ਅੰਗਰੇਜ਼ ਸਰਕਾਰ ਦੀ ਮਸ਼ੀਨਰੀ ਦੇ ਕਲ-ਪੁਰਜ਼ੇ

ਵਾਸਦੇਵ ਸਿੰਘ ਪਰਹਾਰ
ਫੋਨ: 206-434-1155
ਜ਼ੈਲਦਾਰ
ਜ਼ੈਲਦਾਰ ਅਰਬੀ ਭਾਸ਼ਾ ਦਾ ਸ਼ਬਦ ਹੈ, ਜਿਸ ਦੇ ਅਰਥ ਹਨ, ਸਫਾਈ ਸੇਵਕ ਅਤੇ ਕੋਈ ਵੀ ਘਟੀਆ ਕੰਮ ਕਰਨ ਵਾਲਾ। ਇਸ ਦੇ ਭਾਵੁਕ ਅਰਥ ਹਨ, ਅੰਗਰੇਜ਼ ਸਰਕਾਰ ਦੇ ਵਫਾਦਾਰ, ਪਿੰਡਾਂ ਵਿਚ ਅੰਗਰੇਜ਼ ਸਰਕਾਰ ਦੇ ਵਿਰੋਧੀਆਂ ਦੀ ਸਫਾਈ ਕਰਨ ਵਾਲੇ। ਜੇ ਕਿਤੇ ਵੀ ਅੰਗਰੇਜ਼ ਸਰਕਾਰ ਵਿਰੁਧ ਕੋਈ ਕਾਰਵਾਈ ਦਾ ਉਨ੍ਹਾਂ ਨੂੰ ਪਤਾ ਲਗਦਾ ਤਾਂ ਇਕ ਦੂਜੇ ਤੋਂ ਮੂਹਰੇ ਹੋ ਕੇ ਜਿਲੇ ਦੇ ਪੁਲਿਸ ਕਮਿਸ਼ਨਰ ਅਤੇ ਡੀ. ਸੀ. ਨੂੰ ਖਬਰ ਦੇਣ ਨੂੰ ਭੱਜਦੇ। ਇਹ ਅੰਗਰੇਜ਼ ਸਰਕਾਰ ਦੇ ਰੋਹਬਦਾਬ ਅਤੇ ਤਪ-ਤੇਜ਼ ਨੂੰ ਮਜ਼ਬੂਤ ਬਣਾਉਂਦੇ। ਇਸ ਸਰਕਾਰੀ ਪਿੱਠੂਪੁਣੇ ਦੇ ਸਹਾਰੇ ਇਹ ਬਹੁਤ ਆਪਹੁਦਰੇ, ਜ਼ਾਲਮ ਅਤੇ ਚੋਰ-ਉਚੱਕਿਆਂ ਨੂੰ ਆਪਣੇ ਹੱਥ ਰੱਖਦੇ। ਇਹ ਸੰਸਥਾ ਅੰਗਰੇਜ਼ਾਂ ਨੇ ਸੰਨ 1870 ਵਿਚ ਕਾਇਮ ਕੀਤੀ ਸੀ।

ਇਨ੍ਹਾਂ ਨੂੰ ਆਮ ਜਨਤਾ ਨਾਲ ਵਧੀਕੀਆਂ ਕਰਨ ਦੀ ਖੁੱਲ੍ਹ ਸੀ। ਇਹ ਖੁਦ ਬੜੇ ਬਦਚਲਨ ਹੁੰਦੇ ਸਨ। ਪਿੰਡ ਦੇ ਇਕ ਜਾਂ ਦੋ ਕੰਮੀਆਂ ਦੀ ਇਹ ਡਿਊਟੀ ਲਾ ਦਿੰਦੇ ਕਿ ਰੋਜ਼ ਆ ਕੇ ਉਨ੍ਹਾਂ ਦੇ ਘਰ ਮੱਝਾਂ, ਘੋੜੀਆਂ ਨੂੰ ਪੱਠੇ ਪਾਉਣੇ ਅਤੇ ਜ਼ੈਲਦਾਰ ਦੀ ਸੇਵਾ ਵਿਚ ਹਾਜ਼ਰ ਰਹਿਣਾ। ਪੁਲਿਸ ਅਤੇ ਹੋਰ ਸਰਕਾਰੀ ਅਫਸਰਾਂ ਨੂੰ ਲੋਕਾਂ ਤੋਂ ਰਿਸ਼ਵਤ ਦਿਵਾਉਣੀ ਅਤੇ ਵਿਚੋਂ ਅੱਧ ਕੁ ਆਪਣੇ ਲਈ ਰੱਖ ਲੈਣਾ ਤਾਂ ਆਮ ਗੱਲ ਸੀ। ਇਹ ਆਪਣੇ ਵਿਰੋਧੀਆਂ ਅਤੇ ਦੇਸ਼ ਭਗਤਾਂ ‘ਤੇ ਝੂਠੇ ਕੇਸ ਪੁਆ ਕੇ ਤੰਗ ਕਰਦੇ।
ਇਹ ਲੋਕ ਬੱਬਰਾਂ ਦੇ ਦੇਸ਼ ਦੀ ਆਜ਼ਾਦੀ ਹਾਸਿਲ ਕਰਨ ਦੇ ਤਹੱਈਏ ਵਿਚ ਵੱਡਾ ਅੜਿੱਕਾ ਸਨ। ਇਸ ਲਈ ਬੱਬਰਾਂ ਨੇ ਅੰਗਰੇਜ਼ ਸਰਕਾਰ ਦੀ ਮਸ਼ੀਨਰੀ ਫੇਲ੍ਹ ਕਰਨ ਲਈ ਪਹਿਲਾਂ ਇਨ੍ਹਾਂ ਪੁਰਜ਼ਿਆਂ ਨੂੰ ਨਕਾਰਾ ਕਰਨ ਦਾ ਕੰਮ ਅਰੰਭਿਆ। ਪਹਿਲਾਂ ਖਾਸ ਸਰਕਾਰ ਦੇ ਝੋਲੀ ਚੁੱਕਾਂ ਨੂੰ ਚਿੱਠੀਆਂ ਲਿਖ ਕੇ ਤਾੜਨਾ ਕੀਤੀ ਕਿ ਸਰਕਾਰ ਦੇ ਪਿੱਠੂਪੁਣੇ ਤੋਂ ਬਾਜ਼ ਆ ਜਾਓ, ਵਰਨਾ ਸੁਧਾਰ ਅਥਵਾ ਕਤਲ ਹੋਣ ਲਈ ਤਿਆਰ ਰਹੋ। ਚਿੱਠੀਆਂ ਮਿਲਣ ‘ਤੇ ਕਈ ਕਮਜ਼ੋਰ ਦਿਲੇ ਤਾਂ ਆਪਣੇ ਘਰੀਂ ਵੀ ਨਾ ਸੌਂਦੇ, (ਕਥਿਤ) ਕੰਮੀਆਂ ਦੇ ਘਰੀਂ ਸੌਂਦੇ, ਕਈ ਰਾਤਾਂ ਨੂੰ ਹੜਬੜਾ ਕੇ ਉਠ ਖੜ੍ਹਦੇ। ਮਾਹਿਲਪੁਰ ਦਾ ਜ਼ੈਲਦਾਰ ਰਾਮ ਨਰੈਣ ਸਿੰਘ ਬੈਂਸ ਬੱਬਰਾਂ ਦੀ ਦਹਿਸ਼ਤ ਨਾਲ ਰਾਤ ਨੂੰ ਕੋਠੇ ‘ਤੇ ਸੁੱਤਾ ਬੁੜਬੁੜਾ ਉਠਦਾ, ‘ਬੱਬਰ ਆ ਗਏ, ਮੈਨੂੰ ਬਚਾਉ ਲੋਕੋ।’ ਇੰਜ ਆਖਦਾ ਕੋਠੇ ਤੋਂ ਡਿੱਗ ਕੇ ਮਰ ਗਿਆ। ਬਿਅੰਤ ਸਿੰਘ ਬੈਂਸ (ਨੰਗਲ ਕਲਾਂ) ਬੱਬਰਾਂ ਨੇ ਸੋਧ ਦਿੱਤਾ। ਬਿਸ਼ਨ ਸਿੰਘ ਕੰਬੋਜ (ਰਾਣੀਥੂਹਾ, ਤਹਿਸੀਲ ਫਗਵਾੜਾ) ਨੂੰ ਬਾਬੂ ਸੰਤ ਸਿੰਘ ਛੋਟੀ ਹਰੀਉਂ ਨੇ ਇਕੱਲਿਆਂ ਹੀ ਚਹੇੜੂ ਰੇਲਵੇ ਸਟੇਸ਼ਨ ਤੋਂ ਘੋੜੀ ‘ਤੇ ਆਪਣੇ ਪਿੰਡ ਨੂੰ ਜਾਂਦੇ ਗੋਲੀਆਂ ਦਾ ਨਿਸ਼ਾਨਾ ਬਣਾਇਆ।
ਹਰ ਜ਼ੈਲਦਾਰ ਨੂੰ ਉਸ ਦੀ ਜ਼ੈਲ ਦੇ ਪਿੰਡਾਂ ਦੇ ਸਰਕਾਰੀ ਮਾਮਲੇ ਦਾ 10 ਫੀਸਦੀ ਮਿਲਦਾ ਸੀ। ਜੇ ਕਿਤੇ ਫਸਲ ਖਰਾਬ ਹੋਣ ਕਰਕੇ ਸਰਕਾਰ ਮਾਮਲਾ ਮੁਆਫ ਕਰ ਦੇਵੇ ਤਾਂ ਜ਼ੈਲਦਾਰਾਂ ਨੂੰ ਕੁਝ ਨਹੀਂ ਸੀ ਮਿਲਦਾ। ਅੰਗਰੇਜ਼ਾਂ ਨੇ ਜ਼ੈਲਦਾਰਾਂ ਵਿਚ ਭੇੜ ਪਾਉਣ ਲਈ ਤਿੰਨ ਦਰਜੇ ਬਣਾਏ ਹੋਏ ਸਨ, ਜਿਨ੍ਹਾਂ ਦੀਆਂ ਤਨਖਾਹਾਂ ਵਿਚ ਵੀ ਫਰਕ ਸੀ ਤਾਂ ਕਿ ਇਹ ਅੰਗਰੇਜ਼ ਸਰਕਾਰ ਦੀਆਂ ਨਜ਼ਰਾਂ ਵਿਚ ਹੋਰ ਚੰਗੇ ਬਣਨ ਲਈ ਸਰਕਾਰ ਦੀ ਖੈਰ-ਖਵਾਹੀ ਦਾ ਹੋਰ ਸਬੂਤ ਦੇਣ। ਸੰਨ 1885 ਵਿਚ ਸਭ ਜ਼ੈਲਾਂ ਅਤੇ ਪਟਵਾਰ ਹਲਕਿਆਂ ਨੂੰ ਇਕਸਾਰ ਕੀਤਾ ਗਿਆ।
ਜ਼ੈਲਦਾਰਾਂ ਨੂੰ ਮੁਆਵਜ਼ਾ ਦੇਣ ਦਾ ਅਸਿੱਧਾ ਤਰੀਕਾ ਸੀ ਕਿ ਡਿਪਟੀ ਕਮਿਸ਼ਨਰ ਉਨ੍ਹਾਂ ਦੇ ਪੁੱਤਰਾਂ ਨੂੰ ਸਰਕਾਰੀ ਨੌਕਰੀਆਂ ‘ਤੇ ਨਿਯੁਕਤ ਕਰ ਦਿੰਦੇ। ਉਦੋਂ ਨਾ ਕੋਈ ਸਿਲੈਕਸ਼ਨ ਬੋਰਡ ਜਾਂ ਕੋਈ ਹੋਰ ਸਰਕਾਰੀ ਨੌਕਰੀਆਂ ਵਿਚ ਭਰਤੀ ਕਰਨ ਦਾ ਤਰੀਕਾ ਸੀ। ਡਿਪਟੀ ਕਮਿਸ਼ਨਰਾਂ ਕੋਲ ਹੀ ਇਹ ਅਧਿਕਾਰ ਸਨ।
ਲੰਬੜਦਾਰ
ਇਹ ਸ਼ਬਦ ਫਾਰਸੀ ਭਾਸ਼ਾ ਦੇ ਦੋ ਸ਼ਬਦਾਂ-‘ਆਲਮ’ ਤੇ ‘ਬਰਦਾਰ’ ਦਾ ਜੋੜ ਹੈ। ਆਲਮ ਦਾ ਅਰਥ ਹੈ, ਝੰਡਾ ਅਤੇ ਬਰਦਾਰ ਦਾ ਅਰਥ ਹੈ, ਚੁੱਕਣ ਵਾਲਾ। ਅੰਗਰੇਜ਼ੀ ਰਾਜ ਆਉਣ ਤੋਂ ਪਹਿਲਾਂ ਹਰ ਪਿੰਡ ਵਿਚ ਚੌਧਰੀ ਹੁੰਦਾ ਸੀ, ਜੋ ਲੋਕ ਆਪਣੀ ਮਰਜ਼ੀ ਨਾਲ ਚੁਣਦੇ। ਆਮ ਤੌਰ ‘ਤੇ ਚੰਗੇ ਇਨਸਾਫਪਸੰਦ ਅਤੇ ਅਮੀਰ ਆਦਮੀ ਹੀ ਚੌਧਰੀ ਹੁੰਦੇ। ਇਹ ਰੁਤਬਾ ਜੱਦੀ ਪੁਸ਼ਤੀ ਨਹੀਂ ਸੀ। ਅੰਗਰੇਜ਼ ਸਰਕਾਰ ਨੇ ‘ਪਾੜੋ ਤੇ ਰਾਜ ਕਰੋ’ ਦੀ ਪਾਲਿਸੀ ਅਨੁਸਾਰ ਹਰ ਪਿੰਡ ਦੀ ਜਮੀਨ ਅਤੇ ਆਬਾਦੀ ਅਨੁਸਾਰ ਹਰ ਪਿੰਡ ਵਿਚ ਇਕ ਜਾਂ ਇਕ ਤੋਂ ਵੱਧ ਨੰਬਰਦਾਰ ਨਿਯੁਕਤ ਕੀਤੇ। ਨੰਬਰਦਾਰੀ (ਲੰਬੜਦਾਰੀ) ਜੱਦੀ ਪੁਸ਼ਤੀ ਸੀ। ਲੰਬੜਦਾਰ ਦਾ ਵੱਡਾ ਪੁੱਤਰ, ਲਾਇਕ ਹੋਵੇ ਜਾਂ ਨਾਲਾਇਕ, ਹੀ ਲੰਬੜ ਬਣਦਾ। ਲੰਬੜਦਾਰ ਇਕ ਪਿੰਡ ਵਿਚ ਕਈ ਕਈ ਹੁੰਦੇ, ਜੋ ਆਪਣੀ ਪੱਤੀ ਦੇ ਸਰਕਾਰੀ ਮਾਮਲੇ ਦੇ 2 ਫੀਸਦੀ ਹਿੱਸੇ ਦੇ ਹੱਕਦਾਰ ਹੁੰਦੇ ਸਨ। ਇਹ ਵੀ ਸਰਕਾਰੀ ਅਫਸਰਾਂ, ਪਟਵਾਰੀ, ਥਾਣੇਦਾਰ ਆਦਿ ਨਾਲ ਪੂਰਾ ਸਹਿਯੋਗ ਕਰਦੇ। ਪਿੰਡਾਂ ਵਿਚ ਆਪਣੀ ਦੁਸ਼ਮਣੀ ਕੱਢਣ ਲਈ ਆਪਣੇ ਵਿਰੋਧੀਆਂ ਨੂੰ ਥਾਣੇ ਸਦਵਾ ਕੇ ਬੇਇੱਜਤ ਕਰਵਾ ਦਿੰਦੇ। ਇਹ ਅੰਗਰੇਜ਼ ਸਰਕਾਰ ਦੇ ਮੁਢਲੇ ਥੰਮ੍ਹ ਸਨ।
ਜਦੋਂ 1947 ਵਿਚ ਭਾਰਤ ਆਜ਼ਾਦ ਹੋ ਗਿਆ ਤਾਂ ਜ਼ੈਲਦਾਰਾਂ ਦਾ ਰੁਤਬਾ ਤਾਂ ਖਤਮ ਕਰ ਦਿੱਤਾ ਗਿਆ, ਪਰ ਲੰਬੜਦਾਰਾਂ ਦੇ ਅਧਿਕਾਰ ਕੇਵਲ ਸਰਕਾਰੀ ਮਾਮਲਾ ਉਗਰਾਹ ਕੇ ਖਜ਼ਾਨੇ ਵਿਚ ਜਮ੍ਹਾਂ ਕਰਵਾਉਣ ਤਕ ਹੀ ਸੀਮਤ ਕਰ ਦਿੱਤੇ ਗਏ। ਅੰਗਰੇਜ਼ ਸਰਕਾਰ ਦੇ ਇਨ੍ਹਾਂ ਪਿੱਠੂਆਂ ਦੀ ਥਾਂ ਪਿੰਡ ਦੇ ਲੋਕਾਂ ਵਲੋਂ ਚੁਣੇ ਗਏ ਪੰਚਾਂ ਅਤੇ ਸਰਪੰਚਾਂ ਨੂੰ ਇਨ੍ਹਾਂ ਵਾਲੇ ਅਧਿਕਾਰ ਦਿੱਤੇ; ਭਾਵੇਂ ਸਰਕਾਰੀ ਮਾਮਲਾ ਇਹੀ ਉਗਰਾਹੁੰਦੇ। ਸ਼ ਪ੍ਰਤਾਪ ਸਿੰਘ ਕੈਰੋਂ ਦੇ ਸਮੇਂ ਉਨ੍ਹਾਂ ਦੇਖਿਆ ਕਿ ਸਰਕਾਰੀ ਮਾਮਲਾ ਉਗਰਾਹੁਣ ਅਤੇ ਲੰਬੜਦਾਰਾਂ ਦਾ 2 ਫੀਸਦੀ ਕਮਿਸ਼ਨ, ਇਨ੍ਹਾਂ ਉਪਰ ਪਟਵਾਰੀ, ਨਾਇਬ ਤਹਿਸੀਲਦਾਰ ਰੱਖਣ ਦਾ ਖਰਚਾ ਵੱਧ ਹੈ ਤਾਂ ਸਰਕਾਰ ਨੇ ਜਮੀਨ ਦਾ ਸਰਕਾਰੀ ਮਾਮਲਾ ਹੀ ਮੁਆਫ ਕਰ ਦਿੱਤਾ। ਅੱਜ ਕੱਲ੍ਹ ਲੰਬੜਦਾਰ ਬੇਤਾਜ ਬਾਦਸ਼ਾਹ ਹਨ। ਇਨ੍ਹਾਂ ਦੇ ਸਭ ਅਧਿਕਾਰ ਸਰਪੰਚਾਂ ਪਾਸ ਆ ਗਏ ਹਨ।
ਸਫੈਦਪੋਸ਼
ਪਿੰਡ ਦੇ ਨੰਬਰਦਾਰਾਂ ਵਿਚੋਂ ਜੋ ਸਰਕਾਰੀ ਅਫਸਰਾਂ, ਤਹਿਸੀਲਦਾਰਾਂ, ਪਟਵਾਰੀਆਂ, ਥਾਣੇਦਾਰਾਂ ਆਦਿ ਨਾਲ ਵੱਧ ਸਹਿਯੋਗ, ਭਾਵ ਚਾਪਲੂਸੀ ਕਰੇ, ਉਸ ਨੂੰ ਸਫੈਦਪੋਸ਼ ਬਣਾ ਦਿੱਤਾ ਜਾਂਦਾ। ਉਂਜ, ਇਹ ਰੁਤਬਾ ਐਵੇਂ ਨਾਮ ਦਾ ਹੀ ਸੀ।