ਬਰਤਾਨਵੀ ਸੰਸਦ ਨੇ ਜਲ੍ਹਿਆਂਵਾਲਾ ਬਾਗ ਦੁਖਾਂਤ ‘ਤੇ ਪ੍ਰਗਟਾਇਆ ਅਫਸੋਸ

ਲੰਡਨ: ਬਰਤਾਨੀਆ ਦੀ ਪ੍ਰਧਾਨ ਮੰਤਰੀ ਟੈਰੇਜ਼ਾ ਮੇਅ ਨੇ ਜਲ੍ਹਿਆਂਵਾਲਾ ਬਾਗ ਦੇ ਦੁਖਾਂਤ ਨੂੰ ਬਰਤਾਨਵੀ ਭਾਰਤੀ ਇਤਿਹਾਸ ਵਿਚ ਸ਼ਰਮਨਾਕ ਧੱਬਾ ਕਰਾਰ ਦਿੱਤਾ ਹੈ ਪਰ ਉਨ੍ਹਾਂ ਬਰਤਾਨਵੀ ਸੰਸਦ ਵਿਚ ਜਲ੍ਹਿਆਂਵਾਲਾ ਬਾਗ ਦੇ ਸਾਕੇ ਨੂੰ ਲੈ ਕੇ ਰਸਮੀ ਮੁਆਫੀ ਮੰਗਣ ਦੀ ਉਠੀ ਮੰਗ ਤੋਂ ਟਾਲਾ ਵੱਟ ਲਿਆ। ਬਰਤਾਨਵੀ ਸੰਸਦ ਦੇ ਪ੍ਰਤੀਨਿਧ ਸਦਨ ਵਿਚ ਪ੍ਰਧਾਨ ਮੰਤਰੀ ਦੇ ਹਫਤਾਵਾਰੀ ਪ੍ਰਸ਼ਨਾਂ ਦੀ ਸ਼ੁਰੂਆਤ ਮੌਕੇ ਜਲ੍ਹਿਆਂਵਾਲਾ ਬਾਗ ਦੇ ਦੁਖਾਂਤ ਦੀ 100ਵੀਂ ਵਰ੍ਹੇਗੰਢ ਮਨਾਉਣ ਮੌਕੇ ਪ੍ਰਧਾਨ ਮੰਤਰੀ ਟੈਰੇਜ਼ਾ ਮੇਅ ਨੇ ਇਹ ਬਿਆਨ ਜਾਰੀ ਕੀਤਾ ਹੈ।

ਜ਼ਿਕਰਯੋਗ ਹੈ ਕਿ ਜਲ੍ਹਿਆਂਵਾਲੇ ਬਾਗ ਦਾ ਦੁਖਾਂਤ 1919 ਵਿਚ ਵਿਸਾਖੀ ਵਾਲੇ ਦਿਨ ਵਾਪਰਿਆ ਸੀ, ਜਦੋਂ ਬਰਤਾਨਵੀ ਭਾਰਤੀ ਫੌਜਾਂ ਨੇ ਕਰਨਲ ਰੈਜੀਨਾਲਡ ਡਾਇਰ ਦੇ ਹੁਕਮਾਂ ਉਤੇ ਜਲ੍ਹਿਆਂਵਾਲਾ ਬਾਗ ਵਿਚ ਆਜ਼ਾਦੀ ਦੇ ਹੱਕ ਵਿਚ ਸ਼ਾਂਤਮਈ ਜਲਸਾ ਕਰਦੇ ਨਿਹੱਥੇ ਲੋਕਾਂ ਉਤੇ ਗੋਲੀ ਚਲਾਉਣ ਦੇ ਹੁਕਮ ਦੇ ਦਿੱਤੇ ਸਨ। ਬਰਤਾਨਵੀ ਸਰਕਾਰ ਦੇ ਰਿਕਾਰਡ ਅਨੁਸਾਰ ਪੁਰਸ਼ਾਂ, ਔਰਤਾਂ ਅਤੇ ਬੱਚਿਆਂ ਸਮੇਤ 379 ਲੋਕ ਮਾਰੇ ਗਏ ਸਨ ਅਤੇ 1200 ਦੇ ਕਰੀਬ ਜਖਮੀ ਹੋਏ ਸਨ।
ਵਿਰੋਧੀ ਧਿਰ ਲੇਬਰ ਪਾਰਟੀ ਦੇ ਆਗੂ ਜੈਰੇਮੀ ਕੌਰਬਿਨ ਵੱਲੋਂ ਸੰਸਦ ਵਿਚ ਜਲ੍ਹਿਆਂਵਾਲੇ ਬਾਗ ਦੇ ਦੁਖਾਂਤ ‘ਚ ਮਾਰੇ ਗਏ ਲੋਕਾਂ ਤੋਂ ਸਪੱਸ਼ਟ ਤੌਰ ਉਤੇ ਮੁਆਫੀ ਮੰਗਣ ਦੀ ਮੰਗ, ਦੇ ਸਬੰਧ ਵਿਚ ਪ੍ਰਧਾਨ ਮੰਤਰੀ ਨੇ ਆਪਣੇ ਬਿਆਨ ਵਿਚ ਕਿਹਾ ਕਿ 1919 ਵਿਚ ਜਲ੍ਹਿਆਂਵਾਲਾ ਬਾਗ ਵਿਚ ਵਾਪਰਿਆ ਦੁਖਾਂਤ ਬ੍ਰਿਟਿਸ਼ ਭਾਰਤੀ ਇਤਿਹਾਸ ਵਿਚ ਇਕ ਸ਼ਰਮਨਾਕ ਧੱਬਾ ਹੈ। ਉਨ੍ਹਾਂ ਆਪਣੇ ਬਿਆਨ ਵਿਚ ਕਿਹਾ ਕਿ ਇਸ ਤੋਂ ਪਹਿਲਾਂ ਸਾਡੇ ਸਤਿਕਾਰਯੋਗ ਮਹਾਰਾਣੀ ਐਲਿਜ਼ਾਬੈੱਥ ਦੋਇਮ ਵੀ 1997 ਵਿਚ ਜਲ੍ਹਿਆਂਵਾਲਾ ਬਾਗ ਦੀ ਫੇਰੀ ਦੌਰਾਨ ਕਹਿ ਚੁੱਕੇ ਹਨ ਕਿ ਇਹ ਭਾਰਤ ਨਾਲ ਸਾਡੇ ਪੁਰਾਤਨ ਇਤਿਹਾਸ ਦੀ ਇਕ ਦੁੱਖਦਾਈ ਉਦਾਹਰਨ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਘਟਨਾ ਦੇ ਵਾਪਰਨ ਅਤੇ ਇਸ ਨਾਲ ਪੁੱਜੇ ਦੁੱਖ ਉਤੇ ਬੇਹੱਦ ਅਫਸੋਸ ਹੈ। ‘ਮੈਨੂੰ ਇਸ ਗੱਲ ਦੀ ਤਸੱਲੀ ਵੀ ਹੈ ਕਿ ਦੋਵਾਂ ਦੇਸ਼ਾਂ ਦੇ ਸਬੰਧ ਖੁਸ਼ਹਾਲ, ਸੁਰੱਖਿਅਤ ਅਤੇ ਟਿਕਾਊ ਹਨ। ਭਾਰਤੀ ਭਾਈਚਾਰਾ ਬ੍ਰਿਟਿਸ਼ ਸਮਾਜ ਵਿਚ ਅਹਿਮ ਭੂਮਿਕਾ ਅਦਾ ਕਰ ਰਿਹਾ ਹੈ। ਮੈਨੂੰ ਯਕੀਨ ਹੈ ਕਿ ਸਮੁੱਚਾ ਸਦਨ ਭਾਰਤ ਦੇ ਨਾਲ ਬਰਤਾਨੀਆ ਦੇ ਸਬੰਧਾਂ ਨੂੰ ਹੋਰ ਪ੍ਰਫੁਲਿਤ ਹੁੰਦਿਆਂ ਦੇਖਣਾ ਚਾਹੁੰਦਾ ਹੈ।’ ਮੇਅ ਦਾ ਬਿਆਨ ਬਰਤਾਨਵੀ ਸੰਸਦ ਵਿਚ ਜਲ੍ਹਿਆਂਵਾਲੇ ਬਾਗ ਦੇ ਸਾਕੇ ਨੂੰ ਲੈ ਕੇ ਮੁਆਫੀ ਮੰਗਣ ਲਈ ਦਿਨ ਭਰ ਚੱਲੀ ਬਹਿਸ ਤੋਂ ਬਾਅਦ ਆਇਆ ਹੈ। ਇਸ ਦੌਰਾਨ ਵਿਦੇਸ਼ ਮਾਮਲਿਆਂ ਦੇ ਮੰਤਰੀ ਮਾਰਕ ਫੀਲਡ ਨੇ ਸੰਸਦ ਮੈਂਬਰਾਂ ਨੂੰ ਦੱਸਿਆ ਕਿ ਉਹ ਸੰਸਦ ਮੈਂਬਰਾਂ ਵੱਲੋਂ ਉਠਾਏ ਇਸ ਮੁੱਦੇ ਉਤੇ ਡੂੰਘੇ ਦੁੱਖ ਦਾ ਇਜ਼ਹਾਰ ਕਰਦੇ ਹਨ। ਉਨ੍ਹਾਂ ਕਿਹਾ ਕਿ ਇਸ ਮੁੱਦੇ ‘ਤੇ ਅੱਗੇ ਵਧਣ ਦੀ ਲੋੜ ਹੈ। ਉਹ ਕੋਈ ਵਾਅਦਾ ਨਹੀਂ ਕਰ ਸਕਦੇ ਪਰ ਅਤੇ ਰਸਮੀ ਮੁਆਫੀ ਦੀ ਭਵਿੱਖ ਵਿਚ ਕੁਝ ਉਮੀਦ ਰੱਖੀ ਜਾ ਸਕਦੀ ਹੈ। ਇਸ ਤੋਂ ਪਹਿਲਾਂ ਲੇਬਰ ਸੰਸਦ ਮੈਂਬਰ ਵਰਿੰਦਰ ਸ਼ਰਮਾ ਨੇ ਵੀ ਬਹਿਸ ਦੌਰਾਨ ਕਿਹਾ ਕਿ ਇਹ ਮੁਆਫੀ ਮੰਗਣ ਦਾ ਢੁਕਵਾਂ ਸਮਾਂ ਹੈ।
_____________________________
ਘਟਨਾ ਲਈ ਬਰਤਾਨੀਆ ਮੁਆਫੀ ਮੰਗੇ: ਪਾਕਿਸਤਾਨ
ਲਾਹੌਰ: ਪਾਕਿਸਤਾਨ ਦੇ ਸੂਚਨਾ ਮੰਤਰੀ ਫਵਾਦ ਚੌਧਰੀ ਨੇ ਬਰਤਾਨੀਆ ਤੋਂ ਮੰਗ ਕੀਤੀ ਹੈ ਕਿ ਬ੍ਰਿਟਿਸ਼ ਸਾਮਰਾਜ ਵੱਲੋਂ ਜਲ੍ਹਿਆਂਵਾਲਾ ਬਾਗ ਕਤਲੇਆਮ ਘਟਨਾ ਲਈ ਪਾਕਿਸਤਾਨ ਤੇ ਭਾਰਤ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਹ ਅੱਤ ਨਿੰਦਣਯੋਗ ਘਟਨਾਵਾਂ ਬਰਤਾਨੀਆ ਦੇ ਚਿਹਰੇ ‘ਤੇ ਦਾਗ ਹਨ। ਚੌਧਰੀ ਦਾ ਇਹ ਬਿਆਨ ਬਰਤਾਨੀਆ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਦੇ ਇਸ ਬਿਆਨ ਤੋਂ ਬਾਅਦ ਆਇਆ, ਜਿਸ ‘ਚ ਉਨ੍ਹਾਂ ਨੇ ਜਲ੍ਹਿਆਂਵਾਲਾ ਬਾਗ ਕਤਲੇਆਮ ਨੂੰ ਬ੍ਰਿਟਿਸ਼ ਭਾਰਤੀ ਇਤਿਹਾਸ ਲਈ ਸ਼ਰਮਨਾਕ ਧੱਬਾ ਦੱਸਦੇ ਹੋਏ ਬ੍ਰਿਟਿਸ਼ ਫੌਜ ਦੀ ਇਸ ਕਾਰਵਾਈ ਲਈ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਇਸ ਦੇ ਨਾਲ ਹੀ ਬਰਤਾਨੀਆ ਤੋਂ ਕੋਹਿਨੂਰ ਹੀਰਾ ਵਾਪਸ ਪਾਕਿਸਤਾਨ ਨੂੰ ਦੇਣ ਦੀ ਵੀ ਮੰਗ ਕੀਤੀ ਹੈ। ਇਥੇ ਦੱਸਣਯੋਗ ਹੈ ਕਿ ਕੋਹਿਨੂਰ ਹੀਰੇ ‘ਤੇ ਭਾਰਤ, ਅਫਗਾਨਿਸਤਾਨ, ਪਾਕਿਸਤਾਨ ਅਤੇ ਈਰਾਨ ਆਪਣਾ-ਆਪਣਾ ਦਾਅਵਾ ਜਤਾ ਰਹੇ ਹਨ।
______________________________
ਜਲ੍ਹਿਆਂਵਾਲਾ ਬਾਗ ਸਾਕੇ ਲਈ ਬਰਤਾਨੀਆ ਸਰਕਾਰ ਮੁਆਫੀ ਮੰਗੇ: ਸਿੱਧੂ
ਅੰਮ੍ਰਿਤਸਰ: ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਆਖਿਆ ਕਿ ਜਲ੍ਹਿਆਂਵਾਲਾ ਬਾਗ ਦੇ ਖੂਨੀ ਸਾਕੇ ਦੀ ਸ਼ਤਾਬਦੀ ਮੌਕੇ ਬਰਤਾਨੀਆ ਸਰਕਾਰ ਦੇ ਪ੍ਰਧਾਨ ਮੰਤਰੀ ਨੂੰ 13 ਅਪਰੈਲ, 1919 ਨੂੰ ਜਨਰਲ ਡਾਇਰ ਵੱਲੋਂ ਨਿਹੱਥੇ ਲੋਕਾਂ ‘ਤੇ ਚਲਾਈਆਂ ਗੋਲੀਆਂ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ। ਇਸ ਸਬੰਧੀ ਉਨ੍ਹਾਂ ਨੇ ਮੁੱਖ ਮੰਤਰੀ ਪੰਜਾਬ ਨੂੰ ਪੱਤਰ ਭੇਜਿਆ ਹੈ, ਜਿਸ ਵਿਚ ਉਨ੍ਹਾਂ ਅਪੀਲ ਕੀਤੀ ਹੈ ਕਿ ਉਹ ਇਸ ਸਬੰਧੀ ਭਾਰਤ ਸਰਕਾਰ ਅਤੇ ਬਰਤਾਨੀਆ ਸਰਕਾਰ ਨੂੰ ਪੱਤਰ ਭੇਜਣ। ਉਨ੍ਹਾਂ ਨੇ ਗਲੀ ਕੋੜਿਆਂਵਾਲੀ (ਕਲੋਰਿੰਗ ਸਟਰੀਟ) ਦਾ ਨਾਂ ਬਦਲਣ ਦੀ ਵੀ ਅਪੀਲ ਕੀਤੀ ਹੈ। ਨਵਜੋਤ ਸਿੰਘ ਸਿੱਧੂ ਨੇ ਆਪਣੇ ਪੱਤਰ ਵਿਚ ਆਖਿਆ ਕਿ ਇਸ ਖੂਨੀ ਸਾਕੇ ਲਈ ਪਹਿਲਾਂ ਹੀ ਮੁਆਫੀ ਮੰਗੀ ਜਾਣੀ ਚਾਹੀਦੀ ਸੀ। ਪਹਿਲਾਂ ਹੀ ਦੇਰ ਹੋ ਚੁੱਕੀ ਹੈ ਪਰ ਹੁਣ ਜਦੋਂ ਖੂਨੀ ਸਾਕੇ ਦੀ ਸ਼ਤਾਬਦੀ ਮਨਾਈ ਜਾ ਰਹੀ ਹੈ ਤਾਂ ਇਸ ਸਬੰਧੀ ਰਸਮੀ ਤੌਰ ‘ਤੇ ਮੁਆਫੀ ਮੰਗੀ ਜਾਣੀ ਚਾਹੀਦੀ ਹੈ।
___________________________
ਯੂ. ਕੇ. ਅਜਾਇਬਘਰ ‘ਚ ਲੱਗੀ ਜਲ੍ਹਿਆਂਵਾਲਾ ਬਾਗ ਸਾਕੇ ਸਬੰਧੀ ਪ੍ਰਦਰਸ਼ਨੀ
ਲੰਡਨ: ਮੈਨਚੈਸਟਰ ਦੇ ਅਜਾਇਬਘਰ ‘ਚ ਪਾਰਟੀਸ਼ਨ ਮਿਊਜ਼ੀਅਮ, ਅੰਮ੍ਰਿਤਸਰ ਦੇ ਸਹਿਯੋਗ ਨਾਲ ਜਲ੍ਹਿਆਂਵਾਲਾ ਬਾਗ ਸਾਕੇ ਸਬੰਧੀ ਪ੍ਰਦਰਸ਼ਨੀ ਲਾਈ ਗਈ। ਸਾਕੇ ਦੀ ਸ਼ਤਾਬਦੀ ਮੌਕੇ ‘ਜਲ੍ਹਿਆਂਵਾਲਾ ਬਾਗ 1919: ਪੰਜਾਬ ਦੀ ਘੇਰਾਬੰਦੀ’ ਨਾਮ ਦੀ ਇਸ ਪ੍ਰਦਰਸ਼ਨੀ ‘ਚ ਉਸ ਸਮੇਂ ਦੇ ਹਾਲਾਤ ਨੂੰ ਦਰਸਾਇਆ ਗਿਆ ਹੈ।
ਮੈਨਚੈਸਟਰ ਅਜਾਇਬਘਰ ਨੇ ਬਿਆਨ ‘ਚ ਕਿਹਾ ਕਿ ਪ੍ਰਦਰਸ਼ਨਕਾਰੀ ਬ੍ਰਿਟਿਸ਼ ਹਕੂਮਤ ਨੂੰ ਚੁਣੌਤੀ ਦੇਣ ਲਈ ਜਲ੍ਹਿਆਂਵਾਲਾ ਬਾਗ ‘ਚ ਇਕੱਠੇ ਹੋਏ ਸਨ ਜਿਥੇ ਉਨ੍ਹਾਂ ‘ਤੇ ਬ੍ਰਿਗੇਡੀਅਰ ਰੈਜੀਨਾਲਡ ਡਾਇਰ ਦੇ ਹੁਕਮਾਂ ਉਤੇ ਫੌਜ ਨੇ ਬੇਕਸੂਰ ਭਾਰਤੀਆਂ ‘ਤੇ ਅੰਨ੍ਹੇਵਾਹ ਗੋਲੀਆਂ ਵਰ੍ਹਾ ਦਿੱਤੀਆਂ ਗਈਆਂ ਜਿਸ ‘ਚ ਸੈਂਕੜੇ ਭਾਰਤੀ ਮਾਰੇ ਗਏ ਅਤੇ ਹਜ਼ਾਰਾਂ ਜਖਮੀ ਹੋ ਗਏ ਸਨ। ਬਿਆਨ ‘ਚ ਕਿਹਾ ਗਿਆ ਹੈ ਕਿ ਸਾਕੇ ਨਾਲ ਬ੍ਰਿਟਿਸ਼ ਹਕੂਮਤ ਦਾ ਦੱਖਣੀ ਏਸ਼ੀਆ ‘ਚ ਖਾਤਮਾ ਸ਼ੁਰੂ ਹੋ ਗਿਆ ਸੀ। ਜਲ੍ਹਿਆਂਵਾਲਾ ਬਾਗ ਸ਼ਤਾਬਦੀ ਯਾਦਗਾਰ ਕਮੇਟੀ (ਜੇ.ਬੀ.ਸੀ.ਸੀ.ਸੀ.) ਦੇ ਮੁੱਖ ਸਰਪ੍ਰਸਤ ਮਨਜੀਤ ਸਿੰਘ ਜੀਕੇ ਨੇ ਕਿਹਾ ਕਿ ਬ੍ਰਿਟਿਸ਼ ਸਰਕਾਰ ਲਈ ਭਾਰਤ ਤੋਂ ਮੁਆਫੀ ਮੰਗਣ ਦਾ ਇਹ ਢੁਕਵਾਂ ਸਮਾਂ ਹੈ।
ਕਮੇਟੀ ਦੇ ਸਰਪ੍ਰਸਤ ਵਿਕਰਮਜੀਤ ਸਿੰਘ ਸਾਹਨੀ ਨੇ ਕਿਹਾ,”ਸਰ ਵਿੰਸਟਨ ਚਰਚਿਲ ਅਤੇ ਸਾਬਕਾ ਪ੍ਰਧਾਨ ਮੰਤਰੀ ਐਚ.ਐਚ. ਐਸਕੁਇਥ ਨੇ ਹਮਲੇ ਦੀ ਨਿਖੇਧੀ ਕੀਤੀ ਸੀ ਅਤੇ ਜਲ੍ਹਿਆਂਵਾਲਾ ਬਾਗ ਸਾਕੇ ਨੂੰ ਸਾਡੇ ਪੂਰੇ ਇਤਿਹਾਸ ਦਾ ਸਭ ਤੋਂ ਭਿਆਨਕ ਜ਼ੁਲਮ ਕਰਾਰ ਦਿੱਤਾ ਸੀ।” ਕਮੇਟੀ ਦੇ ਮੈਂਬਰਾਂ ਭਾਰਤੀ ਮੂਲ ਦੇ ਲਾਰਡ ਮੇਘਨਾਦ ਦੇਸਾਈ ਅਤੇ ਲਾਰਡ ਰਾਜ ਲੂੰਬਾ ਨੇ ਬ੍ਰਿਟਿਸ਼ ਪ੍ਰਧਾਨ ਮੰਤਰੀ ਟੈਰੇਜ਼ਾ ਮੇਅ ਨੂੰ ਪੱਤਰ ਲਿਖ ਕੇ ਸਾਕੇ ਦੀ ਮੁਆਫੀ ਮੰਗਣ ਲਈ ਕਿਹਾ ਸੀ।