ਜਲ੍ਹਿਆਂਵਾਲੇ ਬਾਗ ਦਾ ਸ਼ਹੀਦੀ ਸਾਕਾ

ਨਿਰਮਲ ਸਿੰਘ ਕਾਹਲੋਂ, ਸਿਡਨੀ
ਫੋਨ: 0468395922
ਜਲ੍ਹਿਆਂਵਾਲਾ ਬਾਗ ਦੇ ਖੂਨੀ ਸਾਕੇ ਨੂੰ 100 ਸਾਲ ਹੋ ਗਏ ਹਨ। ਅੰਮ੍ਰਿਤਸਰ ਵਿਚ ਜਲ੍ਹਿਆਂਵਾਲਾ ਬਾਗ ਸ੍ਰੀ ਹਰਿਮੰਦਰ ਸਾਹਿਬ ਦੇ ਨੇੜੇ ਹੀ ਪੈਂਦਾ ਹੈ। ਬਾਗ ਦਾ ਖੇਤਰਫਲ 6.5 ਏਕੜ ਹੈ ਅਤੇ ਇਸ ਦੇ ਚਾਰ ਚੁਫੇਰੇ ਬੜੀਆਂ ਉਚੀਆਂ ਕੰਧਾਂ ਹਨ। ਬਾਗ ਦੇ 5 ਦਰਵਾਜੇ ਹਨ ਅਤੇ ਇਸ ਵਿਚ ਇਕ ਖੂਹ ਵੀ ਹੈ, ਪਰ ਬਾਗ ਵਿਚ ਇਕ ਵੀ ਰੁੱਖ ਨਹੀਂ ਹੈ। ਇਥੇ ਸਿਆਸੀ ਕਾਨਫਰੰਸਾਂ ਕੀਤੀਆਂ ਜਾਂਦੀਆਂ ਸਨ, ਧਾਰਮਿਕ ਤਿਓਹਾਰ ਮਨਾਏ ਜਾਂਦੇ ਸਨ ਅਤੇ ਰੋਸ ਮੁਜਾਹਰੇ ਵੀ ਕੀਤੇ ਜਾਂਦੇ ਸਨ। 13 ਅਪਰੈਲ 1919 ਐਤਵਾਰ ਵਿਸਾਖੀ ਵਾਲੇ ਦਿਨ ਬ੍ਰਿਗੇਡੀਅਰ ਰੈਨਾਲਡ ਐਡਵਰਡ ਹੈਨਰੀ ਡਾਇਰ ਨੇ ਕੋਈ ਦਸ ਤੋਂ ਪੰਦਰਾਂ ਹਜ਼ਾਰ ਬੇਕਸੂਰ ਲੋਕਾਂ ਦੇ ਇਕੱਠ ਉਤੇ ਬਿਨਾ ਚਿਤਾਵਨੀ ਦਿੱਤੇ ਗੋਲੀ ਚਲਾ ਦਿੱਤੀ।

ਕਤਲੇਆਮ ਦਾ ਕਾਰਨ: ਅੰਗਰੇਜ਼ ਸਰਕਾਰ ਨੇ ਭਾਰਤ ਵਿਚ ਰੌਲਟ ਐਕਟ ਲਾਗੂ ਕਰ ਦਿੱਤਾ। ਉਸ ਸਮੇਂ ਪੰਜਾਬ ਦਾ ਗਵਰਨਰ ਮਾਈਕਲ ਓਡਵਾਇਰ ਸੀ। ਇਸ ਕਾਨੂੰਨ ਦੇ ਲਾਗੂ ਹੋਣ ਨਾਲ ਸਰਕਾਰ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਸਮੇਂ ਬਿਨਾ ਵਾਰੰਟ ਗ੍ਰਿਫਤਾਰ ਕਰ ਸਕਦੀ ਸੀ ਅਤੇ ਸਰਕਾਰ ਨੇ ਸਤਿਪਾਲ, ਸੈਫੁਦੀਨ ਕਿਚਲੂ ਅਤੇ ਕਈ ਹੋਰ ਸਿਆਸੀ ਨੇਤਾ ਗ੍ਰਿਫਤਾਰ ਵੀ ਕਰ ਲਏ ਸਨ। ਮਹਾਤਮਾ ਗਾਂਧੀ ਨੇ ਰੌਲਟ ਐਕਟ ਦਾ ਵਿਰੋਧ ਕਰਨ ਲਈ ਸਾਰੇ ਦੇਸ਼ ਵਿਚ ਹੜਤਾਲ ਦਾ ਸੱਦਾ ਦੇ ਦਿੱਤਾ। ਇਸ ਦਾ ਬਹੁਤਾ ਅਸਰ ਪੰਜਾਬ ਅਤੇ ਬੰਗਾਲ ਵਿਚ ਹੋਇਆ। 10 ਅਪਰੈਲ 1919 ਨੂੰ ਅੰਮ੍ਰਿਤਸਰ ਦੇ ਡੀ. ਸੀ. ਦੀ ਕੋਠੀ ਦੇ ਸਾਹਮਣੇ ਭਾਰੀ ਰੋਸ ਮੁਜਾਹਰਾ ਹੋਇਆ। ਇਕੱਠ ਉਤੇ ਪੁਲਿਸ ਨੇ ਗੋਲੀ ਚਲਾ ਕੇ ਕਈ ਲੋਕ ਮਾਰ ਦਿੱਤੇ। ਰੋਹ ਵਿਚ ਪੰਜਾਬ ਦੇ ਕਈ ਸ਼ਹਿਰਾਂ ਵਿਚ ਰੋਸ ਮੁਜਾਹਰੇ ਹੋਏ, ਭੀੜ ਨੇ ਕਈ ਰੇਲਵੇ ਸਟੇਸ਼ਨ ਅਤੇ ਕਈ ਸਰਕਾਰੀ ਦਫਤਰ ਵੀ ਸਾੜ ਦਿੱਤੇ, ਰੇਲ ਦੀਆਂ ਪਟੜੀਆਂ ਪੁੱਟ ਦਿੱਤੀਆਂ ਅਤੇ 5 ਅੰਗਰੇਜ਼ ਵੀ ਮਾਰ ਦਿੱਤੇ।
ਪੰਜਾਬ ਦੇ ਗਵਰਨਰ ਓਡਵਾਇਰ ਨੇ ਹੋ ਰਹੇ ਵਿਰੋਧ ਨੂੰ ਠੱਲ ਪਾਉਣ ਦੀ ਜਿੰਮੇਵਾਰੀ ਜਲੰਧਰ ਵਿਚ ਤਾਇਨਾਤ ਬ੍ਰਿਗੇਡੀਅਰ ਡਾਇਰ ਨੂੰ ਦੇ ਦਿੱਤੀ ਅਤੇ ਡਾਇਰ ਅੰਮ੍ਰਿਤਸਰ ਆ ਗਿਆ। 11 ਅਪਰੈਲ 1919 ਨੂੰ ਅੰਦੋਲਨਕਾਰੀਆਂ ਨੇ ਇਕੱਠ ਕਰਕੇ 13 ਅਪਰੈਲ 1919 ਨੂੰ ਸਾਢੇ 4 ਵਜੇ ਜਲ੍ਹਿਆਂਵਾਲੇ ਬਾਗ ਵਿਚ ਕਾਨਫਰੰਸ ਕਰਨ ਦਾ ਫੈਸਲਾ ਕਰ ਲਿਆ। ਇਕ ਖਬਰਚੀ ਤੋਂ ਹੋਣ ਵਾਲੀ ਕਾਨਫਰੰਸ ਦੀ ਖਬਰ ਡਾਇਰ ਨੂੰ ਮਿਲ ਗਈ। ਡਾਇਰ ਨੇ ਪੰਜਾਬ ਦੇ ਗਵਰਨਰ ਓਡਵਾਇਰ ਕੋਲੋਂ ਹੁਕਮ ਲੈ ਕੇ ਅੰਮ੍ਰਿਤਸਰ ਸ਼ਹਿਰ ਵਿਚ ਮਾਰਸ਼ਲ ਲਾਅ ਲਾ ਦਿੱਤਾ। ਇਸ ਕਾਨੂੰਨ ਤਹਿਤ ਸ਼ਹਿਰ ਵਿਚ ਕੋਈ ਵੀ ਜਲਸਾ ਨਹੀਂ ਸੀ ਹੋ ਸਕਦਾ।
13 ਅਪਰੈਲ 1919 ਨੂੰ ਵਿਸਾਖੀ ਦਾ ਦਿਨ ਸੀ। ਵਿਸਾਖੀ ਦਾ ਤਿਓਹਾਰ ਮਨਾਉਣ ਲਈ ਅੰਮ੍ਰਿਤਸਰ ਦੇ ਹਿੰਦੂ, ਸਿੱਖ, ਮੁਸਲਮਾਨ, ਮਰਦ, ਔਰਤਾਂ, ਮੁੰਡੇ, ਕੁੜੀਆਂ, ਬੱਚੇ ਅਤੇ ਪਿੰਡਾਂ ਦੇ ਲੋਕ ਜਲ੍ਹਿਆਂਵਾਲੇ ਬਾਗ ਵਿਚ ਪਹੁੰਚ ਗਏ। ਇੱਥੇ ਦੁਕਾਨਾਂ ਲੱਗ ਗਈਆਂ ਅਤੇ ਸਾਢੇ 4 ਵਜੇ ਕਾਨਫਰੰਸ਼ ਸੁਰੂ ਹੋ ਗਈ।
ਬਾਗ ਵਿਚ ਹੋਣ ਵਾਲੇ ਜਲਸੇ ਦੀ ਖਬਰ ਡਾਇਰ ਨੂੰ ਦੁਪਹਿਰ 1.40 ਵਜੇ ਮਿਲ ਗਈ। ਡਾਇਰ ਨੇ ਸਬੰਧਤ ਅਧਿਕਾਰੀਆਂ ਨੂੰ ਸੱਦ ਕੇ ਜਲ੍ਹਿਆਂਵਾਲੇ ਬਾਗ ਵਿਚ ਜਾਣ ਦੀ ਤਿਆਰੀ ਕਰ ਲਈ। ਡਾਇਰ ਅਤੇ ਉਸ ਦਾ ਏ. ਡੀ. ਸੀ. ਕੈਪਟਨ ਬ੍ਰਿਗਸ ਇਕ ਕਾਰ ਵਿਚ ਬੈਠ ਗਏ, ਇਸ ਪਿੱਛੇ ਦੋ ਬਖਤਰਬੰਦ ਜੀਪਾਂ ਅਤੇ ਪੁਲਿਸ ਦੀ ਇਕ ਕਾਰ ਸੀ। ਪੁਲਿਸ ਦੀ ਕਾਰ ਵਿਚ ਐਸ਼ ਪੀ. ਅਤੇ ਡੀ. ਐਸ਼ ਪੀ. ਬੈਠ ਗਏ। ਇਕ ਬਖਤਰਬੰਦ ਜੀਪ ਉਤੇ ਮਸ਼ੀਨ ਗੰਨ ਬੀੜ ਕੇ ਬਾਗ ਵਿਚ ਜਾਣ ਲਈ ਚਾਲੇ ਪਾ ਦਿੱਤੇ। ਇਸ ਕਾਫਲੇ ਅੱਗੇ ਇਕ ਫੌਜੀ ਮੋਟਰ ਸਾਈਕਲ ਚਲਾ ਰਿਹਾ ਸੀ ਅਤੇ ਕਾਰਾਂ ਦੇ ਪਿੱਛੇ ਬੰਦੂਕਾਂ ਨਾਲ ਲੈਸ 50 ਸੈਨਿਕ ਦੌੜੇ ਜਾ ਰਹੇ ਸਨ। ਇਸ ਫੌਜੀ ਟੁਕੜੀ ਵਿਚ ਗੋਰਖੇ, ਸਿੱਖ ਅਤੇ ਰਾਜਪੂਤ ਫੌਜੀ ਵੀ ਸਨ। ਇਹ ਫੌਜੀ ਟੁਕੜੀ ਹਾਲ ਬਾਜ਼ਾਰ ਵਿਚੋਂ ਹੁੰਦੀ ਹੋਈ ਫਵਾਰਾ ਚੌਂਕ ਪਹੁੰਚ ਕੇ ਅੱਗੇ ਰਸਤਾ ਤੰਗ ਹੋਣ ਕਾਰਨ ਉਥੇ ਹੀ ਰੁਕ ਗਈ।
ਇਹ ਫੌਜੀ ਟੁਕੜੀ ਸ਼ਾਮ ਦੇ 5.30 ਵਜੇ ਜਲ੍ਹਿਆਂਵਾਲੇ ਬਾਗ ਵਿਚ ਪਹੁੰਚ ਗਈ ਅਤੇ ਬ੍ਰਿਗੇਡੀਅਰ ਡਾਇਰ ਨੇ ਇਕ ਉਚੀ ਥਾਂ ਉਤੇ ਫੌਜੀ ਤਾਇਨਾਤ ਕਰਕੇ ਗੋਲੀ ਚਲਾਉਣ ਦਾ ਹੁਕਮ ਦੇ ਦਿੱਤਾ। ਗੋਲੀ ਚੱਲਣ ਨਾਲ ਬਾਗ ਵਿਚ ਭੱਜ ਦੌੜ ਮੱਚ ਗਈ ਅਤੇ ਚੀਖ ਚਿਹਾੜਾ ਪੈ ਗਿਆ। ਸਿਰਫ 10 ਮਿੰਟ ਹੀ ਗੋਲੀਆਂ ਚਲਾ ਕੇ ਫੌਜੀ ਟੁਕੜੀ ਚਲੀ ਗਈ। ਉਦੋਂ ਹੀ ਰਾਤ ਦਾ ਕਰਫਿਊ ਲਾ ਦਿੱਤਾ ਗਿਆ, ਇਸ ਕਰਕੇ ਨਾ ਤਾਂ ਕਿਸੇ ਨੇ ਲਾਸ਼ਾਂ ਚੁੱਕੀਆਂ ਅਤੇ ਨਾ ਹੀ ਕਿਸੇ ਨੇ ਜ਼ਖਮੀਆਂ ਨੂੰ ਪਾਣੀ ਪਿਲਾਇਆ। ਸਮੇਂ ਸਿਰ ਡਾਕਟਰੀ ਮਦਦ ਨਾ ਮਿਲਣ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ।
ਸਰਕਾਰ ਨੇ ਮਰਨ ਵਾਲਿਆਂ ਦੀ ਗਿਣਤੀ 379 ਅਤੇ ਜ਼ਖਮੀਆਂ ਦੀ ਗਿਣਤੀ 1,100 ਦੱਸੀ। ਮਰਨ ਵਾਲਿਆਂ ਵਿਚ ਔਰਤਾਂ ਅਤੇ ਮਰਦਾਂ ਸਮੇਤ 41 ਕੁੜੀਆਂ, ਮੁੰਡੇ ਅਤੇ ਬੱਚੇ ਵੀ ਸ਼ਾਮਲ ਸਨ। ਕਾਂਗਰਸ ਪਾਰਟੀ ਨੇ ਮਰਨ ਵਾਲਿਆਂ ਦੀ ਗਿਣਤੀ 1,000 ਅਤੇ ਜ਼ਖਮੀਆਂ ਦੀ ਗਿਣਤੀ 1,500 ਦੱਸੀ। ਡਾ. ਸਮਿੱਥ, ਜਿਸ ਨੇ ਜ਼ਖਮੀਆਂ ਦੀ ਮੱਲਮ ਪੱਟੀ ਕੀਤੀ ਸੀ, ਉਸ ਅਨੁਸਾਰ 1,526 ਲੋਕ ਜ਼ਖਮੀ ਹੋਏ ਸਨ। ਦੇਸ਼ ਵਾਸੀਆਂ ਨਾਲ ਹਮਦਰਦੀ ਰੱਖਣ ਵਾਲੇ ਕਈ ਫੌਜੀਆਂ ਨੇ ਕਈ ਗੋਲੀਆਂ ਹਵਾ ਵਿਚ ਅਤੇ ਕੰਧ ਉਤੇ ਹੀ ਦਾਗ ਦਿੱਤੀਆਂ। ਇਸ ਕਾਂਡ ਨੂੰ ਅੰਗਰੇਜ਼ ਸਰਕਾਰ ਦਾ ਸਭ ਤੋਂ ਵੱਡਾ ਕਤਲੇਆਮ ਮੰਨਿਆ ਗਿਆ।
ਅਗਲੇ ਦਿਨ ਬਾਗ ਵਿਚੋਂ ਹਿੰਦੂ, ਸਿੱਖ ਅਤੇ ਮੁਸਲਮਾਨ ਆਪੋ ਆਪਣੀਆਂ ਲਾਸ਼ਾਂ ਲੈ ਗਏ। ਕਈ ਲਾਸ਼ਾਂ ਬਾਗ ਦੇ ਨਾਲ ਲਗਦੀਆਂ ਗਲੀਆਂ ਵਿਚੋਂ ਵੀ ਮਿਲੀਆਂ ਅਤੇ 120 ਲਾਸ਼ਾਂ ਖੂਹ ਵਿਚੋਂ ਵੀ ਕੱਢੀਆਂ ਗਈਆਂ। ਇਸ ਕਤਲੇਆਮ ਦਾ ਬਦਲਾ ਲੈਣ ਲਈ ਨਾ ਤਾਂ ਕਿਸੇ ਹਿੰਦੂ ਅਤੇ ਨਾ ਹੀ ਕਿਸੇ ਮੁਸਲਮਾਨ ਦੀ ਅਣਖ ਜਾਗੀ। ਸਿਰਫ ਸਰਦਾਰ ਊਧਮ ਸਿੰਘ ਨੇ 13 ਮਾਰਚ 1940 ਨੂੰ ਇੰਗਲੈਂਡ ਦੀ ਧਰਤੀ ਉਤੇ ਜਾ ਕੇ ਕਿੰਗਸਟਨ ਸ਼ਹਿਰ ਦੇ ਕਾਕਸਟਨ ਹਾਲ ਵਿਚ ਭਰੀ ਸਭਾ ਦੌਰਾਨ ਮਾਈਕਲ ਓਡਵਾਇਰ ਨੂੰ ਦੋ ਗੋਲੀਆਂ ਮਾਰ ਕੇ ਮਾਰ ਦਿੱਤਾ। ਇਕ ਗੋਲੀ ਓਡਵਾਇਰ ਦੇ ਫੇਫੜੇ ਅਤੇ ਦੂਜੀ ਗੋਲੀ ਦਿਲ ਵਿਚ ਲੱਗੀ।
ਮਾਈਕਲ ਓਡਵਾਇਰ ਨੂੰ ਮਾਰ ਕੇ ਜਲ੍ਹਿਆਂਵਾਲੇ ਬਾਗ ਦੇ ਖੂਨੀ ਸਾਕੇ ਦਾ 21 ਸਾਲਾਂ ਬਾਅਦ ਬਦਲਾ ਲੈ ਕੇ ਸਰਦਾਰ ਊਧਮ ਸਿੰਘ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਦੇ ਕੇ ਆਪ ਸ਼ਹੀਦ ਹੋ ਗਿਆ। ਗੋਲੀ ਚਲਾਉਣ ਪਿਛੋਂ ਊਧਮ ਸਿੰਘ ਉਥੋਂ ਕਿਤੇ ਨਹੀਂ ਗਿਆ। ਮਾਈਕਲ ਓਡਵਾਇਰ ਦੇ ਕਤਲ ‘ਤੇ ਮਹਾਤਮਾ ਗਾਂਧੀ ਅਤੇ ਜਵਾਹਰ ਲਾਲ ਨਹਿਰੂ ਨੇ ਦੁੱਖ ਦਾ ਪ੍ਰਗਟਾਵਾ ਕੀਤਾ।
ਊਧਮ ਸਿੰਘ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਕੇ ਕਤਲ ਦਾ ਮੁਕੱਦਮਾ ਚਲਾ ਦਿੱਤਾ ਅਤੇ ਅਦਾਲਤ ਨੇ ਊਧਮ ਸਿੰਘ ਨੂੰ ਮੌਤ ਦੀ ਸਜ਼ਾ ਸੁਣਾ ਕੇ 31 ਜੁਲਾਈ 1940 ਨੂੰ ਲੰਡਨ ਦੀ ਪਨਿਟੋਵਿਲ ਜੇਲ੍ਹ ਵਿਚ ਫਾਂਸੀ ਚਾੜ੍ਹ ਕੇ ਸ਼ਹੀਦ ਕਰ ਦਿੱਤਾ।
ਮੌਤ ਤੋਂ ਪਹਿਲਾਂ ਊਧਮ ਸਿੰਘ ਕੋਲੋਂ ਆਖਰੀ ਖਾਹਿਸ਼ ਪੁੱਛੀ ਗਈ ਤਾਂ ਉਸ ਨੇ ਉਤਰ ਦਿੱਤਾ, “ਜਲ੍ਹਿਆਂਵਾਲੇ ਬਾਗ ਦਾ ਬਦਲਾ ਲੈ ਕੇ ਮੈਂ ਆਪਣਾ ਫਰਜ਼ ਪੂਰਾ ਕਰ ਦਿੱਤਾ ਹੈ। ਕਤਲੇਆਮ ਦਾ ਅਸਲੀ ਦੋਸ਼ੀ ਓਡਵਾਇਰ ਹੀ ਹੈ। ਅੰਗਰੇਜ਼ ਰਾਜ ਵਿਚ ਭੁੱਖੇ ਮਰਦੇ ਲੋਕਾਂ ਨੂੰ ਮੈਂ ਵੇਖਿਆ ਹੈ। ਦੇਸ਼ ਦੇ ਲੋਕਾਂ ਨੂੰ ਇਹ ਦਬਾ ਕੇ ਰੱਖਣਾ ਚਾਹੁੰਦਾ ਸੀ। ਮੈਂ ਆਪਣੇ ਦੇਸ਼ ਲਈ ਸ਼ਹੀਦ ਹੋ ਜਾਵਾਂਗਾ। ਆਪਣੀ ਮੌਤ ਦਾ ਮੈਨੂੰ ਕੋਈ ਅਫਸੋਸ ਨਹੀਂ। ਸ਼ਹੀਦ ਹੋ ਕੇ ਮੈਨੂੰ ਮੌਤ ਨਾਲੋਂ ਵੀ ਵੱਧ ਸਨਮਾਨ ਮੇਰੇ ਦੇਸ਼ ਵਾਸੀਆਂ ਕੋਲੋਂ ਮਿਲੇਗਾ।”
ਸ਼ ਊਧਮ ਸਿੰਘ ਦਾ ਪਿਛੋਕੜ: ਊਧਮ ਸਿੰਘ ਦਾ ਜਨਮ 26 ਦਸੰਬਰ 1899 ਨੂੰ ਸੁਨਾਮ, ਜਿਲਾ ਸੰਗਰੂਰ ਵਿਚ ਇਕ ਗਰੀਬ ਘਰ ਵਿਚ ਹੋਇਆ। ਉਸ ਦਾ ਬਚਪਨ ਦਾ ਨਾਂ ਸ਼ੇਰ ਸਿੰਘ ਸੀ ਅਤੇ ਪਿਤਾ ਦਾ ਨਾਂ ਟਹਿਲ ਸਿੰਘ। ਸੰਨ 1901 ਵਿਚ ਮਾਤਾ ਅਤੇ 1907 ਵਿਚ ਪਿਤਾ ਚੜ੍ਹਾਈ ਕਰ ਗਏ। ਊਧਮ ਸਿੰਘ ਦਾ ਵੱਡਾ ਭਰਾ ਮੁਕਤਾ ਸਿੰਘ ਉਸ ਨੂੰ ਖਾਲਸਾ ਯਤੀਮਖਾਨੇ ਅੰਮ੍ਰਿਤਸਰ ਲੈ ਗਿਆ ਅਤੇ ਉਹ ਦੋਵੇਂ ਯਤੀਮਖਾਨੇ ਵਿਚ ਹੀ ਪਲੇ। ਯਤੀਮਖਾਨੇ ਵਿਚ ਉਸ ਨੇ ਅੰਮ੍ਰਿਤਪਾਨ ਕੀਤਾ ਅਤੇ ਉਸ ਦਾ ਨਾਂ ਊਧਮ ਸਿੰਘ ਰੱਖ ਦਿੱਤਾ ਗਿਆ। ਊਧਮ ਸਿੰਘ ਨੇ ਸੰਨ 1918 ਵਿਚ 10ਵੀਂ ਪਾਸ ਕਰਕੇ 1919 ਵਿਚ ਯਤੀਮਖਾਨਾ ਛੱਡ ਦਿੱਤਾ।
ਜਲ੍ਹਿਆਂਵਾਲੇ ਬਾਗ ਦਾ ਬਦਲਾ ਲੈਣ ਲਈ ਊਧਮ ਸਿੰਘ 1921 ਵਿਚ ਗਦਰ ਪਾਰਟੀ ਵਿਚ ਸ਼ਾਮਿਲ ਹੋ ਕੇ ਵਿਦੇਸ਼ ਚਲਾ ਗਿਆ। ਭਗਤ ਸਿੰਘ ਦੇ ਕਹਿਣ ‘ਤੇ 1927 ਵਿਚ ਪੰਜਾਬ ਆ ਗਿਆ। ਨਾਜਾਇਜ਼ ਪਿਸਤੌਲ ਰੱਖਣ ਦੇ ਦੋਸ਼ ਵਿਚ 4 ਸਾਲ ਕੈਦ ਕੱਟ ਕੇ 1931 ਵਿਚ ਕਸ਼ਮੀਰ ਚਲਾ ਗਿਆ। ਕਸ਼ਮੀਰ ਤੋਂ ਜਰਮਨੀ ਤੇ ਜਰਮਨੀ ਤੋਂ 1933 ਵਿਚ ਬਰਤਾਨੀਆ ਜਾ ਕੇ ਇਕ ਹੋਟਲ ਵਿਚ ਕੰਮ ਕਰਕੇ ਪੈਸੇ ਕਮਾ ਕੇ ਇਕ ਪਿਸਤੌਲ ਖਰੀਦ ਲਿਆ।
ਬ੍ਰਿਗੇਡੀਅਰ ਰੈਨਾਲਡ ਐਡਵਰਡ ਹੈਨਰੀ ਡਾਇਰ: ਡਾਇਰ ਦੇ ਪਿਤਾ ਦਾ ਨਾਂ ਐਡਵਰਡ ਇਬਰਾਹੀਮ ਡਾਇਰ ਸੀ ਅਤੇ ਉਸ ਦਾ ਜਨਮ 9 ਅਕਤੂਬਰ 1864 ਨੁੰ ਮਸੂਰੀ, ਭਾਰਤ ਵਿਚ ਹੋਇਆ। ਡਾਇਰ ਸੰਨ 1885 ਵਿਚ ਫੌਜ ਵਿਚ ਲੈਫਟੀਨੈਂਟ ਭਰਤੀ ਹੋ ਗਿਆ। ਲੈਫਟੀਨੈਂਟ ਦਾ ਕੋਰਸ ਪੂਰਾ ਕਰਕੇ ਭਾਰਤ ਦੀ ਫੌਜ ਵਿਚ ਬਦਲੀ ਕਰਵਾ ਲਈ ਅਤੇ ਸੰਨ 1910 ਨੂੰ ਲੈਫਟੀਨੈਂਟ ਕਰਨਲ ਬਣ ਕੇ 25 ਪੰਜਾਬ ਰੈਜੀਮੈਂਟ ਦਾ ਕਮਾਂਡਿੰਗ ਅਫਸਰ ਬਣ ਗਿਆ। ਜਲ੍ਹਿਆਂਵਾਲਾ ਕਾਂਡ ਸਮੇਂ ਉਹ ਬ੍ਰਿਗੇਡੀਅਰ ਸੀ। ਜਲ੍ਹਿਆਂਵਾਲੇ ਬਾਗ ਦੇ ਕਾਂਡ ਤੋਂ ਬਾਅਦ ਉਸ ਦੀ ਰਿਹਾਇਸ਼ ਕੁਝ ਦਿਨ ਲੋਹਗੜ੍ਹ ਕਿਲੇ ਵਿਚ ਕਰ ਕੇ ਬਾਅਦ ਵਿਚ ਉਸ ਨੂੰ ਇੰਗਲੈਂਡ ਭੇਜ ਦਿੱਤਾ। ਜਲ੍ਹਿਆਂਵਾਲੇ ਬਾਗ ਦੇ ਕਤਲੇਆਮ ਦੀ ਪੜਤਾਲ ਵਿਚ ਦੋਸ਼ੀ ਪਾਏ ਜਾਣ ਕਾਰਨ ਡਾਇਰ ਨੂੰ 23 ਮਾਰਚ 1920 ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ। ਉਸ ਨੂੰ ਪੈਨਸ਼ਨ ਵੀ ਨਾ ਮਿਲੀ। ਡਾਇਰ ਨੂੰ ਪੀਲੀਆ ਤੇ ਅਧਰੰਗ ਹੋ ਗਿਆ ਅਤੇ 27 ਜੁਲਾਈ 1927 ਨੂੰ 62 ਸਾਲ 9 ਮਹੀਨੇ ਦੀ ਉਮਰੇ ਉਸ ਦੀ ਮੌਤ ਹੋ ਗਈ।