ਜਸਵੰਤ ਸਿੰਘ ਖਾਲੜਾ ਦੀ ਆਖਰੀ ਤਕਰੀਰ

ਕੁਦਰਤੀ ਸਾਨੂੰ ਇਹ ਰਾਹ ਮਿਲ ਗਿਆ…
ਮਨੁੱਖੀ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲੇ ਜਸਵੰਤ ਸਿੰਘ ਖਾਲੜਾ ਦੀ ਪਤਨੀ ਪਰਮਜੀਤ ਕੌਰ ਖਾਲੜਾ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਚੋਣ ਲੜ ਰਹੇ ਹਨ। ਪਿਛਲੇ ਅੰਕ ਵਿਚ ਅਸੀਂ ਇਸ ਬਾਬਤ ਸ਼ ਮਝੈਲ ਸਿੰਘ ਸਰਾਂ ਦਾ ਲੇਖ ਛਾਪਿਆ ਸੀ। ਸ਼ ਗੁਰਬਚਨ ਸਿੰਘ ਨੇ ‘ਪੰਜਾਬ ਟਾਈਮਜ਼’ ਲਈ ਜਸਵੰਤ ਸਿੰਘ ਖਾਲੜਾ ਦੀ ਕੈਨੇਡਾ ਵਿਚ ਦਿੱਤੀ ਇਹ ਤਕਰੀਰ ਭੇਜੀ ਹੈ। ਇਹ ਤਕਰੀਰ ਉਨ੍ਹਾਂ ਦੀ ਆਖਰੀ ਤਕਰੀਰ ਹੋ ਨਿੱਬੜੀ ਸੀ। ਇਸ ਤਕਰੀਰ ਵਿਚ ਉਨ੍ਹਾਂ ਭਾਵੇਂ ਕਈ ਗੱਲਾਂ ਕੀਤੀ ਹਨ, ਪਰ ਇਸ ਦਾ ਸਭ ਤੋਂ ਅਹਿਮ ਪੱਖ ਲਾਪਤਾ ਨੌਜਵਾਨਾਂ ਦਾ ਥਹੁ-ਪਤਾ ਲਾਉਣ ਲਈ ਕੀਤੇ ਤਰੱਦਦ ਬਾਰੇ ਕੀਤੀਆਂ ਗੱਲਾਂ ਹਨ। ਇਸ ਤਕਰੀਰ ਨੂੰ ਅਸੀਂ ਰਤਾ ਕੁ ਸੰਖੇਪ ਕਰਕੇ ਛਾਪ ਰਹੇ ਹਾਂ।

-ਸੰਪਾਦਕ

ਇਕ ਲਘੂ ਕਥਾ ਹੈ। ਜਦ ਸੂਰਜ ਪਹਿਲੀ ਵਾਰ ਅਸਤਣ ਲੱਗਾ ਤਾਂ ਜਿਉਂ ਜਿਉਂ ਉਹ ਆਪਣਾ ਪੰਧ ਮੁਕਾ ਰਿਹਾ ਸੀ, ਚਾਨਣ ਘਟ ਰਿਹਾ ਸੀ। ਹਨੇਰੇ ਦੀ ਆਮਦ ਦੇ ਨਿਸ਼ਾਨ ਪ੍ਰਗਟ ਹੋ ਰਹੇ ਸਨ। ਲੋਕਾਂ ਵਿਚ ਹਾਹਾਕਾਰ ਮਚ ਰਹੀ ਸੀ ਕਿ ਸੂਰਜ ਛਿਪ ਜਾਊਗਾ, ਹਨੇਰਾ ਪਸਰ ਜਾਊਗਾ, ਕਿਸੇ ਨੂੰ ਕੁਛ ਦਿਸੂ ਨਾ ਤੇ ਸਾਡਾ ਕੀ ਬਣੂੰ? ਦੁਨੀਆਂ ਫਿਕਰਮੰਦ ਸੀ। ਸੂਰਜ ਅਸਤਿਆ, ਹਨੇਰੇ ਨੇ ਆਪਣਾ ਜੌਹਰ ਵਿਖਾਉਣ ਲਈ ਧਰਤੀ ਉਤੇ ਪੈਰ ਪਾਇਆ ਪਰ ਕਹਿੰਦੇ, ਦੂਰ ਕਿਸੇ ਝੌਂਪੜੀ ਵਿਚੋਂ ਇਕ ਦੀਪਕ ਨੇ ਸਿਰ ਚੁਕਿਆ ਅਤੇ ਕਿਹਾ, ਮੈਂ ਹਨੇਰੇ ਨੂੰ ਚੈਲੰਜ ਕਰਦਾਂ, ਆਪਣੇ ਆਲੇ-ਦੁਆਲੇ ਇਸ ਨੂੰ ਲਾਗੇ ਨਹੀਂ ਲੱਗਣ ਦਿਆਂਗਾ। ਕਹਿੰਦੇ, ਉਸ ਦੀਪਕ ਨੂੰ ਦੇਖ ਕੇ ਹਰ ਝੁਗੀ-ਝੌਂਪੜੀ ਵਿਚ ਦੀਪਕ ਉਠਿਆ ਅਤੇ ਦੁਨੀਆਂ ਹੈਰਾਨ ਰਹਿ ਗਈ ਕਿ ਇਨ੍ਹਾਂ ਦੀਪਕਾਂ ਨੇ ਹਨੇਰੇ ਨੂੰ ਪਸਰਨ ਤੋਂ ਰੋਕਿਆ ਤੇ ਲੋਕ ਦੇਖ ਸਕੇ। ਮੈਂ ਸਮਝਦਾਂ ਕਿ ਅਜ ਜਦੋਂ ਹਨੇਰਾ ਪੂਰੇ ਜ਼ੋਰ ਨਾਲ ਸੱਚ ਉਤੇ ਫਤਿਹ ਪਾਉਣ ਲਈ ਲਲਕਾਰ ਰਿਹਾ ਹੈ ਤਾਂ ਮੈਂ ਕਹੂੰਗਾ ਅਣਖੀਲਾ ਪੰਜਾਬ, ਦੀਪਕ ਦੀ ਨਿਆਈਂ ਇਸ ਨੂੰ ਚੈਲੰਜ ਕਰ ਰਿਹਾ ਹੈ।
ਮੈਂ ਖਾਸ ਮਿਸ਼ਨ ਉਤੇ ਇਸ ਦੇਸ਼ ਆਇਆ ਹਾਂ। ਛੋਟਾ ਜਿਹਾ ਮਿਸ਼ਨ ਹੈ। ਤੁਸੀਂ ਤਾਂ ਬਹੁਤ ਵੱਡੇ ਮਿਸ਼ਨ ਨੂੰ ਇਥੇ ਦਾ ਵਿਸ਼ਾ ਬਣਾਇਐ, ਉਹਦੇ ਵਿਚੋਂ ਛੋਟਾ ਜਿਹਾ ਹਿੱਸਾ ਮਨੁੱਖੀ ਅਧਿਕਾਰਾਂ ਦਾ ਹੈ ਤੇ ਮਨੁੱਖੀ ਅਧਿਕਾਰਾਂ ਵਿਚੋਂ ਵੀ ਛੋਟਾ ਜਿਹਾ ਹਿੱਸਾ ਮੈਨੂੰ ਦੇ ਦਿਓ। ਅੱਜ ਅਸੀਂ ਕੈਨੇਡਾ ਵਿਚ ਇਕ ਰਿਪੋਰਟ ਦੀ ਗੱਲ ਕਰਨ ਆਏ ਸਾਂ। ਉਹ ਰਿਪੋਰਟ ਜੋ ਪਿਛਲੇ ਦਸਾਂ ਸਾਲਾਂ ਦੇ ਜਬਰ ਦੀ ਕਹਾਣੀ ਬਿਆਨ ਕਰਦੀ ਹੈ ਤੇ ਉਸ ਰਿਪੋਰਟ ਨੂੰ ਜਦ ਅਸੀਂ ਸ਼ੁਰੂ ਕਰਨ ਲੱਗੇ ਸਾਂ, ਪਹਿਲਾਂ ਸਾਡੇ ਕੋਲ ਸੈਂਕੜੇ ਰਿਪੋਰਟਾਂ ਸਨ ਪਰ ਇਕ ਸਵਾਲ ਸੀ, ਜੋ ਉਨ੍ਹਾਂ ਰਿਪੋਰਟਾਂ ਵਿਚੋਂ ਸਾਨੂੰ ਕੋਈ ਜਵਾਬ ਨਹੀਂ ਸੀ ਦੇ ਰਿਹਾ; ਉਹ ਸਵਾਲ ਸੀ ਕਿ ਹਜ਼ਾਰਾਂ ਮਾਂਵਾਂ ਆਪਣੇ ਪੁੱਤਾਂ ਨੂੰ ਉਡੀਕ ਰਹੀਆਂ ਨੇ, ਚਾਹੇ ਕਈਆਂ ਨੂੰ ਪਤਾ ਹੈ ਕਿ ਪੁੱਤ ਹੁਣ ਇਸ ਦੁਨੀਆਂ ਉਤੇ ਜਰਵਾਣਿਆਂ ਨਹੀਂ ਛੱਡਿਆ ਪਰ ਮਾਂ ਦਾ ਦਿਲ ਐਸਾ ਹੁੰਦਾ ਹੈ ਕਿ ਉਹ ਪੁੱਤ ਦੀ ਲਾਸ਼ ਦੇਖ ਕੇ ਵੀ ਯਕੀਨ ਨਹੀਂ ਕਰਦੀ ਕਿ ਉਹਦਾ ਪੁੱਤ ਉਹਨੂੰ ਛੱਡ ਗਿਆ ਹੈ।
ਤੇ ਜਿਨ੍ਹਾਂ ਮਾਂਵਾਂ ਨੇ ਆਪਣੇ ਜਾਇਆਂ ਦੀਆਂ ਲਾਸ਼ਾਂ ਵੀ ਨਹੀਂ ਸੀ ਦੇਖੀਆਂ, ਉਹ ਸਾਡੇ ਉਤੇ ਸਵਾਲ ਕਰ ਰਹੀਆਂ ਸਨ ਕਿ ਇਨ੍ਹਾਂ ਦਾ ਪਤਾ ਕਰ ਦਿਓ ਕਿ ਸਾਡਾ ਪੁੱਤ ਹੈ ਵੀ ਕਿ ਨਹੀਂ। ਉਨ੍ਹਾਂ ਭੈਣਾਂ ਦੇ ਵੀਰ, ਜਿਨ੍ਹਾਂ ਭੈਣਾਂ ਦੇ ਹੱਥਾਂ ਵਿਚ ਫੜੀਆਂ ਰੱਖੜੀਆਂ ਵੀਰਾਂ ਨੂੰ ਉਡੀਕ ਰਹੀਆਂ ਸਨ। ਕਈ ਬੀਬੀਆਂ ਭੈਣਾਂ ਸਾਡੀਆਂ ਅਸੀਂ ਘਰੋਂ ਤੋਰਨ ਲਈ ਰੋਕੀ ਖੜ੍ਹੇ ਸਾਂ, ਕਿਉਂਕਿ ਜਿਨ੍ਹਾਂ ਨਾਲ ਮੰਗੀਆਂ ਸਨ, ਜਿਨ੍ਹਾਂ ਨਾਲ ਵਿਆਹੁਣੀਆਂ ਸਨ, ਪੁਲਿਸ ਨੇ ਚੁੱਕਿਆ ਸਾਨੂੰ ਪਤਾ ਨਈਂ।
ਇਸ ਕਹਾਣੀ ਨੂੰ ਜਦੋਂ ਅਸੀਂ ਸ਼ੁਰੂ ਕੀਤਾ ਤਾਂ ਪਹਿਲਾਂ ਤਾਂ ਅਸੀਂ ਇਸ ਗੱਲ ਬਾਰੇ ਅੰਕੜੇ ਇਕੱਠੇ ਕੀਤੇ ਕਿ ਕਿੰਨੇ ਪੁੱਤ, ਕਿੰਨੇ ਭਰਾ, ਕਿੰਨੇ ਪਤੀ ਤੇ ਕਿੰਨੇ ਬੱਚੇ ਲਾਪਤਾ ਨੇ, ਪਰ ਜਦੋਂ ਅਸੀਂ ਇਸ ਵਿਸ਼ੇ ਉਤੇ ਗੱਲ ਸ਼ੁਰੂ ਕੀਤੀ ਤਾਂ ਅਨੇਕ ਮਾਂਵਾਂ-ਭੈਣਾਂ ਇਹ ਗੱਲ ਕਹਿਣ ਲਈ ਤਿਆਰ ਨਹੀਂ ਸਨ। ਕਹਿੰਦੀਆਂ, ਪੁੱਤ ਜੇ ਗੱਲ ਤੁਸਾਂ ਅਗਾਂਹ ਕਰ ਦਿਤੀ, ਸਾਡਾ ਪੁੱਤ ਜਿੰਦਾ ਏ ਅਜੇ, ਉਹ ਮਾਰ ਦੇਣਗੇ। ਤੁਸੀਂ ਗੱਲ ਨਾ ਕਰਿਓ, ਅਸੀਂ ਤੁਹਾਨੂੰ ਵੀ ਨਹੀਂ ਦੱਸਣਾ। ਅਸੀਂ ਰਫ (ਮੋਟਾ) ਜਿਹਾ ਐਸਟੀਮੇਟ (ਅੰਦਾਜ਼ਾ) ਦੁਨੀਆਂ ਦੇ ਸਾਹਮਣੇ ਰੱਖਿਆ ਕਿ ਇਕੱਲੇ ਅੰਮ੍ਰਿਤਸਰ ਜ਼ਿਲ੍ਹੇ ਵਿਚ 2000 ਬੱਚੇ ਲਾਪਤਾ ਹਨ। ਸਰਕਾਰ ਦੱਸੇ ਕਿ ਉਹ ਕਿਥੇ ਨੇ? ਸਰਕਾਰ ਚੁਪ ਸੀ। ਅਸੀਂ ਫਿਰ ਕੁਝ ਪਰਿਵਾਰਾਂ ਵਲੋਂ ਹਾਈਕੋਰਟ ਵਿਚ ਪਟੀਸ਼ਨਾਂ ਕਰਾਈਆਂ ਕਿ ਦੱਸੋ ਇਹ ਬੱਚੇ ਕਿਥੇ ਨੇ?
ਸਰਕਾਰ ਨੇ ਹਲਫੀਆ ਬਿਆਨ ਦਿਤੇ ਕਿ ਅਸੀਂ ਇਨ੍ਹਾਂ ਬੱਚਿਆਂ ਨੂੰ ਜਾਣਦੇ ਨਹੀਂ। ਜਦੋਂ ਗੱਲ ਹੋਰ ਅਗੇ ਵਧੀ ਤਾਂ ਜ਼ੁਲਮ ਦੇ ਇੰਚਾਰਜ ਕੇ. ਪੀ. ਐਸ਼ ਗਿੱਲ ਨੇ ਅੰਮ੍ਰਿਤਸਰ ਵਿਚ ਪ੍ਰੈਸ ਕਾਨਫਰੰਸ ਕਰ ਕੇ ਕਿਹਾ ਕਿ ਇਹ ਮਨੁੱਖੀ ਅਧਿਕਾਰ ਵਿੰਗ ਵਾਲੇ ਮਨੁੱਖੀ ਅਧਿਕਾਰਾਂ ਬਾਰੇ ਕੁਛ ਨਹੀਂ ਕਰ ਰਹੇ, ਇਨ੍ਹਾਂ ਦਾ ਮੋਟਿਵ (ਨਿਸ਼ਾਨਾ) ਹੈ ਕਿ ਇਹ ਬੌਕਰ ਖੜ੍ਹੀ ਕਰੀ ਰੱਖਣਾ ਚਾਹੁੰਦੇ ਐ ਕਿ ਪੰਜਾਬ ਵਿਚ ਕਿਤੇ ਅਮਨ ਨਾ ਹੋ ਜਾਵੇ ਤੇ ਇਹ ਆਈ. ਐਸ਼ ਆਈ. ਦੇ ਏਜੰਟ ਨੇ ਤੇ ਸਾਡੀ ਪੁਲਿਸ ਮਸ਼ੀਨਰੀ ਨੂੰ ਡਿਸਕਰੇਜ (ਨਿਰਾਸ਼) ਕਰ ਕੇ ਦੁਬਾਰਾ ਮਿਲੀਟੈਂਸੀ (ਖਾੜਕੂਵਾਦ) ਉਭਾਰਨ ਲਈ ਸਾਜ਼ਿਸ਼ਾਂ ਘੜ ਰਹੇ ਨੇ। ਕੇ. ਪੀ. ਐਸ਼ ਗਿੱਲ ਨੇ ਇਥੋਂ ਤਕ ਕਿਹਾ ਕਿ ਮੈਂ ਦੱਸਦਾਂ ਕਿ ਉਹ ਬੱਚੇ ਕਿਥੇ ਐ। ਉਸ ਨੇ ਕਿਹਾ ਕਿ ਇਹ ਬੱਚੇ ਯੂਰਪ, ਕੈਨੇਡਾ, ਅਮਰੀਕਾ ਵਿਚ ਦਿਹਾੜੀਆਂ ਕਰ ਰਹੇ ਨੇ ਤੇ ਇਹ ਮਨੁੱਖੀ ਅਧਿਕਾਰ ਸੰਗਠਨ ਸਾਨੂੰ ਕਹਿ ਰਹੇ ਨੇ ਕਿ ਹਜ਼ਾਰਾਂ ਬੱਚੇ ਲਾਪਤਾ ਨੇ। ਇਹ ਚੈਲੰਜ (ਵੰਗਾਰ) ਸੀ ਸਾਨੂੰ, ਉਸ ਹਕੀਕਤ ਨੂੰ ਅਸੀਂ ਸਾਹਮਣੇ ਲਿਆਉਣਾ ਚਾਹੁੰਦੇ ਸਾਂ।
ਅਸੀਂ ਇਸ ਹਕੀਕਤ ਨੂੰ ਸਬੂਤਾਂ ਸਹਿਤ ਦੁਨੀਆਂ ਸਾਹਮਣੇ ਪੇਸ਼ ਕਰਨ ਲਈ ਆਪਣੇ ਆਪ ਨੂੰ ਉਸ ਮੁਹਿੰਮ ਵਿਚ ਪਾਇਆ, ਜਿਥੇ ਸਾਨੂੰ ਖਤਰਿਆਂ ਦਾ ਸਾਹਮਣਾ ਕਰਨਾ ਪਿਆ। ਲੇਕਿਨ ਅਸੀਂ ਗਏ, ਉਥੇ ਜਿਥੇ ਸਾਡੇ ਭਰਾ ਗਏ ਸੀ, ਅਸੀਂ ਮੜ੍ਹੀਆਂ ਵਿਚ ਗਏ, ਅਸੀਂ ਜਾ ਕੇ ਉਥੇ ਡਿਊਟੀਆਂ ਦਿੰਦੇ ਮੁਲਾਜ਼ਮਾਂ ਨੂੰ ਪੁਛਿਆ ਕਿ ਤੁਸੀਂ ਸਾਨੂੰ ਇੰਨਾ ਈ ਦੱਸ ਦਿਉ ਕਿ ਇਸ ਸਮੇਂ ਵਿਚ ਪੁਲਿਸ ਨੇ ਤੁਹਾਨੂੰ ਕਿੰਨੀਆਂ ਕੁ ਲਾਸ਼ਾਂ ਦਿਤੀਆਂ। ਕੋਈ ਕਹੇ, 9-10 ਰੋਜ਼ ਦੀਆਂ ਸਾੜਦੇ ਸਾਂ; ਕੋਈ ਕਹੇ, ਕੋਈ ਹਿਸਾਬ ਈ ਨਹੀਂ; ਕਦੀ ਟਰੱਕ ਪੂਰਾ ਆ ਜਾਂਦਾ ਸੀ ਤੇ ਕਦੀ 2-4 ਆਉਂਦੀਆਂ ਸਨ। ਜਦੋਂ ਅਸੀਂ ਕਿਹਾ ਕਿ ਸਾਨੂੰ ਤਾਂ ਹਿਸਾਬ ਚਾਹੀਦਾ, ਤਾਂ ਉਨ੍ਹਾਂ ਕਿਹਾ ਕਿ ਇਕ ਥਾਂ ਤੋਂ ਹਿਸਾਬ ਮਿਲ ਸਕਦਾ, ਲਾਸ਼ਾਂ ਸਾਨੂੰ ਪੁਲਿਸ ਦਿੰਦੀ ਸੀ ਤੇ ਬਾਲਣ ਸਾਨੂੰ ਮਿਉਂਸਪਲ ਕਮੇਟੀ ਦਿੰਦੀ ਸੀ। ਮਿਉਂਸਪਲ ਕਮੇਟੀ ਦੇ ਨਿਯਮ ਨੇ, ਇਥੇ ਵੀ ਹੋਣਗੇ ਕਿ ਸ਼ਹਿਰ ਵਿਚ ਲਾਵਾਰਸ ਲਾਸ਼ ਕੋਈ ਵੀ ਮਿਲੇ, ਮਿਉਂਸਪੈਲਟੀ ਆਪਣੇ ਖਰਚੇ ‘ਤੇ ਸਸਕਾਰ ਕਰਦੀ ਐ।
ਫਿਰ ਕੁਦਰਤੀ ਇਹ ਰਾਹ ਸਾਨੂੰ ਮਿਲ ਗਿਆ। ਅਸੀਂ ਵੇਖਿਆ ਕਿ ਸਾਡੇ ਲਾਪਤਾ ਭਰਾਵਾਂ ਦਾ ਪੂਰਾ ਹਿਸਾਬ ਲਿਖਿਆ ਪਿਆ ਸੀ। ਉਥੇ ਰੋਜ਼ਾਨਾ ਕਿੰਨਾ ਬਾਲਣ ਇਸ਼ੂ (ਜਾਰੀ) ਹੁੰਦਾ ਸੀ, ਲਿਖਿਆ ਪਿਆ ਸੀ। ਉਥੇ ਲਿਖਿਆ ਸੀ ਕਿ ਕਿੰਨੀਆਂ ਲਾਸ਼ਾਂ ਕਿਹੜਾ ਪੁਲਿਸ ਅਫਸਰ ਦੇ ਕੇ ਗਿਆ ਤੇ ਜਦੋਂ ਅਸੀਂ ਉਸ ਤੋਂ ਵੀ ਅੱਗੇ ਗਏ ਤਾਂ ਉਥੇ ਇਹ ਵੀ ਲਿਖਿਆ ਪਿਆ ਸੀ ਕਿ ਕਿਹੜਾ ਠਾਣੇਦਾਰ ਕਿੰਨੀਆਂ ਲਾਸ਼ਾਂ ਲੈ ਕੇ ਆਇਆ। ਅਸੀਂ ਹੈਰਾਨ ਰਹਿ ਗਏ ਕਿ ਅੰਮ੍ਰਿਤਸਰ ਜ਼ਿਲ੍ਹੇ ਦੇ ਤਿੰਨਾਂ ਸ਼ਹਿਰਾਂ ਦੀਆਂ ਮਿਉਂਸਪਲ ਕਮੇਟੀਆਂ ਦੇ ਸ਼ਮਸ਼ਾਨਘਾਟਾਂ ਵਿਚ 6017 ਲਾਸ਼ਾਂ ਅਜਿਹੀਆਂ ਸਨ, ਜੋ ਸਾਫ ਲਿਖਿਆ ਸੀ ਕਿ ਇਹ ਸਿੱਖ ਨੌਜਵਾਨਾਂ ਦੀਆਂ ਲਾਸ਼ਾਂ ਨੇ, ਜਿਨ੍ਹਾਂ ਦੀ ਉਮਰ 15 ਤੋਂ 35 ਸਾਲ ਦੇ ਦਰਮਿਆਨ ਆ। ਲਿਖਿਆ ਸੀ, ਬੀਬੀਆਂ ਦੀਆਂ ਲਾਸ਼ਾਂ ਵੀ ਨੇ। ਅਸੀਂ ਹੈਰਾਨ ਹੋਏ ਕਿ ਉਹਦੇ ਵਿਚ ਬਜੁਰਗਾਂ ਦੀਆਂ ਲਾਸ਼ਾਂ ਵੀ ਨੇ, ਚਾਹੇ ਉਹ ਕੁਛ ਪਰਸੈਂਟ (ਫੀਸਦੀ) ਸੀ। ਉਥੇ ਲਿਖਿਆ ਪਿਆ ਸੀ, ਸਾਡੀਆਂ ਮਾਤਾਵਾਂ ਦੀਆਂ ਲਾਸ਼ਾਂ ਵੀ ਨੇ। ਉਥੇ ਮਾਤਾ ਗੁਰਮੇਜ ਕੌਰ, ਜਿਨ੍ਹੇ ਬਾਬਾ ਮਾਨੋਚਾਹਲ ਜੰਮਿਆ ਸੀ, ਉਹਦੀ ਲਾਸ਼ ਵੀ ਸਾਨੂੰ ਲੱਭੀ। ਉਥੇ ਬੀਬੀ ਮਹਿੰਦਰ ਕੌਰ, ਜਿਨ੍ਹੇ ਪਰਮਜੀਤ ਸਿੰਘ ਪੰਜਵੜ ਜੰਮਿਆ ਸੀ, ਉਹਦੀ ਲਾਸ਼ ਵੀ ਲੱਭੀ ਤੇ ਉਥੇ ਹਰਮਿੰਦਰ ਸਿੰਘ ਸੁਲਤਾਨਵਿੰਡ ਦੇ ਚਾਚੇ ਬਾਬਾ ਪਿਆਰਾ ਸਿੰਘ ਦੀ ਲਾਸ਼ ਵੀ ਸਾਨੂੰ ਲੱਭੀ।
ਜਦੋਂ ਸਾਨੂੰ ਇਹ ਹਕੀਕਤ ਮਿਲੀ, ਅਸੀਂ ਉਸ ਦੇਸ਼ ਦੀ ਉਚ ਅਦਾਲਤ ਵਿਚ ਗਏ। ਅਸੀਂ ਪੰਜਾਬ ਤੇ ਹਰਿਆਣਾ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਕਿ ਘਟੋ-ਘਟ ਸਾਨੂੰ ਇਹ ਡੀਟੇਲ (ਵੇਰਵਾ) ਤਾਂ ਦੇ ਦਿਉ ਕਿ ਕਿਹੜੀ ਲਾਸ਼ ਕੀਹਦੀ ਐ। ਕਾਨੂੰਨ ਕਹਿੰਦਾ ਹੈ ਕਿ ਲਾਵਾਰਸ ਲਾਸ਼ ਦੀ ਫੋਟੋ ਰੱਖੀ ਜਾਂਦੀ ਐ; ਕਾਨੂੰਨ ਕਹਿੰਦਾ, ਲਾਵਾਰਸ ਲਾਸ਼ ਦੇ ਕੱਪੜੇ ਉਦੋਂ ਤਕ ਸਾਂਭ ਕੇ ਰੱਖੇ ਜਾਂਦੇ ਆ, ਜਦ ਤਕ ਉਨ੍ਹਾਂ ਦਾ ਵਾਰਸ ਕਲੇਮ (ਦਾਅਵਾ) ਨਾ ਕਰੇ, ਪਰ ਉਹ ਦੇਸ਼ ਜੋ ਸਭ ਤੋਂ ਵਡੀ ਜਮਹੂਰੀਅਤ ਤੇ ਨਿਆਂ ਪਸੰਦ ਕਹਾਉਂਦਾ ਏ, ਉਸ ਦੇਸ਼ ਦੀ ਹਾਈਕੋਰਟ ਨੇ ਸਾਨੂੰ ਕਿਹਾ ਕਿ ਇੰਜ ਕਰੋ, ਇਹ ਪਬਲਿਕ ਇੰਟਰੈਸਟ (ਲੋਕਹਿਤ) ਤਾਂ ਬਣਦੀ ਨਹੀਂ, ਇਹਦੇ ਨਾਲ ਬਹੁਤ ਵੱਡਾ ਮਸਲਾ ਖੜ੍ਹਾ ਹੁੰਦੇ ਏ, ਤੁਸੀਂ ਹਰ ਪਰਿਵਾਰ ਨੂੰ ਭੇਜ ਦਿਉ, ਜਿਨ੍ਹਾਂ ਦੀ ਲਾਸ਼ ਹੈ, ਅਸੀਂ ਉਨ੍ਹਾਂ ਨੂੰ ਜਾਣਕਾਰੀ ਦੇ ਦਿਆਂਗੇ। ਕਾਨੂੰਨ ਨਾਲ ਮਖੌਲ ਕੀਤਾ ਗਿਆ। ਉਨ੍ਹਾਂ ਲੋਕਾਂ ਨਾਲ ਮਖੌਲ ਕੀਤਾ ਗਿਆ, ਜੋ ਹੋਰ ਕੁਛ ਨਹੀਂ ਮੰਗਦੇ, ਸਿਰਫ ਡੈਥ ਸਰਟੀਫਿਕੇਟ (ਮੌਤ ਦਾ ਸਬੂਤ) ਹੀ ਮੰਗਦੇ ਸਨ। ਚਾਹੇ ਅਸੀਂ ਹੁਣ ਸੁਪਰੀਮ ਕੋਰਟ ਵਿਚ ਜਾਵਾਂਗੇ ਪਰ ਸਭ ਤੋਂ ਵੱਡੀ ਕਚਹਿਰੀ ਲੋਕਾਂ ਦੀ ਕਚਹਿਰੀ ਹੁੰਦੀ ਐ ਤੇ ਅਸੀਂ ਲੋਕਾਂ ਦੀ ਕਚਹਿਰੀ ਵਿਚ ਦੁਨੀਆਂ ਪੱਧਰ ‘ਤੇ ਜਾਣਾ ਚਾਹੁੰਦੇ ਆਂ ਕਿ ਐ ਦੁਨੀਆਂ ਵਾਲਿਓ! ਤੁਸਾਂ ਸਾਨੂੰ ਅਤਿਵਾਦੀ ਆਖਿਆ, ਤੁਸਾਂ ਸਾਨੂੰ ਫਿਰਕਾਪ੍ਰਸਤ ਆਖਿਆ ਏ, ਪਰ ਜਿਨ੍ਹਾਂ ਨੂੰ ਤੁਸਾਂ ਅਮਨ ਦੇ ਮਸੀਹੇ ਆਖਿਆ ਸੀ, ਜਿਨ੍ਹਾਂ ਨੂੰ ਤੁਸਾਂ ਜਮਹੂਰੀਅਤ ਦੇ ਪੈਗੰਬਰ ਕਿਹਾ ਸੀ, ਉਨ੍ਹਾਂ ਦੀ ਅਸਲੀਅਤ ਜਾਣੋ ਤੇ ਸਾਨੂੰ ਦੱਸੋ ਕਿ ਆਖਰ ਅਤਿਵਾਦੀ ਕੌਣ ਐ ਤੇ ਸਤਿਵਾਦੀ ਕੌਣ ਐ?
ਇਸ ਆਧਾਰ ਉਤੇ ਮਹਾਰਾਜ ਨੇ ਕੋਈ ਮੌਕਾ ਬਖਸ਼ਿਆ। (ਕਾਮਾਗਾਟਾ ਮਾਰੂ ਜਹਾਜ ਵਿਚ ਆਏ) ਦਾਦੇ ਮੇਰੇ ਨੂੰ ਤਾਂ ਇਸ ਮੁਲਕ (ਕੈਨੇਡਾ) ਨੇ ਨਈਂ ਸੀ ਵੜਨ ਦਿਤਾ ਪਰ ਕੋਈ ਭਾਣਾ ਅਚਾਨਕ ਵਾਪਰਿਆ। ਮੈਨੂੰ ਕਿਹਾ ਗਿਆ ਕਿ ਮਿਸਿਜ਼ ਕੁਲੀਨ ਇਥੇ ਕੋਈ ਸੈਮੀਨਾਰ ਕਰ ਰਹੀ ਐ। ਮੈਂ ਕੈਨੇਡਾ ਆਇਆ। ਇਥੇ ਕੈਨੇਡਾ ਦੀ ਸਰਕਾਰ, ਪਾਰਲੀਮੈਂਟ ਨੂੰ ਸਭ ਕੁਛ ਕਿਹਾ; ਲੇਕਿਨ ਮੈਂ ਸਮਝਦਾਂ ਕਿ ਬੇਗਾਨਿਆਂ ਨੂੰ ਕਹਿਣ ਦੇ ਨਾਲ ਨਾਲ ਆਪਣਿਆਂ ਨੂੰ ਵੀ ਕਹਿ ਲਵਾਂ ਕੁਛ। ਅਸੀਂ ਇਹ ਬਹੁਤ ਕਹਿ ਸਕਦੇ ਹਾਂ ਕਿ ਸਾਡੇ ਉਤੇ ਜ਼ੁਲਮ ਬਹੁਤ ਹੋਇਆ, ਲੇਕਿਨ ਜ਼ੁਲਮ ਦਾ ਪੂਰਾ ਹਿਸਾਬ ਰੱਖਣ ਦਾ ਅਜੇ ਸਾਨੂੰ ਅਭਿਆਸ ਨਹੀਂ ਹੋਇਆ। ਅਸੀਂ ਕਰੀਬ 50 ਹਜ਼ਾਰ ਜਾਂ ਕਰੀਬ 10 ਲੱਖ, ਇਹ ਸਾਰਾ ਕੁਛ ਕਹਿ ਦਿੰਨੇ ਆਂ। ਦੁਨੀਆਂ ਦੇ ਪੜ੍ਹੇ ਲਿਖੇ ਲੋਕ ਇਤਬਾਰ ਨਹੀਂ ਕਰਦੇ। ਸਹੀ ਅੰਕੜੇ ਮੰਗਦੇ ਨੇ ਤਾਂ ਉਹਦੇ ਵਾਸਤੇ ਅਸੀਂ ਇਹ ਵੀ ਕਹਿਨੇ ਆਂ ਕਿ ਆਉ ਤੁਸੀਂ ਸਾਰੇ ਹੀ ਇਸ ਮਸਲੇ ਉਤੇ। ਕਿਉਂਕਿ ਇਹ ਮਸਲਾ ਉਨ੍ਹਾਂ ਪਰਿਵਾਰਾਂ ਦਾ ਹੀ ਨਹੀਂ, ਕੌਮ ਦਾ ਮਸਲਾ ਏ। ਇਹ ਦੁਨੀਆਂ ਦੀ ਮਾਨਵਤਾ ਦਾ ਮਸਲਾ ਐ। ਤੁਸੀਂ ਸਾਰੇ ਇਸ ਮਸਲੇ ਨੂੰ ਜਿਥੇ ਵੀ ਹੈ, ਜਿਸ ਵੀ ਢੰਗ ਨਾਲ ਹੈ, ਉਸ ਢੰਗ ਨਾਲ ਪੇਸ਼ ਕਰੋ ਤੇ ਉਸ ਹਕੂਮਤ ਨੂੰ, ਉਸ ਮਸ਼ੀਨਰੀ ਨੂੰ, ਉਸ ਨਿਆਂਪ੍ਰਣਾਲੀ ਨੂੰ ਲਾਹਨਤਾਂ ਪਾਓ ਤੇ ਲੋਕਾਂ ਨੂੰ ਅਸਲੀਅਤ ਦੱਸੋ। ਇਸ ਕੰਮ ਵਿਚ ਤੁਸੀਂ ਸਾਡੀ ਜ਼ਰੂਰ ਮਦਦ ਕਰਿਓ।
ਇਸ ਦੇ ਨਾਲ ਹੀ ਮੈਂ ਤੁਹਾਡੇ ਨਾਲ ਇਕ ਗੱਲ ਹੋਰ ਕਰਨੀ ਚਾਹੁੰਨਾਂ। ਮਨੁੱਖੀ ਅਧਿਕਾਰ ਪੰਜਾਬ ਵਿਚ ਰਹਿੰਦੇ ਲੋਕਾਂ ਦੇ ਹੀ ਕੁਚਲੇ ਨਹੀਂ ਜਾਂਦੇ, ਮਨੁੱਖੀ ਅਧਿਕਾਰ ਸਿਰਫ ਉਥੇ ਰਹਿਣ ਵਾਲੇ ਸਿੱਖਾਂ ਦੇ ਈ ਕੁਚਲੇ ਨਹੀਂ ਜਾਂਦੇ। ਹਰ ਸਿੱਖ ਜਦ ਭਾਰਤੀ ਸਟੇਟ ਨਾਲ ਆਪਣੇ ਸਬੰਧਾਂ ਦਾ ਲੈਣ-ਦੇਣ ਕਰਦਾ ਏ ਤਾਂ ਉਸ ਦੇ ਮਨੁੱਖੀ ਅਧਿਕਾਰਾਂ ਉਤੇ ਵਾਰ ਹੁੰਦਾ ਏ। ਕਈਆਂ ਨੂੰ ਅਹਿਸਾਸ ਹੁੰਦਾ ਐ ਤੇ ਕਈਆਂ ਨੂੰ ਨਹੀਂ ਹੁੰਦਾ। ਮੈਂ ਕਹਿਨਾਂ ਕਿ ਤੁਹਾਡੇ ਹਰ ਇਕ ਦੇ ਨਾਲ ਭਾਰਤੀ ਸਟੇਟ ਮਨੁੱਖੀ ਅਧਿਕਾਰਾਂ ਦੇ ਪੱਖ ਤੋਂ ਧੱਕਾ ਕਰਦਾ ਐ ਤੇ ਤੁਸੀਂ ਸਿਰਫ ਇਹ ਹੀ ਨਾ ਸੋਚਿਓ ਕਿ ਸਾਡੇ ਨਾਲ ਮਨੁੱਖੀ ਅਧਿਕਾਰਾਂ ਦਾ ਧੱਕਾ ਹੋ ਰਿਹੈ ਤਾਂ ਤੁਸੀਂ ਸਾਡੀ ਗੱਲ ਕਰਨੀ ਐ। ਧੱਕਾ ਕਿਵੇਂ ਹੁੰਦਾ, ਤੁਸੀਂ ਚਾਹੇ ਕੈਨੇਡਾ ਦੇ ਸਿਟੀਜ਼ਨ ਬਣ ਗਏ ਪਰ ਇਕ ਗੱਲ ਯਾਦ ਰੱਖੋ, ਦੁਨੀਆਂ ਵਿਚ ਸਭ ਤੋਂ ਵੱਡਾ ਬੁਨਿਆਦੀ ਅਧਿਕਾਰ ਐ ਬੰਦੇ ਦੇ ਪੂਜਾ ਪਾਠ ਕਰਨ ਦਾ, ਉਸ ਦੇ ਧਰਮ ਨੂੰ ਮੰਨਣ ਦਾ ਅਧਿਕਾਰ ਤੇ ਤੁਸੀਂ ਰੋਜ਼ ਦੋ ਵੇਲੇ ਅਰਦਾਸ ਕਰਦੇ ਹੋ ‘ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ’ ਦੀ, ਕਿਹੜਾ ਸਿੱਖ ਐ ਜਿਹੜਾ ਬਾਂਹ ਖੜ੍ਹੀ ਕਰ ਕੇ ਕਹਿ ਸਕਦਾ ਕਿ ਮੈਨੂੰ ਇਸ ਮੁਢਲੇ ਬੁਨਿਆਦੀ ਮਨੁੱਖੀ ਅਧਿਕਾਰ ਦੀ ਪ੍ਰਾਪਤੀ ਐ, ਦੁਨੀਆਂ ਦਾ ਕੋਈ ਧਰਮ ਅਜਿਹਾ ਨਹੀਂ ਜਿਸ ਨੂੰ ਆਪਣੇ ਮੱਕੇ ਵਿਚ ਜਾਣ ਦੀ, ਜਿਸ ਨੂੰ ਆਪਣੇ ਪੋਪ ਦੇ ਕੋਲ ਜਾਣ ਦੀ ਕੋਈ ਪਾਬੰਦੀ ਹੋਵੇ। ਦੁਨੀਆਂ ਵਿਚ ਸਿਰਫ ਇਕ ਧਰਮ ਐ, ਉਹ ਸਿੱਖ ਧਰਮ ਐ, ਜਿਸ ਨੂੰ ਸ੍ਰੀ ਅਕਾਲ ਤਖਤ ਸਾਹਿਬ ‘ਤੇ ਜਿਸ ਦੇ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਜਾਣ ਉਤੇ ਪਾਬੰਦੀ ਆ।
ਦੂਸਰਾ ਅਧਿਕਾਰ ਹੁੰਦਾ, ਹਰ ਬੰਦੇ ਦਾ ਆਪਣੇ ਵਿਚਾਰ ਪ੍ਰਗਟ ਕਰਨ ਦਾ। ਇਥੇ ਰਹਿੰਦਿਆਂ ਉਥੋਂ ਦੀਆਂ ਪਾਬੰਦੀਆਂ ਸਾਡਾ ਪਿੱਛਾ ਕਰਦੀਆਂ ਨੇ। ਦੱਸਿਆ ਗਿਆ ਹੈ ਕਿ ਡਾ. ਅਮਰਜੀਤ ਸਿੰਘ ਦੇ ਬੋਲਣ ਬਾਰੇ ਉਥੋਂ ਦੀ ਸਰਕਾਰ ਜਾਂ ਉਥੋਂ ਦੀ ਸਰਕਾਰ ਦੇ ਬੰਦਿਆਂ ਦੀਆਂ ਹਦਾਇਤਾਂ ਉਤੇ ਇਥੇ ਕਿਹਾ ਗਿਆ ਕਿ ਉਹ ਇਥੇ ਬੋਲਣ ਜਾਂ ਨਾ ਬੋਲਣ, ਇਹਦੇ ਬਾਰੇ ਦੱਸਿਆ ਜਾਵੇ। ਇਹ ਵਿਚਾਰ ਪ੍ਰਗਟ ਕਰਨ ਦਾ ਸਾਡਾ ਹੱਕ ਐ, ਜਿਸ ਨੂੰ ਇਕ ਖਾਸ ਥਾਂ ਤੋਂ ਲੋਕ ਕੁਚਲਣ ਲਈ ਦੁਨੀਆਂ ਪੱਧਰ ‘ਤੇ ਕੋਸ਼ਿਸ਼ਾਂ ਕਰਦੇ ਨੇ। ਕੀ ਤੁਸੀਂ ਏਸ ਵਿਚਾਰ ਦੀ ਰਾਖੀ ਲਈ ਇਸ ਅਣਖੀਲੇ ਪੰਜਾਬ ਦੀ ਰਾਖੀ ਲਈ ਕੁਛ ਕਰ ਸਕਦੇ ਹੋ, ਇਹ ਤੁਸੀਂ ਜ਼ਰੂਰ ਵਿਚਾਰਿਓ। ਤੁਸੀਂ ਆਪਣੇ ਪੁੱਤਾਂ-ਧੀਆਂ ਦੀ ਸ਼ਾਦੀ ਕਰਨ ਲਈ ਪੰਜਾਬ ਜਾਂਦੇ ਹੋ। ਤੁਸੀਂ ਉਥੋਂ ਜਦੋਂ ਆਪਣੇ ਬੱਚਿਆਂ ਦੇ ਵਿਆਹ ਦਾ ਸਰਟੀਫਿਕੇਟ ਲਿਆਉਂਦੇ ਹੋ, ਤੁਹਾਨੂੰ ਜ਼ਰੂਰੀ ਹੁੰਦਾ ਕਿ ਕਚਹਿਰੀ ਵਿਚ ਦਰਜ ਕਰਵਾਓ। ਖਲੋ ਕੇ ਕੀ ਕਹਿੰਦੇ ਜੇ, ਕਦੀ ਸੋਚਿਆ? ਤੁਸੀਂ ਹਿੰਦੂ ਮੈਰਿਜ ਐਕਟ ਮੁਤਾਬਕ ਸਾਰੇ ਸਰਟੀਫਿਕੇਟ ਕੱਛ ਵਿਚ ਮਾਰ ਕੇ ਲਿਆਉਂਦੇ ਜੇ। ਕੀ ਤੁਹਾਨੂੰ ਕਿਸੇ ਕੈਨੇਡੀਅਨ ਇੰਮੀਗ੍ਰੇਸ਼ਨ ਅਧਿਕਾਰੀ ਨੇ ਨਹੀਂ ਪੁਛਿਆ ਕਿ ਇਥੇ ਤਾਂ ਤੁਸੀਂ ਕਹਿੰਦੇ ਜੇ ਅਸੀਂ ਸਿੱਖ ਆਂ ਤੇ ਸਰਟੀਫਿਕੇਟ ਤਾਂ ਦੂਜਾ ਲੈ ਆਂਦਾ ਜੇ, ਕਿ ਹਿੰਦੂ ਮੈਰਿਜ ਐਕਟ ਮੁਤਾਬਕ ਮੈਂ ਆਪਣੇ ਬੱਚੇ ਦੀ ਸ਼ਾਦੀ ਕਰਕੇ ਆਇਆਂ। ਕੀ ਤੁਸੀਂ ਸੋਚਿਆ ਹੈ ਕਿ ਇਹ ਅਧਿਕਾਰ ਤੁਹਾਡੇ ਵਾਸਤੇ ਕਿਹੋ ਜਿਹਾ ਸਰਟੀਫਿਕੇਟ ਹੈ? ਤੁਸੀਂ ਸਾਰੇ ਉਥੇ ਦੋ-ਦੋ, ਚਾਰ-ਚਾਰ ਕਿੱਲੇ ਛੱਡ ਕੇ ਆਏ ਹੋ। ਪਹਿਲਾਂ ਕਿਹਾ ਕਿ ਭਰਾ ਵਾਹ ਲੈਣ ਪਰ ਹੁਣ ਚਾਹੁੰਦੇ ਹੋ ਕਿ ਵੇਚ ਕੇ ਪੈਸਾ ਲੈ ਆਈਏ। ਜਾ ਕੇ ਤੁਸੀਂ ਕਚਹਿਰੀਆਂ ਵਿਚ ਕੇਸ ਕਰਦੇ ਹੋ ਤਾਂ ਕਿਹੜੇ ਕਾਨੂੰਨ ਮੁਤਾਬਕ ਵਕੀਲ ਕਰਦੇ ਹੋ, ਹਿੰਦੂ ਵਿਰਾਸਤ ਐਕਟ ਮੁਤਾਬਕ ਮੇਰੇ ਪਿਉ ਦੀ ਜ਼ਮੀਨ ਦਾ ਇੰਨਾ ਕੁ ਹਿੱਸਾ ਮੇਰਾ ਬਣਦਾ ਹੈ? ਕਦੀ ਤੁਸਾਂ ਸੋਚਿਆਂ ਕਿ ਸਭ ਕੁਛ ਦੇ ਹੁੰਦਿਆਂ ਵੀ ਉਸ ਅਦਾਲਤ ਵਿਚ ਜਾ ਕੇ 2-4 ਕਿੱਲਿਆਂ ਬਦਲੇ ਫਿਰ ਆਪਣੇ ਆਪ ਨੂੰ ਹਿੰਦੂ ਕਹਿਣਾ ਪੈਂਦਾ ਹੈ।
ਸੋ, ਇਹ ਤੁਹਾਡੇ ਨਾਲ ਸਬੰਧਿਤ ਗੱਲਾਂ ਨੇ, ਉਥੇ ਅਨੇਕ ਸਾਡੇ ਨਾਲ ਸਬੰਧਿਤ ਗੱਲਾਂ ਨੇ। ਮੈਂ ਕਹਿਨਾਂ, ਇਨ੍ਹਾਂ ਸਾਰਿਆਂ ਦੇ ਬਦਲੇ ਆਪਾਂ ਦੁਨੀਆਂ ਵਿਚ ਕਿਤੇ ਵੀ ਵਸਦੇ ਹੋਈਏ, ਰਾਜਨੀਤੀ ਕਿਸੇ ਨੂੰ ਵੀ ਮੰਨਦੇ ਹੋਈਏ, ਸਾਨੂੰ ਸਾਰਿਆਂ ਨੂੰ ਸੁਚੇਤ ਹੋਣਾ ਚਾਹੀਦਾ ਹੈ ਤੇ ਦੁਨੀਆਂ ਨੂੰ ਦੱਸਣਾ ਚਾਹੀਦਾ ਹੈ ਕਿ ਸਾਡੇ ਤਾਂ ਪਰਿਵਾਰ ਵੀ ਗਵਰਨ ਹੁੰਦੇ ਆ ਹਿੰਦੂ ਐਕਟ ਮੁਤਾਬਕ, ਸਾਡੇ ਧਾਰਮਿਕ ਅਦਾਰੇ ਵੀ ਗਵਰਨ ਹੁੰਦੇ ਆ ਹਿੰਦੂ ਐਕਟ ਮੁਤਾਬਕ। ਫਿਰ ਮਨੁੱਖੀ ਅਧਿਕਾਰਾਂ ਦੀ ਮੰਗ, ਮਨੁੱਖੀ ਅਧਿਕਾਰਾਂ ਦਾ ਵਿਸ਼ਾ ਅੱਜ ਇਹ ਮੰਗ ਕਰਦਾ ਹੈ ਕਿ ਹਰ ਬੰਦਾ ਜਿੱਥੇ ਵੀ ਐ, ਉਹ ਘੱਟੋ-ਘੱਟ ਸਤਿਗੁਰੂ ਤੋਂ ਅਸੀਸਾਂ ਮੰਗਦਾ ਹੈ। ਜੇ ਤੁਸੀਂ ਇੱਥੇ ਆ ਕੇ ਦੁਧ ਮੰਗਦੇ ਜੇ, ਪੁੱਤ ਮੰਗਦੇ ਜੇ, ਖੁਸ਼ੀਆਂ ਮੰਗਦੇ ਜੇ, ਸਤਿਗੁਰ ਤੁਹਾਨੂੰ ਸਭ ਕੁਛ ਦਿੰਦਾ ਪਰ ਸਤਿਗੁਰ ਤੁਹਾਥੋਂ ਇਕ ਗੱਲ ਤਾਂ ਮੰਗਦਾ ਕਿ ‘ਅਖਵਾਓ ਤਾਂ ਗੁਰੂ ਦੇ ਸਿੱਖ।’
ਰਾਜ ਬਣਦੇ ਰਹੇ, ਟੁੱਟਦੇ ਰਹੇ, ਲੇਕਿਨ ਦੁਨੀਆਂ ਉਤੇ ਜੋ ਧਰਮ ਆਇਆ, ਜੇ ਉਹ ਧਰਮ ਸਤਿਗੁਰਾਂ ਦੇ ਦਿਖਾਏ ਰਸਤੇ ਉਤੇ ਚਲਿਆ, ਨਾ ਕੋਈ ਟੁੱਟਿਆ, ਨਾ ਉਹਦੀ ਕਿਸੇ ਨੇ ਥਾਂ ਲਈ ਹੈ। ਸਿੱਖ ਧਰਮ ਅਜ ਦੁਨੀਆਂ ਦੇ ਸਾਹਮਣੇ ਮਨੁੱਖੀ ਅਧਿਕਾਰਾਂ ਦਾ ਵੀ ਨਮੂਨਾ ਪੇਸ਼ ਕਰੇਗਾ। ਮੈਨੂੰ ਕੁਛ ਵੀਰਾਂ ਨੇ ਕਿਹਾ ਕਿ ਸਾਡੇ ਉਤੇ ਸਵਾਲ ਹੁੰਦੇ ਐ ਕਿ ਤੁਸੀਂ ਰਾਜਨੀਤਕ ਮੰਗਾਂ ਧਰਮ ਦੇ ਆਧਾਰ ਉਤੇ ਖੜ੍ਹ ਕੇ ਕਰਦੇ ਹੋ, ਇਸ ਦੇ ਨਾਲ ਜਮਹੂਰੀਅਤ ਤੇ ਅਜ ਦਾ ਸਮਾਜ ਨਹੀਂ ਸਿਰਜਿਆ ਜਾਂਦਾ। ਮੈਂ ਇਸ ਗੁਰੂ ਘਰ ਵਿਚੋਂ ਇਕੱਲੇ ਸਿੱਖਾਂ ਨੂੰ ਨਹੀਂ, ਦੁਨੀਆਂ ਭਰ ਦੇ ਰਾਜਨੀਤਕ ਫਿਲਾਸਫਰਾਂ ਨੂੰ ਦੱਸਦਾਂ ਕਿ ਠੀਕ ਉਸ ਸਮੇਂ ਜਦੋਂ ਸਨਅਤੀ ਤਕਨੀਕ ਨੇ ਦੁਨੀਆਂ ਵਿਚ ਨਵੇਂ ਰਾਜਨੀਤਕ ਮਾਡਲ ਪੈਦਾ ਕੀਤੇ, ਜਿਸ ਨੂੰ ਤੁਸੀਂ ਜਮਹੂਰੀਅਤ ਕਹਿੰਦੇ ਹੋ, ਜਿਹਦੇ ਵਿਚ ਵੋਟਾਂ ਨਾਲ ਰਾਜ ਚੁਣੇ ਜਾਂਦੇ ਸੀ, ਠੀਕ ਉਸ ਸਮੇਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇਕ ਸਮਾਜ ਸਿਰਜਣ ਲਈ, ਇਕ ਚੰਗਾ ਰਾਜ ਸਿਰਜਣ ਲਈ ਇਕ ਸਿਧਾਂਤ ਦਿਤਾ, ਜਮਹੂਰੀਅਤ ਵੀ ਦਿਤੀ ਪਰ ਉਤੇ ਧਰਮ ਦਾ ਕੁੰਡਾ ਦਿਤਾ।
ਠੀਕ ਐ ਕਿ ਦੁਨੀਆਂ ਵਿਚ ਦਸਮੇਸ਼ ਪਿਤਾ ਦੇ ਪੈਰੋਕਾਰ ਆਪਣੇ ਫਲਸਫੇ ਨੂੰ ਦੁਨੀਆਂ ਦੀ ਸਟੇਜ ਉਤੇ ਚਾਹੇ ਇੰਨੇ ਜ਼ੋਰ ਨਾਲ ਨਹੀਂ ਰੱਖ ਸਕੇ ਪਰ ਉਸੇ ਵੇਲੇ ਦੋ ਫਲਸਫੇ ਪੈਦਾ ਹੋਏ ਦੁਨੀਆਂ ਵਿਚ, ਜਿਹੜੇ ਇਨ੍ਹਾਂ ਤਿੰਨ ਸਦੀਆਂ ਵਿਚ ਚਲੇ ਐ। ਉਹ ਫਲਸਫੇ ਜਮਹੂਰੀਅਤ ਨਾਲ ਸਬੰਧਤ ਜ਼ਰੂਰ ਨੇ ਪਰ ਉਨ੍ਹਾਂ ਦੇ ਦੋ ਢੰਗ ਤਰੀਕੇ ਸੀ। ਇਕ ਢੰਗ ਤਰੀਕਾ, ਜਿਸ ਨੂੰ ਮਾਰਕਸੀ ਢੰਗ ਤਰੀਕਾ ਕਹਿੰਦੇ ਆ, ਜਿਹੜਾ ਪਦਾਰਥਵਾਦ ਉਤੇ ਖਲੋ ਕੇ, ਤੇ ਜਮਾਤ ਰਹਿਤ ਜਾਂ ਹੋਰ ਕਿਸੇ ਢੰਗ ਦੇ ਸਮਾਜ ਦੀ ਗੱਲ ਕਰਦਾ ਸੀ। ਇਕ ਫਲਸਫਾ ਉਹ ਸੀ, ਜੋ ਦੁਨੀਆਂ ਵਿਚ ਪਦਾਰਥਕ ਖੁਸ਼ਹਾਲੀ ਵਾਸਤੇ, ਖੁੱਲ੍ਹੀ ਮਾਰਕਿਟ ਵਾਸਤੇ ਇਥੋਂ ਦੀ ਪਦਾਰਥਕ ਉਨਤੀ ਵਾਸਤੇ ਰਾਜ ਸਿਰਜਣ ਦੀ ਗੱਲ ਕਰਦਾ ਸੀ ਤੇ ਦੋਵੇਂ ਫਲਸਫੇ ਕਹਿੰਦੇ ਸਨ ਕਿ ਧਰਮ ਤੇ ਰਾਜਨੀਤੀ ਅਲਹਿਦਾ ਹੋਣੀ ਚਾਹੀਦੀ ਹੈ। ਉਹ ਦੋਵੇਂ ਫਲਸਫੇ ਦੁਨੀਆਂ ਵਿਚ ਤਿੰਨ ਸਦੀਆਂ ਚੱਲੇ। ਚਾਹੇ ਉਨ੍ਹਾਂ ਵਿਚੋਂ ਇਕ ਫਲਸਫੇ ਨੂੰ ਪੰਜਾਹ ਸਾਲ ਹੀ ਚੱਲਣ ਦਾ ਮੌਕਾ ਮਿਲਿਆ ਹੋਊਗਾ, ਲੇਕਿਨ ਪ੍ਰਚਲਿਤ ਰਹੇ ਨੇ। ਉਹ ਦੋਵੇਂ ਫਲਸਫੇ ਦੁਨੀਆਂ ਵਿਚ ਫੇਲ੍ਹ ਹੋਏ ਨੇ। ਮਾਰਕਸਵਾਦ ਬੁਰੀ ਤਰ੍ਹਾਂ ਫੇਲ੍ਹ ਹੋਇਆ ਤੇ ਉਸ ਦੇ ਮੁਕਾਬਲੇ ‘ਤੇ ਖੁਲ੍ਹੀ ਮੰਡੀ ਵਾਲਾ ਧਰਮ ਰਹਿਤ ਪੂੰਜੀਵਾਦ ਅੱਜ ਦੁਨੀਆਂ ਦੀਆਂ ਸਾਰੀਆਂ ਬਿਮਾਰੀਆਂ ਦੀ ਜੜ੍ਹ ਬਣ ਕੇ ਸਾਰੇ ਪੱਛਮੀ ਸਮਾਜ ਨੂੰ ਚੰਬੜ ਗਿਆ ਹੈ। ਇਸ ਫਲਸਫੇ ਨੇ, ਧਰਮ ਰਹਿਤ ਰਾਜ ਤੇ ਧਰਮ ਰਹਿਤ ਸਮਾਜ ਦੇ ਫਲਸਫੇ ਨੇ ਅੱਜ ਮਨੁਖੀ ਸਮਾਜ ਦੀ ਬੁਨਿਆਦੀ ਇਕਾਈ ਪਰਿਵਾਰ ਨੂੰ ਵੀ ਖਿੰਡਾ ਕੇ ਰੱਖ ਦਿੱਤਾ ਐ।
ਅੱਜ ਦੁਨੀਆਂ ਵਿਚ ਸਮਾਜਿਕ ਸਬੰਧਾਂ ਨੂੰ ਤੋੜ ਕੇ ਰੱਖ ਦਿਤਾ ਐ ਤੇ ਪੱਛਮੀ ਸਮਾਜ ਦੇ ਉਹ ਸਾਰੇ ਵਿਚਾਰਕ, ਉਹ ਸਾਰੇ ਰਾਜਨੀਤੀਵਾਨ, ਜੋ ਭਵਿਖ ਵਿਚ ਇੱਕੀਵੀਂ ਸਦੀ ਸਿਰਜਣ ਦੀ ਗੱਲ ਕਰਦੇ ਐ, ਉਹ ਇਸ ਗੱਲ ਉਤੇ ਆ ਗਏ ਆ ਕਿ ਇਹ ਪ੍ਰਣਾਲੀ ਵੀ ਠੀਕ ਨਹੀਂ ਚੱਲ ਰਹੀ। ਇਹ ਪ੍ਰਣਾਲੀ, ਉਹ ਕਹਿੰਦੇ ਇਸ ਕਰਕੇ ਠੀਕ ਨਹੀਂ ਚਲ ਰਹੀ ਕਿਉਂਕਿ ਰਾਜਨੀਤੀ ਵਿਚ ਨੈਤਿਕਤਾ ਨਹੀਂ ਰਹੀ। ਖੁੱਲ੍ਹੇ ਮੁਕਾਬਲੇ ਵਿਚ ਸਮਾਜ ਪ੍ਰਤੀ ਕੋਈ ਜ਼ਿੰਮੇਵਾਰੀ ਨਹੀਂ ਰਹੀ। ਸਮਾਜਿਕ ਜ਼ਿੰਦਗੀ ਵਿਚ ਆਪਸੀ ਪ੍ਰੇਮ ਭਾਵ ਨਹੀਂ ਰਿਹਾ।
ਅੱਜ ਦੁਨੀਆਂ ਦੇ ਏਜੰਡੇ ਉਤੇ ਐ ਕਿ ਇੱਕੀਵੀਂ ਸਦੀ ਸਿਰਜਣ ਵਾਲੇ ਫਿਲਾਸਫਰ ਇਹੋ ਜਿਹੀਆਂ ਥਿਊਰੀਆਂ (ਸਿਧਾਂਤ) ਲਿਆ ਰਹੇ ਨੇ, ਜਿਹਨੂੰ ਹਾਲੇ ਉਹ ਨੈਤਿਕਤਾ ਬੇਸਡ (ਆਧਾਰਤ) ਰਾਜਨੀਤੀ ਕਹਿੰਦੇ ਨੇ, ਲੇਕਿਨ ਉਹ ਸਾਡੇ ਸਤਿਗੁਰ ਦੀ ਬਖਸ਼ੀ ਧਰਮ ਆਧਾਰਤ ਰਾਜਨੀਤੀ ਐ ਤੇ ਉਹ ਧਰਮ ਆਧਾਰਤ ਰਾਜਨੀਤੀ ਅਸੀਂ ਪੇਸ਼ ਕਰਦੇ ਆਂ। ਸਾਡੇ ਸਿਧਾਂਤ ਕਹਿੰਦੇ ਨੇ ਕਿ ਜਦ ਰਾਜਾ ਧਰਮ ਤੋਂ ਦੂਰ ਹੋ ਜਾਂਦਾ ਏ ਤਾਂ ਉਹ ਸ਼ੀਂਹ ਬਣ ਜਾਂਦਾ ਏ, ਉਹ ਸਿਸਟਮ (ਪ੍ਰਬੰਧਕ) ਕੁੱਤੇ ਬਣ ਜਾਂਦੇ ਐ ਤੇ ਜੇ ਚੰਗਾ ਰਾਜ ਤੇ ਚੰਗਾ ਸਮਾਜ ਸਿਰਜਣਾ ਚਾਹੁੰਦੇ ਹੋ ਤਾਂ ਧਰਮ ਦਾ ਕੁੰਡਾ ਰਾਜ ਉਪਰ ਹੋਣਾ ਚਾਹੀਦਾ ਏ। ਇਹ ਫਲਸਫਾ ਸਿਰਫ ਸਿੱਖਾਂ ਨੂੰ ਨਹੀਂ ਸੀ ਦਿਤਾ, ਦੁਨੀਆਂ ਵਿਚ ਸਮੁੱਚੀ ਮਾਨਵਤਾ ਨੂੰ ਸਾਡੇ ਸਤਿਗੁਰਾਂ ਨੇ ਦਿਤਾ ਸੀ। ਆਓ! ਪੂਰੇ ਯਕੀਨ ਨਾਲ ਇਸ ਫਲਸਫੇ ਨੂੰ ਰੱਖੀਏ ਕਿ ਦੁਨੀਆਂ ਵਾਲਿਓ! ਜੇ ਪਰਿਵਾਰਕ, ਸਮਾਜਿਕ ਤੇ ਰਾਜਨੀਤਕ ਬਿਮਾਰੀਆਂ ਤੋਂ ਛੁਟਕਾਰਾ ਪਾਉਣਾ ਹੈ ਤਾਂ ਧਰਮ ਆਧਾਰਤ ਰਾਜਨੀਤੀ, ਜਿਸ ਦਾ ਸਿਧਾਂਤ ‘ਮੀਰੀ-ਪੀਰੀ’ ਦੇ ਮਾਲਕ ਨੇ ਦਿਤਾ ਐ, ਦਸਮ ਪਿਤਾ ਨੇ ਦਿਤਾ ਐ, ਸਾਰੇ ਉਸ ਉਤੇ ਰਾਜ ਸਿਰਜੋ ਤੇ ਇਹ ਰਾਜ ਇਨ੍ਹਾਂ ਸਾਰੀਆਂ ਬਿਮਾਰੀਆਂ ਦਾ ਹਲ ਹੋਵੇਗਾ।
ਦੁਨੀਆਂ ਵਿਚ ਨਵੀਆਂ ਲਹਿਰਾਂ ਚੱਲ ਰਹੀਆਂ ਨੇ ਕਿ ਕੁਦਰਤ ਨੂੰ ਬਚਾਓ, ਮਨੁਖੀ ਅਧਿਕਾਰਾਂ ਨੂੰ ਬਚਾਓ, ਵਾਤਾਵਰਣ ਨੂੰ ਬਚਾਓ, ਇਨ੍ਹਾਂ ਸਭ ਦਾ ਇਕੋ ਇਕ ਹੱਲ ਹੈ ਕਿ ਆਪਣੇ ਸਮਾਜ ਨੂੰ, ਆਪਣੇ ਰਾਜ ਨੂੰ ਧਰਮ ਦੇ ਆਧਾਰ ‘ਤੇ ਜਥੇਬੰਦ ਕਰੋ। ਮਨੁੱਖਤਾ ਦਾ ਭਲਾ ਏਸ ਗੱਲ ਵਿਚ ਹੈ ਤੇ ਜਦੋਂ ਅਸੀਂ ਇਹ ਮੰਗ ਕਰਦੇ ਆਂ ਤਾਂ ਅਸੀਂ ਫਿਰਕਾਪ੍ਰਸਤ ਨਹੀਂ ਹੁੰਦੇ। ਮੈਨੂੰ ਹੋਰ ਕਿਸੇ ਦਾ ਤਾਂ ਪਤਾ ਨਹੀਂ ਪਰ ਮੇਰੇ ਮਨ ਅੰਦਰ ਇਹ ਗੱਲ ਜ਼ਰੂਰ ਆਉਂਦੀ ਐ ਕਿ ਦਿੱਲੀ ਦੇ ਹਾਕਮ, ਜੋ ਸਦੀਆਂ ਤੋਂ ਗੁਲਾਮੀ ਦੀ ਜ਼ਿੰਦਗੀ ਬਤੀਤ ਕਰਦੇ ਰਹੇ, ਜਲੀਲ ਹੁੰਦੇ ਰਹੇ ਤੇ ਉਨ੍ਹਾਂ ਦੀ ਸੋਚ ਅੱਜ ਇਸ ਤਰ੍ਹਾਂ ਦੀ ਹੋ ਗਈ ਐ ਕਿ ਉਨ੍ਹਾਂ ਨੂੰ ਬੰਦਾ ਬੰਦਾ ਨਹੀਂ ਦਿਸ ਰਿਹਾ। ਉਨ੍ਹਾਂ ਦਾ ਹੱਲ ਵੀ ਇਹੋ ਹੈ ਕਿ ਉਹ ਚੰਗਾ ਰਾਜਨੀਤਕ ਮਾਡਲ ਅਪਨਾਉਣ। ਮੈਂ ਜਿਥੇ ਆਪਣੀ ਕੌਮ ਵਾਸਤੇ ਘਰ ਮੰਗਦਾਂ, ਉਥੇ ਮੈਂ ਕਹਿਨਾਂ ਕਿ ਉਨ੍ਹਾਂ ਲੋਕਾਂ ਨੂੰ ਵੀ ਜਿਹੜੇ ਆਨੇ-ਬਹਾਨੇ ਕਦੀ ਭਾਰਤੀਕਰਨ ਦੇ ਨਾਅਰੇ ਮਾਰਦੇ ਨੇ, ਕਦੀ ਮਰਾਠਾ ਰਾਜ ਦੇ ਨਾਅਰੇ ਮਾਰਦੇ ਨੇ, ਸਾਨੂੰ ਉਨ੍ਹਾਂ ਨੂੰ ਵੀ ਕਹਿ ਦੇਣਾ ਚਾਹੀਦਾ ਕਿ ਤੁਹਾਨੂੰ ਤੁਹਾਡਾ ਘਰ ਮੁਬਾਰਕ, ਤੁਸੀਂ ਤੇਤੀ (33) ਕਰੋੜ ਦੇਵੀ ਦੇਵਤਿਆਂ ਦਾ ਆਪਣਾ ਰਾਜ ਸਿਰਜ ਲਓ, ਪਰ ਅਸੀਂ ਆਪਣੇ ਫਲਸਫੇ ਦੇ ਆਧਾਰ ‘ਤੇ ਸਮਾਜ ਸਿਰਜ ਕੇ ਤੁਹਾਨੂੰ ਦਿਖਾਈਏ। ਦੁਨੀਆਂ ਦੇਖੇਗੀ ਕਿਹੜਾ ਧਰਮ ਕਿਹੜਾ ਫਲਸਫਾ ਠੀਕ ਹੈ, ਉਹ ਫਿਰ ਅਡਵਾਂਸ (ਤਰੱਕੀ) ਕਰੇਗਾ।
ਇਥੇ ਬੈਠਿਆਂ ਮੇਰੇ ਦਿਮਾਗ ਵਿਚ ਆਈ ਸੀ: ‘ਅਣਖੀਲਾ ਪੰਜਾਬ।’ ਪੰਜਾਬ ਵੀ ਤਾਂ ਅਣਖੀਲਾ ਹੁੰਦਾ। ਹਰ ਅਣਖੀਲਾ ਪੰਜਾਬੀ ਹੁੰਦਾ, ਪਰ ਇਥੇ ਬੱਚੇ ਲੱਗੇ ਵਾਰ ਗਾਉਣ। ਬੈਠਿਆਂ-ਬੈਠਿਆਂ ਮੈਂ ਜਦੋਂ ਇਸ ਸਵਾਲ ਨਾਲ ਘੁਲ ਰਿਹਾ ਸੀ ਤਾਂ ਮੈਨੂੰ ਜਵਾਬ ਮਿਲਦਾ ਸੀ, ਉਥੋਂ ਦੇ ਪੰਜਾਬ ਤਿੰਨ ਨੇ। ਇਕ ਪੰਜਾਬ ਦਾ ਉਹ ਹਿੱਸਾ ਹੈ, ਜਿਸ ਨੇ ਸ਼ੁਰੂ ਤੋਂ ਵੈਦਿਕ ਸਭਿਆਚਾਰ ਨੂੰ ਅਲਵਿਦਾ ਕਹਿ ਕੇ ਹਿੰਦੂਕੁਸ਼ ਪਰਬਤ ਦੇ ਪਾਰੋਂ ਆਏ ਵਿਚਾਰਾਂ ਨੂੰ, ਪਾਰੋਂ ਆਏ ਰਾਜਿਆਂ ਨੂੰ ਅਪਨਾ ਕੇ ਇਕ ਹਿੱਸਾ ਅੱਡ ਕਰ ਲਿਆ। ਇਕ ਪੰਜਾਬ ਦਾ ਉਹ ਹਿੱਸਾ ਐ, ਜੋ ਦਿੱਲੀ ਤੋਂ ਸ਼ੁਰੂ ਹੋ ਜਾਂਦਾ ਐ। ਉਹ ਵੀ ਪੰਜਾਬ ਐ, ਜੋ ਉਨ੍ਹਾਂ ਰਵਾਇਤਾਂ ਨੂੰ ਨਹੀਂ ਭੁਲਿਆ, ਜਿਨ੍ਹਾਂ ਕਰਕੇ ਹਰ ਦੂਜੇ-ਤੀਜੇ ਮਹੀਨੇ ਮੁਹੰਮਦ ਗਜ਼ਨਵੀ ਆ ਚੜ੍ਹਦਾ ਸੀ ਤੇ ਅਗਲੇ ਬੰਨਿਓਂ ਝੋਲੀਆਂ ਵਿਛਾ ਕੇ ਜੋ ਮੰਗਦਾ ਸੀ, ਉਹਨੂੰ ਦੇ ਦਿੰਦੇ ਸੀ। ਉਹ ਵੀ ਇਕ ਸਭਿਆਚਾਰ ਐ ਤੇ ਪੰਜਾਬ ਦਾ ਇਕ ਉਹ ਵੀ ਹਿੱਸਾ ਹੈ, ਜਿਹਨੇ ਉਸ ਹਿੱਸੇ ਨੂੰ ਪ੍ਰਵਾਨ ਕੀਤਾ ਐ। ਇਤਿਹਾਸ ਵਿਚ ਨਿੱਕੀ ਜਿਹੀ ਘਟਨਾ ਆਉਂਦੀ ਹੈ। ਨਾਦਰ ਸ਼ਾਹ ਨੇ ਜਦ ਦਿੱਲੀ ਉਤੇ ਹਮਲਾ ਕੀਤਾ, ਉਹਨੇ ਇੰਨਾ ਜ਼ੁਲਮ ਕੀਤਾ ਕਿ ਉਹਦੀ ਆਪਣੀ ਆਤਮਾ ਵੀ ਕੰਬਣ ਲੱਗੀ। ਸ਼ਾਮ ਨੂੰ ਉਹ ਕਹਿਣ ਲੱਗਾ ਆਪਣੇ ਸੈਨਾਪਤੀਆਂ ਨੂੰ ਕਿ ਆਪਾਂ ਛੇਤੀ ਵਾਪਸ ਚਲੇ ਜਾਈਏ, ਜਿੰਨਾ ਜ਼ੁਲਮ ਕੀਤਾ ਐ, ਉਹਦੇ ਤੋਂ ਇਨ੍ਹਾਂ ਲੋਕਾਂ ਦੀ ਜਮੀਰ ਜਾਗ ਸਕਦੀ ਹੈ ਤੇ ਕੱਲ੍ਹ ਨੂੰ ਸਮੱਸਿਆ ਖੜ੍ਹੀ ਹੋ ਸਕਦੀ ਹੈ।
ਇਤਿਹਾਸ ਵਿਚ ਦਰਜ ਹੈ, ਉਸ ਮੌਕੇ ਦੇ ਇਕ ਵਿਦਵਾਨ ਨੇ ਲਿਖਿਆ ਹੈ ਕਿ ਇਕ ਤਜਰਬੇਕਾਰ ਵਜ਼ੀਰ, ਜੋ ਉਦੋਂ ਤਾਂ ਵਜ਼ੀਰ ਨਹੀਂ ਸੀ ਪਰ ਪਹਿਲਾਂ ਦਿੱਲੀ ਦਰਬਾਰ ਦੀ ਸ਼ਾਨ ਸੀ, ਉਹਨੇ ਕਿਹਾ, ਨਾਦਰ ਸ਼ਾਹ! ਇਹ ਗੱਲ ਤੇਰੀ ਗਲਤ ਹੈ। ਇਸ ਦਿੱਲੀ ਦੇ ਲੋਕਾਂ ਉਤੇ ਇਤਿਹਾਸ ਵਿਚ ਜਿਹਨੇ ਜਿੰਨਾ ਵੱਧ ਜਬਰ ਕੀਤੈ, ਓਨਾ ਵੱਧ ਇਨ੍ਹਾਂ ਨੇ ਨਜ਼ਰਾਨੇ ਭੇਟ ਕੀਤੇ, ਤੂੰ ਦੇਖੇਂਗਾ ਕੱਲ੍ਹ ਨੂੰ ਕੀ ਹੋਊਗਾ ਤੇ ਮੈਂ ਫਿਰਕਾਪ੍ਰਸਤੀ ਦੇ ਆਧਾਰ ਉਤੇ ਨਹੀਂ ਕਹਿ ਰਿਹਾ, ਇਹ ਇਤਿਹਾਸਕ ਸੱਚਾਈ ਹੈ ਕਿ ਅਗਲੇ ਦਿਨ ਨਾਦਰ ਸ਼ਾਹ ਦੇ ਦਰਬਾਰ ਦੇ ਵਿਚ ਨਾਲੇ ਬਹੂ-ਬੇਟੀਆਂ ਨੂੰ ਨਚਾਇਆ ਗਿਆ, ਨਾਲੇ ਨਜ਼ਰਾਨੇ ਭੇਟ ਕੀਤੇ ਗਏ, ਨਾਲੇ ਸ਼ੁਕਰਾਨੇ ਭੇਟ ਕੀਤੇ ਗਏ। ਇਕ ਉਹ ਵੀ ਪੰਜਾਬ ਐ। ਤਿੰਨੇ ਪੰਜਾਬ ਦੇ ਹਿੱਸੇ ਨੇ, ਤਿੰਨ ਤਰ੍ਹਾਂ ਦੇ ਪੰਜਾਬੀ ਨੇ।
ਇਕ ਉਹ ਵੀ ਪੰਜਾਬੀ ਐ, ਜਿਹਨੇ ਦਸਮ ਪਿਤਾ ਦੇ ਇਸ਼ਾਰੇ ਉਤੇ ਆਪਣੇ ਸਿਰ ਭੇਟ ਕਰ ਦਿਤੇ, ਇਕ ਉਹ ਵੀ ਪੰਜਾਬੀ ਐ ਜਿਹਨੇ ਆਪਣੀ ਅਣਖ ਦੀ ਖਾਤਰ ਤਾਂ ਕੀ, ਜਿਹਨੇ ਦੁਨੀਆਂ ਦੀ ਇੱਜਤ ਬਚਾਉਣ ਲਈ, ਜਿਹਨੇ ਦਿੱਲੀ ਦੀ ਇੱਜਤ ਬਚਾਉਣ ਲਈ ਆਪਣੇ ਆਪ ਨੂੰ ਵਾਰ ਦਿਤਾ। ਉਹ ਵੀ ਇਕ ਪੰਜਾਬ ਐ। ਜਿਹੜੀ ਇਹ ਗਲਤਫਹਿਮੀ ਹੈ ਕਿ ਹਰ ਕੋਈ ਪੰਜਾਬੀ ਏ ਤੇ ਹਰ ਪੰਜਾਬੀ ਅਣਖ ਵਾਲਾ ਏ, ਮੈਂ ਕਹਿਨਾਂ, ਇਹ ਗਲਤ ਧਾਰਨਾ ਐ, ਜੋ ਪੰਜਾਬ ਵਿਚ ਵਸਦਾ ਅਣਖ ਵਾਲਾ ਪੰਜਾਬੀ ਐ, ਉਹ ਪੰਜਾਬੀ ਤਾਂ ਰਿਹਾ ਨਹੀਂ, ਕਿਉਂਕਿ ਜਦੋਂ ਪੰਜਾਬੀਆਂ ਦੀ ਵੰਡ ਹੋਈ ਤਾਂ ਉਹ ਤਾਂ ਖਾਲਸਾ ਸਜ ਗਿਆ। ਅਣਖੀਲਾ ਪੰਜਾਬ ਉਹ ਐ ਜੋ ਗੁਰੂ ਦਾ ਖਾਲਸਾ ਐ। ਅਣਖੀਲਾ ਪੰਜਾਬ ਉਹ ਹੈ ਜੋ ਸੱਚੀਓਂ ਅਣਖ ਦੀ ਜ਼ਿੰਦਗੀ ਜਿਉਣ ਵਾਸਤੇ ਤੜਪਦਾ ਐ।
ਸੋ, ਗੁਰੂ ਪਾਸ ਅਰਦਾਸ ਕਰੋ ਕਿ ਸੱਚੀਓਂ ਅਸੀਂ ਅਣਖੀਲੇ ਬਣੇ ਰਹੀਏ। ਜਿਸ ਕੰਮ ਲਈ ਸਾਨੂੰ ਸਾਜਿਆ ਗਿਆ ਸੀ, ਉਹਦੇ ਉਤੇ ਪਹਿਰਾ ਦੇ ਸਕੀਏ। ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕੀਏ। ਗੁਰੂ ਤੋਂ ਸਭ ਕੁਝ ਮੰਗਦੇ ਆਂ, ਗੁਰੂ ਤੋਂ ਇਕ ਦਾਤ ਅਸੀਂ ਮੰਗਦੇ ਨਹੀਂ ਡਰਦੇ, ਗੁਰੂ ਕੋਲ ਬੜੀਆਂ ਦਾਤਾਂ ਨੇ ਪਰ ਸਭ ਤੋਂ ਵਡੀ ਦਾਤ ਸਤਿਗੁਰਾਂ ਕੋਲ ਕਿਹੜੀ ਐ, ਸਭ ਤੋਂ ਵੱਡੀ ਦਾਤ ਦੁੱਧ ਦੀ ਨਹੀਂ, ਪੁੱਤ ਦੀ ਨਹੀਂ ਤੇ ਗੁਰੂ ਹੁਣ ਗੱਦੀ ਵੀ ਕਿਸੇ ਨੂੰ ਨਹੀਂ ਦਿੰਦੇ। ਕਿਸੇ ਸਾਧ ਨੂੰ ਹੁਣ ਉਹ ਗੁਰੂ ਨਹੀਂ ਬਣਾ ਸਕਦੇ। ਗੁਰੂ ਨੇ ਜਦ ਗੁਰਗੱਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੇ ਦਿਤੀ ਸੀ ਤਾਂ ਉਨ੍ਹਾਂ ਕੋਲ ਇਕ ਵਿਸ਼ੇਸ਼ ਦਾਤ ਸੀ, ਜਿਹੜੀ ਜਿਹੜਾ ਮਰਜ਼ੀ ਸਿੱਖ ਲੈ ਸਕਦਾ ਤੇ ਉਸ ਵਿਸ਼ੇਸ਼ ਦਾਤ ਦਾ ਗੁਰਾਂ ਤੋਂ ਬਾਅਦ ਸਿੱਖਾਂ ਨੇ ਇੰਨਾ ਸਤਿਕਾਰ ਕੀਤਾ ਤੇ ਉਹ ਵਿਸ਼ੇਸ਼ ਦਾਤ ਗੁਰੂ ਦੇ ਕੋਲ ਐ, ਉਹ ਹੈ ਸ਼ਹਾਦਤ ਦੀ ਦਾਤ। ਜਿਨ੍ਹਾਂ ਨੂੰ ਇਹ ਦਾਤ ਮਿਲਦੀ ਏ, ਉਹ ਗੁਰੂ ਤਾਂ ਨਹੀਂ ਬਣਦੇ ਲੇਕਿਨ ਗੁਰੂ ਤੋਂ ਬਾਅਦ ਸਾਡੀ ਕੌਮ ਦੇ ਸਭ ਤੋਂ ਵਧ ਸਤਿਕਾਰਤ ਲੋਕ ਬਣਦੇ ਨੇ। ਸੋ, ਜੇ ਸਾਡੀ ਕਿਸਮਤ ਵਿਚ ਇਹ ਦਾਤ ਨਹੀਂ, ਸਤਿਗੁਰ ਨੇ ਅਜੇ ਸਾਨੂੰ ਇੰਨੀ ਮਤਿ ਬੁਧ ਤਾਕਤ ਨਹੀਂ ਦਿਤੀ ਤਾਂ ਘਟੋ-ਘਟ ਉਸ ਦਾਤ ਨੂੰ ਪ੍ਰਾਪਤ ਕਰਨ ਵਾਲਿਆਂ ਦੇ ਅਗੇ ਆਪਣਾ ਸਿਰ ਝੁਕਾਇਆ ਕਰੋ, ਉਸ ਦਾਤ ਨੂੰ ਪ੍ਰਾਪਤ ਕਰਨ ਦੀ ਤਮੰਨਾ ਜ਼ਰੂਰ ਕਰਿਆ ਕਰੋ। ਸਤਿਗੁਰ ਮਿਹਰ ਕਰੇ, ਜੇ ਅਸੀਂ ਇਹ ਮੰਗ ਕਰਾਂਗੇ ਤਾਂ ਉਹ ਬਾਕੀ ਸਾਰੀਆਂ ਦਾਤਾਂ ਇਹਦੇ ਵਿਚ ਹੀ ਦੇ ਦੇਊਗਾ।
ਦੁਨੀਆਂ ਵਿਚ ਮਾੜੇ ਲੋਕਾਂ ਨਾਲ ਰਹਿ ਕੇ ਮਾੜੇ ਸਮਾਜ ਨਾਲ ਖਹਿ ਕੇ, ਮਾੜੀਆਂ ਬਿਰਤੀਆਂ ਆਈਆਂ ਨੇ, ਕਮਜ਼ੋਰੀਆਂ ਆਈਆਂ ਨੇ, ਘਰਾਂ ਵਲ ਨੂੰ ਭੱਜਦੇ ਐ। ਪੰਥ ਦੇ ਕਾਜ ਦੀ ਥਾਂ ਲਾਲਚ ਵਸ ਕਈ ਕੁਝ ਕਰਦੇ ਐ। ਸਤਿਗੁਰ ਪਾਸ ਅਰਦਾਸ ਕਰਿਆ ਕਰੋ, ਇਨ੍ਹਾਂ ਮਾੜੀਆਂ ਬਿਰਤੀਆਂ ਤੋਂ ਖਹਿੜਾ ਛੁੱਟੇ ਤੇ ਸਤਿਗੁਰ ਆਪਣੇ ਗਾਡੀ ਰਾਹ ਉਤੇ ਚੱਲਣ ਦੀ ਸਮਰੱਥਾ ਬਖਸ਼ੇ।