ਇਕ ਰੰਗਕਰਮੀ ਦਾ ਸੁਪਨਾ: ਪਿੰਡ ਵਿਚ ਨਾਟਕ

ਡਾ. ਸਾਹਿਬ ਸਿੰਘ
ਫੋਨ: +91-98880-11096
ਅੱਜ ਪੰਜਾਬ ਦਾ ਪਿੰਡ ਸੁੰਨਾ ਹੈ, ਉਦਾਸ ਹੈ; ਫ਼ਸਲੀ ਘਾਟਿਆਂ ਨਾਲ ਘੁਲਦਾ ਕਿਸਾਨ ਖ਼ੁਦਕੁਸ਼ੀਆਂ ਦੇ ਰਾਹ ਪੈ ਗਿਆ ਹੈ। ਦਿਸ਼ਾਹੀਣ ਨੌਜਵਾਨ ਨਸ਼ਿਆਂ ਦੀ ਦਲਦਲ ‘ਚ ਧਸਿਆ ਹੋਇਆ ਹੈ। ਬਜ਼ੁਰਗ ਦੁਖੀ ਹਨ, ਮਾਵਾਂ ਪ੍ਰੇਸ਼ਾਨ ਹਨ। ਸੱਥਾਂ ਰੁੰਡ-ਮਰੁੰਡ ਹੋਈਆਂ ਪਈਆਂ ਹਨ। ਖੇਤ ਫ਼ਸਲਾਂ ਦਾ ਜਣੇਪਾ ਸਹਿ-ਸਹਿ ਕੇ ਹੰਭ ਚੁੱਕੇ ਹਨ। ਹਾਕਮਾਂ ਦੇ ਫ਼ਿਕਰਾਂ ‘ਚੋਂ ਪਿੰਡ ਨਦਾਰਦ ਹੋ ਗਿਆ ਹੈ। ਪਿੰਡ ਜੇ ਹਾਲੇ ਵੀ ਜ਼ਿੰਦਾ ਹੈ ਤਾਂ ਆਪਣੇ ਦਮ ‘ਤੇ, ਆਪਣੇ ਸਿਰੜੀ ਧੀਆਂ-ਪੁੱਤਰਾਂ ਦੇ ਸਿਰ ‘ਤੇ। ਪਿੰਡ ਬਿਮਾਰ ਹੈ ਪਰ ਮਰਿਆ ਨਹੀਂ।

ਪਿੰਡ ਦੀਆਂ ਜੜ੍ਹਾਂ ਡੂੰਘੀਆਂ ਹਨ, ਸੌਖਿਆਂ ਇਸ ਦੀ ਚਕਲੀ ਨਹੀਂ ਨਿਕਲ ਸਕਦੀ।
ਕੀ ਪਿੰਡ ਰੰਗਮਚ ਵੱਲ ਆਸ ਭਰੀਆਂ ਨਜ਼ਰਾਂ ਨਾਲ ਤੱਕ ਰਿਹਾ ਹੈ? ਹੋ ਸਕਦੈ ਨਹੀਂ… ਸ਼ਾਇਦ ਉਸ ਦਾ ਭੋਲਾਪਨ ਤੇ ਥੱਕਿਆ ਕਿਰਤੀ ਮਨ ਇਹ ਸੋਚਣ ਦੇ ਸਮਰੱਥ ਨਾ ਹੋਵੇ ਕਿ ਰੰਗਮੰਚ ਉਸ ਦਾ ਕੁਝ ਸੁਆਰ ਸਕਦਾ ਹੈ… ਪਰ ਰੰਗਮੰਚ ਤਾਂ ਸਿਆਣਪ ‘ਚੋਂ ਨਿਕਲੀ ਕਲਾ ਹੈ, ਫ਼ਿਕਰਮੰਦੀ ਇਸ ਦਾ ਆਧਾਰ ਹੈ। ਦਰਸ਼ਕ ਦੀ ਹੋਂਦ ਦਾ ਅਹਿਸਾਸ ਇਸ ਦੇ ਅੰਦਰ ਸਮਾਇਆ ਹੈ। ਫਿਰ ਕੀ ਰੰਗਮੰਚ ਦੀਆਂ ਨਿਗਾਹਾਂ ਔਕੜਾਂ ‘ਚ ਘਿਰੇ ਪਿੰਡ ਦਾ ਜਾਇਜ਼ਾ ਲੈਣ ਲਈ ਤਤਪਰ ਹਨ? ਕੀ ਰੰਗਮੰਚ ਆਪਣੀ ਜ਼ਿੰਮੇਵਾਰੀ ਸਮਝਦਾ ਹੈ। ਕੀ ਰੰਗਮੰਚ ਵਿਹਾਰਕ ਪੱਧਰ ‘ਤੇ ਇਹ ਜਾਣਦਾ ਹੈ ਕਿ ਪਿੰਡ ਉਸ ਦੀ ਕਲਾ ਦਾ ਭਰਪੂਰ, ਸਰਗਰਮ, ਮੁੱਲਵਾਨ ਕਾਰਜ ਖੇਤਰ ਹੋ ਸਕਦਾ ਹੈ।
ਅੱਜ ਰੰਗਮੰਚ ਚੜ੍ਹਦੀ ਕਲਾ ਵਿਚ ਹੈ, ਨਿਰਾਸ਼ ਸੁਰਾਂ ਦਾ ਤਿਆਗ ਕਰਕੇ ਬੁਲੰਦ ਸਰਗਮ ਛੋਹ ਰਿਹਾ ਹੈ। ਰੰਗਮੰਚ ਪਹਿਲਾਂ ਤੋਂ ਵਧੇਰੇ ਅਮੀਰ ਹੋਇਆ ਹੈ। ਕੀ ਇਸ ਅਮੀਰੀ ਦਾ ਤਣਾਅਗ੍ਰਸਤ ਪਿੰਡ ਨਾਲ ਕੋਈ ਸੱਜਰਾ ਰਿਸ਼ਤਾ ਜੁੜ ਸਕਦਾ ਹੈ। ਪੰਜਾਬੀ ਰੰਗਮੰਚ ਦਾ ਜਦੋਂ ਮੁੱਢ ਬੱਝਦਾ ਹੈ ਤਾਂ ਆਇਰਲੈਂਡ ਤੋਂ ਆਈ ਨੋਰਾ ਰਿਚਰਡਜ਼ ਦੀ ਪ੍ਰੇਰਨਾ ਸਦਕਾ ਆਈ.ਸੀ. ਨੰਦਾ, ਸ਼ਾਂਤੀ ਸਰੂਪ ਭਟਨਾਗਰ, ਸਾਹਨੀ ਜਿਹੜੇ ਨਾਟਕ ਲਿਖਦੇ ਹਨ, ਉਨ੍ਹਾਂ ਦੇ ਵਿਸ਼ੇ ਪੇਂਡੂ ਜ਼ਿੰਦਗੀ ਨਾਲ ਜੁੜੇ ਹੋਏ ਹਨ। ਪਿੰਡ ਦਾ ਰਹਿਣ-ਸਹਿਣ, ਪਹਿਰਾਵਾ, ਪੇਂਡੂ ਮੁਹਾਵਰੇ ਇਨ੍ਹਾਂ ਵਿਚ ਹਨ ਤੇ ਇਸ ਪਰੰਪਰਾ ਨੂੰ ਪੰਜਾਬੀ ਨਾਟਕਕਾਰਾਂ ਨੇ ਹੁਣ ਤਕ ਸੰਭਾਲਿਆ ਹੋਇਆ ਹੈ। ਪੰਜਾਬੀ ਨਾਟਕ ਦੇ ਅੱਸੀ ਫ਼ੀਸਦੀ ਪਾਤਰ ਪੇਂਡੂ ਧਰਾਤਲ ਦੇ ਹਨ। ਹਰ ਵਿਸ਼ੇ ਦੀ ਤੰਦ ਪਿੰਡ ਨਾਲ ਜੁੜੀ ਹੋਈ ਹੈ। ਫਿਰ ਕੀ ਕਾਰਨ ਹੈ ਕਿ ਪਿੰਡ ਭਰਪੂਰ ਰੰਗਮੰਚੀ ਊਰਜਾ ਤੋਂ ਵਿਰਵਾ ਹੈ?
ਪਿੰਡ ਵਿਚ ਗੁਰਦੁਆਰਾ ਹੈ, ਸਕੂਲ, ਧਰਮਸ਼ਾਲਾ ਹੈ, ਖੇਡ ਮੈਦਾਨ ਹੈ ਪਰ ਰੰਗਮੰਚ ਲਈ ਕੋਈ ਥਾਂ ਕਿਉਂ ਨਹੀਂ ਹੈ? ਪਿੰਡ ਕਿਸੇ ਵੱਡੇ ਮਸਲੇ ਨੂੰ ਨਜਿੱਠਣ ਲਈ ਸਿਰ ਜੋੜ ਬੈਠਣ ਅਤੇ ਮਿਲ ਕੇ ਹੰਭਲਾ ਮਾਰਨ ਦਾ ਤੱਤ ਸਾਂਭੀ ਬੈਠਾ ਹੈ। ਫਿਰ ਪਿੰਡ ਦੀਆਂ ਸ਼ਾਮਾਂ ਆਜਾਈਂ ਕਿਉਂ ਗੁਆਚ ਰਹੀਆਂ ਹਨ? ਇਨ੍ਹਾਂ ਸ਼ਾਮਾ ਦਾ ਨਾੜੂਆਂ ਜ਼ਿੰਦਗੀ ਦੇ ਵਿਪਰੀਤ ਜਾਂਦੀਆਂ ਗਤੀਵਿਧੀਆਂ ਨਾਲ ਕਿਉਂ ਨਰੜਿਆ ਹੋਇਆ ਹੈ? ਕਿਉਂ ਨਹੀਂ ਹਰ ਪਿੰਡ ਵਿਚ ਖੁੱਲ੍ਹਾ ਰੰਗਮੰਚ ਉਸਾਰ ਲਿਆ ਜਾਂਦਾ? ਪਿੰਡ ਦੇ ਗੱਭਰੂਆਂ, ਮੁਟਿਆਰਾਂ, ਬੱਚਿਆਂ, ਸ਼ੌਕ ਰੱਖਦੇ ਅੱਧਖੜ ਪੇਂਡੂਆਂ, ਬਜ਼ੁਰਗਾਂ ਨੂੰ ਇਸ ਰੌਚਕ ਖੇਡ ਦਾ ਹਿੱਸਾ ਕਿਉਂ ਨਹੀਂ ਬਣਾ ਲਿਆ ਜਾਂਦਾ? ਕੀ ਇਹ ਸੰਭਵ ਨਹੀਂ ਕਿ ਹਰ ਪਿੰਡ ਦੇ ਵਸਨੀਕ ਆਪਣੇ ਵਾਧੂ ਸਮੇਂ ਅੰਦਰ ਖੁੱਲ੍ਹੇ ਰੰਗਮੰਚ ਅੰਦਰ ਮਿਲ ਬੈਠਣ? ਕੋਈ ਬਜ਼ੁਰਗ ਪੁਰਾਣਾ ਕਿੱਸਾ ਛੋਹ ਲਵੇ, ਨੌਜਵਾਨ ਆਪਣੀਆਂ ਗੱਲਾਂ ਕਰਨ, ਮੁਟਿਆਰਾਂ ਆਪਣੇ ਵਲਵਲਿਆਂ ਨੂੰ ਜ਼ੁਬਾਨ ਦੇਣ ਅਤੇ ਇਸ ਸਭ ਨੂੰ ਰਿੜਕ ਕੇ ਭਰਪੂਰ ਨਾਟਕੀ ਸਮੱਗਰੀ ਵਿਚ ਰੂਪਾਂਤਰਿਤ ਕਰ ਲਿਆ ਜਾਵੇ। ਫਿਰ ਪਿੰਡ ਦੇ ਪ੍ਰਦੂਸ਼ਣ ਰਹਿਤ ਖੁੱਲ੍ਹੇ ਅੰਬਰ ਹੇਠਾਂ ਨਾਟਕ ਰਿਹਰਸਲ ਦੀਆਂ ਆਵਾਜ਼ਾਂ ਗੂੰਜਣ। ਹੁਣ ਪਹਿਲਾਂ ਵਾਂਗ ਖੇਡ ਮੈਦਾਨ ਵਿਚ ਗੱਭਰੂ ਖੇਡਾਂ ਨਹੀਂ ਖੇਡਦੇ ਤੇ ਅਧਖੜ੍ਹ ਬਾਹਰ ਬੈਠ ਕੇ ਇਸ ਦਾ ਆਨੰਦ ਨਹੀਂ ਮਾਣਦੇ। ਕਿਉਂ ਨਾ ਇਨ੍ਹਾਂ ਨੂੰ ਨਵੀਂ ਖੇਡ ਦੇ ਲੜ ਲਾਇਆ ਜਾਵੇ।
ਹਰ ਪਿੰਡ ਵਿਚ ਵਾਧੂ ਪੰਚਾਇਤੀ ਜ਼ਮੀਨ ਮੌਜੂਦ ਹੈ, ਉਸ ਜ਼ਮੀਨ ‘ਤੇ ਖੁੱਲ੍ਹਾ ਰੰਗਮੰਚ ਉਸਾਰਨਾ ਬਹੁਤਾ ਔਖਾ ਨਹੀਂ। ਪਿੰਡਾਂ ਦੇ ਨੌਜਵਾਨ ਵਿਦੇਸ਼ਾਂ ਅੰਦਰ ਬੈਠੇ ਹਨ। ਉਨ੍ਹਾਂ ਦਾ ਸਹਿਯੋਗ ਲਿਆ ਜਾ ਸਕਦਾ ਹੈ। ਭਰਪੂਰ ਆਕਾਰ ਦਾ ਮੰਚ ਉਸਾਰਿਆ ਜਾਵੇ, ਕਲਾਕਾਰਾਂ ਦੇ ਤਿਆਰ ਹੋਣ ਲਈ ਖੁੱਲ੍ਹੇ ਕਮਰੇ, ਦਰਸ਼ਕਾਂ ਦੇ ਬੈਠਣ ਲਈ ਢਲਾਨ ਵਾਲੀਆਂ ਪੌੜੀਆਂ, ਪਿੰਡ ਖਿੜ ਉਠੇਗਾ। ਸੁਆਣੀਆਂ ਨੂੰ ਰੋਟੀ-ਪਾਣੀ ਦਾ ਆਹਰ ਮੁਕਾ ਕੇ ਟੀ.ਵੀ. ‘ਤੇ ਆਉਂਦੇ ਨੀਰਸ ਪ੍ਰੋਗਰਾਮ ਨਹੀਂ ਸਹਿਣੇ ਪੈਣਗੇ। ਉਹ ਚਾਅ ਨਾਲ ਆਪਣੇ ਪੁੱਤਾਂ-ਧੀਆਂ ਨੂੰ ਮੰਚ ‘ਤੇ ਕਰਤਬ ਦਿਖਾਉਂਦੇ ਦੇਖ ਸਕਦੀਆਂ ਹਨ। ਸਮਾਂ ਕਰਵਟ ਲੈ ਸਕਦਾ ਹੈ। ਇਕ ਦਿਨ ਉਹ ਖ਼ੁਦ ਮੰਚ ‘ਤੇ ਮੰਜੇ-ਪੀੜ੍ਹੀਆਂ ਡਾਹ ਕੇ ਕਿੱਸਾਗੋਈ ਦਾ ਮੁੜ ਮੌਕਾ ਦੇ ਸਕਦੀਆਂ ਹਨ। ਭੰਗੜੇ, ਗਿੱਧੇ, ਲੋਰੀਆਂ ਪਿੰਡ ਦੀ ਆਬੋ-ਹਵਾ ਨੂੰ ਝੂਮਣ ਲਾ ਸਕਦੀਆਂ ਹਨ। ਸਮਾਂ, ਸਥਾਨ, ਸ਼ਕਤੀ ਦੀ ਕਮੀ ਨਹੀਂ ਹੈ; ਬਸ ਰੂਹ ਨਾਲ ਇਕ ਪੱਥਰ ਅਸਮਾਨ ਵੱਲ ਉਲਾਰਨ ਦੀ ਲੋੜ ਹੈ… ਛੇਕ ਆਪਣੇ ਆਪ ਹੋ ਜਾਵੇਗਾ। ਅਜੇ ਰੰਗਮੰਚ ਦੂਰੋਂ ਚੱਲ ਕੇ ਪਿੰਡ ਪਹੁੰਚਦਾ ਹੈ, ਵਿਥ ਕਾਇਮ ਹੈ। ਪਿੰਡ ਦਾ ਵਸਨੀਕ ਸ਼ਹਿਰ ‘ਚ ਹੁੰਦੇ ਰੰਗਮੰਚ ਤਕ ਪਹੁੰਚ ਨਹੀਂ ਰਿਹਾ, ਇਹ ਵਿਥ ਪੂਰੀ ਜਾ ਸਕਦੀ ਹੈ।
ਹਰ ਮਹੀਨੇ ਪਿੰਡ ਸੰਗਰਾਂਦ ਮਨਾਉਂਦਾ ਹੈ, ਇਕ ਦਿਨ ਰੰਗਮੰਚ ਲਈ ਰੱਖ ਲਿਆ ਜਾਵੇ। ਰੰਗਮੰਚ ਕਵਿਤਾ, ਕਹਾਣੀ, ਨਾਵਲ, ਪੇਂਟਿੰਗ ਨੂੰ ਵੀ ਪੇਸ਼ ਕਰਦਾ ਹੈ। ਪਿੰਡ ਦਾ ਰੰਗਮੰਚ ਖੜ੍ਹਾ ਹੋ ਗਿਆ ਤਾਂ ਖੇਤੀ ਆਧਾਰਿਤ ਨਾਟਕ ਵੀ ਬਣਨਗੇ, ਫ਼ਸਲਾਂ ਦੀਆਂ ਕਿਸਮਾਂ ਵੀ ਨਾਟਕਾਂ ਦੇ ਸੰਵਾਦ ਬਣ ਜਾਣਗੀਆਂ। ਪਿੰਡ ਦਾ ਟੋਭਾ ਮੰਚ ‘ਤੇ ਆ ਬੈਠੇਗਾ ਤੇ ਕਿਸੇ ਲੰਬੀ ਦਾੜ੍ਹੀ ਵਾਲੇ ਬੁੱਢੇ-ਠੇਰੇ ਵਾਂਗ ਹਿੱਲਦੀ-ਕੰਬਦੀ ਆਵਾਜ਼ ‘ਚ ਮਸਕਰੀਆਂ ਕਰਨ ਲੱਗ ਪਵੇਗਾ। ਪਿੰਡ ਆਪਣੇ ਮਸਲਿਆਂ ਨੂੰ ਆਵਾਜ਼ ਦੇਣ ਲਈ ਇਸ ਮੰਚ ਦਾ ਇਸਤੇਮਾਲ ਕਰ ਸਕਦਾ ਹੈ।
ਪਿੰਡ ਆਪਣਾ ਨਾਟਕ ਖ਼ੁਦ ਸਿਰਜੇਗਾ… ਕੱਚਾ, ਪੱਕਾ, ਅੱਧਪਕਾ, ਨੁਕੀਲੇ ਪੱਥਰਾਂ ਵਰਗਾ ਪਰ ਅਸਰਦਾਰ ਹੋਏਗਾ। ਪਿੰਡ ਪ੍ਰਾਹੁਣਿਆਂ ਦੀ ਉਡੀਕ ‘ਚ ਰਹਿੰਦਾ ਹੈ, ਹੱਥੀਂ ਛਾਂ ਵੀ ਕਰਦਾ ਹੈ, ਵਿਤ ਅਨੁਸਾਰ ਪ੍ਰਾਹੁਣਚਾਰੀ ਵੀ ਕਰਦਾ ਹੈ; ਇਸ ਲਈ ਕਦੀ-ਕਦਾਈਂ ਪਿੰਡ ਕਿਸੇ ਪ੍ਰਾਹੁਣਾ-ਪੇਸ਼ਕਾਰੀ ਦਾ ਆਨੰਦ ਵੀ ਮਾਣ ਸਕਦਾ ਹੈ। ਸੰਭਾਵਨਾ ਹੈ ਕਿ ਸ਼ਾਮਾਂ ਵੇਲੇ ਜਦੋਂ ਪਿੰਡ ਨੂੰ ਰਾਜਨੀਤੀ ਮਘਾਉਣ ਦੀ ਹੁੜਕ ਜਾਗਦੀ ਹੈ, ਗਭਰੇਟ-ਨਸਾਂ ਟੀਕਿਆਂ ਵੱਲ ਭੱਜਣ ਲਈ ਉਤਾਵਲੀਆਂ ਹੋ ਉਠਦੀਆਂ ਹਨ, ਸਮਾਰਟ ਫੋਨ ਚੁੰਬਕ ਬਣ ਪਿੰਡ ਦਾ ਖਰਾ ਲੋਹਾ ਆਪਣੇ ਵੱਲ ਖਿੱਚ ਰਿਹਾ ਹੁੰਦਾ ਹੈ, ਅਣਥੱਕੇ ਜਿਸਮ, ਨੀਂਦ ਖ਼ਰੀਦਣ ਲਈ ਤਰਲੋਮੱਛੀ ਹੋ ਰਹੇ ਹੁੰਦੇ ਹਨ, ਉਦੋਂ ਪਿੰਡ ਦਾ ਰੰਗਮੰਚ ਤਾਜ਼ੀ ਹਵਾ ਦਾ ਬੁੱਲਾ ਬਣ ਰੁਮਕਣ ਲੱਗ ਜਾਵੇ। ਪਿੰਡ ਨੂੰ ਸੱਜਰਾ ਰੁਝੇਵਾਂ ਮਿਲ ਜਾਵੇ।
ਨਾਟਕ ਸਮਾਪਤੀ ਤੋਂ ਬਾਅਦ ਘਰਾਂ ਨੂੰ ਪਰਤਦੇ ਪਿੰਡ ਵਾਸੀ ਚਿਹਰਿਆਂ ‘ਤੇ ਖੇੜਾ ਲੈ ਵਿਹੜੇ ਵੜਨ, ਆਪਣੀ ਜ਼ਿੰਦਗੀ ਦੇ ਫ਼ਿਕਰਾਂ ਦੀ ਬਾਂਹ ਫੜ ਇਸ ਨੂੰ ਜਿਉਣ ਲਾਇਕ ਬਣਾਉਣ ਦਾ ਸੁਪਨਾ ਪਾਲਦਿਆਂ ਨੀਂਦ ਨੂੰ ਜੀ ਆਇਆਂ ਕਹਿਣ, ਭੁੱਲੇ-ਭਟਕੇ ਅਰਥਹੀਣ ਜ਼ਿੰਦਗੀ ਜਿਉਂਦੇ ਨੌਜਵਾਨ ਸ਼ਾਇਦ ਕਿਸੇ ਮਕਸਦ ਦੇ ਲੜ ਲੱਗ ਜਾਣ … ਪਿੰਡ ਦੀ ਸੰਘਣੀ ਰਾਤ ਕੀ ਪਤਾ ਕਿਸੇ ਸੋਨ-ਸਵੇਰ ‘ਚ ਕਰਵਟ ਲੈਣ ਦੀ ਹਿੰਮਤ ਜੁਟਾ ਲਵੇ! ਕੀ ਪਤਾ, ਅਜਿਹਾ ਸੱਚ ਹੋ ਜਾਵੇ!! ਸੱਚ ਵੀ ਤਾਂ ਸੁਪਨੇ ਦੇ ਗਰਭ ਅੰਦਰੋਂ ਪੈਦਾ ਹੁੰਦਾ ਹੈ। ਆਓ ਸੁਪਨਾ ਲਈਏ!