ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੀ ਸ਼ਿਕਾਇਤ ਉਤੇ ਬੀਤੇ ਦਿਨੀਂ ਚੋਣ ਕਮਿਸ਼ਨ ਵੱਲੋਂ ਬੇਅਦਬੀ ਤੇ ਬਹਿਬਲ ਕਲਾਂ ਗੋਲੀ ਘਟਨਾ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਸਿਟ) ਦੇ ਅਧਿਕਾਰੀ ਕੁੰਵਰ ਵਿਜੈ ਪ੍ਰਤਾਪ ਸਿੰਘ ਦਾ ਤਬਾਦਲਾ ਅਕਾਲੀ ਦਲ ਨੂੰ ਪੁੱਠਾ ਪੈਣ ਲੱਗਾ ਹੈ। ਇਸ ਪੁਲਿਸ ਅਫਸਰ ਦੇ ਤਬਾਦਲੇ ਨਾਲ ਸ਼੍ਰੋਮਣੀ ਅਕਾਲੀ ਦਲ ਸੂਬੇ ਦੀਆਂ ਸਾਰੀਆਂ ਸਿਆਸੀ ਧਿਰਾਂ ਦੇ ਨਿਸ਼ਾਨੇ ‘ਤੇ ਆ ਗਿਆ ਹੈ। ਚੋਣ ਅਖਾੜੇ ਵਿਚ ਭਖੇ ਤਬਾਦਲੇ ਦੇ ਮੁੱਦੇ ਨੇ ਅਕਾਲੀ ਦਲ ਦੀ ਸਿਰਦਰਦੀ ਵਧਾ ਦਿੱਤੀ ਹੈ।
ਬੇਅਦਬੀ ਅਤੇ ਗੋਲੀ ਕਾਂਡ ਦੀਆਂ ਘਟਨਾਵਾਂ ਕਾਰਨ ਲੋਕ ਪਹਿਲਾਂ ਹੀ ਅਕਾਲੀ ਦਲ ਤੋਂ ਗੁੱਸੇ ਸਨ ਅਤੇ ਕੁੰਵਰ ਵਿਜੈ ਪ੍ਰਤਾਪ ਦੇ ਤਬਾਦਲੇ ਨਾਲ ਹੁਣ ਲੋਕਾਂ ‘ਚ ਰੋਹ ਵਧ ਗਿਆ ਹੈ। ਅਕਾਲੀ ਦਲ ਨੂੰ ਕਨਸੋਅ ਸੀ ਕਿ ਜਾਂਚ ਅਧਿਕਾਰੀ ਲੋਕ ਸਭਾ ਚੋਣਾਂ ਦੌਰਾਨ ਦਲ ਦੇ ਵੱਡੇ ਆਗੂਆਂ ਨੂੰ ਗ੍ਰਿਫਤਾਰ ਕਰ ਸਕਦਾ ਹੈ। ਇਸ ਲਈ ਅਕਾਲੀ ਦਲ ਨੇ ਲੋਕ ਸਭਾ ਚੋਣਾਂ ਦੇ ਮੁਕੰਮਲ ਹੋਣ ਤੱਕ ਚੋਣ ਕਮਿਸ਼ਨ ਤੋਂ ਪੁਲਿਸ ਅਧਿਕਾਰੀ ਦਾ ਤਬਾਦਲਾ ਕਰਵਾਉਣਾ ਹੀ ਬਿਹਤਰ ਸਮਝਿਆ ਪਰ ਇਸ ਦੇ ਪੈਣ ਵਾਲੇ ਪ੍ਰਭਾਵ ਬਾਰੇ ਪਾਰਟੀ ਨੇ ਗੌਰ ਨਹੀਂ ਕੀਤਾ। ਸਾਰੀਆਂ ਸਿਆਸੀ ਪਾਰਟੀਆਂ ਸਮੇਤ ਸਮੁੱਚੇ ਪੰਥਕ ਆਗੂ ਪੁਲਿਸ ਅਧਿਕਾਰੀ ਦੇ ਹੱਕ ਵਿਚ ਡਟ ਗਏ ਹਨ। ਪੰਜਾਬ ਸਰਕਾਰ ਨੇ ਚੋਣ ਕਮਿਸ਼ਨ ਦੇ ਹੁਕਮਾਂ ‘ਤੇ ਤੁਰਤ ਕਾਰਵਾਈ ਕਰਦੇ ਹੋਏ ਇਕ ਤੀਰ ਨਾਲ ਦੋ ਨਿਸ਼ਾਨੇ ਫੁੰਡੇ ਹਨ। ਸਰਕਾਰ ਨੇ ਚੋਣ ਕਮਿਸ਼ਨ ਦਾ ਹੁਕਮ ਵੀ ਮੰਨ ਲਿਆ ਅਤੇ ਅਕਾਲੀ ਦਲ ਨੂੰ ਲੋਕ ਚੁਰਾਹੇ ‘ਚ ਖੜ੍ਹਾ ਵੀ ਕਰ ਲਿਆ। ਹੁਣ ਇਕ ਵਾਰ ਫਿਰ ਇਹ ਮਾਮਲਾ ਚੋਣ ਕਮਿਸ਼ਨ ਕੋਲ ਪੁੱਜ ਗਿਆ ਹੈ। ਜੇਕਰ ਚੋਣ ਕਮਿਸ਼ਨ ਪੁਲਿਸ ਅਧਿਕਾਰੀ ਨੂੰ ਬਹਾਲ ਕਰ ਦਿੰਦਾ ਹੈ ਤਾਂ ਅਕਾਲੀ ਦਲ ਲਈ ਇਹ ਸਥਿਤੀ ਨਮੋਸ਼ੀਜਨਕ ਹੋਵੇਗੀ ਅਤੇ ਜੇਕਰ ਅਧਿਕਾਰੀ ਦਾ ਤਬਾਦਲਾ ਰੱਦ ਨਹੀਂ ਹੁੰਦਾ ਤਾਂ ਅਕਾਲੀ ਦਲ ਨੂੰ ਆਗਾਮੀ ਦਿਨਾਂ ਵਿਚ ਵੱਡੇ ਲੋਕ ਰੋਹ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਿਆਸੀ ਦਰਸ਼ਕ ਇਸ ਮਾਮਲੇ ਵਿਚ ਡੂੰਘੀ ਦਿਲਚਸਪੀ ਲੈ ਰਹੇ ਹਨ।
17ਵੀਆਂ ਲੋਕ ਸਭਾ ਚੋਣਾਂ ਵਿਚ ਪਹਿਲਾਂ ਹੀ ਪੰਜਾਬ ਅੰਦਰ ਪ੍ਰਮੁੱਖ ਸਿਆਸੀ ਧਿਰਾਂ ਕਾਂਗਰਸ, ਅਕਾਲੀ ਦਲ ਟਕਸਾਲੀ, ਪੰਜਾਬ ਏਕਤਾ ਪਾਰਟੀ ਦੇ ਸੁਖਪਾਲ ਸਿੰਘ ਖਹਿਰਾ, ‘ਆਪ’ ਦੇ ਸੂਬਾ ਪ੍ਰਧਾਨ ਭਗਵੰਤ ਮਾਨ, ਲੋਕ ਇਨਸਾਫ ਪਾਰਟੀ ਦੇ ਸਿਮਰਜੀਤ ਸਿੰਘ ਬੈਂਸ ਤੋਂ ਇਲਾਵਾ ਪੰਥਕ ਧਿਰਾਂ ਇਸ ਮੁੱਦੇ ਨੂੰ ਲੈ ਕੇ ਵੱਡੇ ਪੱਧਰ ‘ਤੇ ਪ੍ਰਚਾਰ ਕਰ ਰਹੀਆਂ ਹਨ। ਹੁਣ ਸਿੱਟ ਮੁਖੀ ਦੇ ਤਬਾਦਲੇ ਤੋਂ ਬਾਅਦ ਪਿੰਡਾਂ ਅਤੇ ਸ਼ਹਿਰਾਂ ਦੀਆਂ ਸੱਥਾਂ ਤੇ ਇਸ ਮੁੱਦੇ ਨੂੰ ਹੋਰ ਗਰਮਾ ਦਿੱਤਾ ਹੈ। ਆਮ ਸਿੱਖ ਹਲਕਿਆਂ ਵਿਚ ਇਹ ਚਰਚਾ ਸੀ ਕਿ ਸਿੱਟ ਬੇਅਦਬੀ ਮਾਮਲੇ ‘ਚ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰੇਗੀ। ਅਕਾਲੀ ਦਲ ਜੋ ਪਹਿਲਾਂ ਹੀ ਸਿੱਟ ਖਿਲਾਫ ਬੋਲਦਾ ਆ ਰਿਹਾ ਸੀ। ਹੁਣ ਚੋਣ ਕਮਿਸ਼ਨ ਰਾਹੀਂ ਹੋਏ ਸਿੱਟ ਮੁਖੀ ਦੇ ਤਬਾਦਲੇ ਨੇ ਅਕਾਲੀ ਆਗੂਆਂ ਨੂੰ ਹੋਰ ਸ਼ੱਕ ਦੇ ਘੇਰੇ ‘ਚ ਲੈ ਆਂਦਾ ਹੈ।
______________________________
ਜਾਂਚ ਵਿਚ ਪੱਖਪਾਤ ਕਰ ਰਿਹਾ ਸੀ ਕੁੰਵਰ ਵਿਜੈ ਪ੍ਰਤਾਪ: ਸੁਖਬੀਰ
ਜੈਤੋ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਿਟ ਦੇ ਮੈਂਬਰ ਕੁੰਵਰ ਵਿਜੈ ਪ੍ਰਤਾਪ ਸਿੰਘ ਦੇ ਤਬਾਦਲੇ ਨੂੰ ਵਿਰੋਧੀਆਂ ਵੱਲੋਂ ਮੁੱਦਾ ਬਣਾਏ ਜਾਣ ‘ਤੇ ਕਿਹਾ ਕਿ ਉਹ ਸਿਟ ਦਾ ਇਕੋ-ਇਕ ਮੈਂਬਰ ਸੀ, ਜੋ ਪੱਖਪਾਤੀ ਢੰਗ ਨਾਲ ਕੰਮ ਕਰ ਰਿਹਾ ਸੀ। ਬਾਕੀ ਮੈਂਬਰਾਂ ਬਾਰੇ ਅਕਾਲੀ ਦਲ ਨੂੰ ਇਸ ਲਈ ਕੋਈ ਇਤਰਾਜ਼ ਨਹੀਂ ਕਿਉਂਕਿ ਉਹ ਆਪਣਾ ਕੰਮ ਠੀਕ ਢੰਗ ਨਾਲ ਕਰ ਰਹੇ ਹਨ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਗੁਟਕੇ ਦੀ ਸਹੁੰ ਖਾ ਮੁੱਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਵਿਰੋਧੀ ਰਲ ਕੇ ਸ਼੍ਰੋਮਣੀ ਅਕਾਲੀ ਦਲ ਖਿਲਾਫ ਇਕੋ ਬੋਲੀ ਬੋਲ ਰਹੇ ਹਨ।
______________________________
ਕੁੰਵਰ ਦੀ ਬਦਲੀ ਖਿਲਾਫ਼ ਇਕਜੁੱਟ ਹੋਈ ਕਾਂਗਰਸ ਤੇ ‘ਆਪ’
ਚੰਡੀਗੜ੍ਹ: ਪੰਜਾਬ ਦੀ ਹੁਕਮਰਾਨ ਕਾਂਗਰਸ ਪਾਰਟੀ, ਵਿਰੋਧੀ ਧਿਰ ਆਮ ਆਦਮੀ ਪਾਰਟੀ (ਆਪ) ਅਤੇ ‘ਆਪ’ ਦਾ ਬਾਗੀ ਧੜਾ, ਬੇਅਦਬੀ ਤੇ ਬਹਿਬਲ ਕਾਂਡ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐਸ਼ਆਈ.ਟੀ.) ਦੇ ਮੈਂਬਰ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਬਦਲੀ ਕਰਨ ਖਿਲਾਫ ਬਾਦਲਾਂ ਵਿਰੁੱਧ ਇਕਜੁੱਟ ਹੋ ਗਏ ਹਨ। ਇਸ ਰਣਨੀਤੀ ਤਹਿਤ ਸਾਰੀਆਂ ਧਿਰਾਂ ਆਪਸੀ ਸਾਰੇ ਮੱਤਭੇਦ ਭੁਲਾ ਕੇ ਮੁੱਖ ਚੋਣ ਕਮਿਸ਼ਨਰ ਨੂੰ ਮਿਲ ਕੇ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਬਦਲੀ ਰੱਦ ਕਰਨ ਦੀ ਮੰਗ ਕੀਤੀ ਹੈ।
______________________________
ਸਿੱਖ ਮਿਸ਼ਨ ਵੱਲੋਂ ਅਕਾਲੀ ਦਲ ਦੇ ਬਾਈਕਾਟ ਦਾ ਐਲਾਨ
ਚੰਡੀਗੜ੍ਹ: ਲੋਕ ਸਭਾ ਚੋਣਾਂ ਵਿਚ ਅਕਾਲੀ ਦਲ ਤੇ ਭਾਜਪਾ ਦਾ ਬਾਈਕਾਟ ਕਰਨ ਲਈ ਸਿੱਖ ਤਾਲਮੇਲ ਮਿਸ਼ਨ ਵੱਲੋਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਮਿਸ਼ਨ ਵਿਚ ਕਈ ਸਿੱਖ ਜਥੇਬੰਦੀਆਂ ਸਣੇ, ਬਾਦਲ ਨੂੰ ਸਿਰੋਪਾਉ ਦੇਣ ਤੋਂ ਇਨਕਾਰ ਕਰਨ ਵਾਲੇ ਸੇਵਾਦਾਰ ਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਸਤੀਫਾ ਦੇਣ ਵਾਲੇ ਪੰਜ ਪਿਆਰੇ ਵੀ ਸ਼ਾਮਲ ਹਨ। ਮਿਸ਼ਨ ਵੱਲੋਂ ਲੋਕਾਂ ਨੂੰ ਅਕਾਲੀ ਦਲ ਤੇ ਭਾਜਪਾ ਦਾ ਲੋਕ ਸਭਾ ਚੋਣਾਂ ਦੌਰਾਨ ਬਾਈਕਾਟ ਕਰਨ ਲਈ ਕਿਹਾ ਜਾ ਰਿਹਾ ਹੈ।
ਸਿੱਖ ਤਾਲਮੇਲ ਮਿਸ਼ਨ ਦੇ ਮੁਖੀ ਮਾਸਟਰ ਸੰਤੋਖ ਸਿੰਘ ਨੇ ਕਿਹਾ ਕਿ ਅਕਾਲੀ ਦਲ ਤੇ ਭਾਜਪਾ ਨੇ ਸਿੱਖ ਕੌਮ ਦਾ ਬੇਅਦਬੀਆਂ ਕਰਵਾ ਕੇ ਬਹੁਤ ਨੁਕਸਾਨ ਕੀਤਾ, ਇਸ ਕਰ ਕੇ ਸਿੱਖ ਕੌਮ ਅਕਾਲੀ ਦਲ ਤੇ ਭਾਜਪਾ ਨੂੰ ਵੋਟਾਂ ਨਾ ਪਾਉਣ। ਉਨ੍ਹਾਂ ਕਿਹਾ ਕਿ ਉਹ ਕਿਸੇ ਵੀ ਪਾਰਟੀ ਦਾ ਸਮਰਥਨ ਨਹੀਂ ਕਰਦੇ ਪਰ ਬੀਬੀ ਖਾਲੜਾ ਦਾ ਸਮਰਥਨ ਜ਼ਰੂਰ ਕਰ ਰਹੇ ਹਨ। ਉਧਰ ਸਿੱਖ ਤਾਲਮੇਲ ਮਿਸ਼ਨ ਦੇ ਕੋਆਰਡੀਨੇਟਰ ਸੁਖਜਿੰਦਰ ਸਿੰਘ ਨੇ ਕਿਹਾ ਕਿ ਇਸ ਮਿਸ਼ਨ ਦਾ ਮਕਸਦ ਪੰਜਾਬ ਭਰ ‘ਚ ਸਿੱਖ ਕੌਮ ਨੂੰ ਬਾਦਲਾਂ ਖਿਲਾਫ ਜਾਗਰੂਕ ਕਰਨਾ ਹੈ।