ਡੇਰਾ ਸਿਰਸਾ ਵੱਲੋਂ ਸਿਆਸੀ ਧਿਰਾਂ ਨੂੰ ‘ਗੁਪਤ’ ਹਮਾਇਤ ਦੀਆਂ ਜੁਗਤਾਂ

ਚੰਡੀਗੜ੍ਹ: ਡੇਰਾ ਸਿਰਸਾ ਐਤਕੀਂ ਚੋਣਾਂ ‘ਚ ਖੁੱਲ੍ਹੇਆਮ ਸਿਆਸੀ ਪੱਤੇ ਨਹੀਂ ਖੋਲ੍ਹੇਗਾ। ਸਿਆਸੀ ਵਿੰਗ ਨੇ ਸਿਆਸੀ ਪੈਂਤੜੇ ‘ਚ ਬਦਲਾਅ ਕੀਤਾ ਹੈ। ਡੇਰਾ ਪੈਰੋਕਾਰਾਂ ਨੂੰ ਗੁਪਤ ਸੁਨੇਹੇ ਨਾਲ ਸਿਆਸੀ ਹਮਾਇਤ ਤੋਂ ਜਾਣੂ ਕਰਾਇਆ ਜਾਵੇਗਾ। ਪਿਛਲੇ ਸਮੇਂ ਵਿਚ ਡੇਰਾ ਖੁੱਲ੍ਹੇਆਮ ਸਿਆਸੀ ਹਮਾਇਤ ਦਾ ਐਲਾਨ ਕਰਦਾ ਰਿਹਾ ਹੈ। ਪਹਿਲੇ ਗੇੜ ਵਿਚ ਡੇਰਾ ਸਿਰਸਾ ਦੀਆਂ ਟੀਮਾਂ ਨੇ ਮਾਲਵਾ ਖਿੱਤੇ ਦੇ ਵੱਡੇ ਸ਼ਹਿਰਾਂ ਵਿਚ ਨਾਮ ਚਰਚਾ ਪ੍ਰੋਗਰਾਮ ਕੀਤੇ ਹਨ।

ਡੇਰਾ ਮੁਖੀ ਦੇ ਜੇਲ੍ਹ ਜਾਣ ਮਗਰੋਂ ਪਹਿਲੀ ਵਾਰ ਡੇਰਾ ਪੈਰੋਕਾਰ ਘਰਾਂ ‘ਚੋਂ ਬਾਹਰ ਨਿਕਲੇ ਹਨ। ਇਨ੍ਹਾਂ ਸਮਾਰੋਹਾਂ ਦੇ ਜ਼ਰੀਏ ਡੇਰਾ ਆਗੂਆਂ ਨੇ ਸਿਆਸੀ ਭਾਰ ਵੀ ਜੋਖਿਆ ਹੈ। ਮਾਨਵਤਾ ਭਲਾਈ ਦੇ ਕਾਰਜਾਂ ਦੇ ਬਹਾਨੇ ਇਹ ਸਮਾਰੋਹ ਕੀਤੇ ਗਏ ਹਨ। ਡੇਰਾ ਸਿਰਸਾ ਨੇ ਕਈ ਟੀਮਾਂ ਦਾ ਗਠਨ ਕੀਤਾ ਹੈ ਜਿਨ੍ਹਾਂ ਵੱਲੋਂ ਪੰਜਾਬ, ਹਰਿਆਣਾ ਤੇ ਰਾਜਸਥਾਨ ਵਿਚ ਐਤਵਾਰੀ ਨਾਮ ਚਰਚਾ ਪ੍ਰੋਗਰਾਮਾਂ ਵਿਚ ਇਕੱਠਾਂ ਦਾ ਪ੍ਰੋਗਰਾਮ ਉਲੀਕਿਆ ਹੈ। ਕੋਈ ਸ਼ੱਕ ਨਹੀਂ ਕਿ ਡੇਰਾ ਮੁਖੀ ਨੂੰ ਸਜ਼ਾ ਮਗਰੋਂ ਡੇਰੇ ਦੀ ਪੈਂਠ ਅਤੇ ਆਧਾਰ ਦਾ ਲੱਕ ਟੁੱਟਿਆ ਹੈ ਪਰ ਡੇਰਾ ਆਗੂ ਸਭ ਅੱਛਾ ਹੋਣ ਦੀ ਗੱਲ ਆਖ ਰਹੇ ਹਨ। ਉਪਰੋਂ ਸਿਆਸੀ ਵਿੰਗ ਆਖ ਰਿਹਾ ਹੈ ਕਿ ਸਭ ਸਿਆਸੀ ਲੀਡਰ ਇਕੋ ਜਿਹੇ ਹੀ ਹਨ ਪਰ ਡੇਰੇ ਸਿਰਸਾ ਦੇ ਅਖਬਾਰ ਦਾ ਕੁਝ ਦਿਨਾਂ ਦਾ ਮੁਲਾਂਕਣ ਕਰਕੇ ਦੇਖੀਏ ਤਾਂ ਇਸ ਅਖਬਾਰ ਵਿਚ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰੋਗਰਾਮ ਪ੍ਰਮੁੱਖਤਾ ਨਾਲ ਛਪਣ ਲੱਗੇ ਹਨ। ਜਦੋਂ ਮਈ 2007 ਵਿਚ ਸਿੱਖ ਪੈਰੋਕਾਰਾਂ ਤੇ ਡੇਰਾ ਪੈਰੋਕਾਰਾਂ ਦਰਮਿਆਨ ਟਕਰਾਅ ਹੋਇਆ ਸੀ ਤਾਂ ਉਸ ਮਗਰੋਂ ਡੇਰਾ ਸਿਰਸਾ ਸ਼੍ਰੋਮਣੀ ਅਕਾਲੀ ਦਲ ਤੋਂ ਖਫਾ ਸੀ।
ਡੇਰੇ ਦੇ ਅਖਬਾਰ ਵਿਚ ਪਿਛਲੇ ਸਮੇਂ ਦੌਰਾਨ ਅਕਾਲੀ ਦਲ ਬਹੁਤ ਘੱਟ ਲੱਭਦਾ ਸੀ। ਹੁਣ ਮੋੜਾ ਪਿਆ ਹੈ ਕਿ ਡੇਰੇ ਦੇ ਅਖਬਾਰ ਵਿਚ ਅਕਾਲੀ ਦਲ ਨੂੰ ਮੁੱਖ ਥਾਂ ਮਿਲਣ ਲੱਗੀ ਹੈ। ਬੇਅਦਬੀ ਦੇ ਮਾਮਲੇ ਮਗਰੋਂ ਕਾਂਗਰਸ ਤਾਂ ਖੁੱਲ੍ਹੇਆਮ ਹੀ ਡੇਰੇ ਦੇ ਖਿਲਾਫ ਨਿੱਤਰੀ ਹੈ ਅਤੇ ਅਕਾਲੀ ਦਲ ਦੇ ਆਗੂ ਹਾਲੇ ਵੀ ਦਬੀ ਜ਼ੁਬਾਨ ਵਿਚ ਹੀ ਬੋਲਦੇ ਹਨ। ਮੁੱਢਲੇ ਗੇੜ ਦੀਆਂ ਮੀਟਿੰਗਾਂ ਵਿਚ ਡੇਰਾ ਪੈਰੋਕਾਰਾਂ ਨੇ ਅੰਦਰੋਂ ਅੰਦਰੀਂ ਕਾਂਗਰਸ ਖਿਲਾਫ ਨਾਰਾਜ਼ਗੀ ਜ਼ਾਹਰ ਕੀਤੀ ਹੈ। ਐਤਕੀਂ ਪੰਜਾਬ ਦਾ ਕੋਈ ਉਮੀਦਵਾਰ ਜਾਂ ਸਿਆਸੀ ਨੇਤਾ ਡੇਰਾ ਸਿਰਸਾ ਜਾਣ ਤੋਂ ਪਾਸਾ ਹੀ ਵੱਟੇਗਾ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਹ ਆਖਦੇ ਹਨ ਕਿ ਡੇਰਾ ਸਿਰਸਾ ਨਾਲ ਕੋਈ ਸਬੰਧ ਨਹੀਂ ਹੈ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਵੀ ਉਨ੍ਹਾਂ ਲਈ ਮੁੱਖ ਹੈ। ਸੂਤਰ ਆਖਦੇ ਹਨ ਕਿ ਅੰਦਰੋਂ ਅੰਦਰੀਂ ਅਕਾਲੀ ਦਲ ਨੂੰ ਡੇਰਾ ਪੈਰੋਕਾਰਾਂ ਦੀ ਵੋਟ ‘ਤੇ ਟੇਕ ਹੈ ਕਿਉਂਕਿ ਬੇਅਦਬੀ ਮਾਮਲੇ ਕਰਕੇ ਸਿੱਖ ਵੋਟਰਾਂ ਵਿਚ ਅਕਾਲੀ ਦਲ ਪ੍ਰਤੀ ਅੰਦਰੋਂ ਅੰਦਰੀਂ ਕਾਫੀ ਰੋਹ ਹੈ। ਵੇਰਵਿਆਂ ਅਨੁਸਾਰ ਡੇਰਾ ਸਿਰਸਾ ਦਾ 29 ਅਪਰੈਲ ਨੂੰ ਸਿਰਸਾ ਵਿਖੇ ਸਥਾਪਨਾ ਦਿਵਸ ਹੈ ਅਤੇ ਇਸ ਮੌਕੇ ਪੈਰੋਕਾਰਾਂ ਦਾ ਵੱਡਾ ਇਕੱਠ ਹੋਣਾ ਹੈ। ਭਾਵੇਂ ਸਥਾਪਨਾ ਦਿਵਸ ਮੌਕੇ ਕੋਈ ਐਲਾਨ ਤਾਂ ਨਹੀਂ ਹੋਵੇਗਾ ਪ੍ਰੰੰਤੂ ਪੈਰੋਕਾਰਾਂ ਦੀ ਨਬਜ਼ ਟੋਹੀ ਜਾਵੇਗੀ ਅਤੇ ਉਨ੍ਹਾਂ ਨੂੰ ਇੱਕਜੁਟ ਰਹਿਣ ਦਾ ਸੁਨੇਹਾ ਦਿੱਤਾ ਜਾਵੇਗਾ। ਦੂਸਰੀ ਤਰਫ ਕਾਂਗਰਸ ਪਾਰਟੀ ਦੀ ਟੇਕ ਹੁਣ ਸਿੱਖ ਵੋਟਰਾਂ ‘ਤੇ ਵਧੀ ਹੈ।
ਕਾਂਗਰਸ ਆਸ ਕਰਦੀ ਹੈ ਕਿ ਬੇਅਦਬੀ ਮਾਮਲੇ ਕਰਕੇ ਨਾਰਾਜ਼ ਵੋਟਰ ਕਾਂਗਰਸ ਦੀ ਝੋਲੀ ਪੈਣਗੇ। ਬਠਿੰਡਾ ਸੰਸਦੀ ਹਲਕੇ ਤੋਂ ਬਰਗਾੜੀ ਇਨਸਾਫ ਮੋਰਚਾ ਦੇ ਉਮੀਦਵਾਰ ਗੁਰਸੇਵਕ ਸਿੰਘ ਜਵਾਹਰਕੇ ਦਾ ਕਹਿਣਾ ਸੀ ਕਿ ਸਿੱਖ ਵੋਟਰ ਪੂਰੀ ਤਰ੍ਹਾਂ ਇਨਸਾਫ ਮੋਰਚੇ ਨਾਲ ਖੜ੍ਹਾ ਹੈ ਅਤੇ ਅਕਾਲੀ ਦਲ ਤੇ ਕਾਂਗਰਸ ਤੋਂ ਇਸ ਕਰਕੇ ਨਾਰਾਜ਼ ਹੈ ਕਿ ਇਨ੍ਹਾਂ ਧਿਰਾਂ ਨੇ ਬੇਅਦਬੀ ਮਾਮਲੇ ਵਿਚ ਸਿਰਫ ਸਿਆਸਤ ਹੀ ਕੀਤੀ ਹੈ। ਉਮੀਦਵਾਰ ਜਵਾਹਰਕੇ ਦਾ ਕਹਿਣਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਹਾਲੇ ਵੀ ਡੇਰਾ ਸਿਰਸਾ ਖਿਲਾਫ ਬੋਲਣ ਤੋਂ ਗੁਰੇਜ਼ ਕਰ ਰਿਹਾ ਹੈ। ਦੱਸਣਯੋਗ ਹੈ ਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਵੀ ਇਹ ਖੁਲਾਸਾ ਕੀਤਾ ਹੈ ਕਿ ਭਾਜਪਾ ਵੱਲੋਂ ਡੇਰਾ ਸਿਰਸਾ ਤੋਂ ਵੋਟ ਦੀ ਮੰਗ ਕੀਤੀ ਜਾਵੇਗੀ, ਜਿਸ ਤੋਂ ਸਾਫ ਹੋ ਗਿਆ ਹੈ ਕਿ ਭਾਜਪਾ ਡੇਰੇ ਦੀ ਹਮਾਇਤ ਦੀ ਇੱਛੁਕ ਹੈ। ਵੱਖਰੀ ਗੱਲ ਹੈ ਕਿ ਡੇਰਾ ਸਿਰਸਾ ਭਾਜਪਾ ਵੱਲ ਝੁਕਾਅ ਰੱਖੇਗਾ ਜਾਂ ਨਹੀਂ।