ਆਓ, ਕਬੱਡੀ ਨੂੰ ਡਰੱਗ ਮੁਕਤ ਕਰੀਏ

ਪ੍ਰਿੰ. ਸਰਵਣ ਸਿੰਘ
ਪੱਛਮ ਦਾ ਕਬੱਡੀ ਸੀਜ਼ਨ
ਸਿਆਲ ਵਿਚ ਪੰਜਾਬ ਦੇ ਕਬੱਡੀ ਸੀਜ਼ਨ ਪਿੱਛੋਂ ਹੁਨਾਲ ‘ਚ ਪੱਛਮੀ ਮੁਲਕਾਂ ਦਾ ਕਬੱਡੀ ਸੀਜ਼ਨ ਮਈ ਤੋਂ ਅਕਤੂਬਰ ਤਕ ਚਲਦਾ ਹੈ। ਅੱਜ ਕੱਲ ਕਬੱਡੀ ਖਿਡਾਰੀਆਂ ਦੇ ਵੀਜ਼ੇ ਲੁਆਉਣ ਦੀ ਰੁੱਤ ਹੈ। ਇੰਗਲੈਂਡ, ਕੈਨੇਡਾ, ਅਮਰੀਕਾ, ਇਟਲੀ, ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਯੂਰਪ ਦੇ ਕਈ ਹੋਰ ਮੁਲਕਾਂ ਵਿਚ ਸੌ ਕੁ ਕਬੱਡੀ ਟੂਰਨਾਮੈਂਟ ਹੁੰਦੇ ਹਨ, ਜਿਨ੍ਹਾਂ ਨੂੰ ਕਬੱਡੀ ਮੇਲੇ ਵੀ ਕਿਹਾ ਜਾਂਦੈ। ਇਨ੍ਹਾਂ ਖੇਡ ਮੇਲਿਆਂ ਬਾਰੇ ਮੈਂ ‘ਮੇਲੇ ਕਬੱਡੀ ਦੇ’ ਪੁਸਤਕ ਵੀ ਲਿਖੀ ਹੈ। ਪੱਛਮੀ ਮੁਲਕਾਂ ਵਿਚ ਇਕ ਕਬੱਡੀ ਮੇਲੇ ਦਾ ਖਰਚਾ ਦੋ ਲੱਖ ਡਾਲਰ ਤੋਂ ਦਸ ਲੱਖ ਤਕ ਪਹੁੰਚ ਗਿਆ ਹੈ। ‘ਕੇਰਾਂ ਟੋਰਾਂਟੋ ਦੇ ਸਕਾਈਡੋਮ (ਰੌਜਰ ਸੈਂਟਰ) ਵਿਚ ਕਬੱਡੀ ਕੱਪ ਕਰਾਉਣ ਲਈ ਇਕ ਦਿਨ ਦਾ ਕਿਰਾਇਆ ਹੀ ਇਕ ਲੱਖ ਡਾਲਰ ਦੇਣਾ ਪਿਆ ਸੀ, ਜੋ ਹੋ ਸਕਦੈ ਹੁਣ ਦੋ ਲੱਖ ਹੋ ਗਿਆ ਹੋਵੇ।

ਕਬੱਡੀ ਤੇ ਡਰੱਗ
ਕਬੱਡੀ ਪੰਜਾਬੀਆਂ ਦੀ ਮਾਂ ਖੇਡ ਮੰਨੀ ਜਾਂਦੀ ਹੈ। ਮਾਂ ਦਾ ਦਰਜਾ ਬਹੁਤ ਉਚਾ ਹੁੰਦੈ। ਮਾਂ ਨੂੰ ਕੋਈ ਹੀਮ ਕੀਮ ਹੋ ਜਾਵੇ ਤਾਂ ਧੀਆਂ-ਪੁੱਤਰ ਸੌ ਓਹੜ ਪੋਹੜ ਕਰਦੇ ਹਨ। ਜੇ ਅਸੀਂ ਕਬੱਡੀ ਨੂੰ ਸੱਚਮੁੱਚ ਹੀ ਮਾਂ ਖੇਡ ਸਮਝਦੇ ਹਾਂ ਤੇ ਉਸ ਦੇ ਸੱਚੇ ਪੁੱਤਰ ਹਾਂ ਤਾਂ ਕਬੱਡੀ ਨੂੰ ਡਰੱਗ ਮੁਕਤ ਕਰਨਾ ਸਾਡਾ ਸਭ ਦਾ ਫਰਜ਼ ਹੈ। ਕੀਹਨੂੰ ਨਹੀਂ ਪਤਾ ਕਿ ਕਬੱਡੀ ਹੁਣ ਬੁਰੀ ਤਰ੍ਹਾਂ ਡਰੱਗ ਦੀ ਮਾਰ ਹੇਠ ਹੈ। ਅਨੇਕਾਂ ਖਿਡਾਰੀ ਅਪਾਹਜ ਤੇ ਨਿਪੁੰਸਕ ਹੋ ਰਹੇ ਹਨ ਅਤੇ ਕੁਝ ਮਰ ਵੀ ਰਹੇ ਹਨ। ਨਵੇਂ ਖਿਡਾਰੀ ਰੀਸੋ-ਰੀਸੀ ਟੀਕਿਆਂ ‘ਤੇ ਲੱਗ ਰਹੇ ਹਨ। ਪੰਜਾਬ ਦੇ ਕਿਸੇ ਵੀ ਕਬੱਡੀ ਟੂਰਨਾਮੈਂਟ ‘ਤੇ ਜਾਓ, ਉਹਲੇ ਵਾਲੀਆਂ ਥਾਂਵਾਂ ‘ਤੇ ਸਰਿੰਜਾਂ ਖਿੰਡੀਆਂ ਦਿਸ ਪੈਣਗੀਆਂ। ਕਬੱਡੀ ਪ੍ਰੋਮੋਟਰਾਂ ਨੂੰ ਹੋਰ ਕਿਹੜੇ ਸਬੂਤ ਚਾਹੀਦੇ ਹਨ?
ਕਬੱਡੀ ਦੇ ਦਰਸ਼ਕ
ਕਦੇ ਮੈਂ ਲਿਖਿਆ ਸੀ, ਪੰਜਾਬੀ ਕਬੱਡੀ ਦੇ ਦੀਵਾਨੇ ਹਨ। ਆਸ਼ਕ ਹਨ, ਮਸਤਾਨੇ ਹਨ। ਬੇਸ਼ੱਕ ਬਿਜਲੀ ਕੜਕਦੀ ਹੋਵੇ, ਝੱਖੜ ਝੁਲਦਾ ਹੋਵੇ, ਨਦੀ ਚੜ੍ਹੀ ਹੋਵੇ, ਸ਼ੀਹਾਂ ਨੇ ਪੱਤਣ ਮੱਲੇ ਹੋਣ, ਪਰ ਪਤਾ ਲੱਗ ਜਾਵੇ ਸਹੀ ਕਿ ਪਰਲੇ ਪਾਰ ਕਬੱਡੀ ਦਾ ਕਾਂਟੇਦਾਰ ਮੈਚ ਹੋ ਰਿਹੈ। ਫੇਰ ਕਿਹੜਾ ਪੰਜਾਬੀ ਹੈ, ਜੋ ਵਗਦੀ ਨੈਂ ਨਾ ਠਿੱਲ੍ਹੇ? ਉਹ ਰਾਹ ‘ਚ ਪੈਂਦੇ ਸੱਪਾਂ ਸ਼ੀਹਾਂ ਦੀ ਵੀ ਪਰਵਾਹ ਨਹੀਂ ਕਰੇਗਾ ਤੇ ਕਬੱਡੀ ਦੇ ਪਿੜ ਦੁਆਲੇ ਜਾ ਖੜ੍ਹੇਗਾ। ਜਿਵੇਂ ਹਿੰਦ ਮਹਾਂਦੀਪ ਦੇ ਲੋਕਾਂ ਨੂੰ ਕ੍ਰਿਕਟ ਨੇ ਪੱਟਿਆ, ਜੱਗ ਜਹਾਨ ਦੇ ਗੋਰੇ-ਕਾਲਿਆਂ ਨੂੰ ਫੁੱਟਬਾਲ ਨੇ ਕਮਲੇ ਕੀਤੈ, ਉਵੇਂ ਕੁਲ ਦੁਨੀਆਂ ‘ਚ ਖਿਲਰੇ ਪੰਜਾਬੀਆਂ ਨੂੰ ਕਬੱਡੀ ਚੜ੍ਹੀ ਹੋਈ ਹੈ।
ਵੀਰ ਮੇਰਿਓ, ਕੀ ਹੁਣ ਵੀ ਪੰਜਾਬੀ ਨਦੀਆਂ ਠਿੱਲ੍ਹ ਕੇ ਕਬੱਡੀ ਦੇ ਪਿੜ ਦੁਆਲੇ ਜੁੜਦੇ ਹਨ? ਕੀ ਕਬੱਡੀ ਦੇ ਪਹਿਲਾਂ ਜਿੰਨੇ ਦਰਸ਼ਕ ਹਨ? ਕੀ ਹੁਣ ਵੀ ਕਬੱਡੀ ਦੇ ਖਿਡਾਰੀ ਨਸ਼ੇ-ਪੱਤੇ ਬਿਨਾ ਜੁੱਸੇ ਕਮਾ ਕੇ, ਕਬੱਡੀ ਦੇ ਤਕੜੇ ਖਿਡਾਰੀ ਬਣ ਕੇ ਹੀ ਹਵਾਈ ਜਹਾਜ ਚੜ੍ਹਦੇ ਹਨ? ਕਿਤੇ ਸਾਲ ਦਰ ਸਾਲ ਨਸ਼ੇ-ਪੱਤੇ ਦੇ ਸਹਾਰੇ ਹੀ ਪੱਛਮੀ ਮੁਲਕਾਂ ਦਾ ਕਬੱਡੀ ਸੀਜ਼ਨ ਤਾਂ ਨਹੀਂ ਭਿੱਟੀ ਜਾਂਦੇ?
ਡਰੱਗੀ ਖਿਡਾਰੀ
ਜੋ ਖਿਡਾਰੀ ਡਰੱਗਾਂ ਦੇ ਸਿਰ ‘ਤੇ ਰੇਡਾਂ ਪਾਉਂਦੇ ਜਾਂ ਜੱਫੇ ਲਾਉਂਦੇ ਹਨ, ਕੀ ਉਹ ਖਰੇ ਖਿਡਾਰੀਆਂ ਦਾ ਹੱਕ ਨਹੀਂ ਮਾਰ ਰਹੇ? ਕੀ ਨਵੇਂ ਖਿਡਾਰੀਆਂ ਨੂੰ ਡਰੱਗਾਂ ਵੱਲ ਨਹੀਂ ਧੱਕ ਰਹੇ? ਕੀ ਦੇਣ ਹੈ, ਅਜਿਹੇ ਡਰੱਗੀ ਖਿਡਾਰੀਆਂ ਦੀ ਮਾਂ ਖੇਡ ਕਬੱਡੀ ਨੂੰ? ਕਾਹਦੇ ਲਈ ਅਜਿਹੇ ਖਿਡਾਰੀਆਂ ਦੇ ਮੋਟਰ ਸਾਈਕਲਾਂ, ਕਾਰਾਂ, ਲੰਡੀਆਂ ਜੀਪਾਂ, ਟਰੈਕਟਰਾਂ ਤੇ ਕੰਬਾਈਨਾਂ ਨਾਲ ਮਾਣ-ਸਨਮਾਨ ਕਰੀ ਜਾਂਦੇ ਓਂ?
ਦੱਸੋ ਆਪਾਂ ਡਰੱਗੀ ਖਿਡਾਰੀਆਂ ਨਾਲ ਹਾਂ ਜਾਂ ਹੋਣਹਾਰ ਖਰੇ ਖਿਡਾਰੀਆਂ ਨਾਲ? ਹਾਲਾਤ ਇਥੋਂ ਤੱਕ ਪੁੱਜ ਚੁੱਕੇ ਹਨ ਕਿ ਕੋਈ ਫੈਡਰੇਸ਼ਨ ਡੋਪੀ ਖਿਡਾਰੀਆਂ ਨੂੰ ਬੈਨ ਕਰਦੀ ਹੈ ਤਾਂ ਕੋਈ ਹੋਰ ਫੈਡਰੇਸ਼ਨ ਬੈਨ ਹੋਏ ਖਿਡਾਰੀਆਂ ਨੂੰ ਗੱਜ-ਵੱਜ ਕੇ ਖਿਡਾਉਣ ਲੱਗਦੀ ਹੈ। ਇਹ ਕਿਹੋ ਜਿਹੀ ਕਬੱਡੀ ਪ੍ਰੋਮੋਸ਼ਨ ਹੋਈ?
ਖੇਡਾਂ ਦਾ ਉਦੇਸ਼
ਖੇਡਾਂ ਜੁਆਨਾਂ ਦੇ ਜੁੱਸੇ ਤਕੜੇ ਤੇ ਨਰੋਏ ਬਣਾਉਣ, ਚੰਗੀਆਂ ਆਦਤਾਂ ਪਾਉਣ, ਲੜਾਈ-ਝਗੜੇ ਤੋਂ ਬਚਾਉਣ, ਵਧੀਆ ਇਨਸਾਨ ਬਣਾਉਣ, ਸਰੀਰਾਂ ‘ਚ ਪੈਦਾ ਹੋ ਰਹੀ ਵਾਧੂ ਊਰਜਾ ਦਾ ਸਹੀ ਨਿਕਾਸ ਕਰਨ, ਮਿਲਵਰਤਣ ਤੇ ਉਸਾਰੂ ਮੁਕਾਬਲੇ ਦੀ ਭਾਵਨਾ ਉਪਜਾਉਣ, ਸਿਹਤਮੰਦ ਮਨੋਰੰਜਨ ਕਰਨ ਅਤੇ ਐਕਸੇਲੈਂਸ ਭਾਵ ਖੇਡ ਨੂੰ ਸਿਖਰ ‘ਤੇ ਪੁਚਾਉਣ ਤੇ ਦਰਸਾਉਣ ਲਈ ਹੁੰਦੀਆਂ ਹਨ। ਖੇਡਾਂ ਖਿਡਾਰੀਆਂ ਨੂੰ ਨਸ਼ਿਆਂ ‘ਤੇ ਲਾ ਕੇ ਕੱਪ ਜਿੱਤਣ ਲਈ ਨਹੀਂ ਹੁੰਦੀਆਂ।
ਡੋਪ ਟੈਸਟਾਂ ਦਾ ਪਿਛੋਕੜ
2006 ਵਿਚ ਜਦੋਂ ਮੈਂ ਕਬੱਡੀ ਨੂੰ ਲੱਗ ਰਿਹਾ ‘ਡਰੱਗ ਦਾ ਜੱਫਾ’ ਕਬੱਡੀ ਕਲੱਬਾਂ ਤੇ ਫੈਡਰੇਸ਼ਨਾਂ ਦੇ ਧਿਆਨ ਵਿਚ ਲਿਆਂਦਾ ਤਾਂ ਫੈਡਰੇਸ਼ਨਾਂ ਨੇ ਮਤੇ ਪਾਸ ਕੀਤੇ ਕਿ 2007 ਦਾ ਕਬੱਡੀ ਸੀਜ਼ਨ ਕੈਨੇਡਾ ਤੇ ਇੰਗਲੈਂਡ ਵਿਚ ਡੋਪ ਟੈਸਟ ਕਰਾ ਕੇ ਹੀ ਖਿਡਾਇਆ ਜਾਵੇਗਾ; ਪਰ ਉਹਦੇ ਉਤੇ ਅਮਲ ਨਾ ਕੀਤਾ ਗਿਆ। ਬਹੁਤੇ ਕਲੱਬਾਂ ਨੇ ਕਿਹਾ ਕਿ ਡੋਪ ਟੈਸਟ ਕਰਾਉਣੇ ਰਹਿਣ ਦਿਓ ਕਿਉਂਕਿ ਖਿਡਾਰੀ ਮਸਾਂ ਕੈਨੇਡਾ ਤੇ ਇੰਗਲੈਂਡ ਸੱਦੇ ਨੇ!
ਇਸ ਖੁੱਲ੍ਹ ਦਾ ਫਾਇਦਾ ਉਠਾਉਂਦਿਆਂ ਜਿਨ੍ਹਾਂ ਖਿਡਾਰੀਆਂ ਨੇ ਡਰਦਿਆਂ ਟੀਕੇ ਲਾਉਣੇ ਛੱਡ ਦਿੱਤੇ ਸਨ, ਉਹ ਮੁੜ ਲਾਉਣ ਲੱਗ ਪਏ ਤੇ ਪਿੱਛੇ ਤਾਰਾਂ ਖੜਕਾ ਦਿੱਤੀਆਂ, ਪਈ ਏਥੇ ਤਾਂ ਹਰੀ ਝੰਡੀ ਐ! ਆਉਣ ਵਾਲੇ ਮਾਲ ਮੱਤਾ ਲਈ ਆਉਣ ਕਿਉਂਕਿ ਕੈਨੇਡਾ ‘ਚ ਮਿਲਦਾ ਨਹੀਂ ਜਾਂ ਬਹੁਤ ਮਹਿੰਗਾ ਮਿਲਦੈ। ਜਦੋਂ ਮਾਲ ਮੱਤੇ ਨਾਲ ਲੈਸ ਇਕ ਖਿਡਾਰੀ ਵੈਨਕੂਵਰ ਹਵਾਈ ਅੱਡੇ ‘ਤੇ ਫੜਿਆ ਗਿਆ ਤਾਂ ਕਬੱਡੀ ਫੈਡਰੇਸ਼ਨਾਂ ਦੀਆਂ ਅੱਖਾਂ ਖੁੱਲ੍ਹ ਗਈਆਂ। ਕਬੱਡੀ ਕਲੱਬਾਂ ਨੂੰ ਫੰਡ ਦੇਣ ਵਾਲੇ ਵੀ ਕਹਿਣ ਲੱਗ ਪਏ ਕਿ ਕਬੱਡੀ ਟੂਰਨਾਮੈਂਟ ਕਰਾਉਣ ਦੀ ਥਾਂ ਸਾਥੋਂ ਡੋਪ ਟੈਸਟ ਕਰਾਉਣ ਦਾ ਈ ਫੰਡ ਲੈ ਲਵੋ, ਪਰ ਕਬੱਡੀ ਨੂੰ ਡਰੱਗ ਮੁਕਤ ਕਰੋ।
119 ਖਿਡਾਰੀ ਡਰੱਗੀ
ਕਬੱਡੀ ਸੀਜ਼ਨ 2008 ਤੋਂ ਪਹਿਲਾਂ ਓਂਟਾਰੀਓ, ਬੀ. ਸੀ. ਅਤੇ ਯੂ. ਕੇ. ਦੀਆਂ ਕਬੱਡੀ ਫੈਡਰੇਸ਼ਨਾਂ ਨੇ ਫਿਰ ਮਤੇ ਪਾਏ, ਪਈ ਐਤਕੀਂ ਹਰ ਹਾਲਤ ਵਿਚ ਖਿਡਾਰੀਆਂ ਦੇ ਡੋਪ ਟੈਸਟ ਕਰਵਾਏ ਜਾਣਗੇ। ਇਹ ਟੈਸਟ ਕਾਫੀ ਮਹਿੰਗੇ ਸਨ, ਫਿਰ ਵੀ ਕਬੱਡੀ ਫੈਡਰੇਸ਼ਨਾਂ ਨੇ ਕਰਵਾ ਲਏ। 2008 ਵਿਚ ਕੈਨੇਡਾ ਪਹੁੰਚੇ ਕਬੱਡੀ ਖਿਡਾਰੀਆਂ ਦੇ 350 ਅਤੇ ਇੰਗਲੈਂਡ ਪਹੁੰਚਿਆਂ ਦੇ 250 ਡੋਪ ਟੈਸਟ ਕੀਤੇ ਗਏ, ਜਿਨ੍ਹਾਂ ਰਾਹੀਂ 119 ਖਿਡਾਰੀ ਡਰੱਗੀ ਨਿਕਲੇ। ਟੈਸਟਾਂ ‘ਤੇ ਖਰਚਾ ਤਾਂ ਕਾਫੀ ਹੋਇਆ ਪਰ ਓਨਾ ਫਿਰ ਵੀ ਨਹੀਂ ਹੋਇਆ, ਜਿੰਨਾ ਖਿਡਾਰੀ ਡਰੱਗਾਂ ਉਤੇ ਖਰਚਦੇ ਸਨ। ਇਹ ਤਸੱਲੀ ਵਾਲੀ ਗੱਲ ਸੀ ਕਿ 8 ਅਗਸਤ 2008 ਦੀ ਮੀਟਿੰਗ ਵਿਚ ਓਂਟਾਰੀਓ, ਬੀ. ਸੀ., ਯੂ. ਕੇ. ਅਤੇ ਪੰਜਾਬ ਦੀਆਂ ਕਬੱਡੀ ਫੈਡਰੇਸ਼ਨਾਂ ਨੇ ਸਰਬ ਸੰਮਤੀ ਨਾਲ ਫੈਸਲਾ ਕੀਤਾ ਕਿ ਡੋਪ ਟੈਸਟ ਵਿਚ ਡਰੱਗੀ ਸਾਬਤ ਹੋਏ ਕਿਸੇ ਵੀ ਖਿਡਾਰੀ ਨੂੰ ਕਿਸੇ ਵੀ ਦੇਸ਼ ਵਿਚ ਕੋਈ ਕਲੱਬ ਕਬੱਡੀ ਨਹੀਂ ਖਿਡਾਏਗਾ; ਪਰ ਇਸ ਉਤੇ ਅਮਲ ਨਾ ਕੀਤਾ ਗਿਆ।
ਡੋਪ ਟੈਸਟਾਂ ਵਿਚ ਜਿਨ੍ਹਾਂ ਖਿਡਾਰੀਆਂ ਦਾ ਸੈਂਪਲ ਇਕ ਵਾਰ ਪਾਜ਼ੇਟਿਵ ਆਇਆ, ਉਨ੍ਹਾਂ ਨੂੰ ਇਕ ਹਜ਼ਾਰ ਡਾਲਰ ਜੁਰਮਾਨਾ ਤੇ ਇਕ ਸਾਲ ਲਈ ਕਿਤੇ ਵੀ ਕਬੱਡੀ ਖੇਡਣ ਤੋਂ ਬੈਨ ਕੀਤਾ ਗਿਆ ਸੀ। ਬੈਨ ਮੁੱਕਣ ਪਿਛੋਂ ਮੁੜ ਖੇਡਣ ਲੱਗੇ ਅਤੇ ਦੂਜੀ ਵਾਰ ਪਾਜ਼ੇਟਿਵ ਆਏ ਖਿਡਾਰੀ ਨੂੰ ਕਬੱਡੀ ਦੇ ਮੈਦਾਨ ‘ਚੋਂ ਜੀਵਨ ਭਰ ਲਈ ਬੈਨ ਕਰਨ ਦਾ ਫੈਸਲਾ ਕੀਤਾ ਗਿਆ ਸੀ। ਫੈਸਲਾ ਹੋਇਆ ਸੀ ਕਿ ਜਿਹੜੇ ਕਲੱਬ, ਅਕੈਡਮੀਆਂ, ਐਸੋਸੀਏਸ਼ਨਾਂ ਜਾਂ ਫੈਡਰੇਸ਼ਨਾਂ ਬੈਨ ਹੋਏ ਖਿਡਾਰੀਆਂ ਨੂੰ ਖਿਡਾਉਣਗੀਆਂ, ਉਨ੍ਹਾਂ ਦਾ ਕੋਈ ਵੀ ਖਿਡਾਰੀ ਇੰਗਲੈਂਡ ਜਾਂ ਕੈਨੇਡਾ ਵਿਚ ਨਹੀਂ ਸੱਦਿਆ ਜਾਵੇਗਾ। ਜੇ ਕੋਈ ਹੋਰ ਮੁਲਕ ਉਨ੍ਹਾਂ ਨੂੰ ਸੱਦਦਾ ਹੈ ਤਾਂ ਉਥੇ ਇੰਗਲੈਂਡ ਤੇ ਕੈਨੇਡਾ ਦੀਆਂ ਫੈਡਰੇਸ਼ਨਾਂ ਵੱਲੋਂ ਕੋਈ ਖਿਡਾਰੀ ਨਹੀਂ ਭੇਜਿਆ ਜਾਵੇਗਾ।
ਕਬੱਡੀ ਕਲੱਬ ਤੇ ਫੈਡਰੇਸ਼ਨਾਂ
ਕਬੱਡੀ ਕਲੱਬਾਂ, ਫੈਡਰੇਸ਼ਨਾਂ ਤੇ ਟੂਰਨਾਮੈਂਟ ਕਰਾਉਣ ਵਾਲਿਆਂ ਨੂੰ ਚਾਹੀਦਾ ਸੀ ਕਿ ਜਿੰਨੇ ਸਮੇਂ ਲਈ ਡਰੱਗੀ ਖਿਡਾਰੀਆਂ ਦੇ ਖੇਡਣ ਉਤੇ ਪਾਬੰਦੀ ਸੀ, ਓਨਾ ਸਮਾਂ ਉਨ੍ਹਾਂ ਨੂੰ ਨਾ ਖਿਡਾਇਆ ਜਾਂਦਾ, ਸਗੋਂ ਸੁਧਰਨ ਦਾ ਮੌਕਾ ਦਿੱਤਾ ਜਾਂਦਾ। ਇਸ ਦੌਰਾਨ ਕਬੱਡੀ ਦੀਆਂ ਪੈਰਲਲ (ਸਮਾਨੰਤਰ) ਫੈਡਰੇਸ਼ਨਾਂ ਬਣ ਗਈਆਂ, ਜੋ ਡੋਪ ਟੈਸਟ ਕਰਾ ਕੇ ਡਰੱਗੀ ਖਿਡਾਰੀਆਂ ਨੂੰ ਆਪਣੇ ਹੱਥੋਂ ਨਹੀਂ ਸਨ ਗੁਆਉਣਾ ਚਾਹੁੰਦੀਆਂ। ਡਰੱਗ ਦੇ ਵਪਾਰੀ ਵੀ ਨਹੀਂ ਸਨ ਚਾਹੁੰਦੇ ਕਿ ਉਨ੍ਹਾਂ ਦਾ ਕਾਰੋਬਾਰ ਬੰਦ ਹੋਵੇ। ਜਿਹੜੇ ‘ਕਬੱਡੀ ਪ੍ਰੋਮੋਟਰ’ ਡੋਪੀ ਖਿਡਾਰੀਆਂ ਨੂੰ ਡਾਲਰਾਂ ਨਾਲ ਨਿਵਾਜਦੇ ਹਨ, ਉਹ ਉਨ੍ਹਾਂ ਦਾ ਭਲਾ ਕਰਨ ਦੀ ਥਾਂ ਉਨ੍ਹਾਂ ਦਾ ਬੁਰਾ ਕਰਦੇ ਹਨ, ਜੋ ਉਨ੍ਹਾਂ ਨੂੰ ਬਾਅਦ ਵਿਚ ਪਤਾ ਲੱਗੇਗਾ। ਕਬੱਡੀ ਵਿਚ ਆਈ ਡਰੱਗ ਨੇ ਚੰਗੀ ਸੋਚ ਵਾਲੇ ਲੋਕਾਂ ਦਾ ਕਬੱਡੀ ਤੋਂ ਮੋਹ ਭੰਗ ਕਰ ਦਿੱਤਾ ਹੈ।
ਵਰਲਡ ਕੱਪਾਂ ਵਿਚ ਡੋਪ ਟੈਸਟ
2010 ਵਿਚ ਪੰਜਾਬ ਦੇ ਪਹਿਲੇ ਕਬੱਡੀ ਵਰਲਡ ਕੱਪ ਸਮੇਂ ਡੋਪ ਟੈਸਟ ਕੀਤੇ ਗਏ ਤਾਂ 23 ਖਿਡਾਰੀ ਟਰਾਇਲਾਂ ਸਮੇਂ ਤੇ 9 ਟੂਰਨਾਮੈਂਟ ਦੌਰਾਨ ਪਾਜ਼ੇਟਿਵ ਪਾਏ ਗਏ। ਪੰਜਾਬ ਦੇ ਦੂਜੇ ਕਬੱਡੀ ਵਰਲਡ ਕੱਪ-2011 ਲਈ ਭਾਰਤੀ ਟੀਮ ਦੀ ਚੋਣ ਕਰਨ ਵੇਲੇ 51 ਖਿਡਾਰੀਆਂ ਦੇ ਡੋਪ ਟੈਸਟ ਕੀਤੇ ਗਏ, ਜਿਨ੍ਹਾਂ ਵਿਚੋਂ 20 ਪਾਜ਼ੇਟਿਵ ਨਿਕਲੇ। ਕੱਪ ਦੌਰਾਨ ਹਰ ਮੈਚ ਪਿੱਛੋਂ ਦੋਹਾਂ ਟੀਮਾਂ ਦੇ 2-2 ਖਿਡਾਰੀਆਂ ਦੇ ਸੈਂਪਲ ਲਏ ਜਾਂਦੇ ਰਹੇ ਤੇ ਦੋ ਦਿਨਾਂ ਬਾਅਦ ਨਤੀਜਾ ਨਸ਼ਰ ਕੀਤਾ ਜਾਂਦਾ ਰਿਹਾ। ਦੂਜੇ ਵਿਸ਼ਵ ਕੱਪ ਵਿਚ ਕੁਲ 311 ਡੋਪ ਟੈਸਟ ਕੀਤੇ ਗਏ, ਜਿਨ੍ਹਾਂ ਉਤੇ 47 ਲੱਖ ਰੁਪਏ ਖਰਚ ਹੋਏ। ਕੱਪ ਦੌਰਾਨ 52 ਤੇ ਟਰਾਇਲਾਂ ਦੌਰਾਨ 20 ਖਿਡਾਰੀ ਜੋੜ ਕੇ ਕੁਲ 72 ਖਿਡਾਰੀ ਡਰੱਗੀ ਨਿਕਲੇ। ਉਨ੍ਹਾਂ ਵਿਚ ਇੰਗਲੈਂਡ ਦੇ 10, ਕੈਨੇਡਾ ਤੇ ਅਮਰੀਕਾ ਦੇ 8-8, ਸਪੇਨ ਦੇ 7, ਆਸਟ੍ਰੇਲੀਆ ਤੇ ਇਟਲੀ ਦੇ 6-6, ਨਾਰਵੇ ਦੇ 3 ਅਤੇ ਭਾਰਤ, ਪਾਕਿਸਤਾਨ, ਜਰਮਨੀ ਤੇ ਅਰਜਨਟੀਨਾ ਦਾ 1-1 ਖਿਡਾਰੀ ਸੀ। ਟਰਾਇਲਾਂ ਦੌਰਾਨ ਭਾਰਤ ਦੇ 20 ਖਿਡਾਰੀ ਡਰੱਗੀ ਨਿਕਲੇ, ਜਿਨ੍ਹਾਂ ਵਿਚ 1 ਜੋੜ ਕੇ ਕੁਲ 21 ਬਣਦੇ ਸਨ!
ਕਬੱਡੀ ਵਿਚ ਡਰੱਗ ਦੇ ਕੋਹੜ ਦਾ ਇਲਾਜ ਕਰਨਾ ਬੇਸ਼ੱਕ ਸੌਖਾ ਨਹੀਂ, ਪਰ ਜੇ ਸਾਰੇ ਕਬੱਡੀ ਪ੍ਰੇਮੀ ਤਹੱਈਆ ਕਰ ਲੈਣ ਤਾਂ ਅਸੰਭਵ ਵੀ ਨਹੀਂ। ਵਿਦੇਸ਼ਾਂ ਦੀਆਂ ਕਬੱਡੀ ਫੈਡਰੇਸ਼ਨਾਂ ਪੰਜਾਬ ਤੋਂ ਸਿਰਫ ਉਨ੍ਹਾਂ ਖਿਡਾਰੀਆਂ ਨੂੰ ਹੀ ਸੱਦਣ, ਜੋ ਵੀਜ਼ਾ ਅਰਜ਼ੀ ਨਾਲ ਵਾਡਾ/ਨਾਡਾ ਤੋਂ ਡੋਪ ਟੈਸਟ ਕਰਵਾਏ ਜਾਣ ਦਾ ਸਰਟੀਫਿਕੇਟ ਲਾਉਣ। ਸੱਦੇ ਗਏ ਖਿਡਾਰੀਆਂ ਦੇ ‘ਐਟ ਰੈਂਡਮ ਡੋਪ ਟੈਸਟ’ ਵੀ ਹੋਣ। ਕਬੱਡੀ ਨੂੰ ਡਰੱਗ ਦੀ ਮਾਰ ਤੋਂ ਬਚਾਉਣ ਲਈ ਨੇਕ ਨੀਅਤੀ ਦੀ ਲੋੜ ਹੈ। ਐਵੇਂ ਜਾਅਲੀ ਡੋਪ ਟੈਸਟ ਕਰਾਉਣ ਦਾ ਡਰਾਮਾ ਰਚ ਕੇ ਕਬੱਡੀ ਪ੍ਰੇਮੀਆਂ ਤੇ ਖਰੇ ਖਿਡਾਰੀਆਂ ਦੀਆਂ ਅੱਖਾਂ ਵਿਚ ਘੱਟਾ ਨਹੀਂ ਪਾਉਣਾ ਚਾਹੀਦਾ। ਡਰੱਗ ਟੈਸਟ ਦੀ ਫੀਸ 40 ਡਾਲਰ ਹੈ ਤੇ ਡੋਪ ਟੈਸਟ ਦੀ 200 ਡਾਲਰ।
ਓਂਟਾਰੀਓ ਕਬੱਡੀ ਫੈਡਰੇਸ਼ਨ
ਓਂਟਾਰੀਓ ਕਬੱਡੀ ਫੈਡਰੇਸ਼ਨ ਨੇ 2018 ਦੇ ਕਬੱਡੀ ਸੀਜ਼ਨ ਵਿਚ ਸੌ ਕੁ ਖਿਡਾਰੀਆਂ ਦੇ ਸੈਂਪਲ ਲਏ ਸਨ। ਪਹਿਲੇ ਟੂਰਨਾਮੈਂਟ ਤੋਂ ਹੀ ਪਤਾ ਲੱਗ ਗਿਆ ਸੀ ਕਿ ਅੱਧਿਓਂ ਵੱਧ ਖਿਡਾਰੀ ਡਰੱਗੀ ਸਨ। ਬਾਲ ਹੁਣ ਓਂਟਾਰੀਓ ਕਬੱਡੀ ਫੈਡਰੇਸ਼ਨ ਦੇ ਪਾਲੇ ਵਿਚ ਹੈ। ਉਸ ਨੂੰ ਚਾਹੀਦੈ ਕਿ 2019 ਦੇ ਕਬੱਡੀ ਸੀਜ਼ਨ ਲਈ ਕੋਈ ਵੀ ਡਰੱਗੀ ਖਿਡਾਰੀ ਨਾ ਸੱਦੇ।
ਪੰਜਾਬ ਦੀਆਂ ਕਬੱਡੀ ਫੈਡਰੇਸ਼ਨਾਂ
2018-19 ਦੇ ਪੰਜਾਬ ਕਬੱਡੀ ਸੀਜ਼ਨ ਦੌਰਾਨ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਤੇ ਪੰਜਾਬ ਕਬੱਡੀ ਅਕੈਡਮੀਜ਼ ਐਸੋਸੀਏਸ਼ਨ ਨੇ ਖਿਡਾਰੀਆਂ ਨੂੰ ਵਾਰਨਿੰਗ ਦਿੱਤੀ ਸੀ, ਪਈ 19 ਜਨਵਰੀ 2019 ਤਕ ਆਪਣੇ ਆਪ ਨੂੰ ਡਰੱਗ ਮੁਕਤ ਕਰ ਲਓ। 20 ਜਨਵਰੀ ਤੋਂ 20 ਫਰਵਰੀ ਤਕ ‘ਐਟ ਰੈਂਡਮ ਡਰੱਗ ਟੈਸਟ’ ਕੀਤੇ ਜਾਣਗੇ। ਜਿਹੜੇ ਖਿਡਾਰੀ ਡਰੱਗੀ ਸਾਬਤ ਹੋਣਗੇ, ਉਨ੍ਹਾਂ ਦੇ ਸੁਧਰਨ ਲਈ 20 ਫਰਵਰੀ 2019 ਤੋਂ 20 ਫਰਵਰੀ 2020 ਤਕ ਕਿਤੇ ਵੀ ਕਬੱਡੀ ਖੇਡਣ ‘ਤੇ ਪਾਬੰਦੀ ਲਾਈ ਜਾਵੇਗੀ। ਜੇ ਉਹ ਡਰੱਗ ਮੁਕਤ ਹੋ ਗਏ ਤਾਂ 20 ਫਰਵਰੀ 2020 ਤੋਂ ਬਾਅਦ ਮੁੜ ਕਬੱਡੀ ਖੇਡ ਸਕਣਗੇ।
ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਨੇ 170 ਖਿਡਾਰੀਆਂ ਦੇ ਡੋਪ ਟੈਸਟ ਕਰਵਾਏ, ਜਿਨ੍ਹਾਂ ਵਿਚੋਂ 52 ਖਿਡਾਰੀ ਡਰੱਗੀ ਨਿਕਲੇ। ਅਕੈਡਮੀਜ਼ ਐਸੋਸੀਏਸ਼ਨ ਨੇ 185 ਖਿਡਾਰੀਆਂ ਦੇ ਡੋਪ ਟੈਸਟ ਕਰਵਾਏ, ਜਿਨ੍ਹਾਂ ‘ਚੋਂ 37 ਖਿਡਾਰੀ ਡੋਪੀ ਸਾਬਤ ਹੋਏ। ਡਰੱਗੀ ਖਿਡਾਰੀਆਂ ਦੀਆਂ ਸੂਚੀਆਂ ਸੋਸ਼ਲ ਮੀਡੀਏ ‘ਚ ਨਸ਼ਰ ਹੋ ਚੁਕੀਆਂ ਹਨ, ਜਿਨ੍ਹਾਂ ‘ਤੇ ਸੈਂਕੜੇ ਹਜ਼ਾਰਾਂ ਕੁਮੈਂਟ ਆ ਰਹੇ ਹਨ। ਇਹ ਸੂਚੀਆਂ ਪੱਛਮੀ ਮੁਲਕਾਂ ਦੀਆਂ ਕਬੱਡੀ ਫੈਡਰੇਸ਼ਨਾਂ ਨੂੰ ਵੀ ਭੇਜ ਦਿੱਤੀਆਂ ਗਈਆਂ ਹਨ ਤਾਂ ਕਿ ਕੋਈ ਕਬੱਡੀ ਫੈਡਰੇਸ਼ਨ ਡਰੱਗੀ ਖਿਡਾਰੀਆਂ ਨੂੰ ਨਾ ਸੱਦੇ, ਨਾ ਖਿਡਾਵੇ। ਵੇਖਣਾ ਹੁਣ ਇਹ ਹੈ ਕਿ ਕੌਣ ਡਰੱਗੀ ਕਬੱਡੀ ਦੇ ਹੱਕ ਵਿਚ ਹੈ ਤੇ ਕੌਣ ਕਬੱਡੀ ਨੂੰ ਡਰੱਗ ਮੁਕਤ ਕਰਨ ਦੇ?