ਦੁੱਖ ਭੰਜਨੀ ਬੇਰੀ ਬਾਰੇ ਗਲਤ ਜਾਣਕਾਰੀ ਛਾਪਣ ਵਾਲੇ ਨੂੰ ਨੋਟਿਸ

ਅੰਮ੍ਰਿਤਸਰ: ਪ੍ਰਾਈਵੇਟ ਪਬਲਿਸ਼ਰ ਵੱਲੋਂ ਛਾਪੀ ਪੁਸਤਕ ‘ਚ ਦਰਬਾਰ ਸਾਹਿਬ ਵਿਚ ਸਥਿਤ ਇਤਿਹਾਸਕ ਦੁੱਖ ਭੰਜਨੀ ਬੇਰੀ ਬਾਰੇ ਗਲਤ ਟਿੱਪਣੀਆਂ ਸ਼ਾਮਲ ਕਰਨ ਦੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਵਿਲਕੋ ਪਬਲਿਸ਼ਿੰਗ ਹਾਊਸ ਮੁੰਬਈ ਵੱਲੋਂ ਛਾਪੀ ਪੁਸਤਕ ਵਿਚ ਦਰਬਾਰ ਸਾਹਿਬ ਵਿਚ ਸਥਾਪਿਤ ਇਤਿਹਾਸਕ ਦੁੱਖ ਭੰਜਨੀ ਬੇਰੀ ਨਾਲ ਧਾਗੇ ਬੰਨ੍ਹ ਕੇ ਮੰਨਤ ਮੰਗਣ ਦੇ ਜ਼ਿਕਰ ਤੋਂ ਇਲਾਵਾ ਇੱਥੇ ਸਥਿਤ ਪਾਵਨ ਸਰੋਵਰ ਨੂੰ ਵੀ ਝੀਲ ਕਿਹਾ ਗਿਆ ਹੈ।

ਇਸ ਤੋਂ ਇਲਾਵਾ ਪੁਸਤਕ ਵਿਚ ਜੂਨ 1984 ਵਿਚ ਸਮੇਂ ਦੀ ਕੇਂਦਰੀ ਹਕੂਮਤ ਵੱਲੋਂ ਦਰਬਾਰ ਸਾਹਿਬ ‘ਤੇ ਕਰਵਾਏ ਹਮਲੇ ਦੌਰਾਨ ਮਾਰੇ ਗਏ ਲੋਕਾਂ ਸਬੰਧੀ ਵੀ ਗਲਤ ਟਿੱਪਣੀਆਂ ਦਰਜ ਹਨ। ਉਨ੍ਹਾਂ ਕਿਹਾ ਕਿ ਇਹ ਇਤਿਹਾਸ ਨੂੰ ਰਲਗੱਡ ਕਰਨ ਦੀ ਕੋਝੀ ਸਾਜ਼ਿਸ਼ ਹੈ। ਸ਼੍ਰੋਮਣੀ ਕਮੇਟੀ ਵੱਲੋਂ ਸਬੰਧਤ ਪ੍ਰਕਾਸ਼ਕ ਨੂੰ ਕਾਨੂੰਨੀ ਨੋਟਿਸ ਭੇਜਿਆ ਜਾ ਰਿਹਾ ਹੈ। ਇਸ ਮਾਮਲੇ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਪੜਤਾਲ ਵੀ ਕਰਵਾਈ ਜਾਵੇਗੀ ਤਾਂ ਜੋ ਦੋਸ਼ੀਆਂ ਵਿਰੁਧ ਸਖਤ ਕਾਰਵਾਈ ਨੂੰ ਅਮਲ ਵਿਚ ਲਿਆਂਦਾ ਜਾ ਸਕੇ। ਉਨ੍ਹਾਂ ਕਿਹਾ ਕਿ ਦਰਬਾਰ ਸਾਹਿਬ ਸਿੱਖ ਜਗਤ ਦੇ ਕੇਂਦਰੀ ਧਾਰਮਿਕ ਅਸਥਾਨ ਹੋਣ ਦੇ ਨਾਲ ਨਾਲ ਸਮੁੱਚੇ ਵਿਸ਼ਵ ਲਈ ਅਧਿਆਤਮਿਕਤਾ ਦਾ ਮਹਾਨ ਸਰੋਤ ਹੈ। ਪਰ ਕੁਝ ਲੋਕ ਜਾਣ-ਬੁੱਝ ਕੇ ਇਸ ਪਾਵਨ ਅਸਥਾਨ ਦੇ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦਾ ਯਤਨ ਕਰ ਰਹੇ ਹਨ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਸੰਗਤ ਨੂੰ ਸੁਚੇਤ ਕੀਤਾ ਕਿ ਅਜਿਹੀਆਂ ਪੁਸਤਕਾਂ ਨੂੰ ਮਾਨਤਾ ਨਾ ਦੇਣ ਤੇ ਆਪਣੇ ਬੱਚਿਆਂ ਨੂੰ ਵੀ ਸਿੱਖ ਇਤਿਹਾਸ ਦੀਆਂ ਪ੍ਰਮਾਣਕ ਪੁਸਤਕਾਂ ਪੜ੍ਹਨ ਲਈ ਪ੍ਰੇਰਿਤ ਕਰਨ।
ਇਸੇ ਦੌਰਾਨ ਸ੍ਰੀ ਲੌਂਗੋਵਾਲ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਦਸਵੀਂ ਜਮਾਤ ਦੀ ਪੁਸਤਕ ਵਿਚ ‘ਆਸਾ ਦੀ ਵਾਰ’ ਨਾਲ ਸਬੰਧਿਤ ਗੁਰਬਾਣੀ ਦੀ ਗਲਤ ਛਪਾਈ ਨੂੰ ਵੀ ਮੰਦਭਾਗਾ ਆਖਿਆ ਹੈ। ਉਨ੍ਹਾਂ ਕਿਹਾ ਕਿ ਬੋਰਡ ਨੂੰ ਜ਼ਿੰਮੇਵਾਰ ਸੰਸਥਾ ਵਾਲੀ ਭੂਮਿਕਾ ਨਿਭਾਉਣੀ ਚਾਹੀਦੀ ਹੈ ਅਤੇ ਅਜਿਹੀਆਂ ਗਲਤੀਆਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਇਸ ਤੋਂ ਪਹਿਲਾਂ ਵੀ ਸਿੱਖ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਸੀ। ਉਨ੍ਹਾਂ ਕਿਹਾ ਇਸ ਗਲਤ ਜਾਣਕਾਰੀ ਨਾਲ ਸਿੱਖ ਧਰਮ ਦਾ ਅਕਸ ਖ਼ਰਾਬ ਹੋ ਰਿਹਾ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਇਸ ਲਈ ਅਜਿਹੀਆਂ ਗ਼ਲਤੀਆਂ ਕਰਨ ਤੋਂ ਸਭ ਨੂੰ ਸੁਚੇਤ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਖਾਸਕਰ ਬੱਚਿਆਂ ਨੂੰ ਮਿਆਰੀ ਸਾਹਿਤ ਹੀ ਪੜ੍ਹਨ ਲਈ ਦੇਣਾ ਚਾਹੀਦਾ ਹੈ। ਗਲਤ ਜਾਣਕਾਰੀ ਉਨ੍ਹਾਂ ਦੇ ਮਨਾਂ ‘ਤੇ ਬੁਰਾ ਅਸਰ ਪਾ ਸਕਦੀ ਹੈ।
___________________________
ਦਰਬਾਰ ਸਾਹਿਬ ਤੋਂ ਗੁਰਬਾਣੀ ਦੇ ਸਿੱਧੇ ਪ੍ਰਸਾਰਣ ਲਈ ਯਤਨ ਕਰੇਗੀ ਸ਼੍ਰੋਮਣੀ ਕਮੇਟੀ
ਅਬੋਹਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਡੀ.ਟੀ.ਐੱਚ. ਸੇਵਾ ‘ਤੇ ਅਤੇ ਹੋਰ ਚੈਨਲਾਂ ‘ਤੇ ਹੋਵੇ, ਸੰਗਤਾਂ ਦੀ ਇਸ ਮੰਗ ਨੂੰ ਵਿਚਾਰਿਆ ਜਾਵੇਗਾ। ਲੌਂਗੋਵਾਲ ਨੇ ਕਿਹਾ ਕਿ ਜੇਕਰ ਸਿੱਖ ਸੰਗਤਾਂ ਚਾਹੁੰਦੀ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਂਦੇ ਰਾਹ ‘ਤੇ ਵਿਰਾਸਤੀ ਪਲਾਜ਼ੇ ‘ਤੇ ਲੱਗੇ ਭੰਗੜੇ ਵਾਲੇ ਬੁੱਤਾਂ ਹਟਾਏ ਜਾਣ ਤਾਂ ਇਸ ਬਾਰੇ ਵੀ ਸ਼੍ਰੋਮਣੀ ਕਮੇਟੀ ਘੋਖ ਕਰਕੇ ਕਾਰਵਾਈ ਕਰੇਗੀ। ਦੱਸਣਯੋਗ ਹੈ ਕਿ ਕਈ ਸੰਸਥਾਵਾਂ ਦੀ ਮੰਗ ਹੈ ਕਿ ਇਹ ਬੁੱਤ ਹਰਿਮੰਦਰ ਸਾਹਿਬ ਨੂੰ ਜਾਂਦੇ ਮੁੱਖ ਰਾਹ ਅਤੇ ਸ਼ਹੀਦਾਂ ਦੀ ਥਾਂ ਜਲ੍ਹਿਆਂਵਾਲਾ ਬਾਗ ਨੇੜੇ ਹੈ, ਇਹ ਨਹੀਂ ਹੋਣੇ ਚਾਹੀਦੇ।