ਫਾਸ਼ੀਵਾਦ: ਸਰਮਾਏਦਾਰੀ ਦਾ ਅਸਲ ਚਿਹਰਾ

ਬਰਤੋਲਟ ਬਰੈਖਤ 20ਵੀਂ ਸਦੀ ਦੇ ਸਭ ਤੋਂ ਅਹਿਮ ਨਾਟਕਕਾਰ ਮੰਨੇ ਜਾਂਦੇ ਹਨ। ਉਨ੍ਹਾਂ ਦੀਆਂ ਮੁੱਖ ਕਿਰਤਾਂ ਵਿਚ ‘ਦਿ ਥ੍ਰੀ ਪੈਨੀ ਓਪੇਰਾ’, ‘ਮਦਰ’ਜ਼ ਕੱਰੇਜ ਐਂਡ ਹਰ ਚਿਲਡਰਨ’, ‘ਦੀ ਗੁੱਡ ਪਰਸਨ ਆਫ ਸੀਜ਼ੇਚਵਨ’ ਸ਼ਾਮਿਲ ਹਨ। ਉਨ੍ਹਾਂ ਦਾ ਫਾਸ਼ੀਵਾਦ ਬਾਰੇ ਲਿਖਿਆ ਇਹ ਲੇਖ ਮੌਜੂਦਾ ਦੌਰ ਦੀਆਂ ਤਤਕਾਲੀ ਸਿਆਸੀ ਸੱਚਾਈਆਂ ਦੀ ਨਿਸ਼ਾਨਦੇਹੀ ਕਰਦਾ ਹੈ। ਇਹ ਉਨ੍ਹਾਂ ਦੀ ਕਿਰਤ ‘ਰਾਈਟਿੰਗ ਦੀ ਟਰੁੱਥ: ਫਾਈਵ ਡਿਫੀਕਲਟੀਜ਼’ ਵਿਚੋਂ ਹੈ। ਇਸ ਦਾ ਅਨੁਵਾਦ ਅਮਨਿੰਦਰ ਸਿੰਘ ਨੇ ਕੀਤਾ ਹੈ,

ਜੋ ਸਿਨੇਮਾ ਦੀਆਂ ਰਮਜ਼ਾਂ ਸਮਝਦੇ ਹਨ ਅਤੇ ਫੜਦੇ ਵੀ ਹਨ। ਉਨ੍ਹਾਂ ਦੀ ਕਲਾ ਤੇ ਸਿਆਸਤ ਬਾਰੇ ਸਮਝ ਨੂੰ ਇਸ ਲੇਖ ਦੇ ਅਨੁਵਾਦ ਵਿਚੋਂ ਸਮਝਿਆ ਜਾ ਸਕਦਾ ਹੈ। -ਸੰਪਾਦਕ

ਬਰਤੋਲਟ ਬਰੈਖਤ
ਅਨੁਵਾਦ: ਅਮਨਿੰਦਰ ਸਿੰਘ

ਸੱਚ ਲਾਜ਼ਮੀ ਹੀ ਉਨ੍ਹਾਂ ਸਿੱਟਿਆਂ ਨੂੰ ਸਾਹਮਣੇ ਰੱਖਦਿਆਂ ਬੋਲਿਆ ਜਾਣਾ ਚਾਹੀਦਾ ਹੈ ਜੋ ਉਹ ਅਮਲ ਦੇ ਦਾਇਰੇ ਵਿਚ ਪੈਦਾ ਕਰਦਾ ਹੈ। ਜਦ ਅਸੀਂ ਇਸ ਵਿਆਪਕ ਵਿਚਾਰ ਬਾਬਤ ਸੋਚ-ਵਿਚਾਰ ਕਰਦੇ ਹਾਂ ਕਿ ਬਹੁਤ ਸਾਰੇ ਮੁਲਕਾਂ ਵਿਚ ਮੌਜੂਦ ਹਾਲਾਤ ਬਰਬਰਤਾ ਦਾ ਸਿੱਟਾ ਹਨ। ਅਸੀਂ ਨਮੂਨੇ ਦੇ ਤੌਰ ‘ਤੇ ਉਸ ਸੱਚ ਬਾਰੇ ਗੱਲ ਕਰਦੇ ਹਾਂ ਜਿਸ ਤੋਂ ਕੋਈ ਸਿੱਟਾ ਨਹੀਂ ਨਿਕਲਦਾ ਜਾਂ ਜੋ ਸਿੱਟਾ ਨਿਕਲਦਾ ਹੈ, ਉਹ ਗਲਤ ਹੁੰਦਾ ਹੈ। ਇਸ ਖਿਆਲ ਮੁਤਾਬਿਕ ਫਾਸ਼ੀਵਾਦ ਵੀ ਬਰਬਰਤਾ ਦਾ ਹੀ ਨਤੀਜਾ ਹੈ ਜੋ ਕਿ ਕੁਝ ਮੁਲਕਾਂ ‘ਤੇ ਕੁਦਰਤੀ ਕਰੋਪੀ ਵਾਂਗ ਕਹਿਰ ਬਣ ਕੇ ਟੁੱਟ ਪਿਆ ਹੈ। ਇਸ ਅਨੁਸਾਰ ਤਾਂ ਫਾਸ਼ੀਵਾਦ ਨਵਾਂ ਵਰਤਾਰਾ, ਸਰਮਾਏਦਾਰੀ ਅਤੇ ਸਾਮਰਾਜਵਾਦ ਤੋਂ ਅਲੱਗ ਕੋਈ ਤੀਜੀ ਸ਼ਕਤੀ ਹੈ ਸਿਰਫ ਇਕੱਲੀ ਸਮਾਜਵਾਦੀ ਤਹਿਰੀਕ ਹੀ ਨਹੀਂ ਸਗੋਂ ਸਰਮਾਏਦਾਰੀ ਵੀ ਫਾਸ਼ੀਵਾਦ ਦੇ ਦਾਖਲੇ ਤੋਂ ਬਿਨਾਂ ਜਿਉਂਦੀ ਰਹਿ ਸਕਦੀ ਸੀ, ਵਗੈਰਾ ਵਗੈਰਾ। ਇਹ ਦਰਅਸਲ ਫਾਸ਼ੀਵਾਦੀ ਦਾਅਵਾ ਹੈ ਤੇ ਇਸ ਨੂੰ ਸਵੀਕਾਰਨਾ ਫਾਸ਼ੀਵਾਦ ਮੂਹਰੇ ਗੋਡੇ ਟੇਕਣਾ ਹੈ।
ਫਾਸ਼ੀਵਾਦ ਸਰਮਾਏਦਾਰੀ ਦਾ ਇਤਿਹਾਸਕ ਪੜਾਅ ਹੈ।
ਇਸ ਤਰ੍ਹਾਂ ਇਹ ਜਿਸ ਸਮੇਂ ਨਵਾਂ ਹੈ, ਉਸੇ ਸਮੇਂ ਪੁਰਾਣਾ ਵੀ ਹੈ। ਫਾਸ਼ੀਵਾਦੀ ਮੁਲਕਾਂ ਅੰਦਰ ਸਰਮਾਏਦਾਰੀ ਬਰਕਰਾਰ ਹੈ ਪਰ ਮਹਿਜ ਫਾਸ਼ੀਵਾਦ ਦੀ ਸ਼ਕਲ ਵਿਚ ਅਤੇ ਫਾਸ਼ੀਵਾਦ ਜੋ ਸਰਮਾਏਦਾਰੀ ਦਾ ਸਭ ਤੋਂ ਨੰਗਾ, ਬੇਸ਼ਰਮ, ਦਰਿੰਦਗੀ ਭਰਿਆ ਅਤੇ ਕਪਟੀ ਰੂਪ ਹੈ, ਇਸ ਨੂੰ ਸਿਰਫ ਸਰਮਾਏਦਾਰੀ ਦੇ ਤੌਰ ‘ਤੇ ਹੀ ਟੱਕਰਿਆ ਜਾ ਸਕਦਾ ਹੈ; ਕਿਵੇਂ ਕੋਈ ਫਾਸ਼ੀਵਾਦ ਬਾਰੇ ਸੱਚ ਬੋਲ ਸਕਦਾ ਹੈ, ਜੇ ਉਹ ਸਰਮਾਏਦਾਰੀ ਖਿਲਾਫ ਬੋਲਣ ਲਈ ਹੀ ਤਿਆਰ ਨਹੀਂ ਜਿਸ ਰਾਹੀ ਅਸਲ ਵਿਚ ਫਾਸ਼ੀਵਾਦ ਜਨਮ ਲੈਂਦਾ ਹੈ। ਅਜਿਹੇ ਸੱਚ ਦਾ ਕੀ ਕੋਈ ਮਤਲਬ ਵੀ ਬਣਦਾ ਹੈ?
ਜਿਹੜੇ ਲੋਕ ਸਰਮਾਏਦਾਰੀ ਦੀ ਖਿਲਾਫਤ ਕੀਤੇ ਬਗੈਰ ਫਾਸ਼ੀਵਾਦ ਦਾ ਵਿਰੋਧ ਕਰਦੇ ਹਨ, ਜਿਹੜੇ ਬਰਬਰਤਾ ‘ਚੋਂ ਨਿਕਲੀ ਬਰਬਰਤਾ ‘ਤੇ ਰੋਂਦੇ ਹਨ, ਇਹ ਉਹ ਲੋਕ ਹਨ ਜੋ ਵੱਛੇ ਨੂੰ ਝਟਕੇ ਬਿਨਾਂ ਹੀ ਉਸ ਦਾ ਮਾਸ ਖਾਣਾ ਚਾਹੁੰਦੇ ਹਨ। ਉਹ ਮਾਸ ਖਾਣ ਦੇ ਇੱਛਕ ਤਾਂ ਹਨ, ਐਪਰ ਲਹੂ ਤੋਂ ਨੱਕ ਵੱਟਦੇ ਹਨ। ਉਨ੍ਹਾਂ ਨੂੰ ਸੰਤੁਸ਼ਟ ਕਰਨ ਲਈ ਇੰਨਾ ਹੀ ਕਾਫੀ ਹੈ ਕਿ ਕਸਾਈ ਮੀਟ ਤੋਲ਼ਣ ਤੋਂ ਪਹਿਲਾ ਆਪਣੇ ਹੱਥ ਧੋ ਲਵੇ।
ਉਹ ਜਾਇਦਾਦੀ ਰਿਸ਼ਤਿਆਂ ਦੀ ਖਿਲਾਫਤ ਨਹੀਂ ਕਰਦੇ, ਇਥੋਂ ਹੀ ਤਾਂ ਬਰਬਰਤਾ ਨਿਕਲਦੀ ਹੈ। ਉਨ੍ਹਾਂ ਨੂੰ ਬੱਸ ਬਰਬਰਤਾ ਤੋਂ ਦਿੱਕਤ ਹੈ। ਉਹ ਇਹ ਸਭ ਉਨ੍ਹਾਂ ਮੁਲਕਾਂ ਵਿਚ ਬੈਠੇ ਹੋਏ ਕਰਦੇ ਹਨ ਜਿਥੇ ਬਿਲਕੁਲ਼ ਉਸੇ ਤਰ੍ਹਾਂ ਦੇ ਜਾਇਦਾਦੀ ਰਿਸ਼ਤੇ ਪ੍ਰਚਲਿਤ ਹੁੰਦੇ ਹਨ। ਬੱਸ ਉਥੇ ਵੀ ਕਸਾਈ ਮੀਟ ਤੋਲ਼ਣ ਤੋਂ ਪਹਿਲਾ ਆਪਣੇ ਹੱਥ ਧੋ ਲਵੇ। ਬਰਬਰਤਾ ਖਿਲਾਫ ਚੀਕ-ਚਿਹਾੜਾ ਉਦੋਂ ਹੀ ਕਾਮਯਾਬ ਹੋ ਸਕਦਾ ਹੈ, ਜੇ ਉਨ੍ਹਾਂ ਦੇ ਆਪਣੇ ਮੁਲਕਾਂ ਵਿਚ ਇਹ ਕੋਈ ਅਲੌਕਿਕ ਵਰਤਾਰਾ ਹੋਵੇ। ਕੁਝ ਮੁਲਕ ਹਾਲੇ ਵੀ ਜਾਇਦਾਦੀ ਰਿਸ਼ਤਿਆਂ ਨੂੰ ਅਜਿਹੇ ਤਰੀਕਆਂ ਨਾਲ ਬਚਾਉਣ ਵਿਚ ਕਾਮਯਾਬ ਹਨ ਜੋ ਉਪਰੀ ਤੌਰ ‘ਤੇ ਦੇਖਿਆਂ ਬਾਕੀਆਂ ਨਾਲੋਂ ਘੱਟ ਹਿੰਸਕ ਭਾਸਦੇ ਹਨ। ਜਿਨ੍ਹਾਂ ਮੁਲਕਾਂ ਵਿਚ ਜਮਹੂਰੀਅਤ ਅਜੇ ਵੀ ਅਜਿਹੇ ਸਿੱਟੇ ਹਾਸਿਲ ਕਰਨ ਲਈ ਵਰਤੀ ਜਾਂਦੀ ਹੈ ਜਿਨ੍ਹਾਂ ਲਈ ਦੂਜਿਆਂ ਮੁਲਕਾਂ ਵਿਚ ਹਿੰਸਾ ਦੀ ਵਰਤੋਂ ਪੈਦਾਵਾਰੀ ਸਾਧਨਾਂ ਤੇ ਨਿਜੀ ਕਬਜ਼ੇ ਲਈ ਫੈਕਟਰੀਆਂ, ਜ਼ਮੀਨ ਅਤੇ ਹੋਰ ਥਾਂਵਾਂ ਦੀ ਇਜਾਰੇਦਾਰੀ ਕਾਇਮ ਕਰਨ ਲਈ ਕੀਤੀ ਜਾਂਦੀ ਹੈ, ਹਾਲਤਾਂ ਉਥੇ ਵੀ ਬਰਬਰ ਹਨ, ਬੱਸ ਬਰਬਰਤਾ ਅੱਖਾਂ ਵਿਚ ਰੜਕਦੀ ਨਹੀਂ।
ਇਹ ਬੱਸ ਉਦੋਂ ਹੀ ਨਜ਼ਰੀ ਪੈਂਦੀ ਹੈ, ਜਦੋਂ ਇਜਾਰੇਦਾਰੀ ਬਚਾਉਣ ਲਈ ਨੰਗੇ-ਚਿੱਟੇ ਰੂਪ ਵਿਚ ਹਿੰਸਾ ਦੇ ਰੂਪ ਵਿਚ ਸਾਹਮਣੇ ਆਉਂਦੀ ਹੈ। ਕੁਝ ਕੁ ਮੁਲਕ ਜੋ ਆਪਣੀ ਇਸ ਬਰਬਰ ਇਜ਼ਾਰੇਦਾਰੀ ਨੂੰ ਬਚਾਉਣ ਲਈ ਹਾਲੇ ਤੱਕ ਵੀ ਸੰਵਿਧਾਨਕ ਰਾਜ ਦੇ ਵਾਅਦਿਆਂ ਦੇ ਨਾਲ-ਨਾਲ ਕਲਾ, ਫਲਸਫਾ ਅਤੇ ਸਾਹਿਤ ਵਰਗੀਆਂ ਸਹੂਲਤਾਂ ਵੀ ਤਿਆਗਣ ਲਈ ਤਿਆਰ ਨਹੀਂ, ਉਨ੍ਹਾਂ ਪ੍ਰਾਹੁਣਿਆਂ ਨੂੰ ਸੁਣਨ ਲਈ ਉਚੇਚੇ ਤੌਰ ‘ਤੇ ਉਤਸਕ ਰਹਿੰਦੇ ਹਨ ਜੋ ਆਪਣੇ ਹੀ ਮੁਲਕ ਨੂੰ ਇਸ ਲਈ ਗਾਲ੍ਹਾਂ ਕੱਢਦੇ ਹਨ ਕਿਉਂਕਿ ਉਹ ਇਹ ਸਹੂਲਤਾਂ ਦੇਣ ਤੋਂ ਇਨਕਾਰੀ ਹਨ। ਉਹ ਚਾਅ ਨਾਲ ਇਹ ਸਭ ਸੁਣਦੇ ਹਨ ਪਰ ਉਹ ਜੋ ਕੁਝ ਵੀ ਸੁਣਦੇ ਹਨ, ਉਸ ਤੋਂ ਭਵਿਖੀ ਜੰਗਾਂ ਵਿਚ ਕੋਈ ਫਾਇਦਾ ਲੈਣ ਦੇ ਮਨਸ਼ੇ ਨਾਲ ਹੀ ਕਰਦੇ ਹਨ।
ਕੀ ਅਸੀਂ ਇਹ ਸਮਝੀਏ ਕਿ ਉਨ੍ਹਾਂ ਨੇ ਸੱਚ ਨੂੰ ਪਾ ਲਿਆ ਹੈ? ਉਹ ਜੋ ਉਦਾਹਰਨ ਵਜੋਂ ਜਰਮਨੀ ਵਿਰੁਧ ਬੇਰਹਿਮ ਸੰਘਰਸ਼ ਦੀ ਜ਼ੋਰ-ਸ਼ੋਰ ਨਾਲ ਹਮਾਇਤ ਕਰਦੇ ਹਨ; ਅਖੇ, ‘ਕਿਉਂਕਿ ਇਹ ਮੁਲਕ ਹੁਣ ਬਦੀ ਦਾ ਘਰ ਹੈ, ਨਰਕ ਦਾ ਦੂਜਾ ਰੂਪ ਹੈ, ਈਸਾ-ਵਿਰੋਧ ਦਾ ਗੜ੍ਹ ਹੈ।’ ਅਸੀਂ ਸਮਝ ਸਕਦੇ ਹਾਂ ਕਿ ਇਹ ਮੂਰਖ ਅਤੇ ਖਤਰਨਾਕ ਲੋਕ ਹਨ। ਇਸ ਪਾਗਲਪਣ ਤੋਂ ਇਹ ਨਤੀਜਾ ਕੱਢਿਆ ਜਾ ਸਕਦਾ ਹੈ ਕਿਉਂ ਜੋ ਜ਼ਹਿਰੀਲ਼ੀ ਗੈਸ ਅਤੇ ਬੰਬ ਕਸੂਰਵਾਰ ਦੀ ਚੋਣ ਨਹੀਂ ਕਰ ਸਕਦੇ… ਇਸ ਲਈ ਸਾਰੀ ਜਰਮਨੀ ਨੂੰ ਨੇਸਤਾਨਬੂਦ ਕਰਨਾ ਲਾਜ਼ਮੀ ਹੈ। ਜੋ ਸ਼ਖਸ ਸੱਚ ਤੋਂ ਜਿੰਨਾ ਵੱਧ ਦੂਰ ਹੈ, ਉਹ ਓਨਾ ਹੀ ਜ਼ਿਆਦਾ ਲੱਛੇਦਾਰ, ਪੇਤਲੀ ਅਤੇ ਬੇਢੰਗੀ ਭਾਸ਼ਾ ਵਿਚ ਗੱਲ ਕਰ ਰਿਹਾ ਹੈ। ਉਹ ਜਰਮਨੀ ਬਾਰੇ ‘ਚੀਕਦਾ’ ਹੈ, ਆਮ ਹੀ ਬਦੀ ਦੀ, ਬਰਬਰਤਾ ਦੀ ਗੱਲ ਕਰਦਾ ਹੈ। ਉਸ ਨੂੰ ਸੁਣਨ ਵਾਲਾ ਇਹ ਸਮਝਣ ਤੋਂ ਅਸਮਰੱਥ ਹੁੰਦਾ ਹੈ ਕਿ ਉਹ ਆਖਿਰ ਕਰੇ ਤਾਂ ਕੀ ਕਰੇ? ਕੀ ਉਹ ਜਰਮਨ ਹੋਣ ਤੋਂ ਇਨਕਾਰੀ ਹੋ ਜਾਵੇ? ਕੀ ਉਸ ਦੇ ਚੰਗਾ ਇਨਸਾਨ ਬਣਨ ਸਾਰ ਹੀ ਨਰਕ ਗਾਇਬ ਹੋ ਜਾਵੇਗਾ?
ਬਰਬਰਤਾ ਵਿਚੋਂ ਨਿਕਲੀ ਬਰਬਰਤਾ ਬਾਰੇ ਚਲ ਰਹੀ ਗੱਲਬਾਤ ਵੀ ਇਸੇ ਖਾਂਚੇ ਵਿਚ ਫਿਟ ਬੈਠਦੀ ਹੈ। ਬਰਬਰਤਾ ਦਾ ਸੋਮਾ ਬਰਬਰਤਾ ਹੀ ਹੈ ਅਤੇ ਇਸ ਦਾ ਮੁਕਾਬਲਾ ਸਭਿਆਚਾਰ ਰਾਹੀਂ ਹੀ ਕੀਤਾ ਜਾ ਸਕਦਾ ਹੈ ਜੋ ਸਿੱਖਿਆ ਤੋਂ ਹੀ ਵਿਗਸਦਾ ਹੈ। ਇਹ ਸਭ ਕੁਝ ਜੇ ਜ਼ਰਾ ਸੌਖੀ ਭਾਸ਼ਾ ਵਿਚ ਕਿਹਾ ਜਾਵੇ ਤਾਂ ਇਸ ਦਾ ਅਰਥ ਇਹ ਹੋਵੇਗਾ ਕਿ ਇਹ ਗੱਲ ਕਿਸੇ ਅਮਲੀ ਸਰਗਰਮੀ ਲਈ ਰਾਹਦਰੇਸਾ ਨਹੀਂ ਹੋ ਸਕਦੀ ਅਤੇ ਅਸਲੋਂ ਹੀ ਕਿਸੇ ਨੂੰ ਸੰਬੋਧਿਤ ਨਹੀਂ ਹੈ।
ਇਸ ਤਰ੍ਹਾਂ ਦੇ ਅਸਪਸ਼ਟ ਵਿਖਿਆਨ ਕਾਰਨਾਂ ਦੀ ਲੜੀ ਦੀਆਂ ਕੁਝ ਕੜੀਆਂ ਵੱਲ ਹੀ ਸੰਕੇਤ ਕਰਦੇ ਹਨ। ਉਨ੍ਹਾਂ ਦਾ ਹਨੇਰਵਾਦ ਅਸਲੀ ਸ਼ਕਤੀਆਂ ਨੂੰ ਲੁਕਾਉਂਦਿਆਂ ਤਬਾਹੀ ਲਈ ਰਾਹ ਪੱਧਰਾ ਕਰਦਾ ਹੈ। ਜੇ ਇਸ ਮਸਲੇ ‘ਤੇ ਰੋਸ਼ਨੀ ਪਵੇ ਤਾਂ ਇਕਦਮ ਹੀ ਇਹ ਪ੍ਰਤੀਤ ਹੋਵੇਗਾ ਕਿ ਬਿਪਤਾਵਾਂ ਦਾ ਕਾਰਨ ਕੁਝ ਖਾਸ ਬੰਦੇ ਹੀ ਹੁੰਦੇ ਹਨ। ਅਸੀਂ ਉਨ੍ਹਾਂ ਸਮਿਆਂ ਵਿਚ ਰਹਿੰਦੇ ਹਾਂ ਜਿਥੇ ਬੰਦੇ ਦੀ ਹੋਣੀ ਦਾ ਫੈਸਲਾ ਬੰਦੇ ਹੀ ਕਰਦੇ ਹਨ। ਫਾਸ਼ੀਵਾਦ ਕੋਈ ਕੁਦਰਤੀ ਕਰੋਪੀ ਨਹੀਂ ਜਿਸ ਨੂੰ ‘ਮਨੁੱਖੀ ਸੁਭਾਅ’ ਦੀ ਪਰਿਭਾਸ਼ਾ ਵਜੋਂ ਸਮਝਿਆ ਜਾ ਸਕੇ। ਫਿਰ ਵੀ ਜਦੋਂ ਅਸੀਂ ਕੁਦਰਤੀ ਆਫਤਾਂ ਦਾ ਸਾਹਮਣਾ ਕਰਦੇ ਹਾਂ ਤਾਂ ਉਨ੍ਹਾਂ ਨੂੰ ਇਸ ਤਰ੍ਹਾਂ ਦਰਸਾਉਣ ਦੇ ਕਈ ਤਰੀਕੇ ਹਨ, ਮਨੁੱਖ ਦੇ ਅਨਕੂਲ ਹਨ ਕਿਉਂਕਿ ਉਹ ਮਨੁੱਖ ਦੀ ਜਝਾਰੂ ਆਤਮਾ ਨੂੰ ਭਾਅ ਜਾਂਦੇ ਹਨ।
ਯੋਕੋਹਾਮਾ ਸ਼ਹਿਰ ਦੀ ਭੂਚਾਲ ਨਾਲ ਤਬਾਹੀ ਤੋਂ ਬਾਅਦ ਕਈ ਅਮਰੀਕੀ ਮੈਗਜ਼ੀਨਾਂ ਨੇ ਮਲਬੇ ਦੇ ਢੇਰਾਂ ਦੀਆਂ ਤਸਵੀਰਾਂ ਛਾਪੀਆਂ ਸਨ ਜਿਨ੍ਹਾਂ ਦੇ ਸਿਰਲੇਖ ਸਨ: ਫੌਲਾਦ ਖੜ੍ਹਾ ਹੈ ਅਤੇ ਯਕੀਨਨ ਭਾਵੇਂ ਪਹਿਲੀ ਨਜ਼ਰੇ ਸਿਰਫ ਮਲਬਾ ਹੀ ਨਜ਼ਰੀ ਪੈਂਦਾ ਹੈ, ਪਰ ਸਿਰਲ਼ੇਖ ਪੜ੍ਹਦਿਆਂ-ਪੜ੍ਹਦਿਆਂ ਵੀ (ਹਾਲੇ ਵੀ) ਨਿਗ੍ਹਾ ਸਬੂਤੀਆਂ ਖੜ੍ਹੀਆਂ ਇਮਾਰਤਾਂ ‘ਤੇ ਟਿਕ ਜਾਂਦੀ ਹੈ। ਭੂਚਾਲ ਬਾਰੇ ਅਸੰਖ ਵਿਖਿਆਨਾਂ ‘ਚ ਉਸਰੀ ਇੰਜਨੀਅਰ ਵੱਲੋਂ ਸਰਕਣ, ਦਬਾਉ ਦੇ ਜ਼ੋਰ ਅਤੇ ਇਸ ਤਰ੍ਹਾਂ ਦੀਆਂ ਹੋਰ ਚੀਜ਼ਾਂ ਬਾਰੇ ਕੀਤੀ ਵਿਆਖਿਆ ਮਹਤੱਵਪੂਰਨ ਹੁੰਦੀ ਹੈ, ਕਿਉਂਕਿ ਇਹੀ ਵਿਆਖਿਆ ਭਵਿਖੀ ਉਸਾਰੀ ਲਈ ਰਾਹ ਪੱਧਰਾ ਕਰਨਗੀਆਂ ਜੋ ਭੂਚਾਲ ਨੂੰ ਸਹਿਣ ਸਕਣ ਦੇ ਸਮਰੱਥ ਹੋਣ।
ਜੇ ਕੋਈ ਫਾਸ਼ੀਵਾਦ ਤੇ ਜੰਗ ਦਾ ਵਿਵਰਨ ਕਰਨਾ ਚਾਹੁੰਦਾ ਹੈ, ਉਨ੍ਹਾਂ ਤਬਾਹੀਆਂ ਦਾ ਵੀ ਜਿਹੜੀਆਂ ਕੁਦਰਤੀ ਆਫਤਾਂ ਨਹੀਂ ਹਨ ਤਾਂ ਉਸ ਨੂੰ ਇਹ ਕੰਮ ਹਕੀਕੀ ਅਰਥਾਂ ਵਿਚ ਹੀ ਕਰਨਾ ਪਵੇਗਾ। ਉਸ ਨੂੰ ਇਹ ਸਾਬਿਤ ਕਰਨਾ ਪਵੇਗਾ ਕਿ ਇਹ ਤਬਾਹੀਆਂ ਹਾਕਮ ਜਮਾਤ ਦੁਆਰਾ ਬਹੁਗਿਣਤੀ ਮਜ਼ਦੂਰਾਂ ਨੂੰ ਕਾਬੂ ਕਰਨ ਲਈ ਆਰੰਭੀਆਂ ਗਈਆਂ ਹਨ। ਜੇ ਕੋਈ ਸਚੱਮੁਚ ਹੀ ਇਨ੍ਹਾਂ ਚੰਦਰੀਆਂ ਹਾਲਤਾਂ ਬਾਰੇ ਲਿਖਣਾ ਚਾਹੁੰਦਾ ਹੈ ਤਾਂ ਜੋ ਇਨ੍ਹਾਂ ਤਬਾਹੀਆਂ ਨੂੰ ਟਾਲਣਯੋਗ ਕਾਰਨਾਂ ਦੀ ਸ਼ਨਾਖਤ ਹੋ ਸਕੇ।
ਜੇ ਇਨ੍ਹਾਂ ਕਾਰਨਾਂ ਦੀ ਸ਼ਨਾਖਤ ਸੰਭਵ ਹੈ ਤਾਂ ਬਦੀ ਨਾਲ ਲੜਨਾ ਵੀ ਸੰਭਵ ਹੈ।