ਫਕੀਰ ਇਪੀ

ਗੁਰਚਰਨ ਸਿੰਘ ਸਹਿੰਸਰਾ ਦੀ ਚਰਚਿਤ ਕਿਤਾਬ ‘ਡਿਠੇ ਸੁਣੇ ਪਠਾਣ’, ਜਿਸ ਵਿਚੋਂ ਇਹ ਲੇਖ ‘ਫਕੀਰ ਇਪੀ’ ਇਥੇ ਦਿੱਤਾ ਜਾ ਰਿਹਾ ਹੈ, ਦਾ ਨਵਾਂ ਐਡੀਸ਼ਨ ਲੋਕਗੀਤ ਪ੍ਰਕਾਸ਼ਨ (ਮੁਹਾਲੀ) ਨੇ ਛਾਪਿਆ ਹੈ। ਇਹ ਕਿਤਾਬ ਪਹਿਲਾਂ-ਪਹਿਲ 1980ਵਿਆਂ ਵਿਚ ਛਪ ਕੇ ਆਈ ਸੀ। ਦੇਸ਼ ਭਗਤ ਯਾਦਗਾਰ ਹਾਲ (ਜਲੰਧਰ) ਦੇ ਪਿਛਵਾੜੇ ਭਾਈ ਰਤਨ ਸਿੰਘ ਟਰੱਸਟ ਦਾ ਦਫਤਰ ਹੈ, ਜਿਥੇ ਗੁਰਚਰਨ ਸਿੰਘ ਸਹਿੰਸਰਾ ਦਾ ਸਾਥੀ ਕਾਮਰੇਡ ਮੋਹਣ ਸਿੰਘ ਜੌਹਲ ਹੁੰਦਾ ਸੀ। ਉਨ੍ਹਾਂ ਕੋਲ ਬਹੁਤ ਸਾਰੀਆਂ ਕਿਤਾਬਾਂ ਸਨ। ਇਕ ਦਿਨ ਉਹ ਪੂਰਨ ਸਿੰਘ ਫੁੱਲ ਕੋਲੋਂ ਉਨ੍ਹਾਂ ਬੰਦਿਆਂ ਦੇ ਨਾਂ ਪਤੇ ਲਿਖਵਾ ਰਹੇ ਸਨ, ਜਿਨ੍ਹਾਂ ਨੂੰ ਕਿਤਾਬਾਂ ਦੇਣੀਆਂ ਸਨ। ਮੈਂ ਕੁਝ ਕਿਤਾਬਾਂ ਖਰੀਦਣ ਦੀ ਗੱਲ ਕੀਤੀ, ਮੁੱਲ ਸ਼ਾਇਦ 50 ਰੁਪਏ (ਪੱਕਾ ਯਾਦ ਨਹੀਂ) ਸੀ। ਮੈਂ ਮੁੱਲ ਕੁਝ ਵਧੇਰੇ ਹੀ ਦੱਸਿਆ ਤਾਂ ਪੂਰਨ ਸਿੰਘ ਫੁੱਲ ਕਹਿਣ ਲੱਗਾ, ‘ਕੱਢ 5 ਰੁਪਏ। ਤੂੰ ਮੁੱਲ ਹੀ ਸੁਣੇ ਆ, ਬਾਬਿਆਂ ਦੀਆਂ ਛੋਟਾਂ ਨਹੀਂ ਦੇਖੀਆਂ।’

ਜੌਹਲ ਸਾਹਿਬ ਨੇ ਆਪਣੇ ਨਾਲੇ ਨਾਲੋਂ ਚਾਬੀਆਂ ਦਾ ਗੁੱਛਾ ਖੋਲ੍ਹਿਆ ਤੇ ਅਲਮਾਰੀ ਵਿਚੋਂ ਦੋ ਕਿਤਾਬਾਂ-‘ਆਬ ਤੇ ਖੂਨ’ (ਕਵਿਤਾ-ਮਾਸਟਰ ਦਰਸ਼ਨ ਸਿੰਘ) ਅਤੇ ‘ਡਿੱਠੇ ਸੁਣੇ ਪਠਾਣ’ ਮੇਰੇ ਹੱਥ ਚਾ ਫੜਾਈਆਂ। -ਕਸ਼ਮੀਰ ਸਿੰਘ ਕਾਂਗਣਾ, ਬੇਕਰਜ਼ਫੀਲਡ, ਫੋਨ: 661-331-5651

ਗੁਰਚਰਨ ਸਿੰਘ ਸਹਿੰਸਰਾ

ਉਂਜ ਤਾਂ ਅਸੀਂ ਫਕੀਰ ਇਪੀ ਨੂੰ ਮਿਲ ਕੇ ਉਸ ਦੇ ਅੰਗਰੇਜ਼ੀ ਹਕੂਮਤ ਨਾਲ ਲਾਏ ਹੋਏ ਹਥਿਆਰਬੰਦ ਅਖਾੜੇ ਨੂੰ ਜਾਚਣ ਅਤੇ ਸਮਝਣ ਲਈ ਚਿਰਾਂ ਤੋਂ ਸਲਾਹ ਕਰ ਰਹੇ ਸਾਂ, ਪਰ ਕੌਮੀ ਆਜ਼ਾਦੀ ਦੀ ਲਹਿਰ ਦੀ ਨੁਹਾਰ, ਜਿਸ ਦੇ ਅਸੀਂ ਇਨਕਲਾਬੀ ਅੰਗ ਸਾਂ, ਤੇ ਇਸ ਦੇ ਤਾਅ ਦੀ ਨੀਵੀਂ ਪੱਧਰ ਅਤੇ ਆਪਣੇ ਕੰਮ ਤੇ ਪਿੜ ਦੀ ਸੌੜ੍ਹ ਨੇ ਸਾਨੂੰ ਮੌਕਾ ਹੀ ਨਾ ਦਿੱਤਾ ਕਿ ਹੋਰ ਕੰਮ ਛੱਡ ਕੇ ਇਸ ਪਾਸੇ ਉਚੇਚਾ ਧਿਆਨ ਦੇਈਏ; ਫਿਰ ਵੀ ਜੰਗ ਦੀਆਂ ਹਾਲਤਾਂ ਕਾਰਨ ਦੇਸ਼ ਦੀ ਕੌਮੀ ਲਹਿਰ ਵਿਚ ਆਏ ਜਨਤਕ ਉਭਾਰ, ਇਸ ਦੀ ਅੰਗਰੇਜ਼ੀ ਹਕੂਮਤ ਨਾਲ ਟੱਕਰ ਲੈਣ ਦੀ ਸੰਭਾਵਨਾ ਤੇ ਜਰਮਨਾਂ ਨਾਲ ਜੁੜੇ ਜੋੜ ਤੋਂ ਪੈਦਾ ਹੋਈ ਲੋੜ ਨੂੰ ਮੁੱਖ ਰੱਖ ਕੇ ਸਾਡੇ ਲਈ ਜ਼ਰੂਰੀ ਹੋ ਗਿਆ ਕਿ ਵਜ਼ੀਰਸਤਾਨ ਜਾ ਕੇ ਉਸ ਨੂੰ ਮਿਲਿਆ ਸਮਝਿਆ ਅਤੇ ਆਪਣੇ ਕੰਮ ਦੀ ਸਹਾਇਤਾ ਲਈ ਤਿਆਰ ਕੀਤਾ ਜਾਏ।
ਅਸੀਂ ਉਸ ਨਾਲ ਰਾਜਸੀ ਗਾਂਢਾ ਲਾਉਣ ਤੋਂ ਪਹਿਲਾਂ ਉਸ ਦਾ ਰਾਜਸੀ ਨਿਸ਼ਾਨਾ, ਕੰਮਕਾਰ ਦਾ ਢਾਂਚਾ, ਇਸ ਪਿਛੇ ਲੁਕਿਆ ਉਸ ਦਾ ਮੁੱਖ ਮੰਤਵ ਤੇ ਇਸ ਦੀ ਪ੍ਰਾਪਤੀ ਲਈ ਉਸ ਦੇ ਤੌਰ-ਤਰੀਕੇ ਜਾਣਨਾ ਚਾਹੁੰਦੇ ਸਾਂ ਤੇ ਜੇ ਉਹ ਸਾਨੂੰ ਕੁਝ ਵੀ ਰਾਸ ਆ ਜਾਣ ਤਾਂ ਉਸ ਨਾਲ ਪਰਸਪਰ ਸਹਾਇਤਾ ਦੀ ਬਿਨਾ ਉਤੇ ਇਹੋ ਜਿਹਾ ਬੰਦੋਬਸਤ ਕਰਨਾ ਲੋਚਦੇ ਸਾਂ, ਜਿਸ ਨਾਲ ਪੰਜਾਬ ਦੀ ਬਿਨਾ ਉਤੇ ਇਨਕਲਾਬੀ ਵਰਕਰ ਭੇਜ ਕੇ ਰਫਲਾਂ ਚਲਾਉਣ, ਬਣਾਉਣ ਤੇ ਗੁਰੀਲਾ ਢੰਗ ਦੀ ਲੜਾਈ ਲੜਨ ਦੀ ਜਾਚ ਸਿਖਾ ਲਈ ਜਾਵੇ ਤੇ ਜੇ ਅੰਗਰੇਜ਼ੀ ਰਾਜ ਨੂੰ ਉਲਟਾਉਣ ਲਈ ਸਾਨੂੰ ਕੋਈ ਲੜਾਈ ਵਿੱਢਣੀ ਪੈ ਜਾਵੇ ਤਾਂ ਉਥੋਂ ਰਫਲਾਂ, ਪਿਸਤੌਲ ਆਦਿ ਹਾਸਲ ਕੀਤੇ ਜਾ ਸਕਣ। ਇਸ ਦੇ ਬਦਲੇ ਵਿਚ ਅਸੀਂ ਉਸ ਦੇ ਬੰਦਿਆਂ ਨੂੰ ਜਥੇਬੰਦੀ ਤੇ ਪ੍ਰਾਪੇਗੰਡਾ ਕਰਨ ਤੇ ਸਾਈਕਲੋ ਨਾਲ ਛਪਾਈ ਕਰਨ ਦਾ ਕੰਮ ਦੱਸਣਾ ਸੀ।
ਸਾਡੀ ਪਾਰਟੀ ਨੇ ਇਹੋ ਜਿਹਾ ਇਕ ਜੋੜ 1932-33 ਵਿਚ ਮਹਿਮੰਦਾਂ ਦੇ ਲੀਡਰ ਹਾਜੀ ਤੁਰੰਗਜ਼ਈ ਨਾਲ ਜੋੜਿਆ ਸੀ, ਜਦੋਂ ਅੰਗਰੇਜ਼ਾਂ ਨੇ ਆਜ਼ਾਦ ਕਬੀਲਿਆਂ ਨੂੰ ਏਜੰਸੀ ਵਿਚ ਲੈਣ ਲਈ ਮਹਿਮੰਦਾਂ ਉਤੇ ਚੜ੍ਹਾਈ ਕੀਤੀ ਹੋਈ ਸੀ। ਤੇ ਮਹਿਮੰਦ ਕਬੀਲੇ ਦੇ ਲੋਕ ਹਾਜੀ ਤੁਰੰਗਜ਼ਈ ਦੀ ਕਮਾਨ ਹੇਠ ਇਕੱਠੇ ਹੋ ਕੇ ਆਪਣੀ ਆਜ਼ਾਦੀ ਬਚਾਉਣ ਲਈ ਅੰਗਰੇਜ਼ੀ ਫੌਜਾਂ ਵਿਰੁਧ ਹਥਿਆਰੀਂ ਲੜ ਰਹੇ ਸਨ। ਉਦੋਂ ਸਨੌਬਰ ਖਾਂ, ਸੈਦ ਅਮੀਰ, ਗੁਲਾਮ ਮੁਰਤਜ਼ਾ ਤੇ ਸ਼ਾਹਜ਼ਾਦ ਖਾਂ ਸੂਬਾ ਸਰਹੱਦ ਵਿਚੋਂ ਤੇ ਦਲੀਪ ਸਿੰਘ ਜੌਹਲ ਤੇ ਮੁਹੱਬਤ ਸਿੰਘ ਪੰਜਾਬ ਕੋਟ ਸੌਂਧਾ ਪੰਜਾਬ ਵਿਚੋਂ ਉਥੇ ਭੇਜੇ ਗਏ ਸਨ। ਇਨ੍ਹਾਂ ਨੇ ਛੋਟੇ ਹਥਿਆਰ ਚਲਾਉਣੇ ਸਿੱਖੇ ਤੇ ਗੰਧਾਉ ਦੀ ਮਸ਼ਹੂਰ ਲੜਾਈ ਵਿਚ ਹਿੱਸਾ ਲਿਆ। ਇਨ੍ਹਾਂ ਵਿਚੋਂ ਸ਼ਾਹਜ਼ਾਦ ਖਾਂ ਉਸ ਲੜਾਈ ਵਿਚ ਸ਼ਹੀਦ ਹੋ ਗਿਆ। ਸਾਡੇ ਕਾਮਰੇਡ ਸਾਈਕਲੋ ਮਸ਼ੀਨ ਉਤੇ ਪਰਚੇ ਛਾਪ-ਛਾਪ ਮਹਿਮੰਦਾਂ ਤੇ ਨਾਲ ਲਗਦੇ ਸ਼ਿਨਵਾਰੀ ਤੇ ਉਤਮਾਨਜ਼ਈ ਪਠਾਣਾਂ ਵਿਚ ਵੰਡਣ ਲਈ ਦਿੰਦੇ ਰਹੇ। ਇਨ੍ਹਾਂ ਪਰਚਿਆਂ ਦੇ ਪ੍ਰਾਪੇਗੰਡੇ ਨਾਲ ਗੰਧਾਉ ਦੀ ਲੜਾਈ ਵਿਚ ਬੜਾ ਮੁਲਖੱਈਆ ਇਕੱਠਾ ਹੋ ਗਿਆ।
ਹੁਣ? ਇਹ ਤਾਂ ਸਾਡਾ ਹਥਿਆਰ ਚਲਾਉਣ ਤੇ ਗੁਰੀਲਾ ਢੰਗ ਦੀ ਲੜਾਈ ਸਿਖਣ ਦਾ ਕੰਮ ਸੀ।
ਦੂਸਰੇ, ਕਾਬਲ ਤੋਂ ਸਾਨੂੰ ਪਤਾ ਲੱਗਾ ਕਿ ਉਥੋਂ ਦਾ ਫਾਸਿਸਟਾਂ ਦਾ ਦੂਤਾਵਾਸ ਰੁਪਏ ਪੈਸੇ ਅਤੇ ਹਥਿਆਰ ਪੱਤੇ ਨਾਲ ਫਕੀਰ ਦੀ ਸਹਾਇਤਾ ਕਰ ਰਿਹਾ ਸੀ। ਅਸੀਂ ਇਹ ਜਾਣਨਾ ਚਾਹੁੰਦੇ ਸਾਂ ਕਿ ਫਾਸਿਸਟਾਂ ਦਾ ਇਨ੍ਹਾਂ ਸਰਹੱਦੀ ਛੇੜਖਾਨੀਆਂ ਵਿਚ ਕਿੰਨਾ ਕੁ ਹੱਥ ਸੀ ਤੇ ਇਹ ਛੇੜਖਾਨੀਆਂ ਜਰਮਨਾਂ ਦੇ ਹਿੰਦ ਉਤੇ ਹਮਲਾ ਕਰਨ ਦਾ ਰਾਹ ਤਾਂ ਨਹੀਂ ਬਣਾ ਰਹੀਆਂ। ਅਸੀਂ ਇਹ ਵੀ ਪਤਾ ਕਰਨਾ ਚਾਹੁੰਦੇ ਸਾਂ ਕਿ ਫਕੀਰ ਨਾਲ ਫਾਸਿਸਟਾਂ ਦਾ ਪਿਆ ਪੰਜਾ ਜੇ ਉਹ ਹਿੰਦ ਦੀ ਆਜ਼ਾਦੀ ਲਈ ਖਤਰਨਾਕ ਦਿਸੇ ਤਾਂ ਕਿਸ ਤਰ੍ਹਾਂ ਹਟਾਇਆ ਜਾ ਸਕਦਾ ਸੀ।
ਤੀਸਰੇ, ਇਟਾਲੀਅਨ ਦੂਤਾਵਾਸ ਵਲੋਂ ਵੀ ਸਾਨੂੰ ਆਖਿਆ ਗਿਆ ਸੀ ਕਿ ਫਕੀਰ ਉਨ੍ਹਾਂ ਤੋਂ ਲਈ ਸਹਾਇਤਾ ਅਨੂਕੁਲ ਆਪਣੀਆਂ ਸਰਗਰਮੀਆਂ ਨਹੀਂ ਫੈਲਾ ਰਿਹਾ, ਇਸ ਲਈ ਉਥੇ ਜਾ ਕੇ ਇਸ ਦੇ ਕਾਰਨਾਂ ਦਾ ਪਤਾ ਕੀਤਾ ਜਾਵੇ।
ਚੌਥਾ ਅਸੀਂ ਚਾਹੁੰਦੇ ਸਾਂ ਕਿ ਫਕੀਰ ਦਾ ਫਾਸਿਸਟਾਂ ਨਾਲੋਂ ਸਿੱਧਾ ਨਾਤਾ ਤੁੜਵਾ ਲਈਏ ਤੇ ਆਪਣੇ ਰਾਹੀਂ ਜੋੜ ਲਈਏ ਤਾਂ ਜੋ ਉਸ ਦੀਆਂ ਸਰਗਰਮੀਆਂ ਸਾਡੀ ਕੌਮੀ ਲਹਿਰ ਦੀਆਂ ਸਹਾਇਕ ਬਣਨ, ਨਾ ਕਿ ਹਿੰਦ ਦੀ ਆਜ਼ਾਦੀ ਖੋਹ ਲੈਣ ਲਈ ਕੀਤੇ ਜਾਣ ਵਾਲੇ ਫਾਸਿਸਟਾਂ ਦੇ ਹਮਲੇ ਦਾ ਰਾਹ ਸਾਫ ਕਰਦੀਆਂ ਰਹਿਣ। ਅਸੀਂ ਇਸ ਲਈ ਇਹ ਦਾਅ ਲਾਉਣਾ ਚਾਹੁੰਦੇ ਸਾਂ ਕਿ ਸਹਾਇਤਾ ਦੇ ਕੰਮ ਨੂੰ ਫਾਸਿਸਟਾਂ ਵਲੋਂ ਆਪਣੇ ਹੱਥ ਵਿਚ ਲੈ ਲਈਏ ਤੇ ਫਕੀਰ ਨੂੰ ਮਨਾਇਆ ਜਾਏ ਕਿ ਫਾਸਿਸਟਾਂ ਵਲੋਂ ਦਿਤੀ ਜਾਣ ਵਾਲੀ ਸਹਾਇਤਾ ਸਾਡੇ ਰਾਹੀਂ ਉਸ ਨੂੰ ਜਾਇਆ ਕਰੇ। ਫਾਸਿਸਟ ਵੀ ਇਹੀ ਚਾਹੁੰਦੇ ਸਨ। ਉਹ ਅੰਗਰੇਜ਼ੀ ਚੌਕਸੀ ਤੋਂ ਬਚਣ ਲਈ ਇਹ ਚੰਗਾ ਸਮਝਦੇ ਸਨ ਕਿ ਅਸੀਂ ਉਨ੍ਹਾਂ ਤੋਂ ਸਹਾਇਤਾ ਲਿਜਾ ਕੇ ਫਕੀਰ ਨੂੰ ਦਿਆ ਕਰੀਏ ਪਰ ਇਸ ਲਈ ਫਕੀਰ ਦੀ ਮਨਜ਼ੂਰੀ ਲੈਣੀ ਜ਼ਰੂਰੀ ਸੀ।
ਇਨ੍ਹਾਂ ਕਾਰਨਾਂ ਨੇ ਮੇਰਾ ਫਕੀਰ ਪਾਸ ਜਾਣਾ ਜ਼ਰੂਰੀ ਬਣਾ ਦਿੱਤਾ। ਮੈਂ ਆਪਣੀ ਪਾਰਟੀ ਵਲੋਂ ਗੁਲਜ਼ਾਰ ਸ਼ਾਹ, ਪਿੰਡ ਹਡਿਆਲਾ, ਜ਼ਿਲ੍ਹਾ ਲਾਹੌਰ ਦੇ ਝੂਠ-ਮੂਠ ਨਾਂ ਤੇ ਪਤੇ ਉਤੇ ਫਕੀਰ ਇਪੀ ਨੂੰ ਮਿਲਣ ਵਾਸਤੇ ਚਿੱਠੀ ਲਿਖੀ, ਜਿਸ ਨੂੰ ਸਰਹੱਦ ਵਿਚ ਸਾਡੀ ਪਾਰਟੀ ਦੇ ਲੀਡਰ ਕਾਕਾ ਖੁਸ਼ਹਾਲ ਖਾਂ ਖੱਟਕ (ਪਠਾਣਾਂ ਵਿਚ ਚਾਚੇ ਨੂੰ ਕਾਕਾ ਆਖਿਆ ਜਾਂਦਾ ਹੈ) ਨੇ ਆਪਣੇ ਕਿਸੇ ਬੰਦੇ ਰਾਹੀਂ ਉਸ ਪਾਸ ਪਹੁੰਚਾ ਦਿੱਤੀ। ਪੰਦਰਾਂ-ਸੋਲਾਂ ਦਿਨਾਂ ਬਾਅਦ ਫਕੀਰ ਦਾ ਜਵਾਬ ਆ ਗਿਆ ਤੇ ਉਸ ਨੇ ਸਾਨੂੰ ਸੱਦ ਲਿਆ।
ਕਾਕੇ ਦਾ ਸੁਨੇਹਾ ਆਉਣ ਉਤੇ ਮੈਂ ਅਤੇ ਕਾਕਾ ਅਗਲੇ ਦਿਨ ਰਾਤ ਬੰਨੂ ਜਾ ਰਹੇ। ਕਾਕਾ ਬਦਰਕੇ (ਓਪਰਿਆਂ ਤੇ ਪਰਦੇਸੀਆਂ ਨੂੰ ਆਜ਼ਾਦ ਇਲਾਕਿਆਂ ਵਿਚ ਲੈ ਕੇ ਫਿਰਨ ਤੇ ਦੁਸ਼ਮਣਾਂ ਨੂੰ ਆਪਸ ਵਿਚ ਗੱਲਬਾਤ ਕਰਵਾਉਣ ਵਾਲਾ ਜ਼ਿੰਮੇਵਾਰ ਜ਼ਾਮਨ ਬੰਦਾ; ਪਠਾਣਾਂ ਵਿਚ ਬਦਰਕੇ ਦੇ ਨਾਲ ਹੁੰਦਿਆਂ ਆਜ਼ਾਦ ਇਲਾਕੇ ਵਿਚ ਕਿਧਰੇ ਫਿਰਿਆ ਜਾਏ ਜਾਂ ਕਿੰਨੇ ਵੀ ਕੌੜੇ ਦੁਸ਼ਮਣਾਂ ਨੂੰ ਆਪਸ ਵਿਚ ਮਿਲਾ ਦਿਤਾ ਜਾਏ ਤਾਂ ਕੋਈ ਹੱਥ ਨਹੀਂ ਪਾਉਂਦਾ) ਦੀ ਭਾਲ ਕਰਨ ਲੱਗ ਪਿਆ, ਜੋ ਅਗਲੇ ਦਿਨ ਲੱਭਾ। ਬਦਰਕਾ ਹੱਡਾਂ-ਪੈਰਾਂ ਦਾ ਵਾਹਵਾ ਖੁੱਲ੍ਹਾ, ਗੱਲ੍ਹਾਂ ਤੇ ਠੋਡੀ ਉਤੇ ਆਈ ਦੋ-ਦੋ ਉਂਗਲਾਂ ਕੱਟੀ ਦਾਹੜੀ ਵਾਲਾ, ਕੱਦ-ਕਾਠ ਦਾ ਚੰਗਾ ਸੋਹਣਾ ਤੇ ਨਰੋਆ ਜਵਾਨ, ਬਹਾਦਰ ਖੇਲ ਦਾ ਹੀ ਰਹਿਣ ਵਾਲਾ ਸੀ ਤੇ ਉਹ ਸਾਡੀ ਚਿੱਠੀ ਲੈ ਕੇ ਫਕੀਰ ਕੋਲ ਗਿਆ ਤੇ ਉਥੋਂ ਉਸ ਦਾ ਜਵਾਬ ਲਿਆਇਆ ਸੀ।
ਅਸੀਂ ਉਸੇ ਦਿਨ ਦੁਪਹਿਰ ਢਲੀ ਲਾਰੀ ‘ਤੇ ਬੈਠ ਕੇ ਬੰਨੂ ਤੋਂ ਲਹਿੰਦੇ ਨੂੰ ਦਰਿਆ ਟੋਚੀ ਦੇ ਕੰਢੇ-ਕੰਢੇ ਜਾ ਰਹੀ ਸੜਕੇ ਵਜ਼ੀਰੀਆਂ ਦੇ ਗੜ੍ਹ ਮੀਰਮ ਸ਼ਾਹ ਪਹੁੰਚ ਗਏ ਤੇ ਰਾਤ ਉਸ ਦੇ ਲਾਗੇ ਇਕ ਪਿੰਡ ਵਿਚ ਜਾ ਕੱਟੀ। ਦਿਨੇ ਉਥੇ ਚਾਹ ਪਾਣੀ ਪੀ ਕੇ ਮੀਰਮ ਸ਼ਾਹ ਮੁੜ ਆਏ ਤੇ ਉਥੋਂ ਲਹੁਢੇ ਵੇਲੇ ਫੇਰ ਲਾਰੀ ਵਿਚ ਬੈਠ ਕੇ ਰਾਤ ਨੂੰ ਵੀਹ ਪੰਝੀ ਮੀਲ ਦੂਰ ਇਕ ਹੋਰ ਪਿੰਡ ਵਿਚ ਜਾ ਟਿਕੇ। ਇਸ ਤੋਂ ਅੱਗੇ ਰਾਹ ਵਿਚ ਇਕ ਰਾਤ ਹੋਰ ਲੱਗ ਗਈ। ਇਸ ਤਰ੍ਹਾਂ ਅਸੀਂ ਪੜਾਓ-ਪੜਾਈ ਪੰਜ ਦਿਨ ਤੇ ਚਾਰ ਰਾਤਾਂ ਰਸਤੇ ਵਿਚ ਹੀ ਲੰਘਾ ਲਈਆਂ ਤੇ ਪੰਜਵੀਂ ਸ਼ਾਮ ਨੂੰ ਅਫਗਾਨਿਸਤਾਨ ਦੀ ਹੱਦ ਲਾਗੇ ਗੁਰਵੇਜ਼ ਨਾਂ ਦੇ ਫਕੀਰ ਦੇ ਡੇਰੇ ਪਹੁੰਚ ਗਏ।
ਬੰਨੂ ਤੋਂ ਲੈ ਕੇ ਗੁਰਵੇਜ਼ ਤਕ ਸਾਰਾ ਰਾਹ ਦਰਿਆ ਟੋਚੀ ਦੇ ਕੰਢੇ-ਕੰਢੇ ਹੀ ਗਿਆ ਤੇ ਫਕੀਰ ਦਾ ਡੇਰਾ ਦੁੰਹ ਖੱਡਾਂ ਦੇ ਚੌੜੇ ਸਾਰੇ ਦੁਸਾਂਘੇ ਵਿਚ ਸੀ। ਉਥੇ ਕੜਾ-ਕੋਠਾ ਕੋਈ ਨਹੀਂ ਸੀ। ਖੱਡਾਂ ਦੀਆਂ ਵੱਖੀਆਂ ਖਰੋਚ-ਖਰੋਚ ਕੇ ਬੰਦਿਆਂ ਦੇ ਰਹਿਣ ਬਹਿਣ ਤੇ ਕੰਮ ਕਾਰ ਕਰਨ ਲਈ ਤਕੜੇ ਕਮਰਿਆਂ ਜਿਡੇ ਘੋਰਨੇ ਪੁੱਟੇ ਹੋਏ ਸਨ। ਇਕ ਮਾੜਚੂ ਜਿਹੇ ਸਠਿਆਏ ਹੋਏ ਬਿਰਧ ਤੇ ਦੋ ਗੱਭਰੂ ਬੰਦਿਆਂ ਨੇ ਸਾਡਾ ਸਵਾਗਤ ਕੀਤਾ। ਸਲਾਮ ਦੁਆ ਤੇ ਖੈਰ-ਖੈਰੀਅਤ ਹੋ ਜਾਣ ਤੋਂ ਬਾਅਦ ਉਹ ਸਾਨੂੰ ਖੱਡ ਦੀ ਵੀਹ ਕੁ ਕਦਮ ਚੜ੍ਹਾਈ ਚੜ੍ਹਾ ਕੇ ਇਕ ਘੋਰਨੇ ਵਿਚ ਲੈ ਵੜੇ। ਇਹ ਬੰਦਿਆਂ ਦੇ ਸਿਰ ਤੋਂ ਗਿਠ ਕੁ ਉੱਚਾ ਵਾਹਵਾ ਖੁਲ੍ਹਾ ਚੌਰਸ ਘੋਰਨਾ ਸੀ, ਜੋ ਫਕੀਰ ਦੀ ਸੰਸਥਾ ਦਾ ਦਫਤਰ ਸੀ। ਅੰਦਰ ਮੇਜ਼ ਕੁਰਸੀ ਰੱਖੇ ਹੋਏ ਸਨ। ਮੇਜ਼ ਉਤੇ ਇਕ ਟਾਈਪ ਰਾਇਟਰ ਪਿਆ ਸੀ ਤੇ ਇਕ ਨੁਕਰੇ ਹੋਰ ਸਮਾਨ ਨਾਲ ਸਾਇਕਲੋ ਮਸ਼ੀਨ ਰਖੀ ਹੋਈ ਸੀ।
ਅਸੀਂ ਛਈਏ ਚਪਲੀਆਂ ਲਾਹ ਕੇ ਭੁੰਜੇ ਵਿਛੇ ਗਲੀਚੇ ‘ਤੇ ਬੈਠ ਗਏ। 1942 ਦਾ ਸਤੰਬਰ ਸੀ। ਰੋਜ਼ੇ ਸਾਨੂੰ ਰਾਹ ਵਿਚ ਉਤਰ ਆਏ ਸੀ। ਚਾਹ ਪਾਣੀ ਦੀ ਸੁਲਾਹ ਮਾਰਨ ਜਾਂ ਆਪ ਮੂੰਹੋਂ ਮੰਗ ਲੈਣ ਦਾ ਸਵਾਲ ਹੀ ਪੈਦਾ ਨਹੀਂ ਸੀ ਹੋਇਆ। ਇਸ ਲਈ ਨਿਰਨੇ ਕਾਲਜੇ ਤੇ ਭੁੱਖੇ-ਭਾਣੇ ਹੀ ਪੁੱਛ-ਪਛਾਅ ਸ਼ੁਰੂ ਹੋ ਗਿਆ।
ਬਿਰਧ ਨੇ ਬੜੀ ਗੰਭੀਰਤਾ ਧਾਰ ਕੇ ਜ਼ਰਾ ਰੋਹਬ-ਦਾਬ ਨਾਲ ਮੇਰਾ ਨਾਂ-ਪਤਾ, ਪਿਉ-ਦਾਦਾ, ਜਾਤ-ਗੋਤ, ਪਿੰਡ ਪੀਹੜ ਤੇ ਕੰਮਕਾਰ ਪੁਛਿਆ ਤੇ ਪੁਲਿਸ ਵਾਲਿਆਂ ਵਾਂਗ ਬੜੇ ਖਰ੍ਹਵੇਂ ਬੋਲਾਂ ਵਿਚ ਸਵਾਲ ਕੀਤੇ, ਜਿਨ੍ਹਾਂ ਦਾ ਮੈਂ ਫਕੀਰ ਨੂੰ ਲਿਖੀ ਹੋਈ ਆਪਣੀ ਚਿੱਠੀ ਦੀ ਲਿਖਤ ਅਨੁਸਾਰ ਫਟਾ-ਫਟ ਜਵਾਬ ਦੇਈ ਗਿਆ। ਉਪਰੰਤ ਉਸ ਨੇ ਉਠ ਕੇ ਪਿਛਾਂਹ ਕੰਧ ਨਾਲ ਪਿਆ ਇਕ ਟੀਨ ਦਾ ਟਰੰਕ ਖੋਲ੍ਹਿਆ ਤੇ ਇਸ ਵਿਚੋਂ ਇਕ ਮਿਸਲ ਕੱਢੀ ਜਿਸ ਨੂੰ ਅੱਡ ਕੇ ਉਸ ਨੇ ਉਰਦੂ ਲਿਖਿਆ ਹੋਇਆ ਕਾਗਜ਼ ਖਿਚਿਆ ਤੇ ਮੇਰੇ ਅੱਗੇ ਰੱਖ ਦਿੱਤਾ। ਮੈਂ ਤੁਰੰਤ ਪਛਾਣ ਲਿਆ। ਇਹ ਮੇਰੀ ਫਕੀਰ ਇਪੀ ਨੂੰ ਲਿਖ ਕੇ ਭੇਜੀ ਹੋਈ ਚਿੱਠੀ ਸੀ। ਮੈਨੂੰ ਵਿਖਾ ਕੇ ਉਸ ਨੇ ਚਿੱਠੀ ਵਾਪਸ ਲੈ ਲਈ ਤੇ ਇਕ ਸਾਦੇ ਕਾਗਜ਼ ਉਤੇ ਮੇਰਾ ਉਰਦੂ ਵਿਚ ਨਾਂ ਲਿਖਵਾਇਆ, ਮੈਂ ਮੁੜ ਗੁਲਜ਼ਾਰ ਸ਼ਾਹ ਲਿਖ ਦਿੱਤਾ। ਉਸ ਨੇ ਇਸ ਨਵੀਂ ਲਿਖਤ ਦੀ ਉਲੀਕ ਨੂੰ ਪੁਰਾਣੀ ਲਿਖਤ ਦੀ ਉਲੀਕ ਨਾਲ ਮਿਲਾ ਕੇ ਵੇਖਿਆ। ਵਿੰਹਦੇ-ਵਿੰਹਦੇ ਉਸ ਦੀਆਂ ਬੁਢਾਪੇ ਕਾਰਨ ਮੱਥੇ ਉਤੇ ਪਈਆਂ ਤਿਉੜੀਆਂ ਹੋਰ ਉਭਰ ਆਈਆਂ।
ਮੈਂ ਡਰਿਆ ਪਰ ਉਸ ਦੀ ਤਸੱਲੀ ਹੋ ਗਈ ਜਾਪਦੀ ਸੀ ਕਿਉਂਕਿ ਝਬਦੇ ਹੀ ਉਸ ਦੀਆਂ ਤਿਉੜੀਆਂ ਫੱਟ ਪਹਿਲੀ ਥਾਂ ‘ਤੇ ਮੁੜ ਆਈਆਂ ਸਨ। ਉਸ ਦੀ ਗੰਭੀਰਤਾ ਟੁੱਟੀ ਤੇ ਚਿਹਰਾ ਚਮਕ ਪਿਆ।
ਮੈਂ ਆਪਣੇ ਆਪ ਨੂੰ ਪਾਸ ਹੋਇਆ ਸਮਝਿਆ। ਰੋਜ਼ਾ ਖੁੱਲ੍ਹਣ ਦਾ ਵੇਲਾ ਹੋ ਗਿਆ। ਬਿਰਧ ਨੇ ਰੋਜ਼ਾ ਖੋਲ੍ਹਣ ਵਾਸਤੇ ਸਾਨੂੰ ਇਕ-ਇਕ ਖਜੂਰ ਦਿਤੀ, ਜਿਸ ਨਾਲ ਅਸੀਂ ਛਿਆਂ ਨੇ ਰੋਜ਼ਾ ਖੋਲ੍ਹਿਆ ਤੇ ਨਮਾਜ਼ ਪੜ੍ਹੀ। ਨਮਾਜ਼ ਤੋਂ ਬਾਅਦ ਰੋਟੀ ਪਾਣੀ ਛਕਿਆ ਤੇ ਮੁੜ ਬਚਨ ਬਿਲਾਸ ਸ਼ੁਰੂ ਹੋਇਆ।
ਹੁਣ ਮੇਰੀ ਵਾਰੀ ਸੀ। ਮੈਂ ਆਪਣੀ ਤਸੱਲੀ ਲਈ ਉਸ ਨੂੰ ਪੁੱਛਣਾ ਪੁਛਾਉਣਾ ਅਰੰਭ ਕੀਤਾ। ਬਿਰਧ ਨੇ ਆਪਣੀ ਲੁੱਟਮਾਰ ਤੇ ਹਮਲਿਆਂ ਦੇ ਮੰਤਵ ਤੇ ਇਸ ਦੇ ਸਾਰੇ ਕਰਮ-ਕਾਂਡ ਵਿਸਥਾਰ ਨਾਲ ਦੱਸੇ। ਉਸ ਨਾਲ ਹੋਈਆਂ ਗੱਲਾਂ ਤੋਂ ਮੇਰਾ ਐਨੀ ਲੰਮੀ ਵਾਟ ਦੀਆਂ ਝਾਲਾਂ ਝੱਲ ਕੇ ਉਥੇ ਜਾਣਾ ਸਭ ਨਿਸਫਲ ਗਿਆ ਦੇਖ ਸ਼ੇਖ ਚਿੱਲੀ ਵਾਂਗ ਮੇਰੀ ਸਾਰੀ ਕੀਤੀ ਕਹਾਣੀ ਤੇ ਸੋਚੀ ਸਚਾਈ ਖੂਹ ਵਿਚ ਪੈ ਗਈ।
ਅਖਬਾਰਾਂ ਵਿਚ ਪੜ੍ਹਿਆ, ਲੋਕਾਂ ਤੋਂ ਸੁਣਿਆ ਤੇ ਦੂਰੋਂ ਵੇਖਿਆ ਫਕੀਰ ਇਪੀ ਦੇ ਅੰਗਰੇਜ਼ੀ ਇਲਾਕੇ ਉਤੇ ਹਮਲੇ ਤੇ ਮਾਰਧਾੜ ਸਾਮਰਾਜ ਵਿਰੋਧੀ ਲਹਿਰ ਦੀ ਬੜੀ ਤਿਖੀ ਧਾਰ ਜਾਪਦੇ ਸਨ ਅਤੇ ਇੰਜ ਲਗਦਾ ਸੀ, ਜਿਵੇਂ ਉਹ ਹਿੰਦੋਸਤਾਨ ਦੀ ਆਜ਼ਾਦੀ ਦੀ ਲਹਿਰ ਦਾ ਤਕੜਾ ਅੰਗ ਹੋ ਕੇ ਅੰਗਰੇਜ਼ੀ ਹਕੂਮਤ ਵਿਰੁਧ ਹਥਿਆਰਬੰਦ ਜੰਗ ਲੜ ਰਿਹਾ ਹੋਵੇ ਪਰ ਜਦ ਮੈਂ ਉਥੇ ਜਾ ਕੇ ਬਿਰਧ ਨਾਲ ਗੱਲਾਂ ਕੀਤੀਆਂ ਤੇ ਉਸ ਤੋਂ ਪਤਾ ਲੱਗੇ ਫਕੀਰ ਦੇ ਮੁੱਖ ਮੰਤਵ ਤੇ ਉਸ ਦੀ ਪਰੰਪਰਾ ਦੇ ਕਰਮ-ਕਾਂਡ ਨੂੰ ਜਾਚਿਆ ਤਾਂ ਉਸ ਦਾ ਮੁੱਖ ਮੰਤਵ ਸਦੀਆਂ ਪਿਛੇ ਰਹਿ ਚੁੱਕੇ ਪਿਛਾੜ ਨੂੰ ਮੁੜ ਵਰਤਮਾਨ ਉਤੇ ਠੋਸਣ ਦੇ ਸੁਫਨੇ ਲੈ ਰਿਹਾ ਸੀ ਤੇ ਇਨ੍ਹਾਂ ਸੁਫਨਿਆਂ ਉਤੇ ਬਣਾਈ ਹੋਈ ਪਰੰਪਰਾ ਨੂੰ ਚਲਾਉਣ ਲਈ ਮਾਰਧਾੜ ਦੀਆਂ ਵਾਰਦਾਤਾਂ ਕਰੀ ਜਾਂ ਕਰਵਾਈ ਰਖਦਾ ਸੀ। ਉਹ ਤੇ ਉਸ ਦੇ ਹਾਲੀ ਮੁਹਾਲੀ ਸੈਂਕੜੇ ਸਾਲਾਂ ਦੇ ਪੁਰਾਣੇ ਇਸਲਾਮੀ ਸ਼ੁਧਾਅ ਤੇ ਨਿਗਾਰਚੀ ਸਨ। ਉਹ ਆਪਣੇ ਤੋਂ ਬਿਨਾਂ ਅੰਗਰੇਜ਼ ਦੀ ਗੁਲਾਮੀ ਵਿਰੁਧ ਲੜ ਤੇ ਜੂਝ ਰਹੇ ਦੇਸ਼ ਭਗਤਾਂ ਨਾਲ ਸੌਕਣ ਸ਼ਰੀਕਾ ਕਰਦੇ ਤੇ ਉਨ੍ਹਾਂ ਨੂੰ ਭਾਵੇਂ ਉਹ ਮੁਸਲਮਾਨ ਹੀ ਹੋਣ, ਕਾਫਰ ਤੇ ਮਲਉਨ ਆਖਦੇ ਸਨ। ਉਹ ਖਾਨ ਅਬਦੁਲ ਗਫਾਰ ਖਾਂ ਦੀ ਖੁਦਾਈ ਖਿਦਮਤਗਾਰਾਂ ਦੀ ਅੰਗਰੇਜ਼ੀ ਗੁਲਾਮੀ ਵਿਰੁਧ ਸੁਰਖਪੋਸ਼ ਕੌਮੀ ਲਹਿਰ ਨੂੰ ਹਿੰਦੂ ਦੀ ਲਾਈ ਅੱਗ ਤੇ ਸ਼ਰਾਰਤ ਦੱਸਦੇ ਸਨ। ਫਕੀਰ ਦਾ ਰਾਜਸੀ ਨਿਸ਼ਾਨਾ ਅਫਗਾਨਿਸਤਾਨ ਤੇ ਸਰਹੱਦੀ ਸੂਬੇ ਦੇ ਪਠਾਣਾਂ ਦੀ ਸਾਰੀ ਧਰਤੀ ਨੂੰ ਇਕੋ ਰਾਜ (ਆਜ਼ਾਦ ਪਖਤੂਨਿਸਤਾਨ) ਹੇਠ ਲਿਆਉਣਾ ਤੇ ਇਸ ਉਤੇ ਫਕੀਰ ਇਪੀ ਨੂੰ ਬਾਦਸ਼ਾਹ ਬਣਾਉਣਾ ਸੀ।
ਇਸ ਨਿਸ਼ਾਨੇ ‘ਤੇ ਪੁਜਣ ਦਾ ਮੰਤਵ ਸੀ, ਇਥੇ ਨਵੇਂ ਰਾਜ ਦਾ ਲਾਉ-ਲਸ਼ਕਰ ਚਾੜ੍ਹ ਕੇ ਹਿੰਦੋਸਤਾਨ ਤੇ ਫੇਰ ਸਾਰੀ ਦੁਨੀਆਂ ਦੇ ਦੇਸ਼ਾਂ ਨੂੰ ਇਸਲਾਮ ਦੇ ਝੰਡੇ ਹੇਠ ਲਿਆਉਣਾ ਤੇ ਉਥੇ ਇਸਲਾਮੀ (ਪੁਰਾਨਤਾ ਤੇ ਪਿਛੜਤਾ ਦਾ) ਸ਼ਰੱਈ ਰਾਜ ਸਥਾਪਤ ਕਰਨਾ।
ਹਿੰਦੂਆਂ ਤੇ ਸਿੱਖਾਂ ਦਾ ਆਪ ਨਾਂ ਲੈਣਾ ਤਾਂ ਕਿਤੇ ਰਿਹਾ, ਉਹ ਕਿਸੇ ਹੋਰ ਪਾਸੋਂ ਵੀ ਇਨ੍ਹਾਂ ਦਾ ਨਾਂ ਸੁਣਨਾ ਨਹੀਂ ਸਨ ਚਾਹੁੰਦੇ।
ਸੋ ਅਜਿਹੇ ਇਸਲਾਮੀ ਸ਼ੁਦਾਅ ਦੇ ਮਾਰੇ ਹੋਏ ਇਨ੍ਹਾਂ ਫਿਰਕਾਪ੍ਰਸਤਾਂ ਨਾਲ ਸਾਡਾ ਕਰੂਰਾ ਕਿਸ ਤਰ੍ਹਾਂ ਮਿਲ ਸਕਦਾ ਸੀ?
ਇਸ ਲਈ ਜਦ ਮੈਂ ਉਸ ਬਿਰਧ ਨਾਲ ਹਿੰਦੁਸਤਾਨ ਦੀ ਕੌਮੀ ਲਹਿਰ ਦੇ ਜਨਤਕ ਉਭਾਰ ਤੇ ਇਸ ਵਿਚ ਵਧ ਤੇ ਜ਼ੋਰ ਫੜ ਰਹੇ ਇਨਕਲਾਬੀ ਰੰਗ ਦਾ ਜ਼ਿਕਰ ਕੀਤਾ ਤੇ ਇਨ੍ਹਾਂ ਨਾਲ ਪਰਸਪਰ ਮਿਲਵਰਤਣ ਤੇ ਸਹਾਇਤਾ ਕਰਨ ਕਰਾਉਣ ਦੀਆਂ ਗੱਲਾਂ ਛੇੜੀਆਂ ਤਾਂ ਉਹ ਦੜ ਜਿਹੀ ਵੱਟ ਗਿਆ ਤੇ ਜਦ ਮੈਂ ਆਪਣੀ ਪਾਰਟੀ ਦਾ ਨਾਂ ਲਿਆ ਤਾਂ ਉਸ ਨੇ ਘਿਰਨਾ ਨਾਲ ‘ਰੱਤੇ ਕਾਫਰ ਰੂਸ ਦੀ ਦੱਲੀ’ ਹੋਣ ਦੀ ਗਾਲ੍ਹ ਕੱਢ ਮਾਰੀ। ਜਦ ਮੈਂ ਉਸ ਦੇ ਕਹਿਣ ‘ਤੇ ਆਪਣੀ ਪਾਰਟੀ ਦੇ ਹਿੰਦੂ-ਸਿੱਖ ਆਗੂਆਂ ਦਾ ਨਾਂ ਲਿਆ ਤਾਂ ਉਸ ਨੇ ਇਸ ਤਰ੍ਹਾਂ ਨਿਉਲੀ ਵੱਟੀ, ਜਿਸ ਤਰ੍ਹਾਂ ਕੁਨੀਨ ਦੀ ਘੁੱਟ ਪੀ ਲਈ ਹੋਵੇ।
ਫੇਰ ਪੁੱਛਣ ਲੱਗਾ, ‘ਤੁਹਾਡਾ ਕੋਈ ਮੁਸਲਮਾਨ ਲੀਡਰ ਹੈ?’ ਮੈਂ ਜ਼ਰਾ ਝਕਿਆ, ਕੀਹਦਾ ਨਾਂ ਦੱਸਾਂ? ਫੇਰ ਡਾਕਟਰ ਅਸ਼ਰਫ ਤੇ ਮਜ਼ਫਰ ਅਹਿਮਦ ਦੇ ਨਾਂ ਲੈ ਦਿੱਤੇ। ਉਸ ਨੇ ਇਨ੍ਹਾਂ ਨੂੰ ਅਣਸੁਣਿਆ ਕਰ ਛੱਡਿਆ।
ਮੁਸਲਿਮ ਲੀਗ ਨੂੰ ਉਸ ਨੇ ਕਾਫਰ ਤੇ ਮਲਊਨ ਇਸ ਲਈ ਆਖਿਆ ਕਿ ਜੇ ਉਹ ਪਾਕਿਸਤਾਨ ਬਣਾ ਬੈਠੀ ਤਾਂ ਫਕੀਰ ਦੇ ਪਖਤੂਨਿਸਤਾਨ ਬਣਾਉਣ ਦੇ ਸੁਫਨੇ ਪੂਰੇ ਹੋਣ ਵਿਚ ਵਿਘਨ ਪਏਗਾ ਤੇ ਨਾਲੇ ਉਹ ਫਕੀਰ ਦੀ ਅਗਵਾਈ ਨਹੀਂ ਮੰਨਦੀ ਤੇ ਅੰਗਰੇਜ਼ਾਂ ਦੇ ਨਾਲ ਰਲ ਕੇ ਚਲਦੀ ਸੀ। ਜੋ ਸਰਹੱਦ ਨੂੰ ਫਕੀਰ ਇਪੀ ਦੇ ਹਵਾਲੇ ਨਹੀਂ ਸਨ ਕਰਦੇ।
ਉਸ ਕਾਂਗਰਸ ਨੂੰ ਹਿੰਦੂ ਕਿਹਾ। ਪਰ ਉਸ ਦੀ ਇਸ ਕਰਕੇ ਪ੍ਰਸ਼ੰਸਾ ਕੀਤੀ ਕਿ ਉਹ ਆਸ ਲਾਈ ਬੈਠੇ ਸਨ ਕਿ ਜਦ ਕਾਂਗਰਸ ਹਿੰਦੋਸਤਾਨ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਵਾ ਲਏਗੀ ਤਾਂ ਹਿੰਦੂ ਕਾਫਰਾਂ ਪਾਸੋਂ ਹਿੰਦੋਸਤਾਨ ਖੋਹ ਲੈਣਾ ਬੜਾ ਸੌਖਾ ਹੋ ਜਾਵੇਗਾ।
ਮੈਂ ਜਦੋਂ ਉਸ ਨੂੰ ਫਾਸਿਸਟਾਂ ਵੱਲੋਂ ਆ ਰਹੀ ਰੁਪਏ, ਪੈਸੇ ਦੀ ਸਹਾਇਤਾ ਦੀਆਂ ਰਕਮਾਂ ਤੇ ਹਥਿਆਰ ਪੱਤੇ ਦੀ ਗਿਣਤੀ ਦੱਸੀ, ਜੋ ਸਾਨੂੰ ਫਾਸਿਸਟਾਂ ਵੱਲੋਂ ਦੱਸੀ ਗਈ ਸੀ ਤਾਂ ਫੇਰ ਲੱਗਾ ਉਹ ਕੁਝ ਰਸ ਰਸਾਈ ਦੀਆਂ ਗੱਲਾਂ ਕਰਨ।
ਉਸ ਨੇ ਦੱਸਿਆ, ‘ਤੁਹਾਡੀ ਪਿਛਲੇ ਹਫਤੇ ਤੋਂ ਉਡੀਕ (ਹੋ) ਰਹੀ ਹੈ। ਹਾਜੀ ਸਾਹਿਬ (ਫਕੀਰ ਇਪੀ ਨੂੰ ਪਠਾਣ ਹਾਜੀ ਸਾਹਿਬ ਆਖਦੇ ਸਨ) ਤੁਹਾਨੂੰ ਮਿਲਣ ਨੂੰ ਬੜੇ ਉਤਾਵਲੇ ਸਨ। ਹੁਣ ਰਮਜ਼ਾਨ ਸ਼ਰੀਫ (ਰੋਜ਼ੇ) ਆ ਜਾਣ ਕਰਕੇ ਉਹ ਮੁਕਾਰਬੇ (ਛਿਲੇ) ਵਿਚ ਚਲੇ ਗਏ।’
ਮੈਂ ਇਹ ਸੁਣ ਕੇ ਹੱਕਾ ਬੱਕਾ ਰਹਿ ਗਿਆ। ਮੈਂ ਤਾਂ ਉਸ ਬੁੱਢੜ ਨੂੰ ਹੀ ਫਕੀਰ ਸਮਝੀ ਬੈਠਾ ਸੀ। ਇਸ ਤੋਂ ਪਹਿਲਾਂ ਨਾ ਤਾਂ ਮੈਂ ਆਪ ਪੁਛਿਆ ਤੇ ਨਾ ਮੈਨੂੰ ਕਿਸੇ ਦੱਸਿਆ ਕਿ ਫਕੀਰ ਕੌਣ ਸੀ?
ਹੁਣ? ਫੇਰ ਕੀ! ਉਸ ਨੇ ਫਕੀਰ ਦੀ ਤਰਜਮਾਨੀ ਕੀਤੀ ਸੀ। ਫਕੀਰ ਨੇ ਵੀ ਇਹੀ ਗੱਲਾਂ ਕਰਨੀਆਂ ਸਨ।
ਮੇਰੇ ਪੁੱਛਣ ‘ਤੇ ਉਸ ਦੱਸਿਆ ਕਿ ਉਹ ਹਾਜੀ ਅਲ-ਕਜ਼ਾਤ ਸੀ (ਕਾਜ਼ੀਆਂ ਦਾ ਕਾਜ਼ੀ-ਫਕੀਰ ਦਾ ਪ੍ਰਧਾਨ ਮੰਤਰੀ)। ਮੈਂ ਉਸ ਦੇ ਅੰਦਰ ਬਾਹਰ ਦਾ ਅੰਤ ਪਾ ਲਿਆ ਸੀ। ਉਸ ਦਾ ਮੁੱਖ ਮੰਤਵ ਤੇ ਨਿਸ਼ਾਨਾ ਸਾਡੇ ਨਾਲ ਨਹੀਂ ਸਨ ਮਿਲਦੇ। ਤੇ ਜਿਹੋ ਜਿਹਾ ਵਾਤਾਵਰਨ ਮੈਂ ਵੇਖਿਆ ਤੇ ਸੁਣਿਆ, ਉਸ ਤੋਂ ਆਪਸ ਵਿਚ ਕਿਸੇ ਸਹਾਇਤਾ ਦੇਣ ਦਿਵਾਉਣ ਦੀ ਕੋਈ ਸੰਭਾਵਨਾ ਨਹੀਂ ਸੀ ਰਹਿ ਜਾਂਦੀ। ਇਸ ਲਈ ਫਕੀਰ ਮਿਲਿਆ ਜਾਂ ਕਾਜ਼ੀ ਅਲ-ਕਜ਼ਾਤ ਮਿਲਿਆ, ਸਾਡੇ ਲਈ ਕੋਈ ਫਰਕ ਨਹੀਂ ਸੀ।
ਮੈਨੂੰ ਆਪਣੇ ਮਕਸਦ ਦੀ ਨਿਸਫਲਤਾ ਉਤੇ ਬੜਾ ਹਿਰਖ ਆਇਆ ਤੇ ਇਸ ਦੁਭਦਾ ਨੇ ਮੈਨੂੰ ਕਿੱਡੀ ਰਾਤ ਤਕ ਨੀਂਦ ਨਾ ਆਉਣ ਦਿਤੀ। ਮੈਂ ਆਪਣੀ ਇਥੇ ਆਉਣ ਦੀ ਮੂਰਖਤਾ ਉਤੇ ਕਾਫੀ ਚਿਰ ਝੂਰਦਾ ਰਿਹਾ ਤੇ ਸੋਚਦਾ ਰਿਹਾ ਕਿ ਜਿਨ੍ਹਾਂ ਨਾਲ ਰਾਜਸੀ ਮੰਤਵ ਹੀ ਨਹੀਂ ਮਿਲਦਾ, ਕੰਮ ਕਰਨ ਦਾ ਜੋੜ ਕਿਸ ਤਰ੍ਹਾਂ ਜੋੜਿਆ ਜਾ ਸਕਦਾ ਸੀ। ਉਹ ਕਟੜ ਇਸਲਾਮ ਸ਼ੁਧਾਅ (ਸ਼ੁਦਾਅ) ਵਿਚ ਐਨੇ ਖੋਖਲੇ ਹੋਏ ਸਨ ਕਿ ਉਨ੍ਹਾਂ ਨੂੰ ਇਸਲਾਮ ਦੇ ਪਹਾੜੇ ਤੋਂ ਬਾਹਰ ਹੋਰ ਕੁਝ ਨਹੀਂ ਦਿਸਦਾ ਤੇ ਉਹ ਸਿੱਖ ਤੇ ਹਿੰਦੂ ਦਾ ਨਾਂ ਸੁਣਨਾ ਵੀ ਕੁਫਰ ਸਮਝਦੇ ਸਨ। ਉਨ੍ਹਾਂ ਪਾਸ ਆਪਣੇ ਸਿੱਖ ਤੇ ਹਿੰਦੂ ਵਰਕਰ ਕਿਸ ਤਰ੍ਹਾਂ ਗੁਰੀਲਾ ਜੰਗ ਸਿਖਣ ਲਈ ਭੇਜੇ ਜਾ ਸਕਦੇ ਸਨ। ਇਸ ਲਈ ਬੁੱਢੇ ਨਾਲ ਹੋਈ ਗੱਲਬਾਤ ਵਿਚ ਮੈਂ ਆਪਣੇ ਇਸ ਕੰਮ ਦਾ ਨਾਂ ਤਕ ਨਾ ਲਿਆ।
ਮੈਂ ਇਥੇ ਆਉਣ ਦਾ ਐਨਾ ਕਸ਼ਟ ਮੁੱਲ ਲੈਣ ਉਤੇ ਬਹੁਤ ਪਛਤਾਇਆ ਤੇ ਇਸ ਪਸ਼ਚਾਤਾਪ ਵਿਚ ਮੈਨੂੰ ਕਾਕੇ ਖੁਸ਼ਹਾਲ ਖਾਂ ਦੀ ਉਹ ਵਰਜ ਯਾਦ ਆਈ, ਜਿਸ ਵਿਚ ਮੈਨੂੰ ਉਸ ਨੇ ਚਿੱਠੀ ਲਿਖਣ ਲੱਗਿਆਂ ਹੋੜਿਆ ਤੇ ਆਖਿਆ ਸੀ ਕਿ ਉਹ ਤਾਂ ਭੈੜੀ ਤੋਂ ਭੈੜੀ ਕਿਸਮ ਦੇ ਪਿਛਾਂਹ-ਖਿਚੂ ਫਿਰਕਾਪ੍ਰਸਤ ਸ਼ੁਦਾਈ ਹਨ। ਜੋ ਲੁੱਟਮਾਰ ਦੇ ਆਦੀ ਤੇ ਪੈਸੇ ਦੇ ਯਾਰ ਸਨ। ਉਥੇ ਜਾਣਾ ਫਜ਼ੂਲ ਹੈ। ਮੈਂ ਇਸੇ ਪਛਤਾਵੇ ਵਿਚ ਕੁੜ੍ਹਦਾ ਸੌਂ ਗਿਆ।
ਕਾਜ਼ੀ ਦੇ ਨਾਲ ਦੋ ਜਣਿਆਂ ਵਿਚੋਂ ਇਕ 24-25 ਸਾਲ ਦੇ ਹੱਡ-ਮਾਸ ਦੇ ਵਾਹਵਾ ਨਰੋਏ ਜਣੇ ਨੇ ਪੰਜਾਬੀ ਬੋਲ ਕੇ ਕਿਹਾ ਕਿ ਉਹ ਲਾਹੌਰ ਵਿਚ ਪੀ.ਏ.ਪੀ. ਦਾ ਸ਼ੇਰ ਖਾਂ ਹਵਾਲਦਾਰ ਸੀ ਤੇ ਇਕ ਕਤਲ ਕਰਕੇ ਭੱਜਾ ਹੋਇਆ ਉਥੇ ਸ਼ਰਨਾਰਥੀ ਸੀ। ਉਸ ਨੇ ਮੇਰੇ ਹੱਥ ਆਪਣੇ ਘਰਦਿਆਂ ਨੂੰ ਜਿਉਂਦੇ ਹੋਣ ਦੀ ਖਬਰ ਵੀ ਭੇਜੀ ਜੋ ਮੈਂ ਪਹੁੰਚਾ ਦਿੱਤੀ। ਉਸ ਤੋਂ ਪਤਾ ਲੱਗਾ ਕਿ ਹਾਜੀ ਸਾਹਿਬ ਤੇ ਕਾਜ਼ੀ ਸਾਹਿਬ ਵੀ ਮੁਜਰਮ ਸ਼ਰਨਾਰਥੀ ਸਨ ਤੇ ਕਤਲ ਕਰਕੇ ਅੰਗਰੇਜ਼ੀ ਇਲਾਕੇ ਵਿਚੋਂ ਭੱਜ ਕੇ ਉਥੇ ਆਏ ਤੇ ਰਾਜ ਕਰ ਰਹੇ ਸਨ। ਫਕੀਰ ਦਾ ਨਾਂ ਸ਼ੇਰ ਮੁਹੰਮਦ ਖਾਂ ਸੀ ਤੇ ਉਹ ਮੀਰਮ ਸ਼ਾਹ ਦੇ ਲਾਗੇ ਪਿੰਡ ਇਪੀ ਦਾ ਰਹਿਣ ਵਾਲਾ ਸੀ। ਇਸ ਲਈ ਉਸ ਨੂੰ ਅੰਗਰੇਜ਼ੀ ਸਰਕਾਰੀ ਆਦਮੀ ਤੇ ਕਾਗਜ਼ ਇਪੀ ਦਾ ਫਕੀਰ ਆਖਦੇ ਤੇ ਲਿਖਦੇ ਸਨ ਅਤੇ ਆਮ ਲੋਕ ਫਕੀਰ ਇਪੀ ਤੇ ਪਠਾਣ ਲੋਕ ਹਾਜ਼ੀ ਸਾਹਿਬ।
(ਬਾਅਦ ਵਿਚ ਸਰਕਾਰੀ ਮਿਸਲਖਾਨੇ ਵਿਚੋਂ ਪਤਾ ਲੱਗਾ ਕਿ ਇਹ ਬੰਦਾ ਉਸ 26 ਨੰਬਰ ਪਲਟਣ ਦੀ ਵਜ਼ੀਰੀ ਕੰਪਨੀ ਵਿਚੋਂ ਸੀ, ਜੋ ਹਾਂਗਕਾਂਗ ਵਿਚ 1914 ਵਿਚ ਗਦਰ ਪਾਰਟੀ ਨਾਲ ਮਿਲ ਗਈ ਸੀ। ਜਦ ਪਲਟਣ 1915 ਵਿਚ ਹਿੰਦੋਸਤਾਨ ਵਾਪਸ ਆਈ ਤਾਂ ਫਿਰ ਵਜ਼ੀਰੀਆਂ ਦੀ ਕੰਪਨੀ ਛੁੱਟੀ ‘ਤੇ ਗਈ ਮੁੜ ਨੌਕਰੀ ਤੇ ਵਾਪਸ ਨਾ ਪਹੁੰਚੀ। ਇਹ ਉਸ ਵਿਚ ਸੂਬੇਦਾਰ ਸੀ।)
ਕਾਜ਼ੀ ਰਾਵਲਪਿੰਡੀ ਵਿਚ ਪੋਸਟ ਮਾਸਟਰ ਸੀ ਤੇ ਜਵਾਨੀ ਵੇਲੇ ਤੋਂ ਹੀ ਉਥੇ ਆ ਕੇ ਟਿਕਿਆ ਹੋਇਆ ਸੀ। ਉਹ ਹੁਣ ਕਾਜ਼ੀ ਅਲ-ਕਜ਼ਾਤ ਸੀ ਜੋ ਫਕੀਰ ਤੋਂ ਹਟਵਾਂ ਸਭ ਤੋਂ ਉੱਚਾ ਅਹੁਦਾ ਸੀ ਤੇ ਇਸਲਾਮ ਧਰਤ ‘ਤੇ ਸ਼ਰਾਅ ਦਾ ਸਿਆਣਾ ਹੋਣ ਕਰਕੇ ਫਕੀਰ ਇਸ ਦੇ ਹੀ ਸਲਾਹ ਮਸ਼ਵਰੇ ‘ਤੇ ਚਲਦਾ ਸੀ।
ਉਸ ਦੇ ਨਾਲ ਦਾ ਜਵਾਨ ਬੀ. ਏ. ਪਾਸ ਤੇ ਬੰਨੂ ਦੇ ਛਾਉਣੀ ਬੋਰਡ ਵਿਚ ਖਜ਼ਾਨਚੀ ਸੀ। ਉਹ ਬਹੁਤ ਵੱਡੀ ਸਾਰੀ ਰਕਮ ਇਧਰ ਉਧਰ ਖਾ ਜਾਣ ਦੇ ਮੁਕੱਦਮੇ ਤੋਂ ਡਰਦਾ ਉਥੇ ਲੁਕਿਆ ਹੋਇਆ ਸੀ ਤੇ ਦਫਤਰ ਦੀ ਟਾਈਪ, ਸਾਈਕਲੋ, ਚਿੱਠੀ ਪੱਤਰ ਤੇ ਹਿਸਾਬ ਕਿਤਾਬ ਦਾ ਕੰਮ ਕਰਦਾ ਸੀ।
ਉਨ੍ਹਾਂ ਤੋਂ ਇਲਾਵਾ ਫਕੀਰ ਦੇ ਦੂਸਰੇ ਲਾਕੜੀ ਤੇ ਹਥਿਆਰ ਪੱਤਾ ਬਣਾਉਣ ਦੀ ਦੁਕਾਨ ਦੇ ਮਿਸਤਰੀ ਆਦਿ 15-20 ਬੰਦੇ ਉਥੇ ਹੋਰ ਰਹਿੰਦੇ ਸਨ, ਜੋ ਬਾਹਲੇ ਅੰਗਰੇਜ਼ੀ ਇਲਾਕਿਆਂ ਵਿਚੋਂ ਖੂਨਾਂ ਜਾਂ ਡਾਕਿਆਂ ਦੇ ਮੁਕੱਦਮਿਆਂ ਤੋਂ ਲੁਕ ਛਿਪ ਕੇ ਬੈਠੇ ਹੋਏ ਸਨ।
ਫਕੀਰ ਦੇ ਫੌਜੀ ਅਡੰਬਰ ਬਾਰੇ ਸ਼ੇਰ ਖਾਂ ਨੇ ਦੱਸਿਆ ਕਿ ਫਕੀਰ ਪਾਸ ਕੋਈ ਫੜੀ-ਫੌਜ ਨਹੀਂ ਤੇ ਨਾ ਹੀ ਕੋਈ ਜੱਥੇਬੰਦੀ। ਪਰ ਸਭ ਬੰਗਸ ਮਸਊਦ ਤੇ ਵਜ਼ੀਰੀ ਉਸ ਦੇ ਹੁਕਮ ਹੇਠ ਚਲਦੇ ਸਨ ਤੇ ਲੋੜ ਵੇਲੇ ਰਫਲਾਂ ਲੈ ਕੇ ਆ ਜਾਂਦੇ ਸਨ। ਫਕੀਰ ਜ਼ਿਲ੍ਹਾ ਕੁਹਾਟ, ਬੰਨੂ ਤੇ ਡਿਹਰਾ ਇਸਮਾਈਲ ਖਾਂ ਦੇ ਅੰਗਰੇਜ਼ੀ ਇਲਾਕੇ ਦੇ ਸਭ ਮੁਸਲਿਮ ਮੁਲਾਜ਼ਮਾਂ, ਵਪਾਰੀਆਂ, ਦੁਕਾਨਦਾਰਾਂ ਤੇ ਖਾਂਦੇ ਪੀਂਦੇ ਘਰਾਂ ਤੇ ਯਥਾ-ਸ਼ਕਤ, ਜ਼ਕਾਤ ਦੇ ਨਾਂ ‘ਤੇ ਮਾਮਲਾ ਉਗਰਾਉਂਦਾ ਸੀ ਤੇ ਹਿੰਦੂ, ਸਿੱਖਾਂ ਤੋਂ ਔਰੰਗਜ਼ੇਬ ਵਾਲਾ ਜਜ਼ੀਆ ਲੈਂਦਾ ਸੀ। ਜੋ ਨਹੀਂ ਦਿੰਦੇ ਸਨ, ਉਨ੍ਹਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਨੁਕਸਾਨ ਪੁਚਾਇਆ ਜਾਂ ਫੜ ਕੇ ਫਕੀਰ ਦੇ ਡੇਰੇ ਲਿਆ ਕੇ ਕੈਦ ਕਰ ਲਿਆ ਜਾਂਦਾ ਸੀ।
ਇਸ ਉਗਰਾਹੀ ਦੀ ਮਾਰਧਾੜ ਦੇ ਕੰਮ ਲਈ ਫਕੀਰ ਨੇ ਆਪਣੇ ਲੁੱਟ ਖੋਹ ਦੇ ਪਿੜ ਨੂੰ ਤਿੰਨਾਂ ਖਿਲਾਫਤਾਂ (ਸੂਬਿਆਂ) ਵਿਚ ਵੰਡਿਆ ਹੋਇਆ ਸੀ। ਇਕ ਬੰਗਸ਼ਾਂ ਤੇ ਵਜ਼ੀਰੀਆਂ ਵਿਚ ਪਾਰਾ ਚਿਨਾਰ ਦੇ ਸਾਹਮਣੇ, ਦੂਸਰੀ ਵਜ਼ੀਰੀਆਂ ਵਿਚ ਦੱਤਾ ਖੇਲ, ਮੀਰਮ ਸ਼ਾਹ ਤੇ ਬੰਨੂ ਦੇ ਸਾਹਮਣੇ ਫਕੀਰ ਦਾ ਆਪਣਾ ਹੈਡਕੁਆਰਟਰ ਗੁਰਵੇਜ਼ ਤੇ ਤੀਸਰੀ ਮਸਉਦੀਆਂ ਵਿਚ ਰਜ਼ਮਕ ਤੇ ਵਾਨਾਂ ਦੇ ਸਾਹਮਣੇ ਸਨ। ਇਨ੍ਹਾਂ ਵਿਚੋਂ ਪਹਿਲੀ ਕੁਰਮ ਦੇ ਗਲੇ ਦੂਜੀਆਂ ਦੇ ਟੋਚੀ ਤੇ ਗੋਮਲ ਗਲੇਆਂ ਦੇ ਸਾਹਮਣੇ ਸਨ। ਇਨ੍ਹਾਂ ਦੇ ਇੰਚਾਰਜਾਂ ਨੂੰ ਖਲੀਫਾ ਆਖਿਆ ਜਾਂਦਾ ਸੀ ਜੋ ਲੁਟਖੋਹ, ਮਾਰਧਾੜ ਲਈ ਲਸ਼ਕਰ ਚਾਹੜਨ ਤੇ ਜ਼ਕਾਤਾਂ ਦੇ ਜਜ਼ੀਏ ਉਗਰਾਹੁਣ ਦੇ ਪ੍ਰਬੰਧਕ ਸਨ। ਇਸ ਕੰਮ ਲਈ ਖਲੀਫਿਆਂ ਨੇ ਆਪਣਿਆਂ ਸੂਬਿਆਂ ਨੂੰ ਅਗਾਂਹ ਸ਼ਹਿਰਵਾਰ ਤੇ ਇਲਾਕੇਵਾਰ ਵੰਡ ਕੇ ਆਪਣੇ ਬੰਦੇ ਲਾਏ ਹੋਏ ਸਨ। ਸਾਡਾ ਬਦਰਕਾ ਵੀ ਉਨ੍ਹਾਂ ਵਿਚੋਂ ਇਕ ਸੀ। ਮਾਰਾਂਧਾੜਾਂ ਵੇਲੇ ਵਜ਼ੀਰੀਆਂ ਨੂੰ ਪਿੰਡਾਂ ਤੇ ਗਰਾਵਾਂ ਵਿਚੋਂ ਢੋਲ ਮਾਰ ਕੇ ਸੱਦ ਲਿਆ ਜਾਂਦਾ, ਸੈਂਟਰਾਂ ਵਿਚ ਤਾਂ ਪੰਦਰਾਂ ਵੀਹ ਬੰਦੇ ਰਹਿੰਦੇ ਸਨ।
ਅੰਗਰੇਜ਼ੀ ਰਾਜ ਦੇ ਇਲਾਕਿਆਂ ਵਿਚ ਲਸ਼ਕਰਾਂ ਦੀ ਚੜ੍ਹਾਈ ਤੇ ਧਾੜਾਂ ਅੰਗਰੇਜ਼ਾਂ ਪਾਸੋਂ ਸਰਹੱਦਾਂ ਦਾ ਇਲਾਕਾ ਛਡਾਉਣ ਵਾਸਤੇ ਨਹੀਂ ਸਨ ਹੁੰਦੀਆਂ। ਇਹ ਸਭ ਲੁੱਟ ਖੋਹ ਕਰਨ ਤੇ ਜ਼ਕਾਤਾ ਤੇ ਜਜ਼ੀਏ ਲੈਣ ਵਾਸਤੇ ਲੋਕਾਂ ਨੂੰ ਡਰਾਵਾ ਦੇਣ ਤੇ ਥੱਲੇ ਲਾਉਣ ਤੇ ਲਾਈ ਰੱਖਣ ਲਈ ਕੀਤੀਆਂ ਜਾਂਦੀਆਂ ਸਨ ਤਾਂ ਜੁ ਲੋਕਾਂ ਉਤੇ ਇਹ ਧੌਂਸ ਜਮਾ ਦਿਤੀ ਜਾਏ ਕਿ ਫਕੀਰ ਤਾਂ ਐਡੀ ਵੱਡੀ ਤਾਕਤ ਹੈ, ਜੋ ਅੰਗਰੇਜ਼ੀ ਫੌਜਾਂ ਨਾਲ ਲੋਹਾ ਲੈਣ ਤੋਂ ਨਹੀਂ ਡਰਦਾ।
ਕੁਝ ਲੁੱਟ ਖੋਹ ਮਾਰ ਖੋਰੇ ਵਜ਼ੀਰੀ, ਮਸਉਦੀ, ਬੰਗਸ਼ ਤੇ ਖਾੜਕੂ ਪਠਾਣ ਆਪਣੇ ਆਪ ਕਰ ਲੈਂਦੇ ਸਨ, ਪਰ ਨਾਂ ਫਕੀਰ ਦਾ ਵੱਜਦਾ ਸੀ। ਉਹ ਪਹਾੜੀ ਸੜਕਾਂ ਤੇ ਔਖੀਆਂ ਥਾਂਵਾਂ ਉਤੋਂ ਲੰਘਦੀਆਂ ਫੌਜੀ ਕਾਨਵਾਈਆਂ ਦਾ ਗੋਲੀ ਗਠਾ, ਹਥਿਆਰ ਪੱਤਾ ਤੇ ਰਸਦ ਪਾਣੀ ਲੁੱਟ ਲੈਂਦੇ ਤੇ ਮੁਸਾਫਰਾਂ ਦਾ ਪੈਸਾ ਧੇਲਾ ਤੇ ਮਾਲ ਖੋਹ ਲੈਂਦੇ। ਇਸ ਲੁੱਟ ਖੋਹ ਵਿਚੋਂ ਵੀ ਫਕੀਰ ਨੂੰ ਹਿੱਸਾ ਜਾਂਦਾ।
ਸ਼ੇਰ ਖਾਂ ਨੇ ਇਹੋ ਜਿਹੀ ਵਾਕਫੀ ਦੇ ਕੇ ਮੇਰੇ ਫਕੀਰ ਨੂੰ ਸਮਝਣ ਲਈ ਰਹਿੰਦੇ ਕਿਵਾੜ ਖੋਲ੍ਹ ਦਿੱਤੇ।
ਮੇਰਾ ਫਕੀਰ ਇਪੀ ਨਾਲ ਰਾਜਸੀ ਗੰਢ ਪਾਉਣ ਤੇ ਗੁਰੀਲੀ ਢੰਗ ਦੀ ਲੜਾਈ ਸਿਖਣ ਦਾ ਸਾਰਾ ਚਾਅ-ਮਠਾਅ ਮਾਰਿਆ ਗਿਆ ਤੇ ਮੈਂ ਚਾਰੇ ਕੰਨੀਆਂ ਝਾੜ ਕੇ ਵਾਪਸ ਮੁੜ ਆਇਆ।
ਹਿਟਲਰ ਨੇ ਸੋਵੀਅਤ ਰੂਸ ਉਤੇ ਹਮਲਾ ਕਰ ਦਿੱਤਾ ਹੋਇਆ ਸੀ। ਹੁਣ ਸਾਡਾ ਫਾਸਿਸਟਾਂ ਨਾਲ ਵਰਤਾਉ ਉਤੋਂ ਉਤੋਂ ਤਾਂ ਉਸੇ ਤਰ੍ਹਾਂ ਮਿਲਾਪੜਾ, ਪਰ ਅੰਦਰੋਂ ਦਾਅ ਮਾਰ ਹੋ ਗਿਆ ਸੀ। ਅਸੀਂ ਕਿਸੇ ਤਰ੍ਹਾਂ ਵੀ ਨਹੀਂ ਸੀ ਚਾਹੁੰਦੇ ਕਿ ਉਹ ਫਕੀਰ ਇਪੀ ਵਰਗੇ ਦੁਸ਼ਟ ਨੂੰ ਸਾਡੇ ਦੇਸ਼ ਦੀ ਆਜ਼ਾਦੀ ਖੋਹਣ ਲਈ ਆਪਣੇ ਹਮਲੇ ਵਾਸਤੇ ਵਰਤਣ। ਅਸੀਂ ਹੁਣ ਜ਼ਿਆਦਾ ਚਾਤਰੀ ਤੇ ਸਾਵਧਾਨੀ ਤੋਂ ਕੰਮ ਲੈਣ ਲੱਗ ਪਏ ਸੀ।
ਜਦੋਂ ਹਿਟਲਰੀ ਫੌਜਾਂ ਨੂੰ ਰੂਸ ਹੱਥੋਂ ਸਟਾਲਿਨਗਰਾਡ ਦੀ ਲੜਾਈ ਵਿਚ ਤੇ ਇਸ ਤੋਂ ਬਾਅਦ ਹਾਰ ਹੋਣ ਲੱਗ ਪਈ ਤਾਂ ਸਾਨੂੰ ਕਾਬਲੋਂ ਜਰਮਨਾਂ ਤੋਂ ਪਤਾ ਲੱਗਾ ਕਿ ਫਾਸਿਸਟਾਂ ਦੇ ਦੂਤਾਵਾਸ ਦੇ ਚਾਰ ਜਰਮਨ ਬੰਦੇ ਹਥਿਆਰਾਂ ਤੇ ਗੋਲੀ ਗੱਠੇ ਦੇ ਤਿੰਨ ਟਰੱਕ ਲੱਦ ਕੇ ਫਕੀਰ ਦੇ ਡੇਰੇ ਗੁਰਵੇਜ਼ ਪਹੁੰਚਾਉਣ ਲਈ ਗਜ਼ਨੀ ਨੂੰ ਗਏ ਸਨ। ਇਨ੍ਹਾਂ ਟਰੱਕਾਂ ਦਾ ਮਾਲ ਲੋਕਾਂ ਦੀਆਂ ਨਜ਼ਰਾਂ ਤੋਂ ਬਚਾਉਣ ਲਈ ਉਤੇ ਸਰਧੇ ਪਾਏ ਹੋਏ ਸਨ। ਛੋਟੇ ਹਥਿਆਰਾਂ ਦੀ ਇਹ ਸਪਲਾਈ ਐਨੀ ਫਕੀਰ ਇੱਪੀ ਦੀ ਸਹਾਇਤਾ ਨੂੰ ਮੁੱਖ ਰੱਖ ਕੇ ਨਹੀਂ ਸੀ, ਜਿੰਨੀ ਆਪਣੇ ਗਲੋਂ ਬਲਾਅ ਲਾਹੁਣ ਵਾਸਤੇ।
ਸੋਵੀਅਤ ਰੂਸ ਉਤੇ ਫਾਸਿਸਟ ਹਮਲੇ ਤੋਂ ਅੰਗਰੇਜ਼ਾਂ ਤੇ ਸੋਵੀਅਤਾਂ ਦਾ ਜੰਗੀ ਯਾਰਾਨਾ ਪੈ ਗਿਆ। ਅਫਗਾਨਿਸਤਾਨ ਵਿਚਲੇ ਫਾਸਿਸਟਾਂ ਦਾ ਪਿਛਾ ਆਪਣੇ ਦੇਸ਼ਾਂ ਨੂੰ ਜਾਣ ਆਉਣ ਤੇ ਡਾਕ ਦਾ ਬੰਦੋਬਸਤ ਸੋਵੀਅਤ ਰੂਸ ਥਾਣੀਂ ਸੀ, ਜੋ ਹੁਦ ਬੰਦ ਹੋ ਗਿਆ ਸੀ। ਹਿਟਲਰੀ ਫੌਜਾਂ ਤੇ ਸੋਵੀਅਤ ਰੂਸ ਤੋਂ ਅਗਾਂਹ ਹਿੰਦੋਸਤਾਨ ਵੱਲ ਵਧ ਆਉਣ ਦੀ ਆਸ ਉਤੇ ਫਾਸਿਸਟਾਂ ਨੇ ਆਪਣੇ ਕਾਬਲ ਦੇ ਦੂਤਾਵਾਸ ਵਿਚ ਰਫਲਾਂ, ਪਿਸਤੌਲਾਂ, ਬੰਬਾਂ ਆਦਿ ਛੋਟੇ ਹਥਿਆਰਾਂ ਦਾ ਬਹੁਤ ਵੱਡਾ ਜ਼ਖੀਰਾ ਤੇ ਬੇਅੰਤ ਗੋਲੀ ਗੱਠਾ ਜੋੜਿਆ ਤੇ ਲੁਕਾਇਆ ਹੋਇਆ ਸੀ, ਜੋ ਉਨ੍ਹਾਂ ਹਿਟਲਰੀ ਫੌਜਾਂ ਦੇ ਹਿੰਦੋਸਤਾਨ ਵੱਲ ਵਧਣ ਵੇਲੇ ਕਾਬਲ ਵਿਚ ਬਗਾਵਤ ਕਰਾਉਣ ਲਈ ਵਰਤਣਾ ਸੀ। ਇਸ ਸਟਾਕ ਵਿਚੋਂ ਹੀ ਉਹ ਫਕੀਰ ਨੂੰ ਮਾਲ ਦਿੰਦੇ ਰਹਿੰਦੇ ਸਨ। ਹੁਣ ਫਾਸਿਸਟਾਂ ਨੂੰ ਡਰ ਪੈ ਗਿਆ ਕਿ ਅੰਗਰੇਜ਼ਾਂ ਤੇ ਸੋਵੀਅਤ ਸਰਕਾਰਾਂ ਜਿਨ੍ਹਾਂ ਦੇ ਪੁੜ ਵਿਚ ਅਫਗਾਨਿਸਤਾਨ ਆਇਆ ਹੋਇਆ ਸੀ, ਦਬਾਅ ਹੇਠ ਆ ਕੇ ਮਤਾ ਅਫਗਾਨਿਸਤਾਨ ਹਕੂਮਤ, ਫਾਸਿਸਟਾਂ ਦੇ ਦੂਤਾਵਾਸ ਬੰਦ ਕਰ ਦੇਵੇ ਤਾਂ ਉਸ ਵੇਲੇ ਅਫਗਾਨਿਸਤਾਨ ਹਕੂਮਤ ਨੂੰ ਲੁਕਵੇਂ ਮੈਗਜ਼ੀਨ ਦਾ ਪਤਾ ਲੱਗ ਜਾਵੇਗਾ। ਇਸ ਲਈ ਉਨ੍ਹਾਂ ਨੇ ਇਹ ਮੌਤ ਦਾ ਪੱਥਰ ਫਕੀਰ ਦੇ ਹਵਾਲੇ ਕਰਨ ਦਾ ਫੈਸਲਾ ਕੀਤਾ। ਇਸ ਤਰ੍ਹਾਂ ਇਕ ਤਾਂ ਉਹ ਆਪ ਬਚਦੇ ਸਨ ਤੇ ਦੂਸਰੇ ਫਕੀਰ ਪਾਸ ਇਹ ਸਮਾਨ ਚਲੇ ਜਾਣ ਨਾਲ ਉਹ ਇਨ੍ਹਾਂ ਦਾ ਪੱਕਾ ਲਾਈਲੱਗ ਬਣ ਜਾਂਦਾ ਸੀ। ਤੀਸਰੇ, ਉਹਦੇ ਪਾਸੋਂ ਅੰਗਰੇਜ਼ੀ ਇਲਾਕੇ ਵਿਚ ਮਾਰ ਧਾੜ ਦੇ ਹਮਲੇ ਵਧਵਾ ਕੇ ਅੰਗਰੇਜ਼ੀ ਫੌਜਾਂ ਦੇ ਕੁਝ ਨਾ ਕੁਝ ਹਿੱਸੇ ਨੂੰ ਸਰਹੱਦ ਵਿਚ ਰੁੰਨ੍ਹੀ ਤੇ ਯੂਰਪ ਤੇ ਅਫਰੀਕਾ ਲਿਜਾਣੋਂ ਰੋਕੀ ਰੱਖਣਾ ਸੀ।
ਉਨ੍ਹਾਂ ਨੇ ਇਸ ਮਾਲ ਨੂੰ ਲਿਜਾਣ ਵਾਸਤੇ ਪਹਿਲਾਂ ਸਾਨੂੰ ਵੀ ਆਖਿਆ ਸੀ ਪਰ ਅਸੀਂ ਤਾਂ ਅੰਗਰੇਜ਼ ਦੇ ਸੋਵੀਅਤ ਰੂਸ ਨਾਲ ਹੋ ਗਏ ਜੰਗੀ ਯਰਾਨੇ ਤੋਂ ਲੋਕ ਯੁੱਧ ਦੀ ਪਟੜੀ ਚੜ੍ਹ ਗਏ ਸਾਂ ਤੇ ਸਾਨੂੰ ਹੁਣ ਅੰਗਰੇਜ਼ੀ ਹਕੂਮਤ ਵਿਰੁਧ ਬਗਾਵਤ ਕਰਨ ਤੇ ਇਨ੍ਹਾਂ ਹਥਿਆਰਾਂ ਨੂੰ ਵਰਤਣ ਦੀ ਲੋੜ ਨਹੀਂ ਸੀ। ਇਸ ਲਈ ਅਸਾਂ ਇਨ੍ਹਾਂ ਨੂੰ ਲਿਜਾਣ ਦੀ ਔਖਿਆਈ ਦਾ ਪੱਜ ਲਾ ਕੇ ਨਾਂਹ ਕਰ ਦਿੱਤੀ। ਉਨ੍ਹਾਂ ਨੇ ਇਹ ਫਕੀਰ ਪਾਸ ਪਹੁੰਚਾਉਣ ਦਾ ਫੈਸਲਾ ਕਰ ਲਿਆ।
ਪਰ ਅਸੀਂ ਤਾਂ ਇਹ ਅੱਗੇ ਵੀ ਨਹੀਂ ਸੀ ਚਾਹੁੰਦੇ ਤੇ ਹੁਣ ਤਾਂ ਕਿਸੇ ਤਰ੍ਹਾਂ ਵੀ ਬਰਦਾਸ਼ਤ ਨਹੀਂ ਸੀ ਕਰ ਸਕਦੇ ਕਿ ਫਾਸਿਸਟ ਸਾਡੀਆਂ ਸਰਹੱਦਾਂ ਉਤੇ ਛੇੜਖਾਨੀਆਂ ਕਰਵਾਉਣ ਤੇ ਫਕੀਰ ਇਪੀ ਵਰਗੇ ਪਿਛਾੜ ਤੇ ਦੁਸ਼ਟ ਅਵਤਾਰ ਨੂੰ ਆਪਣੀਆਂ ਗਰਜ਼ਾਂ ਲਈ ਹਿੰਦ ਦੀ ਆਜ਼ਾਦੀ ਖੋਹਣ ਲਈ ਵਰਤਣ। ਅਸੀਂ ਸੋਵੀਅਤ ਦੇ ਕਾਬਲੀ ਦੂਤਾਵਾਸ ਨੂੰ ਦੱਸ ਕੇ ਇਹ ਟਰੱਕ ਗਜ਼ਨੀ ਲੰਘਦੇ ਹੀ ਅਫਗਾਨ ਸਰਕਾਰ ਪਾਸੋਂ ਫੜਵਾ ਦਿੱਤੇ। ਸਮਾਨ ਬਚਾਉਣ ਲਈ ਉਨ੍ਹਾਂ ਜਰਮਨਾਂ ਨੇ ਅਫਗਾਨ ਪੁਲਿਸ ਦਾ ਬੜਾ ਡਟਵਾਂ ਮੁਕਾਬਲਾ ਕੀਤਾ, ਜਿਸ ਵਿਚ ਉਹ ਚਾਰੇ ਮਾਰੇ ਗਏ ਅਤੇ ਸਮਾਨ ਅਫਗਾਨ ਸਰਕਾਰ ਨੇ ਜ਼ਬਤ ਕਰ ਲਿਆ।
ਫਾਸਿਸਟਾਂ ਦੀ ਸਲਾਹ ਸੀ ਕਿ ਜਦ ਰੂਸ ਫਤਿਹ ਕਰਕੇ ਹਿਟਲਰੀ ਫੌਜਾਂ ਹਿੰਦੋਸਤਾਨ ਉਤੇ ਹਮਲਾ ਕਰਨ ਲਈ ਈਰਾਨ ਵਿਚ ਦਾਖਲ ਹੋਣਗੀਆਂ ਤਾਂ ਇਸ ਮੋਰਚੇ ਪਿਛੇ ਹਫੜਾ ਦਫੜੀ ਮਚਾਉਣ ਲਈ ਕਾਬਲ ਵਿਚ ਬਗਾਵਤ ਕਰਵਾ ਦਿੱਤੀ ਜਾਵੇਗੀ। ਇਸ ਕੰਮ ਲਈ ਉਹ ਆਜ਼ਾਦ ਕਬੀਲਿਆਂ ਦੇ ਮੌਲਵੀਆਂ ਤੇ ਅਫਗਾਨ ਸਰਕਾਰ ਦੇ ਕਈ ਨਰਾਜ਼ ਅਫਸਰਾਂ ਤੇ ਅਹਿਲਕਾਰਾਂ ਨਾਲ ਗੱਲਾਂ ਚਲਾ ਰਹੇ ਸਨ।
ਰੋਜ਼ਿਆਂ ਤੋਂ ਬਾਅਦ ਫਕੀਰ ਇਪੀ ਦੀਆਂ ਸਾਨੂੰ ਦੋ ਚਿੱਠੀਆਂ ਆਈਆਂ, ਜਿਨ੍ਹਾਂ ਵਿਚ ਸਾਡੇ ਨਾਲ ਕਾਜ਼ੀ ਦੀ ਰੁਖਾਈ ਦੀ ਮਾਫੀ ਮੰਗੀ ਹੋਈ ਸੀ ਤੇ ਮੁੜ ਆ ਕੇ ਮਿਲਣ ਲਈ ਲਿਖਿਆ ਹੋਇਆ ਸੀ।
ਅਸਾਂ ਇਹ ਚਿੱਠੀਆਂ ਰੱਦੀ ਦੀ ਟੋਕਰੀ ਵਿਚ ਸੁੱਟ ਦਿੱਤੀਆਂ।