ਗੁਰੂ ਨਾਨਕ ਦੇਵ ਜੀ ਦਾ ਮਾਨਵਵਾਦ

ਸਿੱਖੀ ਦਾ ਸਰੂਪ ਗੁਰੂ ਸਾਹਿਬ ਨੇ ਕੀ ਸਿਰਜਿਆ ਸੀ ਅਤੇ ਅੱਜ ਇਸ ਵਿਚ ਕੀ ਵਿਗਾੜ ਪੈ ਗਏ ਹਨ, ਇਸ ਵਿਸ਼ੇ ਨੂੰ ਲੈ ਕੇ ਇਸ ਲੇਖ ਵਿਚ ਲੇਖਕ ਹਾਕਮ ਸਿੰਘ ਨੇ ਗੁਰਬਾਣੀ ਦੀ ਰੋਸ਼ਨੀ ਵਿਚ ਵਿਚਾਰ ਚਰਚਾ ਕੀਤੀ ਹੈ। ਇਸ ਚਰਚਾ ਦੌਰਾਨ ਉਨ੍ਹਾਂ ਕੁਝ ਉਹ ਗੱਲਾਂ ਵੀ ਕੀਤੀਆਂ ਹਨ, ਜਿਨ੍ਹਾਂ ‘ਤੇ ਵਿਵਾਦ ਹੋ ਸਕਦਾ ਹੈ। ਪੰਜਾਬ ਟਾਈਮਜ਼ ਵਿਚ ਇਹ ਲੇਖ ਵਿਚਾਰ ਚਰਚਾ ਦੇ ਮਨੋਰਥ ਨਾਲ ਛਾਪ ਰਹੇ ਹਾਂ। ਇਸ ਦੇ ਪ੍ਰਤੀਕਰਮ ਵਿਚ ਆਏ ਵਿਚਾਰਾਂ ਨੂੰ ਵੀ ਬਣਦੀ ਥਾਂ ਦਿੱਤੀ ਜਾਵੇਗੀ।

-ਸੰਪਾਦਕ

ਹਾਕਮ ਸਿੰਘ

ਗੁਰੂ ਨਾਨਕ ਦੇਵ ਜੀ ਦੀ ਬਾਣੀ ਭਾਰਤੀ ਅਤੇ ਸੈਮਟਿਕ ਦੈਵੀ ਸਿਧਾਂਤਾਂ, ਭਗਤਾਂ ਤੇ ਸੂਫੀ ਸੰਤਾਂ ਦੇ ਅਧਿਆਤਮਕ ਵਿਚਾਰਾਂ ਤੋਂ ਵਿਕਸਿਤ ਹੋਇਆ ਅਧਿਆਤਮਕ ਗਿਆਨ ਹੈ। ਗੁਰੂ ਸਾਹਿਬ ਨੇ ਆਪਣੇ ਸਮੇਂ ਦੇ ਪਹੁੰਚ ਯੋਗ ਜਗਤ ਦੇ ਪ੍ਰਸਿੱਧ ਧਰਮ ਅਸਥਾਨਾਂ ਦੇ ਧਰਮ ਸ਼ਾਸਤਰੀਆਂ, ਵਿਦਵਾਨਾਂ ਅਤੇ ਪੁਜਾਰੀਆਂ ਨਾਲ ਵਿਚਾਰ ਵਟਾਂਦਰਾ ਕਰਕੇ ਆਪਣੇ ਵਿਚਾਰਾਂ ਦਾ ਵਿਸਥਾਰ ਕੀਤਾ ਸੀ। ਉਹ ਜਿਥੇ ਵੀ ਗਏ, ਉਥੋਂ ਦੇ ਬਹੁਤੇ ਧਾਰਮਿਕ ਵਿਦਵਾਨ ਤੇ ਵਸਨੀਕ ਉਨ੍ਹਾਂ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋਏ ਅਤੇ ਕਈ ਧਾਰਮਿਕ ਵਿਦਵਾਨ ਤੇ ਆਮ ਲੋਕ ਉਨ੍ਹਾਂ ਦੇ ਉਪਾਸ਼ਕ ਬਣ ਗਏ। ਕਰੀਬ ਉਨ੍ਹਾਂ ਸਭ ਥਾਂਵਾਂ ‘ਤੇ ਗੁਰੂ ਜੀ ਦੀਆਂ ਯਾਦਗਾਰਾਂ ਬਣੀਆਂ ਹੋਈਆਂ ਹਨ।
16ਵੀਂ ਸ਼ਤਾਬਦੀ ਵਿਚ ਸਫਰ ਦੇ ਸੀਮਤ ਸਾਧਨਾਂ, ਹਰ ਮੀਲ ‘ਤੇ ਬਦਲਦੀ ਬੋਲੀ ਅਤੇ ਮੁਸਾਫਿਰਾਂ ਲਈ ਅਨੇਕਾਂ ਔਕੜਾਂ ਦੇ ਹੁੰਦਿਆਂ ਗੁਰੂ ਜੀ ਨੇ ਸਾਰੇ ਭਾਰਤ, ਨੇਪਾਲ, ਤਿੱਬਤ, ਸ੍ਰੀ ਲੰਕਾ, ਇਰਾਨ ਅਤੇ ਅਰਬ ਦੇਸ਼ਾਂ ਦਾ ਭ੍ਰਮਣ ਕਰਕੇ ਧਾਰਮਿਕ ਵਿਚਾਰਾਂ ਦਾ ਆਦਾਨ-ਪ੍ਰਦਾਨ ਅਤੇ ਆਪਣੇ ਧਾਰਮਿਕ ਤੇ ਮਾਨਵਵਾਦੀ ਵਿਚਾਰਾਂ ਦਾ ਪ੍ਰਚਾਰ ਕੀਤਾ। ਇਹ ਉਨ੍ਹਾਂ ਦਾ ਮਾਨਵਤਾ ਦੀ ਏਕਤਾ, ਸ਼ਾਂਤੀ ਅਤੇ ਉਜਲ ਭਵਿੱਖ ਲਈ ਇੱਕ ਅਲੌਕਿਕ, ਦਲੇਰ ਅਤੇ ਲਾਮਿਸਾਲ ਉੱਦਮ ਸੀ।
ਗੁਰੂ ਜੀ ਦੀ ਸ਼ਖਸੀਅਤ, ਮਨੋਰਥ ਅਤੇ ਸਿਦਕ ਦਾ ਮਨੁੱਖਤਾ ਦੇ ਇਤਿਹਾਸ ਵਿਚ ਸਾਨੀ ਨਹੀਂ ਮਿਲਦਾ। ਜਿਸ ਦੁਨੀਆਂ ਨੂੰ ਸਿਕੰਦਰ, ਚੰਗੇਜ਼ ਖਾਂ, ਤੈਮੂਰ ਜਿਹੇ ਬੇਰਹਿਮ ਵਿਅਕਤੀਆਂ ਨੂੰ ਅਧੀਨ ਕਰਨ ਦਾ ਖਬਤ ਚੜ੍ਹਿਆ ਹੋਇਆ ਸੀ ਅਤੇ ਜਿਸ ਨੂੰ ਸਾਮਰਾਜੀ ਸ਼ਕਤੀਆਂ ਮਾਰ-ਧਾੜ ਕਰਕੇ ਗੁਲਾਮ ਬਣਾਉਣ ਦੀਆਂ ਯੋਜਨਾਵਾਂ ਬਣਾ ਰਹੀਆਂ ਸਨ, ਉਸੇ ਦੁਨੀਆਂ ਨੂੰ ਗੁਰੂ ਨਾਨਕ ਦੇਵ ਪ੍ਰਭੂ ਦੀ ਸੰਗੀਤਕ ਕੀਰਤੀ ਰਾਹੀਂ ਸੰਸਾਰਕ ਮਾਇਆ ਦੇ ਪ੍ਰਭਾਵ ਤੋਂ ਮੁਕਤ ਹੋ ਕੇ ਆਪਸੀ ਪ੍ਰੇਮ, ਮਿਲਵਰਤਣ ਅਤੇ ਸ਼ਾਂਤੀ ਦਾ ਉਪਦੇਸ਼ ਦੇ ਰਹੇ ਸਨ। ਉਹ ਆਪਣੇ ਰਬਾਬੀ ਸਾਥੀ ਭਾਈ ਮਰਦਾਨੇ ਨੂੰ ਨਾਲ ਲੈ ਕੇ ਆਪਣੀ ਮਧੁਰ ਬਾਣੀ ਰਾਹੀਂ ਮਨੁੱਖਤਾ ਦੀ ਆਜ਼ਾਦੀ ਅਤੇ ਬਰਾਬਰੀ ਦੇ ਸਿਧਾਂਤ ਦਾ ਸੰਚਾਰ ਕਰ ਰਹੇ ਸਨ। ਉਨ੍ਹਾਂ ਦੀ ਇਸ ਅਦੁੱਤੀ ਘਾਲਣਾ ਬਾਰੇ ਸਰ ਮੁਹੰਮਦ ਇਕਬਾਲ ਨੇ ਠੀਕ ਹੀ ਲਿਖਿਆ ਹੈ, “ਫਿਰ ਉਠੀ ਆਖਿਰ ਸਦਾਅ ਤੌਈਦ ਕੀ ਪੰਜਾਬ ਸੇ ਹਿੰਦ ਕੋ ਇਕ ਮਰਦਿ ਕਾਮਿਲ ਨੇ ਜਗਾਯਾ ਖਵਾਬ ਸੇ।”
ਗੁਰੂ ਜੀ ਵਲੋਂ ਵਿਸ਼ਾਲ ਜਗਤ ਦੇ ਰਟਨ ਦਾ ਵਰਣਨ ਉਨ੍ਹਾਂ ਦੀਆਂ ਜਨਮ ਸਾਖੀਆਂ ਵਿਚ ਮਿਲਦਾ ਹੈ। ਜਨਮ ਸਾਖੀਆਂ ਵਿਚ ਜਿਨ੍ਹਾਂ ਥਾਂਵਾਂ ਦਾ ਜ਼ਿਕਰ ਹੈ, ਉਨ੍ਹਾਂ ਦੇ ਕ੍ਰਮਵਾਰ ਨਾਂ ਇਸ ਪ੍ਰਕਾਰ ਹਨ: ਪਾਕਪਟਨ, ਕੁਰੂਕਸ਼ੇਤਰ, ਹਰਦੁਆਰ, ਨਾਨਕ ਮਤਾ, ਵਣਜਾਰਿਆਂ ਦਾ ਟਾਂਡਾ, ਅਯੁਧਿਆ, ਪ੍ਰਯਾਗ, ਬਨਾਰਸ, ਗਯਾ, ਹਾਜੀਪੁਰ (ਪਟਨਾ), ਕਾਮਰੂਪ, ਆਸਾਮ, ਜਗਨਨਾਥ ਪੁਰੀ, ਕਟਕ, ਕਾਂਚੀਪੁਰਮ, ਗੰਟੂਰ, ਤ੍ਰਿਵਨਮਲਾਏ, ਤ੍ਰਿਚਨਾਪਲੀ, ਨਾਗਾਪਟਨਮ, ਸ੍ਰੀਲੰਕਾ, ਸੇਤਬੰਧ ਰਾਮੇਸ਼ਵਰਮ, ਤ੍ਰਿਵੇਂਦਰਮ, ਕੁੰਬੇਟੂਰ, ਅਨਾਮਲਾਏ ਪਰਬਤ, ਬਿਦਰ, ਨਾਂਦੇੜ, ਦੌਲਤਾਬਾਦ, ਜੂਨਾਗੜ੍ਹ, ਉਜੈਨ, ਮਥਰਾ, ਦਿੱਲੀ, ਪਾਣੀਪਤ, ਪੱਟੀ, ਤਲਵੰਡੀ, ਜਵਾਲਾ ਜੀ, ਬੈਜਨਾਥ (ਕੀੜਗਰਾਮ), ਕੈਲਾਸ਼ (ਸੁਮੇਰ ਪਰਬਤ), ਲੱਦਾਖ, ਸਿੱਕਮ, ਨੇਪਾਲ, ਤਿੱਬਤ, ਪੰਜਾ ਸਾਹਿਬ, ਹਸਨ ਅਬਦਾਲ, ਸਿਆਲਕੋਟ, ਤਲਵੰਡੀ, ਸੁਲਤਾਨਪੁਰ, ਮੁਲਤਾਨ, ਹਿੰਗਲਾਜ, ਮੱਕਾ, ਮਦੀਨਾ, ਬਗਦਾਦ, ਮਸ਼ਹਦ (ਇਰਾਨ), ਕਾਬਲ, ਪਿਸ਼ਾਵਰ (ਗੋਰਖ ਹਟੜੀ), ਸਯਦਪੁਰ, ਕਰਤਾਪੁਰ। ਉਨ੍ਹਾਂ ਦੀ ਅਦੁੱਤੀ ਘਾਲਣਾ ਨੇ ਹੀ ਪੰਜਾਬੀ ਕੌਮ ਨੂੰ ਜਨਮ ਦਿੱਤਾ ਹੈ। ਉਹ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਪਿਤਾਮਾ ਹਨ।
ਜਿਸ ਅਧਿਆਤਮਕ ਵਿਚਾਰਧਾਰਾ ਦਾ ਪ੍ਰਸਾਰ ਕਰਨ ਲਈ ਗੁਰੂ ਜੀ ਸੰਸਾਰ ਦਾ ਰਟਨ ਕਰ ਰਹੇ ਸਨ, ਉਸ ਦੀ ਲਿਖਤੀ ਬਾਣੀ ਉਨ੍ਹਾਂ ਆਪਣੀ ਪੋਥੀ ਵਿਚ ਦਰਜ ਕੀਤੀ ਹੋਈ ਸੀ, ਜਿਸ ਨੂੰ ਉਹ ਆਪਣੇ ਨਾਲ ਰਖਦੇ ਸਨ। ਗੁਰੂ ਜੀ 19 ਰਾਗਾਂ ਵਿਚ ਕੀਰਤਨ ਕਰਦੇ ਸਨ ਅਤੇ ਗੁਰੂ ਗ੍ਰੰਥ ਸਾਹਿਬ ਵਿਚ ਉਨ੍ਹਾਂ ਦੀ ਬਾਣੀ ਉਨ੍ਹਾਂ ਰਾਗਾਂ ਵਿਚ ਹੀ ਦਰਜ ਹੈ। ਉਹ ਆਪਣੀਆਂ ਰਚਨਾਵਾਂ ਨੂੰ ਪ੍ਰਭੂ ਖਸਮ ਵਲੋਂ ਆਈ ਬਾਣੀ ਆਖਦੇ ਹਨ। ਉਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਮੰਗਲ, ਜਪੁ, ਦਖਣੀ ਓਂਕਾਰ, ਸਿਧ ਗੋਸ਼ਟ, ਬਾਰਹ ਮਾਹਾ, ਪਟੀ, ਵਾਰ ਆਸਾ, ਵਾਰ ਮਾਝ, ਵਾਰ ਮਲਾਰ, ਥਿਤੀ, ਪਹਿਰੇ, ਅਲਾਹੁਣੀਆਂ, ਕੁਚਜੀ, ਸੁਚਜੀ, ਸੋ ਦਰੁ ਅਤੇ ਆਰਤੀ ਦੇ ਸ਼ੀਰਸ਼ਕਾਂ ਹੇਠ ਦਰਜ ਹੈ।
ਮਾਰੂ ਰਾਗ ਵਿਚ ਸੋਲਹਾ ਰਚ ਕੇ ਗੁਰੂ ਜੀ ਨੇ ਰਿਗ ਵੇਦ ਦੇ ਸ੍ਰਿਸ਼ਟੀ ਰਚਨਾ ਦੇ 1.129.6 ਸੂਕਤ ਨੂੰ ਨਵਾਂ ਰੂਪ ਦਿੱਤਾ ਹੈ। ਰਿਗ ਵੇਦ ਵਿਚ ਲਿਖਿਆ ਹੈ: “(1) ਓਦੋਂ ਨਾ ਅਣਹੋਂਦ ਸੀ, ਨਾ ਹੋਂਦ; ਨਾ ਥਾਂ ਦਾ ਖੇਤਰ ਸੀ, ਨਾ ਆਕਾਸ਼। ਕੀ ਹਿਲਿਆ? ਕਿਥੇ? ਕਿਸ ਦੇ ਆਸਰੇ? ਕੀ ਡੂੰਘਾ ਪਾਣੀ ਸੀ? (2) ਉਸ ਵੇਲੇ ਨਾ ਮੌਤ ਸੀ, ਨਾ ਅਮਰਤਵ। ਨਾ ਦਿਨ, ਨਾ ਰਾਤ ਦਾ ਕੋਈ ਚਿੰਨ੍ਹ ਸੀ। ਉਹ ਆਪਣੇ ਮਨੋਵੇਗ ਤੋਂ ਸਾਹ ਲੈਂਦਾ ਸੀ। ਉਸ ਤਂੋ ਇਲਾਵਾ ਅੱਗੇ ਕੁੱਝ ਨਹੀਂ ਸੀ। (3) ਸ਼ੁਰੂ ਵਿਚ ਹਨੇਰਾ ਹਨੇਰੇ ਨੇ ਛੁਪਾਇਆ ਹੋਇਆ ਸੀ। ਕੋਈ ਹੋਰ ਵੱਖਰਾ ਨਿਸ਼ਾਨ ਨਹੀਂ ਸੀ, ਉਹ ਸਭ ਪਾਣੀ ਸੀ। ਸੁੰਨੇਪਣ ਨਾਲ ਢਕੀ ਜੀਵਨ ਸ਼ਕਤੀ, ਉਹ ਗਰਮੀ ਦੀ ਸ਼ਕਤੀ ਨਾਲ ਉਪਰ ਉਠੀ…।”
ਗੁਰੂ ਜੀ ਨੇ ਵੀ ਪ੍ਰਭੂ ਪ੍ਰੇਮ ਦੀ ਲੋਰ ਵਿਚ ਸ੍ਰਿਸ਼ਟੀ ਰਚਨਾ ਦਾ ਸੋਹਲਾ ਗਾਇਆ ਹੈ, ਜਿਸ ਦੇ ਚਾਰ ਪਦ ਇਸ ਪ੍ਰਕਾਰ ਹਨ:
ਅਰਬਦ ਨਰਬਦ ਧੁੰਧੂਕਾਰਾ॥
ਧਰਣਿ ਨ ਗਗਨਾ ਹੁਕਮੁ ਅਪਾਰਾ॥
ਨ ਦਿਨੁ ਰੈਨਿ ਨ ਚੰਦੁ ਨ ਸੂਰਜ
ਸੁੰਨਿ ਸਮਾਧਿ ਲਗਾਇਦਾ॥
ਖਾਣੀ ਨ ਬਾਣੀ ਪਉਣ ਨ ਪਾਣੀ॥
ਓਪਤਿ ਖਪਤਿ ਨ ਆਵਣ ਜਾਣੀ॥
ਖੰਡ ਪਤਾਲ ਸਪਤ ਨਹੀ ਸਾਗਰ
ਨਦੀ ਨ ਨੀਰੁ ਵਹਾਇਦਾ॥1॥…
ਵਿਰਲੇ ਕਉ ਗੁਰ ਸਬਦੁ ਸੁਣਾਇਆ॥
ਕਰਿ ਕਰਿ ਦੇਖੈ ਹੁਕਮੁ ਸਬਾਇਆ॥
ਖੰਡ ਬ੍ਰਹਮੰਡ ਪਾਤਾਲ ਅਰੰਭੇ
ਗੁਪਤਹੁ ਪਰਗਟੀ ਆਇਦਾ॥15॥
ਤਾ ਕਾ ਅੰਤੁ ਨ ਜਾਣੈ ਕੋਈ॥
ਪੂਰੇ ਗੁਰ ਤੇ ਸੋਝੀ ਹੋਈ॥
ਨਾਨਕ ਸਾਚਿ ਰਤੇ ਬਿਸਮਾਦੀ
ਬਿਸਮ ਭਏ ਗੁਣ ਗਾਇਦਾ॥ (ਪੰਨਾ 1035-36)
ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮੰਗਲਾਚਰਣ ਨਾਲ ਸ਼ੁਰੂ ਹੁੰਦੀ ਹੈ ਅਤੇ ਜਪੁ ਇਸ ਦੀ ਪਹਿਲੀ ਬਾਣੀ ਹੈ। ਮੰਗਲਾਚਰਣ ਵਿਚ ਮਨੁੱਖ ਨੂੰ ਸਮਝ ਆਉਣ ਵਾਲੇ ਪ੍ਰਭੂ ਦੇ ਗੁਣਾਂ ਦਾ ਵਰਣਨ ਹੈ, ਜਿਨ੍ਹਾਂ ਦੀ ਗੁਰੂ ਜੀ ਨੇ ਆਪਣੀ ਬਾਣੀ ਵਿਚ ਵਿਆਖਿਆ ਕੀਤੀ ਹੈ। ਉਹ ਗੁਣ ਹਨ: ਪ੍ਰਭੂ ਇੱਕ ਹੈ, ਹੋਂਦ ਕੇਵਲ ਉਸੇ ਦੀ ਹੈ, ਹੋਰ ਕਿਸੇ ਦੂਜੇ ਦੀ ਹੋਂਦ ਨਹੀਂ ਹੈ,
ਆਪੇ ਪਟੀ ਕਲਮ ਆਪਿ
ਉਪਰਿ ਲੇਖ ਭਿ ਤੂ॥
ਏਕੋ ਕਹੀਐ ਨਾਨਕਾ ਦੂਜਾ ਕਾਹੇ ਕੂ॥ (ਪੰਨਾ 1291)
ਅਤੇ
ਜੇਤਾ ਸਬਦੁ ਸੁਰਤਿ ਧੁਨਿ ਤੇਤੀ
ਜੇਤਾ ਰੂਪ ਕਾਇਆ
ਤੇਰੀ ਤੂੰ ਆਪੇ ਰਸਨਾ ਆਪੇ ਬਸਨਾ
ਅਵਰੁ ਨ ਦੂਜਾ ਕਹਉ ਮਾਈ॥1॥
ਸਾਹਿਬ ਮੇਰਾ ਏਕੋ ਹੈ
ਏਕੋ ਹੈ ਭਾਈ ਏਕੋ ਹੈ॥ (ਪੰਨਾ 350)
ਉਸ ਦੀ ਹੋਂਦ ਸਦੀਵੀ ਹੈ,
ਆਦਿ ਸਚੁ ਜੁਗਾਦਿ ਸਚੁ॥
ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥ (ਪੰਨਾ 1)
ਉਹ ਸ੍ਰਿਸ਼ਟੀ ਦਾ ਕਰਤਾ ਹੈ ਅਤੇ ਆਪ ਉਸ ਵਿਚ ਵਿਦਮਾਨ ਹੈ,
ਦੁਯੀ ਕੁਦਰਤਿ ਸਾਜੀਐ
ਕਰਿ ਆਸਣੁ ਡਿਠੋ ਚਾਉ॥ (ਪੰਨਾ 463)
ਅਤੇ
ਜਾ ਤਿਸੁ ਭਾਣਾ ਤਾ ਜਗਤੁ ਉਪਾਇਆ॥
ਬਾਝੁ ਕਲਾ ਆਡਾਣੁ ਰਹਾਇਆ॥ (ਪੰਨਾ 1036)
ਉਹ ਭੈ ਰਹਿਤ ਹੈ,
ਨਾਨਕ ਨਿਰਭਉ ਨਿਰੰਕਾਰੁ
ਹੋਰ ਕੇਤੇ ਰਾਮ ਰਵਾਲ॥ (ਪੰਨਾ 464)
ਉਹ ਨਿਰਵੈਰ ਹੈ,
ਹਰਿ ਸਾ ਮੀਤੁ ਨਾਹੀ ਮੈ ਕੋਈ॥
ਜਿਨਿ ਤਨੁ ਮਨੁ ਦੀਆ ਸੁਰਤਿ ਸਮੋਈ॥
ਸਰਬ ਜੀਆ ਪ੍ਰਤਿਪਾਲਿ ਸਮਾਲੇ
ਸੋ ਅੰਤਰਿ ਦਾਨਾ ਬੀਨਾ ਹੇ॥ (ਪੰਨਾ 1027)
ਉਹ ਕਾਲ ਵੱਸ ਨਹੀਂ ਹੈ,
ਤੂੰ ਅਕਾਲ ਪੁਰਖੁ ਨਾਹਿ ਸਿਰਿ ਕਾਲਾ॥ (ਪੰਨਾ 1138)
ਉਹ ਜੂਨਾਂ ਵਿਚ ਨਹੀਂ ਪੈਂਦਾ ਅਤੇ ਆਪਣੇ ਆਪ ਤੋਂ ਹੈ,
ਥਾਪਿਆ ਨ ਜਾਇ ਕੀਤਾ ਨ ਹੋਇ॥
ਆਪੇ ਆਪਿ ਨਿਰੰਜਨੁ ਸੋਇ॥ (ਪੰਨਾ 2)
ਅਤੇ
ਆਪੀ ਨੈ ਆਪਿ ਸਾਜਿਓ
ਆਪੀ ਨੈ ਰਚਿਓ ਨਾਉ॥ (ਪੰਨਾ 463)
ਉਹ ਗੁਰੂ ਦੀ ਕਿਰਪਾ ਨਾਲ ਜਾਣਿਆ ਜਾਂਦਾ ਹੈ,
ਸਤਿਗੁਰ ਵਿਟਹੁ ਵਾਰਿਆ
ਜਿਤੁ ਮਿਲਿਐ ਖਸਮੁ ਸਮਾਲਿਆ॥
ਜਿਨਿ ਕਰਿ ਉਪਦੇਸੁ ਗਿਆਨ ਅੰਜਨੁ ਦੀਆ
ਇਨੀ ਨੇਤ੍ਰੀ ਜਗਤੁ ਨਿਹਾਲਿਆ॥ (ਪੰਨਾ 470)
ਪ੍ਰਭੂ ਦੇ ਗੁਣ ਤਾਂ ਜਾਣੇ ਜਾ ਸਕਦੇ ਹਨ, ਪਰ ਉਸ ਦੀ ਕਲਪਨਾ ਕਰਨੀ ਸੰਭਵ ਨਹੀਂ। ਉਹ ਅਦ੍ਰਿਸ਼ਟ ਹੀ ਨਹੀਂ, ਅਨੰਤ ਵੀ ਹੈ। ਇਸ ਪ੍ਰਥਾਇ ਗੁਰਬਾਣੀ ਦੇ ਕਥਨ ਹਨ,
ਲੇਖਾ ਹੋਇ ਤ ਲਿਖੀਐ ਲੇਖੈ ਹੋਇ ਵਿਣਾਸੁ॥
ਨਾਨਕ ਵਡਾ ਆਖੀਐ ਆਪੇ ਜਾਣੈ ਆਪੁ॥ (ਪੰਨਾ 5)

ਏਵਡੁ ਊਚਾ ਹੋਵੈ ਕੋਇ॥
ਤਿਸੁ ਊਚੇ ਕਉ ਜਾਣੈ ਸੋਇ॥
ਜੇਵਡੁ ਆਪਿ ਜਾਣੈ ਆਪਿ ਆਪਿ॥
ਨਾਨਕ ਨਦਰੀ ਕਰਮੀ ਦਾਤਿ॥ (ਪੰਨਾ 5)

ਨਾ ਤਿਸੁ ਰੂਪੁ ਨ ਰੇਖਿਆ ਕਾਈ॥
ਅੰਤ ਨ ਸਾਹਿਬ ਸਿਮਰਿਆ ਜਾਈ॥ (ਪੰਨਾ 750)
ਨਾਨਕ ਬਾਣੀ ਤਿੰਨ ਮੁੱਖ ਵਿਸ਼ਿਆਂ ਦਾ ਗਿਆਨ ਦਿੰਦੀ ਹੈ: (1) ਪ੍ਰਭੂ ਦੀ ਬੇਅੰਤਤਾ ਦਾ “ਚਹੁ ਦਿਸਿ ਹੁਕਮੁ ਵਰਤੈ ਪ੍ਰਭੂ ਤੇਰਾ ਚਹੁ ਦਿਸਿ ਨਾਮੁ ਪਤਾਲੰ॥ ਸਭ ਮਹਿ ਸਬਦ ਵਰਤੈ ਪ੍ਰਭ ਸਾਚਾ ਕਰਮ ਮਿਲੈ ਬੈਆਲੰ॥” (ਪੰਨਾ 1275); (2) ਮਾਇਆ ਦੇ ਭਰਮ ਨਾਲ ਮੋਹੇ ਸੰਸਾਰ ਦਾ, “ਬਾਬਾ ਮਾਇਆ ਸਾਥਿ ਨ ਹੋਇ॥ ਇਨਿ ਮਾਇਆ ਜਗ ਮੋਹਿਆ ਵਿਰਲਾ ਬੂਝੈ ਕੋਇ॥” (ਪੰਨਾ 595) ਅਤੇ (3) ਮਨੁੱਖੀ ਮਨ ਨੂੰ ਲੱਗੇ ਹਉਮੈ ਦੇ ਰੋਗ ਦਾ “ਹਉ ਵਿਚਿ ਮਾਇਆ ਹਉ ਵਿਚਿ ਛਾਇਆ॥ ਹਉਮੈ ਕਰਿ ਕਰਿ ਜੰਤ ਉਪਾਇਆ॥ ਹਉਮੈ ਬੂਝੈ ਤਾ ਦਰੁ ਸੂਝੈ॥ ਗਿਆਨ ਵਿਹੂਣਾ ਕਥਿ ਕਥਿ ਲੂਝੈ॥” (ਪੰਨਾ 466)
ਨਾਨਕ ਬਾਣੀ ਅਨੁਸਾਰ ਮਨੁੱਖਾ ਜਨਮ ਦਾ ਮਨੋਰਥ ਪ੍ਰਭੂ ਪ੍ਰਾਪਤੀ ਹੈ, ਜਿਸ ਨੂੰ ਪ੍ਰਾਪਤ ਕਰਨ ਦੀ ਵਿਧੀ ਗੁਰੂ ਜੀ ਨੇ ਬਾਣੀ ਵਿਚ ਬਿਆਨ ਕੀਤੀ ਹੈ।
1969 ਵਿਚ ਗੁਰੂ ਨਾਨਕ ਸਾਹਿਬ ਦੇ ਪੰਜ ਸੌ ਸਾਲਾ ਆਗਮਨ ਪੁਰਬ ‘ਤੇ ਪੰਜਾਬੀ ਯੂਨੀਵਰਸਿਟੀ ਨੇ ਕੌਮਾਂਤਰੀ ਸੈਮੀਨਾਰ ਕਰਵਾਇਆ ਸੀ, ਜਿਸ ਵਿਚ ਉਚ ਕੋਟੀ ਦੇ ਵਿਦਵਾਨਾਂ ਨੇ ਭਾਗ ਲਿਆ ਸੀ। ਪੱਛਮੀ ਸਿੱਖਿਆ ਤੋਂ ਪ੍ਰਭਾਵਿਤ ਬੁਧੀਜੀਵੀਆਂ ਦੀ ਸਾਧਨਾ ਹੋਣ ਕਾਰਨ ਸਿੱਖ ਧਾਰਮਿਕ ਨੇਤਾਵਾਂ ਨੇ ਉਸ ਵਿਚ ਦਿਲਚਸਪੀ ਨਹੀਂ ਸੀ ਦਿਖਾਈ।
ਦਰਅਸਲ ਸਿੱਖ ਧਾਰਮਿਕ ਆਗੂਆਂ, ਪੁਜਾਰੀਆਂ ਅਤੇ ਸ਼ਰਧਾਲੂਆਂ ਦੀ ਬੁਹਗਿਣਤੀ ਵਿਚ ਗੁਰੂ ਜੀ ਅਤੇ ਉਨ੍ਹਾਂ ਦੀ ਵਿਚਾਰਧਾਰਾ ਨੂੰ ਨਜ਼ਰ ਅੰਦਾਜ਼ ਕਰਨ ਦੀ ਰੀਤ ਸੀ। ਉਹ ਗੁਰੂ ਜੀ ਪ੍ਰਤੀ ਰਸਮੀ ਸ਼ਰਧਾ ਦਾ ਪ੍ਰਗਟਾਵਾ ਤਾਂ ਕਰਦੇ ਸਨ, ਪਰ ਉਨ੍ਹਾਂ ਦੇ ਵਿਚਾਰਾਂ ਨੂੰ ਪ੍ਰਚਾਰਨ ਤੋਂ ਟਾਲਾ ਵੱਟ ਲੈਂਦੇ ਸਨ। ਇਸ ਦਾ ਕਾਰਨ ਇਹ ਸੀ ਕਿ ਗੁਰੂ ਜੀ ਨੇ ਅਧਿਆਤਮਕ ਵਿਚਾਰਧਾਰਾ ਪੇਸ਼ ਕੀਤੀ ਸੀ, ਕੋਈ ਸੰਸਥਾਗਤ ਧਰਮ ਜਾਂ ਗੱਦੀ ਸਥਾਪਤ ਨਹੀਂ ਸੀ ਕੀਤੀ। ਆਮ ਲੋਕਾਂ ਦੀ ਅਧਿਆਤਮਕ ਗਿਆਨ ਵਿਚ ਕੋਈ ਦਿਲਚਸਪੀ ਨਹੀਂ ਹੁੰਦੀ, ਉਹ ਤਾਂ ਗੁਰਗੱਦੀ ਅਤੇ ਦਿਖਾਵੇ ਦੇ ਉਪਾਸ਼ਕ ਹੁੰਦੇ ਹਨ। ਇਸੇ ਲਈ ਗੁਰੂ ਜੀ ਦੇ ਪੁੱਤਰ ਸ੍ਰੀ ਚੰਦ ਨੇ ਗੁਰਮਤਿ ਦੇ ਵਿਰੁਧ ਉਦਾਸੀ ਮੱਤ ਅਤੇ ਗੁਰਗੱਦੀ ਦੇ ਸਮਰਥਕਾਂ ਨੇ ਆਪਣਾ ਸੰਸਥਾਗਤ ਸਿੱਖ ਧਰਮ ਸਥਾਪਤ ਕਰ ਲਿਆ ਸੀ। ਸੱਤਾ ਅਤੇ ਬਲਵੰਡ ਨੇ ਆਪਣੀ ਵਾਰ ਵਿਚ ਗੁਰੂ ਜੀ ਦੇ ਪੁੱਤਰਾਂ ਵਲੋਂ ਉਨ੍ਹਾਂ ਤੋਂ ਆਕੀ ਹੋਣ ਅਤੇ ਸੰਸਾਰਕ ਧੰਧਿਆਂ ਵਿਚ ਖਚਤ ਹੋਣ ਦਾ ਜ਼ਿਕਰ ਕੀਤਾ ਹੈ,
ਪੁਤ੍ਰੀ ਕਉਲ ਨ ਪਾਲਿਓ
ਕਰਿ ਪੀਰਹੁ ਕੰਨ ਮੁਰਟੀਐ॥
ਦਿਲਿ ਖੋਟੇ ਆਕੀ ਫਿਰਿਹ
ਬੰਨਿ ਭਾਰੁ ਉਚਾਇਨਿ ਛਟੀਐ॥ (ਪੰਨਾ 967)
ਗੁਰੂ ਨਾਨਕ ਵਿਚਾਰਧਾਰਾ ਦੇ ਵਿਰੋਧੀ ਗੁਰ ਪਰਿਵਾਰਾਂ ਦੇ ਗੁਰਗੱਦੀ ਦੇ ਅਭਿਲਾਖੀਆਂ ਅਤੇ ਸੰਸਥਾਗਤ ਉਦਾਸੀ ਧਰਮ ਦੇ ਸਮਰਥਕਾਂ ਦੀ ਗਿਣਤੀ ਵਧਦੀ ਚਲੀ ਗਈ ਸੀ। ਉਨ੍ਹਾਂ ਦੇ ਮੁਗਲ ਸਾਸ਼ਨ ਨਾਲ ਅੱਛੇ ਸਬੰਧ ਸਨ। ਭਾਵੇਂ ਮੁਗਲ ਰਾਜ ਦਾ ਨਾਨਕ ਵਿਚਾਰਧਾਰਾ ਨਾਲ ਵੀ ਕੋਈ ਵੈਰ ਨਹੀਂ ਸੀ, ਪਰ ਮੁਗਲ ਹਕੂਮਤ ਨੇ ਪੰਜਵੇਂ ਅਤੇ ਨੌਵੇਂ ਗੁਰੂ ਸਾਹਿਬਾਨ ਨੂੰ ਸ਼ਹੀਦ ਕਰ ਦਿੱਤਾ, ਗੁਰੂ ਗੋਬਿੰਦ ਸਿੰਘ ਜੀ ਨਾਲ ਜੰਗਾਂ ਕਰਦੇ ਰਹੇ ਅਤੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਕੇ ਗੁਰਗੱਦੀ ਦੇ ਵਾਰਸ ਸਮਝੇ ਜਾਣ ਵਾਲਿਆਂ ਨੂੰ ਖਤਮ ਕਰ ਦਿੱਤਾ। ਮੁਗਲਾਂ ਨੇ ਐਸੇ ਅਣਮੱਨੁਖੀ ਜ਼ੁਲਮ ਕਿਸੇ ਦੀ ਸ਼ਿਕਾਇਤ ਮਿਲਣ ‘ਤੇ ਹੀ ਕੀਤੇ ਹੋਣਗੇ, ਕਿਉਂਕਿ ਸ਼ਿਕਾਇਤ ਬਿਨਾ ਤਾਂ ਸਾਸ਼ਨ ਹਰਕਤ ਵਿਚ ਨਹੀਂ ਆਉਂਦੇ, ਪਰ ਗੁਰ ਇਤਿਹਾਸ ਵਿਚ ਸ਼ਿਕਾਇਤ ਕਰਨ ਵਾਲਿਆਂ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ।
ਮੁਗਲ ਸਲਤਨਤ ਬਹੁਤ ਵੱਡੀ ਸੀ, ਉਸ ਦੀ ਹਕੂਮਤ ਭਾਵਨਾਵਾਂ, ਪੱਖਪਾਤ ਅਤੇ ਨਫਰਤ ਨਾਲ ਨਹੀਂ ਸੀ ਚਲ ਰਹੀ, ਕਾਨੂੰਨ ਨਾਲ ਚਲਦੀ ਸੀ। ਕਾਨੂੰਨ ਸ਼ਿਕਾਇਤ ਅਤੇ ਹੁਕਮ ਹੋਣ ‘ਤੇ ਹੀ ਹਰਕਤ ਵਿਚ ਆਉਂਦਾ ਹੈ। ਗੁਰ ਇਤਿਹਾਸ ਵਿਚ ਇਸ ਪੱਖ ਨੂੰ ਨਹੀਂ ਛੋਹਿਆ ਗਿਆ। ਬੰਦਾ ਬਹਾਦਰ ਦੀ ਸ਼ਹੀਦੀ ਪਿਛੋਂ ਲੜਾਕੂ ਗੁਰੀਲੇ ਸਿੱਖ ਤਾਂ ਜੰਗਲਾਂ ਵਿਚ ਜਾ ਛੁਪੇ ਸਨ, ਪਰ ਨਾਨਕ ਵਿਚਾਰਧਾਰਾ ਦੇ ਸ਼ਾਂਤਮਈ ਸ਼ਰਧਾਲੂ ਮੁਗਲਾਂ ਦੀ ਕਰੋਪੀ ਦਾ ਸ਼ਿਕਾਰ ਹੋ ਗਏ, ਜਿਸ ਨਾਲ ਗੁਰਮਤਿ ਵਿਚਾਰਧਾਰਾ ਦਾ ਸੰਚਾਰ ਖਤਮ ਹੋ ਗਿਆ ਅਤੇ ਉਦਾਸੀ ਮੱਤ ਦੀ ਸਿੱਖੀ ਨੇ ਗੁਰਮਤਿ ਦੀ ਥਾਂ ਲੈ ਲਈ।
ਗੁਰੂ ਜੀ ਨੂੰ ਗੁਰਮਤਿ ਵਿਰੋਧੀਆਂ ਦੇ ਗਿਲੇ ਦਾ ਅਹਿਸਾਸ ਸੀ, ਜਿਸ ਦਾ ਪ੍ਰਗਟਾਵਾ ਉਨ੍ਹਾਂ ਆਪਣੀ ਬਾਣੀ ਵਿਚ ਕੀਤਾ ਹੈ। ਉਹ ਲਿਖਦੇ ਹਨ,
ਕੋਈ ਆਖੈ ਭੁਤਨਾ ਕੋ ਕਹੈ ਬੇਤਾਲਾ॥
ਕੋਈ ਆਖੈ ਆਦਮੀ ਨਾਨਕੁ ਵੇਚਾਰਾ॥1॥
ਭਇਆ ਦੀਵਾਨਾ ਸਾਹ ਕਾ ਨਾਨਕੁ ਬਉਰਾਨਾ॥
ਹਉਂ ਹਰਿ ਬਿਨੁ ਅਵਰੁ ਨ ਜਾਨਾ॥ (ਪੰਨਾ 991)
ਪਰ ਉਨ੍ਹਾਂ ਦੇ ਜੀਵਨ ਬਾਰੇ ਭੁਲੇਖੇ ਪਾਉਣ, ਉਨ੍ਹਾਂ ਦੇ ਵਿਚਾਰਾਂ ਦੀ ਅਵੱਗਿਆ ਅਤੇ ਬਾਣੀ ਨੂੰ ਨਜ਼ਰ ਅੰਦਾਜ਼ ਕਰਨ ਦੀ ਸਿੱਖ ਜਗਤ ਵਿਚ ਰੀਤ ਚੱਲ ਪਈ ਸੀ। ਉਸ ਰੀਤ ਦੀਆਂ ਕੁਝ ਮਿਸਾਲਾਂ ਹਨ:
ਸਿੱਖ ਧਰਮ ਦੇ ਬਾਨੀ ਹੋਣ ਦੇ ਬਾਵਜੂਦ ਗੁਰੂ ਨਾਨਕ ਦੇਵ ਦਾ ਪ੍ਰਕਾਸ਼ ਦਿਵਸ ਜਾਣ-ਬੁਝ ਕੇ ਗਲਤ ਦਿਨ ਮਨਾਇਆ ਜਾਂਦਾ ਹੈ। ਉਨ੍ਹਾਂ ਦਾ ਜਨਮ 15 ਅਪਰੈਲ 1469 ਈਸਵੀ ਨੂੰ ਹੋਇਆ ਸੀ, ਪਰ ਉਸ ਨੂੰ ਨਵੰਬਰ ਵਿਚ ਕਤਕ ਦੀ ਪੂਰਨਮਾਸ਼ੀ ਵਾਲੇ ਦਿਨ ਮਨਾਉਣ ਦੀ ਪ੍ਰਥਾ ਹੈ। ਇਹ ਉਨ੍ਹਾਂ ਦਾ ਅਪਮਾਨ ਕਰਨ ਵਾਲੀ ਬੱਜਰ ਗਲਤੀ ਹੈ, ਜਿਸ ਬਾਰੇ ਸਿੱਖ ਜਗਤ ਵਿਚ ਚੇਤੰਨਤਾ ਦੀ ਘਾਟ ਹੈ।
ਗੁਰੂ ਜੀ ਦੀਆਂ ਤਿੰਨ ਜਨਮ ਸਾਖੀਆਂ ਲਿਖੀਆਂ ਗਈਆਂ ਸਨ। ਮਿਹਰਬਾਨ ਵਾਲੀ, ਪੁਰਾਤਨ, ਵਲਾਇਤ ਜਾਂ ਕੋਲਬਰੁਕ ਵਾਲੀ ਅਤੇ ਭਾਈ ਬਾਲੇ ਵਾਲੀ। ਸਿੱਖ ਜਗਤ ਵਿਚ ਕੇਵਲ ਭਾਈ ਬਾਲੇ ਵਾਲੀ ਜਨਮ ਸਾਖੀ ਹੀ ਪ੍ਰਸਿਧ ਅਤੇ ਉਪਲਬਧ ਹੈ। ਇਹ ਜਨਮ ਸਾਖੀ ਗੁਰੂ ਸਾਹਿਬ ਨੂੰ ਛੁਟਿਆਉਂਦੀ ਅਤੇ ਉਨ੍ਹਾਂ ਦੇ ਚਰਿਤਰ ਨੂੰ ਦਾਗੀ ਕਰਦੀ ਹੈ। ਇਸ ਦੇ ਪ੍ਰਕਾਸ਼ਕ ਇਸ ਨੂੰ ਵੇਚਣ ਲਈ ਇਸ ਵਿਚ ਬਹੁਤ ਕੱਟ ਵੱਢ ਕਰਦੇ ਰਹੇ ਹਨ। ਇਸ ਜਨਮ ਸਾਖੀ ਨੇ ਦੋ ਗਲਤ ਤੱਥ ਪ੍ਰਚਲਿਤ ਕੀਤੇ ਹੋਏ ਹਨ: ਪਹਿਲਾ, ਭਾਈ ਬਾਲੇ ਨੂੰ ਗੁਰੂ ਜੀ ਦਾ ਸਾਥੀ ਦਸਿਆ ਗਿਆ ਹੈ। ਉਹ ਇੱਕ ਕਲਪਿਤ ਵਿਅਕਤੀ ਹੈ ਅਤੇ ਉਸ ਦਾ ਗੁਰੂ ਜੀ ਨਾਲ ਕੋਈ ਸਬੰਧ ਨਹੀਂ ਸੀ। ਦੂਜਾ, ਗੁਰੂ ਸਾਹਿਬ ਦਾ ਪ੍ਰਕਾਸ਼ ਦਿਵਸ ਵੈਸਾਖ ਤੋਂ ਕੱਤਕ ਪ੍ਰਚਲਿਤ ਕਰ ਦਿੱਤਾ। ਬਹੁਤੇ ਸਿੱਖ ਆਗੂ ਇਸ ਨੂੰ ਅਸਲੀ ਜਨਮ ਸਾਖੀ ਸਮਝਦੇ ਹਨ ਅਤੇ ਭਾਈ ਬਾਲੇ ਨੂੰ ਗੁਰੂ ਸਾਹਿਬ ਦੀਆਂ ਤਸਵੀਰਾਂ ਵਿਚ ਅਕਸਰ ਚੌਰ ਕਰਦਾ ਦਿਖਾਇਆ ਜਾਂਦਾ ਹੈ।
ਨਨਕਾਣਾ ਸਾਹਿਬ ਗੁਰੂ ਜੀ ਦਾ ਜਨਮ ਅਸਥਾਨ ਹੈ। ਸਿੱਖ ਧਰਮ ਦੇ ਬਾਨੀ ਹੋਣ ਕਾਰਨ ਇਸ ਸਥਾਨ ਦੀ ਯੂਰੋਸ਼ਲਮ, ਮੱਕੇ ਅਤੇ ਗਯਾ ਵਾਲੀ ਮਹਾਨਤਾ ਹੈ; ਪਰ ਨਨਕਾਣਾ ਸਾਹਿਬ ਨੂੰ ਉਸ ਦਾ ਬਣਦਾ ਸਨਮਾਨ ਨਹੀਂ ਦਿੱਤਾ ਗਿਆ। ਮਹਾਰਾਜਾ ਰਣਜੀਤ ਸਿੰਘ ਨੇ ਦਰਬਾਰ ਸਾਹਿਬ ਵਿਚ ਤਾਂ ਸੋਨਾ ਲਗਵਾ ਦਿੱਤਾ, ਪਰ ਨਨਕਾਣਾ ਸਾਹਿਬ ਨੂੰ ਨਜ਼ਰ ਅੰਦਾਜ਼ ਕਰਦਾ ਰਿਹਾ। ਸਿੱਖ ਨਨਕਾਣਾ ਸਾਹਿਬ ਦੀ ਥਾਂ ਦਰਬਾਰ ਸਾਹਿਬ ਨੂੰ ਸਿੱਖੀ ਦਾ ਕੇਂਦਰ ਮੰਨਦੇ ਹਨ। ਅਰਦਾਸ ਵਿਚ “ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਦੇ ਖੁਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ” ਅਖਿਆ ਜਾਂਦਾ ਹੈ। ਇਸ ਤੋਂ ਪਤਾ ਚਲਦਾ ਹੈ ਕਿ ਸਿੱਖ ਜਗਤ ਵਿਚ ਨਨਕਾਣਾ ਸਾਹਿਬ ਨੂੰ ਇੱਕ ਗੁਰਦੁਆਰਾ ਹੀ ਸਮਝਿਆ ਜਾਂਦਾ ਹੈ।
ਗੁਰੂ ਨਾਨਕ ਸਾਹਿਬ ਹੀ ਐਸੇ ਗੁਰੂ ਹੋਏ ਹਨ, ਜਿਨ੍ਹਾਂ ਹਿੰਦੂਆਂ ਅਤੇ ਮੁਸਲਮਾਨਾਂ ਵਿਚ ਕੋਈ ਫਰਕ ਨਹੀਂ ਸੀ ਕੀਤਾ। ਉਹ ਹਿੰਦੂਆਂ ਦੇ ਗੁਰੂ ਅਤੇ ਮੁਸਲਮਾਨਾਂ ਦੇ ਪੀਰ ਅਖਵਾਏ। ਉਨ੍ਹਾਂ ਆਪਣੇ ਰਬਾਬੀ ਸਾਥੀ ਭਾਈ ਮਰਦਾਨਾ ਲਈ ਬਾਣੀ ਰਚ ਕੇ ਉਸ ਨੂੰ ਅਮਰ ਬਣਾ ਦਿੱਤਾ। ਉਹ ਜਾਤ-ਪਾਤ ਨੂੰ, ਜੋ ਹਿੰਦੂ ਧਰਮ ਦਾ ਆਧਾਰ ਹੈ, ਇੱਕ ਸਮਾਜਕ ਰੋਗ ਸਮਝਦੇ ਸਨ। ਉਹ ਔਰਤਾਂ ਦਾ ਸਨਮਾਨ ਕਰਨ ਅਤੇ ਉਨ੍ਹਾਂ ਦੇ ਮਨੁੱਖੀ ਹੱਕਾਂ ਦੇ ਹਾਮੀ ਸਨ। ਅਜੋਕੇ ਬਹੁਤੇ ਸਿੱਖਾਂ ਵਿਚ ਉਨ੍ਹਾਂ ਵਲੋਂ ਪ੍ਰਚਾਰੇ ਗਏ ਮਾਨਵ-ਹਿਤਵਾਦੀ ਗੁਣਾਂ ਦੀ ਘਾਟ ਹੈ। ਬਹੁਤੇ ਸਿੱਖ ਹਿੰਦੂਆਂ ਨਾਲੋਂ ਵੀ ਵਧੇਰੇ ਜਾਤ-ਪਾਤ ਦੇ ਸਮਰਥਕ ਅਤੇ ਪੰਜਾਬੀ ਮੁਸਲਮਾਨਾਂ ਨੂੰ ਆਪਣੇ ਵੈਰੀ ਸਮਝਣ ਵਾਲੇ ਹਨ।
ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਸਾਹਿਬਾਨ ਵਲੋਂ ਰਚੀ ਸਾਰੀ ਬਾਣੀ ਨਾਨਕ ਬਾਣੀ ਹੈ। ਦੂਜੇ ਪੰਜ ਗੁਰੂ ਸਾਹਿਬਾਨ ਨੇ ਵੀ ਆਪਣੀਆਂ ਰਚਨਾਵਾਂ ਨੂੰ ਨਾਨਕ ਬਾਣੀ ਆਖਿਆ ਹੈ, ਕਿਉਂਕਿ ਉਨ੍ਹਾਂ ਗੁਰੂ ਨਾਨਕ ਸਾਹਿਬ ਦੇ ਵਿਚਾਰਾਂ ਦੀ ਹੀ ਵਿਆਖਿਆ ਕੀਤੀ ਹੈ, ਕੋਈ ਨਵਾਂ ਜਾਂ ਵੱਖਰਾ ਵਿਚਾਰ ਪੇਸ਼ ਨਹੀਂ ਕੀਤਾ। ਰਾਮਕਲੀ ਰਾਗ ਵਿਚ ਸੱਤੇ ਅਤੇ ਬਲਵੰਡ ਨੇ ਆਪਣੀ ਵਾਰ ਵਿਚ ਇਸੇ ਸੱਚਾਈ ਨੂੰ “ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ॥” (ਪੰਨਾ 967) ਆਖਿਆ ਹੈ। ਗੁਰੂ ਸਾਹਿਬਾਨ ਵਿਚ ਨਾਨਕ ਜੋਤ ਅਤੇ ਜੁਗਤ ਹੋਣ ਦਾ ਅਰਥ ਉਨ੍ਹਾਂ ਦੀ ਨਾਨਕ ਵਿਚਾਰਧਾਰਾ ਨਾਲ ਸਹਿਮਤੀ ਅਤੇ ਏਕਤਾ ਹੈ, ਪਰ ਗੁਰਬਾਣੀ ਦੇ ਵਿਆਖਿਆਕਾਰਾਂ ਅਤੇ ਕਥਾਵਾਚਕਾਂ ਵਿਚ ਗੁਰੂ ਸਾਹਿਬਾਨ ਵਲੋਂ ਨਾਨਕ ਬਾਣੀ ਦੀ ਵਿਆਖਿਆ ਨੂੰ ਉਨ੍ਹਾਂ ਦੀ ਇੱਛਾ ਦੇ ਵਿਰੁਧ ਮੂਲ ਵਿਚਾਰ ਸਿੱਧ ਕਰਨ ਦਾ ਰਿਵਾਜ ਹੈ।
ਗੁਰੂ ਗ੍ਰੰਥ ਸਾਹਿਬ ਵਿਚ ਦੋ ਬਾਰਹ ਮਾਹ ਬਾਣੀਆਂ ਹਨ: ਗੁਰੂ ਨਾਨਕ ਦੇਵ ਜੀ ਦੀ ਤੁਖਾਰੀ ਰਾਗ ਵਿਚ ਅਤੇ ਗੁਰੂ ਅਰਜਨ ਦੇਵ ਜੀ ਦੀ ਮਾਝ ਰਾਗ ਵਿਚ। ਸਾਰੇ ਗੁਰਦੁਆਰਿਆਂ ਵਿਚ ਸੰਗਰਾਂਦ ਵਾਲੇ ਦਿਨ ਕੇਵਲ ਗੁਰੂ ਅਰਜਨ ਦੇਵ ਜੀ ਦਾ ਬਾਰਹ ਮਾਹ ਮਾਝ ਹੀ ਪੜ੍ਹਿਆ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਦੇ ਬਾਰਹ ਮਾਹ ਦੀ ਬਹੁਤੇ ਸਿੱਖਾਂ ਨੂੰ ਜਾਣਕਾਰੀ ਹੀ ਨਹੀਂ ਹੈ।
ਸੂਹੀ ਰਾਗ ਵਿਚ ਵਿਆਹ ਨਾਲ ਸਬੰਧਤ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਰਾਮਦਾਸ ਜੀ ਦੇ ਛੰਤ ਹਨ, ਪਰ ਵਿਆਹਾਂ ਵਿਚ ਕੇਵਲ ਗੁਰੂ ਰਾਮਦਾਸ ਜੀ ਦੀਆਂ ਚਾਰ ਲਾਵਾਂ ਹੀ ਪੜ੍ਹੀਆਂ ਜਾਂਦੀਆਂ ਹਨ। ਗੁਰੂ ਨਾਨਕ ਸਾਹਿਬ ਦੇ ਛੰਤ ਵਿਆਹ ਦੀ ਰਸਮ ਲਈ ਬਹੁਤ ਢੁਕਵੇਂ ਹਨ। ਬਹੁਤ ਅੱਛਾ ਹੁੰਦਾ ਜੇ ਉਹ ਵੀ ਵਿਆਹ ਦੇ ਜਸ਼ਨ ਵਿਚ ਸ਼ਾਮਲ ਕੀਤੇ ਹੁੰਦੇ।
ਆਸਾ ਦੀ ਵਾਰ ਦਾ ਸਵੇਰੇ ਕੀਰਤਨ ਕਰਨ ਦੀ ਪ੍ਰਥਾ ਹੈ, ਪਰ ਆਸਾ ਦੀ ਵਾਰ ਦੇ ਸ਼ਲੋਕਾਂ ਅਤੇ ਪੌੜੀਆਂ ਤੋਂ ਪਹਿਲਾਂ ਗੁਰੂ ਰਾਮਦਾਸ ਜੀ ਦੇ ਛੰਤ ਗਾਉਣ ਦੀ ਰੀਤ ਹੈ। ਇਨ੍ਹਾਂ ਛੰਤਾਂ ਦਾ ਆਸਾ ਦੀ ਵਾਰ ਦੇ ਵਿਸ਼ਾ ਵਸਤੂ ਨਾਲ ਕੋਈ ਮੇਲ ਨਹੀਂ ਹੈ। ਹੁਣ ਬਹੁਤੇ ਗੁਰਦੁਆਰਿਆਂ ਵਿਚ ਆਸਾ ਦੀ ਵਾਰ ਦੇ ਕੀਰਤਨ ਦੀ ਥਾਂ ਸੁਖਮਨੀ ਸਾਹਿਬ ਦਾ ਪਾਠ ਹੋਣ ਲੱਗ ਪਿਆ ਹੈ।
ਨਾਨਕ ਬਾਣੀ ਮਨੁੱਖੀ ਸੁਤੰਤਰਤਾ ਤੇ ਬਰਾਬਰੀ ਦੀ ਹਾਮੀ ਹੈ ਅਤੇ ਮਨੁੱਖਤਾ ਨੂੰ ਮਿਲਵਰਤਣ, ਸਾਂਝੀਵਾਲਤਾ ਅਤੇ ਸ਼ਾਂਤੀ ਦਾ ਉਪਦੇਸ਼ ਕਰਦੀ ਹੈ। ਬਹੁਤੇ ਸਿੱਖ ਵਿਦਵਾਨ ਪੱਛਮੀ ਦੇਸ਼ਾਂ ਵਿਚ ਨਾਨਕ ਬਾਣੀ ਦੇ ਮਾਨਵਵਾਦੀ ਵਿਚਾਰਾਂ ਦਾ ਖੁੱਲ੍ਹਾ ਪ੍ਰਚਾਰ ਕਰਨ ਦੇ ਇਛੁੱਕ ਹਨ, ਪਰ ਉਹ ਉਥੋਂ ਦੇ ਸੂਝਵਾਨ ਸਰੋਤਿਆਂ ਨੂੰ ਭਾਰਤ ਦੇ ਗੁਰਦੁਆਰਾ ਕਾਨੂੰਨ ਅਤੇ ਉਸ ਨਾਲ ਜੁੜੇ ਪਰੰਪਰਾਗਤ ਸਿੱਖ ਧਰਮ ਦੀ ਨਾਨਕ ਵਿਚਾਰਧਾਰਾ ਨਾਲ ਅਸੰਗਤੀ ਦਾ ਸੰਤੋਖਜਨਕ ਜਵਾਬ ਨਹੀਂ ਦੇ ਸਕਦੇ। ਨਾਨਕ ਬਾਣੀ ਦਾ ਖੁੱਲ੍ਹਾ ਪ੍ਰਚਾਰ ਕਰਨ ਲਈ ਉਨ੍ਹਾਂ ਦੀ ਸੋਚ ਨੂੰ ਭਾਰਤ ਦੇ ਗੁਰਦੁਆਰਾ ਕਾਨੂੰਨ ਦੀ ਬੰਦਿਸ਼ ਅਤੇ ਉਦਾਸੀ ਮੱਤ ਦੀ ਸਿੱਖ ਪਰੰਪਰਾ ਦੇ ਪ੍ਰਭਾਵ ਤੋਂ ਆਜ਼ਾਦ ਹੋਣਾ ਪਵੇਗਾ।