ਤਕੀਆ ਕਲਾਮ

ਨਾਮੀ ਗਲਪਕਾਰ ਮਰਹੂਮ ਗੁਰਦਿਆਲ ਸਿੰਘ ਦੀ ਕਹਾਣੀ ‘ਤਕੀਆ ਕਲਾਮ’ ਦਾ ਮੁੱਖ ਪਾਤਰ ਆਰ. ਐਸ਼ ਐਸ਼ ਨਾਲ ਜੁੜਿਆ ਹੋਇਆ ਹੈ। ਲੇਖਕ ਨੇ ਇਸ ਕਾਰਕੁਨ ਬਾਰੇ ਬਹੁਤ ਸਾਧਾਰਨ ਰੂਪ ਵਿਚ ਗੱਲ ਕੀਤੀ ਹੈ। ਜੇ ਅੱਜ ਦੇ ਪ੍ਰਸੰਗ ਨਾਲ ਜੋੜ ਕੇ ਦੇਖਿਆ ਜਾਵੇ ਤਾਂ ਇਸ ਦੇ ਅਰਥ ਬਹੁਤ ਗਹਿਰੇ ਨਿਕਲਦੇ ਹਨ। ਇਹ ਜਥੇਬੰਦੀ ਜਿਸ ਢੰਗ ਨਾਲ ਚੁੱਪ-ਚਪੀਤੇ ਆਪਣੇ ਆਹਰ ਲੱਗੀ ਰਹੀ ਹੈ ਤੇ ਲੱਗੀ ਹੋਈ ਹੈ, ਉਹ ਕਈ ਦਹਾਕੇ ਪਹਿਲਾਂ ਲਿਖੀ ਇਸ ਕਹਾਣੀ ਤੋਂ ਭਲੀਭਾਂਤ ਪਤਾ ਲੱਗ ਜਾਂਦਾ ਹੈ।

-ਸੰਪਾਦਕ

ਗੁਰਦਿਆਲ ਸਿੰਘ

ਆਜ਼ਾਦ ਹਿੰਦ ਫੌਜ ਵਿਚੋਂ ਆਉਣ ਮਗਰੋਂ ਸਰਕਾਰ ਨੇ ਉਹਦੀ ਫੌਜ ਦੀ ਨੌਕਰੀ ਬਹਾਲ ਕਰਕੇ ਉਹਨੂੰ ਪੰਜਾਬ ਦੀਆਂ ਦੇਸੀ ਰਿਆਸਤਾਂ ਦੇ ਸੰਘ ‘ਪੈਪਸੂ’ ਦੇ ਇਕ ਜਿਲੇ ਵਿਚ ਸਿਵਲ ਸਰਜਨ ਲਾ ਦਿੱਤਾ ਸੀ। ਉਥੋਂ ਰਿਟਾਇਰ ਹੋਣ ਮਗਰੋਂ ਉਹਨੇ ਉਸੇ ਮੰਡੀ ਵਿਚ ਆ ਕੇ ਆਪਣਾ ਪ੍ਰਾਈਵੇਟ ਕਲਿਨਿਕ ਖੋਲ੍ਹ ਲਿਆ ਸੀ, ਜਿਥੋਂ ਉਹਨੇ ਫੌਜ ਵਿਚ ਭਰਤੀ ਹੋਣ ਤੋਂ ਪਹਿਲਾਂ ਆਪਣੀ ਮੁੱਢਲੀ ਨੌਕਰੀ ਸ਼ੁਰੂ ਕੀਤੀ ਸੀ। ਇਹ ਛੋਟੀ ਜਿਹੀ ਮੰਡੀ ਉਹਦੇ ਲਈ ‘ਯਾਦਾਂ ਦੀ ਪਟਾਰੀ’ ਹੀ ਬਣ ਚੁਕੀ ਸੀ।
ਜਦੋਂ ਉਹ ਦੂਜੀ ਜੰਗ ਤੋਂ ਪਹਿਲਾਂ ਏਥੋਂ ਦੇ ਪੰਜ-ਛੇ ਕਮਰਿਆਂ ਦੇ ਛੋਟੇ-ਜਿਹੇ ਹਸਪਤਾਲ ਵਿਚ ਡਾਕਟਰ ਹੁੰਦਾ ਸੀ ਤਾਂ ਏਥੇ ਉਹ ਚਾਰ ਹੀ ‘ਅਫਸਰ’ ਹੁੰਦੇ ਸਨ। ਇਕ ਸੀ ਮਿਡਲ ਸਕੂਲ ਦਾ ਹੈਡਮਾਸਟਰ ਮਦਨ ਮੋਹਨ, ਦੂਜਾ ਡਾਕਖਾਨੇ ਦਾ ਪੋਸਟ ਮਾਸਟਰ ਤੇ ਤਾਰ ਬਾਬੂ ਸ਼ਾਦੀ ਰਾਮ, ਤੀਜਾ ਸਟੇਸ਼ਨ ਮਾਸਟਰ ਵਧਾਵਾ ਰਾਮ, ਤੇ ਚੌਥਾ ਅਫਸਰੇ-ਮੰਡੀ ਸਰਦਾਰ ਗੁਰਦਿਆਲ ਸਿੰਘ ਬਾਹੀਆ। ਇਹ ਚਾਰੇ ਜਿਧਰੋਂ ਵੀ ਲੰਘਦੇ, ਮੰਡੀ ਦੇ ਆੜ੍ਹਤੀਏ, ਦੁਕਾਨਦਾਰ, ਚੌਧਰੀ ਗੋਪੀ ਰਾਮ ਤੇ ਹਜ਼ਾਰੀ ਲਾਲ ਵਰਗੇ ਸਤਿਕਾਰਿਤ ਬੰਦੇ ਵੀ ਦੁਕਾਨਾਂ ਮੂਹਰੇ ਥੜ੍ਹਿਆਂ ‘ਤੇ ਆ ਕੇ ‘ਰਾਮ ਰਾਮ’ ਬੁਲਾਉਂਦੇ।
ਇਹ ਉਹੋ ਜ਼ਮਾਨਾ ਸੀ, ਜਦੋਂ ਇਹ ਚਾਰੇ ਅਫਸਰ, ਸ਼ਾਮ ਵੇਲੇ ਸਕੂਲ ਦੇ ਗਰਾਊਂਡ ਵਿਚ ਟੈਨਿਸ ਖੇਡਣ ਜਾਂਦੇ। ਚੌਹਾਂ ਨੇ ਚਿੱਟੀਆਂ ਨਿੱਕਰਾਂ, ਚਿੱਟੇ ਕਮੀਜ਼, ਚਿੱਟੀਆਂ-ਦੁੱਧ ਜੁਰਾਬਾਂ ਤੇ ਫਲੀਟ ਪਹਿਨੇ ਹੁੰਦੇ। ਹੱਥਾਂ ਵਿਚ ਰੈਕਿਟ ਫੜੀ ਦਿਨ ਢਲ੍ਹੇ ਜਦੋਂ ਉਹ ਵਾਰੋ-ਵਾਰੀ ਛੋਟੇ ਛੋਟੇ ਬਾਜ਼ਾਰਾਂ ਵਿਚੋਂ ਲੰਘ ਕੇ ਸਕੂਲ ਵੱਲ ਜਾ ਰਹੇ ਹੁੰਦੇ ਤਾਂ ਉਨ੍ਹਾਂ ਵਿਚੋਂ ਤਿੰਨਾਂ ਦੇ ਅੰਗਰੇਜ਼ੀ ਟੋਪ ਸਾਰੀ ਮੰਡੀ ਵਿਚ ਜਿਵੇਂ ਹਲਚਲ ਜਿਹੀ ਮਚਾ ਦਿੰਦੇ। ਗਲੀਆਂ ਵਿਚ ਬੰਟੇ, ਰੀਠੇ, ਕੌਡੀਆਂ ਖੇਡਦੇ ਪਾੜ੍ਹੇ ਮੁੰਡੇ ਦੂਰੋਂ ਹੀ ਹੈਡਮਾਸਟਰ ਮਦਨ ਮੋਹਨ ਜੀ ਨੂੰ ਦੇਖ ਭੱਜਦੇ ਅੰਦਰੀਂ ਜਾ ਲੁਕਦੇ। ਬਾਣੀਏਂ ਤੇ ਸੇਠ ਹੋਰ ਝੁਕ ਕੇ ਤੇ ਉਚੀ ਆਵਾਜ਼ ਵਿਚ ‘ਰਾਮ ਰਾਮ’ ਤੇ ‘ਨਮਸਤੇ’ ਬੁਲਾਉਂਦੇ। ਚਹੁੰ ਅਫਸਰਾਂ ਵਿਚ ਇਕ ਅਫਸਰੇ-ਮੰਡੀ ‘ਬਾਹੀਆ ਸਾਹਬ’ ਸਨ, ਜੋ ਆਸੇ ਪਾਸੇ ਝਾਕੇ ਬਿਨਾ ਧੌਣ ਅਕੜਾ ਕੇ ਤੁਰਦੇ; ਐਵੇਂ ਰਸਮੀ ਤੌਰ ‘ਤੇ ਸਿਰ ਨੂੰ ਮਾੜਾ ਜਿਹਾ ਝਟਕਾ ਦਿੰਦੇ, ਜਾਂ ਖੱਬਾ ਨਰੋਆ ਹੱਥ ਰਤਾ ਇੰਜ ਉਤਾਂਹ ਚੁੱਕਦੇ ਜਿਵੇਂ ਕੋਈ ਗੋਰਾ ਹਾਕਮ ਮੱਖੀ ਉਡਾਉਂਦਾ ਹੋਵੇ। ਬਾਕੀ ਤਿੰਨੇ, ਹਰੇਕ ਦੀ ‘ਰਾਮ ਰਾਮ’ ਦਾ ਉਤਰ ਠਰੰ੍ਹਮੇ ਨਾਲ ਦਿੰਦੇ ਤੇ ਕਈ ਮੋਹਤਬਰ ਬੰਦਿਆਂ ਦਾ ਹਾਲ-ਚਾਲ ਵੀ ਪੁੱਛ ਲੈਂਦੇ। ਜਿਹੜੇ ਚੌਧਰੀਆਂ, ਸੇਠਾਂ, ਸ਼ਾਹਾਂ ਨੂੰ ਇਹ ‘ਅਫਸਰ’ ਲੋਕ ਇੰਜ ਬੁਲਾਉਂਦੇ, ਆਮ ਲੋਕਾਂ ਦੇ ਮਨਾਂ ਵਿਚ ਉਨ੍ਹਾਂ ਦਾ ਇੱਜਤ-ਮਾਣ ਹੋਰ ਵਧ ਜਾਂਦਾ।
ਉਹ ਜ਼ਮਾਨਾ ਤਾਂ ਹੁਣ ਬੀਤ ਚੁੱਕਾ ਸੀ, ਪਰ ਸੀਤਾ ਰਾਮ ਬਹੁਤਾ ਨਹੀਂ ਸੀ ਬਦਲਿਆ। ਅੱਜ ਵੀ ਉਹ ਰੇੜ੍ਹੀਆਂ ਦੀ ਸੜੀ-ਗਲੀ ਸਬਜ਼ੀ ਓਵੇਂ ਸੁਟਵਾ ਸਕਦਾ ਸੀ, ਜਿਵੇਂ ਵੀਹ-ਤੀਹ ਸਾਲ ਪਹਿਲਾਂ ਇਸ ਮੰਡੀ ਵਿਚ ਮੈਡੀਕਲ ਅਫਸਰ ਹੁੰਦਿਆਂ ਸੁਟਵਾਉਂਦਾ ਸੀ। ਸਭ ਨੂੰ ਪਤਾ ਸੀ, ਹੁਣ ਉਹਦੀ ਪੁੱਛ-ਦੱਸ ਸਰਕਾਰੇ-ਦਰਬਾਰੇ ਪਹਿਲਾਂ ਤੋਂ ਵੱਧ ਸੀ। ਸਥਾਨਕ ਹਸਪਤਾਲ ਦਾ ਡਾਕਟਰ ਵੀ ਉਸ ਤੋਂ ਪੁੱਛੇ ਬਿਨਾ ਕੋਈ ਕੰਮ ਨਹੀਂ ਸੀ ਕਰਦਾ। ਡਾਕਟਰ ਸੀਤਾ ਰਾਮ ਕੌੜਾ ਦੀਆਂ ਪੁਰਾਣੀਆਂ ਆਦਤਾਂ ਮੂਜਬ ਉਹ ਹੁਣ ਵੀ ਗਲੀ, ਬਾਜ਼ਾਰ ਵਿਚ ਤੁਰਿਆ ਜਾਂਦਾ ਅੱਲੜ੍ਹ ਉਮਰ ਦੇ ਮੁੰਡਿਆਂ ਨੂੰ ਕੋਲ ਬੁਲਾ ਕੇ ਅਜੀਬ-ਅਜੀਬ ਸਵਾਲ ਪੁੱਛਣ ਲੱਗ ਪੈਂਦਾ। ਪਹਿਲਾਂ ਮੁੰਡੇ ਦਾ ਨਾਂ, ਪਿਉ ਦਾ ਨਾਂ ਪੁੱਛਦਾ ਤੇ ਮਗਰੋਂ ਉਹਦੇ ਖਾਨਦਾਨ ਨਾਲ ਆਪਣੀ ਪੁਰਾਣੀ ਜਾਣ-ਪਛਾਣ ਕੱਢ ਕੇ ਆਪਣੀ ਨਾਭੇ-ਪਟਿਆਲੇ ਦੀ ਬੋਲੀ ‘ਚ ਕਹਿੰਦਾ, “ਮੈਨੇ ਤੇਰੀ ਦਾਦੀ ਕਾ ਇਲਾਜ ਬੀ ਕਿਆ ਥਾ। ਉਸ ਕਾ ਨਾਮ ਪ੍ਰਸਿੰਨੀ ਦੇਵੀ ਥਾ ਨਾ?”
ਅਕਸਰ ਹੀ ਮੰਡੀ ਦੇ ਮੁੰਡੇ-ਖੁੰਡੇ ਉਹਦੀ ਅਜਿਹੀ ਜਾਣਕਾਰੀ ਬਾਰੇ ਬਹੁਤ ਹੈਰਾਨ ਹੁੰਦੇ, ਜਦੋਂ ਉਹ ਦੱਸਦਾ, “ਤੇਰਾ ਬਾਬਾ ਦਸੌਂਧੀ ਰਾਮ ਬੜਾ ਕੰਜੂਸ ਥਾ। ਮੈਨੇ ਉਸੇ ਕਹਿਆ ਥਾ ਕਿ ਦਵਾਈ ਦੋ ਮਹੀਨੇ ਤੱਕ ਖਾਣੀ ਪੜੇਗੀ ਪਰ ਉਸ ਭਲੇਮਾਣਸ ਨੇ ਪੈਸੇ ਬਚਾਨੇ ਕੇ ਲੀਯੇ ਏਕ ਮਹੀਨੇ ਬਾਅਦ ਦਵਾਈ ਬੰਦ ਕਰ ਦਈ। ਉਹ ਵਿਚਾਰੀ ਮਰ ਗਈ।… ਐਸੇ ਤੋ ਸਭ ਲਾਲੇ ਕੰਜੂਸ ਹੁੰਨੈ ਐਂ ਪਰ ਤੇਰਾ ਬਾਬਾ ਕੁਛ ਬੇਵਕੂਫ ਵੀ ਥਾ- ਇਬ ਹੈ ਕਿ ਮਰ ਗਿਆ?”
ਫੇਰ ਅਚਾਨਕ ਹੀ ਗੱਲ ਬਦਲ ਕੇ ਕਹਿੰਦਾ, “ਤੇਰੇ ਘਰ-ਕੇ ਤੰਨੇਂ ਕੁਛ ਖਾਣ ਨੇ ਬੀ ਦਿਨੈਂ ਐਂ ਕਿ ਨਹੀਂ? ਦੇਖ ਤੇਰੀਆਂ ਅੱਖਾਂ ਕੈਸੇ ਪੀਲੀਆਂ ਹੋ ਰਹੀ ਐ। ਚਿਹਰੇ ਕਾ ਕਲਰ ਐਸੇ ਜੈਸੇ ਬਸਾਰ ਮਲਿਆ ਹੋਏ।” ਫੇਰ ਮੁੰਡੇ ਦੇ ਮੋਢੇ, ਬਾਹਾਂ ਛਾਤੀ ਨੂੰ ਟੋਂਹਦਾ ਕਹਿੰਦਾ, “ਇਹ ਕੋਈ ਜਵਾਨਾਂ ਕੀ ਬਾਡੀ ਐ!… ਏਸ ਉਮਰ ਮੇਂ ਆਹ ਹਾਲ! ਕੁਛ ਖਾਇਆ-ਪੀਆ ਕਰ। ਸੁਬਹ ਉਠ ਕਰ ਸ਼ਾਖਾ ਮੈ ਜਾਇਆ ਕਰ। ਕਿਤਨੇ ਬਜੇ ਉਠਿਆ ਕਰਦੈਂ?”
ਹੋਰ ਵੀ ਅਜੀਬ ਗੱਲ ਇਹ ਸੀ ਕਿ ਉਹਦੇ ਰੋਅਬ ਕਰਕੇ ਕੋਈ ਮੁੰਡਾ ਉਹਦੇ ਅੱਗੇ ਝੂਠ ਬੋਲਣ ਦੀ ਹਿੰਮਤ ਨਾ ਕਰਦਾ। ਜਦੋਂ ਉਹ ਜਾਗਣ ਦਾ ਸਮਾਂ ਦੱਸਦਾ ਤਾਂ ਡਾਕਟਰ ਕੌੜਾ ਜਿਵੇਂ ਉਹਨੂੰ ਫਟਕਾਰ ਪਾਉਂਦਾ ਕਹਿੰਦਾ, “ਦੇਖ, ਦੇਖ! ਸ਼ਰਮ ਤਾਂ ਨਹੀਂ ਆਂਦੀ!… ਜਵਾਨ ਉਮਰ ਮੇਂ ਦਿਨ ਚੜ੍ਹੇ ਉਠ ਕੇ ਤੂੰ ਕਿਆ ਪੂਰੀਆਂ ਪਾਏਂਗਾ।” ਫੇਰ ਆਪਣੇ ਵਲ ਉਹਨੂੰ ਝਾਕਣ ਲਈ ਕਹਿ ਕੇ ਉਹਦੀਆਂ ਅੱਖਾਂ ਦੇ ਛੱਪਰ ਉਂਗਲਾਂ ਨਾਲ ਉਤਾਂਹ ਕਰਕੇ ਦੇਖਦਿਆਂ ਕਹਿੰਦਾ, “ਤੂੰ ਮਸਟਰਬੇਸ਼ਨ ਕਰਦਾ ਹੁੰਨੈ?” ਜਿਹਨੂੰ ਉਹਦਾ ਅੰਗਰੇਜ਼ੀ ਸ਼ਬਦ ਸਮਝ ਨਾ ਆਉਂਦਾ, ਉਹਨੂੰ ਬਹੁਤ ਸਪਸ਼ਟ ਪੰਜਾਬੀ ਵਿਚ ਸਮਝਾ ਦਿੰਦਾ ਤੇ ਏਨੀ ਬੁਰੀ ਤਰ੍ਹਾਂ ਗੁੱਸੇ ਵਿਚ ਝਿੜਕਦਾ ਕਿ ਕਈ ਨੌਜਵਾਨ ਮੁੰਡੇ ਸੱਚੀ ਉਹਦੇ ਅੱਗੇ ਕੰਬਣ ਲੱਗ ਪੈਂਦੇ।
ਪੁਰਾਣੇ ਲੋਕ ਉਹਨੂੰ ਹੁਣ ਵੀ ਮੰਡੀ ਦਾ ਅਫਸਰ ਹੀ ਸਮਝਦੇ ਸਨ। ਓਵੇਂ ਉਹਦੀ ਇੱਜਤ ਕਰਦੇ ਸਨ। ਉਨ੍ਹਾਂ ਦਾ ਖਿਆਲ ਸੀ ਕਿ ਜੇ ਡਾਕਟਰ ਨੇ ਵੀਹ-ਤੀਹ ਸਾਲ ਪਹਿਲਾਂ ਉਨ੍ਹਾਂ ਨੂੰ ਸਿੱਧੇ ਪਾਸੇ ਨਾ ਲਾਇਆ ਹੁੰਦਾ ਤਾਂ ਪਤਾ ਨਹੀਂ ਉਨ੍ਹਾਂ ਦਾ ਕੀ ਹਾਲ ਹੁੰਦਾ। ਦਵਾਈ ਲੈਣ ਆਏ ਹਰੇਕ ਮਰੀਜ਼ ਨੂੰ ਉਹ ਦੋ-ਚਾਰ ਗੱਲਾਂ ਅਜਿਹੀਆਂ ਜ਼ਰੂਰ ਸਮਝਾ ਦਿੰਦਾ, ਜੋ ਉਹ ਆਪਣੇ ‘ਡਾਕਟਰੀ ਅਸੂਲਾਂ’ ਅਨੁਸਾਰ ਜ਼ਰੂਰੀ ਸਮਝਦਾ ਸੀ। ਨੌਜਵਾਨਾਂ ਨੂੰ ‘ਭੋਗ-ਵਿਲਾਸ’ ਵਿਚ ਸੰਜਮ ਵਰਤਣ ਲਈ ਕਹਿੰਦਾ। ਸਬਜ਼ੀਆਂ, ਫਲ, ਦਾਲਾਂ ਵੱਧ ਖਾਣ ਲਈ ਕਹਿੰਦਾ। ਮਿਰਚ-ਮਸਾਲੇ ਤੇ ਤਲੀਆਂ ਚੀਜ਼ਾਂ ਘੱਟ ਖਾਣ ਲਈ ਕਹਿੰਦਾ। ਦੁੱਧ-ਘਿਓ ਵੀ ਬਹੁਤਾ ਖਾਣ ਤੋਂ ਵਰਜਦਾ। ਨੇਮ ਨਾਲ ਕਸਰਤ ਤੇ ਸੈਰ ਦੀਆਂ ਹਦਾਇਤਾਂ ਕਰਦਾ। ਜਦੋਂ ਕੋਈ ਬਿਮਾਰੀ ਫੈਲ ਜਾਂਦੀ ਤਾਂ ਸਭ ਨੂੰ ਪਾਣੀ ਉਬਾਲ ਕੇ ਪੀਣ ਲਈ ਜ਼ਰੂਰ ਕਹਿੰਦਾ।
“ਓ ਭਾਈ ਇਹ ਤਾਂ ਮੰਡੀ ਦੇ ਕਰਮ ਚੰਗੇ ਐ ਜਿਹੜਾ ਡਾਕਟਰ ਫੇਰ ਏਥੇ ਆ ਗਿਆ। ਐਹੋ ਜੇ ਬੰਦੇ ਅੱਜ ਕੱਲ੍ਹ ਕਿਥੇ ਐ ਜਿਹੜੇ ਘਰੋਂ ਖਾ ਕੇ ਮੱਤ ਦੇਣ।” ਲੋਕ ਆਮ ਹੀ ਅਜਿਹੀਆਂ ਗੱਲਾਂ ਉਸ ਬਾਰੇ ਕਹਿੰਦੇ।
ਪਰ ਡਾਕਟਰ ਸੀਤਾ ਰਾਮ ਕੌੜਾ ਹੁਣ ਬੁੱਢਾ ਹੋ ਗਿਆ ਸੀ, ਸੱਠਾਂ ਤੋਂ ਉਤੇ। ਉਹਨੇ ਜਿਸ ਕਿਰਾਏ ਦੇ ਹਾਤੇ ਵਿਚ ਆਪਦਾ ਕਲਿਨਿਕ ਬਣਾਇਆ ਹੋਇਆ ਸੀ, ਉਸ ਦੇ ਆਲੇ-ਦੁਆਲੇ ਸੱਤ-ਅੱਠ ਅੱਧ-ਕੱਚੇ ਕਮਰੇ ਸਨ, ਜਿਥੇ ਕਦੇ ਸੇਠ ਮੁੰਨਾਂ ਲਾਲ ਦੇ ਪੱਲੇਦਾਰ ਰਹਿੰਦੇ ਸਨ। ਕਈ ਕੋਠਿਆਂ ਵਿਚ ਕਣਕ, ਛੋਲਿਆਂ ਤੇ ਬਾਜਰੇ ਦੀਆਂ ਧਾਂਕਾਂ ਲੱਗੀਆਂ ਹੁੰਦੀਆਂ। ਉਦੋਂ ਏਥੇ ਚਾਰੇ ਪਾਸੇ ਚੂਹਿਆਂ ਦੀਆਂ ਖੁੱਡਾਂ ਤੇ ਛੱਤਾਂ ਵਿਚ ਚਿੜੀਆਂ ਦੇ ਆਲ੍ਹਣੇ ਹੁੰਦੇ। ਅੰਦਰੋਂ ਹਰ ਵੇਲੇ ਸਿੱਲ੍ਹੇ ਗਲੇ-ਸੜੇ ਅਨਾਜ ਦੀ ਬਦਬੂ ਆਉਂਦੀ ਰਹਿੰਦੀ, ਪਰ ਜਦੋਂ ਦਾ ਸੇਠ ਨੇ ਇਹ ਹਾਤਾ ਡਾਕਟਰ ਕੌੜਾ ਨੂੰ ‘ਧਰਮਖਾਤੇ’ ਦਿੱਤਾ ਸੀ, ਉਹਨੇ ਇਸ ਦੀ ਮੁਰੰਮਤ ਉਤੇ ਕੋਈ ਪੈਸਾ ਨਹੀਂ ਸੀ ਲਾਇਆ। ਡਾਕਟਰ ਆਪਣੀ ਆਮਦਨ ਵਿਚੋਂ ਕਈ ਹਜ਼ਾਰ ਰੁਪਿਆ ਖਰਚ ਕੇ ਹਨੇਰ-ਕੋਠੜੀਆਂ ਦੀ ਮੁਰੰਮਤ ਕਰਵਾ ਚੁਕਾ ਸੀ। ਹੇਠ ਇੱਟਾਂ ਦੇ ਫਰਸ਼ ਲਵਾਏ ਸਨ ਤੇ ਨਵੇਂ ਮੇਜ਼-ਕੁਰਸੀਆਂ ਤੇ ਲੋਹੇ ਦੇ ਪਾਈਪਾਂ ਦੇ ਬਣੇ ਮੰਜੇ ਵੀ ਮਰੀਜ਼ਾਂ ਲਈ ਲਿਆਂਦੇ ਸਨ, ਪਰ ਜਿਹੋ-ਜਿਹਾ ‘ਹਸਪਤਾਲ’ ਉਹ ਚਾਹੁੰਦਾ ਸੀ, ਉਹਦੇ ਉਤੇ ਕਈ ਲੱਖ ਦਾ ਖਰਚਾ ਆਉਂਦਾ ਸੀ। ਉਹਦੀ ਆਪਣੀ ਕਮਾਈ ਮਸਾਂ ਟੱਬਰ ਦਾ ਖਰਚ ਤੋਰਨ ਜੋਗੀ ਸੀ। ਦੋ ਲੜਕੇ ਬਾਹਰ ਪੜ੍ਹਦੇ ਸਨ। ਇਕ ਡਾਕਟਰੀ ਦਾ ਤੇ ਦੂਜਾ ਇੰਜੀਨੀਅਰਿੰਗ ਦਾ ਕੋਰਸ ਕਰਦਾ ਸੀ। ਲੜਕੀ ਵੱਡੀ ਸੀ, ਉਹ ਵਿਆਹ ਦਿੱਤੀ ਸੀ। ਏਥੇ ਉਹ ਤੇ ਉਹਦੀ ਪਤਨੀ ਦੋਵੇਂ ਰਹਿੰਦੇ ਸਨ। ਉਹਦੇ ਡਾਕਟਰੀ ਅਸੂਲਾਂ ਅਨੁਸਾਰ ਸਫਾਈ, ਖੁਰਾਕ, ਕੱਪੜੇ-ਲੀੜੇ ਤੇ ਆਏ-ਗਏ ਦਾ ਖਰਚ ਦਿਨੋ-ਦਿਨ ਵਧਦਾ ਜਾਂਦਾ ਸੀ। ਸਿੱਟਾ ਇਹ ਨਿਕਲਿਆ ਕਿ ਜੋ ਕਮਾਈ ਹੁੰਦੀ, ਉਹ ਖੂਹ ਵਿਚ ਖਪਣ ਵਾਲੀ ਗੱਲ ਸੀ। ਫੇਰ ਵੀ ਉਹ ਹਿੰਮਤ ਨਹੀਂ ਸੀ ਹਾਰਦਾ।
“ਡਾਕਟਰ ਸਾਹਿਬ ਏਨੇ ਪੈਸੇ ਤਾਂ ਮੇਰੇ ਕੋਲ ਹੈਨੀ।” ਕੋਈ ਆਮ ਮਰੀਜ਼ ਕਹਿੰਦਾ ਤਾਂ ਉਹ ਰਤਾ ਗੁੱਸੇ ਨਾਲ ਉਸ ਵੱਲ ਝਾਕਦਾ ਪਰ ਕੁਝ ਸਕਿੰਟ ਬੋਲ ਨਾ ਸਕਦਾ। “ਜਾ ਭਾਗ ਜਾ।” ਬਸ ਏਨਾ ਕਹਿ ਕੇ ਹੋਰ ਮਰੀਜ਼ ਦੇਖਣ ਲੱਗ ਪੈਂਦਾ।
ਅਜਿਹਾ ਗੁੱਸਾ ਉਹਨੂੰ ਉਦੋਂ ਆਉਂਦਾ, ਜਦੋਂ ਇਹ ਪਤਾ ਹੋਵੇ ਕਿ ਇਹ ਬੰਦਾ ਝੂਠ ਬੋਲ ਰਿਹਾ ਹੈ। ਉਹ ਮੰਡੀ ਤੇ ਆਸੇ-ਪਾਸੇ ਦੇ ਪਿੰਡਾਂ ਦੇ ਆਪਣੇ ਸਭ ਮਰੀਜ਼ਾਂ ਤੇ ਉਨ੍ਹਾਂ ਦੇ ਘਰ-ਪਰਿਵਾਰਾਂ ਨੂੰ ਏਨੀ ਚੰਗੀ ਤਰ੍ਹਾਂ ਜਾਣਦਾ ਸੀ ਕਿ ਉਹਨੂੰ ਇਹ ਵੀ ਪਤਾ ਹੁੰਦਾ ਕਿਹੜਾ ਕਿੰਨਾ ਕੁ ਖਰਚ ਕਰਨ ਜੋਗਾ ਸੀ। ਅਤਿ ਗਰੀਬ ਲੋਕਾਂ ਤੋਂ ਉਹ ਪੈਸੇ ਮੰਗਦਾ ਹੀ ਨਹੀਂ ਸੀ। ਜੇ ਕੋਈ ਪੰਜ-ਸੱਤ ਦੇਣ ਦਾ ਯਤਨ ਵੀ ਕਰਦਾ ਤਾਂ ਉਹਨੂੰ ਕਹਿ ਦਿੰਦਾ, “ਇਸ ਕਾ ਫਰੂਟ ਲੇ-ਜੀਂ, ਬੱਚੇ ਕੀ ਖਾਤਰ, ਆਈ ਸਮਝ! ਪਰ ਜੇ ਅਧੀਆ-ਪਊਆ ਲੇ ਕੇ ਪੀ ਲੀਆ ਤੋ ਮੈਂ ਤੰਨੇ, ਬਜ਼ਾਰ ਮੇਂ ਖੜਾ ਕਰਕੇ ਜੁੱਤੀਆਂ ਗੈਲ ਕੁਟੂੰ, ਸਮਝਿਆ!”
ਤੇ ਇਸ ਤੋਂ ਸਾਰੇ ਜਾਣੂ ਸਨ ਕਿ ਉਹ ਸੱਚਮੁੱਚ ਹੀ ਜੁੱਤੀਆਂ ਨਾਲ ਕੁੱਟ ਸਕਦਾ ਸੀ; ਕਿਸੇ ਦੀ ਛੁਡਾਉਣ ਦੀ ਵੀ ਹਿੰਮਤ ਨਹੀਂ ਸੀ ਪੈ ਸਕਦੀ (ਕਿੰਨੇ ਹੀ ਸ਼ਰਾਬੀ ਬੰਦੇ ਉਹਨੇ ਕੁੱਟੇ ਵੀ ਸਨ)।
ਪਰ ਹੁਣ ਜਿਵੇਂ ਜਿਵੇਂ ਉਹਦੀ ਉਮਰ ਵਧ ਰਹੀ ਸੀ; ਹਿੰਮਤ ਵੀ ਜਵਾਬ ਦਿੰਦੀ ਜਾਂਦੀ ਸੀ। ਕਈ ਨਵੇਂ ‘ਸੁਇਮਸੇਵਕ’ ਬਣੇ ਨੌਜਵਾਨਾਂ ਨੇ ਉਹਦੀ ਮਦਦ ਲਈ ‘ਸ਼ਹਿਰੀਆਂ’ ਦੇ ਕਈ ਇਕੱਠ ਕੀਤੇ। ਵੱਡੀਆਂ-ਵੱਡੀਆਂ ‘ਸਕੀਮਾਂ’ ਵੀ ਬਣਾਈਆਂ। ਕਈ ਵਾਰ ‘ਕੱਠੇ ਹੋ ਕੇ ਉਸ ਕੋਲ ਜਾ ਕੇ ਦੱਸਿਆ ਵੀ, “ਡਾਕਟਰ ਸਾਹਬ, ਅਸੀਂ ਚਾਰ-ਪੰਜ ਲੱਖ ਰੁਪਿਆ ‘ਕੱਠਾ ਕਰਕੇ ਬਾਹਰ ਇਕ ਪਲਾਟ ਖਰੀਦ ਕੇ ਵੱਡਾ ਹਸਪਤਾਲ ਬਣਾਵਾਂਗੇ। ਤੁਸੀਂ ਉਹਦੇ ‘ਡਾਇਰੈਕਟਰ’ ਹੋਵੋਗੇ। ਫਿਜ਼ੀਸ਼ਨ, ਸਰਜਨ, ਡੈਂਟਿਸਟ- ਹਰ ਤਰ੍ਹਾਂ ਦੇ ਮਾਹਰ ਡਾਕਟਰ ਰੱਖਾਂਗੇ। ਨਵੀਆਂ ਐਕਸਰੇ ਮਸ਼ੀਨਾਂ ਲਿਆਵਾਂਗੇ, ਠੀਕ ਐ ਜੀ?”
ਪਹਿਲਾਂ ਪਹਿਲਾਂ ਉਹ ਉਨ੍ਹਾਂ ਨੂੰ ‘ਸ਼ਾਬਾਸ਼ੇ’ ਦਿੰਦਾ ਮੁਸਕਰਾ ਕੇ ਕਹਿੰਦਾ, “ਥਾਨੇ ਜੇ ਇਹ ਕੰਮ ਕਰ ਲੀਆ ਤੋਂ ਇਸ ਕਾ ਫਲ ਉਰੇ ਹੀ ਮਿਲੇਗਾ, ਮੇਰਾ ਅਗਲੇ ਜਹਾਨ ਮੇਂ ਕੋਈ ਯਕੀਨ ਨਹੀਂ, ਉਰੇ ਈ ਫਲ ਮਿਲੇ ਤੋ ਤਸੱਲੀ ਹੁੰਦੀ ਹੈ। ਅੱਛੇ ਕੰਮ ਕਰਨ ਵਾਲਿਆਂ ਨੂੰ ਫਲ ਲਾਜ਼ਮੀ ਮਿਲਿਆ ਕਰਦੈ, ਮੇਰਾ ਯਕੀਨ ਰਹਿਐ, ਉਮਰ ਭਰ।”
ਮਹੀਨੇ-ਵੀਹ ਦਿਨ ਬਾਅਦ ਜਦੋਂ ਕੁਝ ਨੌਜਵਾਨ ਆ ਕੇ ਦੱਸਦੇ ਕਿ ਉਨ੍ਹਾਂ ਨੇ ਜਗ੍ਹਾ ਖਰੀਦਣ ਦੀ ਸਲਾਹ ਬਣਾ ਲਈ ਹੈ ਤੇ ਬਸ ਥੋੜ੍ਹੇ ਜਿਹੇ ਪੈਸੇ ਘੱਟ ਹਨ, ਪੂਰੇ ਹੋਣ ਤੇ ਉਹ ਰਜਿਸਟਰੀ ਕਰਵਾ ਲੈਣਗੇ ਤਾਂ ਉਸ ਦਿਨ ਉਹ ਬਹੁਤ ਖੁਸ਼ ਹੁੰਦਾ। ਆਪਣੇ ਬੁੱਢੇ ਹੱਡਾਂ ਵਿਚ ਵੀ ਉਹਨੂੰ ਜਵਾਨੀ ਜਿੰਨਾ ਬਲ ਲੱਗਦਾ। ਰਾਤ ਨੂੰ ਨੀਂਦ ਨਾ ਆਉਂਦੀ। ਮਨ ਵਿਚ ਨਵੇਂ ਹਸਪਤਾਲ ਦੇ ਨਕਸ਼ੇ ਬਾਰੇ ਚਿਤਵਦਾ ਰਹਿੰਦਾ। ਬੜੀ ਫੁਰਤੀ ਨਾਲ ਏਧਰ-ਉਧਰ ਆ ਜਾ ਰਹੇ ਡਾਕਟਰਾਂ ਤੇ ਨਰਸਾਂ ਬਾਰੇ ਸੋਚਦਾ ਤੇ ਫੇਰ ਉਹਨੂੰ ਕਰਾਹ ਰਹੇ ਮਰੀਜ਼ਾਂ ਦੀਆਂ ਆਵਾਜ਼ਾਂ, ਸ਼ਾਂਤ ਹੁੰਦੀਆਂ ਸੁਣਦੀਆਂ।
ਤੇ ਅਜਿਹੇ ਵੇਲੇ ਉਹ ਬਹੁਤ ਭਾਵੁਕ ਹੋ ਜਾਂਦਾ।
ਸਮਾਂ ਬੀਤ ਗਿਆ। ਮੰਡੀ ਦੇ ਨੌਜਵਾਨਾਂ ਨੇ ਕਈ ਨਵੀਆਂ-ਨਵੀਆਂ ਕਲੱਬਾਂ ਬਣਾ ਲਈਆਂ। ਉਹ ਉਥੇ ‘ਕੱਠੇ ਹੁੰਦੇ, ਸਭਿਆਚਾਰਕ ਪ੍ਰੋਗਰਾਮ ਰਚਾਉਂਦੇ, ਡਿਨਰ ਖਾਂਦੇ ਤੇ ਕਦੇ ਕਦੇ ਅੱਖਾਂ ਦੇ, ਦੰਦਾਂ ਦੇ ਜਾਂ ਹੱਡੀਆਂ ਦੀਆਂ ਬਿਮਾਰੀਆਂ ਦੇ ਇਲਾਜ ਲਈ ਕੈਂਪ ਵੀ ਲਾਉਂਦੇ। ਬਾਹਰੋਂ ਡਾਕਟਰ ਵੀ ਆਉਂਦੇ। ਅਜਿਹੇ ਵੇਲੇ ਉਹ ਡਾਕਟਰ ਸਾਹਬ ਨੂੰ ਪ੍ਰਧਾਨਗੀ ਕਰਨ ਲਈ ਵੀ ਸੱਦ ਲਿਜਾਂਦੇ ਪਰ ਬਾਹਰੋਂ ਆਏ ਨੌਜਵਾਨ ਡਾਕਟਰ ਉਸ ਨਾਲ ਇੰਜ ਮਿਲਦੇ, ਜਿਵੇਂ ਉਹ ਕਿਸੇ ਡਾਕਟਰ ਨਾਲ ਨਹੀਂ, ਮੰਡੀ ਦੇ ਕਿਸੇ ਹਟਵਾਣੀਏ ਨਾਲ ਮਿਲਦੇ ਹੋਣ। ਕੋਈ ਡਾਕਟਰ ਉਸ ਕੋਲੋਂ ਉਹਦੇ ਚਾਲੀ ਸਾਲ ਦੇ ਤਜਰਬਿਆਂ ਬਾਰੇ, ਦਵਾਈਆਂ, ਇਲਾਜ ਬਾਰੇ ਕੋਈ ਗੰਭੀਰ ਰਾਏ ਨਾ ਪੁੱਛਦਾ। ਅਜਿਹੇ ਇਕੱਠਾਂ ਵਿਚ ਬੋਲਣ ਦਾ ਉਸ ਦਾ ਕੋਈ ਅਭਿਆਸ ਨਹੀਂ ਸੀ। ਜਦੋਂ ਨੌਜਵਾਨ ਮੁੰਡੇ ਉਹਨੂੰ ਪ੍ਰਧਾਨ ਵਜੋਂ ਕੁਝ ਬੋਲਣ ਲਈ ਕਹਿੰਦੇ ਤਾਂ ਉਹ ਉਠ ਕੇ ਅਸ਼ੀਰਵਾਦ ਦਿੰਦਾ ਤੇ ਉਨ੍ਹਾਂ ਦੇ ਚੰਗੇ ਮਿਸ਼ਨ ਦੀ ਸਫਲਤਾ ਲਈ ਚਾਰ ਸ਼ਬਦ ਬੋਲ ਦਿੰਦਾ। ਇਸ ਤੋਂ ਵੱਧ ਕੁਝ ਕਹਿ ਨਹੀਂ ਸੀ ਸਕਦਾ।
ਅਜਿਹੇ ਸਮਾਗਮਾਂ ਤੋਂ ਵਾਪਸ ਪਰਤ ਕੇ ਡਾਕਟਰ ਕੌੜਾ ਹੋਰ ਵੀ ਉਦਾਸ ਹੋ ਜਾਂਦਾ। ਹੁਣ ਜਦੋਂ ਕਦੇ ਕੁਝ ਨੌਜਵਾਨ ਉਸ ਕੋਲ ਆ ਕੇ ਹਸਪਤਾਲ ਦੀਆਂ ਯੋਜਨਾਵਾਂ ਦੱਸਦੇ ਤਾਂ ਉਹ ਸੁੰਨਾ-ਸੁੰਨ ਉਨ੍ਹਾਂ ਦੇ ਚਿਹਰਿਆਂ ਵੱਲ ਝਾਕਦਾ, ਚੁੱਪ-ਚਾਪ ਸੁਣਦਾ ਰਹਿੰਦਾ। ਕਦੇ-ਕਦੇ ਬਸ ਏਨਾ ਕਹਿੰਦਾ, “ਕੁਛ ਕਰੋ ਬੀ ਨਾ! ਨੂਈਂ ਬਾਤਾਂ ਕਰਨ ਦਾ ਕਿਆ ਫਾਇਦਾ, ਬਾਤਾਂ ਗੈਲ ਤੋ ਕੁਛ ਨਹੀਂ ਹੁੰਦਾ।” ਪਰ ਜਦੋਂ ਉਹਨੂੰ ਅਹਿਸਾਸ ਹੋ ਗਿਆ ਕਿ ਨਵੀਂ ਪੀੜ੍ਹੀ ਦੇ ਨੌਜਵਾਨ, ਸਿਵਾਏ ਆਪਣੀ ਵਾਹ-ਵਾਹ ਖੱਟਣ ਦੇ ਹੋਰ ਕੁਝ ਕਰਨ ਜੋਗੇ ਨਹੀਂ ਤਾਂ ਉਹ ਬਹੁਤ ਹੀ ਨਿਰਾਸ਼ ਹੋ ਗਿਆ। ਆਪਣੇ ‘ਕੌੜਾ ਕਲਿਨਿਕ’ ਵਿਚ ਉਨ੍ਹਾਂ ਹੀ ਸਿੱਲ੍ਹੇ ਕਮਰਿਆਂ ਵਿਚ ਪਏ ਮਰੀਜ਼ਾਂ ਵੱਲ ਵੀ ਉਹਦਾ ਧਿਆਨ ਘਟ ਗਿਆ। ਜੋ ਤਿੰਨ-ਚਾਰ ਮੁੰਡੇ ਕੁੜੀਆਂ ਉਸ ਕੋਲੋਂ ਸਿਰਫ ਪ੍ਰੈਕਟਿਸ ਦੇ ਸਰਟੀਫਿਕੇਟ ਲੈਣ ਆਏ ਸਨ, ਉਨ੍ਹਾਂ ਨੇ ਦੋ-ਦੋ ਚਾਰ-ਚਾਰ ਸਾਲ ਬਾਅਦ, ਨਾਲ ਦੇ ਪਿੰਡਾਂ ਵਿਚ ਆਪਣੇ ਕਲਿਨਿਕ ਖੋਲ੍ਹ ਲਏ। ਉਨ੍ਹਾਂ ਹੀ ਪਿੰਡਾਂ ਦੇ ਵਿਗੜੇ ਕੇਸ ਜਦੋਂ ਉਸ ਕੋਲ ਆਉਂਦੇ ਤਾਂ ਉਹ ਹੈਰਾਨ ਹੋ ਜਾਂਦਾ ਕਿ ਉਸ ਕੋਲ ਕੰਪਾਊਡਰ ਲੱਗੇ ਮੁੰਡੇ ਹੁਣ ‘ਡਾਕਟਰ’ ਬਣ ਕੇ ਕਿੰਜ ਲੋਕਾਂ ਦੀ ਛਿੱਲ ਲਾਹ ਰਹੇ ਸਨ। ਕਈ ਸਕੂਟਰ, ਕਾਰਾਂ ਵੀ ਲਈ ਫਿਰਦੇ ਸਨ ਪਰ ਉਸ ਨੇ ਸਾਰੀ ਉਮਰ ਸਾਈਕਲ ਵੀ ਖਰੀਦ ਕੇ ਨਹੀਂ ਸੀ ਦੇਖਿਆ। ਉਨ੍ਹਾਂ ਦੇ ਗਲਤ ਦਵਾਈਆਂ ਦੇ ਕੇ ਬੇਲੋੜੇ ਟੀਕੇ ਲਾ ਕੇ ਵਿਗੜੇ ਕੇਸ ਉਸ ਕੋਲ ਆਉਂਦੇ, ਉਨ੍ਹਾਂ ਦਾ ਇਲਾਜ ਕਰਦਾ ਉਹ ਉਨ੍ਹਾਂ ਆਪਣੇ ‘ਬਣਾਏ’ ਡਾਕਟਰਾਂ ਨੂੰ ਬੁਰਾ-ਭਲਾ ਕਹਿੰਦਾ ਰਹਿੰਦਾ। ਉਹਦਾ ਜੀ ਕਰਦਾ, ਉਨ੍ਹਾਂ ਨੂੰ ਬੁਲਾ ਕੇ ਖੂਬ ਝਿੜਕ-ਝੰਬ ਕਰੇ ਕਿ ਉਹ ਕਿਉਂ ਉਸ ਦਾ ਨਾਂ ਬਦਨਾਮ ਕਰਨ ਲੱਗੇ ਸਨ, ਪਰ ਇਕ-ਦੋਂਹ ਨੂੰ ਛੱਡ ਕੇ ਕਦੇ ਕੋਈ ਪੁਰਾਣਾ ਸ਼ਾਗਿਰਦ ਉਸ ਕੋਲ ਨਹੀਂ ਸੀ ਆਇਆ। ਫੇਰ ਕੀਹਨੂੰ ਕੁਝ ਸਮਝਾਏ?
ਡਾਕਟਰ ਕੌੜਾ ਦੀ ਸਾਰੀ ਉਮਰ ਇਹ ਆਦਤ ਰਹੀ ਕਿ ਜਦੋਂ ਵੀ ਐਮਰਜੈਂਸੀ ਆਈ, ਉਹਨੇ ਬਿਨਾ ਆਪਣੇ ਆਰਾਮ ਦਾ ਖਿਆਲ ਕੀਤਿਆਂ ਸਾਰੀ-ਸਾਰੀ ਰਾਤ ਵੀ ਆਪਣੇ ਕਲਿਨਿਕ ਵਿਚ ਬਿਤਾਈ। ਹੁਣ ਵੀ ਅਜਿਹੇ ਵੇਲੇ ਉਹ ਨਾਂਹ ਨਹੀਂ ਸੀ ਕਰ ਸਕਦਾ। ਅੱਸੀ ਸਾਲ ਦੇ ਨੇੜੇ ਪਹੁੰਚਣ ਦੇ ਬਾਵਜੂਦ ਉਹ ਤੜਕਸਾਰ ਆਪਣੇ ਕਲਿਨਿਕ ਪਹੁੰਚ ਜਾਂਦਾ। ਦੁਪਹਿਰੇ ਵੀ ਘੱਟ ਹੀ ਆਰਾਮ ਕਰਦਾ। ਉਸ ਦੇ ਰੱਖੇ ਨਵੇਂ-ਨਵੇਂ ਕੰਪਾਊਡਰਾਂ ਤੇ ਨਰਸ ਕੁੜੀਆਂ ਨੂੰ ਬਹੁਤ ਹੀ ਚੰਗੀ ਤਰ੍ਹਾਂ ਹਦਾਇਤਾਂ ਕਰਦਾ; ਸਮਝਾਉਂਦਾ ਕਿ ਉਨ੍ਹਾਂ ਦੀ ਕੀ ਡਿਊਟੀ ਸੀ। ਜੇ ਕੋਈ ਮੁੰਡਾ, ਕੁੜੀ ਸਿਰਫ ਪਹਿਨਣ-ਪਚਰਨ ‘ਚ ਸਮਾਂ ਬਰਬਾਦ ਕਰਕੇ ਮਰੀਜ਼ਾਂ ਵਲ ਬੇਧਿਆਨੀ ਕਰਦਾ, ਉਹਨੂੰ ਉਹ ਪਹਿਲਾਂ ਘੂਰ-ਘੱਪ ਕਰਦਾ, ਪਰ ਉਹਦੇ ਬਾਰ-ਬਾਰ ਗਲਤੀ ਕਰਨ ਉਤੇ ਕਲਿਨਿਕ ‘ਚੋਂ ਕੱਢ ਦਿੰਦਾ ਤੇ ਹੋਰ ਰੱਖ ਲੈਂਦਾ (ਹੁਣ ਪੜ੍ਹੇ ਲਿਖੇ ਮੁੰਡੇ-ਕੁੜੀਆਂ ਦਾ ਕੋਈ ਘਾਟਾ ਵੀ ਨਹੀਂ ਸੀ ਰਿਹਾ। ਇਕ ਹਟਾ ਦਿੰਦਾ ਤਾਂ ਕਈ ਵਾਰ ਦਸ-ਦਸ ਮੁੰਡੇ-ਕੁੜੀਆਂ ਦੇ ਮਾਪੇ ਤੇ ਰਿਸ਼ਤੇਦਾਰ ਆ ਕੇ ਉਸ ਦੀਆਂ ਮਿੰਨਤਾਂ ਕਰਦੇ ਕਿ ਉਨ੍ਹਾਂ ਦੇ ਮੁੰਡੇ, ਕੁੜੀ ਨੂੰ ਕੰਮ ਲਈ ਰੱਖ ਲਵੇ)।
ਤੇ ਫੇਰ ਅਚਾਨਕ ਇਕ ਦਿਨ ਲੋਕਾਂ ਨੇ ਇਹ ਦੁਖਦਾਈ ਖਬਰ ਸੁਣੀ ਕਿ ਡਾਕਟਰ ਸੀਤਾ ਰਾਮ ਕੌੜਾ ਰਾਤੀਂ ਸੁੱਤਾ ਹੀ ਰਹਿ ਗਿਆ। ਸੈਂਕੜੇ ਲੋਕ ਉਹਦੇ ਅੰਤਿਮ ਸਸਕਾਰ ਲਈ ‘ਕੱਠੇ ਹੋਏ। ਕਈ ਦਿਨ ਉਹਦੀਆਂ ਗੱਲਾਂ ਇੰਜ ਹੁੰਦੀਆਂ ਰਹੀਆਂ, ਜਿਵੇਂ ਕੋਈ ਭੁਚਾਲ ਆਇਆ ਹੋਵੇ। ਉਹਦੇ ਵੱਡੇ ਸ਼ਹਿਰਾਂ ਵਿਚ ਰਹਿੰਦੇ ਦੋਵੇਂ ਮੁੰਡੇ ਆਏ ਤੇ ਉਹਦੇ ਕਲਿਨਿਕ ਦਾ ਸਾਰਾ ਸਾਮਾਨ ਇਕ ਨਵੇਂ ਆਏ ਡਾਕਟਰ ਨੂੰ ਵੇਚ ਕੇ ਆਪਣੀ ਬੁੱਢੀ ਮਾਂ ਨੂੰ ਨਾਲ ਲੈ ਕੇ ਚਲੇ ਗਏ।
ਕੁਝ ਮਹੀਨੇ ਬਾਅਦ ਲੋਕ ਡਾਕਟਰ ਸੀਤਾ ਰਾਮ ਨੂੰ ਇੰਜ ਭੁੱਲ ਗਏ, ਜਿਵੇਂ ਉਹ ਏਥੇ ਕਦੇ ਹੁੰਦਾ ਹੀ ਨਹੀਂ ਸੀ। ਨਵੇਂ ਆਏ ਇਕ ਡਾਕਟਰ ਨੇ ਉਸੇ ਪੁਰਾਣੇ ਹਾਤੇ ਵਿਚ ਨਵਾਂ ‘ਗੁਪਤਾ ਹਸਪਤਾਲ’ ਖੋਲ੍ਹ ਲਿਆ। ਸੇਠ ਸ਼ਿਵ ਲਾਲ ਦੇ ਪੁੱਤ-ਪੋਤੇ ਸ਼ਾਇਦ ਕਲਕੱਤੇ ਜਾ ਵਸੇ ਸਨ। ਉਨ੍ਹਾਂ ਨੇ ਇਹ ਹਾਤਾ (ਜਿਥੇ ਕਦੇ ‘ਕੌੜਾ ਕਲਿਨਿਕ’ ਹੁੰਦਾ ਸੀ) ਡਾਕਟਰ ਗੁਪਤਾ ਨੂੰ ਵੇਚ ਦਿੱਤਾ ਸੀ। ਉਹਨੇ ਪੁਰਾਣੇ ਕਮਰੇ ਢਾਹ ਕੇ ਨਵੇਂ ਬੈੱਡ, ਨਵੀਆਂ ਸਕੈਨਿੰਗ ਮਸ਼ੀਨਾਂ ਤੇ ਲੈਬਾਰਟਰੀ ਦਾ ਸਮਾਨ ਲੈ ਆਂਦਾ ਸੀ। ਹੁਣ ਡਾਕਟਰ ਕੌੜਾ ਦੇ ਕਲਿਨਿਕ ਵਾਂਗ ‘ਆਮ-ਖਾਸ’ ਮਰੀਜ਼ ਏਥੇ ਦਾਖਲ ਨਹੀਂ ਸਨ ਕੀਤੇ ਜਾਂਦੇ। ਸਿਰਫ ਸਰਦੇ-ਪੁਜਦੇ ਲੋਕ ਹੀ ਦਾਖਲ ਹੋ ਸਕਦੇ।
ਫੇਰ ਇਕ ਦਿਨ ਲੋਕਾਂ ਨੇ ਦੇਖਿਆ ਕਿ ਪੁਰਾਣੇ ‘ਕੌੜਾ ਕਲਿਨਿਕ’ ਤੇ ਹੁਣ ਨਵੇਂ ‘ਗੁਪਤਾ ਹਸਪਤਾਲ’ ਦੇ ਸਾਹਮਣੇ ਥੜ੍ਹੇ ਉਤੇ ਇਕ ਬੰਦਾ ਮਰਿਆ ਪਿਆ ਸੀ। ਨਵੀਂ ਬਣੀ ‘ਸਹਾਰਾ ਕਲੱਬ’ ਦੇ ਨੌਜਵਾਨ ਮੁੰਡੇ ਉਹਦੇ ਸਸਕਾਰ ਦਾ ਪ੍ਰਬੰਧ ਕਰਦੇ ਫਿਰਦੇ ਸਨ (ਕਿਉਂਕਿ ਇਹ ਕੋਈ ਲਾਵਾਰਸ ਬੰਦਾ ਸੀ- ਸ਼ਾਇਦ ਬਿਹਾਰੀ ਮਜ਼ਦੂਰ ਜਾਂ ਉਤਰ ਪ੍ਰਦੇਸ਼ ਦਾ ਭੱਈਆ)। ਕੁਝ ਨੌਜਵਾਨਾਂ ਨੂੰ ਜਦੋਂ ਪਤਾ ਲੱਗਾ ਕਿ ਡਾਕਟਰ ਗੁਪਤਾ ਨੇ ਰਾਤ ਉਹਨੂੰ ਦਾਖਲ ਨਹੀਂ ਸੀ ਕੀਤਾ ਤੇ ਉਹ ਥੜ੍ਹੇ ਉਤੇ ਪਿਆ ਹੀ ਮਰ ਗਿਆ ਸੀ ਤਾਂ ਉਹ ਉਤੇਜਿਤ ਹੋ ਕੇ ਡਾਕਟਰ ਨਾਲ ਲੜਨ ਲੱਗ ਪਏ ਪਰ ਡਾਕਟਰ ਗੁਪਤਾ ਨੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਬੇਇੱਜਤ ਕਰਕੇ ਬਾਹਰ ਕੱਢ ਦਿੱਤਾ। ਉਹ ‘ਘੁਰ-ਘੁਰ’ ਕਰਦੇ ਮੁੜ ਆਏ (ਕਈਆਂ ਨੇ ਥਾਣੇ ਉਸ ਦੀ ‘ਅਣਗਹਿਲੀ’ ਦੀ ਰਿਪੋਰਟ ਵੀ ਕਰਨੀ ਚਾਹੀ ਪਰ ਥਾਣੇਦਾਰ ਨੇ ਕਾਨੂੰਨ ਸਮਝਾ ਕੇ ਮੋੜਨਾ ਚਾਹਿਆ ਤਾਂ ਝਗੜਾ ਵੀ ਹੋਇਆ। ਅਖੀਰ ਥਾਣੇਦਾਰ ਨੇ ਸਿਪਾਹੀਆਂ ਤੋਂ ਚਾਰ ਡੰਡੇ ਮਰਵਾ ਕੇ ਸਭ ਨੂੰ ਬਾਹਰ ਕੱਢ ਦਿੱਤਾ)।
ਸਾਰੀ ਕਾਨੂੰਨੀ ਕਾਰਵਾਈ ਪੂਰੀ ਕਰਨ ਮਗਰੋਂ ਜਦੋਂ ਨੌਜਵਾਨ ਮੁੰਡਿਆਂ ਨੇ ਉਸ ਲਾਵਾਰਸ ਬੰਦੇ ਦਾ ਸਸਕਾਰ ਕਰ ਦਿੱਤਾ ਤਾਂ ਇਕ ਵਾਰ ਮੰਡੀ ਤੇ ਆਸੇ-ਪਾਸੇ ਦੇ ਪਿੰਡਾਂ ਵਿਚ ਮੁੜ ਡਾਕਟਰ ਸੀਤਾ ਰਾਮ ਕੌੜਾ ਦੀ ਚਰਚਾ ਸ਼ੁਰੂ ਹੋ ਗਈ; ਪਰ ਇਹ ਚਰਚਾ ਬਿਲਕੁਲ ਇੰਜ ਸੀ, ਜਿਵੇਂ ਕਿਸੇ ਮੁੰਡੇ-ਖੁੰਡੇ ਨੇ ਛੱਪੜ ਵਿਚੋਂ ਮੱਝ ਕੱਢਣ ਲਈ ਵਾਹਣ ਵਿਚੋਂ ਚੁੱਕ ਕੇ ਦੋ-ਚਾਰ ਡਲੇ ਚਲਾਏ ਹੋਣ। ਕੁਝ ਦਿਨਾਂ ਮਗਰੋਂ ਲੋਕ ਫੇਰ ਆਪੋ-ਆਪਣੇ ਕੰਮਾਂ-ਧੰਦਿਆਂ ਵਿਚ ਰੁਝ ਕੇ ਡਾਕਟਰ ਕੌੜਾ ਨੂੰ ਭੁੱਲ ਗਏ। ਬਸ ਇਕ ਬੁੱਢੇ ਆੜ੍ਹਤੀਏ ਫੁੰਮਣ ਮੱਲ ਨੇ ਹੀ ਆਪਣੇ ਇਕ ਹਾਣੀ ਕੋਲ ਇਕ ਦਿਨ ਏਨੀ ਗੱਲ ਛੇੜੀ, “ਕਿਉਂ ਬਈ ਸੰਤ ਰਾਮਾ, ਡਾਕਟਰ ਸੀਤਾ ਰਾਮ ਨੂੰ ਲੋਕ ਊਂਈਂ ਭੁੱਲਗੇ; ਐਂ ਬੀ ਕਦੇ ਹੁੰਦੀ ਸੁਣੀਂ ਸੀ! ਹੁਣ ਤਾਂ ਐਡੇ ਐਡੇ ਬੱਡੇ ਬੰਦਿਆਂ ਦਾ ਬੀ ਕੋਈ ਕੁੱਤੇ-ਬਿੱਲੇ ਜਿੰਨਾ ਮਸੋਸ ਨੀਂ ਕਰਦਾ, ਹੈਂ ਕਿ ਨਹੀਂ?”
ਸੰਤ ਰਾਮ ਦੁਕਾਨ ਦੇ ਥੜ੍ਹੇ ਉਤੇ ਡਾਹੀ ਮੰਜੀ ‘ਤੇ ਪਿਆ ਖੰਘੀ ਗਿਆ, ਬੋਲ ਨਾ ਸਕਿਆ। ਉਹਦੀ ਹਾਲਤ ਦੇਖ ਕੇ ਫੁੰਮਣ ਮੱਲ ਢਿੱਲੀ ਜਿਹੀ ਆਵਾਜ਼ ‘ਚ ਫੇਰ ਬੋਲਿਆ, “ਲੈ ਹੁਣ ਉਹ ਹੁੰਦਾ ਤਾਂ ਤੈਨੂੰ ਦਖਾ ਈ ਆਉਂਦੇ, ਹੁਣ ਜਾਈਏ ਕਿੱਥੇ!”
ਪਰ ਉਸੇ ਵੇਲੇ ਦੁਕਾਨ ਅੰਦਰੋਂ ਨਿਕਲ ਕੇ ਸੰਤ ਰਾਮ ਦਾ ਵੱਡਾ ਮੁੰਡਾ ਉਸ ਵੱਲ ਘੂਰਦਾ ਬੋਲਿਆ, “ਤਾਇਆ ਫੁੰਮਣ ਮੱਲਾ! ਕਿਉਂ ਸਾਰਾ ਦਿਨ ਭੌਂਕੀ ਜਾਨਾ ਹੁੰਨੈ! ਉਹ ਕੋਈ ਡਾਕਟਰ ਸੀ? ਕੱਲ੍ਹ ਗੁਪਤਾ ਡਾਕਟਰ, ਇਹਦੇ ਡੂਢ ਸੌ ਦਾ ਟੀਕਾ ਲਾ ਕੇ ਗਿਐ। ਅੱਸੀਆਂ ਦੀ ਦੁਆਈ ਦਿੱਤੀ ਐ। ਤੂੰ ਐਂ ਬੋਲੀ ਜਾਨੈ, ਜਿਵੇਂ ਇਹਨੂੰ ਅਸੀਂ ਬਾਹਰ ਕੱਢ ਕੇ ਮਰਨ ਨੂੰ ਬਹਾਇਆ ਹੁੰਦੈ। ਇਹਨੂੰ ਵੀ ਅੰਦਰ ਜਕ ਨ੍ਹੀਂ ਆਉਂਦੀ-ਬਾਹਰ ਥੜ੍ਹੇ ‘ਤੇ ਆ ਕੇ ਲੋਕਾਂ ਨੂੰ ਤਮਾਸ਼ਾ ਦਖੌਂਦੈ, ਵੈਰੀ!”
ਫੁੰਮਣ ਮੱਲ ਦਾ ਮੂੰਹ ਅੱਡਿਆ ਰਹਿ ਗਿਆ। ਉਹ ਚੁੱਪ ਕਰਕੇ ਅੰਦਰ ਪੁਰਾਣੀ ਗੱਦੀ ਉਤੇ ਆ ਬੈਠਾ ਤੇ ਪਸ਼ੇਮਾਨ ਹੋਈ ਗਿਆ ਕਿ ਉਹਨੂੰ ਭਲਾ ਅਜਿਹੀ ਗੱਲ ਕਹਿਣ ਦੀ ਕੀ ਲੋੜ ਸੀ? ਸਿਰ ਨੀਵਾਂ ਪਾ ਕੇ ਉਹ ਵੀ ਖੰਘਣ ਲੱਗ ਪਿਆ। ਉਹਨੂੰ ਬਾਜ਼ਾਰ ‘ਚ ਹਿਸਾਬ-ਕਿਤਾਬ ਕਰਨ ਗਏ ਆਪਣੇ ਮੁੰਡੇ ਰੂਪ ਕੁਮਾਰ ਦਾ ਖਿਆਲ ਸੀ ਕਿ ਜੇ ਭਲਾ ਉਹਨੂੰ ਮੁੜ ਕੇ ਆਏ ਨੂੰ ਸੰਤ ਰਾਮ ਦੇ ਮੁੰਡੇ ਨੇ ਦੱਸ ਦਿੱਤਾ ਤਾਂ ਫੇਰ ਰੂਪ ਉਹਦੀ ਲਾਹ-ਪਾਹ ਕਰੂ। ਇਹ ਸੋਚ ਕੇ ਉਹ ਸੱਚੀਂ ਡਰ ਗਿਆ ਕਿ ਜਿਵੇਂ ਕੋਈ ਵੱਡੀ ਖੁਨਾਮੀ ਕਰ ਬੈਠਾ ਹੋਵੇ।
“ਆਹ ਵੀ ਜ਼ਮਾਨੇ ਆਉਣੇ ਸੀ!” ਫੁੰਮਣ ਮੱਲ ਖੰਘ ਰੁਕਦਿਆਂ ਕੁਝ ਦੁਖੀ ‘ਵਾਜ ‘ਚ ਬੋਲਿਆ, “ਜੇ ਕਿਸੇ ਨਾਲ ਹਮਦਰਦੀ ਦੀ ਗੱਲ ਕਰੀਏ ਤਾਂ ਉਹ ਵੀ ਖਾਣ ਨੂੰ ਆਉਂਦੈ। ਆਹ ਵੀ ਕੋਈ ਗੱਲ ਬਣੀਂ! ਹੱਦ ਹੋ ਗਈ!” ਤੇ ਉਹਨੂੰ ਯਾਦ ਆਇਆ ਕਿ ਕਈ ਵਰ੍ਹਿਆਂ ਮਗਰੋਂ ਉਹਨੇ ਸ਼ਾਇਦ ਪਹਿਲੀ ਵਾਰੀ ਆਪਣਾ ਇਹ ਤਕੀਆ-ਕਲਾਮ ਬੋਲਿਆ ਸੀ ਜਿਹੜਾ ਮੁੰਡਿਆਂ ਨੇ ਹਰਖ ਨਾਲ ਝਿੜਕ ਕੇ ਉਹਨੂੰ ਬੋਲਣੋਂ ਹਟਾ ਦਿੱਤਾ ਸੀ; ਅਖੇ, “ਬਾਈ ਕੀ ਸਾਰਾ ਦਿਨ ਭੌਂਕੀ ਜਾਨੈ, ‘ਹੱਦ ਹੋ-ਗੀ ਹੱਦ ਹੋ-ਗੀ’, ਕਾਹਦੀ ਹੱਦ ਹੋ-ਗੀ?”