ਚੰਗੇ ਵਿਸ਼ਿਆਂ ਤੋਂ ਪੰਜਾਬੀ ਸਿਨੇਮਾ ਅਜੇ ਸੱਖਣਾ: ਸੁਖਮਿੰਦਰ ਧੰਜਲ

ਸੁਰਜੀਤ ਜੱਸਲ
ਫੋਨ: 91-98146-07737
ਸੁਖਮਿੰਦਰ ਧੰਜਲ ਪੰਜਾਬੀ ਸਿਨੇਮਾ ਨਾਲ ਚਿਰਾਂ ਤੋਂ ਜੁੜਿਆ ਇੱਕ ਨਾਮੀ ਲੇਖਕ, ਨਿਰਦੇਸ਼ਕ ਹੈ। ਉਸ ਨੇ ਫਿਲਮ ‘ਮੇਲਾ’ ਤੋਂ ਆਪਣਾ ਫਿਲਮੀ ਸਫਰ ਸ਼ੁਰੂ ਕੀਤਾ, ਜੋ ਅੱਜ ਵੀ ਨਿਰੰਤਰ ਜਾਰੀ ਹੈ। ਉਸ ਦੀ ਦੂਜੀ ਫਿਲਮ ‘ਬਾਗੀ’ ਨੇ ਉਸ ਦੀ ਝੋਲੀ ‘ਨੈਸ਼ਨਲ ਐਵਾਰਡ’ ਪਾਇਆ। ਸੁਖਮਿੰਦਰ ਧੰਜਲ ਧੜਾਧੜ ਫਿਲਮਾਂ ਕਰਕੇ ਗਿਣਤੀ ਵਧਾਉਣ ਵਾਲੇ ਨਿਰਦੇਸ਼ਕਾਂ ਵਿਚੋਂ ਨਹੀਂ, ਸਗੋਂ ਚੰਗੇ ਵਿਸ਼ਿਆਂ ‘ਤੇ ਆਧਾਰਤ ਲੋਕ ਹਿਤਾਂ ਨਾਲ ਜੁੜੀਆਂ ਅਰਥ ਭਰਪੂਰ ਫਿਲਮਾਂ ਕਰਕੇ ਜਾਣਿਆਂ ਜਾਂਦਾ ਹੈ। ‘ਮੇਲਾ’, ‘ਬਾਗੀ’, ‘ਲੱਗਦਾ ਇਸ਼ਕ ਹੋ ਗਿਆ’, ‘ਕਬੱਡੀ ਵੰਨਸ ਅਗੇਨ’ ਫਿਲਮਾਂ ਤੋਂ ਬਾਅਦ ਉਹ ਇਨ੍ਹੀਂ ਦਿਨੀਂ ਓਹਰੀ ਪ੍ਰੋਡਕਸ਼ਨ ਦੇ ਬੈਨਰ ਹੇਠ 3 ਮਈ ਨੂੰ ਰਿਲੀਜ਼ ਹੋ ਰਹੀ ਫਿਲਮ ‘ਬਲੈਕੀਆ’ ਨਾਲ ਇੱਕ ਵਾਰ ਫਿਰ ਚਰਚਾ ਵਿਚ ਹੈ।

ਬਰਨਾਲਾ ਜਿਲੇ ਦੇ ਪਿੰਡ ਚੱਕ ਭਾਈ ਕਾ ‘ਚ ਜਨਮੇ ਸੁਖਮਿੰਦਰ ਧੰਜਲ ਨੇ ਭਾਵੇਂ ਇਲੈਕਟਰੀਕਲ ਇੰਜੀਨੀਅਰਿੰਗ ਕੀਤੀ, ਪਰ ਉਸ ਦਾ ਥੀਏਟਰ ਕਰਨ ਦਾ ਸ਼ੌਕ ਉਸ ਨੂੰ ਮੁੰਬਈ ਲੈ ਗਿਆ, ਜਿੱਥੇ ਸਖਤ ਮਿਹਨਤ ਕਰਦਿਆਂ ਉਸ ਨੇ ਆਪਣਾ ਫਿਲਮ ਡਾਇਰੈਕਟਰ ਬਣਨ ਦਾ ਸੁਪਨਾ ਪੂਰਾ ਕੀਤਾ। ਫਿਲਮ ਇੰਡਸਟਰੀ ‘ਚੋਂ ਲੰਮਾ ਸਮਾਂ ਗਾਇਬ ਰਹਿਣ ਬਾਰੇ ਉਨ੍ਹਾਂ ਕਿਹਾ, “ਮੈਂ ਆਮ ਫਿਲਮਾਂ ਤੋਂ ਹਟ ਕੇ ਕੁਝ ਵੱਖਰਾ ਕਰਨ ਦੀ ਤਾਂਘ ਵਿਚ ਸਾਂ, ਜੋ ਕਾਮੇਡੀ ਤੇ ਵਿਆਹਾਂ ਵਾਲੇ ਸਿਨੇਮਾ ਤੋਂ ਹਟ ਕੇ ਹੋਵੇ। ਮੈਨੂੰ ਅਜਿਹੀਆਂ ਕਈ ਫਿਲਮਾਂ ਦੀਆਂ ਪੇਸ਼ਕਸ਼ਾਂ ਆਈਆਂ, ਪਰ ਦਿਸ਼ਾਹੀਣ ਫਿਲਮਾਂ ਕਰਨ ਨੂੰ ਮੇਰੀ ਜ਼ਮੀਰ ਨਾ ਮੰਨੀ। ਨੈਸ਼ਨਲ ਐਵਾਰਡ ਲੈ ਕੇ ਫਰਜ਼ ਬਣਦਾ ਕਿ ਮਨੋਰੰਜਨ ਦੇ ਨਾਲ ਨਾਲ ਸਮਾਜ ਨੂੰ ਵੀ ਕੋਈ ਚੰਗਾ ਮੈਸੇਜ ਦਿੰਦੀ ਫਿਲਮ ਬਣਾਵਾਂ।”
ਮੌਜੂਦਾ ਸਿਨੇਮੇ ਬਾਰੇ ਉਸ ਦਾ ਕਹਿਣਾ ਹੈ ਕਿ ਅੱਜ ਸਿਨੇਮਾ ‘ਟਾਕੀਜ਼ ਤੋਂ ਮਲਟੀਪਲੈਕਸ’ ਦਾ ਰੂਪ ਲੈ ਚੁਕਾ ਹੈ, ਪਰ ਅਫਸੋਸ ਕਿ ਚੰਗੇ ਵਿਸ਼ਿਆਂ ਤੋਂ ਸਾਡਾ ਪੰਜਾਬੀ ਸਿਨੇਮਾ ਅਜੇ ਸੱਖਣਾ ਹੈ।
ਸੁਖਮਿੰਦਰ ਧੰਜਲ ਨੇ ਦੱਸਿਆ ਕਿ ਫਿਲਮ ‘ਬਲੈਕੀਆ’ 70 ਦੇ ਦਹਾਕੇ ਦੀ ਹੈ, ਜਦੋਂ ਪਾਕਿਸਤਾਨ ਤੇ ਪੰਜਾਬ ਦੀ ਸਰਹੱਦ ‘ਤੇ ਸੋਨਾ, ਚਾਂਦੀ ਅਤੇ ਨਸ਼ਿਆਂ ਦੀ ਸਮੱਗਲਿੰਗ ਹੋਇਆ ਕਰਦੀ ਸੀ। ਇਸ ਫਿਲਮ ਵਿਚ ਬਹੁਤੇ ਕਲਾਕਾਰ ਥੀਏਟਰ ਦੇ ਹਨ, ਜਿਨ੍ਹਾਂ ਨੇ ਪੰਜਾਬੀ ਫਿਲਮਾਂ ਵਿਚ ਵੀ ਚੰਗਾ ਨਾਂ ਕਮਾਇਆ ਹੈ। ਇਹ ਫਿਲਮ ਪੀ. ਟੀ. ਸੀ. ਮੋਸ਼ਨ ਪਿਕਚਰਜ਼ ਅਤੇ ਗਲੋਬ ਮੂਵੀਜ਼ ਵਲੋਂ 3 ਮਈ ਨੂੰ ਦੁਨੀਆਂ ਭਰ ‘ਚ ਰਿਲੀਜ਼ ਕੀਤੀ ਜਾ ਰਹੀ ਹੈ।

ਐਮੀ ਵਿਰਕ ਤੇ ਸੋਨਮ ਬਾਜਵਾ ਦੀ ਫਿਲਮ ‘ਮੁਕਲਾਵਾ’
‘ਅੰਗਰੇਜ਼’ ਫਿਲਮ ਨਾਲ ਚਰਚਾ ਵਿਚ ਆਏ ਨਿਰਦੇਸ਼ਕ ਸਿਮਰਜੀਤ ਨੂੰ ਜੇ ਵਿਰਾਸਤੀ ਸਿਨੇਮਾ ਦਾ ਵਾਰਿਸ ਕਹਿ ਲਈਏ ਤਾਂ ਕੋਈ ਅਤਿ ਕਥਨੀ ਨਹੀਂ ਹੋਵੇਗੀ। ਪੰਜਾਬੀ ਸਿਨੇਮਾ ਰਾਹੀਂ ਪੁਰਾਤਨ ਵਿਰਸੇ ਨੂੰ ਸਾਂਭਣ ਲਈ ਪਾਈ ਉਸ ਦੀ ਪੈੜ ਅੱਜ ਪਗਡੰਡੀ ਬਣ ਚੁਕੀ ਹੈ। ਸਿਮਰਜੀਤ ਆਪਣੀਆਂ ਫਿਲਮਾਂ ਨਾਲ ਹਮੇਸਾ ਹੀ ਚਰਚਾ ਵਿਚ ਰਿਹਾ ਹੈ। ਇਨ੍ਹੀਂ ਦਿਨੀਂ ਉਹ ਇੱਕ ਹੋਰ ਵਿਰਾਸਤੀ ਮਹਿਕ ਵਾਲੀ ਪਰਿਵਾਰਕ ਕਾਮੇਡੀ ਫਿਲਮ ‘ਮੁਕਲਾਵਾ’ ਲੈ ਕੇ ਆ ਰਿਹਾ ਹੈ।
ਪੰਜਾਬੀ ਫਿਲਮ ਅਤੇ ਸੰਗੀਤ ਖੇਤਰ ਵਿਚ ‘ਵ੍ਹਾਈਟ ਹਿੱਲ ਸਟੂਡੀਓਜ਼’ ਇੱਕ ਵੱਡਾ ਨਾਂ ਹੈ, ਜੋ ਪੰਜਾਬੀ ਫਿਲਮਾਂ ਦੇ ਨਿਰਮਾਣ, ਡਿਸਟ੍ਰੀਬਿਊਸ਼ਨ ਅਤੇ ਮਿਊਜ਼ਿਕ ਵਜੋਂ ਜਾਣਿਆ ਜਾਂਦਾ ਹੈ। ਇਸ ਦੇ ਕਰਤਾ ਧਰਤਾ ਗੁਣਬੀਰ ਸਿੰਘ ਸਿੱਧੂ ਤੇ ਮਨਮੋਰਡ ਸਿੱਧੂ ਨੇ ਹਮੇਸ਼ਾ ਹੀ ਚੰਗੀਆਂ ਤੇ ਅਰਥਭਰਪੂਰ ਮਨੋਰੰਜਕ ਫਿਲਮਾਂ ਦਿੱਤੀਆਂ ਹਨ। ਫਿਲਮ ‘ਮੁਕਲਾਵਾ’ ਦਾ ਨਿਰਮਾਣ ‘ਵ੍ਹਾਈਟ ਹਿੱਲ ਸਟੂਡੀਓਜ਼’ ਨੇ ‘ਗ੍ਰੇ ਸਲੇਟ ਪਿਕਚਰਜ਼’ ਨਾਲ ਮਿਲ ਕੇ ਕੀਤਾ ਗਿਆ ਹੈ। ਨਿਰਮਾਤਾ ਗੁਣਬੀਰ ਸਿੰਘ ਸਿੱਧੂ ਤੇ ਮਨਮੋਰਡ ਸਿੱਧੂ ਨੇ ਕਿਹਾ ਕਿ 24 ਮਈ ਨੂੰ ਰਿਲੀਜ਼ ਹੋ ਰਹੀ ਇਸ ਫਿਲਮ ਵਿਚ ਪੰਜਾਬੀ ਸਿਨਮੇ ਦੀ ਹਿੱਟ ਜੋੜੀ ਐਮੀ ਵਿਰਕ ਤੇ ਸੋਨਮ ਬਾਜਵਾ ਨੇ ਮੁੱਖ ਭੂਮਿਕਾ ਨਿਭਾਈ ਹੈ।
ਫਿਲਮ ਦੀ ਕਹਾਣੀ 1960-65 ਦੇ ਸਮਿਆਂ ਦੀ ਹੈ, ਜਦ ਮਾਂ-ਬਾਪ ਆਪਣੇ ਬੱਚਿਆਂ ਦਾ ਵਿਆਹ ਨਿਆਣੀ ਉਮਰੇ ਹੀ ਕਰ ਦਿੰਦੇ ਸਨ। ਮੁਕਲਾਵੇ ਤੋਂ ਪਹਿਲਾਂ ਮੁੰਡੇ-ਕੁੜੀ ਨੂੰ ਮਿਲਣ ਨਹੀਂ ਸੀ ਦਿੱਤਾ ਜਾਂਦਾ, ਜੇ ਕੋਈ ਅਜਿਹਾ ਕਰਨ ਦੀ ਕੋਸ਼ਿਸ ਕਰਦਾ ਸੀ ਤਾਂ ਗੱਲ ਰਿਸ਼ਤਾ ਟੁੱਟਣ ਤੱਕ ਆ ਜਾਂਦੀ ਸੀ। ਫਿਲਮ ਦੀ ਕਹਾਣੀ ਵੀ ‘ਮੁਕਲਾਵੇ’ ‘ਤੇ ਆਧਾਰਤ ਹੈ। ਫਿਲਮ ਦਾ ਨਾਇਕ ਜਵਾਨ ਹੋਣ ‘ਤੇ ਆਪਣੀ ਪਤਨੀ ਨੂੰ ਵੇਖਣਾ ਚਾਹੁੰਦਾ ਹੈ, ਜਿਸ ਲਈ ਉਹ ਆਪਣੇ ਯਾਰਾਂ-ਦੋਸਤਾਂ ਦੇ ਕਹਿਣ ‘ਤੇ ਕਈ ਢੰਗ ਤਰੀਕੇ ਵਰਤਦਾ ਹੈ, ਜੋ ਫਿਲਮ ਨੂੰ ਕਾਮੇਡੀ ਤੇ ਰੌਚਕ ਬਣਾਉਂਦੇ ਹਨ। ਫਿਲਮ ਦੀ ਕਹਾਣੀ ਅਨੇਕਾਂ ਮੋੜਾਂ ਤੋਂ ਲੰਘਦੀ ਹੈ। ਕਿਸੇ ਕਾਰਨ ਕੁੜੀ ਦੇ ਮਾਪੇ ਮੁਕਲਾਵਾ ਦੇਣ ਤੋਂ ਮੁੱਕਰ ਜਾਂਦੇ ਹਨ। ਅਜਿਹਾ ਕਿਉਂ ਹੁੰਦਾ ਹੈ, ਇਹ 24 ਮਈ ਨੂੰ ਹੀ ਫਿਲਮ ਵੇਖਦਿਆਂ ਪਤਾ ਲੱਗੇਗਾ। ਫਿਲਮ ਦੀ ਬਹੁਤੀ ਸ਼ੂਟਿੰਗ ਰਾਜਸਥਾਨ ਦੇ ਵਿਰਾਸਤੀ ਪਿੰਡਾਂ ਵਿਚ ਕੀਤੀ ਗਈ ਹੈ ਤਾਂਕਿ ਪੀਰੀਅਡ ਫਿਲਮ ਹੋਣ ਕਰਕੇ ਸੱਚ ਦੇ ਨੇੜੇ ਹੋਇਆ ਜਾ ਸਕੇ।
ਫਿਲਮ ਸਾਂਝੇ ਪਰਿਵਾਰਾਂ ਦੀ ਅਹਿਮੀਅਤ ਅਤੇ ਸਮਾਜਕ ਰਿਸ਼ਤਿਆਂ ਦੀ ਤਰਜ਼ਮਾਨੀ ਕਰਦੀ ਸਾਰਥਕ ਕਾਮੇਡੀ ਆਧਾਰਤ ਇੱਕ ਪਰਿਵਾਰਕ ਕਹਾਣੀ ਦੀ ਪੇਸ਼ਕਾਰੀ ਹੈ। ਫਿਲਮ ਵਿਚ ਐਮੀ ਵਿਰਕ, ਸੋਨਮ ਬਾਜਵਾ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਬੀ. ਐਨ. ਸ਼ਰਮਾ, ਨਿਰਮਲ ਰਿਸ਼ੀ, ਗੁਰਪ੍ਰੀਤ ਭੰਗੂ, ਪਰਮਿੰਦਰ ਕੌਰ ਗਿੱਲ, ਰਾਖੀ ਹੁੰਦਲ, ਸੁਖਬੀਰ ਸਿੰਘ, ਸਰਬਜੀਤ ਚੀਮਾ, ਦ੍ਰਿਸ਼ਟੀ ਗਰੇਵਾਲ, ਤਰਸੇਮ ਪੌਲ, ਅਨੀਤਾ ਸਬਦੀਸ਼, ਵੰਦਨਾ ਕਪੂਰ, ਸੁਖਵਿੰਦਰ ਚਹਿਲ, ਦਿਲਾਵਰ ਸਿੱਧੂ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ।
ਫਿਲਮ ਦੀ ਕਹਾਣੀ ਤੇ ਸਕਰੀਨ ਪਲੇਅ ਉਪਿੰਦਰ ਵੜੈਚ ਤੇ ਜਗਜੀਤ ਸੈਣੀ ਅਤੇ ਡਾਇਲਾਗ ਰਾਜੂ ਵਰਮਾ ਨੇ ਲਿਖੇ ਹਨ। ਸੰਗੀਤ ਗੁਰਮੀਤ ਸਿੰਘ ਨੇ ਦਿੱਤਾ ਹੈ। ਫਿਲਮ ਦੇ ਗੀਤ ਹੈਪੀ ਰਾਏਕੋਟੀ, ਹਰਮਨਜੀਤ, ਵਿੰਦਰ ਨੱਥੂਮਾਜਰਾ ਅਤੇ ਵੀਤ ਬਲਜੀਤ ਨੇ ਲਿਖੇ ਹਨ।