ਜੂਲੀਅਨ ਅਸਾਂਜ ਦੀ ਗ੍ਰਿਫਤਾਰੀ: ਜਮਹੂਰੀਅਤ ਦਾ ਭਰਮ ਬਨਾਮ ਫਾਸ਼ੀਵਾਦ

ਸਲੋਵੇਨੀਅਨ ਫਿਲਾਸਫਰ ਅਤੇ ਆਲਮੀ ਪ੍ਰਸਿਧੀ ਵਾਲੇ ਖੱਬੇ ਪੱਖੀ ਚਿੰਤਕ ਸਲਾਵੋਜ ਜ਼ਿਜ਼ੈਕ ਨੇ ਜੂਲੀਅਨ ਅਸਾਂਜ ਦੀ ਹਾਲੀਆ ਗ੍ਰਿਫਤਾਰੀ ‘ਤੇ ਟਿੱਪਣੀ ਕੀਤੀ ਹੈ। ਅਸਾਂਜ ਆਸਟਰੇਲੀਅਨ ਪੱਤਰਕਾਰ, ਕੰਪਿਊਟਰ ਪ੍ਰੋਗਰਾਮਰ ਅਤੇ ਵਿਕੀਲੀਕਸ ਦੇ ਬਾਨੀ ਤੇ ਨਿਰਦੇਸ਼ਕ ਹਨ, ਜਿਸ ਨੇ 2010 ਵਿਚ ਸਾਬਕਾ ਅਮਰੀਕਨ ਮਿਲਟਰੀ ਪ੍ਰੋਫੈਸ਼ਨਲ ਚੈਲਸੀਆ ਮੈਨਿੰਗ ਵਲੋਂ ਮੁਹੱਈਆ ਕਰਵਾਏ 7,50,000 ਸੰਵੇਦਨਸ਼ੀਲ ਫੌਜੀ ਅਤੇ ਡਿਪਲੋਮੈਟਿਕ ਦਸਤਾਵੇਜ਼ ਲੜੀਵਾਰ ਛਾਪਣ ਦਾ ਸਿਲਸਿਲਾ ਸ਼ੁਰੂ ਕਰਕੇ ਅਮਰੀਕਨ ਸਾਮਰਾਜੀ ਸਲਤਨਤ ਅਤੇ ਉਸ ਦੇ ਜੋਟੀਦਾਰ ਰਾਜਾਂ ਦੇ ਜੰਗੀ ਜੁਰਮਾਂ,

ਮਨੁੱਖੀ ਹੱਕਾਂ ਦੀਆਂ ਉਲੰਘਣਾਵਾਂ ਅਤੇ ਭ੍ਰਿਸ਼ਟਾਚਾਰ ਦੀ ਪੋਲ ਖੋਲ੍ਹੀ ਸੀ। ਆਪਣੇ ਬਚਾਓ ਲਈ ਅਸਾਂਜ ਨੇ ਅਗਸਤ 2012 ਤੋਂ ਲੰਡਨ ਸਥਿਤ ਇਕੁਆਡੋਰ ਦੇ ਦੂਤਾਵਾਸ ਵਿਚ ਪਨਾਹ ਲਈ ਹੋਈ ਸੀ। ਜ਼ਿਜ਼ੈਕ ਦੀ ਇਸ ਘਟਨਾਕ੍ਰਮ ਬਾਰੇ ਟਿੱਪਣੀ ਦਾ ਪੰਜਾਬੀ ਅਨੁਵਾਦ ਪੇਸ਼ ਹੈ। -ਸੰਪਾਦਕ

ਸਲਾਵੋਜ ਜ਼ਿਜ਼ੈਕ
ਅਨੁਵਾਦ: ਬੂਟਾ ਸਿੰਘ

ਆਖਿਰਕਾਰ ਉਹੀ ਹੋਇਆ ਜਿਸ ਦਾ ਸੰਸਾ ਸੀ – ਜੂਲੀਅਨ ਅਸਾਂਜ ਨੂੰ ਇਕੁਆਡੋਰ ਦੇ ਦੂਤਾਵਾਸ ਤੋਂ ਘੜੀਸ ਕੇ ਬਾਹਰ ਲਿਆਂਦਾ ਗਿਆ ਅਤੇ ਗ੍ਰਿਫਤਾਰ ਕਰ ਲਿਆ ਗਿਆ। ਇਸ ਵਿਚ ਕੋਈ ਹੈਰਾਨੀ ਨਹੀਂ ਹੋਣੀ ਚਾਹੀਦੀ। ਲੰਮੇ ਸਮੇਂ ਤੋਂ ਇਸ ਦੇ ਸੰਕੇਤ ਮਿਲ ਰਹੇ ਸਨ।
ਹਫਤੇ ਦੋ ਹਫਤੇ ਪਹਿਲਾਂ ਵਿਕੀਲੀਕਸ ਨੇ ਉਸ ਦੀ ਗ੍ਰਿਫਤਾਰੀ ਦਾ ਅਗਾਊਂ ਅਨੁਮਾਨ ਲਗਾ ਲਿਆ ਸੀ ਅਤੇ ਇਕੁਆਡੋਰ ਦੇ ਵਿਦੇਸ਼ ਮੰਤਰਾਲੇ ਨੇ ਇਸ ਉਪਰ ਜੋ ਪ੍ਰਤੀਕਰਮ ਦਿੱਤਾ, ਅੱਜ ਅਸੀਂ ਸਾਰੇ ਜਾਣਦੇ ਹਾਂ, ਉਹ ਕੋਰਾ ਝੂਠ ਸੀ। ਇਸ ਖੇਡ ਵਿਚ ਚੈਲਸੀਆ ਮੈਨਿੰਗ ਦੀ ਹਾਲੀਆ ਗ੍ਰਿਫਤਾਰੀ ਇਕ ਹੋਰ ਪਹਿਲੂ ਹੈ (ਜਿਸ ਨੂੰ ਮੋਟੇ ਤੌਰ ‘ਤੇ ਮੀਡੀਆ ਨੇ ਅਣਡਿੱਠ ਕੀਤਾ ਹੈ)। ਉਸ ਨੂੰ ਵਿਕੀਲੀਕਸ ਨਾਲ ਉਸ ਦੇ ਰਿਸ਼ਤਿਆਂ ਦੇ ਬਾਰੇ ਜਾਣਕਾਰੀ ਉਗਲਾਉਣ ਲਈ ਹਿਰਾਸਤ ਵਿਚ ਲਿਆ ਗਿਆ ਹੈ। ਅਸਾਂਜ ਜੇ (ਤੇ ਜਦੋਂ ਵੀ) ਅਮਰੀਕਾ ਦੇ ਹੱਥ ਲੱਗ ਗਿਆ, ਉਸ ਦੇ ਖਿਲਾਫ ਮੁਕੱਦਮੇ ਵਿਚ ਮੈਨਿੰਗ ਦੇ ਬਿਆਨ ਦਾ ਇਸਤੇਮਾਲ ਕੀਤਾ ਜਾਵੇਗਾ।
ਇਸ ਗ੍ਰਿਫਤਾਰੀ ਦੇ ਸੰਕੇਤ ਪਿਛਲੇ ਲੰਮੇ ਸਮੇਂ ਤੋਂ ਅਸਾਂਜ ਦੀ ਗਿਣੀ-ਮਿਥੀ ਕਿਰਦਾਰਕੁਸ਼ੀ ਦੀ ਮੁਹਿੰਮ ਤੋਂ ਵੀ ਮਿਲ ਰਹੇ ਸਨ। ਇਹ ਦੁਸ਼ਟ ਮੁਹਿੰਮ ਕੁਝ ਮਹੀਨੇ ਪਹਿਲਾਂ ਇਸ ਹੱਦ ਤਕ ਨਿਘਰ ਗਈ ਸੀ ਕਿ ਕਲਪਨਾ ਨਹੀਂ ਕੀਤੀ ਜਾ ਸਕਦੀ। ਜਦੋਂ ਉਨ੍ਹਾਂ ਇਹ ਅਪੁਸ਼ਟ ਅਫਵਾਹਾਂ ਫੈਲਾਈਆਂ ਕਿ ਉਸ ਦੇ ਜਿਸਮ ਤੋਂ ਆ ਰਹੀ ਬਦਬੂ ਅਤੇ ਮੈਲੇ ਕੱਪੜਿਆਂ ਕਾਰਨ ਇਕੁਆਡੋਰ ਉਸ ਤੋਂ ਨਿਜਾਤ ਪਾਉਣਾ ਚਾਹੁੰਦਾ ਹੈ।
ਅਸਾਂਜ ਖਿਲਾਫ ਹਮਲਿਆਂ ਦੇ ਪਹਿਲੇ ਪੜਾਅ ਵਿਚ ਉਨ੍ਹਾਂ ਦੇ ਸਾਬਕਾ ਦੋਸਤਾਂ ਅਤੇ ਸਹਿਯੋਗੀਆਂ ਨੇ ਜਨਤਕ ਤੌਰ ‘ਤੇ ਦਾਅਵਾ ਕੀਤਾ ਕਿ ਵਿਕੀਲੀਕਸ ਦੀ ਸ਼ੁਰੂਆਤ ਤਾਂ ਸਹੀ ਹੋਈ ਸੀ ਲੇਕਿਨ ਅਸਾਂਜ ਦਾ ਪਤਨ ਉਸ ਦੇ ਸਿਆਸੀ ਪੱਖਪਾਤ ਕਾਰਨ ਹੋਇਆ (ਅਸਾਂਜ ਦੇ ਹਿਲੇਰੀ ਵਿਰੋਧੀ ਵਿਚਾਰ, ਰੂਸ ਨਾਲ ਉਸ ਦੇ ਸ਼ੱਕੀ ਰਿਸ਼ਤੇ ਵਗੈਰਾ)। ਇਸ ਤੋਂ ਬਾਅਦ ਉਸ ਉਪਰ ਸਿੱਧੇ ਇਲਜ਼ਾਮ ਮੜ੍ਹੇ ਗਏ: ਉਹ ਸਨਕੀ ਤੇ ਪਾਗਲ ਹੈ; ਉਸ ਨੂੰ ਸੱਤਾ ਅਤੇ ਕੰਟਰੋਲ ਦੀ ਖਬਤ ਹੈ।
ਅਸਾਂਜ, ਤੇ ਸਨਕੀ? ਜਦੋਂ ਤੁਸੀਂ ਲਗਾਤਾਰ ਇਕ ਐਸੇ ਅਪਾਰਟਮੈਂਟ ਵਿਚ ਰਹਿ ਰਹੇ ਹੋ ਜਿਥੇ ਚਾਰੇ ਪਾਸੇ ਤੁਹਾਡੀ ਜਾਸੂਸੀ ਕੀਤੀ ਜਾ ਰਹੀ ਹੋਵੇ, ਲਗਾਤਾਰ ਤੁਹਾਡੇ ਉਪਰ ਖੁਫੀਆ ਏਜੰਸੀਆਂ ਨਜ਼ਰ ਰੱਖ ਰਹੀਆਂ ਹੋਣ, ਤਾਂ ਕੌਣ ਸਨਕੀ ਨਹੀਂ ਬਣੇਗਾ? ਪਾਗਲ ਜਨੂੰਨੀ? ਜਦੋਂ ਸੀ.ਆਈ.ਏ. ਦਾ ਮੁਖੀ (ਹੁਣ ਸਾਬਕਾ) ਕਹਿ ਰਿਹਾ ਹੋਵੇ ਕਿ ਤੁਹਾਡੀ ਗ੍ਰਿਫਤਾਰੀ ਉਸ ਦੀ ਤਰਜੀਹ ਹੈ, ਤਾਂ ਕੀ ਇਸ ਦਾ ਭਾਵ ਇਹ ਨਹੀਂ ਹੁੰਦਾ ਕਿ ਤੁਸੀਂ ਘੱਟੋ-ਘੱਟ ਕੁਝ ਲੋਕਾਂ ਲਈ ਤਾਂ ‘ਵੱਡਾ’ ਖਤਰਾ ਹੋ? ਕਿਸੇ ਖੁਫੀਆ ਸੰਸਥਾ ਦੇ ਜਾਸੂਸ ਵਰਗਾ ਵਿਹਾਰ? ਲੇਕਿਨ ਵਿਕੀਲੀਕਸ ਤਾਂ ਵਾਕਈ ਜਾਸੂਸੀ ਸੰਸਥਾ ਹੈ; ਫਰਕ ਬਸ ਇੰਨਾ ਕੁ ਹੈ ਕਿ ਉਹ ਜਨਤਾ ਦੇ ਹਿਤ ਵਿਚ ਹੈ, ਲੋਕਾਂ ਨੂੰ ਇਹ ਦੱਸਣ ਲਈ ਕੰਮ ਕਰਦਾ ਹੈ ਕਿ ਉਨ੍ਹਾਂ ਦੀ ਪਿੱਠ ਪਿੱਛੇ ਕੀ ਹੋ ਰਿਹਾ ਹੈ।
ਹੁਣ ਰਤਾ ਜ਼ਰੂਰੀ ਸਵਾਲ ਵੱਲ ਆਉਂਦੇ ਹਾਂ: ਆਖਿਰ ਹੁਣ ਹੀ ਕਿਉਂ? ਮੇਰੇ ਖਿਆਲ ਅਨੁਸਾਰ ਇਸ ਸਭ ਦੇ ਪਿੱਛੇ ਕੇਵਲ ਇਕ ਨਾਮ ਹੈ: ਕੈਂਬਰਿਜ ਐਨਾਲਿਟਿਕਾ – ਇਹ ਨਾਮ ਅਸਾਂਜ ਦੀ ਪਛਾਣ ਹੈ, ਕਿ ਉਹ ਕਿਸੇ ਦੇ ਖਿਲਾਫ ਡਟਿਆ ਹੋਇਆ ਹੈ, ਤੇ ਇਹ ਵੱਡੀਆਂ ਪ੍ਰਾਈਵੇਟ ਕਾਰਪੋਰੇਸ਼ਨਾਂ ਅਤੇ ਸਰਕਾਰੀ ਏਜੰਸੀਆਂ ਦਰਮਿਆਨ ਸਬੰਧਾਂ ਦੀ ਦੱਸ ਪਾਉਂਦਾ ਹੈ।
ਚੇਤੇ ਕਰੋ, ਕਿਵੇਂ ਅਮਰੀਕਾ ਦੀਆਂ ਚੋਣਾਂ ਵਿਚ ਇਕ ਰੂਸੀ ਦੇ ਟੰਗ ਅੜਾਉਣ ਦਾ ਮੁੱਦਾ ਅਚਾਨਕ ਇੰਨਾ ਵੱਡਾ ਬਣ ਗਿਆ ਸੀ – ਅੱਜ ਸਾਨੂੰ ਪਤਾ ਹੈ ਕਿ ਰੂਸੀ ਹੈਕਰਾਂ (ਅਸਾਂਜ ਸਮੇਤ) ਨੇ ਲੋਕਾਂ ਨੂੰ ਟਰੰਪ ਵੱਲ ਨਹੀਂ ਧੱਕਿਆ ਸੀ। ਇਸ ਦੀ ਬਜਾਏ ਸਾਡੀਆਂ ਆਪਣੀਆਂ ਡੇਟਾ ਪ੍ਰਾਸੈਸਿੰਗ ਏਜੰਸੀਆਂ ਨੇ ਸਿਆਸੀ ਤਾਕਤਾਂ ਨਾਲ ਗੱਠਜੋੜ ਕਰਕੇ ਟਰੰਪ ਲਈ ਮਾਹੌਲ ਬਣਾਇਆ ਸੀ।
ਇਸ ਦਾ ਭਾਵ ਇਹ ਨਹੀਂ ਕਿ ਰੂਸ ਅਤੇ ਉਸ ਦੇ ਸੰਗੀ ਬੇਕਸੂਰ ਹਨ: ਉਨ੍ਹਾਂ ਨੇ ਐਨ ਉਸੇ ਤਰ੍ਹਾਂ ਚੋਣ ਨਤੀਜਿਆਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ, ਜਿਵੇਂ ਅਮਰੀਕਾ ਹੋਰ ਮੁਲਕਾਂ ਦੇ ਮਾਮਲੇ ਵਿਚ ਕਰਦਾ ਆਇਆ ਹੈ (ਤੇ ਅਮਰੀਕਾ ਜਦੋਂ ਅਜਿਹਾ ਕਰਦਾ ਹੈ ਤਾਂ ਉਸ ਨੂੰ ਜਮਹੂਰੀਅਤ ਦੀ ਮਦਦ ਦਾ ਨਾਮ ਦਿੱਤਾ ਜਾਂਦਾ ਹੈ)। ਇਸ ਦਾ ਭਾਵ ਤਾਂ ਇਹ ਵੀ ਹੋਇਆ ਕਿ ਜੋ ਦਿਓਕੱਦ ਭੇੜੀਆ ਸਾਡੀ ਜਮਹੂਰੀਅਤ ਨੂੰ ਨੋਚਣ-ਵਲੂੰਧਰਨ ਵਿਚ ਜੁਟਿਆ ਹੋਇਆ ਹੈ, ਉਹ ਕ੍ਰੈਮਲਿਨ ਵਿਚ ਨਹੀਂ, ਇਥੇ ਹੀ ਹੈ – ਤੇ ਅਸਾਂਜ ਵੀ ਤਾਂ ਲਗਾਤਾਰ ਇਹੀ ਦਾਅਵਾ ਕਰ ਰਿਹਾ ਸੀ!
ਸਵਾਲ ਉਠਦਾ ਹੈ ਕਿ ਇਹ ਦਿਓਕੱਦ ਭੇੜੀਆ ਠੀਕ-ਠੀਕ ਕਿਸ ਥਾਂ ਉਪਰ ਹੈ? ਕੰਟਰੋਲ ਅਤੇ ਛਲ-ਕਪਟ ਦੇ ਇਸ ਸਮੁੱਚੇ ਮੰਜ਼ਰ ਨੂੰ ਸਮਝਣ ਲਈ ਸਾਨੂੰ ਪ੍ਰਾਈਵੇਟ ਕਾਰਪੋਰੇਸ਼ਨਾਂ ਅਤੇ ਸਿਆਸੀ ਪਾਰਟੀਆਂ ਦਰਮਿਆਨ ਸਬੰਧਾਂ (ਕੈਂਬਰਿਜ ਐਨਾਲਿਟਿਕਾ ਦਾ ਮਾਮਲਾ) ਦੇ ਪਾਰ ਜਾ ਕੇ ਇਹ ਦੇਖਣਾ ਹੋਵੇਗਾ ਕਿ ਗੂਗਲ, ਫੇਸਬੁੱਕ ਵਰਗੀਆਂ ਡੇਟਾ ਪ੍ਰਾਸੈਸਿੰਗ ਕੰਪਨੀਆਂ ਅਤੇ ਰਾਜ ਦੀਆਂ ਸੁਰੱਖਿਆ ਏਜੰਸੀਆਂ ਕਿਵੇਂ ਇਕ ਦੂਜੇ ਨਾਲ ਘਿਓ-ਖਿਚੜੀ ਹਨ।
ਸਾਨੂੰ ਚੀਨ ਨੂੰ ਨਹੀਂ, ਖੁਦ ਨੂੰ ਦੇਖ ਕੇ ਸਦਮੇ ਵਿਚ ਆ ਜਾਣਾ ਚਾਹੀਦਾ ਹੈ ਕਿ ਅਸੀਂ ਵੀ ਇਨ੍ਹਾਂ ਬੰਦਸ਼ਾਂ ਨੂੰ ਅਪਣਾ ਲਿਆ ਹੈ ਜਦਕਿ ਅਸੀਂ ਹੁਣ ਵੀ ਇਹ ਮੰਨ ਕੇ ਚਲ ਰਹੇ ਹਾਂ ਕਿ ਅਸੀਂ ਪੂਰੀ ਤਰ੍ਹਾਂ ਆਜ਼ਾਦ ਹਾਂ ਅਤੇ ਸਾਡਾ ਮੀਡੀਆ ਸਾਨੂੰ ਆਪਣੇ ਮਨੋਰਥਾਂ ਨੂੰ ਸਾਕਾਰ ਕਰਨ ਵਿਚ ਮਦਦ ਕਰ ਰਿਹਾ ਹੈ। ਚੀਨ ਵਿਚ ਘੱਟੋ-ਘੱਟ ਲੋਕਾਂ ਨੂੰ ਇਸ ਗੱਲ ਦਾ ਅਹਿਸਾਸ ਤਾਂ ਹੈ ਕਿ ਉਨ੍ਹਾਂ ਨੂੰ ਕੰਟਰੋਲ ਕੀਤਾ ਜਾ ਰਿਹਾ ਹੈ।
ਇਸ ਨਾਲ ਜੋ ਵਿਆਪਕ ਤਸਵੀਰ ਉਭਰਦੀ ਹੈ, ਉਸ ਨੂੰ ਜੇ ਅਸੀਂ ਬਾਇਓ-ਜੈਨੇਟਿਕਸ ਦੀਆਂ ਹਾਲੀਆ ਖੋਜਾਂ ਦੇ ਨਾਲ ਜੋੜ ਕੇ ਦੇਖੀਏ (ਮਨੁੱਖੀ ਦਿਮਾਗ ਦੀ ਵਾਇਰਿੰਗ ਵਗੈਰਾ) ਤਾਂ ਸਾਡਾ ਸਾਹਮਣਾ ਸਮਾਜੀ ਕੰਟਰੋਲ ਦੇ ਉਨ੍ਹਾਂ ਭਿਆਨਕ ਅਤੇ ਨਵੇਂ ਰੂਪਾਂ ਨਾਲ ਹੋਵੇਗਾ ਜਿਨ੍ਹਾਂ ਅੱਗੇ 20ਵੀਂ ਸਦੀ ਦਾ ਨਿਰੰਕੁਸ਼ਵਾਦ ਕੰਟਰੋਲ ਦੇ ਸੰਦ ਵਜੋਂ ਮੁਕਾਬਲਤਨ ਆਦਿਕਾਲੀਨ ਅਤੇ ਫੂਹੜ ਲੱਗਣਾ ਸ਼ੁਰੂ ਹੋ ਜਾਵੇਗਾ।
ਇਸ ਨਵੇਂ ਮਿਲਟਰੀ-ਗਿਆਨਾਤਮਕ ਕੰਪਲੈਕਸ ਦਾ ਸਭ ਤੋਂ ਵੱਡਾ ਹਾਸਲ ਇਹ ਹੈ ਕਿ ਹੁਣ ਜਨਤਾ ਦੇ ਪ੍ਰਤੱਖ ਅਤੇ ਸੁਭਾਵਿਕ ਦਮਨ ਦੀ ਕੋਈ ਜ਼ਰੂਰਤ ਨਹੀਂ ਰਹਿ ਗਈ ਹੈ। ਹੁਣ ਲੋਕਾਂ ਨੂੰ ਬਸ ਇਹ ਮਹਿਸੂਸ ਕਰਨ ਲਾਉਣਾ ਹੈ ਕਿ ਉਹ ਆਜ਼ਾਦ ਹਨ ਅਤੇ ਉਨ੍ਹਾਂ ਦੀ ਜ਼ਿੰਦਗੀ ਖੁਦਮੁਖਤਾਰ ਹੈ। ਬਸ ਅਜਿਹਾ ਕਰਕੇ ਬੜੀ ਅਸਾਨੀ ਨਾਲ ਉਨ੍ਹਾਂ ਨੂੰ ਕਾਬੂ ਕੀਤਾ ਜਾ ਸਕਦਾ ਹੈ ਅਤੇ ਮਨਚਾਹੀ ਦਿਸ਼ਾ ਵਿਚ ਹੱਕਿਆ ਜਾ ਸਕਦਾ ਹੈ। ਵਿਕੀਲੀਕਸ ਕਾਂਡ ਦਾ ਇਕ ਹੋਰ ਅਹਿਮ ਸਬਕ ਹੈ: ਸਾਡੀ ਗ਼ੁਲਾਮੀ ਸਭ ਤੋਂ ਜ਼ਿਆਦਾ ਖਤਰਨਾਕ ਉਦੋਂ ਹੁੰਦੀ ਹੈ, ਜਦੋਂ ਉਸ ਨੂੰ ਅਸੀਂ ਆਪਣੀ ਆਜ਼ਾਦੀ ਦਾ ਜ਼ਰੀਆ ਸਮਝਣ ਲੱਗਦੇ ਹਾਂ – ਸੂਚਨਾ-ਸੰਚਾਰ ਦੇ ਬੇਰੋਕ ਪ੍ਰਵਾਹ ਤੋਂ ਜ਼ਿਆਦਾ ਮੁਕਤ ਹੋਰ ਕਿਹੜੀ ਚੀਜ਼ ਹੋ ਸਕਦੀ ਹੈ, ਜੋ ਹਰ ਕਿਸੇ ਨੂੰ ਆਪਣੇ ਵਿਚਾਰ ਜਨਤਕ ਕਰਨ ਅਤੇ ਮਕਬੂਲ ਬਣਾਉਣ ਦੀ ਖੁੱਲ੍ਹ ਦਿੰਦੀ ਹੋਵੇ ਅਤੇ ਆਪਣੀ ਸੁਤੰਤਰ ਇੱਛਾ ਮੁਤਾਬਿਕ ਆਭਾਸੀ (ਵਰਚੂਅਲ) ਭਾਈਚਾਰੇ ਬਣਾਉਣ ਦੀ ਆਜ਼ਾਦੀ ਦਿੰਦੀ ਹੋਵੇ?
ਸਾਡੇ ਸਮਾਜਾਂ ਵਿਚ ਚੁਣਨ ਦੀ ਆਜ਼ਾਦੀ ਅਤੇ ਰਿਆਇਤ ਕਿਉਂਕਿ ਸਰਵਉਚ ਮੁੱਲਾਂ ਦੇ ਰੂਪ ਵਿਚ ਸਥਾਪਤ ਹੈ, ਲਿਹਾਜ਼ਾ ਸਮਾਜੀ ਕੰਟਰੋਲ ਅਤੇ ਗ਼ਲਬੇ ਦਾ ਸਰੂਪ ਅਜਿਹਾ ਨਹੀਂ ਹੋਣਾ ਚਾਹੀਦਾ ਜੋ ਬੰਦੇ ਦੀ ਆਜ਼ਾਦੀ ਦਾ ਉਲੰਘਣ ਕਰਦਾ ਹੋਇਆ ਪ੍ਰਤੱਖ ਨਜ਼ਰ ਆਵੇ। ਉਹ ਬੰਦੇ ਦੀ ਸੁਤੰਤਰਤਾ ਦੇ ਨਿੱਜੀ ਅਨੁਭਵ ਦਾ ਹਿੱਸਾ ਲੱਗਣਾ ਚਾਹੀਦਾ ਹੈ, ਉਹ ਫਿਰ ਕਾਇਮ ਵੀ ਰਹਿ ਸਕੇਗਾ। ਆਖਿਰ ਵੈੱਬ ਉਪਰ ਬੇਰੋਕ-ਟੋਕ ਸਰਫਿੰਗ ਕਰਨ ਤੋਂ ਜ਼ਿਆਦਾ ਆਜ਼ਾਦੀ ਹੋਰ ਕਿਸ ਗੱਲ ਦੀ ਹੋ ਸਕਦੀ ਹੈ? ਬਿਲਕੁਲ ਇਸੇ ਤਰਜ਼ ‘ਤੇ ‘ਜਮਹੂਰੀਅਤ ਵਰਗਾ ਆਭਾਸ ਦੇਣ ਵਾਲਾ ਫਾਸ਼ੀਵਾਦ’ ਅੱਜ ਆਪਣਾ ਕੰਮ ਕਰ ਰਿਹਾ ਹੈ।
ਇਸੇ ਕਾਰਨ ਡਿਜੀਟਲ ਨੈੱਟਵਰਕ ਨੂੰ ਪ੍ਰਾਈਵੇਟ ਸਰਮਾਏ ਅਤੇ ਰਾਜ ਸੱਤਾ ਦੇ ਕੰਟਰੋਲ ਤੋਂ ਪੂਰੀ ਤਰ੍ਹਾਂ ਬਾਹਰ ਕਰਨਾ ਜ਼ਰੂਰੀ ਹੈ। ਉਸ ਨੂੰ ਜਨਤਕ ਸੰਵਾਦ ਦੇ ਲਈ ਛੱਡ ਦਿੱਤਾ ਜਾਣਾ ਚਾਹੀਦਾ ਹੈ। ਅਸਾਂਜ ਨੇ ਆਪਣੀ ਕਿਤਾਬ (ਇਹ ਹੈਰਾਨੀਜਨਕ ਹੈ ਕਿ ਇਸ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ) ‘ਵ੍ਹੈੱਨ ਗੂਗਲ ਮੈੱਟ ਵਿਕੀਲੀਕਸ’ ਵਿਚ ਬਿਲਕੁਲ ਸਹੀ ਲਿਖਿਆ ਹੈ: ਅੱਜ ਸਾਡੀ ਜ਼ਿੰਦਗੀ ਕਿਵੇਂ ਨਿਯਮਤ ਹੈ ਅਤੇ ਕਿਵੇਂ ਇਸ ਕੰਟਰੋਲ ਨੂੰ ਅਸੀਂ ਆਪਣੀ ਆਜ਼ਾਦੀ ਸਮਝਣ ਦਾ ਭਰਮ ਪਾਲਦੇ ਹਾਂ, ਇਹ ਸਮਝਣ ਲਈ ਸਾਨੂੰ ਆਪਣੀਆਂ ਸਮੂਹਿਕ ਸੰਸਥਾਵਾਂ ਨੂੰ ਕੰਟਰੋਲ ਕਰ ਰਹੀਆਂ ਪ੍ਰਾਈਵੇਟ ਕਾਰਪੋਰੇਸ਼ਨਾਂ ਅਤੇ ਰਾਜਕੀ ਸੰਸਥਾਵਾਂ ਦੇ ਸ਼ੱਕੀ ਸਬੰਧਾਂ ਉਪਰ ਧਿਆਨ ਇਕਾਗਰ ਕਰਨਾ ਹੋਵੇਗਾ।
ਹੁਣ ਤੁਸੀਂ ਸਮਝ ਸਕਦੇ ਹੋ ਕਿ ਅਸਾਂਜ ਦਾ ਮੂੰਹ ਕਿਉਂ ਬੰਦ ਕਰਨਾ ਪਿਆ: ਕੈਂਬਰਿਜ ਐਨਾਲਿਟਿਕਾ ਕਾਂਡ ਦਾ ਪਰਦਾਫਾਸ਼ ਹੋ ਜਾਣ ਤੋਂ ਬਾਅਦ ਸਾਰੇ ਸੱਤਾਧਾਰੀਆਂ ਨੇ ਮਿਲ ਕੇ ਵਾਹ ਲਾਈ ਕਿ ਇਸ ਨੂੰ ਕੁਝ ਪ੍ਰਾਈਵੇਟ ਕਾਰਪੋਰੇਸ਼ਨਾਂ ਅਤੇ ਸਿਆਸੀ ਪਾਰਟੀਆਂ ਦੇ ਖਾਸ ‘ਗ਼ਲਤ ਇਸਤੇਮਾਲ’ ਦਾ ਮਾਮਲਾ ਬਣਾ ਕੇ ਦਫਨ ਕਰ ਦਿੱਤਾ ਜਾਵੇ – ਲੇਕਿਨ ਸਵਾਲ ਉਠਦਾ ਹੈ ਕਿ ਇਸ ਸਭ ਦੇ ਦਰਮਿਆਨ ਰਾਜ ਖੁਦ ਕਿਥੇ ਹੈ? ਉਹ ਰਾਜ (ਸਟੇਟ) ਜੋ ‘ਡੀਪ ਸਟੇਟ” (ਰਾਜ ਦੇ ਅੰਦਰ ਗੁਪਤ ਰਾਜ) ਦਾ ਅੱਧਾ ਅਦਿੱਖ ਹਿੱਸਾ ਹੈ?
ਅਸਾਂਜ ਖੁਦ ਨੂੰ ਜਨਤਾ ਦਾ ਅਤੇ ਜਨਤਾ ਦੇ ਹਿਤ ਵਾਲਾ ਜਾਸੂਸ ਮੰਨਦਾ ਹੈ। ਉਹ ਸੱਤਾਧਾਰੀਆਂ ਦੇ ਹਿਤ ਲਈ ਜਨਤਾ ਦੀ ਜਾਸੂਸੀ ਨਹੀਂ ਕਰ ਰਿਹਾ। ਇਸ ਲਈ ਜੇ ਕੋਈ ਉਸ ਦੀ ਮਦਦ ਕਰੇਗਾ ਤਾਂ ਉਹ ਅਸੀਂ ਹੋਵਾਂਗੇ, ਅਸੀਂ ਯਾਨੀ ਜਨਤਾ। ਕੇਵਲ ਸਾਡੀ ਇਕਜੁੱਟਤਾ ਅਤੇ ਦਬਾਓ ਬਣਾਉਣ ਨਾਲ ਹੀ ਉਸ ਦਾ ਸੰਤਾਪ ਤੋਂ ਬਚਾ ਹੋ ਸਕੇਗਾ। ਅਕਸਰ ਅਸੀਂ ਪੜ੍ਹਦੇ ਹਾਂ ਕਿ ਕਿਵੇਂ ਸੋਵੀਅਤ ਰੂਸ ਦੀ ਜਾਸੂਸੀ ਸੇਵਾ ਨਾ ਕੇਵਲ ਆਪਣੇ ਗ਼ੱਦਾਰਾਂ ਨੂੰ ਸਜ਼ਾ ਦਿੰਦੀ ਸੀ (ਚਾਹੇ ਉਸ ਵਿਚ ਦਹਾਕੇ ਲੱਗ ਜਾਣ) ਬਲਕਿ ਆਪਣੇ ਬੰਦਿਆਂ ਦੇ ਦੁਸ਼ਮਣ ਦੇ ਹੱਥ ਲੱਗ ਜਾਣ ‘ਤੇ ਉਨ੍ਹਾਂ ਨੂੰ ਛਡਾਉਣ ਲਈ ਪੂਰੀ ਤਾਕਤ ਝੋਕ ਦਿੰਦੀ ਸੀ। ਅਸਾਂਜ ਦੇ ਪਿੱਛੇ ਕੋਈ ਰਾਜ ਸੱਤਾ ਨਹੀਂ ਹੈ – ਤਾਂ ਆਓ ਅਸੀਂ ਉਹ ਕਰੀਏ ਜੋ ਸੋਵੀਅਤ ਦੀ ਜਾਸੂਸੀ ਸੇਵਾ ਕਰਦੀ ਸੀ। ਚਾਹੇ ਕਿੰਨਾ ਵੀ ਵਕਤ ਕਿਉਂ ਨਾ ਲੱਗੇ, ਆਓ ਉਸ ਦੇ ਲਈ ਲੜਿਆ ਜਾਵੇ!
ਵਿਕੀਲੀਕਸ ਤਾਂ ਮਹਿਜ਼ ਇਕ ਸ਼ੁਰੂਆਤ ਹੈ। ਸਾਡਾ ਟੀਚਾ ਮਾਓ ਦੇ ਵਿਚਾਰ ਤੋਂ ਪ੍ਰੇਰਤ ਹੋਣਾ ਚਾਹੀਦਾ ਹੈ: ਸੌ ਵਿਕੀਲੀਕਸ ਖਿੜਨ ਦਿਓ। ਜਿਸ ਕਾਹਲ ਅਤੇ ਘਬਰਾਹਟ ਨਾਲ ਸੱਤਾਧਾਰੀਆਂ ਨੇ – ਜੋ ਸਾਡੀਆਂ ਡਿਜੀਟਲ ਸੰਸਥਾਵਾਂ ਨੂੰ ਕੰਟਰੋਲ ਕਰਦੇ ਹਨ – ਅਸਾਂਜ ਨੂੰ ਲੈ ਕੇ ਆਪਣਾ ਪ੍ਰਤੀਕਰਮ ਦਿਖਾਇਆ ਹੇ, ਉਹ ਇਸ ਦਾ ਸਬੂਤ ਹੈ ਕਿ ਅਸਾਂਜ ਨੇ ਉਨ੍ਹਾਂ ਦੀ ਦੁਖਦੀ ਰਗ ਛੇੜ ਦਿੱਤੀ ਸੀ।
ਇਸ ਜੰਗ ਵਿਚ ਸਾਡੇ ਉਪਰ ਕਈ ਗੈਰ ਵਾਜਿਬ ਹਮਲੇ ਵੀ ਹੋਣਗੇ। ਸਾਡੇ ਉਪਰ ਇਲਜ਼ਾਮ ਲੱਗ ਸਕਦਾ ਹੈ ਕਿ ਅਸੀਂ ਦੁਸ਼ਮਣ ਦੇ ਹੱਥਾਂ ਵਿਚ ਖੇਡ ਰਹੇ ਹਾਂ (ਜੋ ਇਲਜ਼ਾਮ ਅਸਾਂਜ ਉਪਰ ਲਗਾਇਆ ਗਿਆ ਕਿ ਉਹ ਪੂਤਿਨ ਲਈ ਕੰਮ ਕਰ ਰਿਹਾ ਸੀ), ਲੇਕਿਨ ਸਾਨੂੰ ਹੁਣ ਇਸ ਸਭ ਕਾਸੇ ਦੀ ਆਦਤ ਪਾ ਲੈਣੀ ਚਾਹੀਦੀ ਹੈ। ਸਾਨੂੰ ਮੋੜਵਾਂ ਵਾਰ ਕਰਨਾ ਸਿੱਖਣਾ ਹੋਵੇਗਾ ਅਤੇ ਸੱਤਾ ਦੇ ਦੋਹਾਂ ਪੱਖਾਂ ਦੇ ਅੰਤਰਵਿਰੋਧਾਂ ਨੂੰ ਬੇਕਿਰਕੀ ਨਾਲ ਇੰਨਾ ਤਿੱਖਾ ਕਰਨਾ ਹੋਵੇਗਾ ਕਿ ਸਾਰੇ ਹੀ ਢਹਿ-ਢੇਰੀ ਹੋ ਜਾਣ। (‘ਦਿ ਇੰਡੀਪੈਂਡੈਂਟ’ ਤੋਂ ਧੰਨਵਾਦ ਸਹਿਤ)