ਸੰਸਾਰ ਅਮਨ ਦੇ ਮੁਦੱਈ ਪੰਜਾਬੀ

ਦੂਜੀ ਸੰਸਾਰ ਜੰਗ ਵਿਚ ਸਭ ਤੋਂ ਬਹੁਤਾ ਘਾਣ ਸੋਵੀਅਤ ਯੂਨੀਅਨ ਦਾ ਹੋਇਆ ਸੀ। ਉਹਦੇ 87 ਲੱਖ ਫੌਜੀ ਅਤੇ ਇਕ ਕਰੋੜ 90 ਲੱਖ ਆਮ ਲੋਕ ਮਾਰੇ ਗਏ ਸਨ। ਉਹਦੀ ਕੁੱਲ ਵਸੋਂ ਦਾ ਚੌਥਾ ਹਿੱਸਾ ਲੋਕ ਜਾਂ ਤਾਂ ਮਾਰੇ ਗਏ ਜਾਂ ਗੰਭੀਰ ਜ਼ਖਮੀ ਹੋ ਗਏ ਸਨ! ਸੰਸਾਰ ਦੀ ਅਤੇ ਆਪਣੇ ਦੇਸ਼ ਦੀ ਅਸਹਿ-ਅਕਹਿ ਬਰਬਾਦੀ ਦੇਖ ਕੇ ਸੋਵੀਅਤ ਯੂਨੀਅਨ ਨੇ ਦੁਨੀਆਂ ਦੇ ਲੋਕਾਂ ਨੂੰ ਅਮਨ ਦੀ ਆਵਾਜ਼ ਏਨੀ ਮਜ਼ਬੂਤ ਕਰਨ ਦਾ ਸੱਦਾ ਦਿੱਤਾ ਕਿ ਜੰਗਬਾਜ਼ ਭਵਿਖ ਵਿਚ ਹੋਰ ਜੰਗ ਛੇੜਨ ਦੀ ਹਿੰਮਤ ਨਾ ਕਰ ਸਕਣ। ਉਹ ਸੰਸਾਰ ਅਮਨ ਲਹਿਰ ਦਾ ਸਭ ਤੋਂ ਵੱਡਾ ਹਮਾਇਤੀ ਬਣ ਕੇ ਉਭਰਿਆ ਅਤੇ ਜੰਗੀ ਸਾਜ਼ਿਸ਼ਾਂ ਦੇ ਤੋੜ ਵਜੋਂ ਉਹਦੀ ਪ੍ਰੇਰਨਾ ਤੇ ਅਗਵਾਈ ਨਾਲ 1950 ਵਿਚ ਸੰਸਾਰ ਅਮਨ ਕੌਂਸਲ ਹੋਂਦ ਵਿਚ ਆਈ।

-ਸੰਪਾਦਕ

ਗੁਰਬਚਨ ਸਿੰਘ ਭੁੱਲਰ
ਸੰਪਰਕ: 011-42502364

ਦੋਵਾਂ ਸੰਸਾਰ ਜੰਗਾਂ ਨੇ ਕਰੋੜਾਂ ਮਨੁੱਖਾਂ ਦਾ ਜੋ ਘਾਣ ਕੀਤਾ, ਉਹਦਾ ਹਿੱਸੇ ਬੈਠਦਾ ਨੁਕਸਾਨ ਤੇ ਦਰਦ ਹਿੰਦੁਸਤਾਨ, ਖਾਸ ਕਰਕੇ ਪੰਜਾਬ ਦੇ ਹਿੱਸੇ ਆਉੁਣਾ ਕੁਦਰਤੀ ਸੀ। ਪੰਜਾਬੀਆਂ ਨੂੰ, ਉਨ੍ਹਾਂ ਵਿਚੋਂ ਵੀ ਸਿੱਖਾਂ ਨੂੰ ਬਹਾਦਰ ਲੜਾਕਿਆਂ ਦੀ ਕੌਮ ਦਾ ਨਾਂ ਦੇ ਕੇ ਪਿੰਡਾਂ ਤੋਂ ਗੱਭਰੂਆਂ ਦੀਆਂ ਰੇਲ ਗੱਡੀਆਂ ਭਰ-ਭਰ ਛਾਉਣੀਆਂ ਵਿਚ ਤੇ ਉਥੋਂ ਅੱਗੇ ਰਣਖੇਤਰ ਵਿਚ ਭੇਜੀਆਂ ਜਾਣ ਲੱਗੀਆਂ। ਫੌਜ ਵਿਚ ਭਰਤੀ ਏਨੇ ਵੱਡੇ ਪੈਮਾਨੇ ਉਤੇ ਹੋਈ ਕਿ ਪੰਜਾਬਣਾਂ ਦਾ ਦਰਦ ਲੋਕ ਗੀਤ ਬਣ ਕੇ ਵਗ ਤੁਰਿਆ:
ਟੁੱਟ ਜਾਵੇਂ ਰੇਲ ਗੱਡੀਏ,
ਮੇਰੇ ਮਾਹੀ ਦਾ ਵਿਛੋੜਾ ਪਾਇਆ!
ਮੈਨੂੰ ਚੇਤੇ ਹੈ, ਉਨ੍ਹੀਂ ਦਿਨੀਂ ਸੁਰਿੰਦਰ ਕੌਰ ਅਮਨ ਕਾਨਫਰੰਸਾਂ ਵਿਚ ਇਹ ਬੋਲੀ ਪਾਉਂਦੀ ਤਾਂ ਸਰੋਤਿਆਂ ਦੇ ਮਨ ਜੰਗ ਲਈ ਨਫਰਤ ਨਾਲ ਭਰ ਜਾਂਦੇ:
ਕੱਲਰ ਦੇ ਵਿਚ ਪਿਆ ਪਟਾਕਾ,
ਲਿਸ਼ਕ ਰਹੀਆਂ ਸਰਵਾਈਆਂ।
ਚਰਦਾ ਸੀਗਾ ਚਰਾਂਦਾਂ ਹਰੀਆਂ,
ਹੇੜ੍ਹਾਂ ਕਿਧਰੋਂ ਆਈਆਂ।
ਦੂਰ ਖੜ੍ਹੀ ਮੇਰੀ ਹਰਨੀ ਉਡੀਕੇ,
ਅੱਖੀਆਂ ਭਰ ਛਲਕਾਈਆਂ।
ਨਗਰਾਂ ਵਿਚੋਂ ਧੂੰਆਂ ਉਡਿਆ,
ਮੂੰਹ ਤੋਂ ਉਡਣ ਹਵਾਈਆਂ।
ਕੋਠੇ ਚੜ੍ਹ ਚੜ੍ਹ ਵੈਣ ਪਾਉਂਦੀਆਂ,
ਨਾਰਾਂ ਸੱਜ-ਵਿਆਹੀਆਂ।
ਗੱਡੀਏ ਨੀ ਤੇਰੇ ਪਹੀਏ ਟੁੱਟ ਜਾਣ,
ਚਾਰੇ ਟੁੱਟ ਜਾਣ ਬਾਹੀਆਂ,
ਗੱਭਰੂ ਤੂੰ ਢੋ ਲੇ
ਨਾਰਾਂ ਦੇਣ ਦੁਹਾਈਆਂ!
ਜੰਗ ਲਈ ਇਹ ਨਫਰਤ ਪੰਜਾਬ ਦੀ ਹੀ ਨਹੀਂ, ਸਮੁੱਚੇ ਸੰਸਾਰ ਦੀ ਸਾਂਝੀ ਨਫਰਤ ਸੀ। ਇਸ ਨੇ ਜੰਗ ਦੀ ਮਾਰ ਹੇਠ ਆਏ ਲੋਕਾਂ ਤੋਂ ਇਲਾਵਾ ਵਿਗਿਆਨੀਆਂ ਸਮੇਤ ਮਨੁੱਖ-ਹਿਤੈਸ਼ੀ ਸੋਚ ਵਾਲੇ ਸਭਨਾਂ ਲੋਕਾਂ, ਲੇਖਕਾਂ, ਕਲਾਕਾਰਾਂ, ਚਿਤਰਕਾਰਾਂ, ਚਿੰਤਕਾਂ ਆਦਿ ਨੂੰ ਬੇਹੱਦ ਪ੍ਰਭਾਵਿਤ ਕੀਤਾ। ਇਹ ਤੱਥ ਇਨ੍ਹਾਂ ਸਭਨਾਂ ਦੇ ਫਿਕਰ ਵਿਚ ਹੋਰ ਵਾਧਾ ਕਰ ਰਿਹਾ ਸੀ ਕਿ ਦੂਜੀ ਜੰਗ ਦੀਆਂ ਦੁਸ਼ਮਣੀਆਂ ਦਾ ਹਿਸਾਬ ਕਰਨ ਲਈ ਤੀਜੀ ਸੰਸਾਰ ਜੰਗ ਦੀਆਂ ਤਿਆਰੀਆਂ ਵਿੱਢ ਦਿੱਤੀਆਂ ਗਈਆਂ ਸਨ। ਦੂਜੇ ਦੇਸ਼ਾਂ ਦੇ ਇਲਾਕੇ ਹਥਿਆਉਣ ਦੇ ਹਿਰਸੀ ਸਾਮਰਾਜੀਆਂ ਅਤੇ ਜੰਗ ਦੀ ਸੂਰਤ ਵਿਚ ਘਾਤਕ ਹਥਿਆਰ ਵੇਚ ਕੇ ਆਪਣਾ ਕਾਰੋਬਾਰ ਚਮਕਾਉਣ ਦੇ ਲੋਭੀ ਕਾਰੋਬਾਰੀਆਂ ਤੋਂ ਬਿਨਾ ਹਰ ਕੋਈ ਸੰਸਾਰ ਵਿਚ ਅਮਨ-ਚੈਨ ਚਾਹੁੰਦਾ ਸੀ।
ਅਮਨ ਦੀ ਆਵਾਜ਼ ਬੁਲੰਦ ਕਰਨ ਵਾਲਿਆਂ ਵਿਚ ਫਰਾਂਸੀਸੀ ਵਿਗਿਆਨੀ ਫਰੈਡਰਿਕ ਜੂਲੀਓ-ਕਿਊਰੀ ਸ਼ਾਮਲ ਸਨ ਜਿਨ੍ਹਾਂ ਨੂੰ 1935 ਵਿਚ 35 ਸਾਲ ਦੀ ਉਮਰ ਵਿਚ ਰਸਾਇਣ ਵਿਗਿਆਨ ਲਈ ਪਤਨੀ ਈਰੀਨ ਜੂਲੀਓ-ਕਿਊਰੀ ਨਾਲ ਸਾਂਝਾ ਨੋਬੇਲ ਇਨਾਮ ਮਿਲ ਚੁਕਾ ਸੀ।
ਦੂਜੀ ਸੰਸਾਰ ਜੰਗ ਵਿਚ ਸਭ ਤੋਂ ਬਹੁਤਾ ਘਾਣ ਸੋਵੀਅਤ ਯੂਨੀਅਨ ਦਾ ਹੋਇਆ ਸੀ। ਉਹਦੇ 87 ਲੱਖ ਫੌਜੀ ਅਤੇ ਇਕ ਕਰੋੜ 90 ਲੱਖ ਆਮ ਲੋਕ ਮਾਰੇ ਗਏ ਸਨ। ਉਹਦੀ ਕੁੱਲ ਵਸੋਂ ਦਾ ਚੌਥਾ ਹਿੱਸਾ ਲੋਕ ਜਾਂ ਤਾਂ ਮਾਰੇ ਗਏ ਸਨ ਜਾਂ ਗੰਭੀਰ ਜ਼ਖਮੀ ਹੋ ਗਏ ਸਨ! ਸੰਸਾਰ ਦੀ ਅਤੇ ਆਪਣੇ ਦੇਸ਼ ਦੀ ਅਸਹਿ-ਅਕਹਿ ਬਰਬਾਦੀ ਦੇਖ ਕੇ ਸੋਵੀਅਤ ਯੂਨੀਅਨ ਨੇ ਦੁਨੀਆਂ ਦੇ ਲੋਕਾਂ ਨੂੰ ਅਮਨ ਦੀ ਆਵਾਜ਼ ਏਨੀ ਮਜ਼ਬੂਤ ਕਰਨ ਦਾ ਸੱਦਾ ਦਿੱਤਾ ਕਿ ਜੰਗਬਾਜ਼ ਭਵਿਖ ਵਿਚ ਹੋਰ ਜੰਗ ਛੇੜਨ ਦੀ ਹਿੰਮਤ ਨਾ ਕਰ ਸਕਣ। ਉਹ ਸੰਸਾਰ ਅਮਨ ਲਹਿਰ ਦਾ ਸਭ ਤੋਂ ਵੱਡਾ ਹਮਾਇਤੀ ਬਣ ਕੇ ਉਭਰਿਆ ਅਤੇ ਜੰਗੀ ਸਾਜ਼ਿਸ਼ਾਂ ਦੇ ਤੋੜ ਵਜੋਂ ਉਹਦੀ ਪ੍ਰੇਰਨਾ ਤੇ ਅਗਵਾਈ ਨਾਲ 1950 ਵਿਚ ਸੰਸਾਰ ਅਮਨ ਕੌਂਸਲ ਹੋਂਦ ਵਿਚ ਆਈ। ਅਮਨ ਲਹਿਰ ਦਾ ਐਲਾਨੀਆ ਉਦੇਸ਼ ਸੰਸਾਰਵਿਆਪੀ ਹਥਿਆਰ-ਖਾਤਮੇ, ਦੇਸ਼ਾਂ ਦੀ ਸਵੈ-ਮਾਲਕੀ, ਆਜ਼ਾਦੀ ਤੇ ਸ਼ਾਂਤਮਈ ਸਹਿਹੋਂਦ ਦਾ ਪੱਖ ਪੂਰਨਾ ਅਤੇ ਸਾਮਰਾਜੀਆਂ ਦੀਆਂ, ਖਾਸ ਕਰਕੇ ਉਨ੍ਹਾਂ ਦੇ ਚੌਧਰੀ ਅਮਰੀਕਾ ਦੀਆਂ ਜੰਗਬਾਜ਼ ਤੇ ਮਨੁੱਖ-ਵਿਰੋਧੀ ਨੀਤੀਆਂ ਦਾ ਵਿਰੋਧ ਕਰਨਾ ਤੇ ਦੁਨੀਆਂ ਦੇ ਲੋਕਾਂ ਨੂੰ ਉਨ੍ਹਾਂ ਨੀਤੀਆਂ ਦੀ ਅਸਲੀਅਤ ਦੱਸ ਕੇ ਅਮਨ ਦੇ ਪੱਖ ਵਿਚ ਜਾਗ੍ਰਿਤ ਕਰਨਾ ਸੀ। ਅਮਨ ਲਈ ਉਨ੍ਹਾਂ ਦੇ ਸਮਰਪਣ ਨੂੰ ਦੇਖਦਿਆਂ ਫਰੈਡਰਿਕ ਜੂਲੀਓ-ਕਿਊਰੀ ਨੂੰ ਸੰਸਾਰ ਅਮਨ ਕੌਂਸਲ ਦੇ ਮੋਢੀ ਪ੍ਰਧਾਨ ਚੁਣਿਆ ਗਿਆ। 1958 ਵਿਚ ਪੂਰੇ ਹੋਣ ਤੱਕ ਉਹ ਇਸ ਪਦਵੀ ਉਤੇ ਰਹੇ।
ਇਹ ਤੱਥ ਬੜੀ ਤਸੱਲੀ ਦੇਣ ਵਾਲਾ ਹੈ ਕਿ ਅਮਨ ਲਹਿਰ ਵਿਚ ਪੰਜਾਬੀਆਂ ਦੀ ਭੂਮਿਕਾ ਬਹੁਤ ਮਾਣਯੋਗ ਰਹੀ। ਅਮਨ ਦੇ ਸੰਗਰਾਮੀਆਂ ਵਜੋਂ ਉਨ੍ਹਾਂ ਨੇ ਪੰਜਾਬ ਵਿਚ ਜਾਂ ਭਾਰਤ ਵਿਚ ਹੀ ਨਹੀਂ ਸਗੋਂ ਸੰਸਾਰ ਪੱਧਰ ਉਤੇ ਸਰਗਰਮ ਹਿੱਸਾ ਪਾਇਆ। ਪੰਜਾਬ ਦੇ ਪੁੱਤਰ ਪ੍ਰਸਿਧ ਆਜ਼ਾਦੀ-ਸੰਗਰਾਮੀਏ ਤੇ ਕਮਿਊਨਿਸਟ ਆਗੂ ਰੁਮੇਸ਼ ਚੰਦਰ ਦੀਆਂ ਦੇਸ਼ ਵਿਚ ਅਮਨ ਲਹਿਰ ਨੂੰ ਮਜ਼ਬੂਤ ਕਰਨ ਸਬੰਧੀ ਸਰਗਰਮੀਆਂ ਤੋਂ ਪ੍ਰਭਾਵਿਤ ਹੋ ਕੇ 1953 ਵਿਚ ਉਨ੍ਹਾਂ ਨੂੰ ਸੰਸਾਰ ਅਮਨ ਕੌਂਸਲ ਦੇ ਜਨਰਲ ਸਕੱਤਰ ਤੇ 1977 ਵਿਚ ਪ੍ਰਧਾਨ ਚੁਣ ਲਿਆ ਗਿਆ ਅਤੇ 2000 ਵਿਚ ‘ਸਨਮਾਨ-ਹਿਤ ਪ੍ਰਧਾਨ’ ਥਾਪਿਆ ਗਿਆ। ਉਹ 1919 ਵਿਚ ਲਾਇਲਪੁਰ ਵਿਖੇ ਜਨਮੇ ਸਨ ਅਤੇ ਇੰਗਲੈਂਡ ਦੀ ਕੈਂਬਰਿਜ ਯੂਨੀਵਰਸਿਟੀ ਦੇ ਪੜ੍ਹੇ ਹੋਏ ਸਨ। ਸੰਸਾਰ ਅਮਨ ਕੌਂਸਲ ਨੇ 1964 ਵਿਚ ਉਨ੍ਹਾਂ ਨੂੰ ‘ਫਰੈਡਰਿਕ ਜੂਲੀਓ-ਕਿਊਰੀ ਗੋਲਡ ਪੀਸ ਮੈਡਲ’ ਨਾਲ ਅਤੇ ਸੋਵੀਅਤ ਯੂਨੀਅਨ ਨੇ 1968 ਵਿਚ ‘ਕੌਮਾਂ ਵਿਚਾਲੇ ਅਮਨ ਦੀ ਮਜ਼ਬੂਤੀ ਲਈ ਕੌਮਾਂਤਰੀ ਲੈਨਿਨ ਇਨਾਮ’ ਨਾਲ ਸਨਮਾਨਿਆ। ਉਹ 97 ਸਾਲ ਦੀ ਉਮਰ ਭੋਗ ਕੇ 2016 ਵਿਚ ਮੁੰਬਈ ਵਿਖੇ ਪੂਰੇ ਹੋਏ।
ਕੁੱਲ-ਹਿੰਦ ਅਮਨ ਕੌਂਸਲ ਦਾ ਪ੍ਰਧਾਨ ਅਤੇ ਨਾਲ ਹੀ ਸੰਸਾਰ ਅਮਨ ਕੌਂਸਲ ਦਾ ਮੀਤ-ਪ੍ਰਧਾਨ ਬਣਨ ਦਾ ਮਾਣ ਵੀ ਇਕ ਪੰਜਾਬੀ ਦੇ ਹਿੱਸੇ ਆਇਆ। ਉਹ ਸਨ, ਪ੍ਰਸਿਧ ਕਾਂਗਰਸੀ ਆਗੂ ਡਾ. ਸੈਫੁਦੀਨ ਕਿਚਲੂ। ਉਨ੍ਹਾਂ ਦੇ ਵਡੇਰੇ ਤਾਂ ਕਸ਼ਮੀਰ ਤੋਂ ਸਨ ਪਰ ਡਾ. ਕਿਚਲੂ ਤੱਕ ਪਹੁੰਚਦਾ ਇਹ ਪਰਿਵਾਰ ਪੂਰੀ ਤਰ੍ਹਾਂ ਪੰਜਾਬੀ ਬਣ ਚੁਕਾ ਸੀ। ਕਸ਼ਮੀਰ ਵਿਚ 1871 ਵਿਚ ਪਏ ਭਿਆਨਕ ਅਕਾਲ ਸਮੇਂ ਉਨ੍ਹਾਂ ਦੇ ਦਾਦਾ ਜੀ ਅੰਮ੍ਰਿਤਸਰ ਆ ਵਸੇ ਸਨ। ਡਾ. ਕਿਚਲੂ ਦਾ ਜਨਮ ਅੰਮ੍ਰਿਤਸਰ ਵਿਚ ਹੀ ਹੋਇਆ ਅਤੇ ਉਨ੍ਹਾਂ ਨੇ ਉਥੇ ਹੀ ਸਕੂਲੀ ਤਾਲੀਮ ਹਾਸਲ ਕੀਤੀ। ਉਹ ਪਹਿਲਾਂ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਫੇਰ ਕੁੱਲ-ਹਿੰਦ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਰਹੇ।
ਪੰਜਾਬ ਵਿਚ 1915 ਦੇ ਰੌਲਟ ਐਕਟ ਵਿਰੁਧ ਭੜਕੇ ਜਨਤਕ ਰੋਸ ਦੇ ਮੋਹਰੀਆਂ ਵਿਚੋਂ ਹੋਣ ਸਦਕਾ ਉਨ੍ਹਾਂ ਦਾ ਨਾਂ ਬਹੁਤ ਪਹਿਲਾਂ ਤੋਂ ਘਰ ਘਰ ਪਹੁੰਚਿਆ ਹੋਇਆ ਸੀ। ਰੌਲਟ ਐਕਟ ਦੇ ਵਿਰੋਧ ਦੇ ਆਗੂ ਹੋਣ ਕਾਰਨ ਹੀ ਡਾ. ਸੈਫੁਦੀਨ ਕਿਚਲੂ ਤੇ ਡਾ. ਸੱਤਿਆਪਾਲ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ 1919 ਦੀ ਵਿਸਾਖੀ ਨੂੰ ਅੰਮ੍ਰਿਤਸਰ ਦੇ ਜਲ੍ਹਿਆਂਵਾਲਾ ਬਾਗ ਵਿਚ ਆਮ ਜਲਸਾ ਬੁਲਾਏ ਜਾਣ ਦਾ ਇਕ ਕਾਰਨ ਪੰਜਾਬ ਦੇ ਇਨ੍ਹਾਂ ਹਰਮਨ-ਪਿਆਰੇ ਆਗੂਆਂ ਦੀਆਂ ਗ੍ਰਿਫਤਾਰੀਆਂ ਵਿਰੁਧ ਰੋਸ ਪ੍ਰਗਟ ਕਰਨਾ ਸੀ। ਇਸੇ ਸਭਾ ਵਿਚ ਅਮਨ-ਅਮਾਨ ਨਾਲ ਬੈਠੇ ਲੋਕਾਂ ਉਤੇ ਗੋਲੀਆਂ ਵਰ੍ਹਾ ਕੇ ਅੰਗਰੇਜ਼ਾਂ ਨੇ ਘਿਣਾਉਣਾ ਸਾਕਾ ਕੀਤਾ ਸੀ। ਡਾ. ਕਿਚਲੂ ਅਡੋਲ ਸੈਕੂਲਰ ਸਨ, ਜਿਸ ਕਰਕੇ ਉਹ 1947 ਦੀ ਵੰਡ ਦੇ ਘੋਰ ਵਿਰੋਧੀ ਰਹੇ। ਅਮਨ ਲਹਿਰ ਵਿਚ ਉਨ੍ਹਾਂ ਦੀ ਦੇਣ ਨੂੰ ਸਤਿਕਾਰਦਿਆਂ 1952 ਵਿਚ ਉਨ੍ਹਾਂ ਨੂੰ ਕੌਮਾਂਤਰੀ ਲੈਨਿਨ ਅਮਨ ਇਨਾਮ ਭੇਟ ਕੀਤਾ ਗਿਆ।
ਗੁਰਬਖਸ਼ ਸਿੰਘ ਪ੍ਰੀਤਲੜੀ ਨੂੰ ਪੰਜਾਬ ਅਮਨ ਕੌਂਸਲ ਦੇ ਪ੍ਰਧਾਨ ਅਤੇ ਨਾਲ ਹੀ ਕੁੱਲ-ਹਿੰਦ ਅਮਨ ਕੌਂਸਲ ਦੇ ਮੀਤ ਪ੍ਰਧਾਨ ਚੁਣਿਆ ਗਿਆ। ਉਹ ਹਰਮਨ-ਪਿਆਰੇ ਰਸਾਲੇ ‘ਪ੍ਰੀਤਲੜੀ’ ਦੇ ਚਾਲਕ-ਸੰਪਾਦਕ ਹੋਣ ਦੇ ਨਾਲ ਨਾਲ ਇਕ ਪ੍ਰਮੁੱਖ ਲੇਖਕ ਸਨ। ਸਹਿਜ, ਸ਼ਾਂਤ, ਸੁਚੱਜੀ ਜ਼ਿੰਦਗੀ ਦੇ ਵੱਡੇ ਮੁਦੱਈ ਹੋਣ ਸਦਕਾ ਉਨ੍ਹਾਂ ਨੂੰ ਇਹ ਪਦਵੀ ਸੌਂਪੇ ਜਾਣ ਦਾ ਨਿੱਘਾ ਸਵਾਗਤ ਹੋਇਆ। ਪੰਜਾਬ ਅਮਨ ਕੌਂਸਲ ਦੇ ਜਨਰਲ ਸਕੱਤਰ ਦੀ ਜ਼ਿੰਮੇਵਾਰੀ ਪ੍ਰੋ. ਨਿਰੰਜਣ ਸਿੰਘ ਮਾਨ ਨੂੰ ਸੌਂਪੀ ਗਈ। ਉਹ ਇਪਟਾ ਤੇ ਅਮਨ ਲਹਿਰ ਦੇ ਮੰਚਾਂ ਦੇ ਪ੍ਰਸਿੱਧ ਗਾਇਕ ਸਨ। ਅੰਮ੍ਰਿਤਾ ਪ੍ਰੀਤਮ ਦੀ ਕਵਿਤਾ ‘ਅੱਜ ਆਖਾਂ ਵਾਰਿਸ ਸ਼ਾਹ ਨੂੰ’ ਉਨ੍ਹਾਂ ਦੀ ਮਨਭਾਉਂਦੀ ਰਚਨਾ ਸੀ। ਇਸ ਕਵਿਤਾ ਨੂੰ ਘਰ ਘਰ ਪੁੱਜਦੀ ਕਰਨਾ ਉਨ੍ਹਾਂ ਦਾ ਹੀ ਕਾਰਨਾਮਾ ਸੀ। ਉਨ੍ਹਾਂ ਦੇ ਪਰਿਵਾਰ ਦਾ ਦੱਸਣਾ ਹੈ ਕਿ ਕੈਂਸਰ ਜਿਹੀ ਨਾਮੁਰਾਦ ਬਿਮਾਰੀ ਅਤੇ ਵੱਡੀ ਉਮਰ ਦੇ ਬਾਵਜੂਦ ਦੇਸ਼ੋਂ ਦੂਰ ਕੈਨੇਡਾ ਵਿਚ ਬੈਠੇ ਵੀ ਉਹ ਆਪਣੇ ਅੰਤਲੇ ਸਾਹ ਤੱਕ ਦਿਨ ਵਿਚ ਇਕ ਵਾਰ ਇਹ ਕਵਿਤਾ ਜ਼ਰੂਰ ਗੁਣਗੁਣਾਉਂਦੇ ਸਨ।
ਸੰਸਾਰ ਅਮਨ ਕੌਂਸਲ ਨੇ ਅਮਨ ਲਹਿਰ ਦੀ ਮਜ਼ਬੂਤੀ ਲਈ ਕਿਸੇ ਵੀ ਕਿਸਮ ਦਾ ਹਿੱਸਾ ਪਾਉਣ ਵਾਲਿਆਂ ਨੂੰ ਸਨਮਾਨਣ ਵਾਸਤੇ ਕਈ ਸਨਮਾਨ ਕਾਇਮ ਕੀਤੇ ਸਨ। 1953 ਦਾ ਕੌਮਾਂਤਰੀ ਅਮਨ ਇਨਾਮ ਅੰਗਰੇਜ਼ੀ ਵਿਚ ਲਿਖਣ ਵਾਲੇ ਪ੍ਰਸਿਧ ਪੰਜਾਬੀ ਲੇਖਕ ਤੇ ਬੁੱਧੀਮਾਨ ਮੁਲਕ ਰਾਜ ਅਨੰਦ ਨੂੰ ਦਿੱਤਾ ਗਿਆ ਸੀ।
ਅਮਨ ਲਹਿਰ ਦੇ ਇਤਿਹਾਸ ਵਿਚ ਪੰਜਾਬੀਆਂ ਦੇ ਹਿੱਸੇ ਇਕ ਅਜਿਹਾ ਮਾਣ ਵੀ ਆਇਆ, ਜਿਸ ਦਾ ਸ਼ਾਇਦ ਬਹੁਤੇ ਲੋਕਾਂ ਨੂੰ, ਖਾਸ ਕਰਕੇ ਨਵੀਆਂ ਪੀੜ੍ਹੀਆਂ ਨੂੰ ਪਤਾ ਵੀ ਨਹੀਂ। ਸੰਸਾਰ ਅਮਨ ਕੌਂਸਲ ਨੇ 15 ਮਾਰਚ 1950 ਨੂੰ ਸਟਾਕਹੋਮ ਤੋਂ ਅਮਨ ਅਪੀਲ ਜਾਰੀ ਕੀਤੀ। ਇਸ ਦੀ ਮੁੱਖ ਮੰਗ ਐਟਮੀ ਹਥਿਆਰਾਂ ਉਤੇ ਮੁਕੰਮਲ ਪਾਬੰਦੀ ਲਾਏ ਜਾਣਾ ਸੀ। ਦੁਨੀਆਂ ਭਰ ਦੇ ਲੋਕਾਂ ਨੂੰ ਇਸ ਅਪੀਲ ਉਤੇ ਦਸਤਖਤ ਕਰਨ ਦੀ ਬੇਨਤੀ ਕੀਤੀ ਗਈ। ਅਪੀਲ ਦੇ ਸ਼ਬਦ ਸਨ, “ਅਸੀਂ ਲੋਕਾਂ ਨੂੰ ਭੈਅਭੀਤ ਕਰਨ ਅਤੇ ਸਮੂਹਕ ਕਤਲੇਆਮ ਦੇ ਸਾਧਨਾਂ ਵਜੋਂ ਐਟਮੀ ਹਥਿਆਰਾਂ ਨੂੰ ਗੈਰ-ਕਾਨੂੰਨੀ ਕਰਾਰ ਦਿੱਤੇ ਜਾਣ ਦੀ ਮੰਗ ਕਰਦੇ ਹਾਂ। ਅਸੀਂ ਇਹ ਕਦਮ ਲਾਗੂ ਕੀਤੇ ਜਾਣ ਲਈ ਸਖਤ ਕੌਮਾਂਤਰੀ ਨਿਗਰਾਨੀ ਦੀ ਮੰਗ ਕਰਦੇ ਹਾਂ। ਸਾਡਾ ਯਕੀਨ ਹੈ ਕਿ ਕੋਈ ਵੀ ਸਰਕਾਰ, ਜੋ ਕਿਸੇ ਵੀ ਹੋਰ ਦੇਸ਼ ਵਿਰੁਧ, ਕਿਸੇ ਵੀ ਬਹਾਨੇ, ਐਟਮੀ ਹਥਿਆਰ ਵਰਤਣ ਦੀ ਪਹਿਲ ਕਰੇਗੀ, ਉਹ ਮਨੁੱਖ ਜਾਤੀ ਵਿਰੁਧ ਅਪਰਾਧ ਕਰ ਰਹੀ ਹੋਵੇਗੀ ਅਤੇ ਉਸ ਵਿਰੁਧ ਜੰਗੀ ਅਪਰਾਧੀ ਵਜੋਂ ਕਾਰਵਾਈ ਹੋਣੀ ਚਾਹੀਦੀ ਹੈ। ਅਸੀਂ ਸੰਸਾਰ ਭਰ ਦੇ ਸਭਨਾਂ ਸਦਭਾਵੀ ਪੁਰਖਾਂ-ਇਸਤਰੀਆਂ ਨੂੰ ਇਸ ਅਪੀਲ ਉਤੇ ਦਸਤਖਤ ਕਰਨ ਦਾ ਸੱਦਾ ਦਿੰਦੇ ਹਾਂ।”
ਵਿਗਿਆਨੀਆਂ, ਬੁੱਧੀਮਾਨਾਂ, ਸਿਆਸਤਦਾਨਾਂ, ਸਮਾਜ-ਸੇਵਕਾਂ, ਜਨਤਕ ਕਾਰਕੁਨਾਂ ਆਦਿ ਤੋਂ ਇਲਾਵਾ ਇਸ ਅਮਨ ਅਪੀਲ ਉਤੇ ਦੁਨੀਆਂ ਭਰ ਦੇ ਪ੍ਰਮੁੱਖ ਲੇਖਕਾਂ ਤੇ ਕਲਾਕਾਰਾਂ ਨੇ ਦਸਤਖਤ ਕੀਤੇ। ਉਨ੍ਹਾਂ ਵਿਚ ਲਾਸਾਨੀ ਚਿੱਤਰਕਾਰ ਪਾਬਲੋ ਪਿਕਾਸੋ ਵੀ ਸੀ ਤੇ ਬਹੁ-ਸਤਿਕਾਰਿਆ ਕਵੀ ਪਾਬਲੋ ਨੇਰੂਦਾ ਵੀ। ਪਾਬਲੋ ਪਿਕਾਸੋ ਦੇ ਬਣਾਏ ਹੋਏ ‘ਅਮਨ ਦੀ ਘੁੱਗੀ’ ਦੇ ਚਿੱਤਰ ਨੂੰ ਹੀ ਅਮਨ ਲਹਿਰ ਦਾ ਚਿੰਨ੍ਹ ਬਣਨ ਦਾ ਮਾਣ ਹਾਸਲ ਹੋਇਆ। ਨਿਸ਼ਚਿਤ ਸਮੇਂ ਵਿਚ ਇਸ ਅਪੀਲ ਉਤੇ 27,34,70,566 ਲੋਕਾਂ ਨੇ ਦਸਤਖਤ ਕੀਤੇ। ਇਹ ਦਸਤਖਤੀ ਮੁਹਿੰਮ ਭਾਰਤ ਵਿਚ ਵੀ ਪੂਰੇ ਜੋਸ਼ ਨਾਲ ਚੱਲੀ। ਪੂਰੇ ਦੇਸ਼ ਵਿਚੋਂ ਇਸ ਅਮਨ ਅਪੀਲ ਉਤੇ ਸਭ ਤੋਂ ਵੱਧ ਦਸਤਖਤ ਕਰਵਾਉਣ ਦਾ ਮਾਣ ਵੀ ਕੌਮਾਂਤਰੀ ਅਮਨ ਦੀ ਇਕ ਸਿਰੜੀ-ਸਿਦਕੀ ਵਿਸ਼ਵਾਸੀ ਪੰਜਾਬਣ ਦੇ ਹਿੱਸੇ ਆਇਆ। ਉਹ ਸਨ, ਬੀਬੀ ਦਲਜੀਤ ਕੌਰ, ਜੋ ਨਵਯੁਗ ਪਬਲਿਸ਼ਰਜ਼ ਵਾਲੇ ਭਾਪਾ ਪ੍ਰੀਤਮ ਸਿੰਘ ਦੀ ਜੀਵਨ-ਸਾਥਣ ਅਤੇ ਪੰਜਾਬੀ ਸਾਹਿਤ ਸਭਾ, ਦਿੱਲੀ ਦੀ ਵਰਤਮਾਨ ਚੇਅਰਪਰਸਨ ਰੇਣੁਕਾ ਸਿੰਘ ਦੀ ਮਾਤਾ ਜੀ ਸਨ। ਉਨ੍ਹਾਂ ਇਕੱਲਿਆਂ ਨੇ ਇਕ ਲੱਖ ਸਤਾਈ ਹਜ਼ਾਰ ਦਸਤਖਤ ਕਰਵਾਏ। ਇਸ ਉਦਮ ਸਦਕਾ ਉਨ੍ਹਾਂ ਨੂੰ ਜੈਨੇਵਾ ਵਿਖੇ ਹੋਏ ਸ਼ਾਨਦਾਰ ਕੌਮਾਂਤਰੀ ਸਮਾਗਮ ਵਿਚ ਸੰਸਾਰ ਅਮਨ ਕੌਂਸਲ ਦਾ ਸਨਮਾਨ ਭੇਟ ਕੀਤਾ ਗਿਆ। ਇਸ ਮੌਕੇ ਲਈ ਗਏ ਭਾਰਤੀ ਪ੍ਰਤੀਨਿਧ ਮੰਡਲ ਦੀ ਅਗਵਾਈ ਕੁੱਲ-ਹਿੰਦ ਅਮਨ ਕੌਂਸਲ ਦੇ ਪ੍ਰਧਾਨ ਡਾ. ਸੈਫੁਦੀਨ ਕਿਚਲੂ ਕਰ ਰਹੇ ਸਨ ਅਤੇ ਇਸ ਵਿਚ ਪੰਜਾਬ ਅਮਨ ਕੌਂਸਲ ਦੇ ਪ੍ਰਧਾਨ ਗੁਰਬਖਸ਼ ਸਿੰਘ ਪ੍ਰੀਤਲੜੀ ਵੀ ਸ਼ਾਮਲ ਸਨ।
ਇਕ ਵਾਰ ਮੈਂ ਬੀਬੀ ਦਲਜੀਤ ਕੌਰ ਨੂੰ ਉਨ੍ਹਾਂ ਦੇ ਇਸ ਕਾਰਨਾਮੇ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਬੜੇ ਮਾਣ ਨਾਲ ਕਿਹਾ ਕਿ ਮੇਰੇ ਕਰਵਾਏ ਇਨ੍ਹਾਂ ਦਸਤਖਤਾਂ ਵਿਚ ਇਕ ਵੀ ਦਸਤਖਤ ਨਕਲੀ ਨਹੀਂ ਸੀ। ਇਕ ਘਰ ਵਿਚ ਇਕ ਸੱਜਣ ਨੇ ਦਸਤਖਤ ਕਰ ਕੇ ਪੁੱਛਿਆ, “ਮੇਰੀ ਪਤਨੀ ਇਨ੍ਹਾਂ ਵਿਚਾਰਾਂ ਨਾਲ ਪੂਰੀ ਤਰ੍ਹਾਂ ਸਹਿਮਤ ਹੈ ਪਰ ਉਹ ਇਸ ਸਮੇਂ ਘਰ ਨਹੀਂ। ਮੈਂ ਉਹਦੇ ਦਸਤਖਤ ਵੀ ਕਰ ਦਿੰਦਾ ਹਾਂ।” ਬੀਬੀ ਨੇ ਕਾਗਜ਼ ਉਹਦੇ ਹੱਥੋਂ ਲੈ ਲਏ ਅਤੇ ਇਉਂ ਦਸਤਖਤ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਉਹ ਬੱਚਿਆਂ ਸਮੇਤ ਸਭ ਘਰੇਲੂ ਰੁਝੇਵੇਂ ਤੇ ਜ਼ਿੰਮੇਵਾਰੀਆਂ ਭਾਪਾ ਜੀ ਨੂੰ ਸੌਂਪ ਕੇ ਪੁਰਾਣੀ ਦਿੱਲੀ ਦੀਆਂ ਸੰਘਣੀ ਵਸੋਂ ਵਾਲੀਆਂ ਬਸਤੀਆਂ ਦੀਆਂ ਭੀੜੀਆਂ ਗਲੀਆਂ ਦੇ ਘਰ ਘਰ ਤੱਕ ਪਹੁੰਚੇ ਅਤੇ ਲੋਕਾਂ ਨੂੰ ਮੁੱਦਾ ਸਮਝਾ ਕੇ ਦਸਤਖਤ ਕਰਵਾਉਣ ਵਿਚ ਸਫਲ ਹੋਏ। ਦਿੱਲੀ ਮਗਰੋਂ ਉਨ੍ਹਾਂ ਨੇ ਪੰਜਾਬ ਦਾ ਰੁਖ ਕੀਤਾ। ਆਵਾਜਾਈ ਦੇ ਸਾਧਨ ਉਦੋਂ ਹੁਣ ਵਾਲੇ ਤਾਂ ਹੈ ਨਹੀਂ ਸਨ। ਪੰਜਾਬ ਦੇ ਬਹੁਤੇ ਸਫਰ ਉਨ੍ਹਾਂ ਨੇ ਸਥਾਨਕ ਸਮਾਜ ਸੇਵਕਾਂ ਦੇ ਸਾਈਕਲਾਂ ਦੇ ਕੈਰੀਅਰ ਉਤੇ ਬੈਠ ਕੇ ਨੇਪਰੇ ਚਾੜ੍ਹੇ।
ਬਾਬਾ ਫਰੀਦ ਤੇ ਬਾਬਾ ਨਾਨਕ ਦੇ ਸਮੇਂ ਤੋਂ ਮਾਨਵ-ਹਿਤ ਦੇ ਅਡੋਲ ਧਾਰਨੀ ਰਹੇ ਸਾਹਿਤਕ ਤੇ ਸਭਿਆਚਾਰਕ ਖੇਤਰਾਂ ਨਾਲ ਜੁੜੇ ਹੋਏ ਲੋਕ ਪੂਰੇ ਜੋਸ਼ ਨਾਲ ਅਮਨ ਲਹਿਰ ਵਿਚ ਸਰਗਰਮ ਹੋ ਗਏ। ਸਾਹਿਤ, ਗਾਇਕੀ ਤੇ ਰੰਗਮੰਚ ਦੇ ਪ੍ਰਮੁੱਖ ਨਾਂਵਾਂ ਦੀ ਪਛਾਣ ਘਰ ਘਰ ਪਹੁੰਚ ਗਈ। ਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ, ਸੰਤੋਖ ਸਿੰਘ ਧੀਰ, ਬਲਵੰਤ ਗਾਰਗੀ, ਤੇਰਾ ਸਿੰਘ ਚੰਨ, ਗੁਰਚਰਨ ਰਾਮਪੁਰੀ, ਸੁਰਜੀਤ ਰਾਮਪੁਰੀ, ਮੱਲ ਸਿੰਘ ਰਾਮਪੁਰੀ, ਸੁਰਿੰਦਰ ਕੌਰ, ਅਚਲਾ ਸਚਦੇਵ, ਸ਼ੀਲਾ ਭਾਟੀਆ, ਸ਼ੀਲਾ ਦੀਦੀ, ਨਿਰੰਜਣ ਸਿੰਘ ਮਾਨ, ਜੁਗਿੰਦਰ ਬਾਹਰਲਾ, ਅਮਰਜੀਤ ਗੁਰਦਾਸਪੁਰੀ, ਜਗਦੀਸ਼ ਫਰਿਆਦੀ, ਹੁਕਮ ਚੰਦ ਖਲੀਲੀ, ਕੰਵਲਜੀਤ ਸਿੰਘ ਸੂਰੀ, ਸਵਰਨ ਸਿੰਘ, ਗੁਰਚਰਨ ਸਿੰਘ ਬੋਪਾਰਾਏ ਅਤੇ ਅਨੇਕ ਹੋਰ ਕਲਾ ਵਾਲੇ ਤੇ ਕਲਮਾਂ ਵਾਲੇ ਅਮਨ ਦੀ ਮਜ਼ਬੂਤ ਧਿਰ ਬਣ ਕੇ ਉਠ ਖਲੋਤੇ।
ਉਹ ਦੌਰ ਹੀ ਨਿਸ਼ਕਾਮਤਾ ਦਾ ਸੀ, ਜਨਤਾ ਦੇ ਹਿਤ ਵਿਚ ਆਪਣੇ ਆਪ ਨੂੰ ਕੁਰਬਾਨ ਕਰਨ ਦਾ ਦੌਰ। ਆਪਣੀ ਕਲਾ ਵਿਚੋਂ ਕੁਝ ਖੱਟਣ ਦਾ ਤਾਂ ਖਿਆਲ ਵੀ ਕਿਸੇ ਦੇ ਮਨ ਵਿਚ ਨਹੀਂ ਸੀ ਆਉਂਦਾ। ਸਗੋਂ ਲੋਕ-ਹਿਤ ਦੇ ਪ੍ਰੇਰੇ ਹੋਏ ਇਹ ਲੋਕ ਬਹੁਤੀ ਵਾਰ ਪੱਲਿਉਂ ਖਰਚ ਕਰ ਕੇ ਜਨਤਾ ਵਿਚ ਪਹੁੰਚਦੇ ਸਨ। ਪਿੰਡ ਦਾ ਕੋਈ ਚੌਂਤਰਾ ਜਾਂ ਉਚਾ ਥੜ੍ਹਾ ਮੰਚ ਬਣਦਾ ਸੀ ਤੇ ਲਾਲਟੈਣ ਰੌਸ਼ਨੀ ਦਾ ਸਾਧਨ। ਅਮਨ ਦੇ ਗੀਤ ਗਾਏ ਜਾਂਦੇ, ਕਵਿਤਾਵਾਂ ਪੜ੍ਹੀਆਂ ਜਾਂਦੀਆਂ, ਨਾਟਕ ਖੇਡੇ ਜਾਂਦੇ ਅਤੇ ਅਮਨ ਦਾ ਸੁਨੇਹਾ ਘਰ ਘਰ ਪਹੁੰਚਾਇਆ ਜਾਂਦਾ। ਨਾ ਖਾਣ ਸਮੇਂ ਕੋਈ ਨਘੋਚ, ਨਾ ਸੌਣ ਵਾਸਤੇ ਕਿਸੇ ਨਿਵੇਕਲੀ ਥਾਂ ਜਾਂ ਗੱਦੇਦਾਰ ਬਿਸਤਰੇ ਦੀ ਲੋੜ! ਬੱਸ ਇਕੋ ਚਾਹ, ਅਮਨ ਦਾ ਸੁਨੇਹਾ ਲੋਕਾਂ ਤੱਕ ਪਹੁੰਚ ਜਾਵੇ! ਅਮਨ ਲਹਿਰ ਪੰਜਾਬ ਦਾ ਅਨਮੋਲ ਲੋਕ-ਹਿਤੈਸ਼ੀ ਵਿਰਸਾ ਹੈ। ਅਮਨ ਲਹਿਰ ਵਿਚ ਪੰਜਾਬੀਆਂ ਦੀ ਦੇਣ ਸੰਸਾਰ ਅਮਨ ਲਹਿਰ ਦੇ ਇਤਿਹਾਸ ਦਾ ਇਕ ਅਮਰ-ਅਮਿੱਟ ਕਾਂਡ ਹੈ। ਅੱਜ ਦੇ ਨਫਰਤੀ ਦੌਰ ਵਿਚ ਪੰਜਾਬੀਆਂ ਲਈ ਅਮਨ ਦੇ ਆਪਣੇ ਮਹਾਨ ਵਿਰਸੇ ਨੂੰ ਚੇਤੇ ਰੱਖਣਾ ਹੋਰ ਵੀ ਜ਼ਰੂਰੀ ਹੈ।