ, ਉਨ੍ਹਾਂ ਨੂੰ ਜਜਮਾਨ ਕਹਿੰਦੇ ਸਨ, ਜਿਸ ਦਾ ਅਰਥ ਸੀ, ਉਹ ਬੰਦਾ ਜੋ ਕਿਸੇ ਦੀ ਧਨ ਜਾਂ ਹੋਰ ਢੰਗ ਨਾਲ ਮਦਦ ਕਰਦਾ ਹੈ| ਜਿਸ ਤਰ੍ਹਾਂ ਗੁਰਬਾਣੀ ਵਿਚ ਇਕ ਸ਼ਬਦ ਦੀ ਪੰਕਤੀ ਹੈ, “ਕਰਤਾ ਤੂੰ ਮੇਰਾ ਜਜਮਾਨੁ॥” ਗੁਰੂ ਗ੍ਰੰਥ ਸਾਹਿਬ, ਅੰਗ 1329 ਸ਼ਬਦ ਪ੍ਰਭਾਤੀ ਮਹਲਾ ੧ (ੌ ਚਰeਅਟੋਰ ਲੋਰਦ ੁ ਅਲੋਨe ਅਰe ਮੇ ਬeਨeਾਅਚਟੋਰ)
ਮਰਾਸੀਆਂ ਦੀਆਂ ਸਮਾਜਕ ਜਿੰਮੇਵਾਰੀਆਂ: ਮਰਾਸੀ ਸਾਡੇ ਸਮਾਜ ਦੇ ਕੰਮ ਆਉਣ ਵਾਲੇ ਮੈਂਬਰ ਸਨ, ਕਿਉਂਕਿ ਪੁਰਾਣੇ ਜਮਾਨੇ ਵਿਚ ਸੜਕਾਂ, ਟੈਲੀਫੋਨ ਤੇ ਹੋਰ ਸੁਖ ਸਹੂਲਤਾਂ ਨਹੀਂ ਸਨ ਤੇ ਪਿੰਡ ਸ਼ਹਿਰਾਂ ਤੋਂ ਦੂਰ ਦੁਰਾਡੇ ਹੁੰਦੇ ਸਨ, ਇਸ ਲਈ ਸ਼ਹਿਰ ਵਿਚਲੇ ਕੰਮ ਜਾਂ ਕਚਹਿਰੀਆਂ ਤੇ ਸਰਕਾਰੀ ਕੰਮ ਆਦਿ ਇਨ੍ਹਾਂ ਨੂੰ ਦਿੱਤੇ ਜਾਂਦੇ ਸਨ| ਇਹ ਲੋਕਾਂ ਦੇ ਰਿਸ਼ਤੇ ਨਾਤੇ ਵੀ ਕਰਵਾਉਂਦੇ| ਜਿਮੀਂਦਾਰਾਂ ਦੀਆਂ ਬਹੂ-ਬੇਟੀਆਂ ਨਾਲ ਖੁਸ਼ੀ-ਗਮੀ ਮੌਕੇ ਵੀ ਜਾਂਦੇ ਕਿਉਂਕਿ ਘਰ ਦਾ ਮਰਦ ਨਾਲ ਨਹੀਂ ਸੀ ਜਾਂਦਾ| ਮੁਸਲਮਾਨਾਂ ਦੇ ਘਰਾਂ, ਖਾਸ ਕਰ ਰਾਜਪੂਤਾਂ ਦੇ ਘਰਾਂ ਵਿਚ ਪਰਦਾ ਕਾਫੀ ਹੁੰਦਾ ਸੀ ਤੇ ਗੈਰ ਬੰਦਾ ਉਨ੍ਹਾਂ ਦੇ ਜਨਾਨਾਖਾਨੇ ਵਿਚ ਨਹੀਂ ਸੀ ਜਾ ਸਕਦਾ, ਮਰਾਸੀਆਂ ਨੂੰ ਜਾਣ ਦੀ ਇਜ਼ਾਜਤ ਹੁੰਦੀ ਸੀ ਤੇ ਇਹ ਇਸ ਗੱਲ ਦਾ ਲਿਹਾਜ ਵੀ ਰੱਖਦੇ ਸਨ ਤੇ ਕਦੀ ਕੋਈ ਐਸੀ ਗੱਲ ਕਦੇ ਨਹੀਂ ਨਿਕਲੀ ਕਿ ਇਨ੍ਹਾਂ ਨੇ ਕੋਈ ਬਦਤਮੀਜ਼ੀ ਕੀਤੀ ਹੋਵੇ| ਇਸ ਲਈ ਇਹ ਘਰਾਂ ਵਿਚ ਕੰਮ ਵੀ ਕਰਦੇ ਸਨ ਤੇ ਜਦੋਂ ਕਦੇ ਬਾਹਰ ਦੇ ਕੰਮ ਦੀ ਲੋੜ ਪੈਂਦੀ ਤਾਂ ਇਨ੍ਹਾਂ ਨੂੰ ਉਸ ਕੰਮ ਲਈ ਭੇਜਿਆ ਜਾਂਦਾ ਸੀ| ਇਹ ਲੋਕਾਂ ਦੇ ਰਿਸ਼ਤੇ ਵੀ ਕਰਵਾਉਂਦੇ ਸਨ ਤੇ ਇਨ੍ਹਾਂ ਦੇ ਦੱਸੇ ਰਿਸ਼ਤਿਆਂ ‘ਤੇ ਯਕੀਨ ਕੀਤਾ ਜਾਂਦਾ ਸੀ, ਕਿਉਂਕਿ ਇਹ ਬੜੇ ਇਤਬਾਰੀ ਤੇ ਇਮਾਨਦਾਰ ਸਨ|
ਅੰਗਰੇਜ਼ਾਂ ਦੇ ਰਾਜ ਵਿਚ ਜਦੋਂ ਕਿਤੇ ਕਿਸੇ ਪਰਿਵਾਰ ਦਾ ਜਮੀਨ ਜਾਇਦਾਦ ਦਾ ਝਗੜਾ ਕਚਹਿਰੀ ਵਿਚ ਆਉਂਦਾ ਤਾਂ ਅਦਾਲਤ ਵਿਚ ਮਰਾਸੀ ਦੀ ਗਵਾਹੀ ਨੂੰ ਸਹੀ ਮੰਨਿਆ ਜਾਂਦਾ ਸੀ| ਮਰਾਸੀ ਦਸਦਾ ਕਿ ਕੌਣ ਕਿਸ ਦਾ ਪੁੱਤਰ ਹੈ ਤੇ ਕੌਣ ਕਿਸ ਦੀ ਧੀ ਹੈ? ਉਸ ਦੀ ਗਵਾਹੀ ਨੂੰ ਪੱਕਾ ਮੰਨਿਆ ਜਾਂਦਾ| ਅੰਗਰੇਜ਼ ਰਾਜ ਦੌਰਾਨ ਪਿੰਡਾਂ ਦੀਆਂ ਜਮੀਨ ਜਾਇਦਾਦ ਦੀਆਂ ਫਾਈਲਾਂ ਤਿਆਰ ਹੋਈਆ ਤੇ ਉਨ੍ਹਾਂ ਨੇ ਛਜਰੇ ਵੀ ਤਿਆਰ ਕੀਤੇ|
ਪਹਿਲਾ ਬੰਦੋਬਸਤ ਸੰਨ 1881 ਵਿਚ ਹੋਇਆ, ਉਸ ਦੀਆਂ ਕਿਤਾਬਾਂ ਮੈਂ ਆਪ ਦੇਖੀਆਂ ਹਨ| ਉਸ ਵਿਚ ਜਿਥੇ ਥੱਲੇ ਛਜਰਾ ਹੁੰਦਾ ਹੈ, ਉਥੇ ਮਰਾਸੀ ਦਾ ਨਾਂ ਹੁੰਦਾ ਸੀ ਅਤੇ ਇਹ ਲਿਖਦੇ ਸਨ ਕਿ ਇਹ ਛਜਰਾ ਫਲਾਣੇ ਮਰਾਸੀ ਨੇ ਤਸਦੀਕ ਕੀਤਾ ਤੇ ਉਹ ਮਰਾਸੀ ਉਸੇ ਖਾਨਦਾਨ ਤੋਂ ਹੈ| ਹਰ ਜਾਤ ਦੇ ਮਰਾਸੀ ਵੱਖ-ਵੱਖ ਹੁੰਦੇ ਸਨ। ਰਾਜਪੂਤ, ਜੱਟ, ਡੋਗਰ, ਸੈਣੀ ਤੇ ਗੁਜਰ ਅਤੇ ਹੋਰ ਬਹੁਤ ਸਾਰੇ ਕਬੀਲਿਆਂ ਦੇ ਮਰਾਸੀ ਵੱਖ-ਵੱਖ ਸਨ| ਇਥੋਂ ਤੱਕ ਹਰ ਜਾਤ ਦੀ ਗੋਤ ਦਾ ਮਰਾਸੀ ਵੀ ਵੱਖ-ਵੱਖ ਸੀ। ਮਿਸਾਲ ਵਜੋਂ ਜੱਟਾਂ ਦੇ ਗੋਤ ਰੰਧਾਵੇ ਦਾ ਮਰਾਸੀ ਵੱਖਰਾ ਸੀ ਤੇ ਅੱਗੋਂ ਨਸਲ ਦਰ ਨਸਲ ਇਹ ਰੰਧਾਵੇ ਗੋਤ ਦੇ ਜੱਟਾਂ ਨਾਲ ਹੀ ਸਬੰਧ ਰੱਖਦੇ ਸਨ| ਉਨ੍ਹਾਂ ਦੇ ਛਜਰੇ ਵੀ ਉਨ੍ਹਾਂ ਦੇ ਮਰਾਸੀਆਂ ਕੋਲ ਹੁੰਦੇ ਸਨ| ਜੇ ਰੰਧਾਵਾ ਗੋਤ ਦੇ ਜੱਟਾਂ ਨੇ ਕਿੱਧਰੇ ਕੋਈ ਹੋਰ ਥਾਂ ਪਿੰਡ ਵਸਾ ਲਿਆ ਜਾਂ ਖਿਲਰ ਗਏ ਤਾਂ ਕੁਝ ਮਰਾਸੀ ਉਨ੍ਹਾਂ ਨਾਲ ਚਲੇ ਜਾਂਦੇ| ਜਦੋਂ ਬਾਰਾਂ ਵਿਚ ਜੱਟ ਜਾ ਵੱਸੇ ਤਾਂ ਕੁਝ ਮਰਾਸੀ ਤੇ ਕੰਮੀਆਂ ਨੂੰ ਵੀ ਨਾਲ ਲੈ ਗਏ। ਇਸ ਤਰ੍ਹਾਂ ਇਹ ਮਰਾਸੀ ਉਨ੍ਹਾਂ ਨਾਲ ਰਹਿੰਦੇ ਤੇ ਇਨ੍ਹਾਂ ਕੋਲ ਉਸ ਪਰਿਵਾਰ ਦਾ ਸਾਰਾ ਲੇਖਾ-ਜੋਖਾ ਹੁੰਦਾ ਸੀ|
ਜਦੋਂ ਨਾਦਰ ਸ਼ਾਹ ਨੇ ਦਿੱਲੀ ਫਤਿਹ ਕੀਤੀ ਤਾਂ ਉਸ ਨੇ ਜ਼ਬਰਦਸਤੀ ਆਪਣੇ ਬੇਟੇ ਦੀ ਸ਼ਾਦੀ ਮੁਗਲ ਬਾਦਸ਼ਾਹ ਮੁਹੰਮਦ ਸ਼ਾਹ ਦੀ ਬੇਟੀ ਨਾਲ ਕੀਤੀ, ਕਿਉਂਕਿ ਮੁਗਲ ਇਥੇ ਬੜੇ ਅਰਸੇ ਤੋਂ ਰਾਜ ਕਰ ਰਹੇ ਸਨ| ਉਨ੍ਹਾਂ ਨੇ ਇਥੋਂ ਦੇ ਰੀਤੀ-ਰਿਵਾਜਾਂ ਨੂੰ ਧਾਰਨ ਕਰ ਲਿਆ ਸੀ| ਇਸ ਲਈ ਸ਼ਾਦੀ ਦੇ ਮੌਕੇ ਉਨ੍ਹਾਂ ਨੇ ਆਪਣਾ ਮਰਾਸੀ ਕਲਾਨ ਕਰਨ ਲਈ ਖੜ੍ਹਾ ਕਰ ਦਿੱਤਾ| ਮਰਾਸੀ ਨੇ ਕਲਾਨ ਕੀਤੀ ਤੇ ਮੁਗਲਾਂ ਦਾ ਛਜਰਾ ਤੈਮੂਰ ਤੋਂ ਲੈ ਕੇ ਮੁਹੰਮਦ ਸ਼ਾਹ ਤੱਕ ਬਿਆਨ ਕਰ ਦਿੱਤਾ, ਕਿਉਂਕਿ ਮੁਗਲਾਂ ਨੂੰ ਪਤਾ ਸੀ ਕਿ ਨਾਦਰ ਸ਼ਾਹ ਦਾ ਖਾਨਦਾਨ ਕੋਈ ਖਾਸ ਨਹੀਂ, ਇਹ ਤਾਂ ਭੇਡਾਂ, ਬੱਕਰੀਆਂ ਚਾਰਨ ਵਾਲਾ ਖਾਨਦਾਨ ਹੈ| ਨਾਦਰ ਸ਼ਾਹ ਨੇ ਆਪਣੀ ਵਾਰੀ ਤੋਂ ਪਹਿਲਾਂ ਆਪਣੇ ਬੇਟੇ ਦਾ ਨਾਂ ਲਿਆ ਤੇ ਫਿਰ ਆਪਣਾ ਨਾਂ ਲਿਆ, ਤੇ ਫਿਰ ਤਲਵਾਰ ਕੱਢੀ ਤੇ ਕਿਹਾ ਇਬਨੇ ਸ਼ਮਸ਼ੀਰ, ਇਬਨੇ ਸ਼ਮਸ਼ੀਰ ਮਤਲਬ ਨਾਦਰ ਸ਼ਾਹ ਦਾ ਪਿਉ ਤਲਵਾਰ, ਉਸ ਦਾ ਪਿਉ ਤਲਵਾਰ|
ਇਕ ਅੰਗਰੇਜ਼ ਲਿਖਾਰੀ ਡੇਨਜ਼ਿਲ ਇਬਟਸਨ ਨੇ 1882 ਵਿਚ ‘ਇਥਨੋਲੋਜਿਕਲ ਇੰਕੁਆਰੀ ਇਨ ਪੰਜਾਬ’ ਨਾਂ ਦੀ ਕਿਤਾਬ ਵਿਚ ਲਿਖਿਆ ਕਿ ਜੇ ਕਿਸੇ ਖਾਨਦਾਨ ਦੇ ਪਰਵਾਸ ਨੂੰ ਸਹੀ ਢੰਗ ਨਾਲ ਜਾਣਨਾ ਹੋਵੇ ਤਾਂ ਉਸ ਖਾਨਦਾਨ ਦੇ ਪ੍ਰੋਹਿਤ, ਨਾਈ ਜਾਂ ਮਰਾਸੀ ਤੋਂ ਉਸ ਦੇ ਪਰਵਾਸ ਬਾਰੇ ਪਤਾ ਲੱਗ ਸਕਦਾ ਹੈ ਕਿ ਉਹ ਉਠ ਕੇ ਕਿਥੋਂ ਆਏ ਸਨ| ਉਹ ਲਿਖਦਾ ਹੈ, ਭਾਟ, ਜਾਗਾ, ਚਾਰਣ ਤੇ ਮਰਾਸੀ ਛਜਰਿਆਂ ਦੇ ਮਾਹਿਰ ਹੁੰਦੇ ਸਨ ਤੇ ਉਨ੍ਹਾਂ ਨੂੰ ਪਤਾ ਹੁੰਦਾ ਸੀ ਕਿ ਕਿਹੜਾ ਬੰਦਾ ਕਿਥੋਂ ਉਠ ਕੇ ਆਇਆ ਹੈ| ਇਸ ਲਈ ਇਨ੍ਹਾਂ ਨੂੰ ਆਪਣੇ ਹੱਥ ਵਿਚ ਰੱਖਣਾ ਚਾਹੀਦਾ ਹੈ| ਇਹ ਲੋਕਾਂ ਬਾਰੇ ਬੜਾ ਕੁਝ ਜਾਣਦੇ ਨੇ|
ਸੰਨ 1865 ਵਿਚ ਜਿਲਾ ਗੁਜਰਾਤ (ਲਹਿੰਦੇ ਪੰਜਾਬ) ਦੀ ਬੰਦੋਬਸਤ ਰਿਪੋਰਟ ਵਿਚ ਇਨ੍ਹਾਂ ਦੇ ਫਰਜ਼ ਇਸ ਤਰ੍ਹਾਂ ਲਿਖੇ ਗਏ:
(1) ਜਿਸ ਟੱਬਰ ਦਾ ਕੋਈ ਮਰਾਸੀ ਜਾਂ ਭਾਟ ਹੋਵੇ, ਉਹ ਉਸ ਦਾ ਛਜਰਾ (ਵੰਸ਼ਾਵਲੀ) ਜਾਂ ਨਵਜਨਾਮਾ ਯਾਦ ਰੱਖੇ ਜਾਂ ਲਿਖ ਕੇ ਰੱਖੇ|
(2) ਜੇ ਕਿਸੇ ਖਾਨਦਾਨ ਦੀ ਜਾਇਦਾਦ ਦਾ ਕੋਈ ਝਗੜਾ ਪਵੇ ਤਾਂ ਉਨ੍ਹਾਂ ਦੇ ਬਜੁਰਗਾਂ ਜਾਂ ਹਿੱਸਿਆਂ ਦਾ ਵੇਰਵਾ ਦੱਸੇ|
(3) ਮਾਲਕਾਂ ਦੇ ਪ੍ਰਾਹੁਣਿਆਂ ਦਾ ਖਿਆਲ ਰੱਖੇ|
(4) ਖੁਸ਼ੀ ਜਾਂ ਗਮੀ ਦੇ ਮੌਕੇ ਜਜਮਾਨਾਂ ਦੇ ਨਾਲ ਜਾਵੇ|
(5) ਰਿਸ਼ਤੇਦਾਰ ਤੋਂ ਪੈਗਾਮ ਲੈ ਕੇ ਆਵੇ ਤੇ ਜਾਏ|
(6) ਬਹੂ-ਬੇਟੀਆਂ (ਨਵ-ਵਿਆਹੀਆਂ) ਦੇ ਪੇਕੇ ਤੇ ਸਹੁਰੇ ਜਾਣ ਸਮੇਂ ਨਾਲ ਜਾਵੇ|
(7) ਮਰਾਸੀ ਦੀ ਬੀਵੀ ਦੀ ਜਿੰਮੇਵਾਰੀ ਹੈ ਕਿ ਉਹ ਸ਼ਾਦੀ ਦੇ ਦਿਨ ਤੋਂ 20 ਦਿਨ ਪਹਿਲਾਂ ਘਰ ਵਿਚ ਬਰਾਤ ਲਈ ਖਾਣ ਪੀਣ ਦਾ ਸਮਾਨ ਪੂਰਾ ਕਰਕੇ ਰੱਖੇ|
(8) ਮਰਾਸੀ ਸ਼ਾਦੀ ਸਮੇਂ ਗੰਢਾਂ ਲੈ ਕੇ ਜਾਵੇ|
(9) ਘਰ ਵਿਚ ਰਿਸ਼ਤੇਦਾਰ ਆਉਣ ਤੇ ਮਰਾਸੀ ਉਨ੍ਹਾਂ ਦੀ ਦੇਖਭਾਲ ਕਰੇ|
(10) ਕਿਸੇ ਘਰ ਕੋਈ ਮੌਤ ਹੋਣ ‘ਤੇ ਅਰਥੀ ਸਸਕਾਰ ਜਾਂ ਜਨਾਜ਼ੇ ਦੇ ਪ੍ਰਬੰਧ ਕਰਨ ਦੀ ਜਿੰਮੇਵਾਰੀ ਮਰਾਸੀ ਦੀ ਹੈ|
(11) ਜੇ ਕੋਈ ਮਰਾਸੀ ਇਹ ਫਰਜ਼ ਪੂਰੇ ਨਾ ਕਰੇ ਤਾਂ ਉਸ ਦੀ ਥਾਂ ਨਵਾਂ ਮਰਾਸੀ ਲੈ ਲਿਆ ਜਾਵੇ|
ਮਰਾਸੀਆਂ ਦੇ ਲਾਗ: ਮਰਾਸੀਆਂ ਨੂੰ ਆਪਣੀ ਸਮਾਜਕ ਜਿੰਮੇਵਾਰੀ ਨਿਭਾਉਣ ਬਦਲੇ ਕੋਈ ਤਨਖਾਹ ਨਹੀਂ ਸੀ ਮਿਲਦੀ| ਇਨ੍ਹਾਂ ਨੂੰ ਗਮੀ ਜਾਂ ਖੁਸ਼ੀ ਮੌਕੇ ਜੋ ਲਾਗ ਜਾਂ ਕੋਈ ਸ਼ੈ ਮਿਲਦੀ, ਉਸ ‘ਤੇ ਹੀ ਇਹ ਗੁਜ਼ਾਰਾ ਕਰਦੇ| ਅਮੀਰ ਘਰਾਂ ਵਿਚੋਂ ਜਦੋਂ ਕਿਸੇ ਜਨਾਜੇ ਜਾਂ ਅਰਥੀ ‘ਤੇ ਖੇਸ ਜਾਂ ਚਾਦਰ ਪਾਈ ਜਾਂਦੀ, ਇਨ੍ਹਾਂ ਨੂੰ ਮਿਲਦੀ ਸੀ| ਪਿਛਲੇ ਸਮਿਆਂ ਦੌਰਾਨ ਪਿੰਡਾਂ ਵਿਚੋਂ ਜਦੋਂ ਕੋਈ ਬਰਾਤ ਜਾਂਦੀ ਤਾਂ ਕੰਮੀਆਂ ਦੇ ਲਾਗ ਵਾਸਤੇ ਪੈਸਾ ਇੱਕਠਾ ਕਰਨ ਲਈ ਇਕ ਥਾਲ ਰੱਖਿਆ ਜਾਂਦਾ ਸੀ| ਕੁੜੀ ਵਾਲੇ ਦੱਸਦੇ ਕਿ ਕੰਮੀਆਂ ਦੇ ਲਾਗ ਲਈ ਕਿੰਨੀ ਰਕਮ ਚਾਹੀਦੀ ਹੈ| ਇਹ ਰਕਮ ਇਕ ਆਨੇ ਤੋਂ ਇਕ ਰੁਪਏ ਤੱਕ ਹੁੰਦੀ ਸੀ, ਜੋ ਸਾਰੇ ਪਿੰਡ ਵਿਚੋਂ ਇੱਕਠੀ ਕੀਤੀ ਜਾਂਦੀ ਸੀ| ਜੱਟ ਇਸ ਨੂੰ ਰਤਰਾਚਰੀ ਤੇ ਗੁਜ਼ਰ ਇਸ ਨੂੰ ਡਾਰ ਕਹਿੰਦੇ ਸਨ ਤੇ ਗਰੀਬ, ਅਮੀਰ-ਸਭ ਹਿੱਸਾ ਪਾਉਂਦੇ| ਇਸ ਰਕਮ ਵਿਚੋਂ ਮਰਾਸੀ ਨੂੰ ਕੁਝ ਹਿੱਸਾ ਮਿਲਦਾ ਸੀ|
ਏ. ਐਚ. ਰੋਜ਼ ਲਿਖਦਾ ਹੈ ਕਿ ਜੇ ਕੋਈ ਜਜਮਾਨ ਜਾਂ ਪਰਬ ਮਰਾਸੀਆਂ ਨੂੰ ਬਣਦਾ ਲਾਗ ਨਾ ਦਿੰਦਾ ਤਾਂ ਮਰਾਸੀ ਉਨ੍ਹਾਂ ਦੀ ਬੜੀ ਬੇਇੱਜਤੀ ਕਰਦੇ ਤੇ ਗਲੀਆਂ-ਮੁਹੱਲਿਆਂ ਵਿਚ ਲਾਗ ਖਾਣ ਬਾਰੇ ਬਦਨਾਮੀ ਕਰਦੇ| ਜੇ ਕੋਈ ਲਾਗ ਨਾ ਦਿੰਦਾ ਤਾਂ ਉਸ ਦੇ ਪਰਬਾਂ ਦੀਆਂ ਨਕਲਾਂ ਲਾਉਂਦੇ ਤੇ ਪੁਤਲਾ ਬਣਾ ਕੇ ਪਿੰਡ-ਪਿੰਡ ਫੇਰਦੇ| ਇੰਨੀ ਬੇਇੱਜਤੀ ਨੂੰ ਕੋਈ ਪਰਬ ਬਰਦਾਸ਼ਤ ਨਾ ਕਰਦਾ, ਇਸ ਕਰਕੇ ਉਸ ਨੂੰ ਇਹ ਲਾਗ ਦੇਣਾ ਹੀ ਪੈਂਦਾ| ਇਨ੍ਹਾਂ ਨੂੰ ਪਿੰਡ ਵਿਚ ਰਹਿਣ ਲਈ ਘਰ ਬਣਾ ਕੇ ਦਿੱਤਾ ਜਾਂਦਾ ਸੀ| ਲਾਗ ਲੈਣ ਤੋਂ ਇਲਾਵਾ ਇਹ ਫਸਲ ਦੀ ਕਟਾਈ ਵੀ ਕਰਦੇ ਤੇ ਇਨ੍ਹਾਂ ਨੂੰ ਫਸਲਾਂ ਵਿਚੋਂ ਹਿੱਸਾ ਮਿਲਦਾ|
ਜਿੱਥੇ ਮਰਾਸੀ ਆਪਣੇ ਜਜਮਾਨਾਂ ਜਾਂ ਪਰਬਾਂ ਦੀਆਂ ਸੇਵਾਵਾਂ, ਸਿਫਤਾਂ ਤੇ ਛਜਰੇ ਤਿਆਰ ਕਰਦੇ, ਉਥੇ ਇਕ ਐਸਾ ਮਰਾਸੀ ਵੀ ਹੋਇਆ ਹੈ, ਜਿਸ ਨੂੰ ਸਿੱਖ ਧਰਮ ਵਿਚ ਗੁਰੂ ਨਾਨਕ ਸਾਹਿਬ ਨਾਲ ਜੀਵਨ ਬਿਤਾਉਣ ਤੇ ਰੱਬ ਦੀ ਕੀਰਤੀ ਕਰਨ ਕਾਰਨ ਬੜਾ ਸਤਿਕਾਰਿਆ ਗਿਆ, ਜੋ ਮਰਜਾਨੇ ਤੋਂ ਮਰਦਾਨਾ ਤੇ ਭਾਈ ਮਰਦਾਨਾ ਬਣ ਗਿਆ ਤੇ ਸਦਾ ਲਈ ਅਮਰ ਹੋ ਗਿਆ|
ਭਾਈ ਮਰਦਾਨੇ ਨੇ ਗੁਰੂ ਨਾਨਕ ਦੇਵ ਨਾਲ ਦੇਸ਼-ਵਿਦੇਸ਼ ਦੀਆਂ ਲੰਮਾ ਸਮਾਂ ਯਾਤਰਾਵਾਂ ਕੀਤੀਆਂ| ਭਾਈ ਮਰਦਾਨੇ ਦਾ ਜਨਮ ਪਿਤਾ ਬਦਰਾ ਅਤੇ ਮਾਤਾ ਲੱਖੋ ਦੀ ਕੁਖੋਂ ਇਕ ਮੁਸਲਿਮ ਮਰਾਸੀ ਪਰਿਵਾਰ ਵਿਚ ਰਾਏ ਭੋਏ ਦੀ ਤਲਵੰਡੀ (ਲਹਿੰਦਾ ਪੰਜਾਬ, ਪਾਕਿਸਤਾਨ) ਵਿਚ ਹੋਇਆ, ਜਿਸ ਨੂੰ ਹੁਣ ਨਨਕਾਣਾ ਸਾਹਿਬ ਕਹਿੰਦੇ ਹਨ| ਗੁਰੂ ਨਾਨਕ ਦੇਵ ਤੇ ਭਾਈ ਮਰਦਾਨਾ ਇੱਕੋਂ ਹੀ ਪਿੰਡ ਵਿਚ ਵੱਡੇ ਹੋਏ, ਪਰ ਭਾਈ ਮਰਦਾਨਾ ਗੁਰੂ ਨਾਨਕ ਦੇਵ ਤੋਂ ਕੋਈ ਦਸ ਸਾਲ ਵੱਡੇ ਸਨ| ਜਦੋਂ ਗੁਰੂ ਨਾਨਕ ਦੇਵ ਦੁਨੀਆਂ ਨੂੰ ਸੱਚ ਦਾ ਉਪਦੇਸ਼ ਦੇਣ ਲਈ ਉਦਾਸੀਆਂ ‘ਤੇ ਨਿਕਲੇ ਤਾਂ ਆਪਣੇ ਨਾਲ ਭਾਈ ਮਰਦਾਨੇ ਨੂੰ ਵੀ ਤਿਆਰ ਕੀਤਾ| ਇਸ ਪਿਛੋਂ ਦੋਹਾਂ ਦੀ ਜੋੜੀ, ਭਾਈ ਮਰਦਾਨੇ ਦੇ ਚਲਾਣੇ ਤੱਕ ਇੱਕਠੀ ਰਹੀ| ਜਦੋਂ ਗੁਰੂ ਨਾਨਕ ਰੱਬੀ ਬਾਣੀ ਦਾ ਕੀਰਤਨ ਕਰਦੇ ਤਾਂ ਭਾਈ ਮਰਦਾਨਾ ਉਨ੍ਹਾਂ ਨਾਲ ਰਬਾਬ ਵਜਾਉਂਦਾ| ਭਾਈ ਮਰਦਾਨਾ 1534 ਈ. ਨੂੰ ਕਰਤਾਰਪੁਰ ਸਾਹਿਬ (ਲਹਿੰਦਾ ਪੰਜਾਬ, ਪਾਕਿਸਤਾਨ) ਵਿਚ ਅਕਾਲ ਚਲਾਣਾ ਕਰ ਗਏ ਤਾਂ ਗੁਰੂ ਨਾਨਕ ਦੇਵ ਨੇ ਉਨ੍ਹਾਂ ਦਾ ਪੰਜ ਭੂਤਕ ਸਰੀਰ ਉਨ੍ਹਾਂ ਦੀ ਅੰਤਿਮ ਇੱਛਾ ਮੁਤਾਬਕ ਰਾਵੀ ਦਰਿਆ ਵਿਚ ਜਲ ਪ੍ਰਵਾਹ ਕਰ ਦਿੱਤਾ ਅਤੇ ਰੱਬੀ ਬਾਣੀ ਦਾ ਕੀਰਤਨ ਕੀਤਾ ਤੇ ਕੜਾਹ ਪ੍ਰਸਾਦਿ ਸਿੱਖਾਂ ਵਿਚ ਵੰਡਿਆ। ਉਨ੍ਹਾਂ ਦੇ ਪਰਿਵਾਰ ਤੇ ਪੁੱਤਰ ਸਜਾਦਾ ਨੂੰ ਦਿਲਾਸਾ ਦਿੱਤਾ ਤੇ ਕਿਹਾ ਕਿ ਪਰਿਵਾਰ ਦਾ ਕੋਈ ਜੀਅ ਨਾ ਰੋਵੇ ਕਿਉਂਕਿ ਉਹ ਅੱਲਾਹ (ਖੁਦਾ) ਵਿਚ ਲੀਨ ਹੋ ਗਏ ਹਨ| ਉਸ ਪਿਛੋਂ ਰਬਾਬ ਵਜਾਉਣ ਦੀ ਜਿੰਮੇਵਾਰੀ ਭਾਈ ਮਰਦਾਨਾ ਦੇ ਪੁੱਤਰ ਸਜਾਦਾ ਨੂੰ ਦਿੱਤੀ ਗਈ|
ਭਾਈ ਮਰਦਾਨਾ ਦਾ ਇਕ ਸ਼ਬਦ ਗੁਰੂ ਗ੍ਰੰਥ ਸਾਹਿਬ ਵਿਚ ਬਿਹਾਗੜੇ ਦੀ ਵਾਰ ਵਿਚ ਦਰਜ ਹੈ ਅਤੇ ਗੁਰੂ ਨਾਨਕ ਸਾਹਿਬ ਵਲੋਂ ਭਾਈ ਮਰਦਾਨੇ ਨੂੰ ਮੁਖਾਤਬ ਕਰਕੇ ਲਿਖੇ ਦੋ ਸ਼ਬਦ ਹਨ| ਭਾਈ ਗੁਰਦਾਸ ਨੇ ਵੀ ਲਿਖਿਆ ਹੈ, “ਇਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ।” ਭਾਈ ਮਰਦਾਨਾ ਦੀ 17ਵੀਂ ਪੀੜ੍ਹੀ ਭਾਈ ਲਾਲ ਜੀ ਨੇ ਰਬਾਬ ਸਾਜ ਨਾਲ ਸੱਤਰ ਸਾਲ ਗੁਰਬਾਣੀ ਕੀਰਤਨ ਕੀਤਾ ਤੇ ਉਹ 85 ਸਾਲ ਦੀ ਉਮਰ ਵਿਚ ਅਕਾਲ ਚਲਾਣਾ ਕਰ ਗਏ| ਉਨ੍ਹਾਂ ਦਾ ਨਾਂ ਸਿੱਖ ਧਰਮ ਵਿਚ ਬੜੇ ਸਤਿਕਾਰ ਨਾਲ ਲਿਆ ਜਾਂਦਾ ਹੈ| ਜਿਸ ਤਰ੍ਹਾਂ ਭਾਈ ਮਰਦਾਨਾ ਗੁਰੂ ਨਾਨਕ ਦੇਵ ਨਾਲ ਸਾਰੀ ਉਮਰ ਸੱਚ ਤੇ ਧਰਮ ਦਾ ਉਪਦੇਸ਼ ਦਿੰਦੇ ਤੇ ਰੱਬੀ ਬਾਣੀ ਦਾ ਕੀਰਤਨ ਕਰਦੇ ਰਹੇ, ਉਸੇ ਤਰ੍ਹਾਂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਦੇ ਸਮੇਂ ਦੋ ਭਰਾ-ਭਾਈ ਸੱਤਾ ਤੇ ਭਾਈ ਬਲਵੰਡ ਰੱਬੀ ਬਾਣੀ ਦਾ ਕੀਰਤਨ ਗੁਰੂ ਘਰ ਵਿਚ ਕਰਦੇ ਸਨ| ਇਨ੍ਹਾਂ ਨੂੰ ਸੱਤਾ ਡੂਮ ਤੇ ਬਲਵੰਡ ਡੂਮ ਕਿਹਾ ਜਾਂਦਾ ਹੈ, ਕਿਉਂਕਿ ਦੋਵੇਂ ਡੂਮ (ਮਰਾਸੀ), ਮੁਸਲਮਾਨ ਰਬਾਬੀ ਗਵਈਏ ਤੇ ਵੰਸ਼ਾਵਲੀ ਦੇ ਮਾਹਿਰ ਸਨ| ਕਿਹਾ ਜਾਂਦਾ ਹੈ ਕਿ ਦੋਨਾਂ ਦਾ ਅਕਾਲ ਚਲਾਣਾ ਲਾਹੌਰ ਵਿਚ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ (1595-1644) ਵੇਲੇ ਹੋਇਆ ਤੇ ਦੋਵਾਂ ਨੂੰ ਰਾਵੀ ਦਰਿਆ ਦੇ ਕੰਢੇ ਸਪੁਰਦ-ਏ-ਖਾਕ ਕੀਤਾ ਗਿਆ। ਉਨ੍ਹਾਂ ਦੀਆਂ ਅੰਤਿਮ ਰਸਮਾਂ ਗੁਰੂ ਸਾਹਿਬ ਦੇ ਮੁਸਲਮਾਨ ਰਬਾਬੀ ਬਾਬਕ ਨੇ ਕੀਤੀਆਂ| ਗੁਰੂ ਗ੍ਰੰਥ ਸਾਹਿਬ ਦੇ ਪੰਨਾ 966 ਤੋਂ 968 ਵਿਚ ਇਕ ਸ਼ਬਦ “ਰਾਮਕਲੀ ਕੀ ਵਾਰ ਰਾਇ ਬਲਵੰਡ ਤਥਾ ਸਤੈ ਡੂਮ ਆਖੀ” ਦੋਨਾਂ ਭਰਾਵਾਂ ਦਾ ਉਚਾਰਣ ਕੀਤਾ ਹੋਇਆ ਦਰਜ ਹੈ|
ਮਰਾਸੀਆਂ ਨੇ ਸੰਗੀਤ ਦੇ ਖੇਤਰ ਵਿਚ, ਖਾਸ ਕਰ ਕਲਾਸੀਕਲ ਸੰਗੀਤ ਵਿਚ ਬੜਾ ਕੰਮ ਕੀਤਾ ਹੈ| ਲਗਭਗ ਸਾਰੇ ਹੀ ਮਰਾਸੀ ਲੋਕ ਇਸ ਖੇਤਰ ਵਿਚ ਚਲੇ ਗਏ ਹਨ| ਲਗਭਗ ਸਾਰੇ ਉਸਤਾਦ ਲੋਕ ਇਸ ਕਲਾ ਵਲ ਚਲੇ ਗਏ ਹਨ| ਅੰਮ੍ਰਿਤਸਰ ਜਿਲੇ ਦੇ ਪਿੰਡ ਸ਼ਕਰੀ, ਪਟਖਾਨਾਂ ਤੇ ਖਾਨਕੋਟ ਦੇ ਕੱਟਵਾਲ ਡੋਗਰ ਜਦੋਂ 1947 ਵਿਚ ਭਾਰਤ ਦੀ ਵੰਡ ਪਿਛੋਂ ਪਾਕਿਸਤਾਨ ਆਏ ਤੇ ਇਨ੍ਹਾਂ ਦੇ ਮਰਾਸੀ ਵੀ ਇਨ੍ਹਾਂ ਨਾਲ ਆਏ| ਉਨ੍ਹਾਂ ਵਿਚੋਂ ਇਕ ਅਬਦੁਲ ਮਜੀਦ ਨਾਂ ਦੇ ਮਰਾਸੀ ਨਾਲ ਮੈਂ ਖੁਦ ਮੁਲਾਕਾਤ ਕੀਤੀ| ਉਸ ਨੇ ਦਸਿਆ ਕਿ ਇਨ੍ਹਾਂ ਪਿੰਡਾਂ ਦੇ ਡੋਗਰ ਜੱਟ ਘੋੜਿਆਂ ‘ਤੇ ਪਾਕਿਸਤਾਨ ਆਏ ਤੇ ਉਨ੍ਹਾਂ ਬਾਜ ਰੱਖੇ ਹੋਏ ਸਨ ਤੇ ਉਹ ਵੀ ਉਨ੍ਹਾਂ ਨਾਲ ਬਾਜ ਫੜ ਕੇ ਪੈਦਲ ਆਇਆ ਤੇ ਉਸ ਵੇਲੇ ਉਹ ਬੱਚਾ ਸੀ| ਸ਼ਕਰੀ, ਪਟਖਾਨਾਂ ਤੇ ਖਾਨਕੋਟ ਵਾਲੇ ਡੋਗਰਾਂ ਨੇ ਨਾਰੋਵਾਲ ਕੋਲੋਂ ਬਾਰਡਰ ਪਾਰ ਕੀਤਾ ਤੇ ਜਿਲਾ ਸ਼ੇਖੂਪੁਰਾ ਪਹੁੰਚ ਗਏ। ਉਥੇ ਉਹ ਜੰਡਿਆਲਾ ਸ਼ੇਰ ਖਾਂ ਕੋਲ ਪਿੰਡ ਮਦਾਰ ਵਿਚ ਆਬਾਦ ਹੋਏ| ਇਸ ਪਿੰਡ ਦੇ ਕੋਲ ਹੀ ਵਾਰਿਸ ਸ਼ਾਹ ਦੀ ਮਜ਼ਾਰ ਹੈ| ਅਬਦੁਲ ਮਜ਼ੀਦ ਆਪਣੇ ਰਿਸ਼ਤੇਦਾਰ ਕੋਲ ਨਾਰੋਵਾਲ ਵਸ ਗਿਆ ਤੇ ਇਨ੍ਹਾਂ ਵਿਚੋਂ ਕਈ ਮਰਾਸੀ ਪਿੰਡ ਬੱਦੋਮਲੀ ਸ਼ਹਿਰ ਜਾ ਕੇ ਆਬਾਦ ਹੋ ਗਏ| ਫਿਰ ਇਨ੍ਹਾਂ ਵਿਚੋਂ ਕਈ ਮਰਾਸੀ ਰੋਜ਼ਗਾਰ ਲਈ ਲਾਹੌਰ ਦੇ ਸ਼ਾਹੀ ਮੁਹੱਲੇ ਚਲੇ ਗਏ ਤੇ ਉਥੇ ਸ਼ਾਹੀ ਮੁਹੱਲੇ ਕੰਜਰੀਆਂ ਦੇ ਨਾਚ ਸਮੇਂ ਤਬਲਾ ਤੇ ਹਾਰਮੋਨੀਅਮ ਵਜਾਉਂਦੇ ਸਨ| ਇਨ੍ਹਾਂ ਵਿਚੋਂ ਕਾਫੀ ਮਰਾਸੀਆਂ ਨੇ ਪਾਕਿਸਤਾਨੀ ਫਿਲਮਾਂ ਵਿਚ ਵੀ ਕੰਮ ਕੀਤਾ ਜਿਵੇਂ ਕਿ ਫਿਲਮ ‘ਮਲੰਗੀ’ ਦੇ ਗਾਣਿਆਂ ਵਿਚ ਸੈਦ ਮੁਹੰਮਦ ਨਾਂ ਦੇ ਮਰਾਸੀ ਨੇ ਤਬਲਾ ਵਜਾਇਆ| ਸਾਡੇ ਪਿੰਡ ਕੋਟਰਾਏ ਦੇ ਕੋਲ ਇਕ ਪਿੰਡ ਸਬਲਪੁਰ ਹੈ, ਜਿਥੇ ਸਾਡੇ ਸਾਰੇ ਜਿਮੀਂਦਾਰਾਂ ਦੇ ਮਰਾਸੀ ਰਹਿੰਦੇ ਹਨ| ਇਹ ਮਰਾਸੀ ਮਸ਼ਹੂਰ ਮਰਾਸੀ ਗੁਲੂਕਾਰਾਂ ਨੂੰ ਆਪਣੇ ਕੋਲ ਗਾਉਣ ਲਈ ਬੁਲਾਉਂਦੇ ਸਨ| ਉਨ੍ਹਾਂ ਨੇ ਇਕ ਮਸ਼ਹੂਰ ਗੁਲੂਕਾਰ ਹੁਸੈਨ ਬਖਸ਼ ਗੁਲੂ ਨੂੰ ਗਾਉਣ ਲਈ ਬੁਲਾਇਆ, ਜਿਸ ਨੂੰ ਉਸ ਵਕਤ ਮੈਂ ਵੀ ਸੁਣਿਆ ਸੀ| ਉਹ ਕਲਾਸੀਕਲ ਸੰਗੀਤ ਦਾ ਬੜਾ ਮਾਹਿਰ ਸੀ| ਜਦੋਂ ਪਹਿਲੀ ਵਾਰ ਸਾਡੇ ਪਿੰਡ ਦੇ ਮਰਾਸੀਆਂ ਨੇ ਉਸ ਨੂੰ ਗਾਉਣ ਲਈ ਬੁਲਾਇਆ ਤਾਂ ਆਸੇ-ਪਾਸੇ ਦੇ ਪਿੰਡਾਂ ਦੇ ਰਾਜਪੂਤ, ਜੱਟ, ਗੁਜਰ ਤੇ ਡੋਗਰ ਲੋਕ ਉਸ ਨੂੰ ਸੁਣਨ ਲਈ ਇੱਕਠੇ ਹੋਏ| ਇਨ੍ਹਾਂ ਲੋਕਾਂ ਦਾ ਖਿਆਲ ਸੀ ਕਿ ਇਹ ਹੀਰ-ਰਾਂਝਾ ਜਾਂ ਮਿਰਜਾ ਜੱਟ ਗਾਏਗਾ ਪਰ ਉਸ ਨੇ ਕਲਾਸੀਕਲ ਗਾਣਾ ਸ਼ੁਰੂ ਕਰ ਦਿੱਤਾ| ਇਸ ‘ਤੇ ਸੁਣਨ ਵਾਲਿਆਂ ਨੇ ਰੌਲਾ ਪਾ ਦਿੱਤਾ ਤੇ ਮਰਾਸੀਆਂ ਨੇ ਹੱਥ ਜੋੜ ਦਿੱਤੇ| ਮਰਾਸੀਆਂ ਨੇ ਕਿਹਾ ਕਿ ਸਾਡਾ ਇਹੋ ਹੀ ਮਿਰਜਾ ਜੱਟ ਏ ਤੇ ਸਾਨੂੰ ਸੁਣਾ ਲੈਣ ਦਿਉ| ਲੋਕ ਤੰਗ ਹੋ ਕੇ ਵਾਪਿਸ ਮੁੜਨ ਲੱਗ ਗਏ| ਇਨ੍ਹਾਂ ਵਿਚੋਂ ਮੁਖਤਾਰ ਮਰਾਸੀ ਚੰਗਾ ਸਾਰੰਗੀ ਨਿਵਾਜ ਸੀ|
ਉਪਰ ਜਿਸ ਅਬਦੁਲ ਮਜੀਦ ਦੀ ਗੱਲ ਕੀਤੀ ਗਈ ਹੈ, ਉਹ ਨਾਰੋਵਾਲ ਤੋਂ ਲਾਹੌਰ ਸ਼ਾਹੀ ਮੁਹੱਲੇ ਵਿਚ ਰਹਿਣ ਲੱਗ ਪਿਆ ਤੇ ਸਾਜ ਵਜਾਉਂਦਾ ਰਿਹਾ| ਇਸ ਨੇ ਉਸੇ ਤਵਾਇਫ ਨਾਲ ਸ਼ਾਦੀ ਕਰ ਲਈ, ਜਿਸ ਨਾਲ ਉਹ ਤਬਲਾ ਵਜਾਉਂਦਾ ਸੀ| ਉਸ ਦਾ ਇਕ ਲੜਕਾ ਇਮਰਾਨ ਤੇ ਲੜਕੀ ਸ਼ਬਨਮ ਮਜੀਦ ਹੈ| ਇਹ ਦੋਵੇਂ ਭੈਣ-ਭਰਾ ਜਦੋਂ ਛੋਟੇ ਸਨ ਤੇ ਸਾਡੇ ਮਰਾਸੀਆਂ ਦੇ ਵਿਆਹ ਸ਼ਾਦੀ ‘ਤੇ ਆਉਂਦੇ ਸਨ ਤਾਂ ਸਾਡੇ ਮੁੰਡਿਆਂ ਨੂੰ ਗਾਣਾ ਸੁਣਾਉਂਦੇ ਸਨ। ਸ਼ਬਨਬ ਮਜੀਦ ਸਾਡੇ ਡੋਗਰ ਜੱਟ ਪਰਿਵਾਰ ਦੀ ਮਰਾਸਣ ਹੈ ਤੇ ਬਹੁਤ ਵਧੀਆ ਗਾਉਂਦੀ ਹੈ। ਉਸ ਨੂੰ ਇੰਗਲੈਂਡ ਦੇ ਟੈਲੀਵਿਜ਼ਨ ‘ਤੇ ਵੀ ਗਾਉਂਦਿਆਂ ਸੁਣਿਆ ਹੈ| ਸ਼ਬਨਮ ਨੂੰ ਯੂ-ਟਿਊਬ ‘ਤੇ ਵੀ ਗਾਉਂਦਿਆਂ ਸੁਣਿਆ ਜਾ ਸਕਦਾ ਹੈ| ਉਸ ਦੀ ਸ਼ਾਦੀ ਪਾਕਿਸਤਾਨ ਫਿਲਮਾਂ ਦੇ ਤਬਲਾ ਨਵਾਜ ਤਾਫੂ ਖਾਨ ਦੇ ਬੇਟੇ ਨਾਲ ਹੋਈ| ਸ਼ਬਨਮ ਮਜੀਦ ਦੇ ਪਿਤਾ ਦਾ ਨਾਂ ਅਬਦੁਲ ਮਜੀਦ ਸੀ ਤੇ ਉਨ੍ਹਾਂ ਦੇ ਪਿਤਾ ਦਾ ਨਾਂ ਮੁਹੰਮਦ ਤੁਫੈਲ ਸੀ|
ਪਾਕਿਸਤਾਨ ਦੇ ਬਹੁਤ ਸਾਰੇ ਗੁਲੂਕਾਰਾਂ ਦਾ ਮਰਾਸੀ ਘਰਾਣਿਆਂ ਨਾਲ ਸਬੰਧ ਹੈ| ਪਾਕਿਸਤਾਨ ਦੀ ਮਸ਼ਹੂਰ ਗੁਲੂਕਾਰਾ ਮਲਿਕਾ-ਏ-ਤਰਨਮ ਨੂਰ ਜਹਾਂ, ਜਿਸ ਦਾ ਅਸਲ ਨਾਂ ਅੱਲਾ ਰੱਖੀ ਤੇ ਉਸ ਦੀ ਭੈਣ ਦਾ ਨਾਂ ਈਦਨ ਸੀ, ਕਿਉਂਕਿ ਉਹ ਈਦ ਵਾਲੇ ਦਿਨ ਪੈਦਾ ਹੋਈ ਸੀ| ਜਦੋਂ ਨੂਰ ਜਹਾਂ ਫਿਲਮ ਵਿਚ ਨਹੀਂ ਸੀ ਆਈ, ਉਦੋਂ ਉਸ ਨੇ ਇੱਕ ਡਾਂਸ ਪਾਰਟੀ ਬਣਾਈ ਹੋਈ ਸੀ| ਉਹ ਵੀ ਮਰਾਸਣ ਸੀ, ਉਸ ਦਾ ਸਬੰਧ ਕਸੂਰ ਘਰਾਣੇ ਨਾਲ ਸੀ| ਉਸ ਦੇ ਨਾਨਕੇ ਅੰਮ੍ਰਿਤਸਰ ਸ਼ਹਿਰ ਦੇ ਮੁਹੱਲਾ ਸ਼ਰੀਫਪੁਰ ਵਿਚ ਸਨ| ਅੰਮ੍ਰਿਤਸਰ ਜਿਲੇ ਦਾ ਪਿੰਡ ‘ਖਾਨਕੋਟ’ ਡੋਗਰ ਜੱਟਾਂ ਦਾ ਸੀ, ਇਸੇ ਪਿੰਡ ਦੀ ਜਮੀਨ ਵਿਚ ਅੰਮ੍ਰਿਤਸਰ ਦਾ ਸ਼ਰੀਫਪੁਰਾ ਮੁਹੱਲਾ ਤੇ ਮਾਨਾਂਵਾਲਾ ਰੇਲਵੇ ਸਟੇਸ਼ਨ ਪੈਂਦਾ ਹੈ|
ਨੂਰਜਹਾਂ ਦਾ ਨਾਨਾ, ਜੋ ਸ਼ਰੀਫਪੁਰੇ ਦਾ ਰਹਿਣ ਵਾਲਾ ਸੀ, ਖਾਨਕੋਟ ਦੇ ਡੋਗਰ ਜੱਟਾਂ ਦਾ ਮਰਾਸੀ ਸੀ| ਮਸ਼ਹੂਰ ਗਜ਼ਲ ਗਾਇਕ ਗੁਲਾਮ ਅਲੀ ਪਿੰਡ ਗਲੋਟੀਆਂ, ਜੋ ਡਸਕੇ ਕੋਲ ਹੈ, ਉਸੇ ਟੱਬਰ ਤੋਂ ਹੈ| ਅਫਸ਼ਾਂ, ਸਾਇਰਾ ਨਸੀਮ ਤੇ ਬੜੇ ਗੁਲਾਮ ਅਲੀ ਖਾਨ ਵੀ ਕਸੂਰ ਘਰਾਣੇ ਤੋਂ ਹਨ| ਇਹ ਮੌਸੀਕੀ ਵਿਚ ਬਹੁਤ ਅੱਗੇ ਚਲੇ ਗਏ ਹਨ ਤੇ ਇਨ੍ਹਾਂ ਨੇ ਬੜਾ ਨਾਂ ਪੈਦਾ ਕੀਤਾ ਹੈ| ਇਨ੍ਹਾਂ ਦੇ ਤਿੰਨ ਕਲਾਸੀਕਲ ਮੁਸਰਕੀ ਦੇ ਘਰਾਣੇ ਹਨ ਜਿਵੇਂ ਪਟਿਆਲਾ ਘਰਾਣਾ, ਕਸੂਰ ਘਰਾਣਾ ਤੇ ਸ਼ਾਮ ਚੁਰਾਸੀ (ਹੁਸ਼ਿਆਰਪੁਰ) ਘਰਾਣਾ| ਸਾਂਸੀ ਵੀ ਮਰਾਸੀਆਂ ਦਾ ਕੰਮ ਕਰਦੇ ਸਨ| ਸਾਡੇ ਇਕ ਅਜੀਜ ਹਨ, ਉਨ੍ਹਾਂ ਦੇ ਮਰਾਸੀ ਦਾ ਨਾਂ ਸਦੀਕ ਸਾਂਸੀ ਹੈ ਤੇ ਜਿਹੜੇ ਸਾਡੇ ਅਜ਼ੀਜ਼ ਫਿਰੋਜ਼ਪੁਰ ਤੋਂ ਵੰਡ ਵੇਲੇ ਉਠ ਕੇ ਪਾਕਿਸਤਾਨ ਆਏ ਸਨ, ਉਨ੍ਹਾਂ ਦਾ ਇਹ ਮਰਾਸੀ ਸੀ ਤੇ ਇਸ ਦਾ ਅੱਧਾ ਟੱਬਰ ਫਿਰੋਜ਼ਪੁਰ ਹੀ ਰਹਿ ਗਿਆ ਤੇ ਉਹ ਹਿੰਦੂ ਹਨ ਤੇ ਇਹ ਮੁਸਲਮਾਨ ਏ| ਉਸ ਨੂੰ ਗੁਰਮੁਖੀ ਵੀ ਆਉਂਦੀ ਹੈ ਤੇ ਉਸ ਨੇ ਸਾਰੇ ਛਜਰੇ ਗੁਰਮੁਖੀ ਵਿਚ ਲਿਖੇ ਹਨ|
ਹੁਣ ਸਾਰੇ ਮਰਾਸੀ ਇਹ ਕੰਮ ਛਡਦੇ ਜਾ ਰਹੇ ਹਨ| ਕੰਮ ਛਡਣ ਦਾ ਵੱਡਾ ਕਾਰਨ ਇਹ ਹੈ ਕਿ ਇਨ੍ਹਾਂ ਦੇ ਜਜਮਾਨ ਜਾਂ ਪਰਬ ਜੱਟ ਜਾਂ ਰਾਜਪੂਤ ਸਨ ਤੇ ਉਨ੍ਹਾਂ ਦੀਆਂ ਜਮੀਨਾਂ ਬਹੁਤ ਘੱਟ ਗਈਆਂ ਹਨ ਤੇ ਉਹ ਇਨ੍ਹਾਂ ਨੂੰ ਹੁਣ ਪਾਲ ਨਹੀਂ ਸਕਦੇ| ਮੇਰਾ ਅੱਧਾ ਪਿੰਡ ਕੋਟਰਾਏ ਡੋਗਰ ਵਾਲੀ ਤਹਿਸੀਲ ਪਸਰੂਰ ਵਿਚੋਂ ਜੁਲਾਹੇ, ਮੋਚੀ, ਸ਼ੇਖ ਪਿੰਡ ਛੱਡ ਕੇ ਚਲੇ ਗਏ ਹਨ ਕਿਉਂਕਿ ਪੈਦਾਵਾਰ ਤੋਂ ਆਮਦਨ ਬਹੁਤ ਘੱਟ ਗਈ ਹੈ ਤੇ ਲੋਕ ਆਪ ਵੀ ਬਾਹਰ ਦੇ ਮੁਲਕਾਂ ਵਿਚ ਜਾ ਵਸੇ ਹਨ|
ਖਾਸੀਅਤਾਂ: ਮਰਾਸੀਆਂ ਦਾ ਚਰਿੱਤਰ ਆਜਸੀ ਇਨਸਾਰੀ (ਨਿਮਾਣੇ ਤੇ ਬੀਬਿਆਂ) ਵਾਲਾ ਹੈ| ਉਹ ਬੜੇ ਠੰਡੇ ਮਿਜ਼ਾਜ ਤੇ ਮਨੋਵਿਗਿਆਨੀ ਹੁੰਦੇ ਹਨ| ਇਹ ਆਪਣੇ ਜਜ਼ਮਾਨ ਜਾਂ ਪਰਬ ਨੂੰ ਖੁਸ਼ੀ ਨਾਲ ਤੇ ਖਿੜੇ ਮੱਥੇ ਮਿਲਦੇ ਤੇ ਮੱਥੇ ‘ਤੇ ਹੱਥ ਰੱਖ ਕੇ ਸਲਾਮ ਕਰਦੇ ਤੇ ਅਸੀਸਾਂ ਦਿੰਦੇ ਹਨ| ਇਨ੍ਹਾਂ ਦੀ ਨਜ਼ਰ ਚਿਹਰੇ ‘ਤੇ ਹੁੰਦੀ ਹੈ ਤੇ ਸੀਸ ਨਿਵਾਉਂਦੇ ਹਨ ਤੇ ਦੁਆਵਾਂ ਦਿੰਦੇ ਹਨ| ਬਿਸਮਿੱਲ੍ਹਾ ਜੋੜੀਆਂ ਸਲਾਮਤ, ਭਾਗ ਲੱਗੇ ਰਹਿਣ, ਰੰਗ ਲੱਗੇ ਰਹਿਣ, ਚੌਧਰੀ ਫਲਾਣੇ ਖਾਨ ਦਾ ਨਾਂ ਸਲਾਮਤ ਰਹੇ| ਜੱਦ ਫਲਾਣੇ ਦੀ ਵਧੇ ਜਨਾਬ ‘ਚੋਂ, ਧੰਨ ਭਾਗ, ਨਾਂ ਰੌਸ਼ਨ ਰਹੇ, ਰੰਗ ਲਾਏ ਮੌਲਾ, ਸ਼ਾਨਾਂ ਉਚੀਆਂ ਹੋਣ, ਰਿਜਕ ਦਾ ਘਾਟਾ ਨਾ ਹੋਵੇ, ਸਰਦਾਰ ਦੇ ਡੇਰੇ ਵਸਦੇ ਰਹਿਣ, ਜੱਦ ਫਲਾਣੇ ਖਾਨ ਦੀ ਵਧੇ, ਮਾਲਕ ਦਾ ਨਾਂ ਉਚਾ ਹੋਵੇ, ਜੱਦ ਫਲਾਣੇ ਸਿੰਘ ਦੀ ਵਧੇ ਜਨਾਬ ‘ਚੋਂ, ਹਾਜੀ ਸਾਹਿਬ ਦੀਆਂ ਖੈਰਾਂ ਅਤੇ ਦੁਵਾਰੇ ਵਸਦੇ ਰਹਿਣ ਤੇ ਨਾਲ ਹੀ ਉਸ ਬੰਦੇ ਦੀਆਂ ਪੰਜ ਪੁਸ਼ਤਾਂ ਦੇ ਨਾਂ ਲੈਂਦੇ ਹਨ|
ਨਵੀਂਆਂ ਪੁਸ਼ਤਾਂ ਨੇ ਤਾਂ ਨਵੇਂ ਕੰਮ ਲੱਭ ਲਏ ਹਨ ਜਿਵੇਂ ਕੋਈ ਮੋਚੀ, ਨਾਈ ਆਦਿ ਦਾ ਕੰਮ ਕਰਦਾ ਹੈ, ਪੁਰਾਣੇ ਬਾਬੇ ਅਜੇ ਵੀ ਇਹ ਕੰਮ ਕਰਦੇ ਹਨ| ਹੁਣ ਆਖਿਰ ਵਿਚ ਜਦੋਂ ਹਾਲਾਤ ਖਰਾਬ ਹਨ ਤਾਂ ਇਹ ਕੰਮ ਛੱਡਦੇ ਜਾ ਰਹੇ ਹਨ ਤੇ ਨਕਲਾਂ ਵੀ ਉਹ ਨਹੀਂ ਕਰਦੇ, ਜੋ ਪਹਿਲਾਂ ਕਰਦੇ ਸਨ। ਹੁਣ ਉਹ ਸਟੇਜ ਡਰਾਮੇ ਕਰਦੇ ਹਨ, ਜਿਥੇ ਉਨ੍ਹਾਂ ਨੂੰ ਚੰਗੇ ਪੈਸੇ ਮਿਲਦੇ ਹਨ| ਪਾਕਿਸਤਾਨ ਵਿਚ ਲਾਇਲਪੁਰ, ਗੁਜ਼ਰਾਂਵਾਲਾ ਤੇ ਮੁਲਤਾਨ ਨਾਂ ਦੇ ਤਿੰਨ ਮਸ਼ਹੂਰ ਸਟੇਜ ਡਰਾਮਾ ਗਰੁਪ ਹਨ| ਮਰਾਸੀ ਖੁਦ ਕਹਿੰਦੇ ਹਨ, “ਕੁੰਡ ਮਰਾਸੀ ਤੇ ਸ਼ੂਮ ਪਰਬ ਐਵੇ ਉਮਰਾਂ ਗਈਆਂ।” ਮਤਲਬ, ਜੇ ਮਰਾਸੀ ਨੂੰ ਕੁਝ ਆਉਂਦਾ ਹੀ ਨਹੀਂ ਤੇ ਉਹ ਆਪਣੇ ਪਰਬ ਦੇ ਛਜਰੇ ਨਹੀਂ ਜਾਣਦਾ ਤੇ ਪਰਬ ਵੀ ਜੇ ਕੰਜੂਸ ਹੋਏ ਮਰਾਸੀ ਨੂੰ ਪੈਸੇ ਨਾ ਦੇ ਸਕੇ, ਕੁਝ ਨਾ ਦੇਵੇ ਤੇ ਖੁਸ਼ ਨਾ ਰੱਖ ਸਕੇ ਤਾਂ ਫਿਰ ਉਮਰਾਂ ਹੀ ਜਾਇਆ ਕਰਨ ਵਾਲੀ ਗੱਲ ਹੈ| ਇਸ ਕਰਕੇ ਦੋਹਾਂ ਨੂੰ ਇਕ ਦੂਜੇ ਨੂੰ ਛੱਡਣ ਵਿਚ ਹੀ ਭਲਾ ਹੈ|
ਅਣਵੰਡੇ ਪੰਜਾਬ ਦੇ ਵੱਖ ਵੱਖ ਜਿਲਿਆਂ ਵਿਚ ਮਰਾਸੀਆਂ ਦੀ ਕੁਲ ਆਬਾਦੀ
ਨੰਬਰ ਜਿਲਾ ਹਿੰਦੂ ਸਿੱਖ ਮੁਸਲਿਮ

ਅਣਵੰਡੇ ਪੰਜਾਬ ਵਿਚ 1947 ਸਮੇਂ ਮਰਾਸੀਆਂ (ਸਿਰਫ ਮੁਸਲਿਮ) ਦੀ ਕੁਲ ਆਬਾਦੀ

1931 % 1931 % 1931 % 1931 1941 1947
1 ਅੰਬਾਲਾ 2,145 100।00 2,145 2,583 2,970
2 ਅੰਮ੍ਰਿਤਸਰ 168 1।50 31 0।28 11,021 98।23 11,220 13,511 15,538
3 ਅਟਕ 4,315 100।00 4,315 5,196 5,976
4 ਬਹਾਵਲਪੁਰ 11 0।13 8,730 99।87 8,741 10,526 12,105
5 ਡੇਰਾ ਗਾਜੀਖਾਨ 4,020 100।00 4,020 4,841 5,567
6 ਦਿੱਲੀ 9 0।67 1,327 99।33 1,336 1,609 1,850
7 ਫਰੀਦਕੋਟ 1,953 100।00 1,953 2,352 2,705
8 ਫਿਰੋਜ਼ਪੁਰ 48 0।37 13 0।10 13,019 99।53 13,080 15,751 18,114
9 ਗੁਜਰਾਤ 9,232 100।00 9,232 11,117 12,785
10 ਗੁਰਦਾਸਪੁਰ 35 0।51 47 0।68 6,819 98।81 6,901 8,310 9,557
11 ਗੁੜਗਾਓਂ 29 1।00 2,866 99।00 2,895 3,486 4,009
12 ਹਿਸਾਰ 63 2।48 2,474 97।52 2,537 3,055 3,513
13 ਹੁਸ਼ਿਆਰਪੁਰ 82 1।60 5,054 98।40 5,136 6,185 7,112
14 ਜਲੰਧਰ 7,495 100।00 7,495 9,025 10,379
15 ਝੰਗ 13,521 100।00 13,521 16,282 18,724
16 ਜੇਹਲਮ 5,281 100।00 5,281 6,359 7,313
17 ਜੀਂਦ 1,744 100।00 1,744 2,100 2,415
18 ਕਾਂਗੜਾ 1,088 100।00 1,088 1,310 1,507
19 ਕਪੂਰਥਲਾ 4 0।17 2,333 99।83 2,337 2,814 3,236
20 ਕਰਨਾਲ 10 0।33 3,034 99।67 3,044 3,666 4,215
21 ਲਾਹੌਰ 32 0।26 14 0।11 12,424 99।63 12,470 15,016 17,269
22 ਲੁਧਿਆਣਾ 7 0।16 4,258 99।84 4,265 5,136 5,906
23 ਲਾਇਲਪੁਰ 7 0।05 14,669 99।95 14,676 17,673 20,324
24 ਮਲੇਰਕੋਟਲਾ 902 100।00 902 1,086 1,249
25 ਮੀਆਂਵਾਲੀ 4,236 100।00 4,236 5,101 5,866
26 ਮਿੰਟਗੁਮਰੀ 95 0।71 13,261 99।29 13,356 16,083 18,496
27 ਮੁਲਤਾਨ 2 0।01 15,515 99।99 15,517 18,686 21,488
28 ਮੁਜ਼ੱਫਰਗੜ੍ਹ 5,990 100।00 5,990 7,213 8,295
29 ਨਾਭਾ 1,965 100।00 1,965 2,366 2,721
30 ਪਟਿਆਲਾ ਰਿਆਸਤ 25 0।26 9,425 99।74 9,450 11,380 13,087
31 ਰਾਵਲਪਿੰਡੀ 3,196 100।00 3,196 3,849 4,426
32 ਰੋਹਤਕ 20 0।86 2,312 99।14 2,332 2,808 3,229
33 ਸ਼ਾਹਪੁਰ 12,953 100।00 12,953 15,598 17,938
34 ਸ਼ਿਮਲਾ 32 69।57 14 30।43 46 55 64
35 ਸਿਆਲਕੋਟ 75 0।79 9,385 99।21 9,460 11,392 13,100
ਕੁਲ 672 0।31 187 0।09 217,976 71।93 218,835 263,521 303,049
ਅਣਵੰਡੇ ਪੰਜਾਬ ਦੀ ਆਬਾਦੀ ਸੰਨ 1931 ਵਿਚ 2.86 ਕਰੋੜ ਸੀ, ਜੋ ਦਸ ਸਾਲ ਬਾਅਦ ਸੰਨ 1941 ਵਿਚ 3.50 ਕਰੋੜ ਹੋ ਗਈ| ਇਸ ਤਰ੍ਹਾਂ ਆਬਾਦੀ ਵਿਚ 22% ਦਾ ਵਾਧਾ ਹੋਇਆ| ਸੰਨ 1941 ਪਿਛੋਂ ਮਰਦਮਸ਼ੁਮਾਰੀ 1951 ਵਿਚ ਹੋਣੀ ਸੀ, ਪਰ ਬਦਕਿਸਮਤੀ ਨਾਲ 1947 ਵਿਚ ਪੰਜਾਬ ਦੀ ਵੰਡ ਹੋ ਗਈ| ਜੇ ਆਬਾਦੀ ਵਿਚ 22% ਵਾਧੇ ਦੀ ਦਰ ਨੂੰ ਆਧਾਰ ਮੰਨ ਲਿਆ ਜਾਵੇ ਤਾਂ ਸੰਨ 1947 ਵਿਚ 13% ਆਬਾਦੀ ਦਾ ਵਾਧਾ ਬਣਦਾ ਹੈ| ਇਸ 13% ਵਾਧੇ ਨਾਲ ਪੰਜਾਬ ਦੀ ਉਸ ਵੇਲੇ ਆਬਾਦੀ ਕੋਈ ਚਾਰ ਕਰੋੜ ਬਣਦੀ ਹੈ| ਦਿੱਤੀ ਗਈ ਸੂਚੀ ਨੂੰ ਜੇ ਅਨੁਮਾਨਿਤ ਕੀਤਾ ਜਾਵੇ ਤਾਂ ਚਾਰ ਕਰੋੜ ਦੀ ਆਬਾਦੀ ਵਿਚੋਂ ਮਰਾਸੀਆਂ ਦੀ ਆਬਾਦੀ ਅਣਵੰਡੇ ਇੱਕਠੇ ਪੰਜਾਬ ਵਿਚ ਕੋਈ ਤਿੰਨ ਲੱਖ ਬਣਦੀ ਹੈ| ਇਨ੍ਹਾਂ ਵਿਚੋਂ 1.12 ਲੱਖ ਦੇ ਲਗਭਗ ਮਰਾਸੀਆਂ ਦੀ ਆਬਾਦੀ ਚੜ੍ਹਦੇ ਪੰਜਾਬ ਵਿਚ ਤੇ 1.88 ਲੱਖ ਲਹਿੰਦੇ ਪੰਜਾਬ ਵਿਚ ਸੀ| ਸੰਨ 1947 ਵਿਚ ਤਿੰਨ ਲੱਖ ਮਰਾਸੀਆਂ ਵਿਚੋਂ ਬਹੁਤ ਹੀ ਘੱਟ ਗੈਰ ਮੁਸਲਿਮ ਸਨ| ਸਿਰਫ 0.39% ਗੈਰ ਮੁਸਲਿਮ ਸਨ ਤੇ ਬਾਕੀ 99.61% ਮੁਸਲਿਮ ਸਨ| ਇਨ੍ਹਾਂ ਗੈਰ ਮੁਸਲਿਮ ਮਰਾਸੀਆਂ ਵਿਚੋਂ 72% ਚੜ੍ਹਦੇ ਪੰਜਾਬ ਵਿਚ ਤੇ 28% ਲਹਿੰਦੇ ਪੰਜਾਬ ਵਿਚ ਰਹਿੰਦੇ ਸਨ| ਇਸ ਦਾ ਪਤਾ ਸਾਰੇ ਜਿਲਿਆਂ ਦੀ ਵੰਡ ਨੂੰ ਵੇਖਣ ਤੋਂ ਲਗਦਾ ਹੈ|
1931 ਵਿਚ ਸਿਰਫ ਚੜ੍ਹਦੇ ਪੰਜਾਬ ਦੇ ਵੱਖ ਵੱਖ ਜਿਲਿਆਂ ਵਿਚ ਮਰਾਸੀ ਕਬੀਲੇ ਦੀ ਕੁਲ ਆਬਾਦੀ
ਨੰਬਰ ਜਿਲਾ ਹਿੰਦੂ ਸਿੱਖ ਮੁਸਲਮਾਨ ਕੁਲ
1931 % 1931 % 1931 % 1931
1 ਅੰਬਾਲਾ 2,145 100।00 2,145
2 ਅੰਮ੍ਰਿਤਸਰ 168 1।50 31 0।28 11,021 98।23 11,220
3 ਦਿੱਲੀ 9 0।67 1,327 99।33 1,336
4 ਫਰੀਦਕੋਟ 1,953 100।00 1,953
5 ਫਿਰੋਜ਼ਪੁਰ 48 0।37 13 0।10 13,019 99।53 13,080
6 ਗੁਰਦਾਸਪੁਰ 35 0।51 47 0।68 6,819 98।81 6,901
7 ਗੁੜਗਾਓਂ 29 1।00 2,866 99।00 2,895
8 ਹਿਸਾਰ 63 2।48 2,474 97।52 2,537
9 ਹੁਸ਼ਿਆਰਪੁਰ 82 1।60 5,054 98।40 5,136
10 ਜਲੰਧਰ 7,495 100।00 7,495
11 ਜੀਂਦ 1,744 100।00 1,744
12 ਕਾਂਗੜਾ 1,088 100।00 1,088
13 ਕਪੂਰਥਲਾ 4 0।17 2,333 99।83 2,337
14 ਕਰਨਾਲ 10 0।33 3,034 99।67 3,044
15 ਲੁਧਿਆਣਾ 7 0।16 4,258 99।84 4,265
16 ਮਲੇਰਕੋਟਲਾ 902 100।00 902
17 ਨਾਭਾ 1,965 100।00 1,965
18 ਪਟਿਆਲਾ ਰਿਆਸਤ 25 0।26 9,425 99।74 9,450
19 ਰੋਹਤਕ 20 0।86 2,312 99।14 2,332
20 ਸ਼ਿਮਲਾ 32 69।57 14 30।43 46
ਕੁਲ ਗਿਣਤੀ 532 0।65 91 0।11 81,248 99।24 81,871
ਸੰਨ 1947 ਵਿਚ ਪੰਜਾਬ ਦੀ ਵੰਡ ਵੇਲੇ ਦੋਹਾਂ ਪੰਜਾਬਾਂ ਵਿਚ ਬਹੁਤ ਵੱਢ ਟੁਕ ਹੋਈ ਤੇ ਅਸੀਂ ਪੰਜਾਬੀਆਂ ਨੇ ਬੜੀ ਹੂੜਮੱਤ ਦਿਖਾਈ ਤੇ ਮੂਰਖਤਾ ਦਾ ਸਬੂਤ ਦਿੱਤਾ| ਮਰਾਸੀ ਵੀ ਇਸ ਵਿਚ ਵੱਢੇ ਗਏ, ਕਿਉਂਕਿ ਮਰਾਸੀ ਬਹੁਤ ਕਮਜੋਰ ਬੰਦੇ ਸਨ, ਇਹ ਕੁਝ ਨਹੀਂ ਸੀ ਕਰ ਸਕਦੇ| ਚੜ੍ਹਦੇ ਪੰਜਾਬ ਵਿਚ ਮੁਸਲਮਾਨ ਮਰਾਸੀ ਸਿੱਖ ਬਣ ਗਏ ਤੇ ਹੁਣ ਸਿੱਖਾਂ ਵਾਂਗ ਹੀ ਰਹਿੰਦੇ ਹਨ| ਕਿਉਂਕਿ ਇਹ ਲੋਕ ਬੜੇ ਹੁਨਰਮੰਦ, ਕਲਾਕਾਰ ਤੇ ਗਾਉਣ ਵਜਾਉਣ ਵਾਲੇ ਸਨ, ਇਹ ਸਾਰੇ ਲਹਿੰਦੇ ਪੰਜਾਬ ਵਿਚ ਆ ਗਏ ਤੇ ਨਤੀਜੇ ਵਜੋਂ ਚੜ੍ਹਦੇ ਪੰਜਾਬ ਵਿਚ ਮਰਾਸੀ ਬਹੁਤ ਥੋੜੇ ਰਹਿ ਗਏ| ਜਿਹੜਾ ਮਰਾਸੀਆਂ ਦਾ ਕੰਮ ਗਾਉਣ ਵਜਾਉਣ ਵਾਲਾ ਸੀ, ਚੜ੍ਹਦੇ ਪੰਜਾਬ ਵਿਚ ਨਾ ਰਿਹਾ ਤੇ ਇਹ ਕੰਮ ਚੜ੍ਹਦੇ ਪੰਜਾਬ ਦੇ ਜੱਟਾਂ ਦੇ ਮੁੰਡਿਆਂ ਨੂੰ ਕਰਨਾ ਪਿਆ| ਜਿਹੜੇ ਮੁਸਲਮਾਨ ਮਰਾਸੀ ਪਾਕਿਸਤਾਨ ਆਏ ਹਨ, ਉਹ ਸਾਰੇ ਕਲਾਸੀਕਲ ਗੁਲੂਕਾਰ ਹਨ ਤੇ ਆਪਣੇ ਕਿੱਤੇ ਵਿਚ ਬੜੇ ਨਿਪੁੰਨ ਤੇ ਮਹਾਨ ਹਨ| ਕਿਉਂਕਿ ਚੜ੍ਹਦੇ ਪੰਜਾਬ ਵਿਚ ਮਰਾਸੀ ਰਹੇ ਨਹੀਂ ਤੇ ਗਾਉਣ ਵਜਾਉਣ ਦਾ ਕੰਮ ਇਥੇ ਜੱਟਾਂ ਦੇ ਮੁੰਡਿਆਂ-ਕੁੜੀਆਂ ਨੇ ਫੜ ਲਿਆ ਹੈ। ਇਹ ਪੰਜਾਬੀ ਜੁਬਾਨ ਦੇ ਬੜੇ ਚੋਟੀ ਦੇ ਗੁਲੂਕਾਰ ਹਨ ਜਦਕਿ ਲਹਿੰਦੇ ਪੰਜਾਬ ਵਿਚ ਸਿਰਫ ਦੋ ਤਿੰਨ ਨਾਂ ਹਨ, ਜਿਨ੍ਹਾਂ ਦਾ ਜੱਟਾਂ ਨਾਲ ਸਬੰਧ ਹੈ| ਇਕ ਤੇ ਆਸ਼ਕ ਜੱਟ, ਜੋ ਹੁਣ ਨਹੀਂ ਰਿਹਾ, ਦੂਜਾ ਅਬਰਾਰਉਲ ਹੱਕ, ਜੋ ਨਾਰੋਵਾਲ ਦਾ ਕਾਹਲੋ ਜੱਟ ਏ, ਤੇ ਤੀਜਾ ਅਕਰਮ ਰਾਹੀ ਬਾਜਵਾ, ਜਿਹਦੇ ਪੁਰਖ 1947 ਤੱਕ ਸਿੱਖ ਸਨ ਅਤੇ ਇਕ ਬਾਲੀ ਜੱਟੀ, ਜੋ ਹੁਣ ਨਹੀਂ ਰਹੀ, ਉਹ ਵੀ ਗਾਉਂਦੀ ਸੀ| ਚੜ੍ਹਦੇ ਪੰਜਾਬ ਵਿਚ ਜੱਟਾਂ ਦੇ ਮੁੰਡਿਆਂ ਦੀ ਪੂਰੀ ਟਾਹਣੀ ਏ ਤੇ ਇਹ ਬੜੇ ਸ਼ਾਨਦਾਰ ਗੁਲੂਕਾਰ ਹਨ, ਜਿਵੇਂ ਗੁਰਦਾਸ ਮਾਨ, ਹਰਭਜਨ ਮਾਨ, ਬੱਬੂ ਮਾਨ, ਪੰਮੀ ਬਾਈ, ਦਿਲਜੀਤ ਦੋਸਾਂਝ, ਅਮਰਿੰਦਰ ਗਿੱਲ, ਨਛੱਤਰ ਗਿੱਲ, ਭਗਵੰਤ ਮਾਨ, ਮਲਕੀਤ ਸਿੰਘ ਆਦਿ| ਸੁਰੀਲੇ ਮੁੰਡੇ ਕਾਫੀ ਹਨ, ਪਰ ਬਹੁਤ ਵੱਡੀ ਗਿਣਤੀ ਮੁੰਡਿਆਂ-ਕੁੜੀਆਂ ਦੀ ਉਹ ਹੈ, ਜੋ ਸੁਰ ਨਾਲ ਨਹੀਂ ਸਗੋਂ ਹਿੱਕ ਦੇ ਜ਼ੋਰ ਨਾਲ ਗਾਉਂਦੇ ਹਨ| ਮਰਾਸੀਆਂ ਦੇ ਪਰਵਾਸ ਦਾ ਅਸਰ ਇਹ ਹੋਇਆ ਕਿ ਚੜ੍ਹਦੇ ਪੰਜਾਬ ਵਿਚ ਜੱਦੀ ਗਾਉਣ ਵਾਲੇ ਨਹੀਂ ਰਹੇ ਤੇ ਜੋ ਗਾਉਣ ਵਜਾਉਣ ਦੀ ਮੁਹਾਰਤ ਮਰਾਸੀਆਂ ਕੋਲ ਹੈ, ਉਹ ਹੋਰ ਕਿਸੇ ਕੋਲ ਨਹੀਂ|
ਅੰਤ ਵਿਚ ਇਹ ਪੰਜਾਬ ਦਾ ਇਕ ਉਹ ਕਿਰਦਾਰ ਹੈ, ਜੋ ਅਸੀਂ ਲੋਕ ਕਹਾਣੀਆਂ ਵਿਚ ਪੜ੍ਹਦੇ ਆ ਰਹੇ ਹਾਂ| ਪੰਜਾਬ ਦੀਆਂ ਲੋਕ ਕਹਾਣੀਆਂ ਵਿਚ ਇਨ੍ਹਾਂ ਦਾ ਜ਼ਿਕਰ ਆਉਂਦਾ ਹੈ ਜਿਵੇਂ ਕਿ ਦੁੱਲਾ ਭੱਟੀ ਦਾ ਇਕ ਯਾਰ ਘੁੱਲਾ ਮਰਾਸੀ ਵੀ ਸੀ| ਕਈ ਸਦੀਆਂ ਤੋਂ ਮਰਾਸੀਆਂ ਦਾ ਬੜਾ ਨਾਂ ਸੀ| ਇੰਜ ਲਗਦਾ, ਮਰਾਸੀਆਂ ਦਾ ਕੰਮ ਹੀ ਖਤਮ ਨਹੀਂ ਹੋਣਾ ਸਗੋਂ ਮਰਾਸੀ ਨਾਂ ਵੀ ਖਤਮ ਹੋ ਜਾਣਾ| ਅਸਲ ਵਿਚ ਇਹ ਨਾਂ ਹੀ ਮੁਕ ਜਾਣਾ ਹੈ ਤੇ ਸਿਰਫ ਲੋਕ ਕਹਾਣੀਆਂ ਵਿਚ ਹੀ ਰਹਿ ਜਾਣਾ ਹੈ|