ਮੂੰਹ ਉਤੇ ਹੱਥ

ਪੰਜਾਬੀ ਲੇਖਕ ਰਘੁਬੀਰ ਢੰਡ (1934-1990) ਨੇ ਪੰਜਾਬੀ ਸਾਹਿਤ ਨੂੰ ਬੜੀਆਂ ਜਾਨਦਾਰ ਕਹਾਣੀਆਂ ਦਿੱਤੀਆਂ ਹਨ। ‘ਸ਼ਾਨੇ-ਪੰਜਾਬ’ ਅਤੇ ‘ਕੁਰਸੀ’ ਵਰਗੀਆਂ ਕਹਾਣੀਆਂ ਪੜ੍ਹ ਕੇ ਅੱਜ ਵੀ ਪਾਠਕ ਦੇ ਜ਼ਿਹਨ ਅੰਦਰ ਚਿਣਗਾਂ ਫੁੱਟਦੀਆਂ ਹਨ। ‘ਮੂੰਹ ਉਤੇ ਹੱਥ’ ਕਹਾਣੀ ਵਿਚ ਉਸ ਨੇ ਬਦਲਦੇ ਮਨੁੱਖੀ ਰਿਸ਼ਤਿਆਂ ਦੀ ਕਥਾ ਛੇੜੀ ਹੈ। ਇਹ ਕਥਾ ਇੰਨੀ ਸਹਿਜ ਹੈ ਕਿ ਪਾਠਕ ਕਹਾਣੀ ਪੜ੍ਹਦਾ ਖੁਦ ਕਹਾਣੀ ਦੇ ਪਾਤਰਾਂ ਨਾਲ ਤੁਰਿਆ ਜਾਂਦਾ ਮਹਿਸੂਸ ਕਰਦਾ ਹੈ। ਕਹਾਣੀ ਦੱਸਦੀ ਹੈ ਕਿ ਤੁਹਾਡਾ ਆਲਾ-ਦੁਆਲੇ ਕਿਸ ਤਰ੍ਹਾਂ ਅਤੇ ਕਿੰਨੇ ਸੂਖਮ ਢੰਗ ਨਾਲ ਤੁਹਾਡੇ ਉਤੇ ਅਸਰ ਕਰਦਾ ਹੈ।

-ਸੰਪਾਦਕ

ਰਘੁਬੀਰ ਢੰਡ
ਉਸ ਦਾ ਬਾਪੂ ਉਸ ਦੀ ਬੇਬੇ ਨੂੰ ਉਨਾ ਚਿਰ ਕੁੱਟਦਾ ਰਿਹਾ ਜਿੰਨਾ ਚਿਰ ਉਹ ਮਰ ਨਾ ਗਈ। ਉਸ ਦੀ ਭੈਣ ਦਾ ਮੁੜ ਵਿਆਹ ਨਹੀਂ ਸੀ ਕੀਤਾ, ਉਹ ਪੇਕਿਆਂ ਦਾ ਗੋਹਾ ਕੂੜਾ ਕਰਦੀ ਤੇ ਭਾਬੀਆਂ ਦੀਆਂ ਗਾਲ੍ਹਾਂ ਖਾਂਦੀ ਪੱਚੀ ਸਾਲ ਦੀ ਉਮਰੇ ਮਰ ਗਈ ਸੀ।
ਉਸ ਦੇ ਆਪਣੇ ਸੁਪਨਿਆਂ ਦੀ ਕੁੜੀ ਹਾਲਾਤ ਦੀਆਂ ਮਜਬੂਰੀਆਂ ਨੇ ਮਾਰ ਦਿੱਤੀ ਤੇ ਉਸ ਦੀਆਂ ਅੱਖਾਂ ਸਾਹਵੇਂ ਸਾਰੇ ਚਾਨਣ ਬੁਝ ਗਏ ਸਨ।
ਇਨ੍ਹਾਂ ਤਿੰਨਾਂ ਔਰਤਾਂ ਨੇ ਉਸ ਦੀ ਜ਼ਿੰਦਗੀ ‘ਤੇ ਇੰਨਾ ਡੂੰਘਾ ਅਸਰ ਪਾਇਆ ਕਿ ਉਹ ਔਰਤ ਸਬੰਧੀ ‘ਲੱਤ ਉਤੇ ਰੱਖਣ ਵਾਲੀ’ ਆਪਣੀ ਖਾਨਦਾਨੀ ਰੀਤ ਨੂੰ ਛੱਡ, ਔਰਤ ਨੂੰ ਧਰਤੀ ਮਾਤਾ ਜਿੰਨੀ ਮਹਾਨ ਤੇ ਖੁਸ਼ਬੂ ਵਰਗੀ ਪਵਿਤਰ ਚੀਜ਼ ਸਮਝਣ ਲੱਗ ਪਿਆ। ਉਸ ਦੀ ਇਹ ਮਚਲਦੀ ਖਾਹਿਸ਼ ਸੀ ਕਿ ਉਸ ਦਾ ਪਹਿਲਾ ਬੱਚਾ ਲੜਕੀ ਹੋਵੇ। ਇਹ ਖਾਹਿਸ਼ ਵੀ ਪੂਰੀ ਹੋ ਗਈ, ਜਦੋਂ ਚੁੰਨੀ ਦੇ ਲੜ ਨਾਲ ਅੱਖਾਂ ਪੂੰਝਦੀ ਉਸ ਦੀ ਸੱਸ ਨੇ ਜਨਮ-ਕਮਰੇ ਦੀ ਦਹਿਲੀਜ਼ ‘ਤੇ ਖਲੋ ਕੇ ਆਖਿਆ, “ਕਾਕਾ, ਲਛਮੀ ਆਈ ਐ।”
ਇਹ ਸੁਣਦਿਆਂ ਹੀ ਉਸ ਨੂੰ ਜਾਪਿਆ, ਜਿਵੇਂ ਉਸ ਦੇ ਪਿਆਸੇ ਹੋਠਾਂ ‘ਤੇ ਕਿਸੇ ਤ੍ਰੇਲ ਤ੍ਰੌਂਕ ਦਿੱਤੀ ਹੋਵੇ, ਮਾਰੂਥਲ ਵਿਚ ਕੂਲਾਂ ਫੁੱਟ ਪਈਆਂ ਹੋਣ, ਟਿਮ ਟਿਮ ਕਰਦੀਆਂ ਬੱਤੀਆਂ ਲਾਟਾਂ ਵਾਂਗ ਮਚ ਪਈਆਂ ਹੋਣ, ਰੁੱਖੇ ਧੁਆਂਖੇ ਮਾਹੌਲ ਵਿਚ ਹਜ਼ਾਰਾਂ ਗੁਲਾਬ ਖਿੜੇ ਪਏ ਹੋਣ।
ਉਸ ਦਾ ਧਰਤੀ ‘ਤੇ ਪੈਰ ਨਹੀਂ ਸੀ ਲੱਗ ਰਿਹਾ, ਉਹ ਵਾਰ ਵਾਰ ਬੱਚੀ ਨੂੰ ਚੁੰਮੇ, ਭਾਂਤ ਭਾਂਤ ਦੇ ਨਾਂਵਾਂ ਨਾਲ ਉਸ ਨੂੰ ਬੁਲਾਵੇ, ਵਾਰ ਵਾਰ ਪਤਨੀ ਦਾ ਹੱਥ ਚੁੰਮੇ, ਉਸ ਦਾ ਧੰਨਵਾਦ ਕਰਦਾ ਨਾ ਥੱਕੇ, ਉਸ ‘ਤੇ ਕੁਰਬਾਨ ਹੋ ਹੋ ਜਾਵੇ, ਤਾਸ਼ ਦੇ ਪੱਤਿਆਂ ਵਾਂਗ ਜੇਬ ‘ਚੋਂ ਸਕੂਲ ਦੀਆਂ ਫੀਸਾਂ ਦੇ ਨੋਟ ਵੰਡੀ ਜਾਏ, ਪੰਜ ਰੁਪਏ ਰਾਜੋ ਭੰਗਣ ਨੂੰ, ਦਸ ਸਕੂਲ ਦੀਆਂ ਕੁੜੀਆਂ ਨੂੰ, ਵੀਹ ਫੀਸਟ ਲਈ ਮਾਸਟਰਾਂ ਨੂੰ…।
ਉਸ ਦੀ ਸੱਸ ਨੂੰ ਇਹ ਵੇਖ ਵੇਖ ਕੇ ਭੌਣੀਆਂ ਆ ਰਹੀਆਂ ਸਨ ਤੇ ਆਪਣੇ ਝੱਲੇ ਜਵਾਈ ਤੇ ਖਿਝ ਚੜ੍ਹ ਰਹੀ ਸੀ, ਜਿਸ ਨੂੰ ਹਾਲੀ ਤੱਕ ਇੰਨੀ ਅਕਲ ਵੀ ਨਹੀਂ ਸੀ ਕਿ ਧੀਆਂ ਜੰਮੀਆਂ ਤੇ ਨੱਚ ਨੱਚ ਰੁਪਏ ਨਹੀਂ ਵੰਡੀਦੇ ਸਗੋਂ ਕਿਸੇ ਖੂੰਜੇ ਵਿਚ ਬਹਿ ਕੇ ਮਾੜੇ ਕਰਮਾਂ ਨੂੰ ਰੋਈਦਾ ਹੈ।
ਉਸ ਦੀ ਪਤਨੀ ਤਾਂ ਬਹੁਤ ਖੁਸ਼ ਸੀ। ਉਹ ਬੱਚੀ ਦੇ ਆਉਣ ਤੋਂ ਪਿੱਛੋਂ ਪਤੀ ਵਿਚ ਇਕ ਵੱਡੀ ਤਬਦੀਲੀ ਵੇਖ ਰਹੀ ਸੀ। ਪਹਿਲਾਂ ਉਹ ਘੰਟਿਆਂ ਬੱਧੀ ਉਦਾਸ ਹੋ ਜਾਂਦਾ ਸੀ ਅਤੇ ਘੰਟਿਆਂ ਬੱਧੀ ਨਿੰਮੋਝੂਣਾ ਬੈਠਾ ਰਹਿੰਦਾ। ਭਾਵੇਂ ਆਲੇ ਦੁਆਲੇ ਹੁਣ ਵੀ ਉਹੀ ਤਲਖੀਆਂ, ਉਹੀ ਬੇਇਨਸਾਫੀਆਂ ਸਨ, ਉਹੀ ਕੁਹਜ ਖਿਲਰਿਆ ਪਿਆ ਸੀ। ਹੁਣ ਵੀ ਉਸ ਨੂੰ ਸਾਰੇ ਮਾਸਟਰਾਂ ਤੋਂ ਵੱਧ ਡਿਗਰੀਆਂ ਹੋਣ ਦੇ ਬਾਵਜੂਦ ਸਕੂਲ ਦਾ ਪ੍ਰਿੰਸੀਪਲ ਨਹੀਂ ਸੀ ਬਣਾਇਆ ਗਿਆ ਕਿਉਂਕਿ ਉਹ ਸੈਕਟਰੀ ਅਤੇ ਮੈਨੇਜਰ ਨੂੰ ਸਲਾਮ ਨਹੀਂ ਸੀ ਮਾਰਨ ਜਾਂਦਾ। ਸਕੂਲ ‘ਚ ਹੁਣ ਵੀ ਬਾਪੂ ਗਾਂਧੀ ਦਾ ਨਾਂ ਵਰਤ ਕੇ ਮੁੰਡਿਆਂ ਤੋਂ ਨਾਜਾਇਜ਼ ਉਗਰਾਹੀ ਕੀਤੀ ਜਾਂਦੀ ਸੀ।
ਹੁਣ ਵੀ ਉਸ ਦੇ ਪਾਸਪੋਰਟ ਦੇ ਕਾਗਜ਼ ਨੋਟਾਂ ਦੀ ਛੁਹ ਬਿਨਾ ਮੇਜ਼ ਨਹੀਂ ਸਨ ਬਦਲਦੇ, ਅਤੇ ਹੁਣ ਵੀ ਦੇਸ਼ ਦੇ ਰਹਿਬਰਾਂ ਦੀਆਂ ਤਕਰੀਰਾਂ ਰੇਡੀਓ ‘ਤੇ ਨਸ਼ਰ ਹੁੰਦੀਆਂ ਕਿ ਸਾਡਾ ਦੇਸ਼ ਏਸ਼ੀਆ ਵਿਚ ਲੋਕ ਰਾਜ ਦਾ ਸਭ ਤੋਂ ਵੱਡਾ ਤਜਰਬਾ ਕਰ ਰਿਹਾ ਹੈ, ਪਰ ਹੁਣ ਉਹ ਪਹਿਲਾਂ ਜਿੰਨਾ ਉਦਾਸ ਨਹੀਂ ਸੀ ਰਹਿੰਦਾ, ਜਿਵੇਂ ਬੱਚੀ ਦੀ ਛੁਹ ਨਾਲ ਹੀ ਇਨ੍ਹਾਂ ਤਲਖੀਆਂ ਦੀ ਧੁੰਦ ਤੇ ਸ਼ਿੱਦਤ ਪੈ ਕੇ ਕੁਝ ਫਿੱਕੀ ਪੈ ਜਾਂਦੀ ਸੀ। ਕਦੀ ਉਸ ਨੂੰ ਪੰਘੂੜੇ ਵਿਚ ਪਾ ਕੇ ਝੂਟੇ ਦੇਣ ਲੱਗ ਪੈਂਦਾ ਤੇ ਗੀਤ ਗਾਉਂਦਾ, ਕਦੀ ਝੋਲੀ ਵਿਚ ਪਾ ਕੇ ਦੁੱਧ ਪਿਆਉਂਦਾ, ਸੌਣ ਤੋਂ ਪਹਿਲਾਂ ਉਸ ਨੂੰ ਵਾਰ ਵਾਰ ਚੁੰਮਦਾ ਤੇ ਘੁੱਟ ਘੁੱਟ ਆਪਣੇ ਨਾਲ ਲਾਉਂਦਾ। ਉਸ ਦਾ ਇਹ ਝੱਲ ਵੇਖ ਉਸ ਦੀ ਪਤਨੀ ਕਈ ਵਾਰ ਕਹਿੰਦੀ, “ਏਨਾ ਮੋਹ ਨਾ ਪਾਓ। ਇੰਗਲੈਂਡ ਜਾ ਕੇ ਦੁਖੀ ਹੋਵੋਂਗੇ ਤੇ ਏਧਰ ਕੁੜੀ ਮੈਨੂੰ ਦੁਖੀ ਕਰੇਗੀ।”
ਪਤਨੀ ਠੀਕ ਹੀ ਕਹਿੰਦੀ ਸੀ। ਜਿਸ ਦਿਨ ਦਾ ਉਹ ਇੰਗਲੈਂਡ ਆਇਆ ਸੀ, ਉਸ ਦਾ ਬਿਲਕੁਲ ਦਿਲ ਨਹੀਂ ਸੀ ਲਗਦਾ। ਕਈ ਵਾਰ ਉਸ ਨੂੰ ਨੀਂਦ ਨਾ ਪੈਂਦੀ ਅਤੇ ਰਾਤ ਪਰਬਤ ਵਾਂਗ ਅੜ ਕੇ ਖਲੋ ਜਾਂਦੀ। ਬੱਸ ਵਿਚ ਜੇ ਕਦੇ ਉਹ ਸਾਲ ਕੁ ਦਾ ਬੱਚਾ ਵੇਖਦਾ ਤਾਂ ਉਸ ਵੱਲ ਵੇਖੀ ਜਾਂਦਾ, ਵੇਖੀ ਜਾਂਦਾ। ਆਪਣੇ ਕਮਰੇ ਵਿਚ ਆ ਕੇ ਬੱਚੀ ਦੀ ਤਸਵੀਰ ਵੱਲ ਵੇਖਦਾ, ਚੁੰਮਦਾ ਰਹਿੰਦਾ, ਚੁੰਮਦਾ ਰਹਿੰਦਾ। ਜਦੋਂ ਨੀਂਦ ਨਾ ਆਉਂਦੀ, ਆਪਣੀ ਬੱਚੀ ਦੇ ਸੁਪਨੇ ਲੈਂਦਾ ਰਹਿੰਦਾ। ਪਤਨੀ ਨੇ ਠੀਕ ਹੀ ਆਖਿਆ ਸੀ, ਉਹ ਇੰਗਲੈਂਡ ਆ ਕੇ ਆਪਣੀ ਬੱਚੀ ਬਿਨਾ ਬਹੁਤ ਦੁਖੀ ਹੋਇਆ ਸੀ।
ਜਦੋਂ ਪਤਨੀ ਦੀ ਚਿੱਠੀ ਆਉਂਦੀ ਤਾਂ ਉਸ ਵਿਚ ਵੀ ਬਹੁਤੀਆਂ ਇਹੀ ਗੱਲਾਂ ਹੁੰਦੀਆਂ, “ਬੱਚੀ ਤੁਹਾਡੀ ਫੋਟੋ ਵੇਖ ਉਸ ਨੂੰ ਫੜਨ ਜਾਂਦੀ ਹੈ, ਜਦੋਂ ਕੋਈ ਜਹਾਜ ਲੰਘਦਾ ਹੈ ਤਾਂ ਉਸ ਨੂੰ ਫੜਨ ਲਈ ਕਾਹਲੀ ਪੈ ਜਾਂਦੀ ਹੈ, ਤੁਹਾਡੇ ਵਿਜੋਗ ਵਿਚ ਕਾਫੀ ਮਾੜੀ ਹੋ ਗਈ ਹੈ, ਸਾਨੂੰ ਛੇਤੀ ਸੱਦ ਲਵੋ।”
ਉਸ ਨੇ ਵੀ ਛੇ ਮਹੀਨੇ ਨਾ ਪੈਣ ਦਿੱਤੇ ਤੇ ਉਨ੍ਹਾਂ ਨੂੰ ਸੱਦ ਲਿਆ। ਜਿਸ ਦਿਨ ਉਨ੍ਹਾਂ ਆਉਣਾ ਸੀ, ਉਸ ਤੋਂ ਪਹਿਲੀ ਰਾਤ ਉਹ ਬਹੁਤ ਘੱਟ ਸੌਂ ਸਕਿਆ, ਕਦੀ ਉਹ ਆਪਣੀ ਬੱਚੀ ਦੀ ਸ਼ਕਲ ਕਲਪਨਾ ਰਾਹੀਂ ਸਾਕਾਰ ਕਰਦਾ ਜੋ ਉਸ ਬਿਨਾ ਕੁਮਲਾ ਗਈ ਸੀ। ਕਦੀ ਪਤਨੀ ਦਾ ਚਿਹਰਾ ਕਲਪਦਾ ਜੋ ਵਿਛੋੜੇ ਨੇ ਪੀਲਾ ਪਾ ਦਿੱਤਾ ਸੀ ਤੇ ਜਿਸ ਨੇ ਪਤਾ ਨਹੀਂ ਸਾਵਣ ਦੀਆਂ ਝੜੀਆਂ ਕਿਵੇਂ ਬਿਤਾ ਲਈਆਂ ਸਨ, ਕਦੀ ਉਹ ਬੁਰਾ ਬੁਰਾ ਵੀ ਸੋਚਦਾ ਕਿ ਜੇ ਜਹਾਜ ਨੂੰ ਕੁਝ ਹੋ ਗਿਆ। ਫਿਰ ਆਪ ਹੀ ਆਪਣੇ ਆਪ ਨੂੰ ਲਾਹਨਤ ਪਾ ਕੇ ਇਸ ਸੋਚ ਨੂੰ ਮਿਲਣ ਘੜੀ ਵਿਚ ਬਦਲਦਾ। ਘੜੀ, ਜਦੋਂ ਉਹ ਆਪਣੀ ਬੱਚੀ ਨੂੰ ਘੁੱਟ ਲਏਗਾ, ਚੁੰਮ ਲਏਗਾ ਪਰ ਜੇ ਉਸ ਨੇ ਮੈਨੂੰ ਪਛਾਣਿਆ ਨਾ, ਪਰ ਇਹ ਕਿਵੇਂ ਹੋ ਸਕਦਾ ਹੈ? ਦਿਲਾਂ ਨੂੰ ਦਿਲਾਂ ਦਾ ਰਾਹ ਹੁੰਦਾ ਹੈ।
ਬਿਲਕੁਲ ਦਿਲਾਂ ਨੂੰ ਦਿਲਾਂ ਦਾ ਰਾਹ ਹੁੰਦਾ ਹੈ। ਉਸ ਦੀ ਬੱਚੀ ਬਾਹਾਂ ਉਲਾਰ ਕੇ ਉਸ ਦੇ ਗਲ ਚੰਬੜ ਗਈ ਸੀ। ਬਸ, ਉਹ ਤੇ ਜਿਵੇਂ ਪਾਗਲ ਹੋ ਗਿਆ, ਬੱਚੀ ਨੂੰ ਚੁੰਮ ਚੁੰਮ ਨਾ ਥੱਕੇ, ਗਲ ਨਾਲ ਲਾ ਲਾ ਨਾ ਥੱਕੇ। ਇਸ ਨਾਟਕ ਦਾ ਕੋਈ ਅੰਤ ਨਾ ਹੁੰਦਾ ਵੇਖ ਪਤਨੀ ਨੇ ਕਿਹਾ, “ਮੈਂ ਕਿਹਾ ਜੀ…।”
ਉਸ ਦੀਆਂ ਹਰਕਤਾਂ ਇਕ ਦਮ ਰੁਕੀਆਂ ਤੇ ਉਸ ਨੇ ਆਪਣੀ ਪਤਨੀ ਦੀਆਂ ਪਿਆਸੀਆਂ ਅੱਖਾਂ ‘ਚ ਵੇਖਿਆ, ਜਿਵੇਂ ਕਹਿ ਰਹੀਆਂ ਹੋਣ: ‘ਹਮ ਭੀ ਤੋ ਪੜੇ ਹੈਂ ਰਾਹੋਂ ਮੇਂ..।’ ਉਸ ਨੇ ‘ਓਹ ਸੌਰੀ’ ਕਿਹਾ ਅਤੇ ਘਰ ਆ ਗਏ।
ਮਾਲਕ ਮਕਾਨ ਤਾਂ ਬਿਲਕੁਲ ਉਸ ਦਾ ਆਪਣਾ ਆਦਮੀ ਸੀ। ਭਾਰਤ ‘ਚ ਉਹ ਇਕੋ ਹੀ ਪਾਰਟੀ ਵਿਚ ਕੰਮ ਕਰਦੇ ਸਨ, ਮਾਲਕ ਮਕਾਨ ਦੀ ਪਤਨੀ ਤਾਂ ਉਸ ਦੀ ਜਿਵੇਂ ਸਕੀ ਭੈਣ ਹੋਵੇ, ਕਿਉਂਕਿ ਉਹ ਉਹਦੇ ਪਰਮ ਮਿੱਤਰ ਦੀ ਭੈਣ ਸੀ।
ਉਨ੍ਹਾਂ ਨੇ ਬੜਾ ਆਦਰ ਕੀਤਾ। ਦੋ ਦਿਨ ਉਸ ਦੀ ਪਤਨੀ ਨੂੰ ਰੋਟੀ ਨਾ ਪਕਾਉਣ ਦਿੱਤੀ। ਮਾਲਕ ਮਕਾਨ ਦੀ ਪਤਨੀ ਤਾਂ ਵਾਰੀ ਵਾਰੀ ਜਾਏ। ਆਖੇ, ‘ਭਰਜਾਈ ਤੇ ਭਤੀਜੀ ਤਾਂ ਨਿਰਾ ਲਛਮੀ ਦਾ ਰੂਪ ਨੇ, ਹਾਲੀਂ ਆਈਆਂ ਨੂੰ ਦਸ ਦਿਨ ਨਹੀਂ ਹੋਏ, ਇਨ੍ਹਾਂ ਨੂੰ ਤੀਹ ਪੌਂਡ ਤੀਕ ਤੇ ਪੱਕੀਆਂ ਨੈਟਾਂ ‘ਤੇ ਕੰਮ ਮਿਲ ਗਿਐ।’
ਉਹ ਬਹੁਤ ਖੁਸ਼ ਸੀ। ਸਵੇਰ ਤੋਂ ਸ਼ਾਮ ਤੱਕ ਫੈਕਟਰੀ ਵਿਚ ਸਖਤ ਮਿਹਨਤ ਕਰ ਕੇ ਜਦੋਂ ਉਹ ਘਰ ਮੁੜਦਾ ਤਾਂ ਬੱਚੀ ਨੂੰ ਚੁੰਮ ਕੇ ਗਲ ਨਾਲ ਲਾ ਕੇ ਸਾਰੀ ਥਕਾਵਟ ਭੁੱਲ ਜਾਂਦਾ। ਰੋਟੀ ਖਾਂਦਿਆਂ ਨਿੱਕੀਆਂ ਨਿੱਕੀਆਂ ਬੁਰਕੀਆਂ ਉਸ ਦੇ ਮੂੰਹ ‘ਚ ਪਾਣਾ ਉਸ ਨੂੰ ਕਿੰਨਾ ਚੰਗਾ ਚੰਗਾ ਲਗਦਾ।
ਪਰ ਕੁਝ ਚਿਰ ਪਿਛੋਂ ਉਸ ਦੀ ਪਤਨੀ ਵਿਚ ਇਕ ਸੰਕੋਚ, ਇਕ ਤਬਦੀਲੀ ਆਉਣੀ ਸ਼ੁਰੂ ਹੋ ਗਈ। ਉਸ ਦਾ ਸਲੂਕ ਬੱਚੀ ਨਾਲ ਕੁਝ ਰੁੱਖਾ ਰੁੱਖਾ ਹੁੰਦਾ ਜਾ ਰਿਹਾ ਸੀ। ਜਦੋਂ ਉਹ ਹੱਸੇ ਤਾਂ ਉਹ ਹੱਸਣ ਤੋਂ ਵਰਜੇ, ਜਦੋਂ ਰੋਵੇ, ਛੇਤੀ ਨਾਲ ਕੋਈ ਖਿਡਾਉਣਾ ਜਾਂ ਖਾਣ ਵਾਲੀ ਚੀਜ਼ ਦੇ ਉਸ ਨੂੰ ਰੋਣ ਤੋਂ ਵਰਜੇ, ਜੇ ਉਹ ਬੂਹੇ ਤੋਂ ਬਾਹਰ ਜਾਵੇ ਤਾਂ ਝੱਟ ਅੰਦਰ ਧੂਹ ਲਿਆਵੇ।
ਉਸ ਨੂੰ ਆਪਣੀ ਪਤਨੀ ਵਿਚ ਆਈ ਇਹ ਤਬਦੀਲੀ ਬੜੀ ਨਾਪਸੰਦ ਸੀ ਤੇ ਉਹ ਚਾਹੁੰਦਾ ਸੀ ਕਿ ਉਹ ਇੰਜ ਨਾ ਕਰੇ ਪਰ ਹਾਲਾਤ ਤਾਂ ਹੋਰ ਵੀ ਵਿਗੜਦੇ ਜਾ ਰਹੇ ਸਨ ਤੇ ਫਿਰ ਇਕ ਦਿਨ ਉਹ ਵੀ ਆ ਗਿਆ, ਜਦੋਂ ਉਸ ਦੀ ਪਤਨੀ ਨੇ ਬੱਚੀ ਨੂੰ ਬੂਹਾ ਖੜਕਾਉਂਦਿਆਂ ਵੇਖ ਉਸ ਦੇ ਵੱਟ ਕੇ ਚਪੇੜ ਮਾਰੀ ਤੇ ਉਹ ਬੁਲ੍ਹੀਆਂ ਡਸਕਾਉਂਦੀ ਆਪਣੇ ਡੈਡੀ ਦੇ ਗਲ ਨਾਲ ਚਿੰਬੜ ਗਈ।
ਉਸ ਦਾ ਜੀਅ ਕੀਤਾ ਕਿ ਇਹੋ ਚਪੇੜ ਆਪਣੀ ਪਤਨੀ ਦੇ ਮਾਰੇ ਪਰ ਉਸ ਨੂੰ ਅਮਲ ਵਿਚ ਲਿਆਉਣ ਤੋਂ ਪਹਿਲਾਂ ਹੀ ਉਸ ਨੇ ਵੇਖਿਆ ਕਿ ਉਸ ਦੀ ਪਤਨੀ ਦੀਆਂ ਅੱਖਾਂ ਆਬਸ਼ਾਰਾਂ ਵਾਂਗ ਵਹਿ ਰਹੀਆਂ ਸਨ। ਮੰਮੀ ਨੂੰ ਇੰਜ ਰੋਂਦਿਆਂ ਵੇਖ ਕੇ ਬੱਚੀ ਚੁੱਪ ਕਰ ਗਈ। ਉਹ ਉਸ ਦੇ ਗਲ ਦੁਆਲੇ ਬਾਂਹ ਪਾ ਕੇ ਇਸ ਦਾ ਕਾਰਨ ਪੁੱਛਣ ਲੱਗਾ। ਉਸ ਦੇ ਵਾਰ ਵਾਰ ਪੁੱਛਣ ‘ਤੇ ਪਤਨੀ ਨੇ ਦੱਸਿਆ, “ਮਕਾਨ ਮਾਲਕਣ ਕਹਿੰਦੀ ਐ, ਤੁਹਾਡੀ ਕੁੜੀ ਬਹੁਤ ਉਚੀ ਹੱਸਦੀ ਐ, ਉਚੀ ਰੋਂਦੀ ਐ, ਡੋਰਾਂ ਖੜਕਾਉਂਦੀ ਐ ਤੇ ਇਨ੍ਹਾਂ ਦੀ ਨੀਂਦ ਖਰਾਬ ਹੁੰਦੀ ਐ, ਮੋਠਾਂ ਦੀ ਦਾਲ ਨਾਲ ਗੈਸ ਬਹੁਤ ਜਲਦੀ ਐ…।”
ਪਤਨੀ ਦੀਆਂ ਗੱਲਾਂ ਹਥੌੜੇ ਵਾਂਗ ਉਸ ਦੇ ਦਿਮਾਗ ‘ਤੇ ਲੱਗੀਆਂ ਤੇ ਉਸ ਦੇ ਤਨ ਬਦਨ ਨੂੰ ਜਿਵੇਂ ਅੱਗ ਲੱਗ ਗਈ। “ਇਹ ਤੇ ਕਦੀ ਵੀ ਸੁਣਿਆ ਨਹੀਂ ਕਿ ਹੱਸਣ ‘ਤੇ ਪਾਬੰਦੀਆਂ, ਰੋਣ ‘ਤੇ ਵੀ ਪਾਬੰਦੀਆਂ। ਅਸੀਂ ਸਾਢੇ ਤਿੰਨ ਪੌਂਡ ਇਸ ਕਮਰੇ ਦਾ ਕਿਰਾਇਆ ਦਿੰਦੇ ਆਂ, ਕੋਈ ਮੁਫਤ ਤਾਂ ਨ੍ਹੀਂ ਹਸਦੇ?” ਪ੍ਰਤੀਕਰਮ ਵਜੋਂ ਉਹ ਆਪਣੀ ਬੱਚੀ ਨੂੰ ਚੁਕ ਉਚੀ ਉਚੀ ਗਾਉਣ ਲੱਗ ਪਿਆ, ਹੱਸਣ ਲਗ ਪਿਆ, ਚੀਕਣ ਲਗ ਪਿਆ।
ਘਰ ਵਿਚ ਇਹੋ ਜਿਹਾ ਮਾੜਾ ਸਲੂਕ ਵੇਖ ਕੇ ਮਾਲਕ ਮਕਾਨ ਨੇ ਉਨ੍ਹਾਂ ਦੇ ਕਮਰੇ ਵਿਚ ਵੜਦਿਆਂ ਹੀ ਆਖਿਆ, “ਹੱਦ ਹੋਗੀ ਬਈ, ਤੂੰ ਤਾਂ ਨਿਆਣਿਆਂ ਨਾਲੋਂ ਵੀ ਟਪਾ’ਤੀ, ਬੰਦੇ ਨੂੰ ਮੈਨਰਜ਼ ਸਿਖਣੇ ਚਾਹੀਦੇ ਨੇ, ਪੰਜ ਦਿਨ ਤੇਰੀ ਕੁੜੀ ਨੀ ਸੌਣ ਦਿੰਦੀ ਤੇ ਵੀਕ ਐਂਡ ‘ਤੇ ਤੂੰ ਨ੍ਹੀਂ ਸਾਹ ਲੈਣ ਦਿੰਦਾ..।”
“ਤੇਰੇ ਨਿਆਣੇ ਨ੍ਹੀਂ ਰੌਲਾ ਪੌਂਦੇ? ਉਹ ਨ੍ਹੀਂ ਹੱਸਦੇ, ਉਹ ਨ੍ਹੀਂ ਰੋਂਦੇ?”
“ਉਹ ਇੰਗਲੈਂਡ ‘ਚ ਜੰਮੇ ਨੇ, ਉਨ੍ਹਾਂ ਦਾ ਹੱਸਣ ਤੇ ਰੋਣ ਦਾ ਟਾਈਮ ਐ, ਉਨ੍ਹਾਂ ਨੂੰ ਮੈਨਰਜ਼ ਔਂਦੇ ਨੇ।”
“ਚੰਗਾ ਦੋਸਤ, ਬਹੁਤੀਆਂ ਗੱਲਾਂ ਕਰਨ ਦੀ ਲੋੜ ਨੀ, ਅਸੀਂ ਮਕਾਨ ਬਦਲ ਲਾਂਗੇ!”
“ਬੜੀ ਖੁਸ਼ੀ ਨਾਲ!” ਕਹਿੰਦਿਆਂ ਮਾਲਕ ਮਕਾਨ ਕਮਰਿਓਂ ਬਾਹਰ ਹੋ ਗਿਆ।
ਇਸ ਘਟਨਾ ਨੇ ਉਸ ਦੇ ਮਨ ਦਾ ਸਾਰਾ ਅਮਨ ਭੰਗ ਕਰ ਦਿੱਤਾ। ਉਹ ਹੁਣ ਘਰ ਬਦਲ ਲੈਣਾ ਚਾਹੁੰਦਾ ਸੀ। ਦਿਨ ਨੂੰ ਉਹ ਫੈਕਟਰੀ ਵਿਚ ਕੰਮ ਕਰਦਾ ਤੇ ਸ਼ਾਮ ਨੂੰ ਦੁਕਾਨਾਂ ‘ਤੇ ਲੱਗੇ ਨੋਟਿਸ ਪੜ੍ਹ ਕੇ ਖਾਲੀ ਘਰ ਵੇਖਣ ਜਾਂਦਾ। ਅੰਗਰੇਜ਼ ਤਾਂ ਕਾਲਾ ਆਦਮੀ ਵੇਖ ਕੇ ਪਹਿਲਾਂ ਹੀ ‘ਸੌਰੀ’ ਕਹਿ ਦਿੰਦੇ ਤੇ ਉਸ ਦੇ ਆਪਣੇ ਦੇਸ਼ ਵਾਸੀ ਇਕ ਬੱਚਾ ਸੁਣ ਕੇ ਨਾਂਹ ਕਰ ਦਿੰਦੇ।
ਬੜੀ ਭੱਜ ਨੱਠ ਪਿਛੋਂ ਉਸ ਦੀ ਭੂਆ ਦੇ ਲੜਕੇ ਨੇ ਉਨ੍ਹਾਂ ਨੂੰ ਇਕ ਕਮਰਾ ਦੇ ਦਿੱਤਾ। ਉਸ ਦਾ ਨਵਾਂ ਨਵਾਂ ਘਰ ਖੁੱਲ੍ਹਿਆ ਸੀ। ਕਿਰਾਏਦਾਰ ਰੱਖਣ ‘ਤੇ ਪਾਬੰਦੀ ਸੀ। ਇਸੇ ਲਈ ਉਸ ਦੇ ਭਰਾ ਨੇ ਕਿਹਾ ਕਿ ਜੇ ਕੋਈ ਚੈੱਕ ਕਰਨ ਆਵੇ ਤਾਂ ਇਹੀ ਆਖੀਂ, ਅਸੀਂ ਪ੍ਰਾਹੁਣੇ ਹਾਂ ਤੇ ਕੁਝ ਦਿਨਾਂ ਤਕ ਚਲੇ ਜਾਵਾਂਗੇ।
ਭਾਵੇਂ ਸਭ ਕੁਝ ਉਹੋ ਸੀ। ਉਸ ਦੀ ਬੱਚੀ, ਪਤਨੀ, ਪਰ ਉਹ ਪਹਿਲੀ ਕੁਦਰਤੀ ਖੁਸ਼ੀ ਨਹੀਂ ਸੀ। ਉਸ ਵਿਚ ਵਿਸ਼ਵਾਸ ਘਟਦਾ ਜਾ ਰਿਹਾ ਸੀ। ਘਟੀਆਪਣ ਦਾ ਅਹਿਸਾਸ ਪੈਦਾ ਹੋ ਗਿਆ ਸੀ।
ਹੁਣ ਜਦੋਂ ਉਹ ਘਰ ਆਉਂਦਾ, ਉਸ ਨੂੰ ਅੱਗੇ ਜਿੰਨਾ ਚਾਅ ਨਾ ਹੁੰਦਾ। ਜਦੋਂ ਉਸ ਦੀ ਬੱਚੀ ਹੱਸਦੀ, ਉਹ ਉਸ ਵੱਲ ਵੇਖ ਕੇ ਮਸਨੂਈ ਜਿਹਾ ਹੱਸ ਛਡਦਾ। ਜਦੋਂ ਰੋਂਦੀ, ਫੌਰਨ ਚੁਪ ਕਰਾਉਣ ਦਾ ਯਤਨ ਕਰਦਾ, ਉਹ ਬਹੁਤ ਡਰ ਗਿਆ ਸੀ।
ਉਸ ਦੀ ਭਰਜਾਈ ਦਾ ਵਤੀਰਾ ਵੀ ਕੁਝ ਦਿਨਾਂ ਤੋਂ ਮਾੜੇ ਤੋਂ ਮਾੜਾ ਹੁੰਦਾ ਜਾ ਰਿਹਾ ਸੀ। ਜਦੋਂ ਉਹ ਸ਼ਾਮ ਨੂੰ ਘਰ ਆਉਂਦਾ ਤਾਂ ਪਤਨੀ ਅਕਸਰ ਉਦਾਸ ਹੀ ਹੁੰਦੀ ਤੇ ਪੁੱਛਣ ‘ਤੇ ਭਰਜਾਈ ਦਾ ਪਾਠ ਅਰੰਭ ਕਰ ਦਿੰਦੀ ਸੀ, ਅੱਜ ਭਰਜਾਈ ਕਹਿੰਦੀ ਸੀ, “ਤੇਰੀ ਕੁੜੀ ਨੇ ਗਿੱਲੇ ਹੱਥ ਲਾ ਕੇ ਪੇਪਰ ਖਰਾਬ ਕਰ ਦਿੱਤਾ।…ਤੇਰੀ ਕੁੜੀ ਨ੍ਹਾਉਣ ਲੱਗੀ ਬਾਥ ‘ਚ ਟੱਪਦੀ ਐ ਤੇ ਬਾਹਰ ਛਿੱਟੇ ਪੈ ਕੇ ਲਾਇਨੋ ਖਰਾਬ ਹੁੰਦੀ ਐ।…ਰਾਤ ਤੇਰੀ ਕੁੜੀ ਅੱਧੀ ਰਾਤੋਂ ਰੋਂਦੀ ਪਈ ਸੀ। ਇਨ੍ਹਾਂ ਦੀ ਅੱਖ ਖੁਲ੍ਹ ਗਈ ਤੇ ਇਨ੍ਹਾਂ ਬੜਾ ਮੈਂਡ ਕੀਤਾ, ਜੇ ਗੁਆਂਢੀ ਗੋਰੇ ਰਪੋਟ ਕਰ ਦਿੰਦੇ ਤਾਂ ਪੁਲਸ ਫੜ੍ਹ ਕੇ ਲੈ ਜਾਂਦੀ।”
ਭਰਜਾਈ ਅੱਜ ਕਹਿੰਦੀ ਸੀ…।
ਭਰਜਾਈ ਅੱਜ ਕਹਿੰਦੀ ਸੀ…।
ਉਸ ਦੀ ਹਾਲਤ ਅਜੀਬ ਸੀ। ਫੈਕਟਰੀ ਵਿਚੋਂ ਛੁੱਟੀ ਹੁੰਦਿਆਂ ਜਿਵੇਂ ਉਸ ਦੇ ਪੈਰ ਜੰਮ ਜਾਂਦੇ- ਉਸ ਦੇ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਤੇ ਉਸ ਦੇ ਦਿਮਾਗ ਉਤੇ ਭਰਜਾਈ ਦੇ ਕਹੇ ਸ਼ਬਦ ਵਦਾਣਾਂ ਵਾਂਗ ਵੱਜਣ ਲੱਗ ਪੈਂਦੇ। ਉਸ ਦੇ ਮਨ ਵਿਚ ਹਰ ਸਮੇਂ ਘੋਲ ਹੁੰਦਾ ਰਹਿੰਦਾ।
ਉਹ ਅਜਿਹੀਆਂ ਗੱਲਾਂ ਵੀ ਸੋਚਦਾ ਰਹਿੰਦਾ ਜੋ ਹਾਲੇ ਵਾਪਰੀਆਂ ਵੀ ਨਹੀਂ ਸਨ। ਜੇ ਮੇਰੀ ਬੱਚੀ ਬਿਮਾਰ ਹੋ ਜਾਏ ਤੇ ਉਹ ਸਾਰੀ ਰਾਤ ਰੋਂਦੀ ਰਹੇ ਤਾਂ ਇਹ ਸਾਨੂੰ ਅਗਲੇ ਦਿਨ ਹੀ ਘਰੋਂ ਕੱਢ ਦੇਣ… ਜੇ ਧੁੱਪ ਨਿਕਲਣ ਤੇ ਮੇਰੀ ਬੱਚੀ ਗਾਰਡਨ ਵਿਚ ਖੇਡਣ ਲੱਗ ਜਾਏ ਤੇ ਹੱਸਣ ਲੱਗ ਪਏ ਤਾਂ ਭਰਜਾਈ ਨੇ ਆਖਣਾ ਹੈ, “ਇਸ ਨੂੰ ਕਮਰੇ ਵਿਚ ਬੰਦ ਕਰ ਲਵੋ, ਗਵਾਂਢੀ ਗੋਰੇ ਨੇ ਰਪੋਟ ਕਰਕੇ ਪੁਲਸ ਬੁਲਾ ਲੈਣੀ ਹੈ…ਜੇ…ਜੇ…।”
ਭਰਜਾਈ ਅੱਜ ਕਹਿੰਦੀ ਸੀ…।
ਉਸ ਦੀ ਹਾਲਤ ਅਜੀਬ ਸੀ। ਉਹ ਹਰ ਸਮੇਂ ਗਵਾਚਿਆ, ਅੱਕਿਆ, ਮੱਚਿਆ ਮੱਚਿਆ ਰਹਿਣ ਲੱਗਾ। ਘਰ ਵਿਚੋਂ ਖੁਸ਼ੀਆਂ ਉਡ ਗਈਆਂ ਤੇ ਤਲਖੀਆਂ ਵਧ ਗਈਆਂ।
ਪਹਿਲਾਂ ਪਹਿਲਾਂ ਚੁੱਪ ਚੁੱਪ ਰਹਿਣ ਲੱਗ ਪਿਆ। ਫਿਰ ਪਤਨੀ ਨਾਲ ਕੌੜਾ ਬੋਲਣ ਲਗ ਪਿਆ। ਫਿਰ ਬੱਚੀ ਨੂੰ ਗਾਲ੍ਹਾਂ ਕੱਢਣ ਲੱਗ ਪਿਆ। ਫਿਰ ਉਸ ਨੂੰ ਮਾਰਨ ਲੱਗ ਪਿਆ, ਰੋਜ਼ ਮਾਰਨ ਲੱਗ ਪਿਆ। ਤੇ ਬੱਚੀ ਦੀਆਂ ਗੱਲ੍ਹਾਂ ‘ਤੇ ਉਂਗਲਾਂ ਦੇ ਨਿਸ਼ਾਨ ਇਉਂ ਲੱਗਦੇ, ਜਿਵੇਂ ਜਮਾਂਦਰੂ ਹੋਣ।
ਪਰ ਕੁੜੀ ਏਨੀ ਢੀਠ ਸੀ ਕਿ ਚਪੇੜਾਂ ਤੇ ਚਪੇੜਾਂ ਖਾ ਕੇ ਵੀ ਰੋਂਦੀ ਰਹਿੰਦੀ, ਸਗੋਂ ਹੋਰ ਉਚੀ ਰੋਂਦੀ। ਉਸ ਦੀ ਅਜੀਬ ਹਾਲਤ ਸੀ।
ਕੰਮ ਕਰਦਿਆਂ ਉਹ ਆਪਣੇ ਆਪ ਨੂੰ ਲਾਹਨਤਾਂ ਪਾਉਂਦਾ ਰਹਿੰਦਾ, ਪਛਤਾਉਂਦਾ ਰਹਿੰਦਾ ਪਰ ਘਰ ਆ ਕੇ ਉਸ ਦਾ ਉਹੀ ਵਤੀਰਾ ਹੁੰਦਾ। ਕੰਮ ਕਰਦਿਆਂ ਕਈ ਵਾਰ ਉਹ ਇੰਜ ਵੀ ਸੋਚਦਾ ਕਿ ਇਹ ਕੁੜੀ ਜੇ ਕਿਸੇ ਤਰ੍ਹਾਂ ਮਰ ਜਾਏ ਤਾਂ ਸਭ ਮੁਸੀਬਤਾਂ ਕੱਟੀਆਂ ਜਾਣ ਪਰ ਦੂਜੇ ਹੀ ਪਲ ਉਹ ਆਪਣੇ ਆਪ ਨੂੰ ਲਾਹਨਤਾਂ ਪਾਉਂਦਾ। ਉਸ ਨੂੰ ਆਪਣੇ ਆਪ ਤੋਂ ਬਦਬੂ ਆਉਣ ਲੱਗਦੀ।
ਕੁਝ ਦਿਨਾਂ ਤੋਂ ਬੱਚੀ ਨੂੰ ਚੁੱਪ ਕਰਾਉਣ ਲਈ ਉਸ ਨੇ ਨਵਾਂ ਤਰੀਕਾ ਲੱਭ ਲਿਆ ਸੀ ਜੋ ਕਾਫੀ ਹੱਦ ਤੱਕ ਕਾਮਯਾਬ ਸੀ। ਜਦੋਂ ਬੱਚੀ ਰੋਂਦੀ ਤਾਂ ਉਹ ਦਬਕਾ ਮਾਰਦਾ ‘ਚੁੱਪ!’ ਜੇ ਉਹ ਹੋਰ ਉਚੀ ਰੋਣ ਲੱਗ ਪੈਂਦੀ ਤਾਂ ਉਹ ਉਸ ਦੇ ਮੂੰਹ ਉਤੇ ਹੱਥ ਰੱਖ ਕੇ ਉਸ ਦੀ ਚੀਕ ਅੰਦਰ ਹੀ ਨੱਪ ਦਿੰਦਾ, ਬੱਚੀ ਦੀਆਂ ਅੱਖਾਂ ਲਾਲ ਹੋ ਜਾਂਦੀਆਂ ਤੇ ਗਲ ਦੀਆਂ ਨਾੜਾਂ ਖੜ੍ਹੀਆਂ ਹੋ ਜਾਂਦੀਆਂ, ਸਾਹ ਰੁਕ ਜਾਂਦਾ। ਕੁਝ ਦਿਨਾਂ ਦੇ ਇਸ ਤਜਰਬੇ ਨੇ ਆਪਣਾ ਹੀ ਰੰਗ ਵਿਖਾਇਆ ਕਿ ਬੱਚੀ ਉਕਾ ਹੀ ਹੱਸਣੋਂ ਬੋਲਣੋਂ ਹਟ ਗਈ, ਉਹ ਜਿਵੇਂ ਪੱਥਰ ਹੋਵੇ।
ਇਸ ਹਾਲਤ ਨੇ ਉਨ੍ਹਾਂ ਨੂੰ ਹੋਰ ਵੀ ਦੁਖੀ ਕਰ ਦਿੱਤਾ। ਪਤਨੀ ਦਿਲ ਘਟਣ ਦੀ ਸ਼ਿਕਾਇਤ ਕਰਨ ਲੱਗ ਪਈ। ਉਹ ਅੱਠੇ ਪਹਿਰ ਆਪਣੇ ਆਪ ਨੂੰ ਕੋਸਦਾ ਰਹਿੰਦਾ, ਕੋਸਦਾ ਰਹਿੰਦਾ।
ਪਤਨੀ ਭਾਵੇਂ ਆਪ ਬੜੀ ਔਖੀ ਸੀ ਪਰ ਉਸ ਨੂੰ ਪਤੀ ਦਾ ਬਹੁਤਾ ਫਿਕਰ ਰਹਿੰਦਾ, ਜਿਵੇਂ ਹਿੰਦੁਸਤਾਨੀ ਔਰਤਾਂ ਨੂੰ ਹੁੰਦਾ ਹੈ। ਉਹ ਹਰ ਸਮੇਂ ਕੋਈ ਰਾਹ ਲੱਭਦੀ ਰਹਿੰਦੀ।
ਇਕ ਸ਼ਾਮ ਰੋਟੀ ਖਾਣ ਪਿਛੋਂ ਪਤਨੀ ਨੇ ਗੱਲ ਤੋਰੀ, “ਜੇ ਆਪਾਂ ਗੁੱਡੀ ਨੂੰ ਇੰਡੀਆ ਤੋਰ ਦੇਈਏ ਤਾਂ ਇਹ ਆਰਾਮ ਨਾਲ ਮੇਰੇ ਮਾਂ ਬਾਪ ਕੋਲ ਰਹੇਗੀ, ਉਹ ਅੰਤਾਂ ਦਾ ਚਾਅ ਕਰਦੇ ਨੇ।”
ਪਤਨੀ ਦੀ ਗੱਲ ਸੁਣ ਕੇ ਉਸ ਨੇ ਆਪਣੇ ਆਪ ਨੂੰ ਇਉਂ ਸਾਵਧਾਨ ਕੀਤਾ, ਜਿਵੇਂ ਪੱਥਰ ਵਿਚ ਜਾਨ ਪੈ ਗਈ ਹੋਵੇ। ਉਸ ਨੇ ਪਤਨੀ ਦੇ ਹੱਥ ਫੜ ਕੇ ਬੁਲ੍ਹਾਂ ਨਾਲ ਲਾ ਲਏ। ਦੋਵੇਂ ਉਠ ਕੇ ਸੁੱਤੀ ਪਈ ਬੱਚੀ ਨੂੰ ਤੱਕਣ ਲੱਗੇ। ਬੱਚੀ, ਜਿਵੇਂ ਕੌਟ ਵਿਚ ਪੱਥਰ ਪਿਆ ਹੋਵੇ…।
ਉਨ੍ਹਾਂ ਇਕ ਬੰਦਾ ਵੀ ਲੱਭ ਲਿਆ, ਜਿਸ ਨੇ ਅਗਲੇ ਮਹੀਨੇ ਇੰਡੀਆ ਜਾਣਾ ਸੀ!
ਬੱਚੀ, ਉਸ ਦੀ ਬੱਚੀ ਦੇ ਇੰਡੀਆ ਜਾਣ ਦਾ ਦਿਨ ਨੇੜੇ ਆ ਰਿਹਾ ਸੀ ਤੇ ਉਸ ਦਾ ਸਲੂਕ ਹੁਣ ਬਦਲ ਰਿਹਾ ਸੀ, ਉਹ ਬੱਚੀ ਨੂੰ ਚੁੱਕਣ ਦੀ ਕੋਸ਼ਿਸ਼ ਕਰਦਾ ਪਰ ਉਹ ਪੱਥਰ ਵਾਂਗ ਕੰਧ ਵੱਲ ਵੇਖਦੀ ਰਹਿੰਦੀ ਤੇ ਉਹ ਆਪਣੇ ਆਪ ਨੂੰ ਹੋਰ ਲਾਹਨਤਾਂ ਪਾਉਂਦਾ।
ਜਿਸ ਦਿਨ ਬੱਚੀ ਨੇ ਜਾਣਾ ਸੀ, ਉਸ ਤੋਂ ਪਹਿਲੀ ਰਾਤ ਉਹ ਬਿਲਕੁਲ ਨਾ ਸੌਂ ਸਕਿਆ। ਉਸ ਨੂੰ ਜਾਪ ਰਿਹਾ ਸੀ, ਜਿਵੇਂ ਉਹ ਬਹੁਤ ਵੱਡਾ ਪਾਪੀ ਹੋਵੇ ਤੇ ਉਸ ਦੇ ਸਾਰੇ ਪਾਪ ਉਸ ਦੇ ਜਿਗਰ ਵਿਚ ਸੰਗੀਨਾਂ ਮਾਰ ਰਹੇ ਹੋਣ, ਉਸ ਦੀਆਂ ਅੱਖਾਂ ਆਬਸ਼ਾਰਾਂ ਵਾਂਗ ਵਹਿ ਰਹੀਆਂ ਸਨ।
ਦਿਨ ਚੜ੍ਹਿਆ, ਤਿਆਰ ਹੋਏ ਤੇ ਉਠ ਪਏ ਪਰ ਬੱਚੀ ਸੀ ਕਿ ਉਕਾ ਹੀ ਚੁਪ, ਪੱਥਰ ਦੀ ਪੱਥਰ।
ਏਅਰ-ਪੋਰਟ ਤੇ ਜਦੋਂ ਏਅਰ ਇੰਡੀਆ ਦੀਆਂ ਸਵਾਰੀਆਂ ਨੂੰ ਆਵਾਜ਼ ਪਈ, ਉਸ ਦੀ ਪਤਨੀ ਨੇ ਬੱਚੀ ਇੰਡੀਆ ਜਾਣ ਵਾਲੇ ਸੱਜਣ ਨੂੰ ਫੜਾ ਦਿੱਤੀ। ਜਾਣ ਤੋਂ ਪਹਿਲਾਂ ਉਸ ਨੇ ਆਪਣੀ ਬੱਚੀ ਨੂੰ ਫੜਨਾ ਚਾਹਿਆ, ਕਿਉਂਕਿ ਜਦੋਂ ਦੀ ਉਹ ਪੱਥਰ ਬਣੀ ਸੀ, ਉਸ ਨੇ ਉਸ ਵੱਲ ਮੂੰਹ ਤੱਕ ਨਹੀਂ ਸੀ ਕੀਤਾ, ਵਿਦਾਇਗੀ ਸਮੇਂ ਵੀ ਉਹ ਉਸ ਕੋਲ ਨਾ ਆਈ।
ਜਦੋਂ ਜਾਣ ਵਾਲਾ ਸੱਜਣ ਉਸ ਨੂੰ ਮੋਢੇ ਲਾ ਕੇ ਤੁਰਿਆ, ਤਾਂ ਚਾਰ ਕੁ ਕਦਮ ਜਾ ਕੇ ਬੱਚੀ ਉਚੀ ਉਚੀ ਚੀਕਾਂ ਮਾਰਨ ਲੱਗ ਪਈ। ਉਹ ਆਪਣੀ ਬੱਚੀ ਨੂੰ ਆਖਰੀ ਵਾਰ ਗਲ ਲਾਉਣ ਲਈ ਉਸ ਵੱਲ ਭੱਜਿਆ। ਹਾਲੀਂ ਉਸ ਨੇ ਆਪਣੀਆਂ ਬਾਹਾਂ ਵਧਾਈਆਂ ਹੀ ਸਨ ਕਿ ਉਸ ਦੀ ਬੱਚੀ ਨੇ ਬਿਜਲੀ ਦੀ ਤੇਜ਼ੀ ਨਾਲ ਆਪਣਾ ਹੱਥ ਮੂੰਹ ‘ਤੇ ਰੱਖ ਲਿਆ ਅਤੇ ਜਾਣ ਵਾਲੇ ਅਜਨਬੀ ਦੇ ਗਲ ਨਾਲ ਚੰਬੜ ਗਈ।