ਸਿਨੇਮਾ ਅਤੇ ਲਹਿੰਦਾ ਪੰਜਾਬ

ਜਤਿੰਦਰ ਸਿੰਘ
ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਲੋਕਾਂ ਦਾ ਬੁਨਿਆਦੀ ਸੁਭਾਅ ਤੇ ਵਰਤਾਰਾ ਕਿਸ ਤਰ੍ਹਾਂ ਦਾ ਹੈ? ਇਸ ਨੂੰ ਸਮਝਣ ਲਈ ਕਲਾ/ਸਿਨੇਮਾ ਦਾ ਸਹਾਰਾ ਲੈਣ ਵਿਚ ਕੋਈ ਝਿਜਕ ਮਹਿਸੂਸ ਨਹੀਂ ਕਰਨੀ ਚਾਹੀਦੀ। ਲਹਿੰਦੇ ਪੰਜਾਬ ਦੇ ਲੋਕਾਂ ਦੇ ਸੁਭਾਅ ਤੇ ਵਿਹਾਰ ਨੂੰ ਜਾਣਨ-ਪਛਾਣਨ ਲਈ ਉਥੋਂ ਦੀਆਂ ਫਿਲਮਾਂ ਦੀ ਘੋਖ-ਪੜਤਾਲ ਕਰਨਾ ਸਾਰਥਕ ਕਾਰਜ ਹੈ।

ਪਾਕਿਸਤਾਨੀ ਫਿਲਮਾਂ ‘ਪੰਜਾਬ ਨਹੀਂ ਜਾਊਂਗੀ’ (ਨਦੀਮ ਬੇਗ) ਤੇ ‘ਲੋਡ ਵੈਡਿੰਗ’ (ਨਬੀਲ ਕੁਰੈਸ਼ੀ) ਸਮਾਜਕ ਗੁੰਝਲਾਂ ਤੇ ਪਰਤਾਂ ਨੂੰ ਵਿਆਹ ਵਰਗੇ ਪੇਚੀਦਾ ਵਰਤਾਰੇ ਰਾਹੀਂ ਖੋਲ੍ਹਣ ਤੇ ਸਮਝਣ ਦਾ ਯਤਨ ਕਰਦੀਆਂ ਹਨ। ਲਹਿੰਦੇ ਪੰਜਾਬ ਦੀ ਰਾਜਨੀਤਕ ਤੇ ਆਰਥਕ ਹਾਲਤ ਵਿਚ ਵੰਡ ਪਿਛੋਂ ਕੁਝ ਤਬਦੀਲੀਆਂ ਵਾਪਰਦੀਆਂ ਹਨ ਜਿਵੇਂ ਚੜ੍ਹਦੇ ਪੰਜਾਬ ਵਿਚ ਲੈਂਡ ਸੀਲਿੰਗ ਐਕਟ ਆਉਣ ਕਰਕੇ ਜਮੀਨਾਂ ਦੀ ਵੰਡ ਕੀਤੀ ਗਈ, ਪਰ ਉਧਰ ਤਾਂ ਜਮੀਨਾਂ ਜਾਗੀਰਦਾਰਾਂ ਦੇ ਹੱਥ ਹੀ ਰਹਿ ਗਈਆਂ। ਇਸੇ ਕਰਕੇ ਆਰਥਕ ਪਾੜਾ ਹੋਣਾ ਸੁਭਾਵਿਕ ਹੀ ਸੀ। ਇਸ ਕਰਕੇ ਲਹਿੰਦੇ ਪੰਜਾਬ ਦਾ ਸਮਾਜਕ ਢਾਂਚਾ ਕੁਝ ਵੱਖਰਾ ਲੱਗਦਾ ਹੈ, ਪਰ ਇਹ ਦੋਨੋਂ ਫਿਲਮਾਂ ਦੇਖ ਕੇ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਲਹਿੰਦੇ ਪੰਜਾਬੀਆਂ ਦੇ ਅਮੀਰ ਅਤੇ ਗਰੀਬ ਵਰਗ ਹੋਣ ਦੇ ਬਾਵਜੂਦ ਉਨ੍ਹਾਂ ਨੇ ਆਪੋ-ਆਪਣੇ ਸਮਾਜ ਦੀਆਂ ਜੋ ਊਣਤਾਈਆਂ ਇਨ੍ਹਾਂ ਫਿਲਮਾਂ ਰਾਹੀਂ ਉਜਾਗਰ ਕੀਤੀਆਂ ਹਨ, ਉਹ ਵਿਆਹ ਨਾਲ ਸਬੰਧਤ ਹਨ, ਜਿਵੇਂ ਵਿਆਹਾਂ ‘ਤੇ ਜ਼ਿਆਦਾ ਖਰਚ ਕਰਨਾ, ਦਾਜ ਪ੍ਰਥਾ, ਘਰੇਲੂ ਹਿੰਸਾ, ਔਰਤ ਨਾਲ ਸਮਾਜਕ ਨਾਬਰਾਬਰੀ ਆਦਿ।
ਇਹ ਦੋਵੇਂ ਫਿਲਮਾਂ ਲਹਿੰਦੇ ਪੰਜਾਬ ਦੇ ਵਾਸੀਆਂ ਦੇ ਸੁਭਾਅ ਤੇ ਉਨ੍ਹਾਂ ਦੇ ਕਾਰ-ਵਿਹਾਰ ਨੂੰ ਜਾਣਨ ਲਈ ਬਹੁਤ ਮਹੱਤਵ ਰੱਖਦੀਆਂ ਹਨ। ਦੋਵੇਂ ਪੰਜਾਬਾਂ ਦੇ ਲੋਕਾਂ ਦੇ ਸੁਭਾਅ ਦੀਆਂ ਬੁਨਿਆਦਾਂ ਸਾਂਝੀਆਂ ਹਨ। ਪਹਿਲੀ ਫਿਲਮ ਜਾਗੀਰਦਾਰੀ ਪਰਿਵਾਰਾਂ ਅਤੇ ਦੂਜੀ ਆਰਥਕ ਪੱਖੋਂ ਸਾਧਾਰਨ ਲੋਕਾਂ ਦੀ ਵਿਥਿਆ ਬਿਆਨ ਕਰਦੀ ਹੈ।
‘ਪੰਜਾਬ ਨਹੀਂ ਜਾਊਂਗੀ’ ਫਿਲਮ ਦੀ ਮੁੱਖ ਅਦਾਕਾਰਾ ਅਮਲ (ਮਹਿਵਿਸ਼ ਹਯਾਤ) ਕਰਾਚੀ ਦੇ ਅਮੀਰ ਘਰਾਣੇ ਨਾਲ ਸਬੰਧ ਰੱਖਦੀ ਹੈ ਤੇ ਉਹ ਇੰਗਲੈਂਡ ਵਿਚ ਅਰਥ ਵਿਗਿਆਨ ਦੀ ਐਮ. ਏ. ਕਰਕੇ ਪਾਕਿਸਤਾਨ ਆਉਂਦੀ ਹੈ, ਸ਼ਾਇਦ ਇਸੇ ਪੜ੍ਹਾਈ ਸਦਕਾ ਉਹ ਸਾਮੰਤਵਾਦੀ ਤੇ ਜਾਗੀਰਦਾਰੀ ਕਦਰਾਂ ਕੀਮਤਾਂ ਨੂੰ ਪਸੰਦ ਨਹੀਂ ਕਰਦੀ। ਉਸ ਨੂੰ ਇਸ ਗੱਲ ਦਾ ਵੀ ਇਲਮ ਹੈ ਕਿ ਜਾਗੀਰਦਾਰ ਪੰਜਾਬੀਆਂ ਵਿਚ ਬਹੁਤ ਹੈਂਕੜ ਹੁੰਦੀ ਹੈ। ਇਸ ਕਰਕੇ ਉਹ ਪਹਿਲਾਂ ਤਾਂ ਫਵਾਦ ਖੱਗਾ (ਹਮਾਯੂੰ ਸੱਯਦ) ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੰਦੀ ਹੈ, ਪਰ ਬਾਅਦ ਵਿਚ ਭਾਵੁਕਤਾ ਦੇ ਵਹਿਣ ਵਿਚ ਵਹਿ ਕੇ ਫਵਾਦ ਖੱਗਾ ਨਾਲ ਵਿਆਹ ਲਈ ਰਾਜ਼ੀ ਹੋ ਜਾਂਦੀ ਹੈ। ਉਹ ਆਪਣੀ ਲਿਆਕਤ ਨਾਲ ਆਪਣੇ ਖਾਵੰਦ ਦੇ ਘਰ ਤੇ ਕਾਰੋਬਾਰ ਨੂੰ ਤਾਂ ਸੁਧਾਰ ਦਿੰਦੀ ਹੈ ਪਰ ਫਵਾਦ ਦੇ ਬੁਨਿਆਦੀ ਸੁਭਾਅ ਤੇ ਵਿਹਾਰ ਤੋਂ ਤੰਗ ਆ ਜਾਂਦੀ ਹੈ। ਇਸੇ ਕਰਕੇ ਉਹ ਮੁੜ ਪੰਜਾਬ ਨਾ ਜਾਣ ਦਾ ਫੈਸਲਾ ਲੈਂਦੀ ਹੈ।
ਦੂਜੀ ਫਿਲਮ ‘ਲੋਡ ਵੈਡਿੰਗ’ ਵੀ ਵਿਆਹ ‘ਤੇ ਕੇਂਦਰਿਤ ਹੈ। ਇਹ ਸਾਧਾਰਨ ਪਾਕਿਸਤਾਨੀ ਔਰਤ ‘ਤੇ ਲੱਗੀਆਂ ਰੋਕਾਂ, ਸਮਾਜਕ ਨਾਬਰਾਬਰੀ ਅਤੇ ਮੀਡੀਆ ‘ਤੇ ਵਿਅੰਗ ਕਰਦੀ ਹੈ। ਪੰਜਾਬੀਆਂ ਦੇ ਸੁਭਾਅ ਦਾ ਇਹ ਹਿੱਸਾ ਹੈ ਕਿ ਜਿਸ ਕੁੜੀ ਨਾਲ ਵਿਆਹ ਕਰਾਉਣਾ ਹੈ, ਉਹ ਪਤਲੀ, ਸੁੰਦਰ, ਛੋਟੀ ਉਮਰ ਤੇ ਆਰਥਕ ਪੱਖੋਂ ਮਜ਼ਬੂਤ ਹੋਵੇ। ਇਸ ਫਿਲਮ ਵਿਚ ਮੁੱਖ ਅਦਾਕਾਰ ਰਾਜਾ (ਫਹਾਦ ਮੁਸਤਫਾ) ਦੀ ਭੈਣ ਫਰਹਾਨਾ (ਸਮਾਨੀਆ ਅਹਿਮਦ) ਇਸੇ ਕਾਰਨ ਵਿਆਹੀ ਨਹੀਂ ਜਾਂਦੀ। ਦੂਜੇ ਪਾਸੇ ਇਹ ਫਿਲਮ ਕਈ ਸਮਾਜਕ ਮਿੱਥਾਂ ਤੋੜਦੀ ਹੈ ਕਿ ਮੁਸਲਮਾਨ ਵਿਧਵਾ ਔਰਤ ਵਿਆਹ ਨਹੀਂ ਕਰਵਾ ਸਕਦੀ, ਉਹ ਵੀ ਦਾਜ ਤੋਂ ਬਿਨਾ। ਪੰਜਾਬੀ ਸਮਾਜ ਦਾਜ ਤੋਂ ਬਗੈਰ ਕੁੜੀ ਦੇ ਵਿਆਹ ਦੀ ਇਜਾਜ਼ਤ ਨਹੀਂ ਦਿੰਦਾ, ਪਰ ਮੁੱਖ ਅਦਾਕਾਰਾ ਮੀਰੂ ਦੂਜਾ ਵਿਆਹ ਕਰਕੇ ਇਹ ਮਿੱਥ ਤੋੜਦੀ ਹੈ।
ਤੀਜਾ ਨੁਕਤਾ ਇਹ ਉਭਰ ਕੇ ਆਉਂਦਾ ਹੈ ਕਿ ਮੀਡੀਆ ਨੂੰ ਇਸ ਫਿਲਮ ਵਿਚ ਘੜੀਸਿਆ ਅਤੇ ਉਸ ਦਾ ਚਿਹਰਾ ਬੇਨਕਾਬ ਕੀਤਾ ਗਿਆ ਹੈ। ਇਸ ਤਰ੍ਹਾਂ ਦੀ ਭੂਮਿਕਾ ਹਿੰਦੋਸਤਾਨੀ ਮੀਡੀਆ ਨਿਭਾਉਂਦਾ ਹੈ, ਠੀਕ ਉਸੇ ਤਰ੍ਹਾਂ ਮੀਡੀਆ ਤੇ ਟੀ. ਵੀ. ਆਪਣੀ ਟੀ. ਆਰ. ਪੀ. ਵਧਾਉਣ ਲਈ ਲੋਕਾਂ ਦੀ ਮਜਬੂਰੀ ਤੇ ਗਰੀਬੀ ਦਾ ਹਮਦਰਦ ਬਣ ਬੈਠਦਾ ਹੈ ਅਤੇ ਉਨ੍ਹਾਂ ਨੂੰ ਆਪਣੀ ਲੋਕਪ੍ਰਿਯਤਾ ਭਾਵ ਟੀ. ਆਰ. ਪੀ. ਵਧਾਉਣ ਲਈ ਵਰਤਦਾ ਹੈ। ਮੀਡੀਆ ਗਰੀਬੀ ਨਾਲ ਲਤਾੜੇ ਲੋਕਾਂ ਦੀ ਹਮਦਰਦੀ ਤੇ ਗਰੀਬੀ ਨੂੰ ਵੇਚਦਾ ਨਜ਼ਰ ਆ ਰਿਹਾ ਹੈ। ਲੋਕਾਂ ਨੂੰ ਇਹ ਲਗਦਾ ਹੈ ਕਿ ਉਹ ਲੋਕਾਂ ਦੀ ਮਦਦ ਕਰ ਰਹੇ ਹਨ, ਪਰ ਉਹ ਤਾਂ ਆਪਣੇ ਮੁਨਾਫੇ ਦੀਆਂ ਸਕੀਮਾਂ ਘੜ ਰਹੇ ਹੁੰਦੇ ਹਨ। ਇਸ ਤਰ੍ਹਾਂ ਦੀਆਂ ਸਮਾਜਕ ਘੁਣਤਰਾਂ ਨੂੰ ਖੋਲ੍ਹਣ ਦਾ ਯਤਨ ਇਹ ਫਿਲਮਾਂ ਕਰਦੀਆਂ ਹਨ। ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਇਹ ਫਿਲਮਾਂ ਮੁਨਾਫੇ ਨੂੰ ਧਿਆਨ ਵਿਚ ਰੱਖ ਕੇ ਨਹੀਂ ਬਣੀਆਂ, ਪਰ ਘੱਟੋ-ਘੱਟ ਸਮਾਜਕ ਊਣਤਾਈਆਂ ਤੇ ਸਮੱਸਿਆਵਾਂ ‘ਤੇ ਸੰਦੇਸ਼ ਦੇਣ ਤਕ ਤਾਂ ਸਫਲ ਹਨ, ਜਦੋਂਕਿ ਹਿੰਦੋਸਤਾਨੀ ਪੰਜਾਬੀ ਫਿਲਮਾਂ ਆਪਣੇ ਬੁਨਿਆਦੀ ਫਰਜ਼ ਤੋਂ ਭੱਜਦੀਆਂ ਨਜ਼ਰ ਆ ਰਹੀਆਂ ਹਨ।