ਝਾਂਸਾ ਨਹੀਂ ਆਇਆ ਝਾਂਸੀ ਤੋਂ

ਬਲਜੀਤ ਬਾਸੀ
ਇਸ ਕਾਲਮ ਰਾਹੀਂ ਇਹ ਗੱਲ ਕਈ ਵਾਰੀ ਸਾਂਝੀ ਕਰ ਚੁਕੇ ਹਾਂ ਕਿ ਸਮਾਜ ਦੇ ਕਿਸੇ ਪਹਿਲੂ ਧਰਮ, ਰਾਜਨੀਤੀ, ਸਭਿਆਚਾਰ, ਵਿਗਿਆਨ ਆਦਿ ਵਿਚ ਤੀਬਰ ਮਨੁੱਖੀ ਸਰਗਰਮੀ ਕਾਰਨ ਅਨੇਕਾਂ ਸ਼ਬਦ, ਉਕਤੀਆਂ, ਮੁਹਾਵਰੇ, ਨਾਹਰੇ, ਬੋਲੇ ਆਦਿ ਹੋਂਦ ਵਿਚ ਆਉਂਦੇ ਹਨ। ਪੁਰਾਣੇ ਸ਼ਬਦ ਨਵੇਂ ਅਰਥ ਗ੍ਰਹਿਣ ਕਰ ਜਾਂਦੇ ਹਨ। ਰਾਜਨੀਤਕ ਸਰਗਰਮੀਆਂ ਦੌਰਾਨ ਪਾਰਟੀਆਂ ਇੱਕ ਦੂਜੇ ‘ਤੇ ਵਿਅੰਗ ਕੱਸਦੀਆਂ ਹਨ ਤਾਂ ਸ਼ਬਦਾਂ ਤੇ ਵਰਤਣੀਆਂ ਨੂੰ ਕਿਧਰ ਦਾ ਕਿਧਰ ਲੈ ਜਾਂਦੀਆਂ ਹਨ।

ਅੱਜ ਕਲ ਚੌਕੀਦਾਰ ਦੀ ਖੂਬ ਜੱਖਣਾ ਪੁੱਟੀ ਜਾ ਰਹੀ ਹੈ। ਕੋਸ਼ਕਾਰ ਤੇ ਨਿਰੁਕਤਸ਼ਾਸਤਰੀ ਭਾਸ਼ਾ ਵਿਚ ਆਈਆਂ ਇਨ੍ਹਾਂ ਤਬਦੀਲੀਆਂ ਨੂੰ ਨੋਟ ਕਰਦੇ ਹਨ। ਮੇਰੇ ਮਿੱਤਰ ਹਿੰਦੀ ਦੇ ਨਿਰੁਕਤਸ਼ਾਸਤਰੀ ਅਜਿਤ ਵਡਨੇਰਕਰ ਨੇ ਪਿੱਛੇ ਜਿਹੇ ਝਾਂਸਾ ਸ਼ਬਦ ਦਾ ਖੁਰਾ ਖੋਜ ਲੱਭਿਆ ਹੈ। ਪ੍ਰਸੰਗ ਇਹ ਹੈ ਕਿ ਅੱਜ ਕਲ ਚੋਣਾਂ ਦੇ ਦਿਨ ਹਨ ਤੇ ਵਿਭਿੰਨ ਰਾਜਨੀਤਕ ਪਾਰਟੀਆਂ ਇੱਕ ਦੂਜੇ ‘ਤੇ ਝਾਂਸੇਬਾਜ਼ੀ ਕਰਨ ਦਾ ਦੋਸ਼ ਲਾ ਰਹੀਆਂ ਹਨ, ਇਥੋਂ ਤੱਕ ਕਿ ਇੱਕ ਦੂਜੇ ਦੀ ਹਰ ਜਾਇਜ਼-ਨਾਜਾਇਜ਼ ਗੱਲ ਨੂੰ ਝਾਂਸਾ ਗਰਦਾਨਿਆ ਜਾ ਰਿਹਾ ਹੈ। ਅੱਜ ਮੈਂ ਇਸ ਸ਼ਬਦ ਬਾਰੇ ਵਡਨੇਰਕਰ ਦਾ ਲੇਖ ਆਪਣੇ ਸ਼ਬਦਾਂ ਵਿਚ ਪੇਸ਼ ਕਰਨ ਜਾ ਰਿਹਾ ਹਾਂ, ਕੁਝ ਆਪਣੇ ਵਾਧਿਆਂ ਸਮੇਤ।
ਕੁਝ ਦਿਨ ਪਹਿਲਾਂ ਕਾਂਗਰਸ ਪਾਰਟੀ ਨੇ ਆਪਣਾ ਮੈਨੀਫੈਸਟੋ ਜਾਰੀ ਕੀਤਾ ਤਾਂ ਭਾਜਪਾ ਨੇ ਇਸ ਨੂੰ ਝਾਂਸਾ-ਪੱਤਰ ਕਹਿ ਕੇ ਠੁਕਰਾ ਦਿੱਤਾ। ਫਿਰ ਸੰਕਲਪ-ਪੱਤਰ ਦੇ ਨਾਂ ਹੇਠ ਭਾਜਪਾ ਨੇ ਆਪਣੀ ਫੁੱਲਝੜੀ ਚਲਾਈ ਤਾਂ ਕਾਂਗਰਸ ਨੇ ਮੋੜਵੇਂ ਤੌਰ ‘ਤੇ ਇਸ ਨੂੰ ਵੀ ਝਾਂਸਾ-ਪੱਤਰ ਕਹਿ ਕੇ ਇੱਟ ਦਾ ਜਵਾਬ ਇੱਟ ਵਿਚ ਹੀ ਦੇ ਦਿੱਤਾ। ਕਿਸੇ ਨਾਲ ਧੋਖਾਧੜੀ ਕਰਨ ਦੇ ਅਰਥਾਂ ਵਿਚ ਸਾਡੀਆਂ ਭਾਸ਼ਾਵਾਂ ਵਿਚ ਬੋਲਚਾਲ ਦਾ ਸ਼ਬਦ ਝਾਂਸਾ ਪ੍ਰਚਲਿਤ ਹੈ। ਝਾਂਸਾ ਦੇਣਾ ਜਾਂ ਝਾਂਸਾ ਖਾਣਾ ਮੁਹਾਵਰੇ ਵੀ ਖੂਬ ਚਲਦੇ ਹਨ। ਸਮਾਜਕ ਜੀਵਨ ਵਿਚ ਕਈ ਠੱਗ ਕਿਸਮ ਦੇ ਲੋਕ ਨੌਕਰੀਆਂ ਜਾਂ ਵਿਆਹ ਦਾ ਝਾਂਸਾ ਦੇ ਕੇ ਲੋਕਾਂ ਨੂੰ ਫੁਸਲਾ ਲੈਂਦੇ ਹਨ ਤੇ ਝਾਂਸਾ ਖਾਣ ਵਾਲਾ ਹੱਥ ਮਲਦਾ ਹੀ ਰਹਿ ਜਾਂਦਾ ਹੈ।
ਭਾਸ਼ਾ ਵਿਗਿਆਨੀਆਂ ਅਨੁਸਾਰ ਇਸ ਸ਼ਬਦ ਦਾ ਨਾਤਾ ਸੰਸਕ੍ਰਿਤ ਸ਼ਬਦ ‘ਅਧਿਯਾਸ’ ਨਾਲ ਹੈ। ਇਕ ਇਤਲਾਹ ਅਨੁਸਾਰ ਇਸ ਦਾ ਪ੍ਰਾਕ੍ਰਿਤ ਰੂਪ ‘ਅਜਝਾਸ’ ਹੈ। ਅਕਸਰ ‘ਧ’ ਅਤੇ ‘ਯ’ ਰਲ ਕੇ ‘ਝ’ ਵਿਚ ਵਟ ਜਾਂਦੇ ਹਨ। ਅਧਿਆਪਕ ਵਾਲੇ ਲੇਖ ਵਿਚ ਅਸੀਂ ਦੇਖਿਆ ਸੀ ਕਿ ‘ਓਝਾ’ ਸ਼ਬਦ ‘ਉਪਾਧਯਾਯ’ (ਪੰਜਾਬੀ ਉਪਾਧਿਆਇ) ਤੋਂ ਬਣਿਆ ਹੈ। ਓਝਾ ਦਾ ਵਿਕਾਸ ਇਸ ਤਰ੍ਹਾਂ ਹੋਇਆ ਹੋਵੇਗਾ: ਉਪਾਧਯਾਯ> ਉਵਜਝਾਯ> ਉਅਝਾ> ਓਝਾ। ਇਸ ਵਿਚਲੀ ‘ਓ’ ਧੁਨੀ ਅਲੋਪ ਹੋਣ ਨਾਲ ‘ਝਾਅ’ ਹੀ ਰਹਿ ਗਿਆ।
ਸੰਸਕ੍ਰਿਤ ‘ਅਧਯਾਸ’ ਵਿਚ ਆਸਣ ਸਥਾਨ, ਉਪਰ ਬੈਠਣ, ਅਧਿਕਾਰ ਵਿਚ ਕਰਨ ਦੇ ਨਾਲ ਨਾਲ ਮਿਥਿਆ ਆਰੋਪਣ ਦਾ ਆਸ਼ਾ ਵੀ ਹੈ। ਇਹ ਸ਼ਬਦ ਬਣਿਆ ਹੈ, ਆਸਣ ਸ਼ਬਦ ਵਿਚਲੇ ਧਾਤੂ ‘ਆਸ’ ਅੱਗੇ ‘ਅਧਿ’ ਅਗੇਤਰ ਲਾਉਣ ਨਾਲ। ਇਸ ਅਗੇਤਰ ਵਿਚ ਅਧਿਕਤਾ ਦੇ ਅਰਥ ਹਨ ਜਿਵੇਂ ਅਧਿਕਾਰ, ਅਧਿਨਾਇਕ ਸ਼ਬਦਾਂ ਵਿਚ ਮਾਲੂਮ ਕੀਤਾ ਜਾ ਸਕਦਾ ਹੈ। ਇਸ ਵਿਚ ਉਪਰ, ਬੜਤ, ਉਚਾਈ, ਸਿਰੇ ਦੀ ਗੱਲ, ਸ੍ਰੇਸ਼ਟਤਾ ਦੇ ਭਾਵ ਹਨ। ਕੁਲ ਮਿਲਾ ਕੇ ਅਧਿ ਵਿਚ ਅਧਿਕਤਾ ਦੀ ਹੀ ਗੱਲ ਹੈ। ਜਦ ਕੁਰਸੀ ਦੀ ਗੱਲ ਹੋਵੇ ਤਾਂ ਅਧਿਕਤਾਈ ਸੱਤਾ ਤੱਕ ਅਪੜੇਗੀ ਹੀ।
ਆਸਣ ਵਿਚਲੇ ਆਸ ਵਿਚ ਬੈਠਣ, ਲੇਟਣ, ਰਹਿਣ, ਨਿਵਾਸ ਕਰਨ ਦੇ ਭਾਵ ਵੀ ਹਨ ਅਤੇ ਝੂਠ, ਬਨਾਵਟ, ਭ੍ਰਾਂਤੀ, ਚਿੱਟਾ ਝੂਠ, ਚਾਲਬਾਜ਼ੀ, ਕਪਟ ਜਿਹੀ ਗੱਲ ਵੀ ਹੈ। ਇਸ ਦੇ ਨਾਲ ਹੀ ਆਸ ਦਾ ਇੱਕ ਅਰਥ ਬਿਨਾ ਕਿਸੇ ਰੁਕਾਵਟ, ਕੁਝ ਵੀ ਕਰਨਾ ਹੈ। ਆਸਣ ਸ਼ਬਦ ਇਸੇ ਆਸ ਧਾਤੂ ਤੋਂ ਨਿਕਲਿਆ ਹੈ, ਜਿਸ ਦਾ ਅਰਥ ਬੈਠਣਾ, ਬੈਠਣ ਦਾ ਸਥਾਨ, ਕੁਰਸੀ, ਸਿੰਘਾਸਣ ਆਦਿ ਹੈ। ਉਦਾਸ ਸ਼ਬਦ ਵਿਚ ਵੀ ਇਹੋ ਧਾਤੂ ਵੜਿਆ ਹੋਇਆ ਹੈ। ਇਸ ਦੇ ਅੱਗੇ ਉਦ ਅਗੇਤਰ ਲੱਗ ਕੇ ਉਦਾਸ ਬਣਿਆ, ਜਿਸ ਦਾ ਮੁਢਲਾ ਭਾਵ ਪਰੇ ਬੈਠਣ ਤੋਂ ਬਣਦਾ ਹੈ। ਗੁਰੂ ਨਾਨਕ ਦੀਆਂ ਉਦਾਸੀਆਂ ਵਿਚ ਦੁਨੀਆਂ ਤੋਂ ਪਰੇ ਹੋਣ ਦਾ ਆਸ਼ਾ ਹੈ।
ਖੈਰ, ਆਸਣ ਸ਼ਬਦ ਵਿਚ ਆਪਣੀ ‘ਪਦਵੀ ਅਨੁਸਾਰ ਸਥਾਨ’ ਲੈਣ ਤੋਂ ਵੀ ਮੁਰਾਦ ਹੈ। ਆਸਣ ਆਪਣੇ ਤੌਰ ‘ਤੇ ਬੁਧੀ ਅਤੇ ਪ੍ਰਤਿਸ਼ਠਾ ਨਾਲ ਜੁੜਿਆ ਹੈ, ਪਰ ਇਸ ਨਾਲ ‘ਅਧਿ’ ਅਗੇਤਰ ਲੱਗ ਕੇ ਬਣੇ ‘ਅਧਿਯਾਸ’ ਸ਼ਬਦ ਵਿਚ ਉਪਰ ਬੈਠਣਾ ਜਿਹੇ ਅਰਥ ਦਿੰਦਾ ਹੈ। ਉਪਰ ਬੈਠਣ ਦੀ ਸਥਿਤੀ ਦਾ ਮਤਲਬ ਹੈ, ਕਿਸੇ ‘ਤੇ ਹਾਵੀ ਹੋ ਜਾਣਾ। ਉਚਾਈ ਦਾ ਰਿਸ਼ਤਾ ਆਕੜ ਨਾਲ ਹੈ। ਇਸ ਤਰ੍ਹਾਂ ਅਧਿਯਾਸ ਵਿਚ ਅਯੋਗ ਹੁੰਦਿਆਂ ਵੀ ਯੋਗਤਾ ਦਾ ਦਿਖਾਵਾ ਕਰਨਾ, ਆਸਣ ਜਾਂ ਕੁਰਸੀ ਦੇ ਲਾਇਕ ਨਾ ਹੁੰਦਿਆਂ ਵੀ ਇਸ ਦਾ ਰੁਹਬ ਜਮਾਉਣ ਵਾਲੀ ਗੱਲ ਆ ਜਾਂਦੀ ਹੈ।
ਆਪਟੇ ਦੇ ਸੰਸਕ੍ਰਿਤ ਕੋਸ਼ ਵਿਚ ਅਧਿਯਾਸ ਦਾ ਅਰਥ ਮਿਥਿਆ ਆਰੋਪਣ ਹੈ ਅਰਥਾਤ ਝੂਠੀ ਛਵੀ, ਖੁਦ ਨੂੰ ਇਸ ਤਰ੍ਹਾਂ ਪੇਸ਼ ਕਰਨਾ, ਜੋ ਹਕੀਕਤ ਨਹੀਂ, ਇਸ ਤਰ੍ਹਾਂ ਰੁਹਬ ਜਤਾਉਣਾ ਕਿ ‘ਮੈਂ ਹਾਂ ਤਾਂ ਸਭ ਮੁਮਕਿਨ ਹੈ।’ ਕੁਝ ਇਸ ਤਰ੍ਹਾਂ ਜਿਵੇਂ ਰੱਸੀ ਨੂੰ ਸੱਪ ਸਮਝ ਬੈਠਣਾ। ਅਧਿਯਾਸ ਨਾਲ ਮੁੱਖ ਤੌਰ ‘ਤੇ ਭਰਮ ਤੋਂ ਪੈਦਾ ਹੋਇਆ ਗਿਆਨ ਹੈ, ਪਰ ਆਮ ਲੋਕਾਂ ਦੀਆਂ ਨਜ਼ਰਾਂ ਵਿਚ ਇਸ ਦਾ ਵਿਸਤਾਰ ਝੂਠ, ਕਪਟ, ਜਾਅਲਸਾਅਜ਼ੀ, ਠੱਗੀ ਠੋਰੀ ਗੱਲ ਕਿ ਝਾਂਸਾ ਹੋ ਨਿਬੜਿਆ।
ਭਾਜਪਾ ਅਤੇ ਕਾਂਗਰਸ ਇੱਕ ਦੂਜੇ ਦੇ ਮੈਨੀਫੈਸਟੋ ਨੂੰ ਝਾਂਸਾਪੱਟੀ ਕਹਿ ਰਹੇ ਹਨ। ਇਸ ਵਿਚਲੇ ਪੱਟੀ ਸ਼ਬਦ ਵਿਚ ਨਿਹਿਤ ਪਾਠ ਦਾ ਭਾਵ ਸਾਫ ਪੜ੍ਹਿਆ ਜਾ ਸਕਦਾ ਹੈ। ਵਿਦਿਆਰਥੀਆਂ ਨੂੰ ਪੱਟੀ (ਫੱਟੀ) ‘ਤੇ ਪੜ੍ਹਾਇਆ ਜਾਂਦਾ ਹੈ, ਇਸ ਲਈ ਪੱਟੀ ਸ਼ਬਦ ਵਿਚ ਪੜ੍ਹਨ ਦੇ ਸੰਕੇਤ ਆ ਗਏ ਹਨ। ਧਿਆਨ ਦਿਓ, ਕਿਸੇ ਨੂੰ ‘ਪੱਟੀ ਪੜਾ੍ਹਉਣਾ’ ਮੁਹਾਵਰੇ ਵੱਲ। ਆਪਣਾ ਮਤਲਬ ਸਿੱਧ ਕਰਨ ਲਈ ਜ਼ਬਰਦਸਤੀ ਆਪਣੇ ਗਿਆਨ ਦਾ ਰੁਹਬ ਪਾਉਣਾ, ਖੁਦ ਨੂੰ ਆਹਲਾ ਸਾਬਿਤ ਕਰਨਾ, ਕਿਸੇ ਨੂੰ ਧੋਖੇ ਵਿਚ ਰੱਖਣਾ, ਵਰਗਲਾਉਣਾ ਆਦਿ ਜਿਹੇ ਭਾਵ ਝਾਂਸੇ ਵਿਚ ਆਉਂਦੇ ਹਨ। ਝਾਂਸਾ ਸ਼ਬਦ ਪਿਛੇ ਫਾਰਸੀ ਪਿਛੇਤਰ ‘ਬਾਜ਼’ ਲੱਗ ਕੇ ਝਾਂਸੇਬਾਜ਼ ਬਣ ਗਿਆ। ਬਾਜ਼ ਅਗੇਤਰ ਦਾ ਅਰਥ ਹੁੰਦਾ ਹੈ, ਖੇਡਣ ਵਾਲਾ ਜਿਵੇਂ ਕਬੂਤਰਬਾਜ਼, ਪਤੰਗਬਾਜ਼, ਸ਼ੋਸ਼ੇਬਾਜ਼। ਸੋ, ਝਾਂਸੇਬਾਜ਼ ਦਾ ਮਤਲਬ ਹੋਇਆ, ਝਾਂਸਾ ਦੇਣ ਵਾਲਾ, ਵਰਗਲਾਉਣ ਵਾਲਾ। ਝਾਂਸਾਬਾਜ਼ੀ ਵੀ ਜਾਣੋਂ ਇੱਕ ਖੇਡ ਹੀ ਹੈ, ਜੋ ਦੂਜਿਆਂ ਨੂੰ ਠੱਗ ਕੇ ਖੇਡੀ ਜਾਂਦੀ ਹੈ। ਪਰ ਖੇਦ ਹੈ, ਝਾਂਸਾ ਖਾਣ ਵਾਲੇ ਲਈ ਕੋਈ ਸ਼ਬਦ ਨਹੀਂ ਬਣਿਆ। ਕੀ ਝਾਂਸੇਪੱਟਿਆ ਚੱਲ ਸਕਦਾ ਹੈ? ਵਡਨੇਰਕਰ ਨੇ ਝਾਂਸਾਗ੍ਰਸਤ ਸੁਝਾਇਆ ਹੈ।