ਤੀਜੇ ਫਰੰਟ ਲਈ ਰਾਹ ਮੁੜ ਖੁੱਲ੍ਹਿਆ

ਚੰਡੀਗੜ੍ਹ: ਲੋਕ ਸਭਾ ਚੋਣਾਂ ਦੇ ਐਨ ਮੌਕੇ ਪੰਜਾਬ ਦੀਆਂ ਰਵਾਇਤੀ ਧਿਰਾਂ ਦੇ ਟਾਕਰੇ ਲਈ ਗੱਠਜੋੜ ਲਈ ਮੁੜ ਲਾਮਬੰਦੀ ਸ਼ੁਰੂ ਹੋ ਗਈ ਹੈ। ਇਸ ਦੀ ਪਹਿਲ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਨੇ ਖਡੂਰ ਸਾਹਿਬ ਤੋਂ ਆਪਣੇ ਉਮੀਦਵਾਰ ਜਨਰਲ ਜੇæਜੇæ ਸਿੰਘ ਦਾ ਨਾਮ ਵਾਪਸ ਲੈ ਕੇ ਕੀਤੀ ਹੈ। ਟਕਸਾਲੀਆਂ ਨੇ ਖਡੂਰ ਸਾਹਿਬ ਤੋਂ ਬੀਬੀ ਪਰਮਜੀਤ ਕੌਰ ਖਾਲੜਾ ਦੀ ਹਮਾਇਤ ਕਰਨ ਦਾ ਐਲਾਨ ਕਰ ਦਿੱਤਾ ਹੈ।
ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਜਨਰਲ ਸਕੱਤਰ ਕਰਨੈਲ ਸਿੰਘ ਪੀਰਮੁਹੰਮਦ ਨੇ ਸੁਖਪਾਲ ਖਹਿਰਾ ਨੂੰ ਅਪੀਲ ਕੀਤੀ ਕਿ ਹੁਣ ਉਹ ਵੀ ਫਰਾਖਦਿਲੀ ਦਿਖਾਉਂਦੇ ਹੋਏ ਪੰਜਾਬ ਭਰ ਵਿਚ ਟਕਸਾਲੀਆਂ ਦੇ ਮੁਕਾਬਲੇ ਆਪਣਾ ਕੋਈ ਉਮੀਦਵਾਰ ਖੜ੍ਹਾ ਨਾ ਕਰਨ। ਉਨ੍ਹਾਂ ਦਾ ਮੰਨਣਾ ਹੈ ਕਿ ਟਕਸਾਲੀ ਦਲ, ਪੰਜਾਬ ਏਕਤਾ ਪਾਰਟੀ ਸਮੇਤ ਸਾਰੀਆਂ ਹਮਖਿਆਲੀ ਪਾਰਟੀਆਂ ਨੂੰ ਪੰਜਾਬ ਵਿਚ ਤੀਜਾ ਫਰੰਟ ਬਣਾਉਣ ਲਈ ਨਵੇਂ ਸਿਰਿਉਂ ਸਾਂਝੇ ਉਪਰਾਲੇ ਕਰਨੇ ਚਾਹੀਦੇ ਹਨ।

ਜਨਰਲ ਜੇæਜੇæ ਸਿੰਘ ਦੀ ਨਾਮ ਵਾਪਸੀ ਤੋਂ ਬਾਅਦ ਪੰਜਾਬ ਵਿਚ ਨਵੇਂ ਸਿਰਿਉਂ ਤੀਜਾ ਫਰੰਟ ਬਣਨ ਦੇ ਆਸਾਰ ਬਣ ਗਏ ਹਨ। ਬੀਬੀ ਖਾਲੜਾ ਪੰਜਾਬ ਏਕਤਾ ਪਾਰਟੀ ਵਲੋਂ ਉਮੀਦਵਾਰ ਹਨ। ਇਸ ਤੋਂ ਬਾਅਦ ਹੋਰਾਂ ਧਿਰਾਂ ਨੂੰ ਵੀ ਬੀਬੀ ਖਾਲੜਾ ਖਿਲਾਫ ਖੜ੍ਹੇ ਕੀਤੇ ਉਮੀਦਵਾਰ ਵਾਪਸ ਲੈਣ ਦੀ ਅਪੀਲ ਕੀਤੀ ਗਈ ਹੈ। ਦੱਸ ਦਈਏ ਕਿ ਲੋਕ ਸਭਾ ਚੋਣਾਂ ਦੇ ਐਲਾਨ ਤੋਂ ਪਹਿਲਾਂ ਪੰਜਾਬ ਵਿਚ ਤੀਜੇ ਫਰੰਟ ਦੀ ਚਰਚਾ ਵੱਡੇ ਪੱਧਰ ਉਤੇ ਚੱਲੀ ਸੀ ਪਰ ਸੀਟਾਂ ਦੀ ਵੰਡ ਨੇ ਸਾਰੀ ਖੇਡ ਵਿਗਾੜ ਦਿੱਤੀ ਜਿਸ ਤੋਂ ਬਾਅਦ ਰਵਾਇਤੀ ਧਿਰਾਂ ਨੂੰ ਟੱਕਣ ਦੇਣ ਦੇ ਦਾਅਵੇ ਕਰਨ ਵਾਲੀਆਂ ਸਾਰੀਆਂ ਧਿਰਾਂ ਆਪਣੇ ਉਮੀਦਵਾਰ ਖੜ੍ਹੇ ਕਰਨ ਵਿਚ ਜੁਟ ਗਈਆਂ ਤੇ ਗੱਠਜੋੜ ਵਾਲਾ ਰਾਹ ਬਿਲਕੁਲ ਬੰਦ ਹੀ ਕਰ ਦਿੱਤਾ ਸੀ ਪਰ ਹੁਣ ਟਕਸਾਲੀਆਂ ਦੀ ਪਹਿਲ ਨਾਲ ਇਸ ਪਾਸੇ ਮੁੜ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ ਸਨ।
ਯਾਦ ਰਹੇ ਕਿ ਇਸ ਵਾਰ ਵਿਰੋਧੀ ਧਿਰਾਂ ਮੁੱਖ ਤੌਰ ‘ਤੇ ਚਾਰ ਹਿੱਸਿਆਂ- ਪੰਜਾਬ ਜਮਹੂਰੀ ਗਠਜੋੜ (ਪੀæਡੀæਏæ), ਆਮ ਆਦਮੀ ਪਾਰਟੀ (ਆਪ), ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਅਤੇ ਸੀæਪੀæਆਈæ (ਐਮæ) ਵਿਚ ਵੰਡੀਆਂ ਗਈਆਂ ਹਨ। ਪੀæਡੀæਏæ ਵਿਚ 6 ਪਾਰਟੀਆਂ ਵਲੋਂ ਸ਼ਾਮਲ ਹੋ ਕੇ ਸਾਰੀਆਂ 13 ਸੀਟਾਂ ‘ਤੇ ਚੋਣ ਲੜੀ ਜਾ ਰਹੀ ਹੈ ਜਿਨ੍ਹਾਂ ਵਿਚ ਮੁੱਖ ਤੌਰ ‘ਤੇ ਬਹੁਜਨ ਸਮਾਜ ਪਾਰਟੀ (ਬਸਪਾ), ਬੈਂਸ ਭਰਾਵਾਂ ਦੀ ਲੋਕ ਇਨਸਾਫ ਪਾਰਟੀ ਅਤੇ ਸੁਖਪਾਲ ਖਹਿਰਾ ਦੀ ਪਾਰਟੀ ਵਲੋਂ 3-3 ਸੀਟਾਂ ‘ਤੇ ਚੋਣ ਲੜੀ ਜਾ ਰਹੀ ਹੈ। ਨਵਾਂ ਪੰਜਾਬ ਪਾਰਟੀ ਦੇ ਮੋਢੀ ਤੇ ‘ਆਪ’ ਤੋਂ ਮੁਅੱਤਲ ਸੰਸਦ ਮੈਂਬਰ ਡਾæ ਧਰਮਵੀਰ ਗਾਂਧੀ ਮੁੜ ਪਟਿਆਲਾ ਤੋਂ ਉਮੀਦਵਾਰ ਹਨ। ਇਸ ਗੱਠਜੋੜ ਵਿਚ ਸ਼ਾਮਲ ਪੰਜਵੀਂ ਪਾਰਟੀ ਸੀæਪੀæਆਈæਵਲੋਂ ਦੋ ਸੀਟਾਂ- ਅੰਮ੍ਰਿਤਸਰ ਤੋਂ ਦਸਵਿੰਦਰ ਕੌਰ ਤੇ ਫਿਰੋਜ਼ਪੁਰ ਤੋਂ ਹੰਸ ਰਾਜ ਗੋਲਡਨ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਗੱਠਜੋੜ ਦੀ ਛੇਵੀਂ ਪਾਰਟੀ- ਮੰਗਤ ਰਾਮ ਪਾਸਲਾ ਦੀ ਆਰæਸੀæਪੀæਆਈæ ਗੁਰਦਾਸਪੁਰ ਤੋਂ ਲਾਲ ਚੰਦ ਕਟਾਰੂਚੱਕ ਨੂੰ ਚੋਣ ਲੜਾ ਰਹੀ ਹੈ।
ਦੂਜੀ ਮੁੱਖ ਵਿਰੋਧੀ ਪਾਰਟੀ ‘ਆਪ’ ਵੱਲੋਂ ਸਮੂਹ 13 ਸੀਟਾਂ ਉਤੇ ਇਕੱਲਿਆਂ ਚੋਣ ਲੜਨ ਦੇ ਦਾਅਵੇ ਕੀਤੇ ਜਾ ਰਹੇ ਹਨ। ‘ਆਪ’ ਨੇ ਪੀæਡੀæਏæ ਨਾਲ ਇਸ ਆਧਾਰ ‘ਤੇ ਸਮਝੌਤਾ ਨਹੀਂ ਕੀਤਾ ਸੀ ਕਿ ਉਹ ਖਹਿਰਾ ਅਤੇ ਬੈਂਸ ਨਾਲ ਸਾਂਝ ਨਹੀਂ ਪਾ ਸਕਦੇ। ਇਸੇ ਤਰ੍ਹਾਂ ਅਕਾਲੀ ਦਲ (ਟਕਸਾਲੀ) ਦਾ ‘ਆਪ’ ਅਤੇ ਪੀæਡੀæਏæ ਨਾਲ ਆਨੰਦਪੁਰ ਦੀ ਸੀਟ ਦੇ ਰੱਫੜ ਕਾਰਨ ਸਮਝੌਤਾ ਨਹੀਂ ਹੋ ਸਕਿਆ ਸੀ। ਹੁਣ ਇਸ ਪਾਸੇ ਮੁੜ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ ਹਨ। ਕਈ ਆਗੂਆਂ ਨੇ ਮੁੜ ਤੋਂ ਅਜਿਹਾ ਮੰਚ ਉਸਾਰਨ ਲਈ ਭੱਜ ਦੌੜ ਸ਼ੁਰੂ ਕਰ ਦਿੱਤੀ ਹੈ ਅਤੇ ਟੈਲੀਫੋਨ ਤੇ ਸੋਸ਼ਲ ਮੀਡੀਆ ਉਤੇ ਅਪੀਲਾਂ ਕੀਤੀਆਂ ਜਾ ਰਹੀਆਂ ਹਨ। ਇਸ ਸਬੰਧੀ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਖਡੂਰ ਸਾਹਿਬ ਵਿਚ ਬੀਬੀ ਪਰਮਜੀਤ ਕੌਰ ਖਾਲੜਾ ਦੀ ਹਮਾਇਤ ਕਰਨ ਦੇ ਫੈਸਲੇ ਦੀ ਸ਼ਲਾਘਾ ਕਰਦਿਆਂ ਕਾਂਗਰਸ ਅਤੇ ਅਕਾਲੀ-ਭਾਜਪਾ ਗੱਠਜੋੜ ਨੂੰ ਹਰਾਉਣ ਲਈ ਪੰਜਾਬ ਵਿਚ ਸਾਰੀਆਂ ਸੀਟਾਂ ‘ਤੇ ਸਿਰਫ ਇਕ ਹੀ ਉਮੀਦਵਾਰ ਦੀ ਹਮਾਇਤ ਕਰਨ ਲਈ ਅੱਗੇ ਆਉਣ ਦਾ ਸੱਦਾ ਦਿੱਤਾ ਹੈ।