ਸੰਗਰੂਰ ਸੰਸਦੀ ਸੀਟ ਤੋਂ ਦਿੱਗਜਾਂ ਦਾ ਦਿਲਚਸਪ ਸਿਆਸੀ ਭੇੜ

ਸੰਗਰੂਰ: ਕਾਂਗਰਸ ਹਾਈਕਮਾਨ ਵੱਲੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਉਮੀਦਵਾਰੀ ਦਾ ਐਲਾਨ ਹੋਣ ਨਾਲ ਪੰਜਾਬ ਦੀ ਰਾਜਨੀਤੀ ‘ਚ ਅਹਿਮ ਮੰਨੀ ਜਾਂਦੀ ਸੰਗਰੂਰ ਲੋਕ ਸਭਾ ਸੀਟ ਤੋਂ ਚੋਣ ਲੜਨ ਵਾਲੇ ਮੁੱਖ ਉਮੀਦਵਾਰਾਂ ਦੀ ਤਸਵੀਰ ਸਪਸ਼ਟ ਹੋ ਗਈ ਹੈ। ਇਸ ਸੀਟ ਤੋਂ ਕਾਫੀ ਦਿਲਚਸਪ ਮੁਕਾਬਲਾ ਹੋਣ ਦੇ ਆਸਾਰ ਹਨ।

ਆਮ ਆਦਮੀ ਪਾਰਟੀ ਵੱਲੋਂ ਭਗਵੰਤ ਮਾਨ, ਸ਼੍ਰੋਮਣੀ ਅਕਾਲੀ ਦਲ ਵੱਲੋਂ ਪਰਮਿੰਦਰ ਸਿੰਘ ਢੀਂਡਸਾ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਸਿਮਰਨਜੀਤ ਸਿੰਘ ਮਾਨ, ਪੰਜਾਬ ਡੈਮੋਕ੍ਰੈਟਿਕ ਅਲਾਇੰਸ ਵੱਲੋਂ ਜੱਸੀ ਜਸਰਾਜ ਅਤੇ ਅਕਾਲੀ ਦਲ ਟਕਸਾਲੀ ਵੱਲੋਂ ਰਾਜਦੇਵ ਸਿੰਘ ਖਾਲਸਾ ਚੋਣ ਮੈਦਾਨ ‘ਚ ਆ ਗਏ ਹਨ। ਕਾਂਗਰਸ ਪਾਰਟੀ ਵੱਲੋਂ ਕੇਵਲ ਸਿੰਘ ਢਿੱਲੋਂ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ ਜੋ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਤਿ ਕਰੀਬੀ ਹਨ। ਸ੍ਰੀ ਢਿੱਲੋਂ ਨੇ 2007 ਅਤੇ 2012 ਵਿਚ ਅਸੈਂਬਲੀ ਚੋਣ ਜਿੱਤੀ ਸੀ ਅਤੇ 2017 ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਤੋਂ ਚੋਣ ਹਾਰ ਗਏ ਸਨ। ਸ੍ਰੀ ਢਿੱਲੋਂ ਸੰਸਦੀ ਹਲਕੇ ਅਧੀਨ ਪੈਂਦੇ ਜ਼ਿਲ੍ਹਾ ਬਰਨਾਲਾ ਦੇ ਪਿੰਡ ਟੱਲੇਵਾਲ ਦੇ ਜੰਮਪਲ ਹਨ।
‘ਆਪ’ ਉਮੀਦਵਾਰ ਭਗਵੰਤ ਮਾਨ ਮੁੜ ਦੂਜੀ ਵਾਰ ਚੋਣ ਮੈਦਾਨ ‘ਚ ਹਨ ਜੋ ‘ਆਪ’ ਦੇ ਸੂਬਾ ਪ੍ਰਧਾਨ ਹਨ। ਸ੍ਰੀ ਮਾਨ ਪਿਛਲੇ ਪੰਜ ਸਾਲ ਦੀ ਆਪਣੀ ਕਾਰਗੁਜ਼ਾਰੀ ਲੈ ਕੇ ਲੋਕਾਂ ਵਿਚ ਜਾ ਰਹੇ ਹਨ ਜਿਨ੍ਹਾਂ ਨੇ ਪਿਛਲੇ ਕਰੀਬ ਇਕ ਮਹੀਨੇ ਤੋਂ ਆਪਣੀ ਚੋਣ ਮੁਹਿੰਮ ਭਖਾ ਰੱਖੀ ਹੈ ਪਰ ਪੀ.ਡੀ.ਏ. ਉਮੀਦਵਾਰ ਜੱਸੀ ਜਸਰਾਜ ਸਿਆਸੀ ਦਾਤੀ ਨਾਲ ਕਣਕ ਦੀ ਫਸਲ ਵਾਂਗ ਮਾਨ ਦੀਆਂ ਪੱਕੀਆਂ ਵੋਟਾਂ ਦੀ ਕਟਾਈ ਕਰਨ ‘ਚ ਜੁਟ ਗਿਆ ਹੈ ਜੋ ‘ਆਪ’ ਦੇ ਖਿੱਲਰੇ ਝਾੜੂ ‘ਚੋਂ ਸ਼ਰੀਕ ਬਣ ਕੇ ਨਿਕਲਿਆ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸਿਮਰਨਜੀਤ ਸਿੰਘ ਮਾਨ ਉਮੀਦਵਾਰ ਹਨ ਜੋ ਖੁਦ ਪਾਰਟੀ ਪ੍ਰਧਾਨ ਹਨ। ਸ੍ਰੀ ਮਾਨ 1996 ਅਤੇ 1998 ‘ਚ ਅਕਾਲੀ ਦਲ ਦੇ ਉਮੀਦਵਾਰ ਸੁਰਜੀਤ ਸਿੰਘ ਬਰਨਾਲਾ ਤੋਂ ਚੋਣ ਹਾਰ ਗਏ ਸਨ ਅਤੇ 1999 ‘ਚ ਆਪਣੀ ਹਾਰ ਦਾ ਬਦਲਾ ਲੈਣ ਵਿਚ ਸਫਲ ਹੋਏ ਸਨ। ਬਤੌਰ ਐਮ.ਪੀ. ਰਹਿ ਚੁੱਕੇ ਸਿਮਰਨਜੀਤ ਸਿੰਘ ਮਾਨ ਹਲਕੇ ਦੇ ਹਰ ਪਿੰਡ ਤੋਂ ਵਾਕਫ ਹਨ। ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਨੂੰ ਚੋਣ ਪਿੜ ‘ਚ ਭਾਵੇਂ ਪਿਤਾ ਸੁਖਦੇਵ ਸਿੰਘ ਢੀਂਡਸਾ ਦੇ ਸਾਥ ਦੀ ਘਾਟ ਜ਼ਰੂਰ ਰੜਕ ਰਹੀ ਹੈ ਪਰ ਸੰਸਦੀ ਹਲਕੇ ਦੀ ਸਮੁੱਚੀ ਅਕਾਲੀ ਲੀਡਰਸ਼ਿਪ ਪਰਮਿੰਦਰ ਢੀਂਡਸਾ ਦੀ ਡਟਵੀਂ ਹਮਾਇਤ ‘ਚ ਨਿੱਤਰ ਚੁੱਕੀ ਹੈ। ਲਗਾਤਾਰ ਚਾਰ ਵਾਰ ਸੁਨਾਮ ਹਲਕੇ ਤੋਂ ਵਿਧਾਇਕ ਚੁਣੇ ਪਰਮਿੰਦਰ ਸਿੰਘ ਢੀਂਡਸਾ ਹੁਣ ਹਲਕਾ ਲਹਿਰਾਗਾਗਾ ਤੋਂ ਵਿਧਾਇਕ ਹਨ।
_______________________________
ਵਿਧਾਇਕ ਬੈਂਸ ਦਾ ਸਾਥ ਛੱਡਣ ਲੱਗੇ ਵੱਡੇ ਆਗੂ
ਲੁਧਿਆਣਾ: ਲੋਕ ਸਭਾ ਚੋਣਾਂ ਦੇ ਚੋਣ ਮੈਦਾਨ ਵਿਚ ਉਤਰੇ ਪੀ.ਡੀ.ਏ. ਦੇ ਸਾਂਝੇ ਉਮੀਦਵਾਰ ਤੇ ਲੋਕ ਇਨਸਾਫ ਪਾਰਟੀ ਦੇ ਮੁਖੀ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਤਿੰਨ ਵੱਡੇ ਆਗੂ ਉਨ੍ਹਾਂ ਦਾ ਸਾਥ ਛੱਡ ਕੇ ਦੂਜੀਆਂ ਪਾਰਟੀਆਂ ਵਿਚ ਸ਼ਾਮਲ ਹੋ ਗਏ ਹਨ, ਜਿਨ੍ਹਾਂ ਵਿਚ ਸਭ ਤੋਂ ਪਹਿਲਾਂ ਸਾਬਕਾ ਵਿਧਾਇਕ ਪ੍ਰੇਮ ਮਿੱਤਲ ਨੇ ਕਾਂਗਰਸ ਪਾਰਟੀ ਦਾ ਪੱਲਾ ਫੜਿਆ ਸੀ।
ਉਸ ਤੋਂ ਬਾਅਦ ਹਲਕਾ ਇੰਚਾਰਜ ਤੇ ਉਨ੍ਹਾਂ ਦੀ ਪਾਰਟੀ ਦੀ ਟਿਕਟ ਤੋਂ ਵਿਧਾਨ ਸਭਾ ਚੋਣਾਂ ਲੜਨ ਵਾਲੇ ਵਿਪਨ ਸੂਦ ਕਾਕਾ ਸ਼੍ਰੋਮਣੀ ਅਕਾਲੀ ਦਲ ਵਿਚ ਚਲੇ ਗਏ ਤੇ ਹੁਣ ਲੋਕ ਇਨਸਾਫ ਪਾਰਟੀ ਦੇ ਯੂਥ ਵਿੰਗ ਪ੍ਰਧਾਨ ਤੇ ਕੋਰ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਖੁਰਾਣਾ ਨੇ ਕਾਂਗਰਸ ਦਾ ਹੱਥ ਫੜ ਲਿਆ ਹੈ। ਖੁਰਾਣਾ ਨਾਲ ਕੌਂਸਲਰ ਦੀ ਚੋਣ ਲੜਨ ਵਾਲੇ ਹੈਪੀ ਕੋਛੜ ਵੀ ਕਾਂਗਰਸ ਵਿਚ ਸ਼ਾਮਲ ਹੋ ਗਏ। ਇਨ੍ਹਾਂ ਆਗੂਆਂ ਵੱਲੋਂ ਸਾਥ ਛੱਡਣ ਦਾ ਖਮਿਆਜ਼ਾ ਬੈਂਸ ਨੂੰ ਲੋਕ ਸਭਾ ਚੋਣਾਂ ਵਿਚ ਭੁਗਤਣਾ ਪੈ ਸਕਦਾ ਹੈ। ਪਹਿਲੀ ਅਪਰੈਲ ਨੂੰ ਸਾਬਕਾ ਵਿਧਾਇਕ ਪ੍ਰੇਮ ਮਿੱਤਲ ਨੇ ਆਪਣੇ ਪੁੱਤਰ ਸਣੇ ਲੋਕ ਇਨਸਾਫ ਪਾਰਟੀ ਨੂੰ ਅਲਵਿਦਾ ਕਹਿ ਕੇ ਕਾਂਗਰਸ ਪਾਰਟੀ ਦਾ ਪੱਲਾ ਫੜ ਲਿਆ ਸੀ। ਨਿਗਮ ਚੋਣਾਂ ਸਮੇਂ ਆਪਣੇ ਪੁੱਤਰ ਨੂੰ ਕੌਂਸਲਰ ਦੀ ਟਿਕਟ ਦਿਵਾਉਣ ਲਈ ਸਾਬਕਾ ਵਿਧਾਇਕ ਪ੍ਰੇਮ ਮਿੱਤਲ ਲੋਕ ਇਨਸਾਫ ਪਾਰਟੀ ਵਿਚ ਸ਼ਾਮਲ ਹੋਏ ਸਨ। ਇਸ ਤੋਂ ਬਾਅਦ ਵਿਧਾਨ ਸਭਾ ਹਲਕਾ ਕੇਂਦਰੀ ਤੋਂ ਇੰਚਾਰਜ ਤੇ ਪਾਰਟੀ ਦੇ ਖਜਾਨਚੀ ਵਿਪਨ ਸੂਦ ਕਾਕਾ ਨੇ ਵੀ ਲੋਕ ਇਨਸਾਫ ਪਾਰਟੀ ਨੂੰ ਅਲਵਿਦਾ ਕਹਿ ਕੇ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜ ਲਿਆ ਸੀ।