ਪੰਜਾਬ ‘ਚ ਨਵੀਆਂ ਧਿਰਾਂ ਦੇ ਉਭਾਰ ਨੇ ਦਿਲਚਸਪ ਬਣਾਇਆ ਸਿਆਸੀ ਪਿੜ

ਚੰਡੀਗੜ੍ਹ: ਲੋਕ ਸਭਾ ਚੋਣਾਂ ਵਿਚ ਰਵਾਇਤੀ ਪਾਰਟੀਆਂ ਦੇ ਨਾਲ-ਨਾਲ ਪੁਰਾਣੇ ਭਲਵਾਨਾਂ ਵਾਲੀਆਂ ਬਣੀਆਂ ਕੁਝ ਨਵੀਆਂ ਸਿਆਸੀ ਪਾਰਟੀਆਂ ਨੇ ਵੀ ਪੰਜਾਬ ਦਾ ਪਿੜ ਪੂਰੀ ਤਰ੍ਹਾਂ ਮੱਲ ਲਿਆ ਹੈ। ਇਸ ਵੇਲੇ ਜਿਥੇ ਕਾਂਗਰਸ ਅਤੇ ਭਾਜਪਾ-ਅਕਾਲੀ ਦਲ ਇਕ-ਦੂਜੇ ਨੂੰ ਫਸਵੀਂ ਟੱਕਰ ਦੇਣ ਦੇ ਰੌਂਅ ‘ਚ ਹਨ, ਉਥੇ ਆਮ ਆਦਮੀ ਪਾਰਟੀ ਅਤੇ ਪੁਰਾਣੇ ਭਲਵਾਨਾਂ ਦੀ ਸ਼ਮੂਲੀਅਤ ਨਾਲ ਬਣੀਆਂ ਨਵੀਆਂ ਸਿਆਸੀ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ, ਪੰਜਾਬ ਏਕਤਾ ਪਾਰਟੀ, ਨਵਾਂ ਪੰਜਾਬ ਪਾਰਟੀ ਤੇ ਲੋਕ ਇਨਸਾਫ ਪਾਰਟੀ ਇਨ੍ਹਾਂ ਰਵਾਇਤੀ ਪਾਰਟੀਆਂ ਨੂੰ ਭਾਜ ਦੇਣ ਲਈ ਉਤਾਵਲੀਆਂ ਹਨ।

ਨਵੀਆਂ ਸਿਆਸੀ ਪਾਰਟੀਆਂ ਲਈ ਲੋਕ ਸਭਾ ਦਾ ਰਾਹ ਇੰਨਾ ਸੁਖਾਲਾ ਨਹੀਂ ਜਾਪਦਾ, ਪਰ ਇਨ੍ਹਾਂ ਨਵੀਆਂ ਪਾਰਟੀਆਂ ਦੇ ਪੁਰਾਣੇ ਆਗੂ ਆਪੋ-ਆਪਣੇ ਹਲਕਿਆਂ ‘ਚ ਨਿੱਜੀ ਪ੍ਰਭਾਵ ਨਾਲ ਸੰਭਾਲੇ ਵੋਟ ਬੈਂਕ ਰਾਹੀਂ ਆਪਣਿਆਂ ਦੀਆਂ ਬੇੜੀਆਂ ‘ਚ ਵੱਟੇ ਜ਼ਰੂਰ ਪਾਉਣਗੇ। ਜਿਥੇ ਨਵੀਆਂ ਸਿਆਸੀ ਪਾਰਟੀਆਂ ਲੋਕ ਸਭਾ ਚੋਣਾਂ ‘ਚ ਆਪਣੀ ਕਿਸਮਤ ਅਜ਼ਮਾਉਣਗੀਆਂ, ਉਥੇ ਸਿਆਸੀ ਸਮੀਕਰਨਾਂ ਨੂੰ ਵੀ ਵੱਡੇ ਪੱਧਰ ‘ਤੇ ਪ੍ਰਭਾਵਿਤ ਕਰਨਗੀਆਂ। ਕਾਂਗਰਸ ਇਕੱਲਿਆਂ ਹੀ ਆਪਣੇ ਬਲਬੂਤੇ ਪੰਜਾਬ ਦਾ ਕਿਲ੍ਹਾ ਫਤਿਹ ਹਾਸਲ ਕਰਨਾ ਚਾਹੁੰਦੀ ਹੈ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਾਰੀਆਂ 13 ਲੋਕ ਸਭਾ ਸੀਟਾਂ ਜਿੱਤਣ ਦਾ ਦਾਅਵਾ ਕਰ ਰਹੇ ਹਨ, ਉਥੇ ਅਕਾਲੀ ਦਲ ਤੇ ਭਾਜਪਾ ਵੀ ਆਪਣੇ ਉਮੀਦਵਾਰ ਚੋਣ ਮੈਦਾਨ ‘ਚ ਉਤਾਰਨ ਲਈ ਪੂਰੀ ਸੰਜੀਦਗੀ ਵਰਤ ਰਹੀ ਹੈ ਅਤੇ ਹਰ ਹੀਲੇ ਸਾਰੀਆਂ ਸੀਟਾਂ ਜਿੱਤਣ ਦਾ ਯਤਨ ਕਰ ਰਹੀ ਹੈ।
ਇਸੇ ਤਰ੍ਹਾਂ ਆਮ ਆਦਮੀ ਪਾਰਟੀ ਜਿਸ ਨੂੰ ਕਿ 2014 ਦੀਆਂ ਲੋਕ ਸਭਾ ਚੋਣਾਂ ‘ਚ ਭਾਵੇਂ ਹੋਰ ਕਿਤਿਉ ਹੁੰਗਾਰਾ ਨਹੀਂ ਮਿਲਿਆ ਸੀ, ਪਰ ਪੰਜਾਬ ਦੇ ਲੋਕਾਂ ਨੇ ਇਸ ਪਾਰਟੀ ਨੂੰ 4 ਸੀਟਾਂ ਜਿਤਾ ਕੇ 4 ਲੋਕ ਸਭਾ ‘ਚ ਭੇਜਣ ਅਤੇ ਪੰਜਾਬ ਵਿਧਾਨ ਸਭਾ ਚੋਣਾਂ ‘ਚ ਵਿਰੋਧੀ ਧਿਰ ਬਣਨ ਦਾ ਮਾਣ ਬਖਸ਼ਿਆ ਸੀ। ਹੁਣ ਇਹ ਪਾਰਟੀ ਆਪਸੀ ਫੁੱਟ ਦਾ ਸ਼ਿਕਾਰ ਹੋ ਕੇ ਖੇਰੂੰ-ਖੇਰੂੰ ਹੋ ਚੁੱਕੀ ਹੈ। ਜਿਥੇ ਇਸ ਪਾਰਟੀ ਵੱਲੋਂ ਆਪਣੇ ਉਮੀਦਵਾਰ ਚੋਣ ਮੈਦਾਨ ‘ਚ ਉਤਾਰੇ ਜਾ ਰਹੇ ਹਨ, ਉਥੇ ਕਾਂਗਰਸ ਛੱਡ ਕੇ ਇਸ ਪਾਰਟੀ ‘ਚ ਆਏ ਸੁਖਪਾਲ ਸਿੰਘ ਖਹਿਰਾ ਵੱਲੋਂ ਆਪਣੀ ਨਵੀਂ ਪੰਜਾਬ ਏਕਤਾ ਪਾਰਟੀ ਦਾ ਗਠਨ ਕੀਤਾ ਗਿਆ ਹੈ, ਜਿਸ ਦੇ ਆਗਾਜ਼ ਤੋਂ ਪਹਿਲਾਂ ਉਨ੍ਹਾਂ ਵਲੰਟੀਅਰਾਂ ਦੀ ਮੀਟਿੰਗ ਕਰਕੇ ਉਨ੍ਹਾਂ ਦੀ ਅਤੇ ਬਰਗਾੜੀ ‘ਚ ਮਾਰਚ ਕਰਕੇ ਹੋਰ ਲੋਕਾਂ ਦੀ ਨਬਜ਼ ਪਛਾਣੀ ਸੀ ਤੇ ਫਿਰ ਪਾਰਟੀ ਬਣਾ ਕੇ ਹੁਣ ਉਹ ਖੁਦ ਬਠਿੰਡਾ ਹਲਕੇ ਤੋਂ ਚੋਣ ਮੈਦਾਨ ‘ਚ ਉਤਰੇ ਹਨ। ਉਨ੍ਹਾਂ ਦੇ ਸਾਥੀ ਵਿਧਾਇਕ ਬਲਦੇਵ ਸਿੰਘ ਵੀ ਫਰੀਦਕੋਟ ਤੋਂ ਚੋਣ ਮੈਦਾਨ ਵਿਚ ਉਤਰੇ ਹਨ। ਭਾਵੇਂ ਕਿ ਇਹ ਨਵੀਂ ਪਾਰਟੀ ਬਣਾ ਕੇ ਚੋਣ ਜ਼ਰੂਰ ਲੜ ਰਹੇ ਹਨ, ਪਰ ਹੁਣ ਤੱਕ ਛੱਡੀ ਪਾਰਟੀ ‘ਚ ਰਹਿੰਦਿਆਂ ਮਿਲੇ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਨਹੀਂ ਦਿੱਤਾ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਤੋਂ ਵੱਖ ਹੋਏ ਲੋਕ ਸਭਾ ਮੈਂਬਰ ਡਾ. ਧਰਮਵੀਰ ਗਾਂਧੀ ਵੀ ਨਵਾਂ ਪੰਜਾਬ ਪਾਰਟੀ ਦਾ ਗਠਨ ਕਰ ਚੁੱਕੇ ਹਨ ਅਤੇ ਉਹ ਵੀ ਵਿਰੋਧੀਆਂ ਨੂੰ ਟੱਕਰ ਦੇਣ ਲਈ ਜੱਦੋ-ਜਹਿਦ ਕਰ ਰਹੇ ਹਨ।
ਸੂਬੇ ਅੰਦਰ 10 ਵਰ੍ਹੇ ਰਾਜ ਕਰਨ ਵਾਲੀ ਅਕਾਲੀ-ਭਾਜਪਾ ਗੱਠਜੋੜ ਸਰਕਾਰ ਦੌਰਾਨ ਹੋਏ ਕੁਝ ਕੰਮਾਂ ਤੋਂ ਦੁਖੀ ਹੈ ਅਤੇ ਸ਼੍ਰੋਮਣੀ ਅਕਾਲੀ ਦਲ ‘ਚ ਹੋਏ ਮਤਭੇਦਾਂ ਕਾਰਨ ਵੱਖਰੇ ਹੋਏ ਆਗੂਆਂ ਵੱਲੋਂ ਬਣਾਇਆ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵੀ ਅਕਾਲੀ ਦਲ ਲਈ ਸਿਰਦਰਦੀ ਬਣ ਸਕਦਾ ਹੈ। ਇਸ ਨਵੇਂ ਟਕਸਾਲੀ ਅਕਾਲੀ ਦਲ ਦੇ ਆਗੂ ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ ਅਤੇ ਡਾ. ਰਤਨ ਸਿੰਘ ਅਜਨਾਲਾ ਤੇ ਹੋਰ ਆਪੋ-ਆਪਣੇ ਹਲਕਿਆਂ ‘ਚ ਚੰਗਾ ਨਿੱਜੀ ਪ੍ਰਭਾਵ ਰੱਖਦੇ ਹਨ, ਜੋ ਅਕਾਲੀ ਦਲ ਦੇ ਵੋਟ ਬੈਂਕ ਨੂੰ ਪ੍ਰਭਾਵਤ ਕਰਨ ਦੀ ਸਮਰੱਥਾ ਰੱਖਦਾ ਹੈ। ਭਾਵੇਂ ਕਿ ਅਕਾਲੀ ਦਲ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਟਕਸਾਲੀ ਅਕਾਲੀ ਦਲ ਬਣਾਉਣ ਵਾਲਿਆਂ ਦੇ ਜਾਣ ਨਾਲ ਕੋਈ ਫਰਕ ਨਹੀਂ ਪੈਂਦਾ, ਪਰ ਉਨ੍ਹਾਂ ਆਗੂਆਂ ਦੀ ਹੋਂਦ ਨੂੰ ਅੱਖੋਂ-ਪਰੋਖੇ ਕਰਨਾ ਇੰਨਾ ਸੌਖਾ ਨਹੀਂ ਜਾਪਦਾ ਅਤੇ ਉਹ ਅਕਾਲੀ ਦਲ ਲਈ ਕਿੰਨੇ ਨੁਕਸਾਨਦੇਹ ਸਾਬਤ ਹੁੰਦੇ ਹਨ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਭਾਵੇਂ ਕਿ ਨਵੀਆਂ ਸਿਆਸੀ ਪਾਰਟੀਆਂ ਪੰਜਾਬ ‘ਚ ਲੋਕ ਸਭਾ ਚੋਣਾਂ ‘ਚ ਰਵਾਇਤੀ ਪਾਰਟੀਆਂ ਨੂੰ ਕਰਾਰੀ ਟੱਕਰ ਜਾਂ ਹਾਰ ਦੇਣ ਦੇ ਦਾਅਵੇ ਕਰ ਰਹੇ ਹਨ, ਪਰ ਫਿਰ ਵੀ ਪ੍ਰਮੁੱਖ ਮੁਕਾਬਲਾ ਰਵਾਇਤੀ ਪਾਰਟੀਆਂ ‘ਚ ਹੋਣ ਦੀ ਸੰਭਾਵਨਾ ਹੈ ਅਤੇ ਉਨ੍ਹਾਂ ਵੱਲੋਂ ਵੀ ਲੋਕ ਸਭਾ ਚੋਣ ਜਿੱਤਣ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ।
_______________________________
ਅਕਾਲੀ ਦਲ ਵੱਲੋਂ ਹਰਿਆਣਾ ਵਿਚ ਭਾਜਪਾ ਦੇ ਸਮਰਥਨ ਦਾ ਐਲਾਨ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਹਰਿਆਣਾ ਵਿਚ ਚੌਟਾਲਾ ਪਰਿਵਾਰ ਨਾਲ ਦਹਾਕਿਆਂ ਪੁਰਾਣਾ ਸਿਆਸੀ ਨਾਤਾ ਤੋੜਦਿਆਂ ਇਕ ਨਵੇਂ ਗਠਜੋੜ ਤਹਿਤ ਲੋਕ ਸਭਾ ਚੋਣਾਂ ਵਿਚ ਭਾਜਪਾ ਦਾ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਪਾਰਟੀ ਦੇ ਹਰਿਆਣਾ ਇੰਚਾਰਜ ਬਲਵਿੰਦਰ ਸਿੰਘ ਭੂੰਦੜ ਨੇ ਬਿਆਨ ਰਾਹੀਂ ਦੱਸਿਆ ਕਿ ਇਸ ਗਠਜੋੜ ਤਹਿਤ ਅਕਾਲੀ ਦਲ ਵੱਲੋਂ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਵੀ ਭਾਜਪਾ ਨਾਲ ਮਿਲ ਕੇ ਲੜੀਆਂ ਜਾਣਗੀਆਂ।
ਉਨ੍ਹਾਂ ਦੱਸਿਆ ਕਿ ਇਹ ਫੈਸਲਾ ਨਰਵਾਣਾ ‘ਚ ਅਕਾਲੀ-ਭਾਜਪਾ ਦੀ ਸਾਂਝੀ ਮੀਟਿੰਗ ਵਿਚ ਲਿਆ ਗਿਆ ਹੈ। ਇਸ ਮੀਟਿੰਗ ਵਿਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਭਾਜਪਾ ਦੇ ਸੂਬਾਈ ਆਗੂ ਅਤੇ ਅਕਾਲੀ ਦਲ ਦੀ ਹਰਿਆਣਾ ਇਕਾਈ ਦੇ ਪ੍ਰਧਾਨ ਸ਼ਰਨਜੀਤ ਸਿੰਘ ਸੋਠਾ ਅਤੇ ਬਲਵਿੰਦਰ ਸਿੰਘ ਭੂੰਦੜ ਵੀ ਸ਼ਾਮਲ ਸਨ। ਅਕਾਲੀ ਆਗੂ ਨੇ ਦੱਸਿਆ ਕਿ ਇਸ ਸਬੰਧੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਵਿਚਾਲੇ ਹੋਈ ਗੱਲਬਾਤ ਮਗਰੋਂ ਹੋਏ ਰਸਮੀ ਸਮਝੌਤੇ ਮੁਤਾਬਿਕ ਲੋਕ ਸਭਾ ਚੋਣਾਂ ਵਿਚ ਅਕਾਲੀ ਦਲ ਭਾਜਪਾ ਦੇ ਉਮੀਦਵਾਰਾਂ ਦੀ ਹਮਾਇਤ ਕਰੇਗਾ। ਉਨ੍ਹਾਂ ਕਿਹਾ ਕਿ ਇਸ ਗਠਜੋੜ ਦੀਆਂ ਸ਼ਰਤਾਂ ਅਨੁਸਾਰ ਆ ਰਹੀਆਂ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਵੱਲੋਂ ਅਕਾਲੀ ਦਲ ਨੂੰ ਵੱਖ ਵੱਖ ਖੇਤਰਾਂ ਵਿਚ ਇਸ ਦੇ ਪ੍ਰਭਾਵ ਅਨੁਸਾਰ ਢੁਕਵੀਆਂ ਸੀਟਾਂ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੂੰ ਦਿੱਤੀਆਂ ਜਾਣ ਵਾਲੀਆਂ ਵਿਧਾਨ ਸਭਾ ਸੀਟਾਂ ਦੀ ਗਿਣਤੀ ਬਾਰੇ ਲੋਕ ਸਭਾ ਚੋਣਾਂ ਤੋਂ ਬਾਅਦ ਚਰਚਾ ਕੀਤੀ ਜਾਵੇਗੀ।
_______________________________
ਸਿੱਖਾਂ ਨੇ ਪ੍ਰਗਟਾਈ ਨਾਰਾਜ਼ਗੀ
ਅੰਬਾਲਾ: ਹਰਿਆਣਾ ਵਿਚ ਲੋਕ ਸਭਾ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੇ ਉਮੀਦਵਾਰ ਨਾ ਉਤਾਰਨ ਦੇ ਫੈਸਲੇ ‘ਤੇ ਸੂਬੇ ਦੇ ਸਿੱਖ ਭਾਈਚਾਰੇ ਨੇ ਨਾਰਾਜ਼ਗੀ ਜਤਾਈ ਹੈ। ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਫੈਸਲੇ ਤੋਂ ਪਲਟਣ ਨਾਲ ਅਕਾਲੀ ਦਲ ਹਰਿਆਣਾ ਹੈਰਾਨ ਹੈ ਕਿਉਂਕਿ ਕੁਰੂਕਸ਼ੇਤਰ ਤੇ ਸਿਰਸਾ ਤੋਂ ਉਮੀਦਵਾਰਾਂ ਨੂੰ ਚੋਣ ਲੜਨ ਲਈ ਨਾਮਜ਼ਦ ਕੀਤਾ ਗਿਆ ਸੀ ਤੇ ਉਨ੍ਹਾਂ ਪਹਿਲਾਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਸਨ। ਇਸ ਫੈਸਲੇ ਤੋਂ ਨਿਰਾਸ਼ ਹੋਏ ਅਕਾਲੀ ਆਗੂਆਂ ਨੇ ਸਥਿਤੀ ਦੀ ਸਮੀਖਿਆ ਲਈ ਇਕ ਬੈਠਕ ਬੁਲਾਈ ਹੈ। ਸ਼੍ਰੋਮਣੀ ਕਮੇਟੀ ਮੈਂਬਰ ਹਰਪਾਲ ਸਿੰਘ ਪਾਲੀ, ਹਰਿਆਣਾ ਅਕਾਲੀ ਦਲ ਦੇ ਮੁੱਖ ਸਲਾਹਕਾਰ ਰਣਬੀਰ ਸਿੰਘ ਫੌਜੀ ਤੇ ਹੋਰ ਆਗੂਆਂ ਨੇ ਮੀਟਿੰਗ ਦੌਰਾਨ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਰਿਆਣਾ ਸਿੱਖਾਂ ਦੇ ਮਾਮਲਿਆਂ ‘ਚ ਦਖਲਅੰਦਾਜ਼ੀ ਕਰ ਰਿਹਾ ਹੈ, ਜਿਸ ਦੇ ਲਈ ਉਹ ਸੰਘਰਸ਼ ਕਰ ਰਹੇ ਹਨ।
_______________________________
ਜਨਰਲ ਜੇਜੇ ਸਿੰਘ ਨੂੰ ਚੋਣ ਮੈਦਾਨ ‘ਚੋਂ ਹਟਾਇਆ
ਮੁਹਾਲੀ: ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਬੀਬੀ ਪਰਮਜੀਤ ਕੌਰ ਖਾਲੜਾ (ਪਤਨੀ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ) ਨੂੰ ਹਮਾਇਤ ਦੇਣ ਦਾ ਐਲਾਨ ਕੀਤਾ ਹੈ। ਜਥੇਦਾਰ ਬ੍ਰਹਮਪੁਰਾ ਨੂੰ ਜਦੋਂ ਇਹ ਪੁੱਛਿਆ ਗਿਆ ਕਿ ਜੇਕਰ ਬੀਬੀ ਖਾਲੜਾ ਨੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਫੈਸਲਾ ਨਾ ਲਿਆ ਤਾਂ ਕੀ ਫਿਰ ਵੀ ਟਕਸਾਲੀ ਦਲ ਉਨ੍ਹਾਂ ਦੀ ਹਮਾਇਤ ਕਰੇਗਾ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਆਪਣੇ ਸਾਥੀਆਂ, ਪੰਥ ਦਰਦੀਆਂ ਅਤੇ ਸਿੱਖਾਂ ਦੇ ਕਹਿਣ ‘ਤੇ ਆਪਣਾ ਉਮੀਦਵਾਰ ਚੋਣ ਮੈਦਾਨ ‘ਚੋਂ ਹਟਾ ਲਿਆ ਹੈ। ਹੁਣ ਇਹ ਬੀਬੀ ਖਾਲੜਾ ਨੇ ਫੈਸਲਾ ਲੈਣਾ ਹੈ ਕਿ ਉਹ ਆਜ਼ਾਦ ਚੋਣ ਲੜਨਾ ਚਾਹੁੰਦੇ ਹਨ ਜਾਂ ਨਹੀਂ? ਉਨ੍ਹਾਂ ਨੇ ਤਾਂ ਆਪਣੇ ਸਾਥੀਆਂ ਦੀ ਗੱਲ ਮੰਨ ਕੇ ਬੀਬੀ ਖਾਲੜਾ ਨੂੰ ਹਮਾਇਤ ਦੇਣ ਦਾ ਫੈਸਲਾ ਲੈ ਲਿਆ ਹੈ।