ਪਲ ਪਲ ਦੀ ਪਰਿਕਰਮਾ

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੀ ਵਾਰਤਕ ਵਿਚ ਕਾਵਿ-ਰੰਗ ਇੰਨਾ ਭਾਰੂ ਹੁੰਦਾ ਹੈ ਕਿ ਕਈ ਵਾਰ ਤਾਂ ਭੁਲੇਖਾ ਪੈਂਦਾ ਹੈ ਕਿ ਇਹ ਵਾਰਤਕ ਹੈ ਜਾਂ ਕਵਿਤਾ। ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਜਲ੍ਹਿਆਂ ਵਾਲੇ ਬਾਗ ਦੇ ਸਾਕੇ ਲਈ ਜ਼ਿੰਮੇਵਾਰ ਜਨਰਲ ਓਡਵਾਇਰ ਨੂੰ ਗੋਲੀ ਮਾਰ ਕੇ ਬਦਲਾ ਲੈਣ ਵਾਲੇ ਸ਼ਹੀਦ ਊਧਮ ਸਿੰਘ ਨੂੰ ਆਪਣੇ ਨਿਵੇਕਲੇ ਅੰਦਾਜ਼ ਵਿਚ ਸ਼ਰਧਾਂਜਲੀ ਭੇਟ ਕੀਤੀ ਸੀ, “ਕੁਝ ਲੋਕ ਸਿਰਫ ਸਿੰਘ, ਰਾਮ ਜਾਂ ਮੁਹੰਮਦ ਬਣ ਕੇ ਹੀ ਸੰਤੁਸ਼ਟ ਹੁੰਦੇ, ਪਰ ਵਿਰਲੇ ਹੀ ਹੁੰਦੇ, ਜੋ ਰਾਮ ਮੁਹੰਮਦ ਸਿੰਘ ਆਜ਼ਾਦ ਬਣ ਕੇ ਆਪਣੇ ਆਪ ਨੂੰ ਸਮੁੱਚੀ ਮਨੁੱਖਤਾ ਦਾ ਪ੍ਰਤੀਨਿਧ ਸਾਬਤ ਕਰਦੇ।”

ਹਥਲੇ ਲੇਖ ਵਿਚ ਉਹ ਜ਼ਿੰਦਗੀ ਦੇ ਪਲਾਂ-ਛਿਣਾਂ ਦਾ ਲੇਖਾ-ਜੋਖਾ ਕਰਦਿਆਂ ਕਹਿੰਦੇ ਹਨ, “ਹਰ ਪਲ ਦੀ ਤਾਸੀਰ ਅਤੇ ਤਰਜ਼ੀਹ ਵੱਖ-ਵੱਖ। ਤਰਕੀਬ ਅਤੇ ਤਸਵੀਰ ਦਾ ਮੁਹਾਂਦਰਾ ਵਿਭਿੰਨ।…ਪਲ ਨੇ ਕਿਹੜੇ ਰੰਗ, ਰੂਪ ਅਤੇ ਅੰਦਾਜ਼ ਵਿਚ ਜੀਵਨੀ ਦਸਤਕ ਬਣਨਾ, ਇਕ ਪਲ ਦੀ ਤਾਂ ਗੱਲ ਆ।…ਉਹ ਪਲ ਹੀ ਹੁੰਦਾ ਜਦ ਇਕ ਵਿਚਾਰ ਇਨਕਾਲਬ ਦੀ ਧਰਾਤਲ ਬਣਦਾ। ਪਲ ਦਾ ਫੁਰਨਾ ਕਾਵਿ-ਕਿਰਤ ਜਾਂ ਕਲਾ-ਕਿਰਤ ਬਣਨ ਲਈ ਮਨ-ਦਹਿਲੀਜ਼ ਵਿਚ ਮੌਲਦਾ।” ਉਹ ਚੇਤੇ ਕਰਵਾਉਂਦੇ ਹਨ, “ਉਹ ਕੇਹੇ ਵੱਡਭਾਗੀ ਪਲ ਸਨ, ਜਦ ਮੋਦੀਖਾਨੇ ਵਿਚ ਵਹੀਆਂ ਫਰੋਲਣ ਵਾਲਾ ਨਾਨਕ ਸ਼ਾਹ ਫਕੀਰ ਬਣ, ਉਦਾਸੀਆਂ ਨੂੰ ਤੁਰ ਪਿਆ। ਮਹਿਲਾਂ ਦੀਆਂ ਸੁੱਖ-ਸਹੂਲਤਾਂ ਨੂੰ ਤਿਆਗ ਸਿਥਾਰਥ ਗੌਤਮ ਬੁੱਧ ਬਣ ਗਿਆ।” -ਸੰਪਾਦਕ

ਡਾ. ਗੁਰਬਖਸ਼ ਸਿੰਘ ਭੰਡਾਲ
ਪਲ, ਸਮੇਂ ਦਾ ਸਭ ਤੋਂ ਛੋਟਾ ਲਮਹਾ, ਜਿਸ ਵਿਚ ਕੁਝ ਵੀ ਵਾਪਰਨ, ਕੁਝ ਵੀ ਹੋਣ ਅਤੇ ਅਣਹੋਇਆ ਤੇ ਅਣਕਿਆਸਿਆ ਹੋਣ ਜਾਂ ਹੋ ਜਾਣ ਦੀ ਆਸ, ਸੰਭਾਵਨਾ।
ਪਲ ਵਿਚੋਂ ਹੀ ਕਈ ਪਲ ਜਨਮਦੇ, ਜੋ ਪਲਾਂ ਦੀ ਲਾਮਡੋਰੀ ਬਣ ਕੇ ਸਮੇਂ ਦੀ ਉਹ ਇਕਾਈ ਬਣਦੇ ਜਿਨ੍ਹਾਂ ਨੇ ਪਿੰਡੇ ‘ਤੇ ਹੰਡਾਏ ਇਤਿਹਾਸ ਨੂੰ ਭਵਿੱਖ ਦੇ ਹਵਾਲੇ ਕਰਨਾ ਹੁੰਦਾ।
ਵਰਤਮਾਨ ਪਲ ਵਿਚ ਅਸੀਂ ਕੁਝ ਅਜਿਹਾ ਸੂਖਮ ਅਤੇ ਸਹਿਜ ਭਰਪੂਰ ਕਰ ਸਮਾਜ ਦਾ ਮੁਹਾਂਦਰਾ ਲਿਸ਼ਕਾ ਸਕਦੇ ਅਤੇ ਕੀਰਤੀਆਂ ਨੂੰ ਕਾਰਨਾਮਿਆਂ ਦਾ ਰੂਪ ਦੇ ਸਕਦੇ। ਬੀਤੇ ਪਲ ਜੋ ਅਸੀਂ ਗਵਾ ਚੁਕੇ ਹੁੰਦੇ, ਉਹ ਸਾਡੇ ਹੇਰਵਿਆਂ ‘ਚ ਵੱਸਦੇ। ਕੁਝ ਉਹ ਵੀ ਪਲ ਹੁੰਦੇ, ਜਿਨ੍ਹਾਂ ਦੀ ਅਵੱਗਿਆ ਨੇ ਜ਼ਿੰਦਗੀ ਨੂੰ ਤਕਲੀਫਾਂ ਅਤੇ ਦਰਦ ਦੀ ਭੱਠੀ ‘ਚ ਝੋਕ ਦਿਤਾ। ਪਰ ਕੁਝ ਪਲ ਅਜਿਹੇ ਵੀ ਹੁੰਦੇ, ਜੋ ਸਾਡੀਆਂ ਯਾਦਾਂ ਵਿਚ ਸਦਾ ਤਾਰੀ ਰਹਿੰਦੇ। ਕੁਝ ਪਲ ਅਜਿਹੇ ਵੀ ਹੁੰਦੇ, ਜਿਨ੍ਹਾਂ ਨੂੰ ਬਿਤਾਉਣ ਦੀ ਸੋਚ ਸਾਡੇ ਮਨਾਂ ‘ਤੇ ਭਾਰੂ ਰਹਿੰਦੀ। ਭਵਿੱਖੀ ਪਲਾਂ ਵਿਚ ਬੀਤੀਆਂ ਕੁਤਾਹੀਆਂ ਅਤੇ ਕਮੀਆਂ ਨੂੰ ਦੂਰ ਕਰ, ਸਮੇਂ ਨੂੰ ਨਵੀਂ ਨੁਹਾਰ ਦੇਣ ਲਈ ਇਸ ਦੀਆਂ ਤਰਜ਼ੀਹਾਂ ਨੂੰ ਤਰਤੀਬ ਦੇ, ਜੀਵਨ ਨੂੰ ਉਚੀਆਂ ਬੁਲੰਦੀਆਂ ਦਾ ਹਾਣੀ ਬਣਾਉਣ ਦੀ ਲੋਚਾ।
ਹੱਥ ਵਿਚ ਆਏ ਪਲ ਨੂੰ ਕਦੇ ਨਾ ਗਵਾਓ, ਕਿਉਂਕਿ ਇਸ ਦੀ ਅਹਿਮੀਅਤ ਦਾ ਅੰਦਾਜ਼ਾ ਇਸ ਦੇ ਬੀਤ ਜਾਣ ਪਿਛੋਂ ਹੁੰਦਾ। ਬੀਤ ਚੁਕੇ ਪਲ ਕਾਰਨ ਜੀਵਨ ਨੂੰ ਮਾਯੂਸੀ ਅਤੇ ਉਦਾਸੀ ਦੇ ਆਲਮ ਵਿਚ ਕਦੇ ਨਾ ਲਿਆਓ, ਕਿਉਂਕਿ ਇਸ ਦਾ ਕੋਈ ਨਹੀਂ ਫਾਇਦਾ। ਸਗੋਂ ਬੀਤੇ ਦੇ ਸਬਕ ਤੁਹਾਡੀ ਸੋਚ ਨੂੰ ਨਵੀਂ ਉਡਾਣ ਦੇ ਸਕਦੇ। ਆਉਣ ਵਾਲੇ ਸਮੇਂ ਦੇ ਗਰਭ ਵਿਚ ਕੀ ਪਿਆ ਅਤੇ ਆਉਣ ਵਾਲੇ ਪਲਾਂ ਨੇ ਤੁਹਾਡੀ ਜ਼ਿੰਦਗੀ ਨੂੰ ਕਿਹੜੀ ਦਿਸ਼ਾ ਪ੍ਰਦਾਨ ਕਰਨੀ, ਇਹ ਤੁਹਾਡੀ ਸੰਵੇਦਨਾ, ਸੇਧ ਅਤੇ ਸਿਰੜ-ਸਾਧਨਾ ‘ਤੇ ਨਿਰਭਰ।
ਪਲ ਪਲ ਕਰਕੇ ਕਿਰ ਰਹੀ ਜ਼ਿੰਦਗੀ ਨੂੰ ਜਿਉਣ ਜੋਗਾ ਕਰਨ ਵਾਲੇ ਜ਼ਿੰਦਗੀ ਦੇ ਸ਼ਾਹ-ਅਸਵਾਰ। ਉਨ੍ਹਾਂ ਦੇ ਦੀਦਿਆਂ ਵਿਚ ਸੁੱਚਮਤਾ ਤੇ ਸਮਰੱਥਾ ਦੇ ਦੀਦਾਰ, ਜੋ ਉਨ੍ਹਾਂ ਦਾ ਕਿਰਦਾਰ, ਵਿਹਾਰ ਅਤੇ ਸਦਾਚਾਰ, ਜਿਨ੍ਹਾਂ ਨੇ ਕੀਤਾ, ਉਨ੍ਹਾਂ ਨੂੰ ਕਦਾਵਰ ਬਣਾਉਣ ਦਾ ਉਪਚਾਰ।
ਪਲ ਪਲ ਕਰਕੇ ਜਦ ਟੁੱਟਦੀ ਏ ਸਾਹਾਂ ਦੀ ਡੋਰ, ਆਪਣਿਆਂ ਦੇ ਨੈਣਾਂ ਵਿਚ ਪੀੜ ਤੇ ਦਰਦ ਦੀ ਉਮਡਦੀ ਏ ਲੋਰ ਤਾਂ ਜੀਵਨ ਦੀ ਸਮੁੱਚੀ ਸਕਾਰਥਾ ਸਾਕਾਰ ਹੋ, ਮਨੁੱਖ ਨੂੰ ਨਿਰਖਦੀ ਤੇ ਪਰਖਦੀ, ਪਰ ਜਦ ਸਾਹਾਂ ਦੀ ਕੱਚੀ ਤੰਦ ਦੇ ਤਿੱੜਕਣ ਦੀ ਆਪਣੇ ਹੀ ਉਡੀਕ ਕਰਦੇ ਤਾਂ ਆਪਣਿਆਂ ਲਈ ਕੀਤੇ ਗੁਨਾਹਾਂ ਦੀ ਗਾਥਾ ਤੇ ਜੀਵਨ ਸੰਘਰਸ਼ ਪ੍ਰਸ਼ਨ ਬਣ ਜਾਂਦਾ ਕਿ ਕਿਹਦੇ ਲਈ ਮੈਂ ਇਹ ਕੁਝ ਕਰਦਾ ਰਿਹਾ? ਕਿਉਂ ਪਾਪਾਂ ਦੀ ਗਾਗਰ ਹੱਥੀਂ ਭਰਦਾ ਰਿਹਾ? ਬੇਈਮਾਨੀਆਂ ਅਤੇ ਪਾਪਾਂ ਨਾਲ ਮਨ-ਗੰਗਾ ਨੂੰ ਮਲੀਨ ਕਰਦਾ ਰਿਹਾ? ਕਾਹਤੋਂ ਖੁਦ ਦਾ ਮਰਸੀਆ ਪੜ੍ਹਦਾ ਰਿਹਾ? ਆਖਰੀ ਵਕਤ ਆਤਮਾ ‘ਤੇ ਭਾਰ ਲੈ ਕੇ ਆਖਰੀ ਸਫਰ ‘ਤੇ ਤੁਰਨ ਵਾਲੇ ਕਈ ਪੀੜ੍ਹੀਆਂ ਨੂੰ ਹੰਝੂ ਅਰਪਦੇ। ਉਹ ਆਪਣਿਆਂ ਦੀਆਂ ਯਾਦਾਂ ਵਿਚ ਵੀ ਸਦਾ ਹੀ ਮਰਦੇ ਰਹਿੰਦੇ।
ਹਰ ਪਲ ਦੀ ਤਾਸੀਰ ਅਤੇ ਤਰਜ਼ੀਹ ਵੱਖ-ਵੱਖ। ਤਰਕੀਬ ਅਤੇ ਤਸਵੀਰ ਦਾ ਮੁਹਾਂਦਰਾ ਵਿਭਿੰਨ। ਤਸ਼ਬੀਹ ਅਤੇ ਤਕਨੀਕ ਅਲੱਗ-ਅਲੱਗ। ਪਲ ਨੇ ਕਿਹੜੇ ਰੰਗ, ਰੂਪ ਅਤੇ ਅੰਦਾਜ਼ ਵਿਚ ਜੀਵਨੀ ਦਸਤਕ ਬਣਨਾ, ਇਕ ਪਲ ਦੀ ਤਾਂ ਗੱਲ ਆ।
ਪਲ ਜਦ ਕਤਲ, ਕੁਤਾਹੀ, ਕਮੀਨਗੀ ਦਾ ਕੋਹਝ ਬਣਦੇ ਤਾਂ ਉਹ ਮੱਥਾ ਦਾ ਕਲੰਕ ਬਣ ਕੇ ਸਾਰੀ ਉਮਰ ਨਮੋਸ਼ੀ ਵਿਚ ਜਿਉਣ ਲਈ ਮਜਬੂਰ ਕਰਦੇ। ਪਲ ਜਦ ਕੁਰਬਾਨੀ, ਕਾਰਨਾਮਿਆਂ ਦਾ ਇਤਿਹਾਸ ਬਣਦੇ ਤਾਂ ਸੁਨਹਿਰੀ ਅੱਖਰਾਂ ਵਿਚ ਸਮੇਂ ਦੀ ਅਮਾਨਤ ਬਣਦੇ। ਪਲ ਜਦ ਖੁਦਕੁਸ਼ੀ ਵੰਨੀਂ ਤੁਰਦੇ ਤਾਂ ਵੱਸਦੇ-ਰੱਸਦੇ ਘਰ ਵਿਚ ਵੈਣ, ਵਿਰਲਾਪ ਅਤੇ ਕੀਰਨਿਆਂ ਦੀ ਗੂੰਜ ਸੁਣਦੀ। ਗੁੰਗੇ ਪਲ ਸਮਾਜਕ ਅਲੰਬਰਦਾਰਾਂ ਦੇ ਬੋਲੇ ਕੰਨਾਂ ਤੀਕ ਨਹੀਂ ਪਹੁੰਚਦੇ। ਖੇਤਾਂ ਵਿਚ ਉਗ ਰਹੀ ਖੁਦਕੁਸ਼ੀਆਂ ਦੀ ਫਸਲ ਨੇ ਪਰਿਵਾਰ, ਘਰ ਤੇ ਸਮਾਜ ਨੂੰ ਤਬਾਹ ਕਰ, ਸਮੁੱਚੀ ਤਨਜ਼ੀਮ ਨੂੰ ਆਪਣੇ ਕਲਾਵੇ ਵਿਚ ਲੈ ਲੈਣਾ ਏ। ਸਿਰਫ ਕੁਝ ਕੁ ਸਮੇਂ ਦੀ ਤਾਂ ਗੱਲ ਆ।
ਪਲ ਦੀ ਪਕੜ ਵਿਚ ਪਾਕੀਜ਼ਗੀ ਤੇ ਤਹਿਜ਼ੀਬ ਹੋਵੇ ਤਾਂ ਪਲ ਕਦੇ ਵੀ ਕਤਲਾਂ, ਖੁਦਕੁਸ਼ੀਆਂ ਅਤੇ ਅੰਤਰੀਵ ਨੂੰ ਮਾਰਨ ਦੇ ਰਾਹ ਨਹੀਂ ਪੈਂਦਾ। ਇਸ ਤੋਂ ਬਚਣ ਲਈ ਅਜਿਹੇ ਪਲ ਵਿਚ ਮਾਨਸਿਕ ਸੰਤੁਲਨ ਕਾਇਮ ਰਹੇ ਅਤੇ ਮਨ ‘ਤੇ ਢਾਹੂ ਵਿਚਾਰਾਂ ਅਤੇ ਨਾਕਾਰਾਤਮਕ ਰੁਚੀਆਂ ਹਾਵੀ ਨਾ ਹੋਣ ਦਿਓ। ਖੁਦ ਨੂੰ ਖਤਮ ਕਰਨ ਵਾਲੇ ਜ਼ਿਆਦਾਤਰ ਬਹੁਤ ਭਾਵੁਕ ਅਤੇ ਮਨ ਦੀ ਮੰਨਣ ਵਾਲੇ ਲੋਕ ਹੁੰਦੇ। ਦਿਲ ਅਤੇ ਦਿਮਾਗ ਵਿਚ ਇਕਸਾਰਤਾ ਅਤੇ ਸਾਵਾਂਪਣ ਰੱਖਣ ਵਾਲੇ ਮਰਨ ਪਲਾਂ ਨੂੰ ਵੀ ਜਿਉਣ ਪਲਾਂ ਵਿਚ ਵਟੀਂਦੇ, ਜ਼ਿੰਦਗੀ ਦੇ ਮੱਥੇ ‘ਤੇ ਲੰਮੀ ਉਮਰ ਦੀਆਂ ਰੇਖਾਵਾਂ ਵਿਉਂਤਦੇ।
ਉਹ ਪਲ ਹੀ ਹੁੰਦਾ ਜਦ ਇਕ ਵਿਚਾਰ ਇਨਕਾਲਬ ਦੀ ਧਰਾਤਲ ਬਣਦਾ। ਪਲ ਦਾ ਫੁਰਨਾ ਕਾਵਿ-ਕਿਰਤ ਜਾਂ ਕਲਾ-ਕਿਰਤ ਬਣਨ ਲਈ ਮਨ-ਦਹਿਲੀਜ਼ ਵਿਚ ਮੌਲਦਾ। ਪਲ ਭਰ ਦੀ ਸੋਚ ਤੁਹਾਡੀਆਂ ਤਰਜ਼ੀਹਾਂ ਤੇ ਤਕਸੀਮਾਂ ਨੂੰ ਸਹੀ ਦਿਸ਼ਾ ਵੱਲ ਪ੍ਰੇਰਿਤ ਕਰਨ ਦਾ ਸਬੱਬ ਬਣਦੀ। ਪਲ ਹੀ ਸੀ ਜਦ ਬਿਰਖ ਤੋਂ ਹੇਠਾਂ ਡਿੱਗ ਰਿਹਾ ਸੇਬ ਨਿਊਟਨ ਦੇ ਗੁਰੂਤਾ ਦੇ ਸਿਧਾਂਤ ਵਿਚ ਤਬਦੀਲ ਹੋ ਗਿਆ। ਪਲ ਦੀ ਚੰਗਿਆੜੀ ਹੀ ਦੁਨੀਆਂ ਦੀਆਂ ਵੱਡੀਆਂ ਘਟਨਾਵਾਂ ਬਣਦੀਆਂ, ਜੋ ਤਹਿਰੀਕ ਦਾ ਮਾਣ ਹੁੰਦੀਆਂ। ਸਿਰਫ ਅਜਿਹੇ ਪਲਾਂ ਨੂੰ ਪਕੜਨ, ਅਤੇ ਇਸ ਦੀਆਂ ਪਰਤਾਂ ਨੂੰ ਫਰੋਲਣ ਦੀ ਲੋੜ ਹੁੰਦੀ। ਅਜਿਹੇ ਪਲਾਂ ਨੂੰ ਸੰਭਾਲਣ ਵਾਲੇ ਸਮੇਂ ਦੀਆਂ ਸਤਿਕਾਰਯੋਗ ਸ਼ਖਸੀਅਤਾਂ, ਪਰ ਇਨ੍ਹਾਂ ਨੂੰ ਗਵਾਉਣ ਵਾਲੇ ਰਾਹਾਂ ਦੀ ਰਾਖ।
ਪਲ ਦਾ ਝਲਕਾਰਾ ਹੀ ਹੁੰਦਾ, ਜੋ ਮੌਤ ਵੱਲ ਵੀ ਲਿਜਾ ਸਕਦਾ ਅਤੇ ਜੀਵਨ-ਪਗਡੰਡੀ ਵੰਨੀਂ ਵੀ। ਇਕ ਛਿਣ ਵਿਚ ਹੀ ਸੋਚਣਾ ਹੁੰਦਾ ਕਿ ਤੁਸੀਂ ਕਿਹੜਾ ਮਾਰਗ ਅਪਨਾਉਣਾ। ਸੜਕੀ ਦੁਰਘਟਨਾਵਾਂ ਅਕਸਰ ਹੀ ਪਲ ਭਰ ਦੀ ਕੁਤਾਹੀ ਤਾਂ ਹੁੰਦੀਆਂ।
ਪਲ ਹੀ ਹੁੰਦਾ ਜਿਸ ਵਿਚ ਬਹੁਤ ਕੁਝ ਤਬਦੀਲ ਹੋ ਜਾਂਦਾ। ਖੁਸ਼ੀਆਂ ਮਾਣ ਰਿਹਾ ਮਨ ਗਹਿਰੀ ਉਦਾਸੀ ਦੀ ਖੱਡ ਵਿਚ ਜਾ ਡਿੱਗਦਾ। ਹੁਲਾਸ ਵਿਚ ਬੀਤ ਰਿਹਾ ਵਕਤ ਹੰਝੂਆਂ ਦੀ ਸੈਲਾਬ ਬਣ ਜਾਂਦਾ। ਨਾਲ ਤੁਰਿਆ ਜਾ ਰਿਹਾ ਸਾਥੀ ਹੱਥ ਛੁਡਾ ਸਦਾ ਲਈ ਅਲਵਿਦਾ ਕਹਿ ਜਾਂਦਾ ਤੇ ਤੁਸੀਂ ਦੇਖਦੇ ਰਹਿ ਜਾਂਦੇ। ਇਕ ਪਛਤਾਵਾ ਰਹਿ ਜਾਂਦਾ ਕਿ ਕਾਸ਼! ਮੈਂ ਉਸ ਪਲ ਨੂੰ ਸੰਭਾਲ ਕੇ, ਉਸ ਪਲ ਵਿਚ ਆਪਣੀ ਸੋਚ-ਤਰਜੀਹ ਸਹੀ ਪਾਸੇ ਨੂੰ ਲਾਉਂਦਾ। ਬੀਤੇ ਤੋਂ ਬਾਅਦ ਤਾਂ ਸਿਰਫ ਪਲ-ਪਛਤਾਵਾ ਮਨ ਨੂੰ ਸੂਲੀ ‘ਤੇ ਟੰਗੀ ਰੱਖਦਾ। ਪਲ ਦਾ ਗੁੱਸਾ ਤਬਾਹੀ ਨੂੰ ਸੱਦਾ, ਰਿਸ਼ਤਿਆਂ ਦੀ ਤਰੇੜ ਅਤੇ ਪਿਆਰ ਲਈ ਘ੍ਰਿਣਾ ਦਾ ਪਾਤਰ।
ਪਲ ਨੇ ਕਵਿਤਾ ਜਾਂ ਕਹਾਣੀ ਹੋਣਾ, ਕਾਰਨਾਮਾ ਜਾਂ ਕੁਤਾਹੀ ਬਣਨਾ, ਕਥਨੀ ਰਹਿਣਾ ਜਾਂ ਕਰਨੀ ਬਣਨਾ, ਕਲਯੁੱਗ ਜਾਂ ਸਤਯੁੱਗ ਬਣਨਾ, ਕਾਮਨਾ ਜਾਂ ਕੀਰਤੀ ਦਾ ਰੂਪ ਧਾਰਨਾ, ਅਤੇ ਕਲਪਨਾ ਜਾਂ ਕਰਮਯੋਗਤਾ ਬਣਨਾ, ਪਲ ਵਿਚਲੀ ਚੇਤਨਾ ਨੇ ਨਿਰਧਾਰਤ ਕਰਨਾ ਅਤੇ ਤੁਸੀਂ ਉਸ ਦੇ ਸਿਰਜਣਹਾਰੇ।
ਮਨੁੱਖੀ ਫੁਰਨੇ, ਫੁਰਤੀ, ਫਰਿਸ਼ਤ ਨੇ ਹੀ ਮਨੁੱਖ ਨੂੰ ਫਰਿਸ਼ਤਾ ਜਾਂ ਫਾਹਸ਼ ਬਣਾਉਣਾ ਹੁੰਦਾ। ਪਲ ਨੂੰ ਫਲ ਬਣਾਉਣ ਦੀ ਲੋਚਾ ਮਨ ਵਿਚ ਹੋਵੇ ਤਾਂ ਸੋਚ-ਜ਼ਰਖੇਜ਼ਤਾ ਵਿਚ ਹਮੇਸ਼ਾ ਹੀ ਉਸਾਰੂ ਤੇ ਸੁਚਾਰੂ ਸੋਚਾਂ ਦੇ ਬੀਜ ਪੁੰਗਰਦੇ। ਇਸ ਦੀਆਂ ਕਰੂੰਬਲਾਂ ਤੇ ਪੱਤੀਆਂ ਵਿਚੋਂ ਹੀ ਜੀਵਨੀ ਸੁਹੰਢਣਾ ਤੇ ਸਾਰਥਕਤਾ ਨੂੰ ਨਵੀਂ ਤਾਜ਼ਗੀ ਅਤੇ ਤਰਤੀਬ ਦਿਤੀ ਜਾ ਸਕਦੀ।
ਪਲ ਪਲ ਦਾ ਲੇਖਾ ਕਰਨ ਤੇ ਰੱਖਣ ਵਾਲੇ, ਜੀਵਨ ਦੀ ਸੰਦਲੀ ਸਫ। ਉਨ੍ਹਾਂ ਦੇ ਰਾਹਾਂ ਵਿਚ ਸਫਲਤਾਵਾਂ ਅਤੇ ਸੁਪਨਿਆਂ ਦਾ ਸੱਚ ਉਦੈਮਾਨ ਹੁੰਦਾ। ਉਨ੍ਹਾਂ ਦੇ ਆਭਾ ਮੰਡਲ ਵਿਚ ਸਕੂਨ ਤੇ ਸਹਿਜ।
ਪਲ ਪਲ ਨੂੰ ਕਤਲ ਕਰਨ ਵਾਲੇ ਖੁਦ ਸਵੈ-ਕਤਲ ਦੇ ਜਿੰਮੇਵਾਰ। ਆਪਣੀ ਅਰਥੀ ਮੋਢੇ ‘ਤੇ ਚਾਈ ਖੁਦ ਹੀ ਕਬਰਾਂ ਨੂੰ ਜਾਂਦਾ ਰਾਹ।
ਹਰੇਕ ਪਲ ਨੂੰ ਮਾਣਨ ਅਤੇ ਭਰਪੂਰਤਾ ਨਾਲ ਜਿਉਣਾ, ਜੀਵਨ-ਰਾਜ਼। ਬਹੁਤ ਘੱਟ ਲੋਕ ਇਸ ਦੇ ਹਮਰਾਜ਼, ਜਿਨ੍ਹਾਂ ਦਾ ਹੁੰਦਾ ਵੱਖਰਾ ਅੰਦਾਜ਼। ਤਰੰਗਤ ਰੱਖਦੇ ਜ਼ਿੰਦ-ਸਾਜ਼। ਉਨ੍ਹਾਂ ਦੀਆਂ ਸੁਰਾਂ ਵਿਚ ਗੂੰਜਦਾ ਅਲਾਪ ਬਣਦਾ ਫਿਜ਼ਾ ਦਾ ਸਦਗੁਣਾ ਰਾਗ, ਜੋ ਸਮੇਂ ਦੀ ਰੰਗਤਾ ਲਈ ਧੰਨਭਾਗ।
ਮਨਾ ਵੇ ਪਲ ਨੂੰ ਘੁੱਟ ਕੇ ਪਕੜੀਂ, ਕਦੇ ਨਾ ਕਰੀਂ ਵਸਾਹ। ਪਲਾਂ ਵਿਚ ਭੁੱਲ-ਭੁਲੱਈਆਂ ਤੇ ਪਲ ਹੀ ਪੱਧਰਾ ਰਾਹ। ਪਲ ਸਮੇਂ ਦੇ ਸਫੇ ਦਾ ਤਾਰਾ ਤੇ ਪਲ ਅੰਬਰਾਂ ਦੀ ਥਾਹ। ਪਲ ਹੀ ਹੁੰਦਾ ਅੰਬਰੀ ਸਤਰੰਗੀ, ਪਲ ਪਲਾਂ ਦਾ ਸਾਹ। ਪਲ ਦੀ ਬੀਹੀ ਪਲ ਬੋਲਦੇ, ਪਲਾਂ ਦੀ ਫੜ ਕੇ ਬਾਂਹ। ਪਲ ਦੇ ਨੈਣੀਂ ਝਾਕਣੋ ਆਕੀ, ਪਲ ‘ਚ ਬਣਨ ਸਵਾਹ। ਪਲ ਸਦਾ ਵਿਸਾਰਦਾ ਉਸ ਨੂੰ, ਕੀਤੀ ਨਾ ਜਿਸ ਪਲ-ਪ੍ਰਵਾਹ। ਪਲ ਗੁਲਾਬ ਦਾ ਖਿੜਿਆ ਫੁੱਲ, ਵਕਤ-ਟਾਹਣੀ ਦੀ ਚਾਅ। ਪਲ-ਚਾਹਤ ਦਾ ਬੇਰੋਕ ਫੁਹਾਰਾ, ਮਨ ਜੂਹੇ ਉਪਜਾਅ। ਤਾਂ ਹੀ ਪਲ-ਸੁੱਚਮਤਾ ਦੇ ਰੰਗ ਬੈਠਣਾ, ਅੰਤਰੀਵ ਦੇ ਵਿਹੜੀ ਆ। ਪਲ ਜੇ ਉਮਰ ਦੇ ਲੇਖੇ ਲੱਗੇ ਤਾਂ ਉਮਰਾ ਵੀ ਪਲ ਬਣ ਜਾ। ਪਲ, ਪਹਿਲ ਤੇ ਪਲ ਪਵਿੱਤਰ, ਪਲ ਹੀ ਸਮਾਂ-ਸਦਾਅ। ਪਲ ਦੌਰਾਨ ਹੀ ਅੰਦਰੋਂ ਮੌਲੇ, ਬੈਠਾ ਅੰਦਰ ਖੁਦਾ।
ਉਹ ਕੇਹੇ ਵੱਡਭਾਗੀ ਪਲ ਸਨ, ਜਦ ਮੋਦੀਖਾਨੇ ਵਿਚ ਵਹੀਆਂ ਫਰੋਲਣ ਵਾਲਾ ਨਾਨਕ ਸ਼ਾਹ ਫਕੀਰ ਬਣ, ਉਦਾਸੀਆਂ ਨੂੰ ਤੁਰ ਪਿਆ। ਮਹਿਲਾਂ ਦੀਆਂ ਸੁੱਖ-ਸਹੂਲਤਾਂ ਨੂੰ ਤਿਆਗ ਸਿਥਾਰਥ ਗੌਤਮ ਬੁੱਧ ਬਣ ਗਿਆ। ਸਕੂਲੀ ਪੜ੍ਹਾਈ ਵਿਚ ਫਾਡੀ ਰਹਿਣ ਵਾਲਾ ਵਿਦਿਆਰਥੀ ਆਈਨਸਟਾਈਨ ਬਣ ਗਿਆ। ਪਲ ਦੀ ਕੁੱਖ ਵਿਚ ਕੀ ਪਿਆ, ਇਹ ਤਾਂ ਪਲ ਬੀਤਣ ਪਿਛੋਂ ਹੀ ਪਤਾ ਲੱਗਦਾ।
ਪਲ ਅਮੁੱਲ, ਅਤੁੱਲ, ਅਭੁੱਲ, ਅਦਿੱਖ, ਅਸੀਮ, ਅਣਭੋਲ ਅਤੇ ਅਕੱਥ। ਇਸ ਦੀਆਂ ਸੰਭਾਵਨਾਵਾਂ, ਸੀਮਾਵਾਂ ਅਤੇ ਸਮਰੱਥਾਵਾਂ ਨੂੰ ਕਿਸੇ ਦਾਇਰੇ ਵਿਚ ਕਿਵੇਂ ਸੀਮਤ ਕਰੋਗੇ?
ਪਲ ਨੇ ਹੀ ਸਧਾਰਨ ਪਿਛੋਕੜ ਵਾਲੇ ਇਬਰਾਹਮ ਲਿੰਕਨ ਨੂੰ ਅਮਰੀਕਾ ਦਾ ਰਾਸ਼ਟਰਪਤੀ ਬਣਾਇਆ। ਭਗਤ ਸਿੰਘ, ਊਧਮ ਸਿੰਘ ਤੇ ਕਰਤਾਰ ਸਿੰਘ ਸਰਾਭੇ ਨੂੰ ਸ਼ਹਾਦਤ ਵੰਨੀਂ ਤੋਰਿਆ। ਉਹ ਪਲ ਹੀ ਸੀ, ਜਦ ਬਾਲ ਗੋਬਿੰਦ ਨੇ ਪਿਤਾ ਨੂੰ ਸ਼ਹੀਦ ਹੋਣ ਲਈ ਕਿਹਾ, ਜਿਸ ਨੇ ਖਾਲਸੇ ਦੀ ਧਰਾਤਲ ਲਈ ਸਿਰਾਂ ਦੀ ਖੇਤੀ ਕਰਨ ਵੰਨੀਂ ਪਲੇਠਾ ਕਦਮ ਪੁਟਿਆ ਸੀ। ਕੇਹਾ ਪਲ ਸੀ, ਜਦ ਬਾਪ ਪੁੱਤਰਾਂ ਨੂੰ ਸ਼ਹੀਦ ਕਰਵਾਉਣ ਲੱਗਿਆਂ ਉਤਸ਼ਾਹਿਤ ਸੀ।
ਪਰ ਕੁਝ ਪਲ ਹਮੇਸ਼ਾ ਨਮੋਸ਼ੀ ਹੁੰਦੇ, ਜਦ ਗੱਦਾਰ ਦੇਸ਼ ਭਗਤਾਂ ਲਈ ਫਾਂਸੀ ਦੀਆਂ ਗੋਂਦਾਂ ਗੁੰਦਦੇ, ਗਦਰ ਨੂੰ ਫੇਲ੍ਹ ਕਰਨ ਲਈ ਮੁਰੱਬਿਆਂ ਦਾ ਸੌਦਾ ਕਰਦੇ। ਇਹ ਮਨਹੂਸ ਪਲ ਹਮੇਸ਼ਾ ਹੀ ਅਜਿਹੇ ਲੋਕਾਂ ਨੂੰ ਧਿਰਕਾਰਦੇ, ਕਲੰਕ ਨੂੰ ਨਾ ਧੋਤੇ ਜਾਣ ਦਾ ਹਰਖ ਬਣੇ ਹੀ ਰਹਿਣਗੇ।
ਕੁਝ ਯਾਦਗਾਰੀ ਪਲ ਹੁੰਦੇ, ਜੋ ਪਲ ‘ਚ ਹੀ ਬੀਤ ਜਾਂਦੇ, ਪਰ ਕੁਝ ਅਜਿਹੇ ਪਲ ਵੀ ਹੁੰਦੇ ਜਿਨ੍ਹਾਂ ਦੇ ਬੀਤਣ ਵਿਚ ਉਮਰ ਹੀ ਬੀਤ ਜਾਂਦੀ। ਉਮਰੋਂ ਲੰਮੇਰੇ ਉਡੀਕ ਦੇ ਪਲ, ਸਾਹਾਂ ਲਈ ਸੂਲੀ ਹੀ ਤਾਂ ਹੁੰਦੇ।
ਕੁਝ ਅਜਿਹੇ ਪਲ ਹੁੰਦੇ, ਜਿਨ੍ਹਾਂ ਨੂੰ ਜਿਉਣ ਦੀ ਤਮੰਨਾ ਵਾਰ ਵਾਰ ਮਨ ‘ਚ ਪੈਦਾ ਹੁੰਦੀ, ਜੋ ਵਗਦੀਆਂ ਲੂਆਂ ਵਿਚ ਠੰਢੀ ਪੌਣ ਦਾ ਬੁੱਲਾ ਹੁੰਦੇ, ਪਰ ਕੁਝ ਅਜਿਹੇ ਪਲ ਵੀ ਹੁੰਦੇ, ਜਿਨ੍ਹਾਂ ਨੂੰ ਯਾਦ ਕਰਕੇ ਮਨ ਤ੍ਰਹਿਕਦਾ ਜਦ ਰੁਮਕਦੀ ਪੌਣ ਝੱਖੜ ਬਣ, ਜੀਵਨ-ਬਹਾਰ ਨੂੰ ਪੱਤਝੜ ਬਣਾ ਦਿੰਦੀ।
ਪਲਾਂ ਨੂੰ ਪਲ ਪਲ ਜਿਉਣਾ ਸਿੱਖੋ। ਉਮਰ-ਪੌੜੀ ਤੁਹਾਨੂੰ ਅਸੀਮ ਖੁਸ਼ੀਆਂ, ਚਾਵਾਂ ਅਤੇ ਖੇੜਿਆਂ ਦੀ ਧਰਾਤਲ ਦਾ ਨਾਮਕਰਨ ਦੇਵੇਗੀ।
ਕਈ ਵਾਰ ਪੀੜਾਂ ਪਰੁੱਚੇ ਅਤੇ ਦਰਦਾਂ ਮਾਰੇ ਪਲ, ਸੁੰਦਰ, ਸਦੀਵੀ ਅਤੇ ਸੁਹਾਵਣੇ ਪਲਾਂ ਲਈ ਮਾਰਗ ਬਣ, ਜੀਵਨ ਗਾਥਾ ਨੂੰ ਨਵੇਂ ਸਿਰਿਓਂ ਲਿਖ ਜਾਂਦੇ।
ਜੀਵਨ ਵਿਚ ਸਭ ਤੋਂ ਅਮੁੱਲ ਵਸਤਾਂ ਜਾਂ ਸਹੂਲਤਾਂ ਨਹੀਂ ਹੁੰਦੀਆਂ, ਸਗੋਂ ਕੁਝ ਪਲ ਹੁੰਦੇ ਜੋ ਇਨ੍ਹਾਂ ਸਹੂਲਤਾਂ, ਸੁੱਖਾਂ ਅਤੇ ਸੁਪਨਿਆਂ ਦਾ ਸਿਰਨਾਵਾਂ ਹੁੰਦੇ। ਪਲਾਂ ਦੀ ਅਹਿਮੀਅਤ ਅਤੇ ਅਮੁੱਲਤਾ ਨੂੰ ਪਛਾਣ ਕੇ ਜੀਵਨ ਨੂੰ ਪਛਾਣਿਆ ਜਾ ਸਕਦਾ।
ਪਲ ਪਲ ਦਾ ਹਿਸਾਬ
ਇਕ ਪਲ ਮੇਰੀ ਸੋਚ ‘ਚ ਖੁਰਿਆ, ਇਕ ਵਸੇਂਦਾ ਸਾਹੀਂ।
ਇਕ ਪਲ ਮੇਰੇ ਜੀਵਨ ਵਿਹੜੇ, ਆਵੇ ਕਦੇ-ਕਦਾਈਂ।

ਇਕ ਪਲ ਮੇਰੀ ਹਿੱਕ ‘ਚ ਰਿਝਦਾ, ਪੀੜਾ ਪੀੜਾ ਹੋ ਜਾਵਾਂ,
ਇਕ ਪਲ ਢੂੰਡੇਂਦਿਆਂ ਉਮਰ ਵਿਹਾਜੀ, ਨਾ ਟੱਕਰੇ ਨਾ ਥੀਵੇ।

ਇਕ ਪਲ ਮੇਰੇ ਅੰਦਰ ਲਿਸ਼ਕੇ, ਚਾਨਣ ਵਿਚ ਨਹਾਵਾਂ,
ਇਕ ਪਲ ਉਮਰ ਦੇ ਨਾਂਵੇਂ ਕਰਦਾ, ਨਿੱਤ ਢਲਦਾ ਪ੍ਰਛਾਵਾਂ।

ਇਕ ਪਲ ਛਾਂ ਦਾ ਵਾਸਾ ਵਿਹੜੇ, ਯਖ ਸਾਹ ਪੱਲੇ ਪਾਵੇ,
ਇਕ ਪਲ ਖਿੜੀ ਦੁਪਹਿਰਾਂ ਜਿਹਾ, ਨਿੱਘ ਹੀ ਨਿੱਘ ਵਰਤਾਵੇ।

ਇਕ ਪਲ ਮੇਰਾ ਖੁਦ ਦਾ ਜਾਇਆ, ਹਉਕਾ ਹਉਕਾ ਹੋਵਾਂ,
ਇਕ ਪਲ ਦੋਖੀਆਂ ਨਾਂਵੇਂ ਲਾਇਆ, ਹੱਸ ਹੱਸ ਦੋਹਰੀ ਹੋਵਾਂ।

ਇਕ ਪਲ ਤਿੜਕੇ ਸ਼ੀਸ਼ੇ ਵਰਗਾ, ਕਿਰਚ ਕਿਰਚ ਹੋ ਜੀਵਾਂ,
ਇਕ ਪਲ ਥਿਰਕਦੇ ਪਾਰੇ ਵਰਗਾ, ਤਿੱਪ ਤਿੱਪ ਕਰਕੇ ਪੀਵਾਂ।

ਇਕ ਪਲ ਮਾਂ ਦੀ ਗੋਦੀ ਵਰਗਾ, ਖੇਡਾਂ, ਖਾਵਾਂ ਤੇ ਸੌਂ ਜਾਵਾਂ,
ਇਕ ਪਲ ਤੱਪਦੀ ਭੱਠੀ ਵਰਗਾ, ਪਿੰਡੇ ਭਸਮ ਚੜ੍ਹਾਵਾਂ।

ਪਲ ਪਲ ਕਰਕੇ ਪਲ ਦੀ ਗਾਥਾ, ਪਲ ਪਲ ਮੁੱਕਦੀ ਜਾਵੇ,
ਕਿਧਰੋਂ ਨਾ ਕੋਈ ਉਘ-ਸੁੱਘ ਮਿਲਦੀ, ਨਾ ਕੋਈ ਖੁਰਾ ਥਿਆਵੇ।
ਮਨੁੱਖ ਨੂੰ ਜੀਵਨ ਵਿਚ ਆਏ ਸਮਾਂ, ਸਥਾਨ ਜਾਂ ਸਾਥੀ ਤਾਂ ਭੁੱਲ ਸਕਦੇ ਨੇ, ਪਰ ਜੀਵਨ ਨੂੰ ਪ੍ਰਭਾਵਿਤ ਕਰਨ ਵਾਲੇ ਜ਼ਿਕਰਯੋਗ ਪਲ ਕਦੇ ਵੀ ਚੇਤਿਆਂ ਵਿਚੋਂ ਨਹੀਂ ਖੁਰਦੇ।
ਜੀਵਨ ਨੂੰ ਸਾਲਾਂ, ਮਹੀਨਿਆਂ ਵਿਚ ਮਾਪਣ ਦੀ ਲੋੜ ਨਹੀਂ। ਕੁਝ ਕੁ ਹੀ ਪਲ ਹੁੰਦੇ, ਜੋ ਜੀਵਨ ਬਣਨ ਦੀ ਸਮਰੱਥਾ ਰੱਖਦੇ।
ਜ਼ਿੰਦਗੀ ਵਿਚ ਨਿੱਕੇ ਨਿੱਕੇ ਪਲਾਂ ਵਿਚੋਂ ਖੁਸ਼ੀਆਂ ਨੂੰ ਤਲਾਸ਼ਣ ਅਤੇ ਇਨ੍ਹਾਂ ਨੂੰ ਸੰਜੀਦਗੀ ਤੇ ਸਮਰਪਣ ਨਾਲ ਜੀਣ ਵਾਲੇ ਹੀ ਜੀਵਨ ਦਾ ਸੁੱਚਮ ਹੁੰਦੇ। ਇਨ੍ਹਾਂ ਨੂੰ ਗਵਾਉਣ ਵਾਲਿਆਂ ਨੂੰ ਬਾਅਦ ਵਿਚ ਅਹਿਸਾਸ ਹੁੰਦਾ ਕਿ ਉਹ ਪਲ ਤਾਂ ਬਹੁਤ ਅਹਿਮ ਸਨ। ਮਨੁੱਖ ਉਮਰ ਦੇ ਪਹਿਲੇ ਪੜਾਅ ਵਿਚ ਨਿੱਜ ਨੂੰ ਮਨਫੀ ਕਰ, ਦੂਸਰਿਆਂ ਲਈ ਜਿਉਂਦਾ। ਜਦ ਖੁਦ ਲਈ ਜਿਉਣ ਦਾ ਚੇਤਾ ਆਉਂਦਾ ਤਾਂ ਸਮਾਂ ਵਫਾ ਹੀ ਨਹੀਂ ਕਰਦਾ। ਜੀਵਨ ਦਾ ਸਾਵਾਂਪਣ, ਜੀਵਨ-ਪਗਡੰਡੀ ਦੀ ਸੇਧ।
ਹਮੇਸ਼ਾ ਚੰਗੇ-ਮੰਦੇ, ਹਾਵੇ-ਹਾਸੇ ਵਾਲੇ ਜਾਂ ਹਾਂ-ਪੱਖੀ/ਨਾਂਹ-ਪੱਖੀ ਪਲਾਂ ਨੂੰ ਮਾਣਨ ਦੀ ਜਾਚ ਹੋਣੀ ਚਾਹੀਦੀ, ਕਿਉਂਕਿ ਹਰ ਪਲ ਸਾਡੀ ਝੋਲੀ ਵਿਚ ਕੁਝ ਨਾ ਕੁਝ ਪਾ ਕੇ ਹੀ ਜਾਂਦਾ। ਇਹ ਸਾਡੀ ਸੋਚ-ਸੰਵੇਦਨਾ ‘ਤੇ ਨਿਰਭਰ।
ਕੈਮਰੇ ‘ਚ ਕੈਦ ਖੁਸ਼ਨੁਮਾ ਪਲਾਂ ਨੂੰ ਜਦ ਪਿੱਛਲਖੁਰੀ ਨਿਹਾਰਦੇ ਤਾਂ ਬਹੁਤ ਕੁਝ ਸਾਡੀਆਂ ਯਾਦਾਂ ਵਿਚ ਪੁਨਰ-ਸੁਰਜੀਤ ਹੋ ਜਾਂਦਾ, ਜਿਸ ਨੂੰ ਜਿਉਣ ਲਈ ਅਸੀਂ ਫਿਰ ਤੋਂ ਉਤਸੁਕ ਹੋ ਜਾਂਦੇ। ਬੱਚਿਆਂ ਦੇ ਬਚਪਨੀ ਪਲ, ਉਸ ਵਕਤ ਨੂੰ ਸਾਹਵੇਂ ਲਿਆ ਖਲਿਆਰਦੇ, ਜਦੋਂ ਜਵਾਨ ਹੋਏ ਬੱਚਿਆਂ ਦੀਆਂ ਨਿੱਕੀਆਂ ਨਿੱਕੀਆਂ ਸ਼ਰਾਰਤਾਂ ਹੀ ਅਸੀਮ ਖੁਸ਼ੀਆਂ ਨੂੰ ਸਿਰਜਣ ਦਾ ਆਹਰ ਬਣਦੀਆਂ ਸਨ।
ਕੁਝ ਪਲ ਹੁੰਦੇ ਮੋਹ ਦਾ ਨਿਉਂਦਾ
ਹਰ ਝੋਲੀ ਵਿਚ ਪਾਈਏ
ਕੁਝ ਪਲ ਹੁੰਦੇ ਮਹਿਕ ਸ਼ਗੂਫਾ
ਸਾਹਾਂ ਵਿਚ ਰਮਾਈਏ।

ਕੁਝ ਪਲ ਹੁੰਦੇ ਚੰਨ ਈਦ ਦਾ
ਰੌਸ਼ਨ ਰੌਸ਼ਨ ਹੋ ਜਾਈਏ
ਕੁਝ ਪਲ ਹੁੰਦੇ ਸੂਰਜ ਵਰਗੇ
ਸੋਚਾਂ ਵਿਚ ਉਗਾਈਏ।

ਕੁਝ ਪਲ ਹੁੰਦੇ ਸੰਦਲੀ ਸੁਪਨੇ
ਨੈਣਾਂ ਵਿਚ ਟਿਕਾਈਏ
ਕੁਝ ਪਲ ਹੁੰਦੇ ਸਾਹੋਂ ਨੇੜੇ
ਘੁੱਟ ਸੀਨੇ ਨਾਲ ਲਾਈਏ।

ਕੁਝ ਪਲ ਹੁੰਦੇ ਫੁੱਲਾਂ ਜਿਹੇ
ਮਨ ਦਾ ਚਮਨ ਖਿੜਾਈਏ
ਕੁਝ ਪਲ੍ਹ ਹੁੰਦੇ ਜਿੰਦ ਤੋਂ ਮਹਿੰਗੇ
ਨਾ ਨੋਟਾਂ ਸੰਗ ਵਟਾਈਏ।

ਕੁਝ ਪਲ ਹੁੰਦੇ ਦਿਲ ‘ਤੇ ਉਕਰੇ
ਕਿਸੇ ਨਾ ਹਾਲ ਸੁਣਾਈਏ
ਕੁਝ ਪਲ ਹੁੰਦੇ ਮਨ ਦੀ ਬੀਹੀ
ਨਿੱਤ ਹੀ ਫੇਰਾ ਪਾਈਏ।

ਕੁਝ ਪਲ ਹੁੰਦੇ ਦਰਦ-ਮਜੀਠੀ
ਅੰਦਰੇ ਅੰਦਰ ਰਮਾਈਏ
ਕੁਝ ਪਲ ਹੁੰਦੇ ਗੁੰਮਿਆ ਆਪਾ
ਮਿਲੇ ਤਾਂ ਮੋੜ ਲਿਆਈਏ।

ਕੁਝ ਪਲ ਸਰਦਲ ਡੋਲਿਆ ਪਾਣੀ
ਮਿਲਣ ਤਾਂ ਸ਼ੁਕਰ ਮਨਾਈਏ
ਕੁਝ ਪਲ ਹੁੰਦੇ ਅਦਬ ਜਿਉਂਦਾ
ਅਦਬ, ਅਦਾਬ ਬਣਾਈਏ।

ਕੁਝ ਪਲ ਹੁੰਦੇ ਮੁਹੱਬਤਨਾਮਾ
ਹਰਫ ਹਰਫ ਹੋ ਜਾਈਏ
ਕੁਝ ਪਲ ਹੁੰਦੇ ਕਵਿਤਾ ਵਰਗੇ
ਰੇਸ਼ਮ ਪੱਟ ਹੰਢਾਈਏ।

ਕੁਝ ਪਲ ਹੁੰਦੇ ਤਹਿਜ਼ੀਬ ਦਾ ਵਰਕਾ
ਸਮਿਆਂ ਨੂੰ ਸਮਝਾਈਏ
ਵਰਤਮਾਨ ਦੀ ਹਿੱਕੜੀ ਉਪਰ
ਤਾਰਾ ਮੰਡਲ ਉਗਾਈਏ।
ਕਦੇ ਉਸ ਪਲ ਦੀ ਉਡੀਕ ਨਾ ਕਰੋ, ਜੋ ਸੰਪੂਰਨ ਹੋਵੇ ਸਗੋਂ ਅਪੂਰਨ ਪਲਾਂ ਨੂੰ ਸੰਪੂਰਨ ਕਰਨ ਦੀ ਸਮਰੱਥਾ ਹੋਵੇ ਤਾਂ ਜ਼ਿੰਦਗੀ ਵੀ ਸੰਪੂਰਨ ਹੋ ਜਾਂਦੀ।
ਪਲਾਂ ਨੂੰ ਕਦੇ ਵੀ ਸਾਹਾਂ ਦੀ ਗਿਣਤੀ ਵਿਚ ਨਾ ਉਲਝਾਓ ਸਗੋਂ ਜ਼ਿੰਦਗੀ ਦੇ ਪੱਲੇ ਵਿਚ ਜ਼ਿੰਦਾਦਿਲ ਪਲਾਂ ਨੂੰ ਪਾਓ ਅਤੇ ਜੀਵਨ-ਜਾਚ ਨੂੰ ਅਪਨਾਓ, ਜੀਵਨ ਸੁਹੰਢਣਾ ਹੋ ਜਾਵੇਗਾ।
ਪਲ ਉਹੀ ਸਦਗੁਣਾ ਜਦ ਜੀਵਨ ਦੀ ਸੋਝੀ ਆ ਜਾਵੇ, ਜੀਵਨ ਬਦਲ ਜਾਵੇ ਕਿਉਂਕਿ ਪਲ ਨੇ ਹੀ ਪਲਾਂ ਨੂੰ ਬਦਲਣ ਦਾ ਕਰਮ ਕਰਨਾ ਹੁੰਦਾ।
ਪਲ ਪਲ ਜਿੰ.ਦਗੀ ਦਾ ਜਸ਼ਨ ਮਨਾਓ। ਜੀਵਨ ਨੂੰ ਸੋਗ ਦੇ ਲੇਖੇ ਨਾ ਲਾਓ ਅਤੇ ਸਾਹਾਂ ਵਿਚ ਸਿਸਕੀ ਨਾ ਉਪਜਾਓ। ਸਿਉਂਕੇ ਸਾਹਾਂ ਦੀ ਖੁਦ ਕੋਈ ਅਉਧ ਨਹੀਂ ਹੁੰਦੀ।
ਪਲ ਤੇ ਪੀੜ ਦਾ ਸਾਥ ਵਿਚੋਂ ਪ੍ਰਾਪਤੀ। ਪਲ ਤੇ ਪਕੜ ਦੀ ਸਾਂਝ ਵਿਚੋਂ ਸਫਲਤਾ। ਪਲ ਦੀ ਪੁਣਛਾਣ ਰਾਹੀਂ ਪੁਖਤਗੀ। ਪਲ ਤੇ ਪਹਿਲ ਵਿਚੋਂ ਪਹਿਲ-ਕਦਮੀ। ਪਲ ਦੇ ਪ੍ਰਭਾਵ ਵਿਚੋਂ ਪ੍ਰਤਿਭਾ। ਪਲ ਦੀ ਪ੍ਰਤੀਬੱਧਤਾ ਰਾਹੀਂ ਪਰਮਾਣ।
ਬੀਤੇ ਹੋਏ ਪਲ ਕਦੇ ਨਹੀਂ ਪਰਤਦੇ ਅਤੇ ਨਾ ਹੀ ਲਏ ਹੋਏ ਸਾਹਾਂ ਨੇ ਫਿਰ ਧੜਕਣ ਬਣਨਾ। ਸਗੋਂ ਹਥਲੇ ਪਲ ਅਤੇ ਆਉਂਦੇ ਸਾਹਾਂ ਦੀ ਸਾਰਥਕਤਾ ਲਈ ਖੁਦ ਨੂੰ ਅਰਪਿੱਤ ਕਰਕੇ, ਜੀਵਨ ਨੂੰ ਅਜਾਈਂ ਗਵਾਉਣ ਤੋਂ ਬਚਾਇਆ ਜਾ ਸਕਦਾ। ਪਤਾ ਨਹੀਂ ਅਗਲਾ ਸਾਹ ਆਵੇ ਕਿ ਨਾ ਆਵੇ?