ਬਹਿਬਲ ਕਾਂਡ: ਪੁਲਿਸ ਅਧਿਕਾਰੀਆਂ ਖਿਲਾਫ ਚਾਰਜਸ਼ੀਟ ਤਿਆਰ

ਫਰੀਦਕੋਟ: ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਵਾਪਰੇ ਬਹਿਬਲ ਕਾਂਡ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਅੱਠ ਮਹੀਨਿਆਂ ਦੀ ਲੰਬੀ ਪੜਤਾਲ ਤੋਂ ਬਾਅਦ ਪੰਜ ਪੁਲਿਸ ਅਧਿਕਾਰੀਆਂ ਖਿਲਾਫ ਚਾਰਜਸ਼ੀਟ ਤਿਆਰ ਕਰ ਲਈ ਹੈ ਅਤੇ ਇਸ ਦੋਸ਼ ਪੱਤਰ ਨੂੰ ਅੰਤਿਮ ਛੋਹਾਂ ਦੇਣ ਲਈ ਸਰਕਾਰੀ ਵਕੀਲਾਂ ਨੂੰ ਇਸ ਦੋਸ਼ ਪੱਤਰ ਨੂੰ ਪਾਸ ਕਰਨ ਲਈ ਕਿਹਾ ਹੈ। ਸਰਕਾਰੀ ਵਕੀਲ ਇਸ ਦੋਸ਼ ਪੱਤਰ ਉਤੇ ਕੋਈ ਇਤਰਾਜ਼ ਨਹੀਂ ਲਾਉਂਦੇ ਤਾਂ ਇਹ ਦੋਸ਼ ਪੱਤਰ ਫਰੀਦਕੋਟ ਦੇ ਇਲਾਕਾ ਮੈਜਿਸਟਰੇਟ ਦੀ ਅਦਾਲਤ ਵਿਚ ਪੇਸ਼ ਕੀਤੇ ਜਾਣਗੇ।

ਦੱਸਣਯੋਗ ਹੈ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤੋਂ ਬਾਅਦ ਪੰਜਾਬ ਸਰਕਾਰ ਨੇ ਹੋਰ ਤੱਥ ਲੱਭਣ ਲਈ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਸੀ। ਜਾਂਚ ਟੀਮ ਨੇ ਅਕਤੂਬਰ-2018 ਵਿਚ ਆਪਣਾ ਕੰਮ ਸ਼ੁਰੂ ਕੀਤਾ ਸੀ ਅਤੇ ਛੇ ਮਹੀਨਿਆਂ ਦੇ ਅਰਸੇ ਦੌਰਾਨ ਜਾਂਚ ਟੀਮ ਨੇ ਪੜਤਾਲ ਮੁਕੰਮਲ ਹੋਣ ਦਾ ਦਾਅਵਾ ਕੀਤਾ ਹੈ। ਜਾਂਚ ਟੀਮ ਨੇ ਬਹਿਬਲ ਗੋਲੀ ਕਾਂਡ ਵਿਚ ਕਤਲ ਕੀਤੇ ਗਏ ਕ੍ਰਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਦੇ ਮਾਮਲੇ ਵਿਚ ਬਾਜਾਖਾਨਾ ਥਾਣੇ ਵਿਚ ਦਰਜ ਹੋਈ ਐਫ਼ਆਈ.ਆਰ. ਨੰਬਰ 130 ਅ/ਧ 302, 307, 201, 120-ਬੀ ਅਤੇ ਅਸਲਾ ਐਕਟ ਵਿਚ ਪੰਜਾਬ ਦੇ ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ, ਸਾਬਕਾ ਐਸ਼ਐਸ਼ਪੀ. ਚਰਨਜੀਤ ਸ਼ਰਮਾ, ਐਸ਼ਪੀ. ਬਿਕਰਮਜੀਤ ਸਿੰਘ, ਇੰਸਪੈਕਟਰ ਪਰਦੀਪ ਸਿੰਘ ਅਤੇ ਬਾਜਾਖਾਨਾ ਦੇ ਸਾਬਕਾ ਐਸ਼ਐਚ.ਓ. ਅਮਰਜੀਤ ਸਿੰਘ ਕੁਲਾਰ ਨੂੰ ਦੋਸ਼ੀ ਵਜੋਂ ਨਾਮਜ਼ਦ ਕੀਤਾ ਹੈ।
ਪੁਲਿਸ ਜਿਹੜੀ ਚਾਰਜਸ਼ੀਟ ਅਦਾਲਤ ਵਿਚ ਪੇਸ਼ ਕਰਨ ਜਾ ਰਹੀ ਹੈ, ਉਸ ਵਿਚ 160 ਦੇ ਕਰੀਬ ਗਵਾਹਾਂ ਦੀ ਸੂਚੀ ਤਿਆਰ ਕੀਤੀ ਗਈ ਹੈ ਅਤੇ ਅੱਧੀ ਦਰਜਨ ਸਰਕਾਰੀ ਵਾਹਨਾਂ ਨੂੰ ਸਬੂਤ ਵਜੋਂ ਕਬਜ਼ੇ ਵਿਚ ਲਿਆ ਗਿਆ ਹੈ। ਸਰਕਾਰੀ ਹਥਿਆਰਾਂ ਅਤੇ ਕਾਰਤੂਸਾਂ ਨੂੰ ਵੀ ਅਦਾਲਤ ਵਿਚ ਸਬੂਤ ਵਜੋਂ ਪੇਸ਼ ਕੀਤਾ ਜਾਵੇਗਾ। ਜਾਂਚ ਟੀਮ ਬਹਿਬਲ ਕਾਂਡ ਵਿਚ ਚਲਾਨ ਪੇਸ਼ ਕਰਨ ਤੋਂ ਪਹਿਲਾਂ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਤੋਂ ਪੁੱਛ-ਪੜਤਾਲ ਕਰਨਾ ਚਾਹੁੰਦੀ ਸੀ ਪਰ ਹਰਿਆਣਾ ਸਰਕਾਰ ਵੱਲੋਂ ਸਹਿਯੋਗ ਨਾ ਮਿਲਣ ਕਾਰਨ ਡੇਰਾ ਮੁਖੀ ਤੋਂ ਪੁੱਛਗਿਛ ਨਹੀਂ ਹੋ ਸਕੀ। ਬਹਿਬਲ ਕਾਂਡ ਵਿਚ ਦੋਸ਼ੀ ਨਾਮਜ਼ਦ ਹੋਣ ਤੋਂ ਬਾਅਦ ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ ਨੂੰ ਇਸ ਮਾਮਲੇ ਵਿਚ ਅਗਾਊਂ ਜ਼ਮਾਨਤ ਮਿਲ ਗਈ ਸੀ। ਜਾਂਚ ਟੀਮ ਨੇ ਇਸ ਜ਼ਮਾਨਤ ਨੂੰ ਰੱਦ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਹਾਈ ਕੋਰਟ ਨੇ ਇਸ ਮਾਮਲੇ ਦੀ ਸੁਣਵਾਈ 23 ਮਈ ਤੱਕ ਟਾਲ ਦਿੱਤੀ ਹੈ। ਦੂਜੇ ਪਾਸੇ 27 ਅਪਰੈਲ ਤੋਂ ਪਹਿਲਾਂ ਬਹਿਬਲ ਕਾਂਡ ਮਾਮਲੇ ਵਿਚ ਅਦਾਲਤ ‘ਚ ਦੋਸ਼ ਪੱਤਰ ਪੇਸ਼ ਕਰਨੇ ਲਾਜ਼ਮੀ ਹਨ, ਇਸ ਲਈ ਜਾਂਚ ਟੀਮ ਨੇ ਹੁਣ ਤੱਕ ਦੀ ਪੜਤਾਲ ਦੌਰਾਨ ਇਕੱਠੇ ਹੋਏ ਗਵਾਹਾਂ ਤੇ ਸਬੂਤਾਂ ਦੇ ਆਧਾਰ ਉਤੇ ਚਾਰਜਸ਼ੀਟ ਤਿਆਰ ਕਰ ਲਈ ਹੈ। ਜਾਂਚ ਟੀਮ ਦੇ ਸੂਤਰਾਂ ਨੇ ਦੱਸਿਆ ਕਿ ਲੋੜ ਪਈ ਤਾਂ ਚਲਾਨ ਪੇਸ਼ ਕਰਨ ਤੋਂ ਬਾਅਦ ਸਪਲੀਮੈਂਟਰੀ ਚਲਾਨ ਪੇਸ਼ ਕਰਨ ਦੀ ਇਜਾਜ਼ਤ ਅਦਾਲਤ ਪਾਸੋਂ ਲਈ ਜਾਵੇਗੀ। ਕੁੰਵਰ ਵਿਜੈ ਪ੍ਰਤਾਪ ਸਿੰਘ ਦੇ ਜਾਂਚ ਤੋਂ ਪਾਸੇ ਹਟਣ ਨਾਲ ਇਹ ਅਟਕਲਾਂ ਲਾਈਆਂ ਜਾ ਰਹੀਆਂ ਸਨ ਕਿ ਪੁਲਿਸ ਅਧਿਕਾਰੀਆਂ ਖਿਲਾਫ ਚਲਾਨ ਪੇਸ਼ ਹੋਣ ਵਿਚ ਦੇਰੀ ਹੋਈ ਹੈ।
_______________________________________
ਬੇਅਦਬੀ ਕਾਂਡ: ਦੋ ਡੇਰਾ ਪ੍ਰੇਮੀਆਂ ਨੂੰ ਮਿਲੀ ਜ਼ਮਾਨਤ
ਫਰੀਦਕੋਟ: ਜ਼ਿਲ੍ਹਾ ਪੁਲਿਸ ਵੱਲੋਂ ਜੂਨ 2018 ਵਿਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ‘ਚ ਗ੍ਰਿਫਤਾਰ ਕੀਤੇ ਗਏ ਦੋ ਡੇਰਾ ਪ੍ਰੇਮੀਆਂ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਮੁਕੱਦਮਾ ਚੱਲਣ ਤੱਕ ਜਮਾਨਤ ‘ਤੇ ਰਿਹਾਅ ਕਰਨ ਦਾ ਹੁਕਮ ਦਿੱਤਾ ਹੈ। ਸ਼ਕਤੀ ਸਿੰਘ ਅਤੇ ਸੁਖਵਿੰਦਰ ਸਿੰਘ ਡੇਰਾ ਸੱਚਾ ਸੌਦਾ ਦੇ ਪੈਰੋਕਾਰ ਸਨ ਅਤੇ ਇਨ੍ਹਾਂ ਡੇਰਾ ਪ੍ਰੇਮੀਆਂ ਨੇ ਕਥਿਤ ਆਪਣੇ ਘਰ ਵਿਚ ਧਾਰਮਿਕ ਸਾਖੀਆਂ ਇਤਰਾਜ਼ਯੋਗ ਹਾਲਤ ‘ਚ ਰੱਖੀਆਂ ਹੋਈਆਂ ਸਨ।
ਪੁਲਿਸ ਨੇ ਇਨ੍ਹਾਂ ਖਿਲਾਫ 13 ਜੂਨ 2018 ਨੂੰ ਧਾਰਮਿਕ ਭਾਵਨਾਵਾਂ ਭੜਕਾਉਣ, ਅਸਲਾ ਐਕਟ ਅਤੇ ਗੈਰਕਾਨੂੰਨੀ ਗਤੀਵਿਧੀਆਂ ਰੋਕੂ ਐਕਟ ਤਹਿਤ ਮਾਮਲਾ ਦਰਜ ਕੀਤਾ ਸੀ। ਪੁਲਿਸ ਨੇ ਆਪਣੀ ਪੜਤਾਲ ਵਿਚ ਦਾਅਵਾ ਕੀਤਾ ਸੀ ਕਿ ਇਨ੍ਹਾਂ ਡੇਰਾ ਪ੍ਰੇਮੀਆਂ ਨੇ ਡੇਰਾ ਮੁਖੀ ਨੂੰ ਸਜਾ ਤੋਂ ਬਚਾਉਣ ਲਈ ਕਥਿਤ ਡੇਰਾ ਪ੍ਰੇਮੀਆਂ ਨੂੰ ਭੜਕਾਇਆ ਅਤੇ ਸਰਕਾਰ ਉੱਪਰ ਦਬਾਅ ਬਣਾਉਣ ਲਈ ਸੜਕਾਂ ਅਤੇ ਰੇਲਾਂ ਰੋਕਣ ਦੀ ਕਾਰਵਾਈ ਨੂੰ ਅੰਜਾਮ ਦਿੱਤਾ। ਪੁਲਿਸ ਨੇ ਆਪਣੀ ਪੜਤਾਲ ਵਿਚ ਇਹ ਵੀ ਦਾਅਵਾ ਕੀਤਾ ਸੀ ਉਕਤ ਦੋਵਾਂ ਪ੍ਰੇਮੀਆਂ ਦਾ ਡੇਰੇ ਦੇ ਪ੍ਰਬੰਧਕ ਮਹਿੰਦਰਪਾਲ ਬਿੱਟੂ ਨਾਲ ਕਰੀਬੀ ਰਿਸ਼ਤਾ ਸੀ ਅਤੇ ਘਟਨਾਵਾਂ ਵਾਪਰਨ ਸਮੇਂ ਇਨ੍ਹਾਂ ਦੇ ਖਾਤੇ ਵਿਚ ਕਥਿਤ ਤੌਰ ‘ਤੇ 6 ਕਰੋੜ ਦੀ ਕਰੀਬ ਰਾਸ਼ੀ ਦਾ ਵੀ ਲੈਣ ਦੇਣ ਹੋਇਆ। ਡੇਰਾ ਪ੍ਰੇਮੀਆਂ ਨੇ ਖੁਦ ਨੂੰ ਬੇਕਸੂਰ ਦੱਸਦਿਆਂ ਪੁਲਿਸ ਦੀ ਕਹਾਣੀ ਨੂੰ ਮਨਘੜਤ ਅਤੇ ਸਿਆਸਤ ਤੋਂ ਪ੍ਰੇਰਿਤ ਦੱਸਿਆ।
ਇਸ ਮਾਮਲੇ ਦੀ ਸੁਣਵਾਈ ਕਰਦਿਆਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਅਨੂਪਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਸ਼ਕਤੀ ਸਿੰਘ ਅਤੇ ਸੁਖਵਿੰਦਰ ਸਿੰਘ ਪਿਛਲੇ ਛੇ ਮਹੀਨਿਆਂ ਤੋਂ ਜੇਲ੍ਹ ਵਿਚ ਨਜ਼ਰਬੰਦ ਹਨ। ਇਸ ਲਈ ਮੁਕੱਦਮੇ ਦੇ ਫੈਸਲੇ ਤੱਕ ਦੋਵਾਂ ਡੇਰਾ ਪ੍ਰੇਮੀਆਂ ਨੂੰ ਜਮਾਨਤ ‘ਤੇ ਰਿਹਾਅ ਕੀਤਾ ਜਾਵੇ।
____________________________________________
ਸਾਬਕਾ ਐਸ਼ਐਸ਼ਪੀ. ਚਰਨਜੀਤ ਸ਼ਰਮਾ ਨੂੰ ਮਿਲੀ ਜ਼ਮਾਨਤ
ਫਰੀਦਕੋਟ: ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਵਾਪਰੇ ਬਹੁ-ਚਰਚਿਤ ਕੋਟਕਪੂਰਾ ਗੋਲੀ ਕਾਂਡ ਵਿਚ ਵਿਸ਼ੇਸ਼ ਜਾਂਚ ਟੀਮ ਵੱਲੋਂ ਗ੍ਰਿਫਤਾਰ ਕੀਤੇ ਗਏ ਸਾਬਕਾ ਐਸ਼ਐਸ਼ਪੀ. ਚਰਨਜੀਤ ਸ਼ਰਮਾ ਨੂੰ ਅਦਾਲਤ ਨੇ ਜ਼ਮਾਨਤ ‘ਤੇ ਰਿਹਾਅ ਕਰਨ ਦਾ ਹੁਕਮ ਦਿੱਤਾ ਹੈ। ਸਾਬਕਾ ਪੁਲਿਸ ਮੁਖੀ ਨੂੰ ਵਿਸ਼ੇਸ਼ ਜਾਂਚ ਟੀਮ ਨੇ 27 ਜਨਵਰੀ ਨੂੰ ਬਹਿਬਲ ਗੋਲੀ ਕਾਂਡ ਵਿਚ ਹੁਸ਼ਿਆਰਪੁਰ ਤੋਂ ਗ੍ਰਿਫਤਾਰ ਕੀਤਾ ਸੀ ਅਤੇ ਬਾਅਦ ਵਿਚ ਪੁਲਿਸ ਨੇ ਚਰਨਜੀਤ ਸ਼ਰਮਾ ਨੂੰ ਕੋਟਕਪੂਰਾ ਗੋਲੀ ਕਾਂਡ ਵਿਚ ਵੀ ਦੋਸ਼ੀ ਨਾਮਜ਼ਦ ਕਰ ਲਿਆ ਸੀ।
ਚਰਨਜੀਤ ਸ਼ਰਮਾ ਵੱਲੋਂ ਅਦਾਲਤ ਵਿਚ ਪੇਸ਼ ਹੋਏ ਸੀਨੀਅਰ ਵਕੀਲ ਸੰਤਪਾਲ ਸਿੰਘ ਸਿੱਧੂ ਨੇ ਕਿਹਾ ਕਿ ਪੁਲਿਸ ਨੇ ਘਟਨਾ ਤੋਂ ਤਿੰਨ ਸਾਲ ਬਾਅਦ ਮੁਕੱਦਮਾ ਦਰਜ ਕੀਤਾ ਹੈ ਅਤੇ ਉਸ ਮੁਕੱਦਮੇ ਵਿਚ ਵੀ ਉਨ੍ਹਾਂ ਦਾ ਨਾਂ ਮੁਲਜ਼ਮ ਵੱਲੋਂ ਨਸ਼ਰ ਨਹੀਂ ਕੀਤਾ ਗਿਆ। ਚਰਨਜੀਤ ਸ਼ਰਮਾ ਦੇ ਵਕੀਲਾਂ ਨੇ ਅਦਾਲਤ ਨੂੰ ਦੱਸਿਆ ਕਿ ਪੁਲਿਸ ਅੱਠ ਮਹੀਨਿਆਂ ਤੋਂ ਕੋਟਕਪੂਰਾ ਤੇ ਬਹਿਬਲ ਕਾਂਡ ਦੀ ਪੜਤਾਲ ਕਰ ਰਹੀ ਹੈ ਪਰ ਅਜੇ ਤੱਕ ਇਕ ਵੀ ਭਰੋਸੇਯੋਗ ਗਵਾਹ ਜਾਂ ਸਬੂਤ ਫਾਈਲ ‘ਤੇ ਨਹੀਂ ਆਇਆ, ਜਿਸ ਤੋਂ ਇਹ ਸਾਬਤ ਹੋਵੇ ਕਿ ਕੋਟਕਪੂਰਾ ਗੋਲੀ ਕਾਂਡ ਵਿਚ ਸਾਬਕਾ ਪੁਲਿਸ ਅਧਿਕਾਰੀ ਦੀ ਕੋਈ ਸ਼ਮੂਲੀਅਤ ਸੀ।
ਅਦਾਲਤ ਦੇ ਇਸ ਫੈਸਲੇ ਨਾਲ ਚਰਨਜੀਤ ਸ਼ਰਮਾ ਦੀ ਕੋਟਕਪੂਰਾ ਗੋਲੀ ਕਾਂਡ ਵਿਚੋਂ ਰਿਹਾਈ ਦਾ ਰਾਹ ਪੱਧਰਾ ਹੋ ਗਿਆ ਹੈ। ਹਾਲਾਂਕਿ ਬਹਿਬਲ ਗੋਲੀ ਕਾਂਡ ਵਿਚ ਉਨ੍ਹਾਂ ਨੂੰ ਅਜੇ ਤੱਕ ਜ਼ਮਾਨਤ ਨਹੀਂ ਮਿਲੀ। ਸਾਬਕਾ ਪੁਲਿਸ ਮੁਖੀ ਦੇ ਬਹਿਬਲ ਕਾਂਡ ਵਿਚ ਲੱਗੀ ਜ਼ਮਾਨਤ ਦਾ ਫੈਸਲਾ 9 ਮਈ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਹੋਣ ਦੀ ਸੰਭਾਵਨਾ ਹੈ। ਪੰਜਾਬ ਸਰਕਾਰ ਅਤੇ ਵਿਸ਼ੇਸ਼ ਜਾਂਚ ਟੀਮ ਨੇ ਚਰਨਜੀਤ ਸ਼ਰਮਾ ਦੀ ਜ਼ਮਾਨਤ ਅਰਜ਼ੀ ਦਾ ਤਿੱਖਾ ਵਿਰੋਧ ਕੀਤਾ ਸੀ ਅਤੇ ਦੋਸ਼ ਲਾਇਆ ਸੀ ਕਿ ਜੇ ਚਰਨਜੀਤ ਸ਼ਰਮਾ ਨੂੰ ਜ਼ਮਾਨਤ ‘ਤੇ ਰਿਹਾਅ ਕੀਤਾ ਜਾਂਦਾ ਹੈ ਤਾਂ ਉਹ ਸਮੁੱਚੀ ਜਾਂਚ ਨੂੰ ਪ੍ਰਭਾਵਿਤ ਸਕਦੇ ਹਨ।