ਆਫੀਆ ਸਦੀਕੀ ਦਾ ਜਹਾਦ-13

ਤੁਸੀਂ ਪੜ੍ਹ ਚੁੱਕੇ ਹੋæææ
ਪਾਕਿਸਤਾਨ ‘ਚ ਆਫੀਆ ਦੀ ਮਾਂ ਇਸਮਤ ਜਹਾਨ, ਮਜ਼ਹਬੀ ਤਾਲੀਮ ਦੇ ਖੇਤਰ ਦੀ ਉਘੀ ਸ਼ਖਸੀਅਤ ਸੀ ਤੇ ਇਸ ਮਜ਼ਹਬੀ ਤਾਲੀਮ ਦਾ ਆਫੀਆ ਉਤੇ ਬਹੁਤ ਗੂੜ੍ਹਾ ਰੰਗ ਚੜ੍ਹਿਆ। ਆਲੇ-ਦੁਆਲੇ ਦੇ ਮਾਹੌਲ ਨੇ ਵੀ ਅਸਰ ਪਾਇਆ। ਆਫੀਆ ਦੇ ਪਰਿਵਾਰ ਦਾ ‘ਜਹਾਦੀ’ ਜਨਰਲ ਜ਼ਿਆ-ਉਲ-ਹੱਕ ਅਤੇ ਹੋਰ ਕਹਿੰਦੇ-ਕਹਾਉਂਦੇ ਪਰਿਵਾਰਾਂ ਨਾਲ ਰਾਬਤਾ ਸੀ। ਫਿਰ ਉਹ ਪੜ੍ਹਾਈ ਲਈ ਆਪਣੇ ਭਰਾ ਮੁਹੰਮਦ ਅਲੀ ਕੋਲ ਅਮਰੀਕਾ ਪੁੱਜ ਗਈ। ਅਲੀ ਕੋਲ ਆਉਂਦੇ ਉਸ ਦੇ ਦੋਸਤਾਂ ਨਾਲ ਉਹ ਅਕਸਰ ਇਸਲਾਮ ਬਾਰੇ ਬਹਿਸਾਂ ਕਰਦੀ। ਉਸ ਦੀ ਹਰ ਗੱਲ ਮਜ਼ਹਬ ਦੇ ਪ੍ਰਸੰਗ ਵਿਚ ਹੁੰਦੀ। ਇਸਲਾਮ ਉਸ ਨੂੰ ਦੁਨੀਆਂ ਦਾ ਨਿਆਰਾ ਅਤੇ ਬਿਹਤਰ ਮਜ਼ਹਬ ਜਾਪਦਾ। ਇਸੇ ਜੋਸ਼ ਵਿਚ ਉਹ ਦੂਜੇ ਮਜ਼ਹਬਾਂ ਦੀ ਕਦਰ ਕਰਨਾ ਵੀ ਭੁੱਲ ਜਾਂਦੀ। ਉਸ ਦੀ ਲੋਚਾ ਸੀ ਕਿ ਸੰਸਾਰ ਉਤੇ ਇਸਲਾਮ ਦਾ ਬੋਲਬਾਲਾ ਹੋਵੇ। ਉਹ ਬੋਸਟਨ ਦੀ ਪ੍ਰਸਿੱਧ ਸੰਸਥਾ ਮੈਸਾਚੂਸੈਟਸ ਇੰਸਟੀਚਿਊਟ ਆਫ ਟੈਕਨਾਲੋਜੀ ਵਿਚ ਦਾਖਲ ਹੋਈ ਤਾਂ ਆਪਣੀ ਲਿਆਕਤ ਕਰ ਕੇ ਛੇਤੀ ਹੀ ਮਕਬੂਲ ਹੋ ਗਈ। ਉਥੇ ਉਸ ਦਾ ਸੰਪਰਕ ਮੁਸਲਿਮ ਸਟੂਡੈਂਟਸ ਐਸੋਸੀਏਸ਼ਨ ਨਾਲ ਹੋਇਆ ਤੇ ਫਿਰ ਜਹਾਦੀਆਂ ਨਾਲ। ਜਹਾਦੀਆਂ ਦਾ ਨਾਅਰਾ ਕਾਫਰ ਮਾਰਨ ਦਾ ਸੀ। 1993 ਦੀਆਂ ਛੁੱਟੀਆਂ ਵਿਚ ਆਫੀਆ ਪਾਕਿਸਤਾਨ ਗਈ ਅਤੇ ਤਕਰੀਰਾਂ ਕੀਤੀਆਂ। ਵਾਪਸੀ ਵੇਲੇ ਉਹ ਅਤਿਅੰਤ ਉਤਸ਼ਾਹ ਨਾਲ ਭਰੀ ਪਈ ਸੀ। ਉਹ ਜਹਾਦ ਨਾਲ ਹੋਰ ਡੂੰਘਾ ਜੁੜ ਗਈ। ਘਰਵਾਲਿਆਂ ਦੇ ਜ਼ੋਰ ਪਾਉਣ ‘ਤੇ ਉਸ ਦਾ ਨਿਕਾਹ ਅਹਿਮਦ ਮੁਹੰਮਦ ਖਾਨ ਨਾਲ ਪੜ੍ਹਿਆ ਗਿਆ। ਉਹ ਵੀ ਉਸ ਕੋਲ ਅਮਰੀਕਾ ਪੁੱਜ ਗਿਆ। ਫਿਰ 9/11 ਵਾਲਾ ਭਾਣਾ ਵਰਤ ਗਿਆ। ਆਫੀਆ ਪਾਕਿਸਤਾਨ ਪਰਤ ਗਈ ਅਤੇ ਅਮਜਦ ਨੂੰ ਵੀ ਸੱਦ ਲਿਆ। ਜਹਾਦ ਬਾਰੇ ਦੋਹਾਂ ਵਿਚਕਾਰ ਪਾੜਾ ਲਗਾਤਾਰ ਵਧਣ ਲੱਗ ਪਿਆ।æææਹੁਣ ਅੱਗੇ ਪੜ੍ਹੋææææ

ਹਰਮਹਿੰਦਰ ਚਹਿਲ
ਫੋਨ: 703-362-3239
26 ਜੂਨ 2002 ਨੂੰ ਅਮਜਦ ਅਤੇ ਆਫੀਆ ਬੱਚਿਆਂ ਸਮੇਤ ਕਰਾਚੀ ਏਅਰਪੋਰਟ ‘ਤੇ ਆ ਉਤਰੇ। ਉਹ ਘਰੇ ਪਹੁੰਚੇ ਤਾਂ ਘਰ ਵਾਲੇ ਉਨ੍ਹਾਂ ਦੇ ਆਉਣ ‘ਤੇ ਖ਼ਫਾ ਸਨ। ਰਾਤ ਵੇਲੇ ਨਈਮ ਖਾਂ ਨੇ ਅਮਜਦ ਨਾਲ ਗੱਲ ਛੇੜੀ, “ਤੂੰ ਨਾ ਟਲਿਆ ਫਿਰ? ਆਪਣੀ ਪੁਗਾ ਕੇ ਈ ਹਟਿਆ ਨਾ। ਤੈਨੂੰ ਮੈਂ ਬਥੇਰਾ ਕਿਹਾ, ਇਸ ਵੇਲੇ ਆਪਣਾ ਕੈਰੀਅਰ ਵਿਚੇ ਛੱਡ ਕੇ ਆਉਣਾ ਤੇਰੇ ਲਈ ਠੀਕ ਨ੍ਹੀਂ ਐ, ਪਰ ਤੇਰੇ ਕੋਈ ਗੱਲ ਖਾਨੇ ‘ਚ ਵੜੇ ਤਾਂ ਈ ਐ ਨਾ।”
ਅਮਜਦ ਨੇ ਜਦੋਂ “ਅੱਲਾ ਖੈਰ ਕਰੇ, ਕਿਧਰੇ ਅਗਾਂਹ ਮੈਨੂੰ ਇਸ ਤੋਂ ਵੀ ਵੱਡੇ ਇਮਤਿਹਾਨ ‘ਚ ਨਾ ਪੈਣਾ ਪੈ ਜਾਵੇ”, ਕਿਹਾ ਤਾਂ ਪਰਿਵਾਰ ਸਾਰੀ ਗੱਲ ਸਮਝ ਗਿਆ। ਨਈਮ ਖਾਂ ਤੋਂ ਰਿਹਾ ਨਾ ਗਿਆ। ਉਹ ਬੋਲਿਆ, “ਇਸ ਕੁੜੀ ਨੇ ਮੇਰੇ ਪੁੱਤਰ ਦਾ ਭਵਿੱਖ ਤਬਾਹ ਕਰ ਕੇ ਰੱਖ ਦਿੱਤਾ।” ਨਈਮ ਖਾਂ ਗੁੱਸੇ ‘ਚ ਬੋਲ ਰਿਹਾ ਸੀ ਤਾਂ ਉਸ ਦੀ ਘਰਵਾਲੀ ਨੇ ਉਸ ਨੂੰ ਚੁੱਪ ਰਹਿਣ ਦਾ ਇਸ਼ਾਰਾ ਕੀਤਾ, ਕਿਉਂਕਿ ਬਾਹਰ ਖੜ੍ਹੀ ਆਫੀਆ ਚੋਰੀਉਂ ਉਨ੍ਹਾਂ ਦੀਆਂ ਗੱਲਾਂ ਸੁਣ ਰਹੀ ਸੀ। ਨਈਮ ਖਾਂ ਤਾਂ ਚੁੱਪ ਹੋ ਗਿਆ, ਪਰ ਆਫੀਆ ਅੰਦਰੇ ਅੰਦਰ ਵੱਟ ਖਾ ਗਈ। ਉਹ ਉਸੇ ਸ਼ਾਮ ਬੱਚਿਆਂ ਸਮੇਤ ਅਮਜਦ ਨੂੰ ਲੈ ਕੇ ਪੇਕੇ ਚਲੀ ਗਈ। ਉਥੇ ਜਾ ਕੇ ਉਸ ਨੇ ਸਭ ਤੋਂ ਪਹਿਲਾਂ ਅਮਜਦ ਨੂੰ ਪਾਸੇ ਬਿਠਾ ਲਿਆ ਤੇ ਬੋਲੀ, “ਅਮਜਦ ਹੁਣ ਮੌਕਾ ਆ ਗਿਆ ਐ ਕਿ ਤੈਨੂੰ ਕੋਈ ਫੈਸਲਾ ਕਰਨਾ ਪਊਗਾ।”
“ਫੈਸਲਾ! ਕਾਹਦੇ ਬਾਰੇ?”
“ਹੁਣ ਇਹ ਫੈਸਲਾ ਕਰ ਲੈ ਕਿ ਤੂੰ ਮੇਰੇ ਨਾਲ ਰਹਿਣਾ ਐ, ਜਾਂ ਆਪਣੇ ਘਰਦਿਆਂ ਨਾਲ?”
“ਆਫੀਆ ਇਹ ਤੂੰ ਕੀ ਕਹਿ ਰਹੀ ਐਂ। ਘਰਾਂ ‘ਚ ਆਪਸੀ ਗੁੱਸੇ-ਗਿਲੇ ਤਾਂ ਹੁੰਦੇ ਈ ਰਹਿੰਦੇ ਨੇ। ਇਸ ਦਾ ਮਤਲਬ ਇਹ ਥੋੜਾ ਈ ਐ ਕਿ ਮੀਆਂ ਬੀਵੀ ਵੱਖਰੇ ਹੋ ਜਾਣ।”
“ਨ੍ਹੀਂ ਅਮਜਦ ਤੈਨੂੰ ਫੈਸਲਾ ਕਰਨਾ ਈ ਪਊਗਾ। ਤੈਨੂੰ ਪਤਾ ਈ ਐ ਕਿ ਮੈਂ ਆਮ ਔਰਤ ਨ੍ਹੀਂ ਆਂ। ਮੈਂ ਇਹ ਵਿਚ ਵਿਚਾਲੇ ਜਿਹੇ ਦਾ ਰਸਤਾ ਹੋਰ ਬਰਦਾਸ਼ਤ ਨ੍ਹੀਂ ਕਰ ਸਕਦੀ।” ਉਹ ਗੁੱਸੇ ‘ਚ ਕੰਬ ਰਹੀ ਸੀ। ਉਸ ਦੀ ਮਾਂ ਨੇ ਆ ਕੇ ਉਸ ਨੂੰ ਟਿਕਾਉਣ ਦੀ ਕੋਸ਼ਿਸ਼ ਕੀਤੀ, ਪਰ ਆਫੀਆ ਨੇ ਉਸ ਦੀ ਕੋਈ ਗੱਲ ਨਾ ਸੁਣੀ। ਆਫੀਆ ਚੀਕਣ ਲੱਗੀ ਤਾਂ ਅਮਜਦ ਉਠ ਕੇ ਬਾਹਰ ਚਲਾ ਗਿਆ। ਹਨੇਰੇ ਹੋਏ ਅਮਜਦ ਘਰ ਵਾਪਸ ਆਇਆ ਤਾਂ ਗੱਲ ਕੁਝ ਠੰਢੀ ਪੈ ਗਈ ਸੀ, ਪਰ ਅਗਲੇ ਦਿਨ ਹੀ ਆਫੀਆ ਨੇ ਫਿਰ ਤੋਂ ਰੱਫੜ ਖੜ੍ਹਾ ਕਰ ਦਿੱਤਾ। ਉਸ ਦੀ ਉਹੀ ਮੰਗ ਸੀ, ਜਾਂ ਉਸ ਨੂੰ ਛੱਡ ਦੇਵੇ ਜਾਂ ਆਪਣੇ ਘਰਦਿਆਂ ਨੂੰ। ਅਮਜਦ ਨੂੰ ਆਫੀਆ ਅਤੇ ਬੱਚਿਆਂ ਨਾਲ ਬਹੁਤ ਲਗਾਉ ਸੀ, ਪਰ ਉਹ ਉਸ ਦੇ ਵਰਤਾਅ ਤੋਂ ਤੰਗ ਆ ਚੁੱਕਾ ਸੀ। ਹੁਣ ਉਸ ਦੇ ਸ਼ੱਕ ਪੁਖਤਾ ਹੁੰਦੇ ਜਾ ਰਹੇ ਸਨ ਕਿ ਇਹ ਅਜਿਹਾ ਕੁਝ ਕਰਦੀ ਰਹੀ ਹੈ ਜੋ ਸਹੀ ਨਹੀਂ ਹੋਣਾ। ਤੇ ਉਸ ਨੇ ਇਹ ਸਭ ਕੀਤਾ ਵੀ ਉਸ ਤੋਂ ਚੋਰੀਉਂ ਹੈ। ਆਫੀਆ ਦਾ ਉਸ ‘ਤੇ ਦਬਾਅ ਵਧ ਰਿਹਾ ਸੀ, ਨਾਲ ਹੀ ਉਹ ਇਹ ਵੀ ਜ਼ੋਰ ਪਾਉਣ ਲੱਗ ਪਈ ਕਿ ਹੁਣ ਮੌਕਾ ਆ ਗਿਆ ਹੈ ਕਿ ਜਹਾਦ ਵਿਚ ਸ਼ਾਮਲ ਹੋਇਆ ਜਾਵੇ। ਖਾਸ ਤੌਰ ‘ਤੇ ਉਹ ਜੈਸ਼-ਏ-ਮੁਹੰਮਦ ਕੈਂਪ ‘ਚ ਜਾਣ ਲਈ ਕਾਹਲ ਕਰ ਰਹੀ ਸੀ। ਅਮਜਦ ਇੰਨਾ ਅੱਕ ਗਿਆ ਕਿ ਉਸ ਨੇ ਕਿਸੇ ਮਜ਼ਹਬੀ ਰਹਿਨੁਮਾ ਦੀ ਸਲਾਹ ਲੈਣੀ ਚਾਹੀ। ਉਹ ਆਫੀਆ ਨੂੰ ਲੈ ਕੇ ਪਾਕਿਸਤਾਨ ਦੇ ਦਿਉਬੰਦੀ ਫਿਰਕੇ ਦੇ ਸਭ ਤੋਂ ਵੱਡੇ ਇਮਾਮ ਕੋਲ ਚਲਾ ਗਿਆ। ਇਹ ਇਮਾਮ ਦੋਹਾਂ ਦੇ ਪਰਿਵਾਰਾਂ ਨੂੰ ਚੰਗੀ ਤਰ੍ਹਾਂ ਜਾਣਦਾ ਸੀ। ਇਮਾਮ ਨੇ ਉਨ੍ਹਾਂ ਦੀਆਂ ਗੱਲਾਂ ਸੁਣੀਆਂ। ਉਸ ਨੇ ਆਫੀਆ ਦਾ ਜਹਾਦ ਵਿਚ ਸ਼ਾਮਲ ਹੋਣ ਦਾ ਨੁਕਤਾ ਬੜੇ ਧਿਆਨ ਨਾਲ ਵਿਚਾਰਦਿਆਂ ਉਸ ਨੂੰ ਪੁੱਛਿਆ, “ਆਫੀਆ ਬੇਟੀ, ਤੂੰ ਘਰ ਵਾਲੇ ਸਮੇਤ ਜੈਸ਼-ਏ-ਮੁਹੰਮਦ ਦੇ ਕੈਂਪ ਵਿਚ ਜਾ ਕੇ ਕਿਉਂ ਰਹਿਣਾ ਚਾਹ ਰਹੀ ਐਂ?”
“ਕੈਂਪ ‘ਚ ਰਹਿੰਦਿਆਂ ਮੈਂ ਯਤੀਮ ਬੱਚਿਆਂ ਨੂੰ ਪੜ੍ਹਾਊਂਗੀ ਤੇ ਅਮਜਦ ਉਥੇ ਗਰੀਬਾਂ ਲਈ ਹਸਪਤਾਲ ਚਲਾਏਗਾ।”
“ਵੇਖ ਬੇਟੀ, ਅੱਜਕੱਲ੍ਹ ਜ਼ਮਾਨਾ ਬਦਲ ਗਿਆ ਐ। ਗਰੀਬਾਂ ਦੀ ਸੇਵਾ ਲਈ ਤੁਹਾਨੂੰ ਉਜਾੜ ਥਾਂਵਾਂ ‘ਤੇ ਜਾਣ ਦੀ ਲੋੜ ਨ੍ਹੀਂ ਐ। ਤੁਸੀਂ ਇੱਥੇ ਕਰਾਚੀ ‘ਚ ਰਹਿੰਦੇ ਹੋਏ ਸਮਾਜ ਸੇਵਾ ਦੇ ਇਹ ਸਾਰੇ ਕੰਮ ਕਰ ਸਕਦੇ ਓਂ; ਸਗੋਂ ਮੈਂ ਤਾਂ ਇਹ ਕਹੂੰਗਾ ਕਿ ਤੁਸੀਂ ਜੋ ਅਮਰੀਕਾ ‘ਚ ਰਹਿ ਕੇ ਉਚੀ ਤਾਲੀਮ ਹਾਸਿਲ ਕੀਤੀ ਐ, ਉਸ ਨੂੰ ਲੋਕਾਂ ‘ਚ ਵੰਡੋ। ਇਹੀ ਦੀਨ ਦਾ ਸਭ ਤੋਂ ਵੱਡਾ ਦਾ ਕੰਮ ਐ।”
“ਤਾਂ ਫਿਰ ਜਹਾਦ ਕੌਣ ਲੜੂਗਾ?” ਆਫੀਆ ਉਚੀ ਬੋਲੀ ਤਾਂ ਇਮਾਮ ਹੈਰਾਨ ਰਹਿ ਗਿਆ। ਅੱਜ ਤੱਕ ਕਿਸੇ ਨੇ ਉਸ ਨਾਲ ਇਸ ਤਰ੍ਹਾਂ ਗੱਲ ਨਹੀਂ ਕੀਤੀ ਸੀ, ਪਰ ਉਹ ਫਿਰ ਵੀ ਸ਼ਾਂਤ ਰਹਿੰਦਾ ਹੋਇਆ ਆਫੀਆ ਨੂੰ ਮੁਖਾਤਬ ਹੋਇਆ, “ਆਫੀਆ ਬੇਟੀ, ਮੈਂ ਇੱਕ ਵਾਰ ਫਿਰ ਕਹੂੰਗਾ ਕਿ ਤੁਹਾਡਾ ਪਹਿਲਾ ਫਰਜ਼ ਆਪਣਾ ਪਰਿਵਾਰ ਸੰਭਾਲਣਾ ਐ। ਇਸ ਤੋਂ ਪਿੱਛੋਂ ਜੇ ਤੁਹਾਡੇ ਕੋਲ ਵਕਤ ਬਚਦਾ ਹੈ ਤਾਂ ਉਹ ਤੁਸੀਂ ਸਮਾਜ ਸੇਵਾ ਲਈ ਵਰਤ ਸਕਦੇ ਓਂ। ਜੇ ਤੁਹਾਡੇ ਕੋਲ ਵਾਧੂ ਪੈਸਾ ਐ ਤਾਂ ਉਹ ਤੁਸੀਂ ਗਰੀਬਾਂ ਲਈ ਦਾਨ ਕਰ ਸਕਦੇ ਓਂ।”
“ਪਰ ਜਹਾਦæææ।” ਆਫੀਆ ਜਹਾਦ ਬਾਰੇ ਕੁਝ ਕਹਿਣ ਲੱਗੀ ਤਾਂ ਇਮਾਮ ਨੇ ਉਸ ਨੂੰ ਹੱਥ ਦਾ ਇਸ਼ਾਰਾ ਕਰ ਕੇ ਰੋਕ ਦਿੱਤਾ। ਫਿਰ ਬੜੀ ਹਲੀਮੀ ਨਾਲ ਉਹ ਬੋਲਣ ਲੱਗਿਆ, “ਸਿਰਫ ਲੋਕਾਂ ਨੂੰ ਮਾਰਨਾ ਈ ਜਹਾਦ ਨ੍ਹੀਂ ਐ। ਜਿਹੜੇ ਡਾਕਟਰ ਕੈਂਸਰ ਦੀ ਬਿਮਾਰੀ ਦਾ ਇਲਾਜ ਕਰਕੇ ਮਰੀਜ਼ ਦੀ ਜਾਨ ਬਚਾਉਂਦੇ ਨੇ, ਇਹ ਉਨ੍ਹਾਂ ਦਾ ਜਹਾਦ ਐ ਕੈਂਸਰ ਦੇ ਖਿਲਾਫ। ਤੁਸੀਂ ਡਾਕਟਰ, ਲੋਕਾਂ ਦੀਆਂ ਅੱਖਾਂ ਦਾ ਅਪਰੇਸ਼ਨ ਕਰ ਕੇ ਉਨ੍ਹਾਂ ਨੂੰ ਨਜ਼ਰ ਵਾਪਸ ਦਿੰਦੇ ਓ, ਉਹ ਤੁਹਾਡਾ ਜਹਾਦ ਐ, ਅੰਨ੍ਹੇਪਣ ਦੇ ਖਿਲਾਫ। ਇਸ ਤਰ੍ਹਾਂ ਜਿੰਨੀਆਂ ਮਰਜ਼ੀ ਮਿਸਾਲਾਂ ਲੈ ਲਉ। ਤੂੰ ਇਹ ਮਿੱਥ ਲੈ ਕਿ ਤੂੰ ਅਨਪੜ੍ਹਤਾ ਦੇ ਖਿਲਾਫ ਜਹਾਦ ਲੜਨਾ ਐ ਤੇ ਗਰੀਬ ਬਸਤੀਆਂ ‘ਚ ਜਾ ਕੇ ਬੱਚਿਆਂ ਨੂੰ ਮੁਫਤ ਤਾਲੀਮ ਦੇਣੀ ਸ਼ੁਰੂ ਕਰ, ਇਹ ਤੇਰਾ ਅਸਲੀ ਜਹਾਦ ਹੋਵੇਗਾ।”
ਇਸ ਪਿੱਛੋਂ ਇਮਾਮ ਨੇ ਗੱਲਬਾਤ ਬਰਖਾਸਤ ਕਰ ਦਿੱਤੀ। ਅਮਜਦ ਅਤੇ ਆਫੀਆ ਘਰ ਆ ਗਏ। ਅਗਲੇ ਦਿਨ ਉਹ ਅਮਜਦ ਦੇ ਘਰ ਚਲੇ ਗਏ, ਪਰ ਇਸ ਪਿੱਛੋਂ ਉਨ੍ਹਾਂ ਵਿਚਕਾਰ ਸੁਲ੍ਹਾ ਨਾ ਹੋਈ। ਇਸ ਗੱਲ ਦੇ ਦੋ ਦਿਨ ਪਿੱਛੋਂ ਅਮਜਦ ਨੇ ਦੇਖਿਆ ਕਿ ਉਸ ਦੇ ਬੈਂਕ ਵਿਚ ਅੱਠ ਹਜ਼ਾਰ ਡਾਲਰ ਘਟਦੇ ਹਨ। ਉਸ ਨੇ ਆਫੀਆ ਨਾਲ ਗੱਲ ਕੀਤੀ ਤਾਂ ਥੋੜ੍ਹੀ ਨਾਂਹ-ਨੁੱਕਰ ਤੋਂ ਬਾਅਦ ਉਹ ਮੰਨ ਗਈ ਕਿ ਪੈਸੇ ਉਸ ਨੇ ਕਢਵਾਏ ਹਨ। ਅਮਜਦ ਨੇ ਪੁੱਛਿਆ ਕਿ ਉਸ ਨੇ ਇਹ ਪੈਸੇ ਕਿੱਥੇ ਵਰਤੇ ਹਨ।
“ਮੈਨੂੰ ਲੋੜ ਸੀ, ਇਸ ਕਰ ਕੇ ਉਹ ਮੈਂ ਕਿਧਰੇ ਵਰਤ ਲਏ।”
“ਪਰ ਤੂੰ ਮੈਨੂੰ ਤਾਂ ਦੱਸਿਆ ਨ੍ਹੀਂ ਕਿ ਤੈਨੂੰ ਅਜਿਹੀ ਕੀ ਲੋੜ ਆਣ ਪਈ ਕਿ ਇਕੱਠਾ ਅੱਠ ਹਜ਼ਾਰ ਡਾਲਰ ਕਢਵਾ ਲਿਆ।”
“ਕਿਉਂ, ਤੈਨੂੰ ਹਰ ਗੱਲ ਦੱਸਣੀ ਜ਼ਰੂਰੀ ਐ?” ਆਫੀਆ ਭੜਕ ਉਠੀ।
“ਮੇਰੀ ਵੀ ਗੱਲ ਸੁਣ ਲੈ ਫਿਰæææ।” ਅਮਜਦ ਦਾ ਚਿਹਰਾ ਵੀ ਲਾਲ ਹੋਣ ਲੱਗਿਆ। ਉਹ ਰਤਾ ਕੁ ਰੁਕਦਾ ਫਿਰ ਬੋਲਿਆ, “ਤੇਰਾ ਮੇਰਾ ਇਕੱਠੇ ਰਹਿਣ ਦਾ ਕੀ ਫਾਇਦਾ ਜਦੋਂ ਤੂੰ ਹਰ ਗੱਲ ਮੈਥੋਂ ਚੋਰੀ ਰੱਖਦੀ ਐਂ। ਜੋ ਤੂੰ ਸਾਹਮਣੇ ਦਿਸਦੀ ਐਂ, ਇਸ ਤੋਂ ਬਿਨਾਂ ਤੇਰੀ ਵੱਖਰੀ ਜ਼ਿੰਦਗੀ ਵੀ ਐ ਅਤੇ ਉਸ ਵਿਚ ਪਤਾ ਨ੍ਹੀਂ ਤੂੰ ਕੀ ਕਰਦੀ ਐਂ। ਮੈਂ ਅੱਕ ਚੁੱਕਿਆਂ ਤੇਰੀਆਂ ਜ਼ਿਆਦਤੀਆਂ ਸਹਿੰਦਾ। ਹੁਣ ਆਪਾਂ ਇੱਕ ਛੱਤ ਹੇਠਾਂ ਨ੍ਹੀਂ ਰਹਿ ਸਕਦੇ।”
ਆਫੀਆ ਨੇ ਬਿਨਾਂ ਕਿਸੇ ਗੱਲ ਦਾ ਜੁਆਬ ਦਿਤਿਆਂ ਬੱਚੇ ਚੁੱਕੇ ਤੇ ਟੈਕਸੀ ਲੈ ਕੇ ਪੇਕੀਂ ਤੁਰ ਗਈ। ਕਈ ਦਿਨ ਇਸੇ ਤਰ੍ਹਾਂ ਗੁਜ਼ਰ ਗਏ। ਫਿਰ ਦੋਨਾਂ ਪਰਿਵਾਰਾਂ ਦੇ ਵਡੇਰਿਆਂ ਨੇ ਸਾਂਝੇ ਬੰਦਿਆਂ ਦੀ ਮੱਦਦ ਨਾਲ ਮਿਲਣ ਦਾ ਪ੍ਰਬੰਧ ਕੀਤਾ ਤੇ ਉਨ੍ਹਾਂ ਵਿਚਕਾਰ ਸੁਲ੍ਹਾ ਕਰਵਾਉਣ ਦੀ ਕੋਸ਼ਿਸ਼ ਕੀਤੀ। ਗੱਲ ਸਿਰੇ ਵੀ ਚੜ੍ਹ ਗਈ। ਫੈਸਲਾ ਕੀਤਾ ਗਿਆ ਕਿ ਦੋਨੋਂ ਜਣੇ ਆਪਣਾ ਵੱਖਰਾ ਅਪਾਰਟਮੈਂਟ ਲੈ ਕੇ ਕਿਧਰੇ ਰਹਿਣ। ਉਨ੍ਹਾਂ ਲਈ ਵੱਖਰੇ ਅਪਾਰਟਮੈਂਟ ਦਾ ਇੰਤਜ਼ਾਮ ਕਰ ਦਿੱਤਾ ਗਿਆ ਤੇ ਉਹ ਬੱਚਿਆਂ ਸਮੇਤ ਉਥੇ ਜਾ ਕੇ ਰਹਿਣ ਲੱਗੇ। ਉਥੇ ਹਫਤਾ ਕੁ ਲੰਘਿਆ ਸੀ ਕਿ ਫਿਰ ਝਗੜਾ ਸ਼ੁਰੂ ਹੋ ਗਿਆ। ਕਾਫੀ ਦੇਰ ਬਹਿਸਣ ਤੋਂ ਬਾਅਦ ਅਮਜਦ ਨੇ ਠੰਢਾ ਹੌਕਾ ਭਰਦਿਆਂ ਕਿਹਾ, “ਆਫੀਆ ਬੱਸ, ਹੁਣ ਆਪਾਂ ਹੋਰ ਇਕੱਠੇ ਨ੍ਹੀਂ ਰਹਿ ਸਕਦੇ।”
“ਫਿਰ?”
“ਮੈਂ ਤੈਥੋਂ ਤਲਾਕ ਚਾਹੁੰਨਾਂ।”
ਉਸ ਦੀ ਇਹ ਗੱਲ ਸੁਣ ਕੇ ਆਫੀਆ ਦੇ ਮੂੰਹ ‘ਤੇ ਪਲਿੱਤਣ ਛਾ ਗਈ। ਉਸ ਨੇ ਬੱਚੇ ਚੁੱਕੇ ਅਤੇ ਆਪਣੇ ਮਾਂ ਪਿਉ ਦੇ ਘਰ ਚਲੀ ਗਈ। ਅਮਜਦ ਚੁੱਪ-ਚਾਪ ਆਪਣੇ ਘਰ ਆ ਗਿਆ। ਦੋ ਕੁ ਹਫਤਿਆਂ ਪਿੱਛੋਂ ਖਾਨ ਪਰਿਵਾਰ ਨੇ ਫਿਰ ਤੋਂ ਵਡੇਰਿਆਂ ਦੀ ਬੈਠਕ ਬੁਲਾਉਣੀ ਚਾਹੀ, ਪਰ ਆਫੀਆ ਦੇ ਪਰਿਵਾਰ ਵਾਲਿਆਂ ਨੇ ਉਨ੍ਹਾਂ ਨਾਲ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਖਾਨ ਪਰਿਵਾਰ ਦਾ ਫੋਨ ਚੁੱਕਣਾ ਹੀ ਬੰਦ ਕਰ ਦਿੱਤਾ। ਉਂਜ ਤਾਂ ਅਮਜਦ ਤਿੰਨ ਵਾਰੀ ‘ਤਲਾਕ’ ਕਹਿ ਕੇ ਤਲਾਕ ਲੈ ਸਕਦਾ ਸੀ, ਪਰ ਹੁਣ ਸਦੀਕੀ ਪਰਿਵਾਰ ਉਸ ਦਾ ਫੋਨ ਹੀ ਨਹੀਂ ਚੁੱਕਦਾ ਸੀ, ਆਫੀਆ ਨਾਲ ਗੱਲ ਹੋਣੀ ਤਾਂ ਦੂਰ ਦੀ ਗੱਲ। ਫਿਰ ਉਸ ਨੇ ਚਿੱਠੀ ਲਿਖ ਕੇ ਤਲਾਕ ਮੰਗਣ ਦਾ ਸੋਚਿਆ, ਪਰ ਇਸੇ ਵਿਚਕਾਰ ਹੀ ਆਫੀਆ ਦਾ ਪਿਉ, ਸੁਲੇਹ ਸਦੀਕੀ ਫੌਤ ਹੋ ਗਿਆ। ਸਦੀਕੀ ਪਰਿਵਾਰ ਵਾਲੇ ਭਾਵੇਂ ਅਮਜਦ ਨੂੰ ਆਫੀਆ ਦੇ ਪਿਉ ਦੀ ਮੌਤ ਦਾ ਜ਼ਿੰਮੇਵਾਰ ਠਹਿਰਾ ਰਹੇ ਸਨ ਤੇ ਕਹਿ ਰਹੇ ਸਨ ਕਿ ਉਹ ਧੀ ਦਾ ਗਮ ਨਾ ਸਹਿ ਸਕਿਆ, ਇਸੇ ਲਈ ਉਸ ਨੂੰ ਦਿਲ ਦਾ ਦੌਰਾ ਪੈ ਗਿਆ; ਪਰ ਸਭ ਨੂੰ ਪਤਾ ਸੀ ਕਿ ਇਹ ਗੱਲ ਸਹੀ ਨਹੀਂ ਸੀ, ਸਗੋਂ ਬਹੁਤਿਆਂ ਦਾ ਸੋਚਣਾ ਸੀ ਕਿ ਉਹ ਚੰਗਾ ਬੰਦਾ ਸੀ ਜੋ ਆਫੀਆ ਅਤੇ ਅਮਜਦ ਵਿਚਕਾਰ ਸ਼ਾਇਦ ਸਮਝੌਤਾ ਕਰਵਾ ਸਕਦਾ ਸੀ। ਹੁਣ ਜਦੋਂ ਉਹ ਨਾ ਰਿਹਾ ਤਾਂ ਸਭ ਉਮੀਦਾਂ ਖਤਮ ਹੋ ਗਈਆਂ। ਉਦੋਂ ਜਿਹੇ ਹੀ ਆਫੀਆ ਨੇ ਹਸਪਤਾਲ ‘ਚ ਮੁੰਡੇ ਨੂੰ ਜਨਮ ਦਿੱਤਾ, ਪਰ ਉਸ ਨੇ ਜਾਂ ਉਸ ਦੇ ਪਰਿਵਾਰ ਵਾਲਿਆਂ ਨੇ ਅਮਜਦ ਨੂੰ ਇਸ ਬੱਚੇ ਬਾਰੇ ਭਿਣਕ ਨਾ ਪੈਣ ਦਿੱਤੀ। ਨਾ ਹੀ ਉਨ੍ਹਾਂ ਮੁੜ ਕੇ ਅਮਜਦ ਨੂੰ ਦੂਜੇ ਬੱਚਿਆਂ ਨੂੰ ਮਿਲਣ ਦਿੱਤਾ। ਇਸੇ ਵਿਚਕਾਰ ਹੀ ਸਰਕਾਰੀ ਕਾਰਿੰਦੇ ਤਲਾਕ ਵਾਲਾ ਕਾਗਜ਼ ਲੈ ਕੇ ਆਫੀਆ ਕੋਲ ਗਏ ਤਾਂ ਉਸ ਨੇ ਇਸ ‘ਤੇ ਦਸਤਖਤ ਕਰਨ ਤੋਂ ਇਨਕਾਰ ਕਰ ਦਿੱਤਾ। ਇੱਕ ਦਿਨ ਸ਼ਾਮ ਵੇਲੇ ਅਮਜਦ ਦੀ ਮਾਂ ਨੇ ਉਸ ਨਾਲ ਗੱਲ ਛੇੜੀ, “ਅਮਜਦ ਬੇਟੇ, ਆਪਾਂ ਹਰ ਹੀਲਾ ਵਰਤ ਕੇ ਦੇਖ ਲਿਆ ਪਰ ਗੱਲ ਕਿਸੇ ਸਿਰੇ ਨ੍ਹੀਂ ਲੱਗਦੀ।”
“ਅੰਮੀ ਸ਼ਾਇਦ ਆਫੀਆ ਨੂੰ ਅਕਲ ਆ ਜਾਵੇ ਤੇ ਉਹ ਤਲਾਕਨਾਮੇ ‘ਤੇ ਦਸਤਖਤ ਕਰ ਦੇਵੇ।” ਉਂਜ ਉਹ ਦਿਲੋਂ ਇਹ ਚਾਹੁੰਦਾ ਸੀ ਕਿ ਕਾਸ਼! ਆਫੀਆ ਸੁਧਰ ਜਾਵੇ ਤੇ ਤਲਾਕ ਵਾਲਾ ਮਸਲਾ ਟਲ ਜਾਵੇ। ਇਹ ਸੋਚ, ਉਸ ਦੀ ਆਫੀਆ ਪ੍ਰਤੀ ਮੁਹੱਬਤ ‘ਚੋਂ ਉਪਜਦੀ ਸੀ।
“ਨ੍ਹੀਂ ਬੇਟੇ, ਹਰ ਗੱਲ ਦਾ ਕੋਈ ਵਕਤ ਹੁੰਦੈ। ਜਦੋਂ ਗੱਲ ਕਿਸੇ ਖਾਸ ਮੁਕਾਮ ਤੋਂ ਅੱਗੇ ਨਿਕਲ ਜਾਵੇ ਤਾਂ ਫਿਰ ਦੁਬਾਰਾ ਤੋਂ ਇਕੱਠੇ ਰਹਿਣ ਦੀ ਕੋਈ ਤੁਕ ਨ੍ਹੀਂ ਰਹਿ ਜਾਂਦੀ।” ਉਸ ਦੀ ਮਾਂ ਉਸ ਦੇ ਮਨ ਦੇ ਭਾਵ ਸਮਝਦੀ ਸੀ।
“ਠੀਕ ਐ ਅੰਮੀ, ਜਿਵੇਂ ਤੁਹਾਡੀ ਮਰਜ਼ੀ ਐ ਉਵੇਂ ਕਰ ਲਵੋ।” ਅਮਜਦ ਨੇ ਨਿਰਾਸ਼ ਜਿਹਾ ਜੁਆਬ ਦਿੱਤਾ।
“ਅਮਜਦ ਬੇਟੇ, ਪਿਛਲੀ ਵਾਰ ਮੈਥੋਂ ਗਲਤੀ ਹੋਈ ਸੀ ਜਿਸ ਦੀ ਤੈਨੂੰ ਇੰਨੀ ਸਜ਼ਾ ਭੁਗਤਣੀ ਪਈ। ਇਸ ਵਾਰ ਮੈਂ ਰਿਸ਼ਤਾ ਆਪਣੇ ਹੀ ਪਰਿਵਾਰ ‘ਚੋਂ ਲੱਭੂੰਗੀ।”
ਅਮਜਦ ਨੇ ਇਸ ਗੱਲ ਦਾ ਕੋਈ ਜੁਆਬ ਨਾ ਦਿੱਤਾ ਤੇ ਉਹ ਉਠ ਕੇ ਦੂਜੇ ਕਮਰੇ ‘ਚ ਚਲਾ ਗਿਆ। ਇਨ੍ਹੀਂ ਦਿਨੀਂ ਉਹ ਕਰਾਚੀ ਦੇ ਹੀ ਇੱਕ ਹਸਪਤਾਲ ‘ਚ ਕੰਮ ਕਰਦਾ ਸੀ। ਅਸਲ ‘ਚ ਜ਼ਾਹਿਰਾ ਖਾਂ ਨੇ ਆਪਣੇ ਪੇਕਿਆਂ ਵੱਲੋਂ ਘਰਾਂ ‘ਚੋਂ ਲੱਗਦੇ ਕਿਸੇ ਭਰਾ ਦੀ ਕੁੜੀ ਉਸ ਲਈ ਪਸੰਦ ਕਰ ਰੱਖੀ ਸੀ। ਬੱਸ ਉਹ ਅਮਜਦ ਦੀ ਸਹਿਮਤੀ ਚਾਹੁੰਦੀ ਸੀ। ਇਹ ਮਸਲਾ ਵੀ ਹੱਲ ਹੋ ਗਿਆ ਤਾਂ ਗੱਲ ਅੱਗੇ ਚਲਾ ਦਿੱਤੀ ਗਈ। ਜ਼ਾਹਿਰਾ ਖਾਂ ਅਤੇ ਨਵੀਂ ਲਾੜੀ ਦਾ ਪਿਉ ਚਾਹੁੰਦੇ ਸਨ ਕਿ ਨਿਕਾਹ ਵਾਲਾ ਮਸਲਾ ਛੇਤੀ ਹੱਲ ਹੋ ਜਾਵੇ। ਉਨ੍ਹਾਂ ਨੂੰ ਡਰ ਸੀ ਕਿ ਕਿਧਰੇ ਆਫੀਆ ਫਿਰ ਤੋਂ ਅਮਜਦ ਨਾਲ ਪਿਆਰ ਜਤਾ ਕੇ ਵਾਪਸ ਨਾ ਆ ਜਾਵੇ। ਕਾਹਲੀ ਕਾਹਲੀ ਵਿਚ ਸਾਦੀ ਜਿਹੀ ਰਸਮ ਕਰ ਕੇ ਮੰਗਣੀ ਕਰ ਦਿੱਤੀ ਗਈ। ਅਮਜਦ ਦੇ ਘਰਵਾਲੇ ਚਾਹੁੰਦੇ ਸਨ ਕਿ ਇਸ ਦੇ ਨਾਲ ਹੀ ਜੇ ਆਫੀਆ ਦੇ ਤਲਾਕ ਵਾਲਾ ਕੰਮ ਵੀ ਨਿੱਬੜ ਜਾਵੇ ਤਾਂ ਫਿਰ ਉਹ ਬਿਲਕੁਲ ਨਿਸ਼ਚਿੰਤ ਹੋ ਜਾਣਗੇ, ਪਰ ਇਹੋ ਇੱਕ ਮਸਲਾ ਉਨ੍ਹਾਂ ਨੂੰ ਸਭ ਤੋਂ ਵੱਧ ਔਖਾ ਲੱਗ ਰਿਹਾ ਸੀ।
ਮੰਗਣੀ ਵਾਲੀ ਸ਼ਾਮ ਅਮਜਦ ਨੇ ਆਪਣੀ ਹੋਣ ਵਾਲੀ ਬੀਵੀ ਨੂੰ ਸ਼ਾਮ ਦੇ ਖਾਣੇ ਲਈ ਕਿਧਰੇ ਬਾਹਰ ਲੈ ਕੇ ਜਾਣਾ ਸੀ। ਇਸੇ ਲਈ ਉਸ ਨੇ ਸ਼ਾਮ ਦਾ ਕੰਮ ਜਲਦੀ ਨਿਬੇੜ ਲਿਆ। ਉਦੋਂ ਹੀ ਨਰਸ ਨੇ ਆ ਕੇ ਉਸ ਨੂੰ ਸੁਨੇਹਾ ਦਿੱਤਾ ਕਿ ਕੋਈ ਕੁੜੀ ਉਸ ਨੂੰ ਮਿਲਣ ਆਈ ਹੈ। ਉਸ ਨੇ ਸੋਚਿਆ ਕਿ ਉਸ ਦੀ ਨਵੀਂ ਦੁਲਹਨ ਹੋਵੇਗੀ। ਉਸ ਨੇ ਡਾਕਟਰਾਂ ਵਾਲਾ ਗਾਊਨ ਲਾਹ ਦਿੱਤਾ ਤੇ ਆਪਣੇ ਕੱਪੜੇ ਵਗੈਰਾ ਠੀਕ ਕੀਤੇ। ਉਹ ਜਿਉਂ ਹੀ ਬਾਹਰ ਆਇਆ ਤਾਂ ਦੇਖਦਾ ਹੀ ਰਹਿ ਗਿਆ। ਸਾਹਮਣੇ ਆਫੀਆ ਖੜ੍ਹੀ ਸੀ। ਇਸ ਵੇਲੇ ਉਹ ਉਸ ਨੂੰ ਇੰਨੀ ਸੁੰਦਰ ਲੱਗੀ ਜਿੰਨੀ ਪਹਿਲੀ ਮੁਲਾਕਾਤ ਵੇਲੇ ਵੀ ਨਹੀਂ ਲੱਗੀ ਸੀ। ਉਥੇ ਆਲੇ ਦੁਆਲੇ ਦੇ ਸਟਾਫ ਨੂੰ ਇਹੋ ਸੀ ਕਿ ਇਹ ਅਮਜਦ ਦੀ ਹੋਣ ਵਾਲੀ ਬੀਵੀ ਹੈ। ਆਫੀਆ ਵੱਲ ਦੇਖਦਿਆਂ ਅਮਜਦ ਨੇ ਅੰਦਾਜ਼ਾ ਲਾ ਲਿਆ ਕਿ ਇਹ ਤਕਰਬੀਨ ਮਹੀਨਾ ਕੁ ਪਹਿਲਾਂ ਬੱਚੇ ਨੂੰ ਜਨਮ ਦੇ ਚੁੱਕੀ ਹੋਵੇਗੀ, ਪਰ ਫਿਰ ਵੀ ਇਸ ਵੇਲੇ ਉਸ ਦੀ ਖੂਬਸੂਰਤੀ ਲਾਜੁਆਬ ਸੀ।
“ਜਨਾਬ ਕਿਨ੍ਹਾਂ ਸੋਚਾਂ ‘ਚ ਗੁੰਮ ਨੇ?” ਆਫੀਆ ਨੇ ਅਗਾਂਹ ਹੁੰਦਿਆਂ ਬੜੇ ਹੀ ਮੋਹ ਨਾਲ ਅਮਜਦ ਦੀ ਬਾਂਹ ਫੜ ਲਈ। ਅਮਜਦ ਦੀ ਰੂਹ ਨੂੰ ਸਕੂਨ ਮਿਲ ਗਿਆ।
“ਮੈਂ ਤਾਂ ਤੈਨੂੰ ਈ ਦੇਖ ਰਿਹਾ ਸੀ। ਕਿੰਨੀ ਖੂਬਸੂਰਤ ਲੱਗ ਰਹੀ ਐਂ। ਪਰæææ।”
“ਪਰæææਪਰ ਕੀ ਮੇਰੇ ਭੋਲੇ ਭਾਲੇ ਡਾਕਟਰ ਸਾਹਿਬ?” ਆਫੀਆ ਨੇ ਉਸ ਦੀ ‘ਪਰ’ ਦਾ ਮਤਲਬ ਸਮਝਦਿਆਂ ਗੁੱਝਾ ਮਖੌਲ ਕੀਤਾ।
“ਹੁਣ ਸਮਝ ਈ ਗਈ ਐਂ ਤਾਂ ਆਪ ਈ ਦੱਸ ਦੇ।”
“ਤੇਰਾ ਛੋਟਾ ਸਾਹਿਬਜ਼ਾਦਾ ਇੱਕ ਮਹੀਨੇ ਦਾ ਹੋ ਚੁੱਕਾ ਐ।” ਆਫੀਆ ਨੇ ਉਸ ਦੀ ਬਾਂਹ ‘ਤੇ ਪੋਲੀ ਜਿਹੀ ਚੂੰਢੀ ਵੱਡੀ।
“ਤੇ ਮੈਨੂੰ ਪਤਾ ਵੀ ਨ੍ਹੀਂ?” ਅਮਜਦ ਨੇ ਰੋਸਾ ਦਿਖਾਇਆ।
“ਮੈਂ ਮੰਨਦੀ ਆਂ ਇਹ ਗੱਲ, ਪਰ ਕਈ ਵਾਰ ਇਨਸਾਨ ਦੇ ਹੱਥ ਵੱਸ ਕੁਝ ਨ੍ਹੀਂ ਹੁੰਦਾ। ਹੁਣ ਤੂੰ ਈ ਦੱਸ ਕਿ ਉਸ ਵੇਲੇ ਮੈਂ ਤਾਂ ਤੈਨੂੰ ਇਹ ਖ਼ਬਰ ਦੇਣ ਦੀ ਹਾਲਤ ‘ਚ ਨ੍ਹੀਂ ਸੀ। ਘਰ ਦੇ ਕਿਸੇ ਹੋਰ ਮੈਂਬਰ ਨੇ ਤੁਹਾਡੇ ਵੱਲ ਇਹ ਇਤਲਾਹ ਭੇਜਣੀ ਸੀ, ਪਰ ਮੇਰਾ ਖਿਆਲ ਐ ਕਿ ਆਪਣੇ ਦੋਹਾਂ ਦੇ ਘਰਵਾਲੇ ਆਪਾਂ ਨੂੰ ਜੋੜਨ ਨਾਲੋਂ ਤੋੜਨ ਵੱਲ ਵੱਧ ਧਿਆਨ ਦੇ ਰਹੇ ਨੇ।” ਆਫੀਆ ਨੇ ਬਹਾਨੇ ਨਾਲ ਨਵ-ਜਨਮੇ ਬੱਚੇ ਬਾਰੇ ਅਮਜਦ ਦੇ ਘਰ ਇਤਲਾਹ ਨਾ ਦੇਣ ਲਈ ਆਪਣੇ ਘਰ ਵਾਲਿਆਂ ਨੂੰ ਕਸੂਰਵਾਰ ਠਹਿਰਾਇਆ। ਨਾਲ ਹੀ ਉਸ ਨੇ ਉਨ੍ਹਾਂ ਦੀ ਆਪਸੀ ਅਣ-ਬਣ ਲਈ ਪਹਿਲੀ ਵਾਰ ਆਪਣੇ ਪੇਕੇ ਵਾਲਿਆਂ ਨੂੰ ਵੀ ਦੋਸ਼ ਦਿੱਤਾ। ਅਮਜਦ ਕੁਝ ਨਾ ਬੋਲਿਆ ਤਾਂ ਆਫੀਆ ਨੇ ਉਸ ਦੀ ਠੋਡੀ ਘੁਮਾ ਕੇ ਆਪਣੇ ਵੱਲ ਕਰਦਿਆਂ ਕਿਹਾ, “ਚੱਲ ਹੁਣ ਤਾਂ ਇਸ ਗੱਲ ਬਾਰੇ ਮੁਆਫ ਕਰ ਦੇਹ। ਹੁਣ ਤਾਂ ਮੈਂ ਆਪ ਚੱਲ ਕੇ ਤੈਨੂੰ ਦੱਸਣ ਆਈ ਆਂ।” ਆਫੀਆ ਨੇ ਖੂਬਸੂਰਤ ਅਦਾ ਕਰਦਿਆਂ ਕੰਨਾਂ ਨੂੰ ਹੱਥ ਲਾਏ। ਅਮਜਦ ਨੂੰ ਆਫੀਆ ਦਾ ਭੋਲਾਪਣ ਅੰਦਰ ਤੱਕ ਭਾਅ ਗਿਆ। ਉਸ ਨੇ ਉਸ ਦਾ ਹੱਥ ਘੁੱਟ ਕੇ ਫੜ ਲਿਆ। ਉਹ ਉਵੇਂ ਤੁਰਦੇ ਬਾਹਰ ਆ ਗਏ।
“ਮੇਰਾ ਖਿਆਲ ਐ ਕਿ ਮੇਰਾ ਪਿਆਰਾ ਪਿਆਰਾ ਮੀਆਂ ਇੰਨਾ ਤਾਂ ਸਮਝਦਾ ਈ ਹੋਵੇਗਾ ਕਿ ਸ਼ਾਮ ਦਾ ਵੇਲਾ ਐ ਤੇ ਮੈਨੂੰ ਭੁੱਖ ਵੀ ਬਹੁਤ ਲੱਗੀ ਹੋਊਗੀ?”
“ਉਹ ਹਾਂ ਹਾਂ! ਆਪਾਂ ਕਿਸੇ ਨੇੜਲੇ ਰੈਸਟੋਰੈਂਟ ‘ਚ ਚੱਲਦੇ ਆਂ।” ਇੰਨਾ ਕਹਿੰਦਿਆਂ ਅਮਜਦ, ਆਫੀਆ ਨੂੰ ਲੈ ਕੇ ਕਾਰ ਵੱਲ ਤੁਰ ਪਿਆ।
“ਵੈਸੇ ਮੈਂ ਜਾਣਦੀ ਆਂ ਕਿ ਮੇਰਾ ਡਾਕਟਰ ਮੀਆਂ ਹੱਦ ਦਰਜੇ ਦਾ ਕੰਜੂਸ ਐ, ਪਰ ਜਨਾਬ ਅੱਜ ਇਹ ਕੰਜੂਸੀ ਨ੍ਹੀਂ ਚੱਲਣੀ। ਅੱਜ ਆਪਣੇ ਸਾਹਿਬਜ਼ਾਦੇ ਦੇ ਜਨਮ ਦੀ ਖੁਸ਼ੀ ‘ਚ ਇਹ ਡਿਨਰ ਮੇਰੀ ਪਸੰਦ ਦਾ ਹੋਵੇਗਾ।
“ਦੱਸ ਫਿਰ ਕਿੱਥੇ ਚੱਲੀਏ?”
“ਹੋਟਲ ਸ਼ੈਰੇਟਨ।”
“ਠੀਕ ਐ ਬੈਠ ਗੱਡੀ ‘ਚ।” ਅਮਜਦ ਨੇ ਤਾਕੀ ਖੋਲ੍ਹ ਕੇ ਆਫੀਆ ਨੂੰ ਨਾਲ ਬਿਠਾ ਲਿਆ ਤੇ ਚੱਲ ਪਿਆ। ਸ਼ੈਰੇਟਨ ਹੋਟਲ ਦੇ ਰੈਸਟੋਰੈਂਟ ਜਾ ਕੇ ਉਨ੍ਹਾਂ ਬੜਾ ਸ਼ਾਨਦਾਰ ਡਿਨਰ ਕੀਤਾ। ਆਫੀਆ ਦੀ ਹੋਂਦ ਨੇ ਪਿਛਲੇ ਕਿੰਨੇ ਹੀ ਦਿਨਾਂ ਤੋਂ ਪ੍ਰੇਸ਼ਾਨ ਤੁਰੇ ਫਿਰਦੇ ਅਮਜਦ ਦਾ ਕਾਲਜਾ ਠਾਰ ਦਿੱਤਾ।
“ਕਿਵੇਂ ਰਿਹਾ ਡਿਨਰ?” ਅਮਜਦ ਬਿੱਲ ਦੇ ਕੇ ਤੁਰਦਾ ਬੋਲਿਆ।
“ਅਮਜਦ ਤੇਰੇ ਹੱਥ ਦਾ ਤਾਂ ਜ਼ਹਿਰ ਵੀ ਆਬ-ਏ-ਹਯਾਤ ਐ। ਇਹ ਤਾਂ ਫਿਰ ਵੀ ਡਿਨਰ ਐ।” ਆਫੀਆ ਨੇ ਹਨੇਰੇ ਜਿਹੇ ‘ਚ ਪਿੱਛੋਂ ਦੀ ਹੋ ਕੇ ਅਮਜਦ ਨੂੰ ਜੱਫੀ ਪਾ ਲਈ। ਅਮਜਦ ਨੇ ਉਸ ਦੀ ਬਾਂਹ ਫੜ ਕੇ ਨਾਲ ਲਾ ਲਿਆ।
“ਹੁਣ ਫਿਰ ਕੀ ਪ੍ਰੋਗਰਾਮ ਐ?”
“ਆ ਜਾ ਸਾਹਮਣੇ ਪਾਰਕ ‘ਚ ਚੱਲਦੇ ਆਂ।” ਆਫੀਆ ਉਸ ਨੂੰ ਪਾਰਕ ਵੱਲ ਲੈ ਤੁਰੀ। ਉਹ ਹੋਟਲ ਦੇ ਲਾਨ ਦੀ ਕੋਨੇ ਵਾਲੀ ਨਿਵੇਕਲੀ ਜਿਹੀ ਪੱਥਰ ਦੀ ਬੈਂਚ ‘ਤੇ ਬੈਠ ਗਏ। ਆਫੀਆ ਨੇ ਅਮਜਦ ਦੀ ਬਾਂਹ ਨਾਲ ਸਿਰ ਲਾ ਕੇ ਅੱਖਾਂ ਮੀਚ ਲਈਆਂ ਤੇ ਮਨ ‘ਚ ਸੋਚਿਆ ਕਿ ਕਾਸ਼! ਵਕਤ ਇੱਥੇ ਹੀ ਰੁਕ ਜਾਵੇ। ਅਮਜਦ, ਆਫੀਆ ਦੇ ਵਾਲਾਂ ‘ਚ ਹੱਥ ਫੇਰਨ ਲੱਗਿਆ।
“ਅਮਜਦ, ਕਿੰਨੇ ਚੰਗੇ ਸਨ ਉਹ ਦਿਨ ਜਦੋਂ ਆਪਾਂ ਬੋਸਟਨ ਰਹਿੰਦੇ ਹੁੰਦੇ ਸੀ।”
“ਉਨ੍ਹਾਂ ਸੁਹਾਵਣੇ ਦਿਨਾਂ ਦੀ ਯਾਦ ਬੜਾ ਤੜਫਾਉਂਦੀ ਐ ਆਫੀਆ, ਕੀ ਦੱਸਾਂ।” ਅਮਜਦ ਨੇ ਵੀ ਠੰਢਾ ਹੌਕਾ ਭਰਿਆ।
“ਆਪਾਂ ਲੜਦੇ ਝਗੜਦੇ ਵੀ ਸੀ, ਪਰ ਪਲਾਂ ‘ਚ ਈ ਉਹੋ ਜਿਹੇ ਫਿਰ ਹੋ ਜਾਂਦੇ ਹੁੰਦੇ ਸੀ।”
“ਮੈਨੂੰ ਤੇਰੀ ਲੜਨ ਤੇ ਮੰਨਣ ਦੀ ਅਦਾ ਬੜੀ ਪਿਆਰੀ ਲੱਗਦੀ ਹੁੰਦੀ ਸੀ।”
“ਤੇ ਮੈਨੂੰ ਤੇਰੀ ਮੂੰਹ ਫੁਲਾਉਣ ਦੀ।” ਆਫੀਆ ਨੇ ਅਮਜਦ ਵੱਲ ਮੂੰਹ ਕਰ ਕੇ ਉਸ ਦੀ ਨਕਲ ਲਾਹੀ ਤਾਂ ਦੋਨੋਂ ਹੱਸ ਪਏ।
“ਕਾਸ਼ ਕਿ ਉਹ ਦਿਨ ਵਾਪਸ ਆ ਜਾਣ।”
“ਲੰਘੇ ਦਿਨ ਵੀ ਕਦੇ ਵਾਪਸ ਆਏ ਨੇ ਕਮਲੀਏ, ਪਰ ਆਪਾਂ ਮੌਜੂਦਾ ਵਕਤ ਨੂੰ ਜ਼ਰੂਰ ਉਹੋ ਜਿਹਾ ਬਣਾ ਸਕਦੇ ਆਂ। ਬੱਸ ਇਨਸਾਨ ਦੇ ਹੱਥ ਇੰਨਾ ਕੁ ਈ ਹੁੰਦਾ ਐ।”
“ਅਮਜਦ ਪਿਛਲੇ ਦਿਨੀਂ ਆਪਾਂ ਲੜਨ ਝਗੜਨ ਦੀਆਂ ਸਭ ਹੱਦਾਂ ਪਾਰ ਕਰ ਦਿੱਤੀਆਂ ਨੇ। ਕਈ ਵਾਰੀ ਮੈਂ ਤੇਰੇ ‘ਤੇ ਹੱਦੋਂ ਵੱਧ ਗੁੱਸੇ ਹੋਈ ਹੋਊਂਗੀ, ਪਰ ਕੀ ਤੈਨੂੰ ਅਜੇ ਵੀ ਮੇਰੇ ਨਾਲ ਮੁਹੱਬਤ ਐ?”
“ਆਫੀਆ, ਮੁਹੱਬਤ ਲੜਨ-ਝਗੜਨ ਨਾਲ ਘਟਦੀ ਵਧਦੀ ਨ੍ਹੀਂ ਹੁੰਦੀ। ਇਕੱਠੇ ਰਹਿੰਦਿਆਂ ਲੜਨਾ-ਝਗੜਨਾ ਆਮ ਗੱਲਾਂ ਨੇ।”
ਆਫੀਆ ਨੇ ਅਮਜਦ ਦੁਆਲੇ ਵਲੀ ਬਾਂਹ ਹੋਰ ਘੁੱਟ ਲਈ। ਅਮਜਦ ਨੂੰ ਵੀ ਇਸ ਵੇਲੇ ਆਫੀਆ ਦਾ ਅੰਤਾਂ ਦਾ ਮੋਹ ਆਇਆ।
“ਮੈਂ ਤੇਰੇ ਨਾਲ ਕਈ ਵਧੀਕੀਆਂ ਕੀਤੀਆਂ ਨੇ ਅਮਜਦæææ।” ਇੰਨਾ ਕਹਿੰਦਿਆਂ ਆਫੀਆ ਰੋਣ ਲੱਗੀ। ਅਮਜਦ ਤੋਂ ਉਸ ਦਾ ਰੋਣਾ ਝੱਲ ਨਾ ਹੋਇਆ। ਉਸ ਨੇ ਉਸ ਦੇ ਮੋਢੇ ‘ਤੇ ਹੱਥ ਫੇਰਦਿਆਂ ਉਸ ਨੂੰ ਧਰਵਾਸ ਦਿੰਦਿਆਂ, ਫਿਰ ਤੋਂ ਗੱਲਾਂ ‘ਚ ਲਾ ਲਿਆ। ਆਫੀਆ ਅਮਜਦ ਦੀ ਬੁੱਕਲ ‘ਚ ਸਿਰ ਰੱਖ ਕੇ ਪੈ ਗਈ।
“ਅਹਿਮਦ ਦਾ ਕੀ ਹਾਲ ਐ?” ਉਸ ਨੇ ਉਸ ਦਾ ਮਨ ਪ੍ਰਚਾਉਣ ਲਈ ਗੱਲ ਬੱਚਿਆਂ ਵੱਲ ਮੋੜ ਲਈ।
“ਬਿਲਕੁਲ ਠੀਕ, ਪਰ ਜਦੋਂ ਗੁੱਸੇ ਹੁੰਦੈ ਤਾਂ ਮੱਥੇ ‘ਚ ਪਾਈ ਘੂਰੀ, ਪਿਉ ਵਾਂਗੂੰ ਨਾਗਵਲ ਬਣ ਜਾਂਦੀ ਐ।”
“ਤੇ ਮਾਂ ਵਾਂਗੂੰ ਕੁੱਟਣ ਨ੍ਹੀਂ ਪੈਂਦਾ?” ਅਮਜਦ ਨੇ ਆਫੀਆ ਦਾ ਨੱਕ ਫੜ ਕੇ ਹਿਲਾਇਆ। ਆਫੀਆ ਨੇ ਹੱਸਦਿਆਂ ਉਸ ਦੀ ਛਾਤੀ ‘ਚ ਪਿਆਰ ਦੀਆਂ ਪੋਲੀਆਂ ਪੋਲੀਆਂ ਮੁੱਕੀਆਂ ਮਾਰੀਆਂ।
“ਮਰੀਅਮ ਕਿਵੇਂ ਐਂ?”
“ਉਹ ਵੀ ਠੀਕ ਐ। ਪੜ੍ਹਨ ਨੂੰ ਬਹੁਤ ਹੁਸ਼ਿਆਰ ਐ।”
“ਪਿਉ ‘ਤੇ ਗਈ ਐ ਨਾ।”
“ਪਿਉ ‘ਤੇ ਨ੍ਹੀਂ, ਮਾਂ ‘ਤੇ ਗਈ ਐ ਜਨਾਬ। ਯਾਦ ਐ, ਕਿਵੇਂ ਮੈਂ ਯੂਨੀਵਰਸਿਟੀ ‘ਚੋਂ ਟਾਪ ਕਰ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ।”
“ਮੈਨੂੰ ਮਾਣ ਐਂ ਤੇਰੇ ‘ਤੇ ਆਫੀਆ ਪਰæææ।”
ਆਫੀਆ ਨੇ ਅਮਜਦ ਦੇ ਮੂੰਹ ‘ਤੇ ਉਂਗਲ ਰੱਖਦਿਆਂ ਉਸ ਨੂੰ ਬੋਲਣ ਤੋਂ ਰੋਕ ਦਿੱਤਾ ਤੇ ਬੋਲੀ, “ਇਹ ਪਿਆਰ ਦੀਆਂ ਘੜੀਆਂ ਮਸਾਂ ਮਿਲੀਆਂ ਨੇ। ਇਨ੍ਹਾਂ ਨੂੰ ਆਪਾਂ ਕੜਵਾਹਟ ‘ਚ ਬਿਲਕੁਲ ਨ੍ਹੀਂ ਬਦਲਣਾ।”
“ਚੱਲ ਠੀਕ ਐ।”
“ਸਗੋਂ ਮੈਂ ਤਾਂ ਉਹ ਕੜਵਾਹਟਾਂ ਹਮੇਸ਼ਾ ਲਈ ਖਤਮ ਕਰਨ ਆਈ ਆਂ।”
“ਹੈਂ!”
“ਅਮਜਦ ਬੱਚੇ ਤੇਰੇ ਬਿਨਾਂ ਦਿਲ ਨ੍ਹੀਂ ਲਾਉਂਦੇ।” ਆਫੀਆ ਨੇ ਗੱਲ ਹੋਰ ਪਾਸੇ ਮੋੜ ਲਈ।
“ਤੇ ਬੱਚਿਆਂ ਦੀ ਮਾਂ?” ਅਮਜਦ ਹੱਸਿਆ।
“ਮੱਛੀ ਪਾਣੀ ਤੋਂ ਬਾਹਰ ਰਹਿ ਕੇ ਕਿੰਨਾ ਤੜਫਦੀ ਐ, ਇਹ ਪੀੜਾ ਤਾਂ ਸਿਰਫ ਉਹ ਵਿਚਾਰੀ ਖੁਦ ਈ ਜਾਣਦੀ ਐ।” ਆਫੀਆ ਨੇ ਅੱਖਾਂ ਪੂੰਝੀਆਂ।
“ਆਫੀਆ ਤੈਨੂੰ ਦੁੱਖ ਪਹੁੰਚਾਉਣ ਲਈ ਮੈਂ ਤੇਰਾ ਗੁਨਾਹਗਾਰ ਆਂ।”
“ਨ੍ਹੀਂ ਪਲੀਜ਼, ਅਜਿਹੀਆਂ ਗੱਲਾਂ ਨਾ ਕਰ। ਪੁਰਾਣਾ ਸਭ ਕੁਛ ਭੁੱਲ ਜਾਹ।”
“ਠੀਕ ਐ ਪੁਰਾਣੇ ਸਭ ਕੁਛ ‘ਤੇ ਮਿੱਟੀ ਪਾਈ। ਹੁਣ ਦੱਸ ਕੀ ਹੁਕਮ ਐ ਸਰਕਾਰ ਦਾ?”
“ਅਮਜਦ ਤੈਨੂੰ ਬੱਚੇ ਬਹੁਤ ਯਾਦ ਕਰਦੇ ਨੇ। ਮੈਥੋਂ ਉਨ੍ਹਾਂ ਦੀ ਤੜਫ ਵੇਖੀ ਨ੍ਹੀਂ ਜਾਂਦੀ।” ਆਫੀਆ ਬੱਚਿਆਂ ਦੀ ਗੱਲ ਕਰ ਰਹੀ ਸੀ ਪਰ ਅਮਜਦ, ਆਫੀਆ ਦੀ ਤੜਫ ਮਹਿਸੂਸ ਕਰ ਰਿਹਾ ਸੀ। ਉਸ ਨੇ ਡੂੰਘਾ ਹੌਕਾ ਭਰਿਆ।
“ਮੈਂ ਕਿਹੜਾ ਕੋਈ ਸੁਖੀ ਆਂ ਤੁਹਾਥੋਂ ਬਿਨਾਂ।” ਅਮਜਦ ਹੌਲੀ ਜਿਹੀ ਬੋਲਿਆ।
“ਚੱਲ ਫਿਰ ਆਪਣੇ ਬੱਚਿਆਂ ਕੋਲ ਚੱਲ। ਕਿਉਂ ਆਪਾਂ ਇੱਕ ਦੂਜੇ ਬਿਨਾਂ ਭਟਕਦੇ ਫਿਰਦੇ ਆਂ।”
“ਚੱਲ ਤਾਂ ਵੜਦਾਂ, ਪਰ ਕਿੱਥੇ?”
“ਮੇਰੇ ਘਰ, ਹੋਰ ਕਿੱਥੇ।”
“ਨ੍ਹੀਂ ਆਫੀਆ ਉਥੇ ਨ੍ਹੀਂ ਮੈਂ ਜਾ ਸਕਦਾ। ਤੈਨੂੰ ਪਤਾ ਈ ਐ ਕਿ ਪਿੱਛੇ ਕੀ ਕੁਛ ਹੋ ਕੇ ਹਟਿਆ ਐ।”
“ਅਮਜਦ ਉਸ ਦੇ ਲਈ ਆਪਾਂ ਦੋਨੋਂ ਈ ਕਸੂਰਵਾਰ ਸੀ। ਹੁਣ ਪੁਰਾਣੀਆਂ ਗੱਲਾਂ ਭੁਲਾਉਣ ਦਾ ਫੈਸਲਾ ਵੀ ਆਪਣਾ ਦੋਨਾਂ ਦਾ ਈ ਐ।”
“ਫਿਰ ਵੀ ਆਫੀਆ ਮੈਂ ਮੁਆਫੀ ਚਾਹੁੰਨਾਂ ਉਸ ਘਰ ‘ਚæææ।” ਅਗਾਂਹ ਉਸ ਨੇ ਗੱਲ ਵਿਚਾਲੇ ਛੱਡ ਦਿੱਤੀ।
“ਚੱਲ ਫਿਰ ਇਉਂ ਕਰਦੇ ਆਂ, ਨਾ ਤੇਰੇ ਘਰ ਤੇ ਨਾ ਈ ਮੇਰੇ। ਆਪਾਂ ਅਪਾਰਟਮੈਂਟ ਲੈ ਲੈਨੇ ਆਂ ਤੇ ਆਪਣੀ ਜ਼ਿੰਦਗੀ ਨਵੇਂ ਸਿਰਿਉਂ ਸ਼ੁਰੂ ਕਰਾਂਗੇ?”
“ਤੇਰੀ ਇਸ ਗੱਲ ‘ਤੇ ਗੌਰ ਕੀਤਾ ਜਾ ਸਕਦਾ ਐ।”
“ਗੌਰ ਕੀ ਕਰਨੈਂ। ਆਪਾਂ ਕਿਹੜਾ ਕਿਸੇ ਤੋਂ ਇਜਾਜ਼ਤ ਲੈਣੀ ਆ। ਚੱਲ ਉਠ, ਅੱਜ ਕਿਸੇ ਹੋਟਲ ‘ਚ ਰੁਕ ਜਾਵਾਂਗੇ। ਕੱਲ੍ਹ ਨੂੰ ਮੈਂ ਟੈਕਸੀ ਕਰ ਕੇ ਬੱਚਿਆਂ ਨੂੰ ਲੈ ਆਊਂਗੀ ਤੇ ਤੂੰ ਉਦੋਂ ਨੂੰ ਕਿਧਰੇ ਅਪਾਰਟਮੈਂਟ ਦਾ ਇੰਤਜ਼ਾਮ ਕਰ ਲਵੀਂ।”
“ਹਾਂ ਇਹ ਗੱਲ ਤੇਰੀ ਬਿਲਕੁਲ ਠੀਕ ਐ।”
ਅਮਜਦ ਦੇ ਹਾਮੀ ਭਰਦਿਆਂ ਹੀ ਆਫੀਆ ਨੇ ਉਸ ਦੇ ਦੁਆਲੇ ਬਾਂਹਾਂ ਕੱਸ ਲਈਆਂ। ਉਸ ਨੂੰ ਲੱਗਿਆ ਜਿਵੇਂ ਕਿ ਮਨ ਤੋਂ ਮਣਾਂ ਮੂੰਹੀਂ ਭਾਰ ਲਹਿ ਗਿਆ ਹੋਵੇ। ਇੰਨੇ ਨੂੰ ਅਮਜਦ ਦੇ ਫੋਨ ਦੀ ਘੰਟੀ ਵੱਜੀ। ਉਸ ਨੇ ਆਫੀਆ ਨੂੰ ਉਵੇਂ ਹੀ ਛਾਤੀ ਨਾਲ ਲਾਈ ਰੱਖਿਆ ਤੇ ਫੋਨ ਆਨ ਕਰ ਕੇ ਹੈਲੋ ਕਹੀ। ਉਧਰ ਫੋਨ ‘ਤੇ ਉਸ ਦੀ ਮਾਂ ਦੀ ਆਵਾਜ਼ ਆਈ, “ਪੁੱਤਰ ਅਮਜਦ, ਤੂੰ ਕਿੱਧਰ ਰਹਿ ਗਿਐਂ?”
“ਅੰਮੀ ਮੈਂ ਤਾਂæææ।” ਉਸ ਨੇ ਆਫੀਆ ਨੂੰ ਮੂੰਹ ‘ਤੇ ਉਂਗਲ ਰੱਖਣ ਦਾ ਇਸ਼ਾਰਾ ਕੀਤਾ ਤੇ ਫਿਰ ਅੱਗੇ ਬੋਲਿਆ, “ਅੰਮੀ ਮੈਨੂੰ ਤਾਂ ਇੱਧਰ ਕਿਧਰੇ ਕੰਮ ਆਉਣਾ ਪੈ ਗਿਆ ਸੀ।”
ਆਫੀਆ ਜਿਸ ਦਾ ਚਿੱਤ ਅਮਜਦ ਦੀ ਮਾਂ ਦਾ ਫੋਨ ਆਉਣ ‘ਤੇ ਹੀ ਖਰਾਬ ਹੋ ਗਿਆ ਸੀ, ਫੋਨ ‘ਚੋਂ ਉਸ ਤੱਕ ਪਹੁੰਚਦੀ ਗੱਲ ਧਿਆਨ ਨਾਲ ਸੁਣਨ ਲੱਗੀ। ਅਮਜਦ ਦੀ ਮਾਂ ਬੋਲੀ, “ਤੈਨੂੰ ਯਾਦ ਹੋਣਾ ਚਾਹੀਦਾ ਸੀ ਕਿ ਤੂੰ ਅੱਜ ਕਿਸੇ ਨੂੰ ਡਿਨਰ ਕਰਵਾਉਣ ਲੈ ਕੇ ਜਾਣਾ ਸੀ।”
“ਜੀ ਅੰਮੀ। ਮੈਂ ਤੁਹਾਨੂੰ ਬਾਅਦ ਵਿਚ ਫੋਨ ਕਰਦਾਂ।”
ਅਮਜਦ ਦੀ ਮਾਂ ਨੇ ਉਸ ਦੀ ਦੁਬਾਰਾ ਫੋਨ ਕਰਨ ਵਾਲੀ ਗੱਲ ਸੁਣੀ ਈ ਨਾ ਤੇ ਆਪ ਮੁਹਾਰੇ ਹੀ ਬੋਲਣ ਲੱਗੀ, “ਤੇਰੀ ਹੋਣ ਵਾਲੀ ਦੁਲਹਨ ਤੇਰੀ ਉਡੀਕ ਕਰਦੀ ਰਹੀ। ਤੂੰ ਨਾ ਆਇਆ ਤਾਂ ਆਖਰ ਉਹ ਘਰ ਚਲੀ ਗਈ।”
“ਹੋਣ ਵਾਲੀ ਦੁਲਹਨ!?” ਇਹ ਲਫਜ਼ ਸੁਣਦਿਆਂ ਹੀ ਆਫੀਆ ਦੇ ਸੀਨੇ ‘ਤੇ ਆਰੀ ਚੱਲ ਗਈ, ਫਿਰ ਵੀ ਉਹ ਜ਼ਬਤ ‘ਚ ਰਹੀ। ਉਸ ਨੂੰ ਅਮਜਦ ਦੀ ਮਾਂ ਦੀ ਗੱਲ ਫਿਰ ਸੁਣਨ ਲੱਗੀ, “ਹੁਣੇ ਇਹ ਹਾਲ ਐ ਤਾਂ ਪਿੱਛੋਂ ਕੀ ਪੂਰੀਆਂ ਪਾਉਗੇ। ਦੋ ਦਿਨ ਪਿੱਛੋਂ ਤੁਹਾਡਾ ਨਿਕਾਹ ਐ। ਤੂੰ ਕੁਛ ਤਾਂ ਸੋਚਣਾ ਸੀ।”
ਹੁਣ ਆਫੀਆ ਤੋਂ ਆਪਣੇ ਆਪ ‘ਤੇ ਕਾਬੂ ਨਾ ਰੱਖ ਹੋਇਆ। ਉਹ ਛਾਲ ਮਾਰ ਕੇ ਉਠੀ।
“ਅਮਜਦ ਬੰਦਿਆ, ਪਿਆਰ ਦੇ ਵਾਅਦੇ ਮੇਰੇ ਨਾਲ, ਤੇ ਉਧਰ ਨਵਾਂ ਨਿਕਾਹ ਰਚਾਉਣ ਦੀ ਤਿਆਰੀ ਚੱਲ ਰਹੀ ਐ। ਮੈਂ ਤੈਨੂੰ ਇੰਨਾ ਕਮੀਨਾ ਨ੍ਹੀਂ ਸੀ ਸਮਝਿਆ।” ਇੰਨਾ ਕਹਿੰਦਿਆਂ ਆਫੀਆ ਨੇ ਝਪਟ ਕੇ ਅਮਜਦ ਦੇ ਗਲਾਮੇ ‘ਚ ਹੱਥ ਪਾ ਲਿਆ। ਉਹ ਉਸ ਨੂੰ ਇੱਧਰ-ਉਧਰ ਖਿਚਦੀ ਰਹੀ। ਫਿਰ ਉਸ ਦੀ ਛਾਤੀ ‘ਚ ਮੁੱਕੀਆਂ ਮਾਰਨ ਲੱਗੀ। ਮੁੱਕੀਆਂ ਮਾਰ ਮਾਰ ਕੇ ਉਹ ਹਫ ਗਈ ਤਾਂ ਅਮਜਦ ਦੀ ਛਾਤੀ ਨਾਲ ਲੱਗਣ ਨੂੰ ਅਹੁਲੀ ਜਿਵੇਂ ਉਹ ਹਰ ਲੜਾਈ ਪਿੱਛੋਂ ਕਰਦੀ ਹੁੰਦੀ ਸੀ, ਪਰ ਫਿਰ ਉਹ ਇੱਕਦਮ ਰੁਕੀ ਤੇ ਪਿਛਾਂਹ ਹਟਦੀ ਹੱਥਾਂ ‘ਚ ਮੂੰਹ ਲੈ ਕੇ ਰੋਣ ਲੱਗੀ। ਅਮਜਦ ਦੀ ਵੀ ਰੁੱਸੀ ਹੋਈ ਆਫੀਆ ਨੂੰ ਸੀਨੇ ਨਾਲ ਲਾਉਣ ਦੀ ਚਾਹਤ ਮਨ ‘ਚ ਹੀ ਰਹਿ ਗਈ।
ਕੁਝ ਦੇਰ ਹੌਕੇ ਭਰਦਿਆਂ ਆਫੀਆ ਸੰਭਲੀ ਤੇ ਉਸ ਨੇ ਜਾਣ ਲਈ ਆਪਣਾ ਬੈਗ ਚੁੱਕ ਲਿਆ।
“ਆਫੀਆ ਮੇਰੀ ਗੱਲ ਸੁਣæææ।” ਅਮਜਦ ਨੇ ਉਸ ਨੂੰ ਰੋਕਣਾ ਚਾਹਿਆ, ਪਰ ਆਫੀਆ ਨੇ ਉਸ ਵੱਲ ਧਿਆਨ ਨਾ ਦਿੱਤਾ।
“ਅਜੇ ਕੁਛ ਨ੍ਹੀਂ ਹੋਇਆ। ਮੈਂ ਸਭ ਸੰਭਾਲ ਲਊਂਗਾ। ਤੂੰ ਮੈਥੋਂ ਮੂੰਹ ਨਾ ਮੋੜ।”
“ਅਮਜਦ ਰੱਸੀ ਟੁੱਟ ਚੁੱਕੀ ਐ। ਹੁਣ ਜਿੰਨਾ ਮਰਜ਼ੀ ਜ਼ੋਰ ਲਾ ਲੈ, ਇਸ ਨੇ ਦੁਬਾਰਾ ਜੁੜਨਾ ਨ੍ਹੀਂ; ਪਰ ਦੁੱਖ ਇਸ ਗੱਲ ਦਾ ਐ ਕਿ ਮੈਂ ਐਵੇਂ ਭੁਲੇਖੇ ਪਾਲਦੀ ਰਹੀ।”
“ਆਫੀਆ ਪੂਰੀ ਗੱਲ ਸੁਣ ਲੈ, ਐਵੇਂ ਝੋਰਾ ਨਾ ਕਰ।”
ਆਫੀਆ ਨੇ ਉਸ ਦੀ ਗੱਲ ਵਿਚਕਾਰੋਂ ਹੀ ਕੱਟ ਦਿੱਤੀ ਤੇ ਬੋਲੀ, “ਤੇਰੀ ਹਾਂ ਤੋਂ ਬਿਨਾਂ ਤਾਂ ਇਹ ਨਿਕਾਹ ਨ੍ਹੀਂ ਹੋ ਰਿਹਾ ਹੋਣਾ? ਮੈਂ ਇਹ ਵੀ ਜਾਣਦੀ ਆਂ ਕਿ ਮੈਨੂੰ ਮਨੋ ਉਤਾਰਨ ਪਿੱਛੋਂ ਈ ਤੂੰ ਰਜ਼ਾਮੰਦੀ ਦਿੱਤੀ ਹੋਊਗੀ। ਫਿਰ ਕੀ ਫਾਇਦਾ ਐਵੇਂ ਸਫਾਈਆਂ ਦੇਣ ਦਾ? ਚੰਗਾ ਤੈਨੂੰ ਨਵੀਂ ਜ਼ਿੰਦਗੀ ਮੁਬਾਰਕ।” ਆਫੀਆ ਉਠ ਕੇ ਤੁਰ ਪਈ।
“ਆਫੀਆ ਇੱਕ ਵਾਰ ਮੇਰੀ ਗੱਲ ਸੁਣ ਲੈ, ਫਿਰ ਭਾਵੇਂæææ।” ਅਮਜਦ ਕੁਝ ਕਹਿਣ ਲੱਗਿਆ ਤਾਂ ਆਫੀਆ ਨੇ ਰੁਕਦੀ ਹੋਈ ਨੇ ਉਸ ਦੀ ਗੱਲ ਅਣਸੁਣੀ ਕਰਦਿਆਂ ਕਿਹਾ, “ਤੈਨੂੰ ਪਤਾ ਐ ਕਿ ਮੈਂ ਤੇਰੇ ਵਾਰ ਵਾਰ ਕੋਸ਼ਿਸ਼ ਕਰਨ ‘ਤੇ ਵੀ ਤਲਾਕਨਾਮੇ ‘ਤੇ ਦਸਤਖਤ ਕਿਉਂ ਨ੍ਹੀਂ ਸੀ ਕਰਦੀ?”
ਅਮਜਦ ਨੇ ਕੋਈ ਜੁਆਬ ਨਾ ਦਿੱਤਾ ਤਾਂ ਆਫੀਆ ਫਿਰ ਬੋਲੀ, “ਕਿਉਂਕਿ ਮੈਨੂੰ ਪਤਾ ਸੀ ਕਿ ਤੂੰ ਮੈਨੂੰ ਟੁੱਟ ਕੇ ਮੁਹੱਬਤ ਕਰਦਾ ਐਂ। ਤੇ ਇਹ ਤਲਾਕ ਵਾਲੇ ਐਵੇਂ ਡਰਾਵੇ ਨੇ। ਮੈਂ ਸੋਚਦੀ ਹੁੰਦੀ ਸੀ ਕਿ ਆਪਾਂ ਦੋਨੋਂ ਇੱਕ ਦੂਜੇ ਨੂੰ ਇੰਨੀ ਮੁਹੱਬਤ ਕਰਦੇ ਆਂ ਕਿ ਇੱਕ ਦੂਜੇ ਬਿਨਾਂ ਰਹਿ ਈ ਨ੍ਹੀਂ ਸਕਦੇ, ਪਰ ਮੈਨੂੰ ਕੀ ਪਤਾ ਸੀ ਕਿ ਤੇਰੇ ਦਿਲ ‘ਚ ਖੋਟ ਐ।”
ਆਫੀਆ ਖੜ੍ਹ ਕੇ ਅਮਜਦ ਦੇ ਬੋਲਣ ਦਾ ਇੰਤਜ਼ਾਰ ਕਰਦੀ ਰਹੀ, ਪਰ ਜਦੋਂ ਉਹ ਕੁਝ ਨਾ ਹੀ ਬੋਲਿਆ ਤਾਂ ਉਹ ਮੁੜਦੀ ਹੋਈ ਅਮਜਦ ਵੱਲ ਆ ਗਈ ਤੇ ਠਰੰਮੇ ਨਾਲ ਬੋਲੀ, “ਜਿਸ ਵਜ੍ਹਾ ਕਰ ਕੇ ਮੈਂ ਇਹ ਤਲਾਕ ਵਾਲਾ ਕੰਮ ਰੋਕਿਆ ਹੋਇਆ ਸੀ, ਉਹ ਵਜ੍ਹਾ ਹੁਣ ਰਹੀ ਈ ਨ੍ਹੀਂ ਤਾਂ ਮੇਰਾ ਐਵੇਂ ਅੜੇ ਰਹਿਣ ਦਾ ਕੀ ਫਾਇਦਾ। ਆ ਮੇਰੇ ਨਾਲ ਹੁਣੇ ਵਕੀਲ ਦੇ ਚੱਲ ਕੇ ਤਲਾਕਨਾਮੇ ‘ਤੇ ਦਸਤਖਤ ਕਰਵਾ ਲੈ।” ਅਮਜਦ ਫਿਰ ਵੀ ਕੁਝ ਨਾ ਬੋਲਿਆ ਤਾਂ ਆਫੀਆ ਉਸ ਦਾ ਹੱਥ ਫੜ ਕੇ ਖਿਚਦੀ ਬਾਹਰ ਲੈ ਆਈ। ਉਥੋਂ ਟੈਕਸੀ ਲੈ ਕੇ ਨੇੜੇ ਹੀ ਵਕੀਲ ਦੇ ਦਫਤਰ ਪਹੁੰਚੇ। ਜਿੱਥੇ ਕਿਤੇ ਵਕੀਲ ਨੇ ਕਿਹਾ, ਆਫੀਆ ਨੇ ਦਸਤਖਤ ਕਰ ਦਿੱਤੇ। ਕੰਮ ਮੁੱਕ ਗਿਆ ਤਾਂ ਆਫੀਆ ਜਾਣ ਲਈ ਉਠ ਖੜ੍ਹੀ ਹੋਈ। ਵਕੀਲ ਫਾਈਲ ਸਮੇਟਦਾ ਬੋਲਿਆ, “ਅਮਜਦ ਸਾਹਿਬ, ਇਸ ਤਲਾਕਨਾਮੇ ਅਨੁਸਾਰ ਤੁਸੀਂ ਬੱਚਿਆਂ ਦਾ ਖਰਚਾ ਹਰ ਮਹੀਨੇ ਉਦੋਂ ਤੱਕ ਅਦਾ ਕਰਦੇ ਰਹੋਗੇ ਜਦੋਂ ਤੱਕ ਉਹ ਬਾਲਗ ਨ੍ਹੀਂ ਹੋ ਜਾਂਦੇ, ਤੇ ਤੁਸੀਂ ਮੋਹਤਰਮਾ ਆਫੀਆ, ਅਮਜਦ ਸਾਹਿਬ ਨੂੰ ਬੱਚਿਆਂ ਨਾਲ ਮਿਲਣ ਤੋਂ ਨ੍ਹੀਂ ਰੋਕੋਗੇ। ਇਹ ਕਾਨੂੰਨੀ ਨੁਕਤੇ ਹਨ, ਇਸੇ ਕਰ ਕੇ ਤੁਹਾਨੂੰ ਪੜ੍ਹ ਕੇ ਸੁਣਾਏ ਨੇ।” ਵਕੀਲ ਪਾਸੇ ਹਟ ਗਿਆ ਤਾਂ ਤੁਰਨ ਤੋਂ ਪਹਿਲਾਂ ਆਫੀਆ, ਅਮਜਦ ਨਾਲ ਹੱਥ ਮਿਲਾਉਂਦਿਆਂ ਬੋਲੀ, “ਨਵੀਂ ਜ਼ਿੰਦਗੀ ਮੁਬਾਰਕ ਮਿਸਟਰ ਅਮਜਦ। ਇਹ ਸ਼ਾਇਦ ਆਪਣੀ ਆਖਰੀ ਮੁਲਾਕਾਤ ਐ।” ਆਫੀਆ ਨੇ ਬਾਹਰੋਂ ਟੈਕਸੀ ਲਈ ਤੇ ਚਲੀ ਗਈ। ਇਸ ਦੇ ਕੁਝ ਦਿਨਾਂ ਪਿੱਛੋਂ ਅਮਜਦ ਦਾ ਨਿਕਾਹ ਹੋ ਗਿਆ।
(ਚੱਲਦਾ)

Be the first to comment

Leave a Reply

Your email address will not be published.