ਸਾਡੀਆਂ ਸੰਸਥਾਵਾਂ ਅਤੇ ਦਾਲ ਸਪੈਸ਼ਲਿਸਟ

ਅਵਤਾਰ ਸਿੰਘ (ਪ੍ਰੋ.)
ਫੋਨ: 91-94175-18384
ਸਾਡੇ ਸਮਾਜ ਦੀ ਹਾਲਤ ਇੱਕ ਸੰਗਠਨ ਜਾਂ ਸੰਸਥਾ ਵਜੋਂ ਬੇਹੱਦ ਤਰਸਯੋਗ ਬਣੀ ਹੋਈ ਹੈ। ਇਸ ਦਾ ਜਾਹਰਾ ਅਤੇ ਗੁਹਜ ਕਾਰਨ ਸਾਡੀਆਂ ਸੰਸਥਾਵਾਂ ਹਨ, ਜਿਨ੍ਹਾਂ ਨੂੰ ਉਨ੍ਹਾਂ ਦੇ ਅੰਦਰ ਛਾਈ ਹੋਈ ਮੁਰਦੇਹਾਣੀ ਕਾਰਨ ‘ਸਿੱਕ’ ਸੰਸਥਾਵਾਂ ਕਹਿਣਾ ਵਧੇਰੇ ਸਹੀ ਹੈ। ਕਿਸੇ ਵਿਕੋਲਿਤਰੀ ਸੰਸਥਾ ਨੂੰ ਛੱਡ ਕੇ, ਸਮਾਜ ਦੀ ਪ੍ਰਤਿਨਿਧਤਾ ਕਰਨ ਵਾਲੀਆਂ ਤਮਾਮ ਸੰਸਥਾਵਾਂ ਹੁਣ ਮੁਕਤੀ ਪ੍ਰਦਾਤਾ ਨਹੀਂ ਹਨ, ਬਲਕਿ ਦੋਜ਼ਖ ਵੱਲ ਜਾਂਦੀਆਂ ਸਿੱਧੀਆਂ ਸੜਕਾਂ ਹਨ।

ਸਾਡੀਆਂ ਸੰਸਥਾਵਾਂ ਇਸ ਲਈ ਵੀ ‘ਸਿੱਕ’ ਹਨ ਕਿ ਇਨ੍ਹਾਂ ਦਾ ਕੋਈ ਵਿਧੀ ਵਿਧਾਨ ਹੀ ਨਹੀਂ ਹੈ। ਜਿਸ ਵੀ ਸੰਸਥਾ ਦਾ ਕੋਈ ਪ੍ਰਮਾਣਿਕ ਵਿਧੀ ਵਿਧਾਨ ਹੋਵੇਗਾ, ਉਸ ਵਿਚ ਕਿਸੇ ਨਵੇਂ ਬੰਦੇ ਲਈ ਪਰਵੇਸ਼ ਕਰਨਾ ਵੀ ਮੁਸ਼ਕਿਲ ਹੋਵੇਗਾ ਤੇ ਪੁਰਾਣੇ ਨੂੰ ਬਾਹਰ ਕੱਢਣਾ ਉਸ ਤੋਂ ਵੀ ਮੁਸ਼ਕਿਲ ਹੋਵੇਗਾ; ਪਰ ਜਿੱਥੇ ਕੋਈ ਵਿਧੀ ਵਿਧਾਨ ਹੀ ਨਾ ਹੋਵੇ, ਉਥੇ ਕਿਸੇ ਵੀ ਐਰੇ-ਗੈਰੇ ਦਾ ਪਰਵੇਸ਼ ਹਰ ਵਕਤ ਸੁਖੈਨ ਹੁੰਦਾ ਹੈ ਤੇ ਕਿਸੇ ਚੰਗੇ ਭਲੇ ਭੱਦਰਪੁਰਸ਼ ਨੂੰ ਬਾਹਰ ਦਾ ਰਸਤਾ ਦਿਖਾਉਣਾ ਉਸ ਤੋਂ ਵੀ ਅਸਾਨ ਹੁੰਦਾ ਹੈ।
ਦੇਖਿਆ ਗਿਆ ਹੈ ਕਿ ਕੋਈ ਕਾਰਗਰ ਅਤੇ ਮਿਹਨਤੀ ਇਨਸਾਨ ਆਪਣੀ ਲਿਆਕਤ ਤੇ ਜਾਣ-ਪਛਾਣ ਦੇ ਬਲਬੂਤੇ ਕੋਈ ਨਿੱਗਰ ਸੰਸਥਾ ਖੜ੍ਹੀ ਕਰਦਾ ਹੈ ਤੇ ਉਥੇ ਰੱਜ ਕੇ ਕੰਮ ਕਰਦਾ ਹੈ। ਕੋਈ ਉਸ ਦੇ ਕੰਮ ਵਿਚ ਵਿਘਨ ਨਹੀਂ ਪਾਉਂਦਾ ਤੇ ਨਾ ਦਖਲਅੰਦਾਜ਼ੀ ਕਰਦਾ ਹੈ। ਸਭ ਨੂੰ ਹੀ ਉਸ ਉਤੇ ਮਾਣ ਅਤੇ ਵਿਸ਼ਵਾਸ ਹੁੰਦਾ ਹੈ। ਵਿਸ਼ਵਾਸ ਕਾਹਦਾ, ਨਿਰੀ ਸ਼ਰਧਾ ਹੁੰਦੀ ਹੈ। ਅਜਿਹੇ ਭਲੇ ਪੁਰਸ਼ ਬਹੁਤ ਥੋੜ੍ਹੇ ਹੁੰਦੇ ਹਨ ਤੇ ਕਦੇ ਕਦੇ ਪ੍ਰਗਟ ਹੁੰਦੇ ਹਨ, “ਬੜੀ ਮੁਸ਼ਕਿਲ ਸੇ ਹੋਤਾ ਹੈ ਚਮਨ ਮੇ ਦੀਦਾਵਰ ਪੈਦਾ।”
ਅਚਾਨਕ ਕੋਈ ਸਿਰੇ ਦਾ ਵਿਹਲੜ ਤੇ ਪੁੱਜ ਕੇ ਨਾਲਾਇਕ ਬੰਦਾ ਆਣ ਦਾਖਲ ਹੁੰਦਾ ਹੈ ਤੇ ਚੁੱਪ ਚਾਪ ਦਾਲ ਵਰਤਾਉਣ ਲੱਗ ਜਾਂਦਾ ਹੈ; ਹੌਲੀ ਹੌਲੀ ਲੰਗਰ ‘ਚ ਘੁਸਪੈਠ ਕਰਕੇ ਦਾਲ ਵਿਚ ਕੜਛੀ ਘੁਮਾਉਣ ਲੱਗ ਜਾਂਦਾ ਹੈ। ਲੋਕ ਸਮਝਦੇ ਹਨ ਕਿ ਬੜਾ ਨਿਰਛਲ ਅਤੇ ਨਿਸ਼ਕਾਮ ਸੇਵਕ ਹੈ। ਕੜਛੀ ਫੇਰਦਾ ਫੇਰਦਾ ਉਹ ਬੰਦਾ ਸੰਸਥਾ ਦੀ ਅੰਦਰੂਨੀ ਬਣਤਰ, ਕਸ਼ਮਕਸ਼ ਅਤੇ ਹੀਜਪਿਆਜ ਦਾ ਭੇਤ ਪਾ ਲੈਂਦਾ ਹੈ। ਇਸ ਤਰ੍ਹਾਂ ਦੇ ਵਿਹਲੜਾਂ ਦੀ ਸਾਡੇ ਸਮਾਜ ਵਿਚ ਕਮੀ ਨਹੀਂ ਹੈ; ਅਜਿਹੀ ਨਸਲ, ਟਪਕੇ ਅੰਬ ਦੀ ਤਰ੍ਹਾਂ, ਕਦੀ ਵੀ ਅਤੇ ਕਿਤੋਂ ਵੀ ਚਾਣਚੱਕ ਟਪਕ ਪੈਂਦੀ ਹੈ ਤੇ ਸਭ ਹੱਕੇ ਬੱਕੇ ਰਹਿ ਜਾਂਦੇ ਹਨ।
ਹਰ ਬੰਦਾ ਕਿਸੇ ਨਾ ਕਿਸੇ ਨਾਲ ਆਪਣੀਆਂ ਕਮਜ਼ੋਰੀਆਂ ਜ਼ਰੂਰ ਸਾਂਝੀਆਂ ਕਰਦਾ ਹੈ। ਬੰਦੇ ਦੀ ਇਸੇ ਕਮਜ਼ੋਰੀ ਦਾ ਲਾਹਾ ਲੈਂਦਿਆਂ ਵਿਹਲੜ ਅਤੇ ਦਾਲ ਸਪੈਸ਼ਲਿਟ ਬੰਦਾ ਸੰਸਥਾ ਦੇ ਮੁਖੀ ਦੀਆਂ ਸ਼ਖਸੀ ਕਮਜ਼ੋਰੀਆਂ ਦਾ ਹਮਰਾਜ਼ ਬਣ ਜਾਂਦਾ ਹੈ। ਅਸਲ ਵਿਚ ਸੰਸਥਾ ਦਾ ਮੁਖੀ ਆਪਣੀ ਦਾਹੜੀ ਆਪ ਹੀ ਉਸ ਨਾਲਾਇਕ ਦੇ ਹੱਥ ਫੜਾ ਕੇ ਖੁਸ਼ ਰਹਿੰਦਾ ਹੈ। ਉਸ ਦੀ ਇੱਜਤ ਆਬਰੂ ਉਸ ਟਪਕੇ ਦੇ ਰਹਿਮੋ ਕਰਮ ‘ਤੇ ਨਿਰਭਰ ਹੋ ਜਾਂਦੀ ਹੈ। ਇਹੀ ਉਹ ਸਮਾਂ ਹੁੰਦਾ ਹੈ, ਜਦੋਂ ਕਿਸੇ ਸੰਸਥਾ ਦੇ ਪਤਨ ਦਾ ਮੁੱਢ ਬੱਝਦਾ ਹੈ ਤੇ ਸੰਸਥਾ ਦੇ ਨਿਘਾਰ ਦਾ ਆਗਾਜ਼ ਹੁੰਦਾ ਹੈ।
ਸੰਸਥਾਪਕਾਂ ਦੀ ਇਹ ਵੀ ਕਮਜ਼ੋਰੀ ਹੁੰਦੀ ਹੈ ਕਿ ਉਹ ਜਿਉਂਦੇ ਜੀ ਆਪਣੀ ਥਾਂ ਕਿਸੇ ਲਾਇਕ ਬੰਦੇ ਨੂੰ ਨੇੜੇ ਨਹੀਂ ਫਟਕਣ ਦਿੰਦੇ। ਆਪਣੇ ਬਰਾਬਰ ਦਿਆਂ ਤੋਂ ਉਹ ਹਮੇਸ਼ਾ ਵਿੱਥ ਬਣਾ ਕੇ ਰੱਖਦੇ ਹਨ; ਉਪਰਲਿਆਂ ਦੇ ਤਾਂ ਨੇੜੇ ਨਹੀਂ ਢੁਕਦੇ। ਉਹ ਸਦਾ ਡਰਦੇ ਰਹਿੰਦੇ ਹਨ ਕਿ ਉਨ੍ਹਾਂ ਦੇ ਬਰਾਬਰ ਦੇ ਜਾਂ ਉਪਰਲੇ ਕਿਤੇ ਕਾਬਜ਼ ਨਾ ਹੋ ਜਾਣ; ਪਰ ਆਪਣੇ ਆਸਤੀਨ ਦੇ ਸੱਪ ਦਾ ਉਨ੍ਹਾਂ ਨੂੰ ਬਿਲਕੁਲ ਵੀ ਭੇਤ ਨਹੀਂ ਲੱਗਦਾ। ਦੂਸਰੇ ਦੇ ਭੇਤ ਜਾਣਨ ਵਾਲਾ ਆਪਣੇ ਭੇਤ ਲੁਕਾ ਕੇ ਰੱਖਦਾ ਹੈ। ਜਦ ਸੰਸਥਾ ਦੇ ਮੁਢਲੇ ਮੁਖੀ ਦੀ ਤਬੀਅਤ ਕੁਝ ਢਿੱਲੀ ਮੱਠੀ ਹੁੰਦੀ ਹੈ ਤਾਂ ਉਸੇ ਵਕਤ ਦਾਲ ਸਪੈਸ਼ਲਿਸਟ, ਕੜਛੀ ਛੱਡ ਕੇ ਸੰਸਥਾ ਦੀਆਂ ਕੁੰਜੀਆਂ ਸਾਂਭ ਲੈਂਦਾ ਹੈ। ਇਸ ਤਰ੍ਹਾਂ ਚਾਬੀਆਂ ਦਾ ਗੁਪਤ ਮੋਰਚਾ ਫਤਿਹ ਹੁੰਦਾ ਹੈ ਤੇ ਸਾਂਝੀ ਸੰਸਥਾ ਨੂੰ ਨਿਜੀ ਜਗੀਰ ਬਣਾਉਣ ਦੇ ਅਮਲ ਨੂੰ ਬੂਰ ਪੈਂਦਾ ਹੈ।
ਫਿਰ ਉਹ ਕਿਸੇ ਨੂੰ ਵੀ ਦੱਸੇ ਅਤੇ ਪੁੱਛੇ ਬਗੈਰ, ਚੁੱਪ ਚੁਪੀਤੇ, ਆਨੇ-ਬਹਾਨੇ ਪੜ੍ਹੇ-ਲਿਖੇ ਅਤੇ ਇਮਾਨ ਵਾਲੇ ਮੈਂਬਰਾਂ ਦੀ ਮੁਢਲੀ ਮੈਂਬਰਸ਼ਿਪ ਖਾਰਜ ਕਰਕੇ, ਬੋਗਸ ਭਰਤੀ ਕਰਦਾ ਹੈ; ਜਿਨ੍ਹਾਂ ਦਾ ਪਤਾ ਸੰਸਥਾ ਦੇ ਆਮ ਇਜਲਾਸ ਸਮੇਂ ਹੀ ਲੱਗਦਾ ਹੈ, ਜਦ ਇਹ ਸਮਝਣਾ ਮੁਸ਼ਕਿਲ ਹੋ ਜਾਂਦਾ ਹੈ ਕਿ ਇਹ ਸੰਸਥਾ ਦਾ ਆਮ ਇਜਲਾਸ ਹੋ ਰਿਹਾ ਹੈ ਜਾਂ ਉਸ ਕੜਛੀ ਮਾਸਟਰ ਦੇ ਦਾਦਕਾ ਜਾਂ ਨਾਨਕਾ ਮੇਲ ਦਾ ‘ਕੱਠ ਹੈ!
ਉਸ ਦੇ ਜਿਹੜੇ ਰਿਸ਼ਤੇਦਾਰ ਦੀ ਕਿਤੇ ਕੋਈ ਪੁੱਛ-ਪ੍ਰਤੀਤ ਨਹੀਂ ਹੁੰਦੀ, ਉਹ ਸੰਸਥਾ ਦਾ ਪਤਵੰਤਾ ਹੁੰਦਾ ਹੈ।
ਸੰਸਥਾ ਦਾ ਵਿਧੀ ਵਿਧਾਨ ਕਦੀ ਕਿਸੇ ਨੇ ਬਣਾਇਆ ਤੇ ਨਿਭਾਇਆ ਨਹੀਂ ਹੁੰਦਾ ਤੇ ਉਹ ਸਦਾ ਬਹਾਰ ਵਿਹਲੜ ਬੰਦਾ ਚਿੱਟਾ ਸੱਪ ਬਣ ਕੇ ਸੰਸਥਾ ‘ਤੇ ਬੈਠ ਜਾਂਦਾ ਹੈ। ਲੋਕ ਹੈਰਾਨ ਹੁੰਦੇ ਹਨ, ਜਦ ਉਹ ਨਿਸ਼ਕਾਮ ਸੇਵਕ ਸਮਝਿਆ ਜਾਂਦਾ ਚਿੱਟਕੁੜਤੀਆ, ਨਿਰਛਲ ਦੀ ਥਾਂ ਨਿਰਾ ਛਲ ਸਾਬਤ ਹੁੰਦਾ ਹੈ ਤੇ ਸੰਸਥਾ ਦੇ ਨੇੜੇ ਤੇੜੇ ਫਟਕਣ ਵਾਲਿਆਂ ਨੂੰ ਡੰਗ ਮਾਰਨੇ ਸ਼ੁਰੂ ਕਰ ਦਿੰਦਾ ਹੈ।
ਅਜਿਹੇ ਸੱਪ ਦਾ ਡੱਸਿਆ ਪ੍ਰਾਣੀ ਪਾਣੀ ਵੀ ਨਹੀਂ ਮੰਗਦਾ ਤੇ ਆਪਣੀ ਇੱਜਤ ਬਚਾਉਣ ਵਿਚ ਹੀ ਭਲਾ ਸਮਝਦਾ ਹੈ। ਕੋਈ ਇੱਜਤਦਾਰ ਬੰਦਾ ਉਧਰ ਮੂੰਹ ਤੱਕ ਨਹੀਂ ਕਰਦਾ। ਇਸ ਤਰ੍ਹਾਂ ਹਰੇਕ ਸੰਸਥਾ ‘ਸਿੱਕ’ ਸੰਸਥਾ ਵਿਚ ਤਬਦੀਲ ਹੋ ਜਾਂਦੀ ਹੈ ਅਤੇ ਉਸ ਕਪਟੀ ਦੀ ਨਿਜੀ ਜਾਇਦਾਦ ਬਣ ਕੇ ਰਹਿ ਜਾਂਦੀ ਹੈ, ਤੇ ਸੰਸਥਾ ਦਾ ਵਾਸਤਵ ਵਿਚ ਭੋਗ ਪੈ ਜਾਂਦਾ ਹੈ।
ਐਸੀਆਂ ਸੰਸਥਾਵਾਂ ਦੀ ਸਾਲਾਨਾ ਆਮਦਨ ਕਰੋੜਾਂ ‘ਚ ਹੁੰਦੀ ਹੈ, ਜਿਸ ਦਾ ਕਿਸੇ ਨੂੰ ਵੀ ਪਤਾ ਨਹੀਂ ਹੁੰਦਾ ਕਿ ਉਹ ਖਰਚ ਕਿੱਥੇ ਹੁੰਦੀ ਹੈ ਜਾਂ ਉਹ ਜਾਂਦੀ ਕਿੱਥੇ ਹੈ? ਕਿਸੇ ਨੂੰ ਵੀ ਪਤਾ ਨਹੀਂ ਹੁੰਦਾ ਕਿ ਉਸ ਦਾਲ ਸਪੈਸ਼ਲਿਸਟ ਦੇ ਨਾਂ ‘ਤੇ ਕਿਸ ਕਿਸ ਥਾਂ ‘ਤੇ ਕਿੰਨੇ ਕਿੰਨੇ ਕਨਾਲ ਦੇ ਪਲਾਟ ਇੰਤਕਾਲ ਹੋ ਚੁਕੇ ਹਨ; ਕਿੱਥੋਂ ਉਸ ਨੂੰ ਕਿਰਾਇਆ ਆਉਂਦਾ ਹੈ ਤੇ ਕਿੰਨਾ ਵਿਆਜ ਆਉਂਦਾ ਹੈ!
ਕਿਸੇ ਨੂੰ ਵੀ ਪਤਾ ਨਹੀਂ ਲੱਗਦਾ ਕਿ ਸੰਸਥਾ ਦੀ ਕਾਰ ਘਸਾਈ ਕਿਹੜੀਆਂ ਕਿਹੜੀਆਂ ਸੜਕਾਂ ‘ਤੇ ਕਿਹੜੇ ਕਿਹੜੇ ਕੰਮ ਲਈ ਹੁੰਦੀ ਹੈ। ਦਸ ਰੁਪਏ ਦੀ ਚੀਜ ਲਿਆਉਣ ਲਈ ਦੋ ਸੌ ਰੁਪਏ ਦਾ ਤੇਲ ਫੂਕਣਾ ਪਵੇ ਤਾਂ ਉਹ ਰੱਤੀ ਪ੍ਰਵਾਹ ਨਹੀਂ ਕਰਦਾ, ਤੇਲ-ਪਾਣੀ ਕੰਪਨੀ ਦਾ, ਮਸ਼ਹੂਰੀ ਮਾਲਕਾਂ ਦੀ ਹੁੰਦੀ ਹੈ।
ਇਹ ਸਿਰਫ ਉਸੇ ਨੂੰ ਪਤਾ ਹੁੰਦਾ ਹੈ ਕਿ ਸੰਸਥਾ ਦਾ ਮਹਿਮਾਨਖਾਨਾ ਕਿਹੜੇ ਕਿਹੜੇ ਦਿਨ-ਸੁਦ ਜਾਂ ਦਿਵਸ ਨੂੰ ਕਿਹੜੇ ਕਿਹੜੇ ਉਪੱਦਰ ਲਈ ਇਸਤੇਮਾਲ ਹੁੰਦਾ ਹੈ। ਕੋਈ ਨਹੀਂ ਜਾਣਦਾ ਕਿ ਉਸ ਦੇ ਰਿਸ਼ਤੇਦਾਰਾਂ ਦੇ ਵਿਆਹ ਸ਼ਾਦੀਆਂ, ਜਨਮ ਦਿਨ ਤੇ ਭੋਗ ਆਦਿ ਸੰਸਥਾ ਨੂੰ ਕਿੰਨੇ ਕਿੰਨੇ ‘ਚ ਪੈਂਦੇ ਹਨ। ਕੋਈ ਨਹੀਂ ਜਾਣਦਾ ਕਿ ਕਿੱਥੇ ਕਿੱਥੇ ਦਿੱਤੇ ਅਤੇ ਕਿਹੜੇ ਕਿਹੜੇ ਗਿਫਟ ਚੁੱਪ ਚੁਪੀਤੇ ਲੰਗਰਾਂ ਦੇ ਬਿੱਲ ਵਿਚ ਸਮਾ ਜਾਂਦੇ ਹਨ। ਅਖੀਰ ਘਸਦਿਆਂ ਘਸਦਿਆਂ ਉਸ ਦੀਆਂ ਪੌਂ ਬਾਰਾਂ ਹੋ ਜਾਂਦੀਆਂ ਨੇ, ਤੇ ਵਿਚਾਰੀ ਸੰਸਥਾ ਦਾ ਇੰਤਕਾਲ ਹੋ ਜਾਂਦਾ ਹੈ।
ਮੱਤ ਸਮਝੋ ਕਿ ਉਹ ਦਾਲ ਸਪੈਸ਼ਲਿਸਟ ਬਿਲਕੁਲ ਬੇਪ੍ਰਵਾਹ ਅਤੇ ਬੇਫਿਕਰ ਹੁੰਦਾ ਹੈ। ਨਾਲਾਇਕੀ ਦੇ ਪੁੰਜ ਅਤੇ ਲਾਲਚ ਦੀ ਪੰਡ ਨੂੰ ਅੰਦਰੋ ਅੰਦਰੀ ਝੋਰਾ ਵੱਢ ਵੱਢ ਖਾਣ ਲੱਗ ਪੈਂਦਾ ਹੈ ਤੇ ਉਸ ਨੂੰ ਫਿਕਰ ਘੇਰੀ ਰੱਖਦੇ ਹਨ, ਜੋ ਬਣਦੇ ਬਣਦੇ ਮਰਜ਼ ਬਣ ਜਾਂਦੇ ਹਨ; ਜਿਸ ਦਾ ਪਤਾ ਉਦੋਂ ਲੱਗਦਾ ਹੈ, ਜਦ ਉਸ ਦੇ ਬੋਝੇ ਵਿਚ ਥੱਬਾ ਥੱਬਾ ਗੋਲੀਆਂ ਦਾ ਰਹਿਣ ਲੱਗ ਜਾਂਦਾ ਹੈ। ਕਿਹੜੀ ਬਿਮਾਰੀ ਹੈ, ਜੋ ਉਸ ਨੂੰ ਨਹੀਂ ਚੰਬੜੀ ਹੁੰਦੀ!
ਜੇ ਨਹੀਂ ਪਤਾ ਹੁੰਦਾ ਤਾਂ ਉਸ ਨੂੰ ਸਿਰਫ ਇਹੀ ਨਹੀਂ ਪਤਾ ਹੁੰਦਾ ਕਿ ਦਿਆਲੂ ਤੇ ਕਿਰਪਾਲੂ ਦੇ ਨਾਲ ਨਾਲ ਵਾਹਿਗੁਰੂ ਬਾਣੀਆ ਵੀ ਹੈ, ‘ਲੇਖਾ ਰਬੁ ਮੰਗੇਸੀਆ ਬੈਠਾ ਕਢਿ ਵਹੀ॥’ ਕੋਈ ਰੱਖੇ ਜਾਂ ਨਾ, ਪਰ ਉਹ ਬਾਣੀਆਂ ਵਾਹਿਗੁਰੂ ਪਾਈ ਪਾਈ ਦਾ ਹਿਸਾਬ ਰੱਖਦਾ ਹੈ, ‘ਦੋਜਕਿ ਪਾਇ ਸਿਰਜਣਹਾਰੈ ਲੇਖਾ ਮੰਗੈ ਬਾਣੀਆ॥’ ਅਖੀਰ ਅਜਲੀ ਅਤੇ ਅਦਲੀ ਹਿਸਾਬ ਦੇ ਸਾਹਮਣੇ ਮਚਲਾ ਠਰਕੀ ਇਕ ਤਰ੍ਹਾਂ ਦਾ ਨਰਕੀ ਹੋ ਜਾਂਦਾ ਹੈ, ਧਰਮਸਾਲ ਕੇ ਲੰਗਰ ਤਿੰਨ ਕੰਮ ਕਰੇਣ, ਮੱਤ ਮਾਰਨ ਹੱਡ ਗਾਲਣ ਕੰਮ ਕਰਨ ਨਾ ਦੇਣ।
ਚੰਦਰੀਆਂ ਬਿਮਾਰੀਆਂ ਉਸ ਕੜਛੀ ਮਾਸਟਰ ਤੱਕ ਸੀਮਤ ਨਹੀਂ ਰਹਿੰਦੀਆਂ। ਉਹ ਵਿਚਾਰਾ ਪਾਪ ਹੀ ਇੰਨੇ ਕਰ ਬਹਿੰਦਾ ਹੈ ਕਿ ਉਨ੍ਹਾਂ ਦਾ ਲੇਖਾ, ਸ਼ਾਹੂਕਾਰ ਆੜ੍ਹਤੀਏ ਦੇ ਕਰਜ਼ੇ ਵਾਂਗ ਉਸ ਦੀ ਔਲਾਦ ਤੱਕ ਮਾਰ ਕਰਦਾ ਹੈ। ਉਸ ਦੇ ਬੱਚੇ ਪਤੰਦਰ ਸਾਬਤ ਹੁੰਦੇ ਹਨ, ਨਸ਼ੇ ਕਰਨ ਲੱਗ ਜਾਂਦੇ ਹਨ ਤੇ ਚੋਰ ਉਚੱਕੇ ਬਣ ਜਾਂਦੇ ਹਨ। ਇਨ੍ਹਾਂ ਦੀ ਮਿਹਰਬਾਨੀ ਸਦਕਾ ਹੀ ਗੁਰੂ ਘਰਾਂ ਦੀਆਂ ਗੋਲਕਾਂ ‘ਚੋਂ ਹਮੇਸ਼ਾ ਚਿਉਂਗਮ ਲੱਗੇ ਡੱਕੇ ਨਿਕਲਦੇ ਹਨ। ਇਨ੍ਹਾਂ ਦੀ ਅਸਮਤ, ਜਤ, ਸਤ ਅਤੇ ਇੱਜਤਾਂ ਵੀ ਇਖਲਾਕ ਦੀਆਂ ਡੂਢੀਆਂ ਗੰਢਾਂ ਸਾਬਤ ਹੁੰਦੀਆਂ ਹਨ, ਜੋ ਸਦਾ ਹੀ ਅਤੇ ਕਿਤੇ ਵੀ ਖੁੱਲ੍ਹਣ ਲਈ ਤਿਆਰ-ਬਰ-ਤਿਆਰ ਰਹਿੰਦੀਆਂ ਹਨ, ‘ਇਸਤਰੀ ਪੁਰਖੈ ਦਾਮ ਹਿਤ ਭਾਵੇਂ ਆਵੈ ਕਿਥਾਊਂ ਜਾਈ॥’
ਗਿਆਨੀ ਗਿਆਨ ਸਿੰਘ ਨੇ ‘ਤਵਾਰੀਖ ਗੁਰੂ ਖਾਲਸਾ’ ਵਿਚ ਲਿਖਿਆ ਹੈ ਕਿ ਜਦ ਗੁਰੂ ਨਾਨਕ ਤੋਂ ਪੁੱਛਿਆ “ਕਿਤਾਬ ਤੋਂ ਕੀ ਹਾਸਲ ਹੈ?” ਤਾਂ ਗੁਰੂ ਨਾਨਕ ਨੇ ਆਖਿਆ: ਕਿਤਾਬ ਬੱਕਰੀ ਹੈ। ਆਰਫ ਲੋਕ ਇਸ ਦਾ ਮਗਜ਼ ਖਾਂਦੇ ਹਨ, ਜਿਗਿਆਸੂ ਭਗਤ ਇਸ ਦਾ ਦੁੱਧ ਪੀਂਦੇ ਹਨ, ਕਾਂਜ਼ੀ ਪੰਡਿਤ ਹੱਡੀਆਂ ਚੱਬਦੇ ਹਨ, ਹਾਕਮ ਇਸ ਦਾ ਲਹੂ ਚੱਟਦੇ ਹਨ।
ਗਰੀਬ ਦੇ ਮੂੰਹ ਤੇ ਗੁਰੂ ਕੀ ਗੋਲਕ ਦੇ ਸਿਰ ‘ਤੇ ਬਣਾਈਆਂ, ਇਨ੍ਹਾਂ ਬੰਦਿਆਂ ਦੀਆਂ ਜਾਇਦਾਦਾਂ ਧਰੀਆਂ ਧਰਾਈਆਂ ਰਹਿ ਜਾਂਦੀਆਂ ਹਨ। ਤਰ੍ਹਾਂ ਤਰ੍ਹਾਂ ਦੀਆਂ ਬਦਫੈਲੀਆਂ ਨੂੰ ਲੱਗੇ ਅਤੇ ਗਿੱਝੇ ਅਜਿਹੇ ਲੋਕਾਂ ਨੂੰ ਪਤਾ ਵੀ ਨਹੀਂ ਲੱਗਦਾ, ਜਦ ਉਨ੍ਹਾਂ ਨੂੰ ਠਿੱਬੀ ਲਾਉਣ ਵਾਲਾ ਕੋਈ ਹੋਰ ਕੜਛੀ ਫੇਰ, ਦਾਲ ਸਪੈਸ਼ਲਿਸਟ ਟਪਕ ਪੈਂਦਾ ਹੈ। ਸੇਰ ਨੂੰ ਸਵਾ ਸੇਰ ਅਤੇ ਕੜਛੀ ਫੇਰ ਨੂੰ ਕੜਛਾ ਫੇਰ ਟੱਕਰ ਜਾਂਦਾ ਹੈ, ‘ਜੇ ਸਕਤਾ ਸਕਤੇ ਕਉ ਮਾਰੇ ਤਾ ਮਨਿ ਰੋਸੁ ਨ ਹੋਈ॥’
ਸਾਡੀਆਂ ਸਮਾਜੀ ਸੰਸਥਾਵਾਂ ਵਾਰ ਵਾਰ ਸਿੱਕ ਹੋ ਕੇ ਅਖੀਰ ਦਮ ਤੋੜ ਜਾਂਦੀਆਂ ਹਨ। ਫਿਰ ਕੋਈ ਕਦੇ ਕਦਾਈਂ ਚੇਤੇ ਕਰਦਾ ਹੈ ਕਿ ਉਹ ਫਲਾਣੀ-ਢੀਂਗੜੀ ਸੰਸਥਾ ਬਣੀ ਸੀ ਕਦੀ; ਉਥੇ ਇਕ ਵਾਰੀ ਇਹ ਹੋਇਆ ਸੀ, ਉਹ ਹੋਇਆ ਸੀ, ਫਲਾਣਾ ਢਿਮਕਾ।
ਪੰਚਮ ਪਾਤਸ਼ਾਹ ਨੇ ਕਿਡਾ ਖੂਬ ਆਖਿਆ ਹੈ, “ਕੜਛੀਆ ਫਿਰੰਨਿ ਸੁਆਉ ਨ ਜਾਣਨਿ ਸੁੰਨੀਆਂ॥” ਵਿਹਲੜ ਕਿਸਮ ਦੇ ਕੜਛੀ ਫੇਰ ਦਾਲ ਸਪੈਸ਼ਲਿਸਟ ਬੰਦੇ ਸਾਡੀਆਂ ਸੰਸਥਾਵਾਂ ‘ਚ ਇੰਜ ਵਿਚਰਦੇ ਹਨ, ਜਿਵੇਂ ਦਾਲ ਦੇ ਪਤੀਲੇ ‘ਚ ਫਿਰਦੀ ਹੋਈ ਕੜਛੀ ਖੜਕਦੀ ਬਹੁਤ ਹੈ, ਪਰ ਕਦੀ ਵੀ ਦਾਲ ਦਾ ਸੁਆਦ ਨਹੀਂ ਜਾਣ ਸਕਦੀ।